ਨਵੀਂ ਦਿੱਲੀ: ਕੋਵਿਡ-19 ਤੇ ਇਸ ਦੇ ਨਵੇਂ ਸਬ-ਵੇਰੀਐਂਟ ਜੇ.ਐਨ1 ਅਤੇ ਸਰਦੀ ਜੁਕਾਮ ਸਣੇ ਸਾਹ ਰੋਗਾਂ ਦੀ ਵਧਦੀ ਗਿਣਤੀ ਦਰਮਿਆਨ ਆਲਮੀ ਸਿਹਤ ਸੰਸਥਾ (ਡਬਲਿਊ.ਐਚ.ਓ.) ਨੇ ਦੱਖਣ-ਪੂਰਬੀ ਏਸ਼ੀਆ ਵਿਚਲੇ ਮੁਲਕਾਂ ਨੂੰ ਚੌਕਸੀ ਤੇ ਨਿਗਰਾਨੀ ਪ੍ਰਬੰਧ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ।
ਆਲਮੀ ਸਿਹਤ ਸੰਸਥਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਤਿਆਤ ਵਜੋਂ ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਮਾਸਕ ਪਾਉਣ ਸਣੇ ਹੋਰ ਸੁਰੱਖਿਅਤ ਉਪਰਾਲੇ ਕਰਨ। ਦੱਖਣ-ਪੂਰਬੀ ਏਸ਼ੀਆ ਲਈ ਡਬਲਿਊ.ਐਚ.ਓ. ਦੀ ਖੇਤਰੀ ਨਿਰਦੇਸ਼ਕ ਡਾ.ਪੂਨਮ ਖੇਤਰਪਾਲ ਸਿੰਘ ਨੇ ਕਿਹਾ, ”ਕੋਵਿਡ-19 ਵਾਇਰਸ ਆਲਮੀ ਪੱਧਰ ‘ਤੇ ਸਾਰੇ ਮੁਲਕਾਂ ਵਿਚ ਉਤਪੰਨ, ਬਦਲ ਤੇ ਫੈਲ ਰਿਹਾ ਹੈ। ਹਾਲ ਦੀ ਘੜੀ ਮੌਜੂਦਾ ਸਬੂਤ ਇਸ਼ਾਰਾ ਕਰਦੇ ਹਨ ਕਿ ਜੇ.ਐਨ1 ਤੋਂ ਲੋਕਾਂ ਦੀ ਸਿਹਤ ਨੂੰ ਘੱਟ ਜ਼ੋਖ਼ਮ ਹੈ। ਸਾਨੂੰ ਇਸ ਵਾਇਰਸ ਦੇ ਪੈਦਾ ਹੋਣ ਦੇ ਕਾਰਨਾਂ ਨੂੰ ਟਰੈਕ ਕਰਨਾ ਹੋਵੇਗਾ। ਇਸ ਲਈ ਮੁਲਕਾਂ ਨੂੰ ਆਪਣਾ ਚੌਕਸੀ ਤੇ ਨਿਗਰਾਨੀ ਪ੍ਰਬੰਧ ਮਜ਼ਬੂਤ ਕਰਨ ਦੇ ਡੇਟਾ ਦੀ ਸਾਂਝ ਯਕੀਨੀ ਬਣਾਉਣੀ ਹੋਵੇਗੀ।“ ਜੇ.ਐਨ1 ਕੋਵਿਡ ਵੇਰੀਐਂਟ ਦੀ ਰੌਸ਼ਨੀ ਵਿਚ ਮਹਾਰਾਸ਼ਟਰ ਵਿਚ ਸਰਕਾਰੀ ਹਸਪਤਾਲਾਂ ਨੂੰ ਵੈਂਟੀਲੇਟਰਾਂ, ਆਕਸੀਜਨ ਸਿਲੰਡਰਾਂ ਤੇ ਹੋਰ ਜਰੂਰੀ ਸਾਜੋ-ਸਾਮਾਨ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ।
ਸੈਰ-ਸਪਾਟਾ ਮੰਤਰਾਲੇ ‘ਚ ਰਾਜ ਮੰਤਰੀ ਸ੍ਰੀਪਦ ਨਾਇਕ ਨੇ ਕਿਹਾ ਕਿ ਨਾਗਰਿਕਾਂ ਤੇ ਸੈਰ-ਸਪਾਟਾ ਸਨਅਤ ਨੂੰ ਕੋਵਿਡ-19 ਦੀ ਤਾਜ਼ਾ ਲਹਿਰ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਦੇਸ਼ ਨੇ ਪਹਿਲਾਂ ਵੀ ਇਸ ਰੋਗ ਦਾ ਮੁਕਾਬਲਾ ਕੀਤਾ ਹੈ। ਨਾਇਕ ਇਥੇ ਹਫਤਾਵਾਰੀ ਰਸਾਲੇ ‘ਪੰਚਜਨਯ‘ ਵੱਲੋਂ ਰੱਖੇ ‘ਸਾਗਰ ਮੰਥਨ 2.0‘ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਕੋਰੋਨਾ ਵਾਇਰਸ ਦੇ ਕੇਸ ਵਧਣ ਦੀ ਸੂਰਤ ਵਿਚ ਇਕ ਹੋਰ ਲੌਕਡਾਊਨ ਬਾਰੇ ਪੁੱਛੇ ਜਾਣ ‘ਤੇ ਨਾਇਕ ਨੇ ਕਿਹਾ, ”ਘਬਰਾਉਣ ਦੀ ਕੋਈ ਲੋੜ ਨਹੀਂ। ਜੇਕਰ ਇਹ ਰੋਗ ਮੁੜ ਸਿਰ ਚੁੱਕਦਾ ਹੈ ਤਾਂ ਅਸੀਂ ਇਸ ਨਾਲ ਲੜਾਂਗੇ। ਅਸੀਂ ਬੀਤੇ ਵਿਚ ਵੀ ਇਸ ਦਾ ਮੁਕਾਬਲਾ ਕੀਤਾ ਹੈ।“
