ਕੁਸ਼ਤੀ ਖਿਡਾਰੀਆਂ ਦਾ ਸੰਘਰਸ਼ ਅਤੇ ਮੋਦੀ ਸਰਕਾਰ

ਨਵਕਿਰਨ ਸਿੰਘ ਪੱਤੀ
ਭਾਜਪਾ ਬ੍ਰਿਜ ਭੂਸ਼ਣ ਸ਼ਰਨ ਸਿੰਘ `ਤੇ ਇੰਨੀ ਮਿਹਰਬਾਨ ਕਿਉਂ ਹੈ। ਦਰਅਸਲ ਬ੍ਰਿਜ ਭੂਸ਼ਣ ਆਰ.ਐਸ.ਐਸ. ਦੇ ਉਨ੍ਹਾਂ ਚਿਹਰਿਆਂ ਵਿਚੋਂ ਇਕ ਹੈ ਜਿਨ੍ਹਾਂ ਸੰਘ ਦੀ ਨੀਤੀ ਤਹਿਤ ਉੱਤਰ ਪ੍ਰਦੇਸ਼ ਵਿਚ ਫਿਰਕੂ ਤਣਾਅ ਪੈਦਾ ਕਰਨ ਵਿਚ ਭੂਮਿਕਾ ਨਿਭਾਈ ਸੀ।

1992 `ਚ ਅਯੁੱਧਿਆ ਵਿਚ ਬਾਬਰੀ ਮਸਜਿਦ ਦਾ ਢਾਂਚਾ ਢਾਹੁਣ ਲਈ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਜ਼ਿੰਮੇਵਾਰ ਮੰਨੇ ਗਏ ਪ੍ਰਮੁੱਖ 40 ਆਗੂਆਂ ਵਿਚੋਂ ਬ੍ਰਿਜ ਭੂਸ਼ਣ ਇੱਕ ਹੈ। ਅਦਾਲਤ ਨੇ ਭਾਵੇਂ ਇਨ੍ਹਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਪਰ ਜੋ ਉਸ ਸਮੇਂ ਵਾਪਰਿਆ, ਉਹ ਕਿਸੇ ਨੂੰ ਭੁੱਲਿਆ ਨਹੀਂ। ਬ੍ਰਿਜ ਭੂਸ਼ਣ 1999 ਤੋਂ ਬਾਅਦ ਕੋਈ ਚੋਣ ਨਹੀਂ ਹਾਰਿਆ, ਹੁਣ ਜਦ ਭਾਜਪਾ 2024 ਦੇ ਚੜ੍ਹਦੇ ਵਰ੍ਹੇ ਅਯੁੱਧਿਆ ਵਿਚ ਰਾਮ ਮੰਦਰ ਦਾ ਉਦਘਾਟਨ ਕਰ ਰਹੀ ਹੈ ਤਾਂ ਬ੍ਰਿਜ ਭੂਸ਼ਣ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ।
ਕੇਂਦਰ ਸਰਕਾਰ ਦੇ ਖੇਡ ਮੰਤਰਾਲੇ ਨੂੰ ਭਲਵਾਨਾਂ ਦੇ ਸੰਘਰਸ਼ ਅੱਗੇ ਝੁਕਦਿਆਂ ਨਵੀਂ ਬਣੀ ਭਾਰਤੀ ਕੁਸ਼ਤੀ ਸੰਘ ਦੀ ਟੀਮ ਤਿੰਨ ਦਿਨ ਵਿਚ ਹੀ ਸਸਪੈਂਡ ਕਰ ਕੇ ਨਵੀਂ ਟੀਮ ਦੇ ਸਾਰੇ ਫ਼ੈਸਲੇ ਵੀ ਰੱਦ ਕਰਨੇ ਪਏ। ਭਾਜਪਾ ਵਰਗੀ ਕੱਟੜ ਪਾਰਟੀ ਦਾ ਅਜਿਹਾ ਪਿਛਲ-ਮੋੜਾ ਸੌਖਿਆਂ ਹੀ ਨਹੀਂ ਲਿਆ ਗਿਆ ਬਲਕਿ ਇਸ ਪਿੱਛੇ ਮਹਿਲਾ ਭਲਵਾਨਾਂ ਦਾ ਉਹ ਹੱਕੀ ਸੰਘਰਸ਼ ਹੈ ਜੋ ਕਿਸਾਨ ਅੰਦੋਲਨ ਵਾਂਗ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ।
