ਸੈਕਰਾਮੈਂਟੋ (ਬਿਊਰੋ): “ਮਾਰ ਇਹਨੂੰ ਉਡਣਾ ਜੱਫਾ, ਜਿਵੇਂ ਸ਼ੇਰ ਬੱਕਰੀ ਨੂੰ ਦਬੋਚਦਾ ਆ,” ਇਕ ਦਰਸ਼ਕ ਨੇ ਜਾਫੀ ਨੂੰ ਹੱਲਾ ਸ਼ੇਰੀ ਦਿੱਤੀ। “ਪੈ ਜਾ ਬਈ ਜਿਵੇਂ ਬਾਜ ਕਬੂਤਰੀ ਨੂੰ ਪੈਂਦੈ।” ਇਕ ਹੋਰ ਬੋਲਿਆ। “ਇਹ ਨਹੀਂ ਡਾਹੀ ਦਿੰਦਾ, ਉਡਣਾ ਸੱਪ ਐ ਇਹ” ਕੋਈ ਆਪਣੀ ਟੀਮ ਦੇ ਇਕ ਰੇਡਰ ਦੇ ਜਾਫੀ ਹੱਥੋਂ ਨਿਕਲ ਜਾਣ ‘ਤੇ ਕਹਿ ਰਿਹਾ ਸੀ। ਜਦੋਂ ਇਕ ਰੇਡਰ ਕਾਲੇ ਮੂਲ ਦੇ ਜਾਫੀ ਡਾਂਟੇ ਨੂੰ ਹੱਥ ਲਾਉਣ ਲੱਗਾ ਤਾਂ ਡਾਂਟੇ ਦੇ ਇਕ ਪ੍ਰਸ਼ੰਸਕ ਨੇ ਉਚੀ ਅਵਾਜ਼ ਵਿਚ ਕਿਹਾ, ਇਹ ਮੁੰਡਾ ਲੱਛਰ ਭਰਾਵਾਂ ਦਾ ਚੰਡਿਆ ਹੋਇਐ, ਜ਼ਰਾ ਬਚ ਕੇ ਰਹੀਂ, ਜਕੜਬੰਦ ਜੱਫਾ ਇਹਨੇ ਇਉਂ ਮਾਰਨਾ ਕਿ ਕਈ ਦਿਨ ਹੱਡ ਪੀੜ ਕਰਦੇ ਰਹਿਣਗੇ, ਹੱਥ ਸੋਚ ਕੇ ਪਾਇਓ। ਇਹ ਨਜ਼ਾਰਾ ਸੀ ਕਿੰਗਜ਼ ਸਪੋਰਟਸ ਕਲੱਬ-ਸੈਕਰਾਮੈਂਟੋ ਵਲੋਂ ਇਥੇ ਗੁਰਦੁਆਰਾ ਬਰਾਡਸ਼ਾਹ ਦੇ ਖੇਡ ਮੈਦਾਨਾਂ ਵਿਚ ਕਰਵਾਏ ਗਏ ਖੇਡ ਮੇਲੇ ਦੌਰਾਨ ਕਬੱਡੀ ਦੇ ਪਿੜ ਦਾ। ਇਹ ਕਿੰਗਜ਼ ਸਪੋਰਟਸ ਕਲੱਬ ਦਾ ਚੌਥਾ ਕਬੱਡੀ ਕੱਪ ਮੁਕਾਬਲਾ ਸੀ।
ਕਬੱਡੀ ਮੁਕਾਬਲਿਆਂ ਦੇ ਓਪਨ ਵਰਗ ਵਿਚ ਪਹਿਲਾ ਇਨਾਮ ਤੇ ਕੱਪ ਅਮਰੀਕਾ ਦੀ ਟੀਮ ਨੇ ਕੈਨੇਡਾ ਦੀ ਟੀਮ ਨੂੰ 26 ਦੇ ਮੁਕਾਬਲੇ 33 ਅੰਕਾਂ ਦੇ ਫਰਕ ਨਾਲ ਹਰਾ ਕੇ ਜਿਤਿਆ ਜਦੋਂਕਿ ਕੈਨੇਡਾ ਦੀ ਟੀਮ ਨੂੰ ਦੂਜੇ ਇਨਾਮ ਨਾਲ ਸਬਰ ਕਰਨਾ ਪਿਆ। ਕਬੱਡੀ ਓਪਨ ਵਿਚ ਕੁਲ ਚਾਰ ਟੀਮਾਂ-ਯੂ ਐਸ ਏ, ਕੈਨੇਡਾ, ਇੰਗਲੈਂਡ ਅਤੇ ਇੰਡੀਆ ਭਿੜੀਆਂ ਅਤੇ ਮੈਚ ਬਹੁਤ ਹੀ ਫਸਵੇਂ ਰਹੇ। ਹੋਰਨਾਂ ਕਬੱਡੀ ਮੁਕਾਬਲਿਆਂ ਦੀ ਤਰ੍ਹਾਂ ਹੀ ਇਥੇ ਵੀ ਦੇਸ਼ਾਂ ਦੇ ਨਾਂ ਤਾਂ ਵਰਤੇ ਗਏ ਸਨ ਪਰ ਟੀਮਾਂ ਵਿਚ ਕੌਮਾਂਤਰੀ ਪ੍ਰਸਿਧੀ ਵਾਲੇ ਬਹੁਤੇ ਖਿਡਾਰੀ ਓਹੀ ਸਨ ਜੋ ਅਮਰੀਕਾ, ਕੈਨੇਡਾ ਵਿਚ ਹੁੰਦੇ ਬਹੁਤੇ ਕਬੱਡੀ ਮੁਕਾਬਲਿਆਂ ਵਿਚ ਅਕਸਰ ਖੇਡਦੇ ਵੇਖੇ ਜਾਂਦੇ ਹਨ। ਨਾਮੀ ਖਿਡਾਰੀਆਂ ਵਿਚ ਕੋਰਾ ਬੱਸੀਆਂ, ਤਾਰੀ ਸੰਗਢੇਸੀਆਂ, ਗੱਗੂ, ਡੀ ਸੰਧੂ, ਗੋਰੀ, ਮੌਲਾ, ਸੰਦੀਪ, ਰਾਣਾ ਭੰਡਾਲ, ਪਿੰਦਾ ਭਿੰਡਰ, ਸੇਵਾ ਰੰਧਾਵਾ, ਅਮਰਜੀਤ ਸਮਰ, ਕਿੰਦੂ ਬਿਹਾਰੀਪੁਰੀਆ, ਕੁਲਜੀਤਾ ਮਲਸੀਆਂ, ਚੰਨਾ ਨੱਥੋਕੇ, ਤਾਊ ਤੋਗਾਂ ਵਾਲਾ, ਦਲਜੀਤ ਸਿੰਘ, ਮੋਹਣਾ ਕਾਲਾ ਸੰਘਿਆਂ, ਅਮਰੀਕ ਘੁੱਦਾ, ਬਹਾਦਰ ਸਿੰਘ ਉਰਫ ਐਟਮ ਬੰਬ ਅਤੇ ਅਮਨ ਜੌਹਲ ਸ਼ਾਮਲ ਸਨ।
