ਤਰਨ ਤਾਰਨ: ਸ਼੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਤਰਨ ਤਾਰਨ ਨੇੜੇ ਨੌਸ਼ਹਿਰਾ ਪੰਨੂੰਆ ਵਿਚ ਇਨਸਾਫ ਰੈਲੀ ਕੀਤੀ ਗਈ। ਰੈਲੀ ਵਿਚ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ ਮਾਨ ਨੇ ਸਿੱਖਾਂ ਨੂੰ ਭਾਰਤ ਤੋਂ ਸਬੰਧ ਤੋੜ ਕੇ ਖੁਦ ਸੱਤਾ ‘ਤੇ ਕਾਬਜ਼ ਹੋਣ ਦਾ ਹੋਕਾ ਦਿੱਤਾ। ਰੈਲੀ ਨੂੰ ਸੰਬੋਧਨ ਕਰਦਿਆਂ ਸ਼ ਮਾਨ ਨੇ ਇਹ ਵੀ ਸਪਸ਼ਟ ਕੀਤਾ ਕਿ ਰਾਜ ਸੱਤਾ ‘ਤੇ ਕਾਬਜ਼ ਹੋਣ ਲਈ ਹਥਿਆਰਾਂ ਦੀ ਨਹੀਂ ਬਲਕਿ ਵੋਟ ਦੀ ਹੀ ਜ਼ਰੂਰਤ ਹੈ। ਉਨ੍ਹਾਂ ਸਿੱਖਾਂ ਨੂੰ ਵੋਟ ਪ੍ਰਤੀ ਸੁਚੇਤ ਕਰਦਿਆਂ ਆਖਿਆ ਕਿ ਉਹ ਅੱਜ ਤਕ ਸਿੱਖਾਂ ਦੇ ਹਿੱਤਾਂ ਵਿਰੁੱਧ ਕੰਮ ਕਰਦੀਆਂ ਆ ਰਹੀਆਂ ਧਿਰਾਂ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਜਾਂ ਫਿਰ ਕਾਂਗਰਸ ਨੂੰ ਹੀ ਵੋਟ ਦਿੰਦੇ ਆ ਰਹੇ ਹਨ ਪਰ ਹੁਣ ਬਦਲੇ ਹਾਲਾਤ ਵਿਚ ਸਿੱਖਾਂ ਨੂੰ ਸੋਚ ਸਮਝ ਕੇ ਵੋਟ ਪਾਉਣੀ ਹੋਵੇਗੀ।
ਰੈਲੀ ਵਿਚ ਸ਼ ਮਾਨ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਖਾਲਿਸਤਾਨ ਦੇ ਹੱਕ ਵਿਚ ਖੁੱਲ੍ਹੇਆਮ ਨਾਅਰੇ ਲਾਏ। ਉਨ੍ਹਾਂ ਸਿੱਖਾਂ ਨੂੰ ਭਾਰਤ ਨਾਲੋਂ ਸਬੰਧ ਤੋੜ ਲੈਣ ਦਾ ਸੱਦਾ ਦਿੰਦਿਆਂ ‘ਇੰਡੀਆ-ਗੋ’ (ਭਾਰਤ ਵਾਪਸ) ਦਾ ਨਾਅਰਾ ਵੀ ਲਾਇਆ। ਉਨ੍ਹਾਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤਕ ਸਿੱਖਾਂ ਵਿਚ ਪ੍ਰਤੀਨਿਧਤਾ ਕਰਦੀ ਆ ਰਹੀ ਸਮੁੱਚੀ ਸਿੱਖ ਲੀਡਰਸ਼ਿਪ ਨੂੰ ਅਯੋਗ ਤੇ ਅਨਪੜ੍ਹ ਜਿਹੇ ਸ਼ਬਦਾਂ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਮਾਸਟਰ ਤਾਰਾ ਸਿੰਘ ਨੇ ਵੀ ਸਿੱਖੀ ਲਈ ਵੱਖਰੇ ਰਾਜ ਦੀ ਮੰਗ ਨਾ ਕਰ ਕੇ ਵੱਡੀ ਗਲਤੀ ਕੀਤੀ ਸੀ।
