ਡਾæ ਗੁਰਨਾਮ ਕੌਰ, ਕੈਨੇਡਾ
ਜਨਮ ਸਾਖੀਆਂ ਅਜਿਹਾ ਸਾਹਿਤ ਹੈ ਜੋ ਗੁਰੂ ਸਾਹਿਬਾਨ ਦਾ ਸਮਕਾਲੀਨ ਸਾਹਿਤ ਮੰਨਿਆ ਜਾਂਦਾ ਹੈ। ਜਨਮ ਸਾਖੀਆਂ ਗੁਰੂ ਨਾਨਕ ਸਾਹਿਬ ਦੇ ਜੀਵਨ-ਬ੍ਰਿਤਾਂਤ ਨਾਲ ਸਬੰਧਤ ਇਧਰ-ਉਧਰ ਖਿਲਰਿਆ ਸਾਹਿਤ ਹੈ, ਜਿਸ ਨੂੰ ਵੱਖ ਵੱਖ ਕਥਾਕਾਰਾਂ ਦੇ ਨਾਮ ਨਾਲ ਜੋੜਿਆ ਜਾਂਦਾ ਹੈ, ਜਿਨ੍ਹਾਂ ਵਿਚੋਂ ਮੁੱਖ ਬਾਲੇ ਦੀ (ਇਸ ਨੂੰ ਪੈਦੇ ਮੋਖੇ ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ ਹੈ) ਅਤੇ ਮਨੋਹਰ ਦਾਸ ਮਿਹਰਬਾਨ (1581-1640) ਦੀ ਸਾਖੀ ਨੂੰ ਮੰਨਿਆ ਜਾਂਦਾ ਹੈ। ਮਨੋਹਰ ਦਾਸ ਮਿਹਰਬਾਨ ਦੀ ਜਨਮਸਾਖੀ ਨੂੰ ਪੰਜਾਬੀ ਭਾਸ਼ਾ ਵਿਚ 1962 ਵਿਚ ਸਿੱਖ ਹਿਸਟਰੀ ਰਿਸਰਚ ਡਿਪਾਰਟਮੈਂਟ-ਅੰਮ੍ਰਿਤਸਰ ਵੱਲੋਂ ਸੰਪਾਦਤ ਕੀਤਾ ਗਿਆ ਹੈ। ਆਮ ਤੌਰ ‘ਤੇ ਥੋੜੇ ਬਹੁਤ ਵੇਰਵੇ ਅਤੇ ਵਿਸ਼ੇ ਦੇ ਅੰਤਰ ਨਾਲ ਕਾਫੀ ਜਨਮ ਸਾਖੀਆਂ ਪ੍ਰਚਲਿਤ ਹਨ। ਇਨ੍ਹਾਂ ਜਨਮ ਸਾਖੀਆਂ ਵਿਚ ਕਥਾਕਾਰ ਦਾ ਮੁੱਖ ਨੁਕਤਾ ਨੈਤਿਕ ਅਤੇ ਅਮਲੀ ਉਪਦੇਸ਼ ਹੈ ਜਿਨ੍ਹਾਂ ਤੱਕ ਇਹ ਕਥਾਵਾਂ ਲੈ ਕੇ ਜਾਂਦੀਆਂ ਹਨ। ਇਹ ਜਨਮ ਸਾਖੀਆਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਨੈਤਿਕ ਬ੍ਰਿਤਾਂਤ ਹਨ ਜਿਨ੍ਹਾਂ ਰਾਹੀਂ ਆਮ ਲੋਕਾਂ ਅਤੇ ਛੋਟੇ ਬੱਚਿਆਂ ਨੂੰ ਸਿੱਖ ਧਰਮ ਦੇ ਨੈਤਿਕ ਸਿਧਾਂਤਾਂ ਤੋਂ ਜਾਣੂ ਕਰਾਇਆ ਜਾਂਦਾ ਹੈ। ਇਸ ਵਿਚ ਪਰਉਪਕਾਰ, ਸਮਾਜ ਸੇਵਾ ਵਰਗੇ ਨੈਤਿਕ ਨਿਯਮ ਸਿਖਾਏ ਗਏ ਹਨ ਅਤੇ ਅਜਿਹੇ ਦਾਅਵਿਆਂ ਦੇ ਖੋਖਲੇਪਣ ਦਾ ਪੋਲ ਖੋਲਿਆ ਗਿਆ ਹੈ ਕਿ ਸਿਰਫ ਅਮੀਰ ਆਦਮੀ ਹੀ ਚੰਗੇ ਹੁੰਦੇ ਹਨ। ਇਸ ਵਿਚ ਰਚੀਆਂ ਗੋਸ਼ਟੀਆਂ ਰਾਹੀਂ ਸੰਨਿਆਸ ਅਤੇ ਤਿਆਗ ਦੀ ਨਿਰਾਰਥਕਤਾ ਦਾ ਬ੍ਰਿਤਾਂਤ ਹੈ। ਸਮਾਜਿਕ ਸੰਦਰਭ ਦੀ ਪ੍ਰਮਾਣਿਕਤਾ ਅਤੇ ਗ੍ਰਹਿਸਥ ਜੀਵਨ ਦੀ ਪ੍ਰਧਾਨਤਾ ਨੂੰ ਵੱਡੇ ਸਕੂਨ ਵੱਜੋਂ ਸਾਹਮਣੇ ਲਿਆਂਦਾ ਗਿਆ ਹੈ।
ਗੁਰੂ ਨਾਨਕ ਸਾਹਿਬ ਵੱਲੋਂ ਮੁਸਲਮਾਨਾਂ ਦੇ ਪਵਿੱਤਰ ਸਥਾਨਾਂ ਮੱਕਾ ਅਤੇ ਮਦੀਨਾ ਦੀ ਯਾਤਰਾ ਦੇ ਬ੍ਰਿਤਾਂਤ ਰਾਹੀਂ ਮਨੁੱਖੀ ਭਾਈਚਾਰੇ ਦੀ ਆਮ ਭਾਈਵਾਲਤਾ ਦੀ ਸਾਂਝ ਦਾ ਉਪਦੇਸ਼ ਦਿੱਤਾ ਗਿਆ ਹੈ। ਕਥਾਕਾਰ ਨੇ ਭਾਵੇਂ ਇਧਰੋਂ-ਉਧਰੋਂ ਕੁੱਝ ਵਿਸਥਾਰ ਜੋੜੇ ਹੋਣ ਪ੍ਰੰਤੂ ਧਾਰਮਿਕ ਰੰਗਣ ਵਾਲੇ ਮਾਨਵਤਾਵਾਦੀ ਨੈਤਿਕ ਸਿਧਾਂਤ ਵਾਲਾ ਝੁਕਾ ਅਬਦਲ ਹੈ। ਨਤੀਜੇ ਵੱਜੋਂ ਇਹ ਜਨਮ ਸਾਖੀਆਂ ਬਹੁਤ ਸਾਰੇ ਨੈਤਿਕ ਸਿਧਾਂਤਾਂ ਅਤੇ ਸਿੱਖਿਆਵਾਂ ਦੀ ਨਿਰੰਤਰਤਾ ਅਤੇ ਇਕਸਾਰਤਾ ਨੂੰ ਬਣਾਈ ਰੱਖਣ ਦਾ ਕੰਮ ਕਰਦੀਆਂ ਹਨ। ਇਹ ਜਨਮ ਸਾਖੀਆਂ ਆਪਣੇ ਸੁਭਾ, ਕਾਰਜ-ਖੇਤਰ ਅਤੇ ਵਿਧੀ-ਵਿਗਿਆਨ ਕਾਰਨ ਕੋਈ ਅਨੁਸ਼ਾਸਤ ਨੈਤਿਕ ਪ੍ਰਬੰਧ ਦੇਣ ਵੱਲ ਯਤਨਸ਼ੀਲ ਨਹੀਂ ਹੋਈਆਂ ਬੇਸ਼ੱਕ ਆਪਣੇ ਆਪ ਵਿਚ ਇਨ੍ਹਾਂ ਨੇ ਕੀਮਤਾਂ ਅਤੇ ਨੈਤਿਕਤਾ ਦਾ ਗੁਰੂ ਸਾਹਿਬਾਨ ਅਤੇ ਉਨ੍ਹਾਂ ਤੋਂ ਬਾਅਦ ਦੇ ਸਮੇਂ ਦਾ ਇੱਕ ਸਜੀਵ ਦਸਤਾਵੇਜ ਸਾਂਭ ਕੇ ਰੱਖਿਆ ਹੋਇਆ ਹੈ।
ਇਸ ਤੋਂ ਅੱਗੇ ਦਸਮ ਪਾਤਿਸ਼ਾਹ ਦਾ ਸਮਾਂ ਆਉਂਦਾ ਹੈ। ਸਿੱਖ ਧਰਮ ਵਿਚ ਨੈਤਿਕ ਸਿਧਾਂਤਾਂ ਦਾ ਮੀਲ ਪੱਥਰ ਅੱਗੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਦੌਰਾਨ ਰਚੇ ਗਏ ਸਾਹਿਤ ਵਿਚ ਮਿਲਦਾ ਹੈ। ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਦੀ ਦੇਖ-ਰੇਖ ਵਿਚ ਸਿੱਖ ਸਿਧਾਂਤਾਂ ‘ਤੇ ਮਣਾਂ-ਮੂੰਹੀ ਸਾਹਿਤ ਰਚਿਆ ਗਿਆ (ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿਚ ਮੁਲਕ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਬਵੰਜਾ ਕਵੀ ਰਹਿ ਰਹੇ ਸਨ) ਜੋ ਤੋਲ ਦੇ ਪੱਖੋਂ ਵੀਹ ਕੁਇੰਟਲ ਦੇ ਲਗਭਗ ਸੀ। ਇਸ ਤੋਂ ਅੱਗੇ ਇਹ ਮੰਨਿਆ ਜਾਂਦਾ ਹੈ ਕਿ ਮੁਗਲਾਂ ਅਤੇ ਪਹਾੜੀ ਹਿੰਦੂ ਰਾਜਿਆਂ ਨਾਲ ਸਿੱਖਾਂ ਦੇ ਜੰਗਾਂ-ਯੁੱਧਾਂ ਦੌਰਾਨ ਇਹ ਸਾਰਾ ਸਾਹਿਤ ਨਸ਼ਟ ਹੋ ਗਿਆ ਸੀ। ਹੁਣ ਪ੍ਰਾਪਤ ਵੱਖ ਵੱਖ ਸੁਤੰਤਰ ਰਚਨਾਵਾਂ ਦੇ ਸੰਗ੍ਰਹਿ ਨੂੰ ‘ਦਸਮ ਗ੍ਰੰਥ’ ਕਿਹਾ ਜਾਂਦਾ ਹੈ। ਸਿੱਖ ਧਰਮ ਦੇ ਵਿਦਵਾਨਾਂ ਨੇ ਹਾਲੇ ਇਸ ਤੱਥ ‘ਤੇ ਸਹਿਮਤ ਹੋਣਾ ਹੈ ਕਿ ਕਿਸ ਰਚਨਾ ਨੂੰ ‘ਦਸਮ ਗ੍ਰੰਥ’ ਦੀ ਮੰਨਿਆ ਜਾਵੇ ਅਤੇ ਕਿਸ ਨੂੰ ਨਕਾਰ ਦਿੱਤਾ ਜਾਵੇ।