ਫਾਈਨਲ ਮੈਚ ਬਹੁਤ ਹੀ ਦਿਲਚਸਪ ਸੀ। ਕੱਲੀ ਕੱਲੀ ਰੇਡ ਅਤੇ ਸਟਾਪ ਲੱਖਾਂ ਦੀ ਜਾਪਦੀ ਸੀ। ਦਰਸ਼ਕਾਂ ਨੇ ਡਾਲਰਾਂ ਦਾ ਮੀਂਹ ਵੀ ਚੰਗਾ ਵਰ੍ਹਾਇਆ। ਕੈਨੇਡਾ ਦੀ ਟੀਮ ਲਈ ਹਰਦੀਪ ਤਾਊ ਐਂਡ ਕੰਪਨੀ ਨੇ ਪੂਰਾ ਜ਼ੋਰ ਲਾਇਆ ਪਰ ਉਹ ਗੱਲ ਬਣੀ ਨਾ। ਲਾਡੀ ਪਰਸਰਾਮਪੁਰ ਤੇ ਦੁੱਲੇ ਦੀਆਂ ਨਾਨ ਸਟਾਪ ਕਬੱਡੀਆਂ ਪੰਮੇ ਦਿਓਲ ਤੇ ਸੇਵੇ ਰੰਧਾਵੇ ਦਾ ਮੂਡ ਅਪਸੈਟ ਕਰ ਰਹੀਆਂ ਸਨ। ਤੇਜੀ ਲੋਹਗੜ੍ਹ ਨੂੰ ਭੂਰੇ ਦਾ ਦਰਸਨੀ ਜੱਫਾ ਮੱਠਾ ਕਰ ਗਿਆ। ਅਖੀਰ ਆਪਣੀ ਜਾਨਦਾਰ ਖੇਡ ਸਦਕਾ ਅਮਰੀਕਾ ਦੀ ਟੀਮ 11000 ਡਾਲਰ ਦੇ ਪਹਿਲੇ ਇਨਾਮ ‘ਤੇ ਕਬਜ਼ਾ ਕਰਨ ਵਿਚ ਕਾਮਯਾਬ ਰਹੀ। ਕਬੱਡੀ ਓਪਨ ਦਾ ਪਹਿਲਾ ਇਨਾਮ ਹਰਨੇਕ ਸਿੰਘ ਅਟਵਾਲ ਅਤੇ ਅਮੋਲਕ ਸਿੰਘ ਗਾਖਲ ਜਦੋਂ ਕਿ ਦੂਜਾ ਅਟਾਰਨੀ ਜਸਪ੍ਰੀਤ ਸਿੰਘ ਨੇ ਸਪਾਂਸਰ ਕੀਤਾ।
ਬੈਸਟ ਰੇਡਰ ਕਿੰਦਾ ਬਿਹਾਰੀਪੁਰੀਆ ਅਤੇ ਲਾਡੀ ਪਰਸਰਾਮਪੁਰੀਆ ਐਲਾਨੇ ਗਏ। ਇਨ੍ਹਾਂ ਦੋਹਾਂ ਨੇ ਹੀ ਕਮਾਲ ਦੀ ਕਬੱਡੀ ਖੇਡੀ ਅਤੇ ਦਰਸ਼ਕਾਂ ਦੀ ਵਾਹ ਵਾਹ ਵੀ ਉਨ੍ਹਾਂ ਨੂੰ ਭਰਪੂਰ ਮਿਲੀ। ਸਟਾਪਰਾਂ ਵਿਚ ਕਾਲੇ ਮੂਲ ਦੇ ਡਾਂਟੇ ਅਤੇ ਭੂਰੇ ਘੜੂੰਆਂ ਨੇ ਰੋਪੜੀ ਜਿੰਦੇ ਜਿਹੇ ਜੱਫੇ ਲਾਏ ਅਤੇ ਬੈਸਟ ਸਟਾਪਰ ਵੀ ਇਹੋ ਦੋਨੋਂ ਜਾਫੀ ਐਲਾਨੇ ਗਏ।
ਕਬੱਡੀ ਅੰਡਰ-21 ਵਿਚ ਯੁਨਾਈਟਿਡ ਸਪੋਰਟਸ ਕਲੱਬ-ਕੈਲੀਫੋਰਨੀਆ ਦੀ ਟੀਮ ਨੇ ਕਿੰਗਜ਼ ਸਪੋਰਟਸ ਕਲੱਬ-ਸੈਕਰਾਮੈਂਟੋ ਨੂੰ ਹਰਾ ਕੇ ਜਚਾ ਦਿੱਤਾ ਕਿ ਉਨ੍ਹਾਂ ਦੇ ਬਾਹੂਬਲ ਵਿਚ ਕਿੰਨਾ ਦਮ ਹੈ? ਇਹ ਯੂਨਾਈਟਿਡ ਸਪੋਰਟਸ ਕਲੱਬ ਦੀ ਟੀਮ ਦਾ ਇਸ ਸਾਲ ਜਿੱਤਿਆ ਪੰਜਵਾਂ ਕੱਪ ਸੀ। ਇਸ ਜਿੱਤ ‘ਤੇ ਕਲੱਬ ਦਾ ਚੇਅਰਮੈਨ ਅਮੋਲਕ ਸਿੰਘ ਗਾਖਲ ਪੂਰਾ ‘ਗਾਰਡਨ ਗਾਰਡਨ’ ਹੋਇਆ ਫਿਰਦਾ ਸੀ। ਇਸ ਮੁਕਾਬਲੇ ਵਿਚ ਤਿੰਨ ਟੀਮਾਂ ਭਿੜੀਆਂ। ਤੀਜੀ ਟੀਮ ਲੋਡਾਈ ਸਪੋਰਟਸ ਕਲੱਬ ਦੀ ਸੀ। ਕਬੱਡੀ ਅੰਡਰ-21 ਦੇ ਪਹਿਲੇ ਇਨਾਮ ਦੇ ਸਪਾਂਸਰ ਗੁਰਦੇਵ ਸਿੰਘ ਪੰਛੀ ਅਤੇ ਅਮਰਜੀਤ ਸਿੰਘ ਸੰਘਾ ਸਨ ਜਦੋਂਕਿ ਦੂਜੇ ਇਨਾਮ ਦੇ ਬੋਪਾਰਾਏ ਭਰਾ-ਜਸਵਿੰਦਰ ਸਿੰਘ, ਦਲਬੀਰ ਸਿੰਘ, ਮਲਕੀਤ ਸਿੰਘ ਤੇ ਗੁਰਦੇਵ ਸਿੰਘ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਬੱਡੀ ਟੀਮ ਵੀਜ਼ੇ ਦੀਆਂ ਮੁਸ਼ਕਿਲਾਂ ਕਰਕੇ ਇਸ ਟੂਰਨਾਮੈਂਟ ਲਈ ਪਹੁੰਚ ਨਾ ਸਕੀ ਪਰ ਕਲੱਬ ਦਾ ਸਿੰਘਾਂ ਦੀ ਟੀਮ ਬੁਲਾਉਣ ਦਾ ਇਹ ਯਤਨ ਹੈ ਸੀ ਸ਼ਲਾਘਾਯੋਗ।