ਦੱਸ ਦਈਏ ਕਿ ਸਰਦੀ ਦੀ ਇਸ ਰੁੱਤ ਵਿਚ ਪਨਪ ਰਹੇ ਫਲੂ ਦਾ ਕਾਰਨ ਕੋਰੋਨਾ ਵਾਇਰਸ ਦਾ ਇਕ ਰੂਪ ਜੇ.ਐਨ.1 ਹੈ। ਸਭ ਤੋਂ ਪਹਿਲਾ ਮਾਮਲਾ 8 ਦਸੰਬਰ ਨੂੰ ਕੇਰਲ ਵਿਚ ਸਾਹਮਣੇ ਆਇਆ ਪਰ ਧਰਵਾਸ ਦੀ ਗੱਲ ਇਹ ਹੈ ਕਿ ਵਾਇਰਸ ਦੀ ਇਹ ਕਿਸਮ ਕੋਰੋਨਾ ਵਾਇਰਸ ਦੀ ਇਕ ਹੋਰ ਕਿਸਮ ਓਮੀਕਰੋਨ ਦੀ ਕਮਜ਼ੋਰ ਜਿਹੀ ਉਪ-ਕਿਸਮ ਹੈ ਜਿਸ ਤੋਂ ਬਹੁਤਾ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪਰ ਇਸ ਦੀ ਲਪੇਟ ਵਿਚ ਆਉਣ ਵਾਲਿਆਂ ਦੀ ਵਧ ਰਹੀ ਤਾਦਾਦ ਦੇ ਮੱਦੇਨਜ਼ਰ ਰੋਕਥਾਮ ਅਤੇ ਚੌਕਸੀ ਦੇ ਕਦਮ ਚੁੱਕਣੇ ਜਰੂਰੀ ਹੋ ਗਏ ਹਨ।
ਵਾਇਰਸ ਦੀ ਇਹ ਕਿਸਮ ਹੋਰਨਾਂ ਦੇ ਮੁਕਾਬਲੇ ਜ਼ਿਆਦਾ ਤੇਜੀ ਨਾਲ ਫੈਲਦੀ ਹੈ ਅਤੇ ਸਿੰਗਾਪੁਰ, ਮਲੇਸ਼ੀਆ, ਸਪੇਨ, ਅਮਰੀਕਾ ਅਤੇ ਬ੍ਰਾਜੀਲ ਸਮੇਤ ਲਗਭਗ 35 ਦੇਸ਼ਾਂ ਵਿਚ ਨਿਸਬਤਨ ਤੇਜੀ ਨਾਲ ਵਧੇ ਕੇਸਾਂ ਪਿੱਛੇ ਇਸੇ ਕਿਸਮ ਦਾ ਹੱਥ ਮੰਨਿਆ ਜਾਂਦਾ ਹੈ। ਅਮਰੀਕੀ ਅਧਿਕਾਰੀਆਂ ਨੇ ਪਹਿਲੀ ਵਾਰ ਸਤੰਬਰ ਵਿਚ ਇਸ ਕਿਸਮ ਦੀ ਸ਼ਨਾਖਤ ਕੀਤੀ ਸੀ। ਕੋਰੋਨਾ ਵਾਇਰਸ ਦੀਆਂ ਕਈ ਕਿਸਮਾਂ ਹਨ ਅਤੇ ਦੁਨੀਆਂ ਅਜੇ ਤਕ ਇਨ੍ਹਾਂ ਤੋਂ ਮੁਕਤੀ ਹਾਸਲ ਨਹੀਂ ਕਰ ਸਕੀ। ਇਹ ਸਾਹ ਪ੍ਰਣਾਲੀ ਵਿਚ ਵਧਣ ਫੁੱਲਣ ਵਾਲੇ ਵਾਇਰਸ ਹਨ ਜਿਨ੍ਹਾਂ ਵਿਚ ਆਪਣੇ ਆਪ ਨੂੰ ਲੰਮੇ ਸਮੇਂ ਤੱਕ ਬਚਾਅ ਕੇ ਰੱਖਣ ਦੀ ਸਮਰੱਥਾ ਹੈ।
‘ਪੰਜਾਬ ‘ਚ ਕੋਵਿਡ ਦੇ ਨਵੇਂ ਸਰੂਪ ਦਾ ਕੋਈ ਕੇਸ ਨਹੀਂ’
ਪਟਿਆਲਾ: ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕੋਵਿਡ ਵਾਰਡ ਦਾ ਜਾਇਜ਼ਾ ਲੈਦਿਆਂ ਕਿਹਾ ਕਿ ਭਾਵੇਂ ਕਿ ਸੂਬੇ ਅੰਦਰ ਕੋਵਿਡ ਦੇ ਨਵੇਂ ਸਰੂਪ ਦਾ ਅਜੇ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਸਿਹਤ ਵਿਭਾਗ ਵੱਲੋਂ ਸਾਵਧਾਨੀ ਵਜੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਸਿਹਤ ਮੰਤਰੀ ਕਿਹਾ ਕਿ ਸੂਬਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਹਾਲੇ ਤੱਕ ਕੋਵਿਡ ਦੇ ਕਿਸੇ ਵੀ ਨਵੇਂ ਸਰੂਪ ਦਾ ਸੂਬੇ ਵਿਚ ਕੋਈ ਕੇਸ ਸਾਹਮਣੇ ਨਹੀਂ ਆਇਆ।