ਇਹ ਗੁਰੂ ਗੋਬਿੰਦ ਸਿੰਘ ਦੀ ਪ੍ਰਤਿਭਾ ਦੀ ਦੇਣ ਹੀ ਹੈ ਕਿ ਸਿੱਖ ਧਰਮ ਦੇ ‘ਅੰਮ੍ਰਿਤ ਛਕਾਉਣ’ ਅਤੇ ਸੰਸਥਾਗਤ ਰੂਪ ਧਾਰਨ ਕਰਨ ਲਈ ਅਸੀਂ, ਸਮੇਤ ਕੁੱਝ ਖ਼ਾਸ ਸੁਨਿਸ਼ਚਤ ਪ੍ਰਬੰਧਕੀ ਫ਼ਰਜ਼ਾਂ ਲਈ, ਉਨ੍ਹਾਂ ਦੇ ਦੇਣਦਾਰ ਹਾਂ ਜਿਨ੍ਹਾਂ ਕਰਕੇ ਸਿੱਖ ਧਰਮ ਦਾ ਪਰੰਪਰਕ ਧਰਮ-ਸ਼ਾਸਤਰਾਂ ਨਾਲ ਪੂਰਨ ਰੂਪ ਵਿਚ ਨਿਖੇੜਾ ਹੋ ਗਿਆ। ਗੁਰੂ ਗੋਬਿੰਦ ਸਿੰਘ ਸਿੱਖਾਂ ਦੇ ਆਖ਼ਰੀ ਸਰੀਰਕ ਗੁਰੂ ਹਨ ਕਿਉਂਕਿ ਉਨ੍ਹਾਂ ਦੇ ਪਿੱਛੋਂ ਗੁਰਤਾ ‘ਆਦਿ ਗ੍ਰੰਥ’ ਨੂੰ ਸੌਂਪ ਦਿੱਤੀ ਗਈ, ਜਿਸ ਦੀ ਸੌਂਪਣਾ ਗੁਰੂ ਸਾਹਿਬ ਨੇ ਆਪ ਆਪਣੇ ਜੀਵਨ-ਸਮੇਂ ਵਿਚ ਕੀਤੀ।
ਅਚਾਨਕ ਇਥੇ ਇਸ ਪ੍ਰਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਕੀ ਸਿੱਖ ਧਰਮ ਨੂੰ ਦਸਮ ਪਾਤਿਸ਼ਾਹ ਹਜ਼ੂਰ ਵੱਲੋਂ ਕੋਈ ਅਚਾਨਕ ਅਤੇ ਪੂਰੀ ਤਰ੍ਹਾਂ ਨਵਾਂ ਮੋੜ ਦਿੱਤਾ ਗਿਆ ਅਤੇ ਨੈਤਿਕਤਾ ਉਤੇ ਕਿਸ ਅਸਰ ਨਾਲ ਦਿੱਤਾ ਗਿਆ? ਵਿਕਾਸ ਦਾ ਤੱਥ ਇੱਕ ਇਤਿਹਾਸਕ ਅਤੇ ਜ਼ਰੂਰੀ ਤੱਥ ਹੈ ਜਿਸ ਨੂੰ ਨਕਾਰਿਆ ਨਹੀਂ ਜਾ ਸਕਦਾ। ਨੁਕਤਾ ਇਹ ਹੈ, ਜੋ ਬਹੁਤ ਵਾਰ ਨਿਜੀ ਅਤੇ ਜਨਤਕ ਵਿਚਾਰ-ਚਰਚਾ ਦਾ ਵਿਸ਼ਾ ਰਿਹਾ ਹੈ ਕਿ ਕੀ ਇਹ ਸਿੱਖ ਧਰਮ ਵਿਚ ਸ਼ਾਂਤਮਈ ਪਹੁੰਚ ਅਤੇ ਕਰਮਕਾਂਡੀ ਦਿਖਾਵੇ ਤੋਂ ਮੁਕੰਮਲ ਤਬਦੀਲੀ ਸੀ? ਜਿਸ ਨੂੰ ਫੌਜ਼ੀ ਸ਼ਕਤੀ ਸੰਚਾਰਕਤਾ ਅਤੇ ਖ਼ਾਸ ਲੱਛਣਾਂ ਅਤੇ ਬਦਲੇ ਰੂਪ ਦਾ ਅਪਨਾਉਣਾ ਕਿਹਾ ਜਾ ਸਕਦਾ ਹੈ। ਇਹ ਪ੍ਰਸ਼ਨ ਸਿੱਖ ਧਰਮ ਦੇ ਉਘੇ ਵਿਦਵਾਨ ਭਾਈ ਜੋਧ ਸਿੰਘ ਨੇ ਵੀ ਉਠਾਇਆ ਹੈ। ਇਤਿਹਾਸਕਾਰ ਜੋ ਨੁਕਤਾ ਸੁਝਾਉਣਾ ਚਾਹੁੰਦੇ ਹਨ ਉਹ ਕੀਮਤ-ਬਦਲਾਉ ਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਵਿਚ ਸਿੱਖ ਧਰਮ ਵਿਚ ਸਧਾਰਨ ਵਾਧੇ ਕਰਨ ਦਾ ਨਹੀਂ। ਫਿਰ ਵੀ ਸਧਾਰਨ ਵਾਧੇ ਅਤੇ ਵਿਕਾਸ ਦਾ ਤੱਥ ਸਿਰਫ ਇਤਿਹਾਸਕ ਤੱਥ ਹੈ, ਉਥੋਂ ਤੱਕ ਜਿਥੋਂ ਤੱਕ ਗੁਰੂ ਗੋਬਿੰਦ ਸਿੰਘ ਨੇ ਪ੍ਰੇਮ ਅਤੇ ਭਗਤੀ ਦੀਆਂ ਕੀਮਤਾਂ ‘ਤੇ ਜ਼ੋਰ ਉਸੇ ਤਰ੍ਹਾਂ ਦਿੱਤਾ ਜਿਵੇਂ ਕਿ ਪਹਿਲੇ ਗੁਰੂ ਸਾਹਿਬਾਨ ਨੇ।
ਸਿੱਖ ਧਰਮ ਵਿਚ ਮੁਸ਼ਕਿਲਾਂ ਤੋਂ ਨਾ-ਭੱਜਣ ਅਤੇ ਜਦੋਜਹਿਦ ਕਰਨ ਜਾਂ ਮੁਸ਼ਕਿਲਾਂ ਨਾਲ ਖਾਸ ਕਰਕੇ ਜ਼ੁਲਮ ਨਾਲ ਜੂਝਣ ਅਤੇ ਸਾਹਮਣਾ ਕਰਨ ਦਾ ਨੈਤਿਕ ਗੁਣ ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਵੀ ਦ੍ਰਿੜ ਕਰਵਾਇਆ ਗਿਆ ਸੀ ਅਤੇ ਇਤਿਹਾਸਕ ਸੰਦਰਭ ਵਿਚ ਗੁਰੂ ਗੋਬਿੰਦ ਸਿੰਘ ਨੇ ਵੀ ਇਸ ਨੂੰ ਲਗਾਤਾਰ ਜਾਰੀ ਰੱਖਿਆ। ਇਹ ਸਭ ਨੂੰ ਭਲੀਭਾਂਤ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮਨੁੱਖ ਨੂੰ ਸੁਚੇਤ ਕੀਤਾ ਗਿਆ ਹੈ ਕਿ ਇਸ ਪ੍ਰੇਮ ਦੇ ਮਾਰਗ ‘ਤੇ ਪੈਰ ਧਰਨ ਵੇਲੇ ‘ਸਿਰ’ ਦੇਣਾ ਪਵੇਗਾ, ਸੀਸ ਤਲੀ ‘ਤੇ ਰੱਖ ਕੇ ਆਉਣਾ ਪਵੇਗਾ। ਇੱਕ ਵਾਰ ਜਦੋਂ ਇਸ ਮਾਰਗ ‘ਤੇ ਪੈਰ ਧਰ ਲਿਆ ਫਿਰ ਪਿੱਛੇ ਮੁੜਨ ਦਾ ਕੋਈ ਮਤਲਬ ਨਹੀਂ,
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥20॥ (ਪੰਨਾ 1412)
ਇਸੇ ਤਰ੍ਹਾਂ ਭਗਤ ਕਬੀਰ, ਜਿਨ੍ਹਾਂ ਦੀ ਬਾਣੀ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹੈ, ਮਨੁੱਖ ਨੂੰ ਦ੍ਰਿੜ ਕਰਵਾਉਂਦੇ ਹਨ ਕਿ ਜਿਹੜਾ ਮਨੁੱਖ ਇਸ ਸੰਸਾਰ-ਰੂਪੀ ਰਣਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ (ਬੁਰਾਈ) ਦੇ ਟਾਕਰੇ ‘ਤੇ ਅੜ ਖਲੋਂਦਾ ਹੈ ਅਤੇ ਉਹ ਇਹ ਸਮਝਦਾ ਹੈ ਕਿ ਇਹ ਮਨੁੱਖਾ-ਜੀਵਨ ਹੀ ਇੱਕ ਐਸਾ ਮੌਕਾ ਹੈ ਜਦੋਂ ਇਨ੍ਹਾਂ ਨਾਲ ਲੜਿਆ ਜਾ ਸਕਦਾ ਹੈ, ਉਹ ਅਸਲ ਸੂਰਮਾ ਹੈ। ਉਸ ਦੇ ਨਿਸ਼ਾਨੇ ‘ਤੇ ਚੋਟ ਪੈਂਦੀ ਹੈ ਤੇ ਉਸ ਨੂੰ ਪਤਾ ਲਗਦਾ ਹੈ ਕਿ ਹੁਣ ਜੂਝਣ ਦਾ ਸਮਾਂ ਹੈ। ਉਹ ਮਨੁੱਖ ਸੂਰਮਾ ਹੈ ਜੋ ਗ਼ਰੀਬਾਂ ਦੀ ਖ਼ਾਤਰ ਲੜਦਾ ਹੈ। ਉਹ ਟੋਟੇ ਟੋਟੇ ਹੋ ਕੇ ਲੜ ਮਰਦਾ ਹੈ ਪਰ ਲੜਾਈ ਦਾ ਮੈਦਾਨ ਨਹੀਂ ਛੱਡਦਾ। ਆਪਣੀ ਜਿੰਦ ਬਚਾਉਣ ਦੀ ਖ਼ਾਤਰ ਗ਼ਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ,
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥1॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥2॥2॥
(ਪੰਨਾ 1105)
ਸਿੱਖ ਧਰਮ ਵਿਚ ‘ਦਲੇਰੀ’ ਨੂੰ ਇੱਕ ਨੈਤਿਕ ਗੁਣ ਮੰਨਿਆ ਗਿਆ ਹੈ ਜੋ ਮਨੁੱਖ ਵਾਸਤੇ ਅਪਨਾਉਣਾ ਬੇਹੱਦ ਜ਼ਰੂਰੀ ਹੈ। ਉਹ ਇਤਿਹਾਸਕਾਰ ਜਿਨ੍ਹਾਂ ਨੂੰ ਸਿੱਖ ਧਰਮ ਦੇ ਅੰਦਰੂਨੀ ਸਿਧਾਂਤਾਂ ਦੀ ਜਾਣਕਾਰੀ ਨਹੀਂ ਹੈ ਸਿੱਖ ਧਰਮ ਦੇ ਬਾਹਰੀ ਵਿਕਾਸ ਤੋਂ ਚਕਾਚੌਂਧ ਹਨ ਅਤੇ ਇਹ ਨਤੀਜਾ ਕੱਢ ਲੈਂਦੇ ਹਨ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨਾਲ ਸਿੱਖ ਧਰਮ ਵਿਚ ਪੂਰੀ ਤਰ੍ਹਾਂ ਕਾਇਆਕਲਪ ਹੋ ਗਈ ਜਾਂ ਸਿਧਾਂਤਕ ਤਬਦੀਲੀ ਆ ਗਈ। ਇਹ ਗੱਲ ਤਾਂ ਮੰਨੀ ਜਾ ਸਕਦੀ ਹੈ ਕਿ ਇਤਿਹਾਸਕਾਰ ਕਿਸੇ ਖ਼ਾਸ ਸੰਦਰਭ ਵਿਚ ਕੁਝ ਖ਼ਾਸ ਵਿਸਥਾਰ ਵਿਚ ਤੱਥਾਂ ਪ੍ਰਤੀ ਕੋਈ ਬਿਆਨ ਦੇਣਾ ਚਾਹੁੰਦੇ ਹੋਣ, ਉਨ੍ਹਾਂ ਦੇ ਦਾਅਵੇ ਨੂੰ ਪ੍ਰਵਾਨ ਕੀਤਾ ਜਾ ਸਕਦਾ ਹੈ। ‘ਅੰਮ੍ਰਿਤ-ਸੰਸਕਾਰ’ ਬਾਰੇ ਵਿਸਥਾਰ ਜਾਂ ਕੁੱਝ ਪ੍ਰਬੰਧਕੀ ਫ਼ਰਜ਼ ਜਿਹੜੇ ਗੁਰੂ ਗੋਬਿੰਦ ਸਿੰਘ ਵੱਲੋਂ ਲਾਗੂ ਕੀਤੇ ਗਏ, ਉਹ ਇਤਿਹਾਸਕ ਤੱਥ ਹਨ ਅਤੇ ਉਨ੍ਹਾਂ ਦੀ ਪ੍ਰਤਿਭਾ ਦੀ ਦੇਣ ਹਨ। ਪ੍ਰੰਤੂ ਜੇ ਇਤਿਹਾਸਕਾਰਾਂ ਵੱਲੋਂ ਇਹ ਸੁਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਇਸ ਨਾਲ ਸਿਧਾਂਤਕ ਤਬਦੀਲੀਆਂ ਜਾਂ ਆਮ ਨੈਤਿਕ ਸਿਧਾਂਤਾਂ ਦੀਆਂ ਤਬਦੀਲੀਆਂ ਹੋਈਆਂ ਤਾਂ ਇਤਿਹਾਸਕਾਰ ਸ਼ਾਇਦ ਆਪਣੀ ਸੀਮਾ ਦੀ ਉਲੰਘਣਾ ਕਰਨ ਦੇ ਦੋਸ਼ੀ ਹੋਣਗੇ।
ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਿਚ ਸਿਧਾਂਤਕ ਜਾਂ ਨੈਤਿਕ ਸਿੱਖਿਆਵਾਂ ਵਿਚ ਕੋਈ ਤਬਦੀਲੀ ਆਉਣ ਦੇ ਪ੍ਰਸ਼ਨ ਦਾ ਫੈਸਲਾ ਤਾਂ ਹੀ ਕੀਤਾ ਜਾ ਸਕਦਾ ਹੈ ਜਦੋਂ ਪਹਿਲੇ ਗੁਰੂ, ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਵਿਚ ਉਸ ਵਿਕਾਸ ਦੀ ਸੰਭਾਵਨਾ ਨੂੰ ਦੇਖ ਲਿਆ ਜਾਵੇ ਜੋ ਗੁਰੂ ਗੋਬਿੰਦ ਸਿੰਘ ਦੇ ਸਮੇਂ ਵਿਚ ਆਪਣੀ ਸਿਖਰ ‘ਤੇ ਪਹੁੰਚਿਆ। ਇਥੇ ਇਹ ਸਵੀਕਾਰ ਕੀਤਾ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਪਰਮਸਤਿ ‘ਸਤਿ ਨਾਮ ਕਰਤਾ ਪੁਰਖ’ ਦੀ ਪਰਿਭਾਸ਼ਾ ‘ਨਿਰਭਉ’ ਅਤੇ ‘ਨਿਰਵੈਰ’ ਕਰਕੇ ਕੀਤੀ ਹੈ। ਇਹ ਪਰਮਸਤਿ ਸਿੱਖ ਧਰਮ ਦਾ ਆਦਰਸ਼ ਹੈ ਜੋ ਉਸ ਨੇ ਪ੍ਰਾਪਤ ਕਰਨਾ ਹੈ, ਜਿਸ ਦਾ ਉਸ ਨੇ ਅਨੁਭਵ ਕਰਨਾ ਹੈ। ਨਤੀਜੇ ਵੱਜੋਂ ਸਿੱਖ ਧਰਮ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ‘ਨਿਰਭਉ’ ਅਤੇ ‘ਨਿਰਵੈਰ’ ਦੇ ਆਦਰਸ਼ ਦੇ ਦੁਆਲੇ ਘੁੰਮਦਾ ਹੈ। ਇਸ ਲਈ ਸਿੱਖ ਧਰਮ ਨੂੰ ਇਸ ਸੰਧਰਵ ਵਿਚ ਦੇਖਣਾ ਚਾਹੀਦਾ ਹੈ, ਇਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਦੇ ਵੇਲੇ ਵੀ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੀ ‘ਨਿਰਭਉ’ ਅਤੇ ‘ਨਿਰਵੈਰ’ ਦੀ ਸਿਧਾਂਤਕ ਪਹੁੰਚ ਦੀ ਸਿੱਧੀ ਨਿਰੰਤਰਤਾ ਹੈ।
ਹੁਣ ਇਹ ਲੱਭਣ ਦੀ ਸੰਖੇਪ ਕੋਸ਼ਿਸ਼ ਕਰੀਏ ਕਿ ਸਿੱਖ ਧਰਮ ਨੇ ਸੰਸਥਾਗਤ ਰੂਪ ਕੀ ਗੁਰੂ ਗੋਬਿੰਦ ਸਿੰਘ ਦੇ ਸਮੇਂ ਵਿਚ ਅਚਾਨਕ ਧਾਰਨ ਕੀਤਾ ਜਾਂ ਫਿਰ ਉਨ੍ਹਾਂ ਨੇ ਗੁਰੂ ਨਾਨਕ ਦੇਵ ਤੋਂ ਸ਼ੁਰੂ ਹੋਏ ਸਿਲਸਿਲੇਵਾਰ ਵਿਕਾਸ ਨੂੰ ਅੰਤਮ ਰੂਪ ਵਿਚ ਸੰਗਠਤ ਕੀਤਾ। ਇਥੇ ਇਹ ਤੱਥ ਪੇਸ਼ ਹੈ ਕਿ ਸੰਸਥਾਗਤ ਰੂਪ ਦੇਣ ਦਾ ਪਹਿਲਾ ਕਦਮ ਗੁਰੂ ਨਾਨਕ ਸਾਹਿਬ ਵੱਲੋਂ ‘ਗੁਰੂ’ ਦੀ ਸੰਸਥਾ ਨੂੰ ਕਾਇਮ ਕਰਨ ਦਾ ‘ਗੁਰੂ’ ਦੀ ਉਤਰਾਅਧਿਕਾਰਤਾ ਦਾ ਪ੍ਰਬੰਧ ਕਰਕੇ ਪੁੱਟਿਆ ਗਿਆ। ਦੂਸਰਾ ਵੱਡਾ ਕਦਮ ਪੰਜਵੀਂ ਨਾਨਕ ਜੋਤਿ ਗੁਰੂ ਅਰਜਨ ਦੇਵ ਵੱਲੋਂ ਵੱਖਰੇ ਧਾਰਮਿਕ ਗ੍ਰੰਥ ‘ਆਦਿ ਗ੍ਰੰਥ’ ਦਾ ਸੰਕਲਨ ਕਰਕੇ ਪੁੱਟਿਆ ਗਿਆ। ਤੀਸਰੀ ਮਹੱਤਵਪੂਰਨ ਘਟਨਾ ਛੇਵੇਂ ਪਾਤਿਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਤਲਵਾਰ ਦਾ ਪਹਿਨਣਾ ਹੈ, ਜਦੋਂ ਉਹ ਗੁਰਗੱਦੀ ‘ਤੇ ਬੈਠੇ।