ਕਬੱਡੀ ਦੇ ਰੈਫਰੀ ਸਨ-ਬੀਰੂ ਵੱਡੇਘਰ ਵਾਲਾ, ਮੰਦਰ ਲੰਡਿਆਂਵਾਲਾ ਤੇ ਲਹਿੰਬਰ ਸਿੰਘ ਸਿੱਧੂ ਜਿਨ੍ਹਾਂ ਆਪਣੀ ਜ਼ਿੰਮੇਵਾਰੀ ਪੂਰੀ ਮੁਸਤੈਦੀ ਨਾਲ ਨਿਭਾਈ।
ਕੁੜੀਆਂ ਦੀ ਕਬੱਡੀ ਦਰਸ਼ਕਾਂ ਲਈ ਵਿਸ਼ੇਸ਼ ਆਕਰਸ਼ਣ ਦਾ ਕਾਰਨ ਬਣੀ। ਇਸ ਮੁਕਾਬਲੇ ਵਿਚ ਨਿਊ ਯਾਰਕ ਅਤੇ ਮੈਕਸੀਕੋ ਦੀਆਂ ਟੀਮਾਂ ਨੇ ਜ਼ੋਰ ਅਜ਼ਮਾਈ ਕੀਤੀ। ਲੜਕੀਆਂ ਦੀਆਂ ਇਨ੍ਹਾਂ ਦੋਹਾਂ ਟੀਮਾਂ ਵਿਚ ਬਹੁਤੀਆਂ ਲੜਕੀਆਂ ਵਿਦੇਸ਼ੀ ਮੂਲ ਦੀਆਂ ਸਨ। ਨਿਊ ਯਾਰਕ ਦੀ ਟੀਮ ਪਹਿਲੇ ਅਤੇ ਮੈਕਸੀਕੋ ਦੀ ਟੀਮ ਦੂਜੇ ਨੰਬਰ ‘ਤੇ ਆਈ। ਇਸ ਮੁਕਾਬਲੇ ਦਾ ਪਹਿਲਾ ਇਨਾਮ ਬਲਦੇਵ ਸਿੰਘ ਕੰਗ ਤੇ ਪਵਿੱਤਰ ਸਿੰਘ ਕੰਗ ਅਤੇ ਦੂਜਾ ਇਨਾਮ ਜੱਗਾ ਸਿੰਘ ਪਵਾਰ, ਹਰਮਨ ਸਿੰਘ ਬਸਰਾ ਤੇ ਮਨੀ ਸਿੰਘ ਅਟਵਾਲ ਵਲੋਂ ਸਪਾਂਸਰ ਕੀਤਾ ਗਿਆ ਸੀ। ਇਹ ਕਿੰਗਜ਼ ਸਪੋਰਟਸ ਕਲੱਬ ਦੀ ਵੱਡੀ ਪ੍ਰਾਪਤੀ ਹੈ ਕਿ ਲੜਕੀਆਂ ਦੀਆਂ ਕੌਮਾਂਤਰੀ ਪੱਧਰ ਦੀਆਂ ਦੋ ਟੀਮਾਂ ਨੇ ਪਹਿਲੀ ਵਾਰ ਕੈਲੀਫੋਰਨੀਆ ਦੇ ਧਰਤੀ ‘ਤੇ ਆ ਕੇ ਆਪਣੀ ਖੇਡ ਦੇ ਜੌਹਰ ਵਿਖਾਏ। ਕਬੱਡੀ ਦੇ ਪਾਰਖੂਆਂ ਨੇ ਲੜਕੀਆਂ ਨੂੰ ਬਣਦਾ ਸਤਿਕਾਰ ਅਤੇ ਹੌਸਲਾ ਦਿੱਤਾ।
ਕੁਮੈਂਟਰੀ ਤੋਂ ਬਿਨਾ ਕਬੱਡੀ ਅਧੂਰੀ ਸਮਝੀ ਜਾਂਦੀ ਹੈ ਅਤੇ ਚੰਗੀ ਕੁਮੈਂਟਰੀ ਕਬੱਡੀ ਵਿਚ ਰੂਹ ਫੂਕ ਕੇ ਇਸ ਦਾ ਮਜ਼ਾ ਕਈ ਗੁਣਾ ਵਧਾ ਦਿੰਦੀ ਹੈ। ਇਹੋ ਕੁਝ 29 ਸਤੰਬਰ ਨੂੰ ਬਰਾਡਸ਼ਾਹ ਗੁਰੂ ਘਰ ਦੇ ਖੇਡ ਮੈਦਾਨ ਵਿਚ ਕੁਮੈਂਟੇਟਰਾਂ ਰਾਜਵਿੰਦਰ ਸਿੰਘ ਰੰਡਿਆਲਾ, ਸੁਖਵਿੰਦਰ ਸੰਘੇੜਾ ਅਤੇ ਮੱਖਣ ਸਿੰਘ ਹਕੀਮਪੁਰ ਨੇ ਕੀਤਾ। ਮੱਖਣ ਸਿੰਘ ਨੇ ਕਬੱਡੀ ਦੀ ਆਪਣੇ ਹੀ ਅੰਦਾਜ਼ ਵਿਚ ਕੱਲੇ ਕੱਲੇ ਖਿਡਾਰੀ ਦਾ ਨਾਂ ਲੈ ਕੇ ਅਤੇ ਉਨ੍ਹਾਂ ਦੀਆਂ ਸਿਫਤਾਂ ਦੱਸ ਕੇ ਕਬੱਡੀ ਦਾ ਸਵਾਦ ਵਧਾਇਆ। ਆਸ਼ਾ ਸ਼ਰਮਾ, ਜਸਵੰਤ ਸ਼ਾਦ ਅਤੇ ਗੁਰਮੇਲ ਸਿੰਘ ਦਿਓਲ ਸਟੇਜ ਸੰਭਾਲੀ ਆਏ ਮਹਿਮਾਨਾਂ ਨੂੰ ਜੀ ਆਇਆਂ ਆਖ ਰਹੇ ਸਨ ਅਤੇ ਗਾਹੇ-ਬਗਾਹੇ ਦਿਲਚਸਪ ਟਿੱਪਣੀਆਂ ਕਰਕੇ ਦਰਸ਼ਕਾਂ ਨੂੰ ਖੁਸ਼ ਵੀ ਕਰੀ ਜਾ ਰਹੇ ਸਨ।
ਇਸ ਦੋ ਰੋਜ਼ਾ ਖੇਡ ਟੂਰਨਾਮੈਂਟ ਦੇ ਪਹਿਲੇ ਦਿਨ ਸਨਿਚਰਵਾਰ ਨੂੰ ਵਾਲੀਬਾਲ ਅਤੇ ਬਾਸਕਿਟਬਾਲ ਦੇ ਮੁਕਾਬਲੇ ਹੋਏ। ਵਾਲੀਬਾਲ ਮੁਕਾਬਲਿਆਂ ਵਿਚ ਕੁਲ ਸੱਤ ਟੀਮਾਂ ਭਿੜੀਆਂ। ਯੂਨੀਅਨ ਸਿਟੀ ਦੀ ਟੀਮ ਪਹਿਲੇ ਅਤੇ ਲਿਵਿੰਗਸਟਨ ਦੀ ਟੀਮ ਦੂਜੇ ਨੰਬਰ ‘ਤੇ ਐਲਾਨੀ ਗਈ ਜਦੋਂਕਿ ਮੇਜ਼ਬਾਨ ਕਿੰਗਜ਼ ਸਪੋਰਟਸ ਕਲੱਬ ਦੀ ਆਪਣੀ ਟੀਮ ਤੀਜੇ ਥਾਂ ਆਈ। ਵਾਲੀਬਾਲ ਦਾ ਪਹਿਲਾ ਇਨਾਮ ਅਮਰਜੀਤ ਸਿੰਘ ਬਾਸੀ ਜਦੋਂਕਿ ਦੂਜਾ ਇਨਾਮ ਤਰਲੋਚਨ ਸਿੰਘ ਅਟਵਾਲ ਨੇ ਸਪਾਂਸਰ ਕੀਤਾ।
