ਨਵੀਂ ਦਿੱਲੀ: ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ. ਐਫ.ਆਈ.) ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਨਵੀਂ ਚੁਣੀ ਸੰਸਥਾ ਨੇ ਢੁਕਵੀਂ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਅਤੇ ਪਹਿਲਵਾਨਾਂ ਨੂੰ ਤਿਆਰੀ ਲਈ ਢੁਕਵਾਂ ਸਮਾਂ ਦਿੱਤੇ ਬਿਨਾਂ ਅੰਡਰ-15 ਤੇ ਅੰਡਰ-20 ਕੌਮੀ ਚੈਂਪੀਅਨਸ਼ਿਪ ਕਰਾਉਣ ਦਾ ਜਲਦਬਾਜ਼ੀ ਨਾਲ ਐਲਾਨ ਕਰ ਦਿੱਤਾ ਸੀ।
ਮੰਤਰਾਲੇ ਨੇ ਨਾਲ ਹੀ ਕਿਹਾ ਕਿ ਨਵੀਂ ਸੰਸਥਾ ਪੂਰੀ ਤਰ੍ਹਾਂ ਨਾਲ ਸਾਬਕਾ ਅਹੁਦੇਦਾਰਾਂ ਦੇ ਕੰਟਰੋਲ ਹੇਠ ਕੰਮ ਕਰ ਰਹੀ ਸੀ। ਖੇਡ ਮੰਤਰਾਲੇ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ.ਓ.ਏ.) ਨੂੰ ਪੱਤਰ ਲਿਖ ਕੇ ਡਬਲਿਊ.ਐਫ.ਆਈ. ਦੇ ਮਾਮਲਿਆਂ ਦੇ ਪ੍ਰਬੰਧਨ ਤੇ ਕੰਟਰੋਲ ਲਈ ਐਡਹਾਕ ਕਮੇਟੀ ਬਣਾਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਡਬਲਿਊ.ਐਫ.ਆਈ. ਦੀਆਂ ਚੋਣਾਂ 21 ਦਸੰਬਰ ਨੂੰ ਹੋਈਆਂ ਸਨ ਜਿਸ ਵਿਚ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਨਜਦੀਕੀ ਸੰਜੈ ਸਿੰਘ ਤੇ ਉਸ ਦੇ ਪੈਨਲ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ।
ਖੇਡ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ, ‘ਨਵੀਂ ਸੰਸਥਾ ਨੇ ਡਬਲਿਊ.ਐਫ.ਆਈ. ਦੇ ਸੰਵਿਧਾਨ ਦਾ ਪਾਲਣ ਨਹੀਂ ਕੀਤਾ। ਫੈਡਰੇਸ਼ਨ ਅਗਲੇ ਹੁਕਮਾਂ ਤੱਕ ਮੁਅੱਤਲ ਰਹੇਗੀ। ਡਬਲਿਊ.ਐਫ.ਆਈ. ਕੁਸ਼ਤੀ ਦਾ ਰੋਜ਼ਾਨਾ ਦਾ ਕੰਮਕਾਰ ਨਹੀਂ ਦੇਖੇਗੀ। ਉਨ੍ਹਾਂ ਨੂੰ ਢੁਕਵੀਂ ਪ੍ਰਕਿਰਿਆ ਤੇ ਨਿਯਮਾਂ ਦਾ ਪਾਲਣ ਕਰਨ ਦੀ ਲੋੜ ਹੈ।` ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਨਾਲ ਬ੍ਰਿਜਭੂਸ਼ਨ ਖਿਲਾਫ ਸੰਘਰਸ਼ ਦੀ ਅਗਵਾਈ ਕਰਨ ਵਾਲੇ ਚੋਟੀ ਦੇ ਪਹਿਲਵਾਨ ਬਜਰੰਗ ਪੂਨੀਆ ਨੇ ਸਾਬਕਾ ਪ੍ਰਧਾਨ ਦੇ ਨਜਦੀਕੀ ਸੰਜੈ ਸਿੰਘ ਦੇ ਡਬਲਿਊ.ਐਫ.ਆਈ. ਪ੍ਰਧਾਨ ਬਣਨ ਦੇ ਵਿਰੋਧ `ਚ ਆਪਣਾ ਪਦਮਸ੍ਰੀ ਪੁਰਸਕਾਰ ਸਰਕਾਰ ਨੂੰ ਮੋੜ ਦਿੱਤਾ ਸੀ। ਇਸ ਤੋਂ ਇਕ ਦਿਨ ਪਹਿਲਾਂ ਸਾਕਸ਼ੀ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਸੀ।
ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਨਜਦੀਕੀ ਸੰਜੈ ਸਿੰਘ ਦੇ ਦੇ ਪ੍ਰਧਾਨ ਬਣਨ ਦੇ ਵਿਰੋਧ ਵਿਚ ਪਦਮਸ੍ਰੀ ਪੁਰਸਕਾਰ ਸਰਕਾਰ ਨੂੰ ਮੋੜਨ ਵਾਲੇ ਬਜਰੰਗ ਪੂਨੀਆ ਨੇ ਕਿਹਾ ਕਿ ਉਹ ਇਸ ਨੂੰ ਵਾਪਸ ਨਹੀਂ ਲੈਣਗੇ। ਟੋਕੀਓ ਓਲੰਪਿਕਸ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਬਜਰੰਗ ਨੇ ਕਿਹਾ, ‘ਹੁਣ ਮੈਂ ਆਪਣਾ ਪੁਰਸਕਾਰ ਵਾਪਸ ਕਰ ਦਿੱਤਾ ਹੈ ਅਤੇ ਮੈਂ ਉਸ ਨੂੰ ਵਾਪਸ ਲੈਣ ਨਹੀਂ ਜਾ ਰਿਹਾ। ਸਾਡੀਆਂ ਭੈਣਾਂ ਤੇ ਧੀਆਂ ਦਾ ਸਨਮਾਨ ਕਿਸੇ ਵੀ ਪੁਰਸਕਾਰ ਤੋਂ ਵੱਡਾ ਹੈ। ਸਾਰਿਆਂ ਨੇ ਦੇਖਿਆ ਹੋਵੇਗਾ ਕਿ ਕੀ ਹੋ ਰਿਹਾ ਹੈ। ਨਿਆਂ ਮਿਲਣ ਮਗਰੋਂ ਹੀ ਮੈਂ ਇਸ ਨੂੰ ਵਾਪਸ ਲੈਣ ਬਾਰੇ ਵਿਚਾਰ ਕਰਾਂਗਾ। ਮਾਮਲਾ ਅਦਾਲਤ ਵਿਚ ਹੈ ਅਤੇ ਅਸੀਂ ਨਿਆਂ ਦੀ ਉਡੀਕ ਕਰ ਰਹੇ ਹਾਂ।‘
ਮੇਰਾ ਕੁਸ਼ਤੀ ਨਾਲ ਕੋਈ ਲੈਣ-ਦੇਣ ਨਹੀਂ: ਬ੍ਰਿਜ ਭੂਸ਼ਨ
ਨਵੀਂ ਦਿੱਲੀ: ਭਾਜਪਾ ਦੇ ਸੰਸਦ ਮੈਂਬਰ ਅਤੇ ਕੁਸ਼ਤੀ ਮਹਾਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਖੇਡ ਤੋਂ ਸਾਰੇ ਸਬੰਧ ਤੋੜ ਲਏ ਹਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਹੋਣ ਵਾਲੀ ਮੁਲਾਕਾਤ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੱਤਰਕਾਰਾਂ ਅੱਗੇ ਉਸ ਨੇ ਪੁਸ਼ਟੀ ਕੀਤੀ ਕਿ ਉਸ ਨੇ ਖੇਡ ਨਾਲੋਂ ਸਾਰੇ ਸਬੰਧ ਤੋੜ ਲਏ ਹਨ ਅਤੇ ਖੇਡ ਨਾਲ ਸਬੰਧਤ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੋਵੇਗਾ। ਉਸ ਨੇ ਕਿਹਾ ਕਿ ਨਵਾਂ ਪ੍ਰਧਾਨ ਸੰਜੈ ਸਿੰਘ ਆਪਣਾ ਕੰਮ ਕਰ ਰਿਹਾ ਹੈ ਤੇ ਮੈਂ ਆਪਣਾ ਕਰ ਰਿਹਾ ਹਾਂ। ਕੁਸ਼ਤੀ ਦਾ ਮੁੱਦਾ ਸਰਕਾਰ ਅਤੇ ਚੁਣੇ ਹੋਏ ਫੈਡਰੇਸ਼ਨ ਵਿਚਕਾਰ ਹੈ, ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।‘