ਸ਼ ਮਾਨ ਨੇ ਮੌਜੂਦਾ ਸਿੱਖ ਲੀਡਰਸ਼ਿਪ ਨੂੰ ‘ਅਤਿ ਭ੍ਰਿਸ਼ਟ’ ਆਖਦਿਆਂ ਕਿਹਾ ਕਿ ਇਹ ਲੀਡਰਸ਼ਿਪ ਗੁਜਰਾਤ ਸੂਬੇ ਵਿਚੋਂ 60,000 ਸਿੱਖਾਂ ਨੂੰ ਉਜਾੜਨ ਵਾਲੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਨਾ ਸਿਰਫ ਪ੍ਰਧਾਨ ਮੰਤਰੀ ਬਣਾਉਣ ਲਈ ਸਿੱਖਾਂ ਦੇ ਹਿੱਤਾਂ ਖ਼ਿਲਾਫ਼ ਕੰਮ ਕਰ ਰਹੀ ਹੈ, ਬਲਕਿ ਇਸ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਪ੍ਰਿੰਟ ਤੇ ਇਲੈਕਟਰੌਨਿਕ ਮੀਡੀਆ ਦੇ ਨਾਲ-ਨਾਲ ਰੇਤ, ਬਜਰੀ, ਸ਼ਰਾਬ, ਟਰਾਂਸਪੋਰਟ, ਹੋਟਲ, ਢਾਬਿਆਂ ਦੇ ਕਾਰੋਬਾਰ ‘ਤੇ ਵੀ ਕਬਜ਼ਾ ਕੀਤਾ ਹੋਇਆ ਹੈ।
ਉਨ੍ਹਾਂ ਖਾੜਕੂਵਾਦ ਦੀ ਮੋਢੀ ਲੀਡਰਸ਼ਿਪ ਦੇ ਪਰਿਵਾਰਾਂ ਵੱਲੋਂ ਸਰਕਾਰੀ ਸਹੂਲਤਾਂ ਦਾ ਸੁੱਖ ਮਾਨਣ ਦੀ ਵੀ ਆਲੋਚਨਾ ਕੀਤੀ ਜਿਸ ਤਹਿਤ ਉਨ੍ਹਾਂ ਸੰਤ ਭਿੰਡਰਾਂਵਾਲਾ ਦੇ ਲੜਕੇ ਸਮੇਤ ਪਰਿਵਾਰ ਦੇ ਹੋਰਨਾਂ ਜੀਆਂ ਅਤੇ ਜਸਬੀਰ ਸਿੰਘ ਰੋਡੇ, ਭਾਈ ਅਮਰੀਕ ਸਿੰਘ ਦੇ ਛੋਟੇ ਭਰਾ ਭਾਈ ਮਨਜੀਤ ਸਿੰਘ ਵੱਲੋਂ ਸਰਕਾਰੀ ਅਹੁਦੇ ਲੈਣ ਨੂੰ ਦੁਖਦਾਈ ਆਖਿਆ। ਰੈਲੀ ਵਿਚ ਪਾਸ ਕੀਤੇ ਮਤਿਆਂ ਰਾਹੀਂ ਅਮਰੀਕੀ ਹਕੂਮਤ ਨੂੰ ਸਿੱਖਾਂ ਨੂੰ ਹਿੰਦੁਤਵ ਤਾਕਤਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਵਿਚ ਕੌਮਾਂਤਰੀ ਭੂਮਿਕਾ ਅਦਾ ਕਰਨ ਦਾ ਸੱਦਾ ਦਿੱਤਾ ਗਿਆ। ਇਕ ਮਤੇ ਰਾਹੀਂ ਪੰਜਾਬ ਅੰਦਰ ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਪੁਲਿਸ ਮੁਲਾਜ਼ਮਾਂ ਦੇ ਬਿਆਨਾਂ ‘ਤੇ ਆਧਾਰਤ ਫੌਰੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕੀਤੇ ਜਾਣ ਦੀ ਮੰਗ ਵੀ ਕੀਤੀ।
ਇਸ ਮੌਕੇ ਗੁਰਦਾਸਪੁਰ ਦੇ ਪਿੰਡ ਮਾੜੀ ਟਾਂਡਾ ਵਿਚੋਂ ਬੀਤੇ ਦਿਨੀਂ ਪੁਲਿਸ ਵੱਲੋਂ ਗ੍ਰਿਫਤਾਰ ਨੌਜਵਾਨਾਂ ਦੀਆਂ ਮਾਤਾਵਾਂ ਨੂੰ ਸਟੇਜ ਉਪਰ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਜਿਨ੍ਹਾਂ ਰੋਂਦਿਆਂ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਨਿਰਦੋਸ਼ ਬੱਚਿਆਂ ਨੂੰ ਖਾੜਕੂ ਕਰਾਰ ਦੇ ਕੇ ਝੂਠੇ ਕੇਸਾਂ ਵਿਚ ਫਸਾ ਦਿੱਤਾ ਗਿਆ ਹੈ । ਸ਼ ਮਾਨ ਨੇ ਪੰਜਾਬ ਸਰਕਾਰ ਤੇ ਪੁਲਿਸ ਨੂੰ ਚਿਤਾਵਨੀ ਦਿਤੀ ਕਿ ਇਨ੍ਹਾਂ ਦੇ ਬੱਚਿਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਨਹੀਂ ਤਾਂ ਉਨ੍ਹਾਂ ਦੀ ਪਾਰਟੀ ਵੱਲੋਂ ਕਾਰਵਾਈ ਕੀਤੀ ਜਾਵੇਗੀ। ਰੈਲੀ ਵਿਚ ਉਨ੍ਹਾਂ ਪਾਰਟੀ ਦੇ ਨੌਜਵਾਨ ਵਿੰਗ ਦੀ ਸਥਾਪਨਾ ਕਰਦਿਆਂ ਯੂਥ ਵਿੰਗ ਆਰਗੇਨਾਈਜੇਸ਼ਨ ਜਥੇਬੰਦੀ ਬਣਾਉਣ ਦਾ ਐਲਾਨ ਕੀਤਾ ਤੇ ਜਥੇਬੰਦੀ ਦੇ ਨਾਂ ਤੇ ਯੂæਐਸ਼ਏæ ਤੋਂ ਰਮਿੰਦਰ ਸਿੰਘ ਵੱਲੋਂ ਲਿਆਂਦੀਆਂ ਗਈਆਂ ਟੀ-ਸ਼ਰਟਾਂ ਪ੍ਰਦਰਸ਼ਿਤ ਕੀਤੀਆਂ।
ਰੈਲੀ ਇੰਨੀ ਭਰਵੀਂ ਸੀ ਕਿ ਅਕਾਲੀ ਦਲ ਅੰਮ੍ਰਿਤਸਰ ਦੀ ਜਗਰਾਉਂ ਵਿਚ ਹੋਈ ਰੈਲੀ ਦੀ ਯਾਦ ਤਾਜ਼ਾ ਕਰਵਾ ਦਿੱਤੀ। ਪ੍ਰਬੰਧਕ ਰੈਲੀ ਦੀ ਕਾਮਯਾਬੀ ਵੇਖ ਕੇ ਪੂਰੇ ਉਤਸ਼ਾਹ ਵਿਚ ਆਏ ਨਜ਼ਰ ਆ ਰਹੇ ਸਨ।
________________
ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪਛਾਣ ਦਰਜ ਕਰਾਉਣ ਵਿਚ ਅਸਫਲ
ਸ਼ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਮਰੀਕਾ ਵਿਚ ਸਿੱਖਾਂ ਨੂੰ ਕੱਟੜਵਾਦੀ ਸੰਗਠਨਾਂ ਦੇ ਮੈਂਬਰ ਸਮਝ ਕੇ ਉਥੋਂ ਦੇ ਬਾਸ਼ਿੰਦਿਆਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ। 95 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਵਿਦੇਸ਼ਾਂ ਵਿਚ ਸਿੱਖਾਂ ਦੀ ਪਛਾਣ ਬਣਾਉਣ ਤੇ ਆਪਣੇ ਧਾਰਮਿਕ ਚਿੰਨਾਂ ਦੀ ਮਹੱਤਤਾ ਦੀ ਜਾਣਕਾਰੀ ਮੁਹੱਈਆ ਕਰਵਾਉਣ ਵਿਚ ਅਸਫਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਅਮਰੀਕਾ ਦੇ ਸਮੁੱਚੇ ਸਫਾਰਤਖਾਨਿਆਂ ਵਿਚ ਸਿੱਖਾਂ ਲਈ ਵੱਖਰੇ ਤੌਰ ‘ਤੇ ਸਿੱਖ ਡੈਸਕ ਕਾਇਮ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਸਿੱਖ ਕੌਮ ਇਨ੍ਹਾਂ ਮੁਲਕਾਂ ਵਿਚ ਤੇ ਭਾਰਤ ਵਿਚ ਵਿਚਰਦੇ ਹੋਏ ਇਨ੍ਹਾਂ ਸਿੱਖ ਡੈਸਕਾਂ ਰਾਹੀਂ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਵਾ ਸਕਣ।
Leave a Reply