ਬਾਸਕਿਟਬਾਲ ਮੁਕਾਬਲਿਆਂ ਵਿਚ 19 ਟੀਮਾਂ ਨੇ ਜ਼ੋਰ ਅਜ਼ਮਾਈ ਕੀਤੀ। ਓਪਨ ਬਾਸਕਿਟਬਾਲ ਮੁਕਾਬਲਿਆਂ ਵਿਚ ਮੇਜ਼ਬਾਨ ਕਿੰਗਜ਼ ਸਪੋਰਟਸ ਕਲੱਬ ਦੀ ਟੀਮ ਪਹਿਲੇ ਨੰਬਰ ‘ਤੇ ਰਹੀ ਜਦੋਂਕਿ ਬਰਾਡਸ਼ਾਹ ਬਾਲਰਜ਼ ਸੈਕਰਾਮੈਂਟੋ ਦੀ ਟੀਮ ਦੂਜੇ ਥਾਂ ਰਹੀ। ਬਾਸਕਿਟਬਾਲ ਅੰਡਰ-18 ਮੁਕਾਬਲਿਆਂ ਵਿਚ ਬੇਕਰਜ਼ਫੀਡ ਦੀ ਟੀਮ ਨੂੰ ਪਹਿਲਾ ਅਤੇ ਯੂਬਾ ਸਿਟੀ ਦੀ ਟੀਮ ਨੂੰ ਦੂਜਾ ਜਦੋਂਕਿ ਕਿੰਗਜ਼ ਸਪੋਰਟਸ ਕਲੱਬ ਦੀ ਟੀਮ ਨੂੰ ਤੀਜਾ ਥਾਂ ਮਿਲਿਆ। ਬਾਸਕਿਟਬਾਲ ਦੇ ਅੰਡਰ-15 ਮੁਕਾਬਲਿਆਂ ਵਿਚ ਛੇ ਟੀਮਾਂ ਭਿੜੀਆਂ ਅਤੇ ਯੂਬਾ ਸਿਟੀ ਦੀਆਂ ਦੋਵੇਂ ਟੀਮਾਂ ਜੇਤੂ ਰਹੀਆਂ। ਇਨ੍ਹਾਂ ਮੁਕਾਬਲਿਆਂ ਦੇ ਇਨਾਮਾਂ ਦੇ ਸਪਾਂਸਰ ਫੈਟ ਡੱਕਸ ਪੀਜ਼ਾ ਤੇ ਰੋਨ ਟਰੱਕ ਵਾਸ਼ ਸਨ।
60 ਸਾਲਾਂ ਦੇ ਜਵਾਨ ਬੁੱਢਿਆਂ ਦਾ ਰੱਸਾ ਕਸ਼ੀ ਦਾ ਮੁਕਾਬਲਾ ਵੀ ਬਹੁਤ ਰੌਚਕ ਰਿਹਾ। ਦਰਸ਼ਕ ‘ਖਿੱਚ ਦੇ ਬਾਪੂ, ਖਿੱਚ ਦੇ’ ਆਖ ਬਜ਼ੁਰਗਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ। ਜੇਤੂ ਸੈਕਰਾਮੈਂਟੋ ਦੇ ‘ਜਵਾਨਾਂ’ ਦੀ ਟੀਮ ਰਹੀ।
ਮੌਸਮ ਵੀ ਕਾਫੀ ਸੁਹਾਵਣਾ ਰਿਹਾ, ਨਾ ਬਹੁਤੀ ਗਰਮੀ ਸੀ ਅਤੇ ਨਾ ਹੀ ਬਹੁਤੀ ਠੰਡ। ਜਿਹਦਾ ਜੀਅ ਕਰਦਾ ਧੁੱਪ ‘ਚ ਖੜ੍ਹੇ ਹੋ ਕੇ ਖੇਡਾਂ ਦਾ ਅਨੰਦ ਮਾਣਦਾ ਤੇ ਜਿਹਦਾ ਜੀਅ ਕਰਦਾ ਤੰਬੂ ਹੇਠ ਆ ਬਹਿੰਦਾ। ਕਬੱਡੀ ਦੇ ਮੈਦਾਨ ਦਾ ਘੇਰਾ ਵੀ ਕਾਫੀ ਖੁੱਲ੍ਹਾ-ਡੁੱਲ੍ਹਾ ਸੀ। ਦਰਸ਼ਕਾਂ ਦੇ ਬੈਠਣ ਲਈ ਟੈਂਟਾਂ ਅਤੇ ਕੁਰਸੀਆਂ ਦਾ ਵੀ ਖਾਸਾ ਚੰਗਾ ਪ੍ਰਬੰਧ ਸੀ। ਬੀਬੀਆਂ ਵਾਲਾ ਟੈਂਟ ਤਾਂ ਇਸ ਵਾਰ ਕੁਝ ਵਧੇਰੇ ਹੀ ਖਚਾਖਚ ਭਰਿਆ ਹੋਇਆ ਸੀ ਅਤੇ ਉਨ੍ਹਾਂ ਦੀ ਹਾਜ਼ਰੀ ਪਿਛਲੇ ਸਾਲਾਂ ਦੇ ਮੁਕਾਬਲੇ ਕਿਤੇ ਵੱਧ ਸੀ। ਸ਼ਾਇਦ ਉਹ ਲੜਕੀਆਂ ਦੀ ਕਬੱਡੀ ਦੇਖਣ ਲਈ ਉਚੇਚੀਆਂ ਪਹੁੰਚੀਆਂ ਸਨ। ਟੂਰਨਾਮੈਂਟ ਦੀ ਕਾਮਯਾਬੀ ਤੋਂ ਪ੍ਰਬੰਧਕ ਪੂਰੀ ਤਰ੍ਹਾਂ ਖੁਸ਼ ਨਜ਼ਰ ਆਏ। ਲੋਕਾਂ ਦਾ ਇਕੱਠ ਵੀ ਰਿਕਾਰਡਤੋੜ ਸੀ ਅਤੇ ਪ੍ਰਬੰਧਕਾਂ ਦਾ ਖਿਆਲ ਸੀ ਕਿ ਮੇਲੇ ਵਿਚ ਘੱਟੋ ਘੱਟ 15 ਹਜ਼ਾਰ ਲੋਕ ਪਹੁੰਚੇ। ਕਾਰ ਪਾਰਕਿੰਗ ਲਈ ਵੀ ਪ੍ਰਬੰਧ ਕਾਫੀ ਸੁਚੱਜਾ ਸੀ।