ਭਾਜਪਾ ਨੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਸੱਤਾ ਹਾਸਲ ਕਰਨ ਤੋਂ ਬਾਅਦ ‘ਬੇਟੀ ਬਚਾਓ, ਬੇਟੀ ਪੜ੍ਹਾਓ` ਦਾ ਨਾਅਰਾ ਦੇ ਕੇ ਔਰਤ ਪੱਖੀ ਹੋਣ ਦਾ ਦਾਅਵਾ ਕੀਤਾ ਸੀ ਪਰ ਭਾਜਪਾ ਦਾ ਇਹ ਦਾਅਵਾ ਪਹਿਲਾਂ ਕੁਲਦੀਪ ਸੇਂਗਰ ਵਰਗੇ ਭਾਜਪਾ ਵਿਧਾਇਕਾਂ ਦੀਆਂ ‘ਕਰਤੂਤਾਂ` ਅਤੇ ਫਿਰ ਮਹਿਲਾ ਕੁਸ਼ਤੀ ਖਿਡਾਰੀਆਂ ਦੇ ਹੱਕੀ ਸੰਘਰਸ਼ ਪ੍ਰਤੀ ਸਰਕਾਰ ਦੇ ਰਵੱਈਏ ਨਾਲ ਲੀਰੋ-ਲੀਰ ਹੋ ਗਿਆ। ਇਸੇ ਸਾਲ ਦੀ ਸ਼ੁਰੂਆਤ ਦੌਰਾਨ (18 ਜਨਵਰੀ 2023 ਨੂੰ) ਕੌਮਾਂਤਰੀ ਪੱਧਰ ਦੀਆਂ ਖਿਡਾਰੀਆਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਸਣੇ ਕਈ ਹੋਰਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਮਹਿਲਾ ਖਿਡਾਰੀਆਂ ਦੇ ਜਿਨਸੀ ਸ਼ੋਸ਼ਣ ਜਿਹੇ ਗੰਭੀਰ ਇਲਜ਼ਾਮ ਲਗਾਏ। ਬਣਦਾ ਤਾਂ ਇਹ ਸੀ ਕਿ ਸਰਕਾਰ ਖਿਡਾਰੀਆਂ ਦੇ ਇਲਜ਼ਾਮਾਂ ਤੋਂ ਤੁਰੰਤ ਬਾਅਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਪ੍ਰਧਾਨਗੀ ਤੋਂ ਮੁਅੱਤਲ ਕਰ ਕੇ ਨਿਰਪੱਖ ਜਾਂਚ ਕਰਵਾਉਂਦੀ ਪਰ ਸਰਕਾਰ ਨੇ ਉਲਟਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਹਰ ਪੱਖੋਂ ਬਚਾਅ ਕੀਤਾ।
ਦਿੱਲੀ ਦੀਆਂ ਸੜਕਾਂ ‘ਤੇ ਲੰਮੇ ਸੰਘਰਸ਼ ਦੌਰਾਨ ਕੇਂਦਰੀ ਹਕੂਮਤ ਨੇ ਖਿਡਾਰੀਆਂ ਦਾ ਧਰਨਾ ਚੁਕਵਾਉਣ ਲਈ ਹਰ ਹਰਬਾ ਵਰਤਿਆ ਪਰ ਇਨ੍ਹਾਂ ਖਿਡਾਰੀਆਂ ਨੇ ਐਡੇ ਜੇਰੇ ਨਾਲ ਸੰਘਰਸ਼ ਲੜਿਆ ਕਿ ਜਿਸ ਦਿਨ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਹੋ ਰਿਹਾ ਸੀ, ਉਸ ਦਿਨ ਵੀ ਰੋਸ ਪ੍ਰਦਰਸ਼ਨ ਕਰਦੀਆਂ ਮਹਿਲਾ ਭਲਵਾਨ ਉਦਘਾਟਨ ਵਾਲੀ ਥਾਂ ਤੋਂ ਮਹਿਜ਼ ਡੇਢ ਕਿਲੋਮੀਟਰ ਦੂਰ ਤੱਕ ਪਹੁੰਚ ਗਈਆਂ ਸਨ। ਇੱਕ ਮਹੀਨੇ ਬਾਅਦ 28 ਮਈ ਨੂੰ ਧਰਨਾ ਦੇ ਰਹੇ ਭਲਵਾਨਾਂ ਨੂੰ ਜੰਤਰ-ਮੰਤਰ ਤੋਂ ਜ਼ਬਰਦਸਤੀ ਹਟਾ ਕੇ ਧਰਨਾ ਚੁੱਕ ਦਿੱਤਾ ਗਿਆ ਸੀ।
ਭਲਵਾਨਾਂ ਦੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਹੋਈ ਗੱਲਬਾਤ ਵਿਚ ਤੈਅ ਹੋਇਆ ਸੀ ਕਿ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖਿਲਾਫ਼ ਜਾਂਚ 15 ਜੂਨ ਤੱਕ ਪੂਰੀ ਕਰ ਲਈ ਜਾਵੇਗੀ, ਇਸ ਤੋਂ ਇਲਾਵਾ ਇਹ ਚਰਚਾ ਵੀ ਚੱਲੀ ਕਿ ਗ੍ਰਹਿ ਮੰਤਰੀ ਨੇ ਭਲਵਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਬ੍ਰਿਜ ਭੂਸ਼ਣ ਅਤੇ ਉਨ੍ਹਾਂ ਦੇ ਕਰੀਬੀਆਂ ਨੂੰ ਫੈਡਰੇਸ਼ਨ ਤੋਂ ਬਾਹਰ ਕਰ ਦੇਣਗੇ। ਇਸ ਤੋਂ ਇਲਾਵਾ ਖਿਡਾਰੀਆਂ ਵੱਲੋਂ ਸੁਪਰੀਮ ਕੋਰਟ ਵਿਚ ਅਪੀਲਾਂ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦੋ ਐੱਫ.ਆਈ.ਆਰ. ਵੀ ਦਰਜ ਕੀਤੀਆਂ ਪਰ 21 ਦਸੰਬਰ ਨੂੰ ਭਾਰਤੀ ਕੁਸ਼ਤੀ ਮਹਾਸੰਘ ਦੇ ਚੋਣ ਨਤੀਜਿਆਂ ‘ਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਅਤਿ ਕਰੀਬੀ ਸੰਜੇ ਸਿੰਘ ਦੇ ਕੁਸ਼ਤੀ ਸੰਘ ਦੇ ਪ੍ਰਧਾਨ ਚੁਣੇ ਜਾਣ ਨਾਲ ਇਹ ਸਾਫ ਹੋ ਗਿਆ ਕਿ ਭਾਜਪਾ ਹਕੂਮਤ ਖਿਡਾਰੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ।
ਸੰਘਰਸ਼ਸ਼ੀਲ ਮਹਿਲਾ ਖਿਡਾਰੀਆਂ ਦੀ ਮੰਗ ਸੀ ਕਿ ਪ੍ਰਧਾਨ ਦੇ ਅਹੁਦੇ ਉੱਤੇ ਕੋਈ ਔਰਤ ਹੋਣੀ ਚਾਹੀਦੀ ਹੈ ਪਰ ਭਾਜਪਾ ਨੇ ਆਰ.ਐਸ.ਐਸ. ਨਾਲ ਸਬੰਧਿਤ ਸੰਜੇ ਸਿੰਘ ਵਰਗੇ ਵਿਅਕਤੀ ਨੂੰ ਚੋਣਾਂ ਜਿਤਵਾ ਕੇ ਮਹਿਲਾ ਖਿਡਾਰੀਆਂ ਨੂੰ ‘ਚਿੜਾਉਣ` ਦਾ ਕੰਮ ਕੀਤਾ। ਫਾਸ਼ੀਵਾਦੀ ਹਕੂਮਤ ਦਾ ਵਿਹਾਰ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ। ਭਾਜਪਾ ਸਰਕਾਰ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਨੇੜਲੇ ਸੰਜੇ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਥਾਪ ਕੇ ਖਿਡਾਰੀਆਂ ਨੂੰ ਵੀ ਇਹੋ ਸੰਦੇਸ਼ ਦਿੱਤਾ। ਨਵੀਂ ਟੀਮ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੋਂ ਆਸ਼ੀਰਵਾਦ ਲੈਣ ਲਈ ਅੰਡਰ-15 ਅਤੇ ਅੰਡਰ-20 ਵਰਗ ਦੇ ਖਿਡਾਰੀਆਂ ਲਈ ਨੈਸ਼ਨਲ ਮੁਕਾਬਲਿਆਂ ਲਈ ਜਿਸ ਥਾਂ ਨੰਦਨੀ ਨਗਰ, ਗੋਂਡਾ ਦਾ ਐਲਾਨ ਕੀਤਾ, ਉਹ ਥਾਂ ਬ੍ਰਿਜ ਭੂਸ਼ਣ ਦੇ ਪਰਿਵਾਰ ਦੀ ਮਲਕੀਅਤ ਵਾਲੇ ਵਿਦਿਅਕ ਸੰਸਥਾਵਾਂ ਨਾਲ ਜੁੜੀ ਹੋਈ ਹੈ ਅਤੇ ਉਸ ਦੇ ਸੰਸਦੀ ਹਲਕੇ ਵਿਚ ਹੀ ਪੈਂਦੀ ਹੈ। ਮਹਿਲਾ ਖਿਡਾਰੀ ਆਪਣੇ ਸੰਘਰਸ਼ ਦੌਰਾਨ ਨੈਸ਼ਨਲ ਮੁਕਾਬਲਿਆਂ ਲਈ ਗੋਂਡਾ ਨੂੰ ਸਥਾਨ ਵਜੋਂ ਚੁਣਨ ਦਾ ਵਿਰੋਧ ਕਰਦੇ ਰਹੇ ਸਨ। ਇਸ ਲਈ ਵਿਰੋਧ ਕਰਨ ਵਾਲੇ ਪਹਿਲਵਾਨਾਂ ਨੂੰ ਭਾਜਪਾ ਨੇ ਇਹ ਸਪਸ਼ਟ ਸੁਨੇਹਾ ਦਿੱਤਾ ਕਿ ਭਾਰਤੀ ਕੁਸ਼ਤੀ ਸੰਘ ਦਾ ਕੰਟਰੋਲ ਅੱਜ ਵੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੋਲ ਰਹੇਗਾ। ਮਹਿਲਾ ਖਿਡਾਰੀਆਂ ਨੇ ਪਹਿਲਾਂ ਵੀ ਕਿਹਾ ਸੀ ਕਿ ਉਨ੍ਹਾਂ ਦਾ ਕੌਮੀ ਕੈਂਪ ਹਰ ਵਰ੍ਹੇ ਲਖਨਊ ਵਿਚ ਲਾਇਆ ਜਾਂਦਾ ਹੈ ਕਿਉਂਕਿ ਉੱਥੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਆਲੀਸ਼ਾਨ ਮਹਿਲ ਹੈ ਜਿੱਥੇ ਔਰਤ ਪਹਿਲਵਾਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਖਿਡਾਰੀਆਂ ਦਾ ਇਲਜ਼ਾਮ ਹੈ ਕਿ ਫੈਡਰੇਸ਼ਨ ਪ੍ਰਧਾਨ ਕਈ ਕੁੜੀਆਂ ਦਾ ਸ਼ੋਸ਼ਣ ਕਰ ਚੁੱਕਾ ਹੈ। ਇਸ ਸੂਰਤ ਵਿਚ ਮੁੜ ਨੈਸ਼ਨਲ ਮੁਕਾਬਲਿਆਂ ਲਈ ਬ੍ਰਿਜ ਭੂਸ਼ਣ ਦੇ ਇਲਾਕੇ ਗੋਂਡਾ ਨੂੰ ਮੁੜ ਚੁਣਨਾ ਕੀ ਸੰਕੇਤ ਦਿੰਦਾ ਹੈ?