ਇਹ ਮੰਨਿਆ ਗਿਆ ਹੈ ਕਿ ਅਸਲ ਵਿਚ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਪਹਿਨੀਆਂ-ਇੱਕ ਅਧਿਆਤਮਕ ਸ਼ਕਤੀ ਅਤੇ ਦੂਸਰੀ ਸੰਸਾਰਕ ਸ਼ਕਤੀ ਦੀ ਪ੍ਰਤੀਕ ਵਜੋਂ, ਜਦ ਕਿ ਦੂਸਰੀ ਸ਼ਾਇਦ ਪਹਿਲੀ ਪਹਿਨਣ ਵੇਲੇ ਪਹਿਨਾਉਣ ਵਾਲੇ ਤੋਂ ਹੋਈ ਅਚਾਨਕ ਗਲਤੀ ਨੂੰ ਸੁਧਾਰਨ ਲਈ ਜੋ ਕਿ ਗਲਤ ਪਾਸੇ ਪਹਿਨ ਹੋ ਗਈ ਸੀ, ਪਹਿਨੀ ਗਈ। ਇਹ ਤੱਥ ਵੀ ਧਿਆਨ ਦੇਣ ਯੋਗ ਹੈ ਕਿ ਨੌਵੇਂ ਗੁਰੂ ਦਾ ਨਾਮ ‘ਤੇਗ਼ ਬਹਾਦਰ’ ਰੱਖਿਆ ਗਿਆ, ਜਿਸ ਦਾ ਅਰਥ ਹੈ ‘ਤੇਗ਼ ਚਲਾਉਣ ਵਿਚ ਨਿਪੁੰਨ ਜਾਂ ਬਹਾਦਰ’, ਇਸ ਤੋਂ ਉਸ ਵੇਲੇ ਸਿੱਖ ਧਰਮ ਵਿਚ ਚੱਲ ਰਹੀ ਵਿਚਾਰਧਾਰਾ ਦਾ ਵੀ ਸੰਕੇਤ ਮਿਲਦਾ ਹੈ। ਇਨ੍ਹਾਂ ਸਾਰੀਆਂ ਸੰਖੇਪ ਪ੍ਰਚੰਡ ਤਬਦੀਲੀਆਂ ਦੀ ਪਛਾਣ ਦਸਵੇਂ ਗੁਰੂ ਨੇ ਕਰਾਈ, ਜੋ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਸੰਸਥਾਕਰਣ ਦੇ ਅਤੇ ਨੈਤਿਕ ਸਿਧਾਂਤ ਚਲੇ ਆਉਂਦੇ ਸਨ।
ਇੱਕ ਹੋਰ ਪ੍ਰਸ਼ਨ ਹੈ, ਜੋ ਬਿਲਕੁਲ ਹੀ ਵੱਖਰੇ ਸੁਭਾ ਦਾ ਹੈ ਕਿ ਕੀ ਬਿਲਕੁਲ ਮੁੱਢ ਤੋਂ ਹੀ ਗੁਰੂ ਸਾਹਿਬਾਨ ਨੂੰ ਇਸ ਬਾਰੇ ਵਿਸਥਾਰ ਵਿਚ ਇਹ ਪੂਰਨ ਵਿਚਾਰ ਸੀ ਕਿ ਸਿੱਖ ਧਰਮ ਨੂੰ ਖ਼ਾਲਸੇ ਦਾ ਰੂਪ ਦਿੱਤਾ ਜਾਵੇਗਾ? ਭਾਈ ਜੋਧ ਸਿੰਘ (ਸਿੱਖ ਧਰਮ ਦੇ ਪੁਰਾਤਨ ਵਿਦਵਾਨ ਜਿਨ੍ਹਾਂ ਦਾ ਪਹਿਲਾਂ ਵੀ ਜ਼ਿਕਰ ਹੋ ਚੁੱਕਾ ਹੈ, ਹੁਣ ਵਾਲਾ ਡਾæ ਜੋਧ ਸਿੰਘ ਨਹੀਂ) ਇਸ ਦਾ ਉਤਰ ‘ਹਾਂ’ ਵਿਚ ਦਿੰਦੇ ਹਨ। ਡਾæ ਅਵਤਾਰ ਸਿੰਘ (ਜਿਨ੍ਹਾਂ ਦੀ ਪੁਸਤਕ ‘ਤੇ ਆਧਾਰਤ ਇਹ ਲੇਖ ਲਿਖੇ ਜਾ ਰਹੇ ਹਨ) ਇਸ ਨੂੰ ਇੱਕ ਖੁਲ੍ਹਾ ਪ੍ਰਸ਼ਨ ਮੰਨਦੇ ਹਨ, ਕਿਉਂਕਿ ਅੰਤਿਮ ਵਿਸਥਾਰ ਤੱਕ ਪੂਰਵ ਧਾਰਨਾ ਵਿਚ ਦੋ ਮੁਸ਼ਕਿਲਾਂ ਹਨ। ਪਹਿਲੀ ਮੁਸ਼ਕਿਲ ਇਤਿਹਾਸਕ ਤਬਦੀਲੀ ਤੋਂ ਇਨਕਾਰ ਕਰਨਾ ਹੈ, ਪ੍ਰੰਤੂ ਜਿਸ ਲਈ ਕੁੱਝ ਵਾਧੇ ਅਤੇ ਵਿਕਾਸ ਸ਼ਾਇਦ ਜ਼ਰੂਰੀ ਨਾ ਬਣਦੇ। ਦੂਸਰੀ ਮੁਸ਼ਕਿਲ ਗੁਰੂ ਗੋਬਿੰਦ ਸਿੰਘ ਦੀ ਪ੍ਰਤਿਭਾ ਤੋਂ ਇਨਕਾਰ ਕਰਨਾ ਹੈ ਜਿਨ੍ਹਾਂ ਦੀ ਪ੍ਰੇਰਨਾ ਨੇ ਇਨ੍ਹਾਂ ਸਿਲਸਿਲੇਵਾਰ ਵਿਕਾਸਾਂ ਨੂੰ ਅੰਤਿਮ ਫਲ ਦੇ ਰੂਪ ਵਿਚ ਪਕਾਇਆ ਅਤੇ ਲਿਆਂਦਾ।
ਭਾਈ ਜੋਧ ਸਿੰਘ ਨੇ ‘ਗੁਰਮਤਿ ਨਿਰਨੈ’ ਵਿਚ ਇਹ ਰਾਇ, ਜਿਸ ਦਾ ਜ਼ਿਕਰ ਪਹਿਲਾਂ ਹੋ ਚੁੱਕਾ ਹੈ, ਦਸਮ ਗੁਰੂ ਦੇ ਮੰਨੇ ਜਾਂਦੇ ਗ੍ਰੰਥ ਸਰਬਲੋਹ ਅਤੇ ਪ੍ਰਹਿਲਾਦ ਸਿੰਘ ਦੇ ਰਹਿਤਨਾਮੇ ਤੋਂ ਬਣਾਈ ਜਾਪਦੀ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਖ਼ਾਲਸੇ ਨੂੰ ਆਪਣੇ ਰੂਪ ਵਿਚ ਨਿਵਾਜਿਆ। ਪਰ ਇਸ ਨਾਲ ਕਿਸੇ ਤਰ੍ਹਾਂ ਵੀ ਉਸ ਦੀ ਇਹ ਧਾਰਨਾ ਸਾਬਤ ਨਹੀਂ ਹੁੰਦੀ ਕਿ ਗੁਰੂ ਨਾਨਕ ਸਾਹਿਬ ਤੋਂ ਇੱਕ ਦਮ ਬਾਅਦ ਕੋਈ ਵਾਧਾ ਨਹੀਂ ਹੋਇਆ। ਇਹ ਜ਼ਿਆਦਾ ਅਨੁਕੂਲ ਅਤੇ ਠੀਕ ਹੋਵੇਗਾ ਜੇ ਅਸੀਂ ਸਿੱਖ ਧਰਮ ਦੇ ਸੰਸਥਾਕਰਨ ਦੇ ਅਮਲ ਦਾ ਵਿਕਾਸਸ਼ੀਲ ਨਜ਼ਰੀਆ ਲਵਾਂਗੇ, ਖ਼ਾਸ ਕਰਕੇ ਕੁੱਝ ਖ਼ਾਸ ਹਾਲਾਤਾਂ ਨੂੰ ਗੁਰੂ ਸਾਹਿਬਾਨ ਦੇ ਆਮ ਵਿਸਥਾਰ ਅਤੇ ਇਤਿਹਾਸਕ ਉਤਰ ਦੇ ਮਾਮਲਿਆਂ ਵਿਚ। ਮੁੱਖ ਨੈਤਿਕ ਉਪਦੇਸ਼ਾਂ ਦੇ ਖੇਤਰ ਵਿਚ ਭੀ, ਜਦਕਿ ਮੂਲ ਸਿਧਾਂਤ ਅਬਦਲ ਰਹੇ ਹਨ, ਕੁੱਝ ਗੱਲਾਂ ‘ਤੇ ਇਧਰ ਉਧਰ ਜ਼ਿਆਦਾ ਜ਼ੋਰ ਦੇਣ ਦੇ ਰੂਪ ਵਿਚ ਵਾਧਾ ਜਾਂ ਵਿਕਾਸ ਇਤਿਹਾਸਕ ਤੱਥ ਹੈ। ਕੁੱਲ ਮਿਲਾ ਕੇ ਉਪਰ ਦਿੱਤੀਆਂ ਪੜਚੋਲਾਂ ਨੂੰ ਧਿਆਨ ਵਿਚ ਰੱਖ ਕੇ ਸਪੱਸ਼ਟ ਰੂਪ ਵਿਚ ਅਜਿਹੇ ਨੈਤਿਕ ਸਿਧਾਂਤਾਂ ਜਿਵੇਂ ਮਨੁੱਖੀ ਬਰਾਬਰੀ, ਸਰਬਵਿਆਪਕਤਾ ਮਨੁੱਖੀ ਭਾਈਵਾਲਤਾ ਅਤੇ ਹੋਰ ਨੈਤਿਕ ਨਿਯਮਾਂ ਤੇ ਆਦਰਸ਼ਾਂ ਦੀ ਨਿਰੰਤਰਤਾ ਨੂੰ ਦੇਖਿਆ ਜਾ ਸਕਦਾ ਹੈ, ਜੋ ਸਿੱਖ ਧਰਮ ਦੇ ਉਜਾਗਰ ਹੋ ਰਹੇ ਮਾਨਵਵਾਦੀ ਨੈਤਿਕ ਉਪਦੇਸ਼ਾਂ ਦੇ ਨਾਲ ਨਾਲ ਵਿਚਰੇ।
(ਨੋਟ: ਇਹ ਲੇਖ ਸਵਰਗੀ ਡਾæ ਅਵਤਾਰ ਸਿੰਘ ਦੀ ਪੁਸਤਕ ‘ਐਥਿਕਸ ਆਫ ਦ ਸਿੱਖਸ’ ਉਤੇ ਆਧਾਰਤ ਹਨ)
Leave a Reply