ਇਸ ਮੇਲੇ ਨੂੰ ਕਾਮਯਾਬ ਬਣਾਉਣ ਲਈ ਕਿੰਗਜ਼ ਸਪੋਰਟਸ ਕਲੱਬ ਦੇ ਅਹੁਦੇਦਾਰਾਂ-ਸੁੱਖੀ ਸੇਖੋਂ, ਮੇਜਰ ਰੰਧਾਵਾ, ਸੁਖਵਿੰਦਰ, ਸੀਤਲ ਨਿੱਜਰ, ਅਮਰਜੀਤ ਸਿੰਘ ਸੰਘਾ, ਸੰਤੋਖ ਦੁਸਾਂਝ, ਕਿੰਦੂ ਰਮੀਦੀ, ਗੁਰਮੁਖ ਸੰਧੂ ਸੰਗਤਪੁਰ, ਗੁਰਦੇਵ ਪੰਛੀ, ਜੱਗ ਢਿੱਲੋਂ, ਚੰਨੀ ਅਤੇ ਗੁਰਨੇਕ ਢਿੱਲੋਂ ਦੀ ਮਿਹਨਤ ਰੰਗ ਵਿਖਾ ਗਈ ਸੀ। ਸੁੱਖੀ ਸੇਖੋਂ, ਅਮਰਜੀਤ ਪੱਪੂ, ਗੁਰਦੇਵ ਪੰਛੀ ਤੇ ਸੰਤੋਖ ਦੁਸਾਂਝ ਦੀਆਂ ਚੁਫੇਰੇ ਘੁੰਮਦੀਆਂ ਅੱਖਾਂ ਤੇ ਫੋਨਾਂ ਦੀ ਬਿਜ਼ੀ ਟੋਨ ਦੱਸ ਰਹੀ ਸੀ ਕਿ ਅੱਜ ਖੇਡ ਕਬੱਡੀ ਵਿਚ ਕੁਝ ਨਵਾਂ ਹੋ ਕੇ ਰਹੇਗਾ।
ਇਸ ਖੇਡ ਮੇਲੇ ਵਿਚ ਹਾਜ਼ਰ ਮੁੱਖ ਸ਼ਖਸੀਅਤਾਂ ਵਿਚ ਹੋਰਨਾਂ ਤੋਂ ਇਲਾਵਾ ਦੀਦਾਰ ਸਿੰਘ ਬੈਂਸ, ਹਰਨੇਕ ਸਿੰਘ ਅਟਵਾਲ, ਅਮੋਲਕ ਸਿੰਘ ਗਾਖਲ, ਅਟਾਰਨੀ ਜਸਪ੍ਰੀਤ ਸਿੰਘ, ਲੱਛਰ ਭਰਾ, ਬੋਪਾਰਾਏ ਭਰਾ, ਅਮਰਜੀਤ ਸਿੰਘ ਬਾਸੀ, ਗੁਰਚਰਨ ਸਿੰਘ ਮਾਨ, ਕੁਲਵੰਤ ਸਿੰਘ ਖਹਿਰਾ, ਗੁਰਦਾਵਰ ਸਿੰਘ ਮਹੇੜੂ, ਜਗਰਾਜ ਸਿੰਘ ਸਹੋਤਾ, ਇਕਬਾਲ ਸਿੰਘ ਗਾਖਲ, ਬਲਬੀਰ ਸਿੰਘ ਭਾਟੀਆ, ਲਖਬੀਰ ਸਿੰਘ ਪਟਵਾਰੀ, ਨਰਿੰਦਰ ਸਿੰਘ ਸਹੋਤਾ, ਬਲਜੀਤ ਸਿੰਘ ਸਹੋਤਾ, ਪਰਵਿੰਦਰ ਸਿੰਘ ਗਾਖਲ, ਕੁਲਵਿੰਦਰ ਸਿੰਘ ਪੱਡਾ, ਗੱਜਣ ਸਿੰਘ, ਜਗਜੀਤ ਪਰਾਗਪੁਰੀਆ, ਕੁਲਵੰਤ ਸਿੰਘ ਨਿੱਜਰ ਸ਼ਾਮਲ ਸਨ। ਇੰਡੀਅਨਐਪੋਲਿਸ ਤੋਂ ਮੀਰੀ ਪੀਰੀ ਸਪੋਰਟਸ ਕਲੱਬ ਦੀ ਤਰਫੋਂ ਸਤਵੰਤ ਸਿੰਘ ਨਿੱਜਰ ਵੀ ਹਾਜ਼ਰੀ ਲੁਆਉਣ ਪਹੁੰਚੇ। ਯੂਥ ਅਕਾਲੀ ਦਲ ਦੇ ਮੈਂਬਰ ਵੀ ਚੋਖੀ ਗਿਣਤੀ ਵਿਚ ਹਾਜ਼ਰ ਸਨ।
ਸਾਬਕਾ ਓਲੰਪੀਅਨ ਅਤੇ ਜਲੰਧਰ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਪਰਗਟ ਸਿੰਘ, ਐਸ ਐਸ ਪੀ ਸ਼ਿਵਦੇਵ ਸਿੰਘ, ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਫਿੱਡੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਵਿਸ਼ੇਸ਼ ਮਹਿਮਾਨਾਂ ਵਿਚ ਸ਼ਾਮਲ ਸਨ। ਕਬੱਡੀ ਦੀ ਦੁਨੀਆਂ ਵਿਚ ਮੰਨੀ ਹੋਈ ਹਸਤੀ ਸੁਰਜਣ ਸਿੰਘ ਚੱਠਾ ਵੀ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਹੋਏ ਸਨ। ਕਿੰਗਜ਼ ਸਪੋਰਟਸ ਕਲੱਬ ਵਲੋਂ ਇਨ੍ਹਾਂ ਮਹਿਮਾਨਾਂ ਦਾ ਸੋਨੇ ਦੇ ਤਮਗਿਆਂ ਨਾਲ ਸਨਮਾਨ ਕੀਤਾ ਗਿਆ। ਜਸਵਿੰਦਰ ਬੰਗਾ ਨੇ ਵਿਸ਼ੇਸ਼ ਤੌਰ ‘ਤੇ ਬਲਵਿੰਦਰ ਸਿੰਘ ਫਿੱਡੂ ਦਾ ਸੋਨੇ ਦੇ ਤਮਗੇ ਨਾਲ ਸਨਮਾਨ ਕੀਤਾ। ਇਸੇ ਤਰ੍ਹਾਂ ਯੰਗ ਰੈਸਲਰ ਗੁਰਲੀਨ ਕੌਰ ਦਾ ਕਲੱਬ ਨੇ ਸਨਮਾਨ ਕੀਤਾ। ਕਲੱਬ ਵਲੋਂ ਸਪਾਂਸਰਾਂ ਅਤੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਝਲਕੀਆਂ
ਕਿੰਗਜ਼ ਕਲੱਬ ਵਲੋਂ ਖੇਡ ਮੇਲੇ ਦੌਰਾਨ ਵਾਲੀਬਾਲ ਤੇ ਬਾਸਕਿਟਬਾਲ ਦੇ ਮੈਚ ਵੀ ਕਰਵਾਏ ਗਏ ਵਾਲੀਬਾਲ ਤੇ ਬਾਸਕਿਟਬਾਲ ਮੈਚ ਸਨਿਚਰਵਾਰ ਨੂੰ ਸਨ ਅਤੇ ਕਬੱਡੀ ਮੈਚ ਐਤਵਾਰ ਨੂੰ। ਵਾਲੀਬਾਲ ਅਤੇ ਬਾਸਕਿਟਬਾਲ ਮੈਚ ਦੇਖਣ ਥੋੜ੍ਹੇ ਹੀ ਦਰਸ਼ਕ ਪਹੁੰਚੇ। ਦਰਸ਼ਕਾਂ ਦਾ ਵੱਡਾ ਝੁਰਮਟ ਆਪਣੀ ਮਨਪਸੰਦ ਖੇਡ ਕਬੱਡੀ ਦੇ ਮੈਚਾਂ ਦੁਆਲੇ ਹੀ ਰਿਹਾ। ਵਾਲੀਬਾਲ ਤੇ ਬਾਸਕਿਟਬਾਲ ਮੈਚ ਤਾਂ ਇਉਂ ਸਨ ਜਿਵੇਂ ਸੌਦੇ ਦੇ ਨਾਲ ਰੂੰਗਾ ਮਿਲਿਆ ਹੋਵੇ।
—
ਰਾਜਵਿੰਦਰ ਸਿੰਘ ਰੰਡਿਆਲਾ ਪੰਜਾਬ ਦੀ ਭੂਗੋਲਿਕ ਤੇ ਆਰਥਿਕ ਜਾਣਕਾਰੀ ਨਾਲ ਭਰਪੂਰ ਜੋਸ਼ੀਲੇ ਤੇ ਧੜੱਲੇਦਾਰ ਅੰਦਾਜ਼ ਵਿਚ ਕਬੱਡੀ ਦੀ ਕੁਮੈਂਟਰੀ ਕਰੀ ਜਾ ਰਿਹਾ ਸੀ। ਚੰਗੀ ਰੇਡ ਜਾਂ ਸਟਾਪ ਲਾਉਣ ਵਾਲੇ ਦਾ ਨਾਂ ਲੈ ਕੇ ਕਿਸੇ ਨਾ ਕਿਸੇ ਹਵਾਲੇ ਨਾਲ ਖਿਡਾਰੀ ਨੂੰ ਵੀ ਹੱਲਾਸ਼ੇਰੀ ਦੇਈ ਜਾ ਰਿਹਾ ਸੀ ਤੇ ਦਰਸ਼ਕਾਂ ਨੂੰ ਵੀ ਖੁਸ਼ ਕਰੀ ਜਾ ਰਿਹਾ ਸੀ। ਜਦੋਂ ਖਿਡਾਰੀਆਂ ਦੀ ਤਾਕਤ ਤੇ ਜੁੱਸਿਆਂ ਦੀ ਗੱਲ ਕਰਦਾ, ਤਾਂ ਕਹਿੰਦਾ ਡੰਡ ਮਾਰਨੇ ਪੈਂਦੇ ਐ, ਤੜਕੇ ਉਠ ਕੇ ਸੂਏ ਦੀ ਪਟੜੀ ‘ਤੇ ਭੱਜਣਾ ਪੈਂਦੈ, ਬੁੜ੍ਹੀਆਂ ਕੋਲੋਂ ਨੀਵੀਂ ਪਾ ਕੇ ਲੰਘਣਾ ਪੈਂਦੈ, ਬੁਲਟ ‘ਤੇ ਪੱਲੀ ਪਾ ਕੇ ਉਹਨੂੰ ਮਗਰਲੇ ਅੰਦਰ ਖੜ੍ਹਾ ਕਰਨਾ ਪੈਂਦੈ, ਤਾਂ ਕਿਤੇ ਫੱਬਵੀਂ ਕਬੱਡੀ ਪੈਂਦੀ ਐ ਬਈ। ਜਦੋਂ ਕਿੰਦਾ ਬਿਹਾਰੀਪੁਰੀਆ ਕਬੱਡੀ ਪਾਉਣ ਚੱਲਿਆ ਤਾਂ ਰੰਡਿਆਲੇ ਦੇ ਸ਼ਬਦ ਸਨ, ਅਹੁ ਦੇਖੋ ਚੱਲਿਆ ਕਿੰਦਾ ਬਿਹਾਰੀਪੁਰੀਆ, ਪਿੰਡਾ ਲਿਸ਼ਕਦੈ ਨਾ ਬਈ ਡੀਲਰਾਂ ਦੀ ਕਾਰ ਵਾਂਗੂੰ। ਜਦੋਂ ਕਬੱਡੀ ਦਾ ਫਾਈਨਲ ਮੈਚ ਹੋਣ ਲੱਗਾ ਤਾਂ ਰੰਡਿਆਲਾ ਸ਼ੁਧ ਮਲਵਈ ਅੰਦਾਜ਼ ਵਿਚ ਦਰਸ਼ਕਾਂ ਦੀ ਉਤਸੁਕਤਾ ਵਧਾਉਂਦਿਆਂ ਕਹਿ ਰਿਹਾ ਸੀ, ਬਈ ਟਿਕਟਿਕੀਆਂ ਲਾ ਲੋ, ਦਰਸ਼ਕੋ ਤਿਆਰ ਹੋ ਜੋ, ਪੱਬਾਂ ਭਾਰ ਹੋ ਜੋ, ਹੁਣ ਨੰਗੀ ਤਾਰ ਨੂੰ ਸਰੀਆ ਲੱਗਣੈ। ਕਈ ਦਰਸ਼ਕਾਂ ਦੀ ਟਿੱਪਣੀ ਸੀ, ਬਈ ਰੰਡਿਆਲੇ ਨੇ ਤਾਂ ਖੁੱਤੀਆਂ ਪਾ ਦਿੱਤੀਆਂ।
—
ਪ੍ਰਬੰਧਕਾਂ ਵਲੋਂ ਮੇਲਾ ਵੇਖਣ ਆਏ ਦਰਸ਼ਕਾਂ ਦੀ ਟਹਿਲ ਸੇਵਾ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਗਈ। ਭਾਂਤ-ਸੁਭਾਂਤੇ ਭੋਜਨਾਂ ਤੋਂ ਇਲਾਵਾ ਥਕਾਵਟ ਲਾਹੁਣ ਅਤੇ ਜ਼ਰਾ ਤਿੱਖੇ ਹੋਣ ਲਈ ਚਾਹ-ਪਕੌੜਿਆਂ ਵਾਲੀ ਭੱਠੀ ਸਾਰਾ ਦਿਨ ਤਪਦੀ ਰਹੀ। ਮੂੰਹ ਮਿੱਠਾ ਕਰਨ ਨੂੰ ਜਲੇਬੀਆਂ ਦਾ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ ਅਤੇ ਕਈ ਤਾਂ ਇਹ ਵੀ ਭੁੱਲ ਗਏ ਕਿ ਉਨ੍ਹਾਂ ਨੂੰ ਸ਼ੁਗਰ ਕਰਕੇ ਮਿੱਠਾ ਖਾਣਾ ਮਨ੍ਹਾਂ ਹੈ। ਇਹ ਸਾਰਾ ਪ੍ਰਬੰਧ ਡਾਇਮੰਡ ਕਲੱਬ ਅਤੇ ਪੰਜਾਬੀ ਢਾਬੇ ਵਾਲਿਆਂ ਨੇ ਸੰਭਾਲਿਆ ਹੋਇਆ ਸੀ। ਪਾਣੀ ਦੀ ਸੇਵਾ ਜਸਬੀਰ ਸਹੋਤਾ, ਇਕਬਾਲ ਧਨੋਆ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਕੀਤੀ।
—
ਕੁੜੀਆਂ ਦੀ ਕਬੱਡੀ ਮੈਚ ਦੀ ਕੁਮੈਂਟਰੀ ਬੀਬੀ ਆਸ਼ਾ ਸ਼ਰਮਾ ਆਪਣੇ ਅਨੋਖੇ ਅੰਦਾਜ਼ ਵਿਚ ਢੁਕਵੇਂ ਸ਼ੇਅਰ ਬੋਲ ਬੋਲ ਕੇ ਕਰੀ ਜਾ ਰਹੀ ਸੀ ਜਿਵੇਂ ਕਿਤੇ ਉਹ ਕਬੱਡੀ ਦੀ ਕੁਮੈਂਟਰੀ ਨਾ ਕਰ ਰਹੀ ਹੋਵੇ ਸਗੋਂ ਸਟੇਜ ‘ਤੇ ਪੈਂਦੇ ਗਿੱਧੇ ਦਾ ਹਾਲ ਬਿਆਨ ਰਹੀ ਹੋਵੇ। ਗੋਰੀਆਂ ਕੁੜੀਆਂ ਦੇ ਤਾਂ ਸ਼ਾਇਦ ਇਹ ਕੁਝ ਪੱਲੇ ਨਾ ਪਿਆ ਹੋਵੇ ਪਰ ਦਰਸ਼ਕ ਵੀ ਖੁਸ਼ ਸਨ ਅਤੇ ਪੰਜਾਬੀ ਕੁੜੀਆਂ ਵੀ। ਉਹ ਆਪਣਾ ਨਾਂ ਸੁਣਨ ਦੇ ਸ਼ੌਕੀਨਾਂ ਦੇ ਨਾਂ ਲੈ ਲੈ ਉਨ੍ਹਾਂ ਨੂੰ ਪੂਰਾ ਖੁਸ਼ ਕਰੀ ਜਾ ਰਹੀ ਸੀ ਅਤੇ ਉਹ ਵੀ ਨਾਂ ਲਏ ਦਾ ਪੂਰਾ ਮੁੱਲ ਮੋੜਦਿਆਂ ਡਾਲਰ ਭੇਜੀ ਜਾ ਰਹੇ ਸਨ।
—
ਖਿਡਾਰੀਆਂ ਦੇ ਕਿਸੇ ਵੀ ਕਿਸਮ ਦੀ ਸੱਟ ਫੇਟ ਲੱਗਣ ‘ਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਡਾæ ਨਰਿੰਦਰ ਸੰਧੂ ਦੀ ਟੀਮ ਪੂਰੇ ਸਾਜ਼ੋ-ਸਮਾਨ ਨਾਲ ਲੈਸ ਮੌਕੇ ‘ਤੇ ਹਾਜ਼ਰ ਸੀ। ਵਾਹਿਗੁਰੂ ਦੀ ਪੂਰੀ ਕਿਰਪਾ ਰਹੀ ਕਿ ਕਿਸੇ ਵੀ ਸੱਟ-ਫੇਟ ਤੋਂ ਬਚਾਅ ਹੀ ਰਿਹਾ।
—
ਇੰਟਰਨੈਟ ਰਾਹੀਂ ਟੀ ਵੀ ਉਤੇ ਚੱਲ ਰਹੇ ਸਿੱਧੇ ਪ੍ਰਸਾਰਣ ਨੂੰ ਦੇਖ ਕੇ ਪ੍ਰਬੰਧਕਾਂ ਨੂੰ ਆਸਟ੍ਰੇਲੀਆ, ਇੰਗਲੈਂਡ ਅਤੇ ਦੁਬਈ ਸਮੇਤ ਕਈ ਦੇਸ਼ਾਂ ਤੋਂ ਵਧਾਈ ਦੇ ਫੋਨ ਆ ਰਹੇ ਸਨ ਅਤੇ ਵਧਾਈਆਂ ਸੁਣ ਕੇ ਪ੍ਰਬੰਧਕ ਵੀ ਫੁੱਲੇ ਨਹੀਂ ਸਨ ਸਮਾ ਰਹੇ।
—
ਕੈਨੇਡਾ ਦੇ ਖੇਡ ਮੇਲਿਆਂ ਦੇ ਉਲਟ ਵੱਡੀ ਗਿਣਤੀ ਵਿਚ ਬੀਬੀਆਂ ਖੇਡਾਂ ਦੇਖਣ ਲਈ ਪਹੁੰਚੀਆਂ ਹੋਈਆਂ ਸਨ। ਪ੍ਰਬੰਧਕਾਂ ਨੇ ਉਨ੍ਹਾਂ ਦੇ ਬੈਠਣ ਲਈ ਵੱਖਰੇ ਟੈਂਟ ਲਾਏ ਹੋਏ ਸਨ ਅਤੇ ਕੁਰਸੀਆਂ ਵੀ ਚੋਖੀਆਂ ਰੱਖੀਆਂ ਹੋਈਆਂ ਸਨ। ਬੀਬੀਆਂ ਨਾਲੇ ਮੈਚ ਦੇਖੀ ਜਾ ਰਹੀਆਂ ਸਨ, ਨਾਲੇ ਦੁੱਖ-ਸੁੱਖ ਸਾਂਝਾ ਕਰ ਰਹੀਆਂ ਸਨ। ਇਕ ਦੂਜੀ ਦੇ ਕੋਲ ਹੋ ਹੋ ਗੱਲਾਂ ਕਰਦੀਆਂ ਬੀਬੀਆਂ ਨੂੰ ਵੇਖ ਇਕ ਦਰਸ਼ਕ ਕਹਿ ਰਿਹਾ ਸੀ, ਬਈ ਅੱਜ ਤਾਂ ਪੂਰਾ ਦਾਅ ਲੱਗਿਐ, ਨੂੰਹਾਂ ਨੂੰ ਸੱਸਾਂ ਦੀਆਂ ਅਤੇ ਸੱਸਾਂ ਨੂੰ ਨੂੰਹਾਂ ਦੀਆਂ ਚੁਗਲੀਆਂ ਕਰ ਕਰ ਕੇ ਆਪਣਾ ਢਿੱਡ ਹੌਲਾ ਕਰਨ ਦਾ।
—
ਪੰਜਾਬ ਦੇ ਮੇਲਿਆਂ ਵਿਚ ਨਿਆਣੇ ਗੁਆਚਣ ਬਾਰੇ ਤਾਂ ਸਭ ਹੀ ਜਾਣਦੇ ਹਨ ਪਰ ਇਥੇ ਅਮਰੀਕਾ ਵਿਚ ਵੀ ਮੇਲਿਆਂ ਵਿਚ ਨਿਆਣੇ ਗੁਆਚਣ, ਇਹ ਗੱਲ ਲੱਗਦੀ ਤਾਂ ਅਨੋਖੀ ਹੈ ਪਰ ਇਸ ਭਰੇ ਹੋਏ ਵੱਡੇ ਮੇਲੇ ਵਿਚ ਗੁਆਚੇ ਨਿਆਣਿਆਂ ਨੂੰ ਲੱਭਣ ਲਈ ਸਟੇਜ ਤੋਂ ਮੁੜ ਮੁੜ ਹਾਕਾਂ ਮਾਰੀਆਂ ਜਾ ਰਹੀਆਂ ਸਨ।
—
ਕੁਮੈਂਟੇਟਰ ਸੁਖਵਿੰਦਰ ਸੰਘੇੜਾ ਪ੍ਰੋਮੋਟਰ ਸੁਰਜਣ ਸਿੰਘ ਚੱਠਾ ਨੂੰ ਮੁੜ ਮੁੜ ਸੁਰਜਣ ਸਿੰਘ ਚੱਢਾ ਹੀ ਆਖੀ ਜਾ ਰਿਹਾ ਸੀ। ਇਕ ਦਰਸ਼ਕ ਨੇ ਟਿੱਪਣੀ ਕੀਤੀ, ਭਈ ਮੇਲਾ ਭਰਿਆ ਵੇਖ ਕੇ ਚੱਢਾ ਸਾਹਿਬ ਫੁੱਲੇ ਨਹੀਂ ਸਮਾ ਰਹੇ, ਕੁਮੈਂਟੇਟਰ ਭਾਵੇਂ ਚੱਢਾ ਕਹੀ ਜਾਵੇ, ਭਾਵੇਂ ਚੱਠਾ-ਕੀ ਫਰਕ ਪੈਂਦੈ।
—
ਕੁੜੀਆਂ ਦੀ ਕੁਮੈਂਟਰੀ ਕਰਦਿਆਂ ਆਸ਼ਾ ਸ਼ਰਮਾ ਨੇ ਵਿਅੰਗ ਨਾਲ ਕਿਹਾ, ਮੁੰਡਿਆਂ ਦੀ ਕਬੱਡੀ ਹੋ ਗਈ, ਕੁੜੀਆਂ ਦੀ ਵੀ ਹੋ ਗਈ, ਹੁਣ ਤਾਂ ਬਾਬਿਆਂ ਦੀ ਹੀ ਰਹਿ ਗਈ, ਉਨ੍ਹਾਂ ਦੀ ਕਬੱਡੀ ਵੀ ਕਰਵਾਈ ਜਾਣੀ ਚਾਹੀਦੀ ਹੈ। ਜਵਾਬ ਵਿਚ ਰਾਜਵਿੰਦਰ ਰੰਡਿਆਲਾ ਨੇ ਛੁਰਲੀ ਛੱਡੀ, ਬਈ ਜੇ ਓਬਾਮਾ ਮੈਡੀਕਲ ਫਰੀ ਕਰ ਦੇਵੇ ਤਾਂ ਅਗਲੇ ਸਾਲ ਇਹ ਵੀ ਕਰਾ ਹੀ ਦਿਆਂਗੇ।
—
ਅਖਬਾਰ ਵਿਚ ਆਪਣੀ ਫੋਟੋ ਲੱਗੀ ਤਾਂ ਹਰ ਇਕ ਨੂੰ ਚੰਗੀ ਲੱਗਦੀ ਹੈ ਪਰ ਕੁਝ ਇਕ ਪਤਵੰਤੇ ਸੱਜਣ ਫੋਟੋ ‘ਚ ਦਿਸਣ ਲਈ ਕੁਝ ਜ਼ਿਆਦਾ ਹੀ ਤਰਲੋਮੱਛੀ ਹੋ ਰਹੇ ਸਨ। ਕਿਸੇ ਨੇ ਤੀਰ ਛੱਡਿਆ, ਬਈ ਫੋਟੋ ਕਰਕੇ ਹੀ ਤਾਂ ਉਨ੍ਹਾਂ ਨੋਟ ਸ਼ਾਇਦ ਘਰ ਵਾਲੀਆਂ ਤੋਂ ਵੀ ਚੋਰੀ ਕਬੱਡੀ ਵਾਲਿਆਂ ਨੂੰ ਦਿੱਤੇ ਹੋਣ। ਫਿਰ ਫੋਟੋ ਤਾਂ ਖਿਚਾਉਣੀ ਹੀ ਹੋਈ, ਮਤੇ ਪੈਸੇ ਖਰਚੇ ਐਵੇਂ ਹੀ ਜਾਣ।
—
ਮੇਲਾ ਖਤਮ ਹੋਣ ਪਿਛੋਂ ਪਾਰਕਿੰਗ ਲਾਟ ਵੱਲ ਵਧ ਰਹੇ ਦਰਸ਼ਕ ਮੇਲੇ ਤੋਂ ਪੂਰੀ ਤਰ੍ਹਾਂ ਖੁਸ਼ ਸਨ। ਕਈ ਇਕ ਦੂਜੇ ਨੂੰ ਕਹਿ ਰਹੇ ਸਨ, ਆਜੋ ਆਜੋ ਇਕ ਅੱਧਾ ਲਾ ਕੇ ਚਲੇ ਜਾਇਓ, ਹਵਾ ਪਿਆਜ਼ੀ ਹੋ ਕੇ ਥਕਾਵਟ ਲਹਿ ਜੂ। ਨਾਲੇ ਇਹਦੇ ਬਿਨਾ ਤਾਂ ਮੇਲੇ ਦਾ ਸਵਾਦ ਹੀ ਨਹੀਂ ਆਉਂਦਾ। ਗਰਾਊਂਡ ਗੁਰਦੁਆਰੇ ਦੇ ਅੰਦਰ ਹੋਣ ਕਰਕੇ ਵਾਹਿਗੁਰੂ ਤੋਂ ਡਰਦਿਆਂ ਉਥੇ ਤਾਂ ਦਾਅ ਹੀ ਨਹੀਂ ਲੱਗਾ।
-ਗੁਰਬਖਸ਼ੀਸ਼ ਸਿੰਘ ਗਰੇਵਾਲ ਅਤੇ ਪੰਜਾਬ ਟਾਈਮਜ਼ ਬਿਊਰੋ
Leave a Reply