ਉਂਝ, ਸਰਕਾਰ ਦੇ ਇਸ ਰਵੱਈਏ ਤੋਂ ਖਫਾ ਕੌਮਾਂਤਰੀ ਪੱਧਰ ਦੀ ਵੱਕਾਰੀ ਖਿਡਾਰੀ ਸਾਕਸ਼ੀ ਮਲਿਕ ਵੱਲੋਂ ਬਜਰੰਗ ਪੁਨੀਆ ਤੇ ਵਿਨੇਸ਼ ਫੋਗਾਟ ਵੀ ਮੌਜੂਦਗੀ ਵਿਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕੁਸ਼ਤੀ ਨੂੰ ਅਲਵਿਦਾ ਆਖਣ ਦਾ ਫੈਸਲਾ ਕਰਨ ਅਤੇ ਚੋਟੀ ਦੇ ਭਲਵਾਨ ਬਜਰੰਗ ਪੂਨੀਆ ਵੱਲੋਂ 2019 ਵਿਚ ਮਿਲਿਆ ਆਪਣਾ ਪਦਮਸ੍ਰੀ ਸਨਮਾਨ ਸਰਕਾਰ ਨੂੰ ਵਾਪਸ ਦੇਣ ਨਾਲ ਪੂਰੇ ਦੇਸ਼ ਵਿਚ ਭਾਜਪਾ ਖਿਲਾਫ ਲੋਕਾਂ ਵਿਚ ਰੋਹ ਨਜ਼ਰ ਆਇਆ। ਇਸ ਤੋਂ ਬਾਅਦ ਓਲੰਪਿਕ ਦੇ ਗੁੰਗਾ ਪਹਿਲਵਾਨ ਨਾਮ ਨਾਲ ਜਾਣੇ ਜਾਂਦੇ ਗੋਲਡ ਮੈਡਲ ਜੇਤੂ ਪਹਿਲਵਾਨ ਵਿਰੇਂਦਰ ਸਿੰਘ ਨੇ ਵੀ ਮਹਿਲਾ ਭਲਵਾਨਾਂ ਦੇ ਸਮਰਥਨ ਵਿਚ ਪਦਮਸ੍ਰੀ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਹੀ ਭਾਜਪਾ ਸਰਕਾਰ ਨੂੰ ਆਪਣੇ ਪੈਰ ਪਿਛਾਂਹ ਪੁੱਟਣ ਲਈ ਮਜਬੂਰ ਹੋਣਾ ਪਿਆ।
ਇਸ ਦੌਰਾਨ ਇਕ ਸਵਾਲ ਕਿਸਾਨ ਆਗੂ ਟਿਕੈਤ ਭਰਾਵਾਂ ਤੋਂ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਦ ਮਈ ਮਹੀਨੇ ਇਹ ਖਿਡਾਰੀ ਆਪਣੇ ਮੈਡਲ ਹੱਥਾਂ ਵਿਚ ਲੈ ਕੇ ਗੰਗਾ ਵਿਚ ਵਹਾਉਣ ਲਈ ‘ਹਰ ਕੀ ਪੌੜੀ’ ਪਹੁੰਚੇ ਸਨ ਤਾਂ ਕਿਸਾਨ ਆਗੂ ਨਰੇਸ਼ ਟਿਕੈਤ ਅਤੇ ਰਾਕੇਸ਼ ਟਿਕੈਤ ਨੇ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ ਗਿਆ ਸੀ। ਉਨ੍ਹਾਂ ਖਿਡਾਰੀਆਂ ਦੇ ਗੁੱਸੇ ਨੂੰ ਤਾਂ ਟਿਕੈਤ ਭਰਾਵਾਂ ਨੇ ਇੱਕ ਵਾਰ ਸ਼ਾਂਤ ਕਰ ਦਿੱਤਾ ਸੀ ਪਰ ਬਾਅਦ ਵਿਚ ਉਨ੍ਹਾਂ ਦੀਆਂ ਮੰਗਾਂ ਬਾਰੇ ਕੀ ਉਨ੍ਹਾਂ ਨੇ ਕਦਮ ਉਠਾਏ?
ਅਸਲ ਵਿਚ ਖੇਡ ਫੈਡਰੇਸ਼ਨਾਂ ਦੇ ਅਹੁਦੇਦਾਰ ਕੌਮਾਂਤਰੀ ਪੱਧਰ ਦੇ ਸਾਬਕਾ ਖਿਡਾਰੀ ਹੀ ਹੋਣੇ ਚਾਹੀਦੇ ਹਨ ਪਰ ਭਾਰਤ ਵਿਚ ਇਹ ਫੈਡਰੇਸ਼ਨਾਂ ਰਾਜਨੀਤਕ ਆਗੂਆਂ ਦੇ ਅੱਡੇ ਬਣੀਆਂ ਹੋਈਆ ਹਨ। ਇਨ੍ਹਾਂ ਫੈਡਰੇਸ਼ਨਾਂ ਨੂੰ ਸੱਤਾ ਦੀ ਇਸ ਕਦਰ ਸਰਪ੍ਰਸਤੀ ਹਾਸਲ ਹੈ ਕਿ ਖਿਡਾਰੀਆਂ ਦਾ ਖੇਡ ਕਰੀਅਰ ਮੁੱਖ ਰੂਪ ਵਿਚ ਇਨ੍ਹਾਂ ਸੰਸਥਾਵਾਂ ਦੇ ਪ੍ਰਧਾਨਾਂ ਦੇ ਹੱਥ-ਵੱਸ ਹੁੰਦਾ ਹੈ। ਇਸੇ ਕਰ ਕੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਰਗੇ ਔਰਤ ਖਿਡਾਰੀਆਂ ਦਾ ਸ਼ੋਸ਼ਣ ਕਰਦੇ ਹਨ। ਸੱਤਾ ਦੀ ਸਰਪ੍ਰਸਤੀ ਹਾਸਲ ਹੋਣ ਕਰ ਕੇ ਆਮ ਕਰ ਕੇ ਖਿਡਾਰੀ ਆਪਣੀ ਕੌਮੀ ਫੈਡਰੇਸ਼ਨ ਨੂੰ ਚੁਣੌਤੀ ਦੇਣ ਦੀ ਬਜਾਇ ਸਭ ਕੁਝ ਚੁੱਪ-ਚਾਪ ਸਹਿ ਜਾਂਦੇ ਹਨ। ਸਰਕਾਰ ਨੇ ਨਿਯਮ ਇਸ ਤਰ੍ਹਾਂ ਦੇ ਬਣਾਏ ਹੋਏ ਹਨ ਕਿ ਖਿਡਾਰੀਆਂ ਲਈ ਕੌਮਾਂਤਰੀ ਮੁਕਾਬਲਿਆਂ ਵਿਚ ਜਾਣ ਦਾ ਰਾਹ ਇਨ੍ਹਾਂ ਅਖੌਤੀ ਪ੍ਰਧਾਨਾਂ ਰਾਹੀਂ ਹੀ ਹੋ ਕੇ ਲੰਘਦਾ ਹੈ।
ਵੈਸੇ ਇਹ ਵੀ ਪਹਿਲੀ ਵਾਰ ਨਹੀਂ ਜਦ ਖਿਡਾਰੀਆਂ ਨੇ ਖੇਡ ਫੈਡਰੇਸ਼ਨ ਖਿਲਾਫ ਝੰਡਾ ਚੁੱਕਿਆ ਹੋਵੇ। ਕੁਸ਼ਤੀ ਤੋਂ ਪਹਿਲਾਂ 2010 ਵਿਚ ਭਾਰਤੀ ਹਾਕੀ ਟੀਮ ਨੇ ਕ੍ਰਿਕਟ ਖਿਡਾਰੀਆਂ ਵਾਂਗ ਹੀ ਮੈਚ ਫੀਸ ਦੀ ਮੰਗ ਲਈ ‘ਹਾਕੀ ਇੰਡੀਆ` ਨਾਲ ਮੱਥਾ ਲਾਇਆ ਸੀ ਅਤੇ ‘ਤਨਖਾਹ ਨਹੀਂ ਤਾਂ ਖੇਡ ਨਹੀਂ` ਦੀ ਮੰਗ ‘ਤੇ ਹੜਤਾਲ ਕਰ ਦਿੱਤੀ ਸੀ। ਉਸ ਸਮੇਂ ਮਸਲੇ ਦੇ ਹੱਲ ਲਈ ਮਰਦਾਂ ਅਤੇ ਔਰਤਾਂ ਦੀ ਹਾਕੀ ਟੀਮ ਦੇ ਨੁਮਾਇੰਦਿਆਂ ਦੀ ਕਮੇਟੀ ਬਣਾ ਦਿੱਤੀ ਗਈ ਸੀ ਤੇ ਕਮੇਟੀ ਨੇ ਖਿਡਾਰੀ ਦੇ ਕੌਮਾਂਤਰੀ ਮੈਚਾਂ ਦੇ ਤਜਰਬੇ ਮੁਤਾਬਕ ਖਿਡਾਰੀਆਂ ਲਈ ਕੰਟਰੈਕਟ ਅਤੇ ਮੈਚ ਫੀਸ ਦੀ ਤਜਵੀਜ਼ ਕੀਤੀ ਸੀ ਪਰ ਤੱਥ ਇਹ ਹੈ ਕਿ ਅੱਜ ਤੱਕ ਭਾਰਤੀ ਹਾਕੀ ਟੀਮ ਨੂੰ ਵਾਅਦੇ ਮੁਤਾਬਕ ਮਿਲਣਾ ਤਾਂ ਦੂਰ ਦੀ ਗੱਲ ਬਲਕਿ ਫੈਡਰੇਸ਼ਨ ਖਿਲਾਫ ਸੰਘਰਸ਼ ਕਰਨ ਵਾਲੇ ਸੀਨੀਅਰ ਹਾਕੀ ਖਿਡਾਰੀ ਰਾਜਪਾਲ ਸਿੰਘ ਨੂੰ ਹਾਕੀ ਇੰਡੀਆ ਦੇ ਰਵੱਈਏ ਕਾਰਨ ਹਾਕੀ ਛੱਡਣੀ ਪਈ ਸੀ।
ਇਹ ਸਮਝਣਾ ਜ਼ਰੂਰੀ ਹੈ ਕਿ ਭਾਜਪਾ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਇੰਨੀ ਮਿਹਰਬਾਨ ਕਿਉਂ ਹੈ। ਦਰਅਸਲ ਬ੍ਰਿਜ ਭੂਸ਼ਣ ਆਰ.ਐਸ.ਐਸ. ਦੇ ਉਨ੍ਹਾਂ ਚਿਹਰਿਆਂ ਵਿਚੋਂ ਇਕ ਹੈ ਜਿਨ੍ਹਾਂ ਸੰਘ ਦੀ ਨੀਤੀ ਤਹਿਤ ਉੱਤਰ ਪ੍ਰਦੇਸ਼ ਵਿਚ ਫਿਰਕੂ ਤਣਾਅ ਪੈਦਾ ਕਰਨ ਵਿਚ ਭੂਮਿਕਾ ਨਿਭਾਈ ਸੀ। 1992 ‘ਚ ਅਯੁੱਧਿਆ ਵਿਚ ਬਾਬਰੀ ਮਸਜਿਦ ਦਾ ਢਾਂਚਾ ਢਾਹੁਣ ਲਈ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਜ਼ਿੰਮੇਵਾਰ ਮੰਨੇ ਗਏ ਪ੍ਰਮੁੱਖ 40 ਆਗੂਆਂ ਵਿਚੋਂ ਬ੍ਰਿਜ ਭੂਸ਼ਣ ਇੱਕ ਹੈ। ਬਾਅਦ ਵਿਚ ਅਦਾਲਤ ਨੇ ਭਾਵੇਂ ਇਨ੍ਹਾਂ ਸਾਰਿਆਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਪਰ ਜੋ ਉਸ ਸਮੇਂ ਵਾਪਰਿਆ, ਉਹ ਕਿਸੇ ਨੂੰ ਭੁੱਲਿਆ ਨਹੀਂ ਹੈ। ਬ੍ਰਿਜ ਭੂਸ਼ਣ 1999 ਤੋਂ ਬਾਅਦ ਕੋਈ ਚੋਣ ਨਹੀਂ ਹਾਰਿਆ, ਹੁਣ ਜਦ ਭਾਜਪਾ 2024 ਦੇ ਚੜ੍ਹਦੇ ਵਰ੍ਹੇ ਅਯੁੱਧਿਆ ਵਿਚ ਰਾਮ ਮੰਦਰ ਦਾ ਉਦਘਾਟਨ ਕਰ ਰਹੀ ਹੈ ਤਾਂ ਬ੍ਰਿਜ ਭੂਸ਼ਣ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ।