ਸਾਮਰਾਜਵਾਦ, ਪ੍ਰਵਾਸ ਅਤੇ ਵਿਦਿਆਰਥੀ

ਪਰਮਜੀਤ ਸਿੰਘ
ਫੋਨ: +1647-468-3380
ਪਰਗਟ ਸਿੰਘ
ਫੋਨ: +9194178-62967ਕੈਨੇਡਾ ਜੋ ਕਿ ਇਕ ਸਾਮਰਾਜਵਾਦ ਮੁਲਕ ਹੈ, ਨੇ ਹਾਲ ਹੀ ਵਿਚ ਆਪਣੀ ਅੰਤਰਰਾਸ਼ਟਰੀ ਵਿਦਿਆਰਥੀਆਂ ਸਬੰਧੀ ਨੀਤੀ ਵਿਚ ਕੁਝ ਅਹਿਮ ਬਦਲਾਅ ਕੀਤੇ ਹਨ। ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਤੋਂ ਕੈਨੇਡਾ ਜਾਂਦੇ ਹਨ।

ਭਾਰਤ ਦੇ ਸਾਰੇ ਸੂਬਿਆਂ ਵਿਚਂੋ ਕੈਨੇਡਾ ਵੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੋ ਰਹੇ ਪ੍ਰਵਾਸ ਵਿਚ ਪੰਜਾਬ ਨੰਬਰ ਇੱਕ `ਤੇ ਹੈ। ਇਸ ਲਈ ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਸੰਬੰਧੀ ਨੀਤੀ ਵਿਚ ਹੋਏ ਪਰਿਵਰਤਨਾਂ ਦਾ ਸਿੱਧਾ ਅਸਰ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ `ਤੇ ਪੈਣ ਦੇ ਕਿਆਸੇ ਲਗਾਏ ਜਾ ਰਹੇ ਹਨ। ਬੁੱਧੀਜੀਵੀਆਂ ਦੇ ਇਸ ਬਾਰੇ ਵੱਖ-ਵੱਖ ਬਿਆਨ ਹੋ ਸਕਦੇ ਹਨ। ਪਰ ਜ਼ਿਆਦਾਤਰ ਵਿਸ਼ਲੇਸ਼ਕ ਇਸ ਸਮੱਸਿਆ ਦਾ ਦਵੰਦਵਾਦੀ ਵਿਸ਼ਲੇਸ਼ਣ ਕਰਨ ਦੇ ਬਜਾਏ ਇਸ ਦਾ ਸਤਈ ਜਿਹਾ ਨਿਰੀਖਣ ਕਰਦੇ ਹਨ। ਇਸ ਲੇਖ ਦਾ ਉਦੇਸ਼ ਕੈਨੇਡਾ ਦੀਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਸਬੰਧੀ ਨੀਤੀਆਂ ਦੀ ਮਾਰਕਸਵਾਦੀ ਰਾਜਨੀਤਿਕ-ਆਰਥਿਕਤਾ ਅਨੁਸਾਰ ਪੜਚੋਲ ਕਰਦੇ ਹੋਏ ਪਾਠਕਾਂ ਦਾ ਧਿਆਨ ਇਸ ਸਮੱਸਿਆ ਦੇ ਅਸਲ ਕਾਰਨਾਂ ਵੱਲ ਦਿਵਾਉਣਾ ਹੈ। ਸਾਡਾ ਇਹ ਮੰਨਣਾ ਹੈ ਕਿ ਸਾਮਰਾਜਵਾਦੀ ਮੁਲਕਾਂ ਦੀ ਰਾਜਨੀਤਕ-ਆਰਥਿਕਤਾ ਦਾ ਪ੍ਰਵਾਸ ਨਾਲ ਗੁੰਝਲਦਾਰ ਰਿਸ਼ਤਾ ਹੈ। ਇਸ ਲਈ ਕੈਨੇਡਾ ਦੀਆਂ ਨੀਤੀਆਂ ਵਿਚ ਬਦਲਾਅ ਅਤੇ ਪੰਜਾਬੀ ਵਿਦਿਆਰਥੀਆਂ ਨਾਲ ਇਸਦੇ ਸੰਬੰਧਾਂ ਦੀ ਗੁੰਝਲਦਾਰਤਾ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ।
ਸਾਮਰਾਜਵਾਦੀ ਸੰਕਟ ਅਤੇ ਪ੍ਰਵਾਸ
ਜੇਕਰ ਅਸੀਂ ਸਾਮਰਾਜਵਾਦੀ ਮੁਲਕਾਂ ਦੇ ਸੰਕਟ ਦੇ ਇਤਿਹਾਸ ਦਾ ਵਿਸ਼ਲੇਸ਼ਣ ਕਰੀਏ ਤਾਂ ਇਸ ਦੇ ਦੋ ਪ੍ਰਮੁੱਖ ਪਹਿਲੂ ਹਨ ਜੋ ਇਨ੍ਹਾਂ ਮੁਲਕਾਂ ਦੇ ਪੂੰਜੀਵਾਦੀ ਪ੍ਰਬੰਧ ਨੂੰ ਤਬਾਹੀ ਵੱਲ ਲੈ ਕੇ ਜਾ ਸਕਦੇ ਹਨ। ਪਹਿਲਾ, ਪੂੰਜੀਵਾਦੀ ਜਮਾਤ ਦੇ ਮੁਨਾਫੇæ ਵਿਚ ਕਮੀ। ਦੂਜਾ, ਕਿਰਤੀਆਂ ਦੀ ਰਾਖਵੀਂ ਸੈਨਾ (੍ਰੲਸੲਰਵੲ ੳਰਮੇ ੋਾ ਲਅਬੋੁਰ) ਵਿਚ ਲਗਾਤਾਰ ਵਾਧਾ। ਇਨ੍ਹਾਂ ਦੋਵਾਂ ਸੰਕਟਾਂ ਦਾ ਆਪਸ ਵਿਚ ਵੀ ਗੂੜ੍ਹਾ ਰਿਸ਼ਤਾ ਹੈ। ਪੂੰਜੀਵਾਦੀ ਪ੍ਰਬੰਧ ਵਿਚ ਮੁਨਾਫੇ ਦੇ ਪੱਧਰ ਨੂੰ ਕਾਇਮ ਰੱਖਣ ਲਈ ਇਕ ਪੱਧਰ ਤੱਕ ਦੀ ਬੇਰੁਜ਼ਗਾਰੀ ਲਾਜ਼ਮੀ ਹੁੰਦੀ ਹੈ। ਜੇਕਰ ਪੂੰਜੀਵਾਦੀ ਮੁਲਕਾਂ ਦੀ ਆਰਥਿਕਤਾ ਵਿਚ ਪੂਰਨ ਰੁਜ਼ਗਾਰ ਹੋ ਜਾਵੇ ਤਾਂ ਇਸ ਨਾਲ ਉਨ੍ਹਾਂ ਮੁਲਕਾਂ ਦੀ ਮਜ਼ਦੂਰ ਜਮਾਤ ਦੀ ਮਜ਼ਦੂਰੀ ਨਿਰਧਾਰਨ ਇਕਜੁਟਤਾ (ਬਅਰਗਅਨਿਨਿਗ ਪੋੱੲਰ) ਵਧ ਜਾਂਦੀ ਹੈ ਜਿਸ ਦਾ ਪੂੰਜੀਵਾਦੀ ਲਾਭ ਦਰ ਨਾਲ ਉਲਟਾ ਸੰਬੰਧ ਹੈ। ਇਸ ਲਈ ਇਨ੍ਹਾਂ ਮੁਲਕਾਂ ਦੀ ਪੂੰਜੀਵਾਦੀ ਜਮਾਤ ਅਤੇ ਰਾਜ ਪ੍ਰਬੰਧ ਇਸ ਗੱਲ ਦਾ ਖਾਸ ਧਿਆਨ ਰੱਖਦੇ ਹਨ ਕਿ ਇਨ੍ਹਾਂ ਮੁਲਕਾਂ ਵਿਚ ਮਜ਼ਦੂਰ ਜਮਾਤ ਦੀ ਮਜ਼ਦੂਰੀ ਨਿਰਧਾਰਨ ਇਕਜੁਟਤਾ ਕੰਟਰੋਲ ਵਿਚ ਰਹੇ। ਇਸ ਲਈ ਉਹ ਤੀਜੀ ਦੁਨੀਆ ਦੀ ਸੰਭਾਵਿਤ (ਪੋਟੲਨਟiਅਲ) ਕਿਰਤੀਆਂ ਦੀ ਰਾਖਵੀਂ ਸੈਨਾ ਨੂੰ ਕੂਟਨੀਤਕ ਤਰੀਕੇ ਰਾਹੀਂ ਆਪਣੇ ਮੁਲਕਾਂ ਵਿਚ ਆਯਾਤ ਕਰਦੇ ਹਨ। ਪੂੰਜੀਵਾਦੀ ਮੁਲਕਾਂ (ਕੈਨੇਡਾ, ਆਸਟਰੇਲੀਆ, ਬਰਤਾਨੀਆ, ਆਦਿ) ਦੀਆਂ ਵੱਖ-ਵੱਖ ਕਿਸਮ ਦੀਆਂ ਪ੍ਰਵਾਸ ਸਕੀਮਾਂ/ਨੀਤੀਆਂ ਦਾ ਸੂਖਮ (ਮਚਿਰੋ) ਅਧਿਐਨ ਕਰਨ ਨਾਲ ਇਹ ਗੱਲ ਸਪਸ਼ਟ ਹੋ ਜਾਂਦੀ ਹੈ।
ਸਾਮਰਾਜਵਾਦੀ ਸੰਕਟ ਦਾ ਦੂਜਾ ਵੱਡਾ ਕਾਰਨ ਵਧ ਰਹੀ ਬੇਰੁਜ਼ਗਾਰੀ ਹੁੰਦਾ ਹੈ, ਜਿਸ ਦਾ ਵੀ ਪ੍ਰਵਾਸ ਨਾਲ ਗੂੜ੍ਹਾ ਸੰਬੰਧ ਹੈ। ਜੇਕਰ ਸਾਮਰਾਜਵਾਦੀ ਮੁਲਕਾਂ ਵਿਚ ਕਿਰਤੀਆਂ ਦੀ ਰਾਖਵੀਂ ਸੈਨਾ ਇਕ ਸੀਮਾ ਤੋਂ ਵੱਧ ਹੋ ਜਾਵੇ ਤਾਂ ਉਹ ਆਰਥਿਕ ਢਾਂਚੇ ਦੀ ਸਥਿਰਤਾ ਲਈ ਵੱਡਾ ਸੰਕਟ ਬਣ ਜਾਂਦੀ ਹੈ। ਇਸ ਲਈ ਆਰਥਿਕ ਮੰਦੀ ਦੇ ਦੌਰ ਵਿਚ ਸਾਮਰਾਜਵਾਦੀ ਮੁਲਕ ਕਿਰਤੀਆਂ ਦੀ ਰਾਖਵੀਂ ਸੈਨਾ ਦੇ ਵਾਧੇ ਨੂੰ ਰੋਕਣ ਲਈ ਕਈ ਹੱਥਕੰਡੇ ਅਪਣਾਉਂਦੇ ਹਨ, ਜਿਨ੍ਹਾਂ ਵਿਚੋਂ ਪ੍ਰਮੁੱਖ ਪ੍ਰਵਾਸ ਨੀਤੀਆਂ ਵਿਚ ਫੇਰ-ਬਦਲ ਹੈ। ਜੇਕਰ ਸਾਮਰਾਜਵਾਦੀ ਮੁਲਕਾਂ ਵਿਚ ਅੰਦਰੂਨੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੋ ਜਾਵੇ, ਤਾਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਨੂੰ ਹੱਲ ਕਰਨ ਲਈ ਇਹ ਮੁਲਕ ਜਾਂ ਤਾਂ ਜੰਗ ਦਾ ਸਹਾਰਾ ਲੈਂਦੇ ਹਨ ਜਾਂ ਬੇਰੁਜ਼ਗਾਰ ਵਸੋਂ ਦਾ ਹੋਰ ਮੁਲਕਾਂ ਨੂੰ ਨਿਰਯਾਤ ਕਰਦੇ ਹਨ। 19ਵੀਂ ਸਦੀ ਦੇ ਅੰਤ ਵਿਚ ਅਤੇ 20ਵੀਂ ਸਦੀ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਕਰਨ ਲਈ ਇਹ ਦੋਵੇਂ ਹੀ ਬਹੁਤ ਮਹੱਤਵਪੂਰਨ ਸਾਧਨ ਰਹੇ ਹਨ। ਇਸ ਦੀ ਕਲਾਸਿਕ ਉਦਾਹਰਨ 1870 ਤੋਂ 1915 ਤੱਕ ਯੂਰਪ ਤੋਂ ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਅਰਜਨਟੀਨਾ, ਦੱਖਣੀ ਅਫਰੀਕਾ ਆਦਿ ਮੁਲਕਾਂ ਨੂੰ ਹੋਇਆ ਪ੍ਰਵਾਸ ਹੈ। ਇਸ ਪ੍ਰਵਾਸ ਦਾ ਮੁੱਖ ਕਾਰਨ ਉਸ ਸਮੇਂ ਦੇ ਯੂਰਪ ਦੇ ਸਾਮਰਾਜਵਾਦੀ ਮੁਲਕਾਂ ਵਿਚ ਵਧ ਰਹੀ ਬੇਰੁਜ਼ਗਾਰੀ ਸੀ ਜੋ ਪੂੰਜੀਵਾਦ ਪ੍ਰਬੰਧ ਲਈ ਵੱਡਾ ਖਤਰਾ ਬਣ ਗਈ ਸੀ। ਇਸ ਖਤਰੇ ਦੀ ਉਦਾਹਰਨ ਲੈਨਿਨ ਨੇ ਸੀਸਿਲ ਰੋਡ ਦੁਆਰਾ ਬਰਤਾਨੀਆ ਦੀ 1895 ਦੀ ਹਾਲਤ ਨੂੰ ਬਿਆਨ ਕਰਦਿਆਂ ਦਿੱਤੀ ਹੈ। ਸੀਸਿਲ ਰੋਡ ਅਨੁਸਾਰ ਬਰਤਾਨੀਆ ਵਿਚ ਬੇਰੁਜ਼ਗਾਰੀ ਵਿਚ ਹੋ ਰਿਹਾ ਵਾਧਾ ਸਾਰੇ ਦੇ ਸਾਰੇ ਪੂੰਜੀਵਾਦੀ ਪ੍ਰਬੰਧ ਲਈ ਵੱਡਾ ਖਤਰਾ ਬਣ ਰਿਹਾ ਸੀ। ਇਸ ਸਮੱਸਿਆ ਕਾਰਨ ਉਹ ਬਰਤਾਨੀਆ ਵਿਚ ਖੂਨੀ ਘਰੇਲੂ ਜੰਗ ਦਾ ਖਦਸ਼ਾ ਮਹਿਸੂਸ ਕਰ ਰਿਹਾ ਸੀ। ਉਸ ਅਨੁਸਾਰ ਇਸ ਸਮੱਸਿਆ ਦੇ ਹੱਲ ਲਈ ਸਭ ਤੋਂ ਅਸਰਦਾਰ ਪ੍ਰਬੰਧ ਇਹ ਹੈ ਕਿ ਬੇਰੁਜ਼ਗਾਰੀ ਦੀ ਸਮੱਸਿਆ ਦੇ ਹੱਲ ਲਈ ਵਸੋਂ ਦਾ ਨਿਰਯਾਤ ਕੀਤਾ ਜਾਵੇ। 1871 ਤੋਂ 1915 ਦੌਰਾਨ 36 ਮਿਲੀਅਨ ਯੂਰੋਪੀਅਨਾਂ ਦਾ ਅਮਰੀਕਾ, ਕੈਨੇਡਾ ਆਦਿ ਮੁਲਕਾਂ ਵੱਲ ਨਿਰਯਾਤ ਕੀਤਾ ਗਿਆ ਜੋ ਕਿ ਲਿਖਤ ਇਤਿਹਾਸ ਵਿਚ ਸਭ ਤੋਂ ਵੱਡੇ ਪ੍ਰਵਾਸ ਨਾਲ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਵੀ ਪੂੰਜੀਵਾਦੀ ਪ੍ਰਬੰਧ ਰੁਜ਼ਗਾਰ ਵਿਚ ਜ਼ਿਆਦਾ ਵਾਧਾ ਹੁੰਦਾ ਹੈ ਅਤੇ ਮਜ਼ਦੂਰਾਂ ਦੀ ਮਜ਼ਦੂਰੀ ਨਿਰਧਾਰਨ ਇਕਜੁਟਤਾ ਵਿਚ ਵਾਧਾ ਹੁੰਦਾ ਹੈ ਤਾਂ ਇਹ ਪੂੰਜੀਵਾਦੀ ਮੁਨਾਫੇ ਦਾ ਸੰਕਟ ਪੈਦਾ ਕਰ ਦਿੰਦਾ ਹੈ। ਅਜਿਹੀ ਹਾਲਤ ਵਿਚ ਘੱਟ ਵਿਕਸਿਤ ਮੁਲਕਾਂ ਤੋਂ ਸਸਤੀ ਅਤੇ ਨੌਜਵਾਨ ਕਿਰਤ ਸ਼ਕਤੀ ਆਯਾਤ ਕੀਤੀ ਜਾਂਦੀ ਹੈ ਤਾਂ ਜੋ ਘਰੇਲੂ ਮਜ਼ਦੂਰਾਂ ਦੀ ਮਜ਼ਦੂਰੀ ਨਿਰਧਾਰਨ ਇਕਜੁਟਤਾ ਨੂੰ ਕਮਜੋLਰ ਕੀਤਾ ਜਾ ਸਕੇ।
ਕੈਨੇਡੀਅਨ ਨਵ-ਉਦਾਰਵਾਦ ਅਤੇ ਵਿਦਿਆਰਥੀ
ਜੇਕਰ ਅਸੀਂ ਕੈਨੇਡਾ ਦੀਆਂ ਅਜੋਕੀਆਂ ਆਰਥਿਕ ਅਤੇ ਪ੍ਰਵਾਸ ਨੀਤੀਆਂ ਨੂੰ, ਉਪਰੋਕਤ ਵਿਸ਼ਲੇਸ਼ਣ ਦੇ ਸੰਦਰਭ ਵਿਚ, ਜੋੜ ਕੇ ਪਰਖਣ ਦੀ ਕੋਸ਼ਿਸ਼ ਕਰੀਏ ਤਾਂ ਪੂੰਜੀਵਾਦ, ਪ੍ਰਵਾਸ ਅਤੇ ਪੰਜਾਬੀ ਵਿਦਿਆਰਥੀ ਦੇ ਦਵੰਦਵਾਦੀ ਸਬੰਧ ਦੀ ਅਸਲ ਤਸਵੀਰ ਬਣ ਕੇ ਉਭਰਦੀ ਹੈ। ਕੈਨੇਡਾ ਵਿਚ 1990ਵਿਆਂ ਤੋਂ ਬਾਅਦ ਨਵ-ਉਦਾਰਵਾਦ ਨੀਤੀਆਂ ਦੇ ਫੈਲਾਅ ਨੇ ਕੁਝ ਬੁਨਿਆਦੀ ਪਰਿਵਰਤਨ ਲਿਆਂਦੇ ਜਿਸ ਕਾਰਨ ਉਨ੍ਹਾਂ ਲਈ ਪ੍ਰਵਾਸ ਇਕ ਲਾਜ਼ਮੀ ਜ਼ਰੂਰਤ ਬਣ ਗਿਆ। ਇਸ ਲੇਖ ਦੇ ਵਿਸ਼ਾ ਖੇਤਰ ਅਨੁਸਾਰ ਇਨ੍ਹਾਂ ਨੀਤੀਆਂ ਵਿਚੋਂ ਦੋ ਨੂੰ ਸਮਝਣਾ ਲਾਜ਼ਮੀ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਰਾਹੀਂ ਦੋ ਸਮੱਸਿਆਵਾਂ ਦਾ ਹੱਲ ਕੀਤਾ। ਪਹਿਲਾ, ਦੁਨੀਆਂ ਦੇ ਬਾਕੀ ਮੁਲਕਾਂ ਵਾਂਗ ਕੈਨੇਡਾ ਵਿਚ ਵੀ ਸਰਕਾਰ ਨੇ ਉੱਚ-ਸਿੱਖਿਆ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਘਟਾਉਣੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ-ਨਾਲ ਪ੍ਰਾਈਵੇਟ ਮੁਨਾਫਾ ਆਧਾਰਤ ਵਿਦਿਅਕ ਅਦਾਰੇ ਖੋਲ੍ਹਣ ਦੀ ਖੁੱਲ੍ਹ ਦੇ ਦਿੱਤੀ। ਇਨ੍ਹਾਂ ਪ੍ਰਾਈਵੇਟ ਵਿਦਿਅਕ ਅਦਾਰਿਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਜਿੰਨੀ ਮਰਜ਼ੀ ਫੀਸ ਲੈਣ ਅਤੇ ਜੋ ਮਰਜ਼ੀ ਕੋਰਸ ਚਲਾਉਣ ਦੀ ਖੁੱਲ੍ਹ ਵੀ ਮਿਲ ਗਈ। ਇਸ ਖੁੱਲ੍ਹ ਦੇ ਦੋ ਅੰਦਰੂਨੀ ਉਦੇਸ਼ ਬਣਦੇ ਹਨ। ਪਹਿਲਾ, ਇਹ ਅਦਾਰੇ ਸਰਕਾਰ ਉੱਤੇ ਕਿਸੇ ਤਰ੍ਹਾਂ ਦਾ ਵਾਧੂ ਵਿੱਤੀ ਬੋਝ ਨਹੀਂ ਹਨ। ਦੂਜਾ ਅਤੇ ਮਹੱਤਵਪੂਰਨ, ਇਨ੍ਹਾਂ ਦੁਆਰਾ ਚਲਾਏ ਜਾਂਦੇ ਕੋਰਸਾਂ ਦੀ ਕੈਨੇਡਾ ਦੀ ਉੱਚ-ਪੱਧਰੀ ਕਿਰਤ ਬਾਜ਼ਾਰ ਵਿਚ ਕੋਈ ਖਾਸ ਪੁੱਛ-ਗਿਛ ਨਹੀਂ ਹੈ। ਇਸ ਤਰ੍ਹਾਂ ਇਨ੍ਹਾਂ ਵਿਦਿਅਕ ਸੰਸਥਾਵਾਂ ਵਿਚ ਜੋ ਪੰਜਾਬੀ ਵਿਦਿਆਰਥੀ ਜਾ ਰਹੇ ਹਨ ਉਹ ਆਪਣੇ ਮਾਪਿਆਂ ਤੋਂ ਕਾਫੀ ਪੂੰਜੀ ਲੈ ਕੇ ਜਾ ਰਹੇ ਹਨ। ਇਸ ਪੂੰਜੀ ਨਾਲ ਨਾ ਸਿਰਫ ਮੁਨਾਫਾ ਆਧਾਰਤ ਕਾਲਜਾਂ ਦਾ ਮੁਨਾਫਾ ਵਧ ਰਿਹਾ ਹੈ, ਸਗੋਂ ਬੈਂਕਾਂ ਅਤੇ ਹੋਰ ਪੂੰਜੀਵਾਦੀ ਕਾਰੋਬਾਰ ਦਾ ਵੀ ਮੁਨਾਫਾ ਵਧ ਰਿਹਾ ਹੈ।
ਦੂਜੇ ਪਾਸੇ ਨਵ-ਉਦਾਰਵਾਦੀ ਨੀਤੀਆਂ ਦਾ ਇਕ ਪ੍ਰਮੁੱਖ ਉਦੇਸ਼ ਕੈਨੇਡਾ ਵਿਚ ਕਿਰਤੀਆਂ ਦੀ ਵਧ ਰਹੀ ਇਕਜੁੱਟਤਾ ਨੂੰ ਠੱਲ੍ਹ ਪਾਉਣਾ ਸੀ, ਜਿਸ ਲਈ ਕੈਨੇਡਾ ਦੀ ਲੋਅਰ-ਟੇਅਰ ਕਿਰਤ ਸ਼ਕਤੀ, ਜੋ ਅੰਦਾਜ਼ਨ ਕੈਨੇਡਾ ਵਿਚ ਕੁੱਲ ਕਾਮਿਆਂ ਦਾ 80% ਤੋਂ ਵੀ ਵੱਧ ਹੋਵੇਗੀ, ਨੂੰ ਕੰਟਰੋਲ ਕਰਨਾ ਲਾਜ਼ਮੀ ਸੀ। ਇਸ ਤਰ੍ਹਾਂ ਕੈਨੇਡਾ ਦੀ ਪੂੰਜੀਵਾਦੀ ਜਮਾਤ ਦੇ ਏਜੰਡੇ ਅਨੁਸਾਰ, ਤੀਜੀ ਦੁਨੀਆਂ ਦੇ ਮੁਲਕਾਂ ਵਿਚ ਜੋ ਕਿਰਤੀ ਜਮਾਤ ਬੁਲਾਈ ਜਾਵੇ ਉਹ ਕੁਝ ਹੱਦ ਤੱਕ ਪੜ੍ਹੀ ਲਿਖੀ ਹੋਵੇ, ਨੌਜਵਾਨ ਹੋਵੇ ਅਤੇ ਲੋਅਰ-ਟੇਅਰ ਕੰਮ ਲਈ ਤਿਆਰ ਹੋਵੇ ਤਾਂ ਕਿ ਘਰੇਲੂ ਮਜ਼ਦੂਰ ਜਮਾਤ ਨੂੰ ਇਹ ਸੰਕੇਤ ਮਿਲਦਾ ਰਹੇ ਕਿ ਕੈਨੇਡਾ ਦੇ ਆਰਥਿਕ ਢਾਂਚੇ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰੂਪ ਵਿਚ ਵਾਧੂ ਕਿਰਤ ਸ਼ਕਤੀ ਮੌਜੂਦ ਹੈ। ਕੈਨੇਡਾ ਦੀ ਪੂੰਜੀਵਾਦੀ ਜਮਾਤ ਦੇ ਮੁਨਾਫੇ ਨੂੰ ਬਣਾ ਕੇ ਰੱਖਣ ਦੀ ਇਸ ਕੂਟਨੀਤੀ ਨੂੰ ਇਕ ਉਦਾਹਰਨ ਰਾਹੀਂ ਸਮਝਿਆ ਜਾ ਸਕਦਾ ਹੈ। ਮੰਨ ਲਓ ਕਿ ਇਕ ਪੂੰਜੀਵਾਦੀ ਪ੍ਰਬੰਧ ਆਧਾਰਤ ਉਦਯੋਗ ਵਿਚ 100 ਕਾਮੇ ਲੱਗੇ ਹੋਏ ਹਨ। ਜੇਕਰ 100 ਕਾਮੇ ਇਕਜੁੱਟ ਹੋ ਕੇ ਪ੍ਰਤੀ ਘੰਟਾ ਮਜ਼ਦੂਰੀ ਵਧਾਉਣ ਲਈ ਹੜਤਾਲ ਕਰਦੇ ਹਨ ਅਤੇ ਸਫਲ ਹੋ ਜਾਂਦੇ ਹਨ ਤਾਂ ਪੂੰਜੀਵਾਦੀ ਉਦਯੋਗਪਤੀ ਨੂੰ ਅੱਠ ਘੰਟਿਆਂ ਦੇ ਹਿਸਾਬ ਨਾਲ 100 ਮਜ਼ਦੂਰਾਂ ਨੂੰ ਕਿੰਨੀ ਵੱਧ ਮਜ਼ਦੂਰੀ ਦੇਣੀ ਪਵੇਗੀ? ਇਸ ਪ੍ਰਕਾਰ ਦੀ ਹੜਤਾਲ ਅਤੇ ਇਕਜੁੱਟਤਾ ਹਰ ਇਕ ਉਦਯੋਗ ਵਿਚ ਤਾਂ ਹੀ ਸੰਭਵ ਅਤੇ ਸਫਲ ਹੋ ਸਕਦੀ ਹੈ ਜੇਕਰ ਆਰਥਿਕ ਢਾਂਚੇ ਵਿਚ ਸਸਤੀ ਅਤੇ ਵਾਧੂ ਕਿਰਤ ਸ਼ਕਤੀ ਨਾ ਹੋਵੇ।
ਸੋ ਇਸ ਤਰ੍ਹਾਂ ਦੀ ਮਜ਼ਦੂਰ ਇਕਜੁੱਟਤਾ ਨੂੰ ਠੱਲ੍ਹ ਪਾਉਣ ਅਤੇ ਮੁਨਾਫੇ ਦੀ ਦਰ ਨੂੰ ਕਾਇਮ ਰੱਖਣ ਲਈ ਕੈਨੇਡਾ ਨੇ ਵਿਦਿਆਰਥੀਆਂ ਦੇ ਰੂਪ ਵਿਚ ਜੋ ਨਵੀਂ ਸਸਤੀ ਕਿਰਤ ਸ਼ਕਤੀ ਪੈਦਾ ਕੀਤੀ ਉਸ ਨੂੰ ਕੰਮ ਲੱਗੀ ਹੋਈ ਕਿਰਤ ਸ਼ਕਤੀ (ੳਚਟਵਿੲ ੳਰਮੇ ੋਾ ਲਅਬੋੁਰ) ਦੇ ਸਾਮਾਨਅੰਤਰ ਖੜ੍ਹਾ ਕਰ ਦਿੱਤਾ। ਪੂੰਜੀਪਤੀ ਜਮਾਤ ਲਈ ਇਹ ਸ਼ਕਤੀ ਮੁਹੱਈਆ ਹੋਣ ਕਾਰਨ ਇਸ ਜਮਾਤ ਦੀ ਮਜ਼ਦੂਰੀ ਨਿਰਧਾਰਨ ਸ਼ਕਤੀ ਮਜ਼ਦੂਰ ਜਮਾਤ ਦੀ ਸ਼ਕਤੀ ਨਾਲੋਂ ਵਧ ਗਈ। ਇਸ ਤਰ੍ਹਾਂ ਇਸ ਨਵ-ਉਦਾਰਵਾਦੀ ਸਸਤੀ ਕਿਰਤ ਪ੍ਰਵਾਸ ਨੀਤੀ ਦੀ ਨਾ ਸਿਰਫ ਪੂੰਜੀਵਾਦੀ ਲਾਭ ਦਰ ਕਾਇਮ ਰੱਖਣ ਲਈ ਵਰਤੋਂ ਕੀਤੀ ਗਈ ਬਲਕਿ ਮਜ਼ਦੂਰ ਜਮਾਤ ਦੀ ਸੰਗਠਿਤ ਸ਼ਕਤੀ ਨੂੰ ਠੱਲ੍ਹ ਪਾਉਣ ਲਈ ਵੀ ਵਰਤੋਂ ਕੀਤੀ ਗਈ। ਇਸ ਸੰਦਰਭ ਵਿਚ ਨਵ-ਉਦਾਰਵਾਦੀ ਵਿਦਿਆਰਥੀ ਕੂਟਨੀਤੀ ਨੇ ਕਾਰਪੋਰੇਟ ਜਮਾਤ ਅਤੇ ਮਜ਼ਦੂਰ ਜਮਾਤ ਦੇ ਸੰਘਰਸ਼ ਨੂੰ ਧੀਮਾ ਹੀ ਨਹੀਂ ਕੀਤਾ ਸਗੋਂ ਮਜ਼ਦੂਰ ਜਮਾਤ ਅੰਦਰ ਪਾੜਾ ਪਾਉਣ ਦਾ ਕੰਮ ਵੀ ਕੀਤਾ। ਇੱਥੇ ਇਹ ਗੌLਰਤਲਬ ਹੈ, ਕਿ ਪਹਿਲੀ ਸਟੇਜ `ਤੇ, ਪ੍ਰਵਾਸੀ ਵਿਦਿਆਰਥੀਆਂ ਦੀ ਸਭ ਤੋਂ ਵੱਧ ਟਸਲ ਕੁੱਝ ਸਾਲ ਪਹਿਲਾਂ ਆ ਚੁੱਕੇ ਪੰਜਾਬੀਆਂ, ਜੋ ਵਿਦਿਆਰਥੀਆਂ ਜਾਂ ਕਾਮਿਆਂ ਦੇ ਰੂਪ ਵਿਚ ਆਏ ਸਨ, ਨਾਲ ਪੈਦਾ ਕਰ ਦਿੱਤੀ ਹੈ।
ਜੇਕਰ ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਸਬੰਧੀ ਨੀਤੀ ਵਿਚ ਆਏ ਤਾਜੇL ਪਰਿਵਰਤਨਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਸ ਦੇ ਦੋ ਪ੍ਰਮੁੱਖ ਕਾਰਨ ਹਨ। ਪਹਿਲਾ, ਕੈਨੇਡਾ ਵਿਚ ਮੰਦੀ ਦਾ ਦੌਰ, ਜਿਸ ਕਾਰਨ ਬੇਰੁਜ਼ਗਾਰੀ ਦੀ ਦਰ ਵਧਣੀ ਸ਼ੁਰੂ ਹੋ ਗਈ ਹੈ। ਪੂੰਜੀਵਾਦ ਪ੍ਰਬੰਧ ਅਧੀਨ ਇਸ ਵਧ ਰਹੀ ਬੇਰੁਜ਼ਗਾਰੀ ਨੂੰ ਵੱਡੇ ਸੰਕਟ ਵਿਚ ਪਰਿਵਰਤਿਤ ਹੋਣ ਤੋਂ ਰੋਕਣ ਲਈ ਸਭ ਤੋਂ ਪਹਿਲਾ ਹਥਿਆਰ ਪ੍ਰਵਾਸ `ਤੇ ਰੋਕ ਲਗਾਉਣੀ ਹੁੰਦੀ ਹੈ। ਪਰ ਇਸ ਸੰਦਰਭ ਵਿਚ ਕੈਨੇਡੀਅਨ ਪੂੰਜੀਵਾਦ ਲਈ ਇਹ ਵੀ ਮਹੱਤਵਪੂਰਨ ਹੈ ਕਿ ਪੰਜਾਬ ਤੋਂ ਆ ਰਹੀ ਪੂੰਜੀ ਘੱਟ ਨਾ ਹੋਵੇ ਤਾਂ ਜੋ ਕਾਲਜ, ਬੈਂਕ ਅਤੇ ਹੋਰਨਾਂ ਪੂੰਜੀਵਾਦੀ ਸੰਸਥਾਵਾਂ ਦਾ ਮੁਨਾਫਾ ਬਣਿਆ ਰਹੇ। ਇਸ ਲਈ ਕੈਨੇਡਾ ਨੇ ਜੀ.ਆਈ.ਸੀ (ਘੁਅਰਅਨਟੲੲਦ ੀਨਵੲਸਟਮੲਨਟ ਛੲਰਟiਾਚਿਅਟੲ) ਦੁੱਗਣਾ ਕਰ ਦਿੱਤਾ ਹੈ। ਜਿਸ ਦਾ ਭਾਵ ਇਹ ਹੈ ਕਿ ਜੇਕਰ ਕੈਨੇਡਾ ਪ੍ਰਵਾਸੀ ਵਿਦਿਆਰਥੀਆਂ ਦੀ ਗਿਣਤੀ ਅੱਧੀ ਵੀ ਕਰ ਦਿੰਦਾ ਹੈ ਤਾਂ ਕੈਨੇਡਾ ਨੂੰ ਜਾ ਰਹੀ ਪੂੰਜੀ ਵਿਚ ਕੋਈ ਖਾਸ ਕਮੀ ਨਾ ਆਵੇ। ਦੂਜਾ, ਕੈਨੇਡਾ ਵਿਚ ਆਮ ਚੋਣਾਂ ਦੇ ਸੰਦਰਭ ਵਿਚ ਹੋਏ ਇਕ ਸਰਵੇ ਅਨੁਸਾਰ ਲਿਬਰਲ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿਚ ਹਾਰ ਦਿਖ ਰਹੀ ਹੈ। ਲਿਬਰਲ ਪਾਰਟੀ ਦੀ ਕਈ ਦਹਾਕੇ ਤੋਂ ਕੈਨੇਡਾ ਰਹਿ ਰਹੀ ਪੰਜਾਬੀ ਪ੍ਰਵਾਸੀ ਵਸੋਂ ਨਾਲ ਬਹੁਤ ਚੰਗੀ ਸਾਂਝ ਹੈ। ਪੰਜਾਬੀ, ਜਿਨ੍ਹਾਂ ਦੀ ਲਿਬਰਲ ਪਾਰਟੀ ਤੱਕ ਸਿੱਧੇ ਜਾਂ ਅਸਿੱਧੇ ਰੂਪ ਵਿਚ ਪਹੁੰਚ ਹੈ ਨੇ ਪਾਰਟੀ ਨੂੰ ਇਹ ਗੱਲ ਜਚਾ ਦਿੱਤੀ ਹੈ ਕਿ ਜੇਕਰ ਉਹ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀਆਂ ਦੀ ਸੰਖਿਆ ਨੂੰ ਰੈਗੂਲੇਟ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਪੰਜਾਬੀ ਅਸਰ ਵਾਲੇ ਹਲਕਿਆਂ ਵਿਚ ਆਉਣ ਵਾਲੀਆਂ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਮੁੱਖ ਕਾਰਨ ਵਧ ਰਹੀ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਿਕ ਉਪਰੀ ਢਾਂਚੇ ਦੀ ਕਮੀ ਹੋ ਜਾਣ ਕਾਰਨ ਆ ਰਹੀਆਂ ਕਿੱਲਤਾਂ ਹਨ। ਸੋ ਪ੍ਰਵਾਸ ਨੀਤੀ ਵਿਚ ਪਰਿਵਰਤਨ ਜੋ ਕਿ ਪੂੰਜੀਵਾਦੀ ਆਰਥਿਕ ਅਤੇ ਰਾਜਨੀਤਕ ਪ੍ਰਬੰਧ ਨੂੰ ਕਾਇਮ ਰੱਖਣ ਦਾ ਅਹਿਮ ਹਥਿਆਰ ਹੈ, ਵਿਚ ਫੇਰਬਦਲ ਦਾ ਕਾਰਨ ਕੈਨੇਡਾ ਦਾ ਰਾਜਨੀਤਕ ਆਰਥਿਕ ਸੰਕਟ ਹੈ।
ਪੰਜਾਬੀ ਜਵਾਨੀ ਦੀ ਹੋਣੀ
ਉਪਰੋਕਤ ਸੰਦਰਭ ਵਿਚ ਪ੍ਰਵਾਸ ਸੰਬੰਧੀ ਨੀਤੀਆਂ ਵਿਚ ਆਏ ਪਰਿਵਰਤਨ ਨੇ ਪੰਜਾਬ ਤੋਂ ਹੋਣ ਵਾਲੇ ਵਿਦਿਆਰਥੀ ਪ੍ਰਵਾਸ ਨੂੰ ਇਕ ਵਾਰ ਫੇਰ ਬੁੱਧੀਜੀਵੀਆਂ ਦੇ ਵਿਸ਼ਲੇਸ਼ਣ ਦੇ ਘੇਰੇ ਵਿਚ ਲੈ ਆਂਦਾ ਹੈ। ਪੰਜਾਬ ਦੇ ਅੰਦਰੂਨੀ ਆਰਥਿਕ-ਰਾਜਨੀਤਕ ਸੰਕਟ ਅਤੇ ਕੈਨੇਡਾ ਦੇ ਆਰਥਿਕ-ਰਾਜਨੀਤਕ ਪੰ੍ਰਬੰਧ ਦਾ ਪੰਜਾਬੀ ਦੀ ਨੌਜਵਾਨ ਪੀੜ੍ਹੀ ਦੀ ਹੋਣੀ ਨਾਲ ਕਿਹੋ ਜਿਹਾ ਸੰਬੰਧ ਬਣਦਾ ਹੈ, ਦਾ ਵੀ ਦਵੰਦਵਾਦੀ ਅਧਿਐਨ ਕਰਨਾ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕੈਨੇਡਾ ਦੀ ਪ੍ਰਵਾਸ ਨੀਤੀ ਵਿਚ ਆਏ ਪਰਿਵਰਤਨ ਦਾ। ਪੰਜਾਬੀ ਔਸਤਨ ਨੌਜਵਾਨ ਜੋ ਪੰਜਾਬ ਨੂੰ ਛੱਡ ਕੇ ਕੈਨੇਡਾ ਆਉਣ ਦੀ ਤਾਂਘ ਰੱਖਦਾ ਹੈ, ਉਹ ਕੈਨੇਡਾ ਦੀ ਸਸਤੀ ਕਿਰਤ ਸ਼ਕਤੀ ਦਾ ਹਿੱਸਾ ਬਣ ਕੇ ਰਹਿ ਜਾਂਦਾ ਹੈ। ਪੰਜਾਬ ਤੋਂ ਪ੍ਰਵਾਸ ਕਰਨ ਵਾਲੇ 95% ਤੋਂ ਵੀ ਵੱਧ ਨੌਜਵਾਨਾਂ ਦਾ ਉਦੇਸ਼ ਕੈਨੇਡਾ ਵਿਚ ਪੜ੍ਹ ਕੇ ਕੈਨੇਡਾ ਦੇ ਸੰਸਥਾਗਤ ਢਾਂਚੇ ਦਾ ਹਿੱਸਾ ਬਣਨਾ ਨਹੀਂ ਹੈ ਬਲਕਿ ਪੈਸੇ ਕਮਾਉਣ ਤੱਕ ਸੀਮਿਤ ਹੈ। ਇਸ ਕਰਕੇ ਉਹ ਪ੍ਰਵਾਸ ਏਜੰਟਾਂ ਤੋਂ ਕਦੇ ਇਹ ਪੁੱਛਣਾ ਵਾਜਬ ਨਹੀਂ ਸਮਝਦੇ ਕਿ ਜਿਹੜੇ ਕੋਰਸ ਅਤੇ ਕਾਲਜ ਵਿਚ ਏਜੰਟ ਉਨ੍ਹਾਂ ਨੂੰ ਭੇਜ ਰਿਹਾ ਹੈ ਉਸ ਦੀ ਕਿਰਤ ਬਾਜ਼ਾਰ ਵਿਚ ਕਿੰਨੀ-ਕੁ ਮੰਗ ਹੈ। ਪੰਜਾਬੀ ਨੌਜਵਾਨਾਂ ਦੀ ਇਹ ਪੜ੍ਹਾਈ ਅਤੇ ਕਾਲਜ ਨੂੰ ਆਪਣੀ ਕੈਨੇਡਾ ਵਾਲੀ ਜ਼ਿੰਦਗੀ ਵਿਚ ਸੈਕੰਡਰੀ ਜਾਂ ਮਨਫੀ ਕਰ ਦੇਣ ਦੀ ਪ੍ਰਵਿਰਤੀ ਕੈਨੇਡਾ ਦੇ ਪੂੰਜੀਵਾਦੀ ਪ੍ਰਬੰਧ ਲਈ ਪੂੰਜੀ ਦਾ ਕੰਮ ਕਰਦੀ ਹੈ। ਇਹ ਪੂੰਜੀ ਦਾ ਰੂਪ ਸਸਤੀ ਕਿਰਤ ਸ਼ਕਤੀ, ਪੜ੍ਹਨ ਅਤੇ ਕਾਲਜ ਜਾਣ ਦੀ ਇੱਛਾ ਨਾ ਰੱਖਣਾ, ਉੱਚ ਪੱਧਰੀ ਕਿਰਤ ਸ਼ਕਤੀ ਨਾਲ ਮੁਕਾਬਲੇ ਵਿਚ ਨਾ ਆਉਣਾ, ਸੰਸਥਾਗਤ ਢਾਂਚੇ ਦਾ ਹਿੱਸਾ ਨਾ ਬਣਨਾ, ਅੰਨ੍ਹਾ ਉਪਭੋਗਤਾਵਾਦ (ਹੇਪੲਰ ਚੋਨਸੁਮੲਰਸਿਮ), ਆਦਿ ਹਨ। ਇਹ ਪੂੰਜੀ ਕੈਨੇਡੀਅਨ ਪੂੰਜੀਵਾਦ ਸੰਕਟ ਦੇ ਹੱਲ ਲਈ ਸਭ ਤੋਂ ਢੁਕਵੀਂ ਹੈ। ਅਜੋਕੇ ਰੁਝਾਨ ਅਨੁਸਾਰ ਪੰਜਾਬੀ ਨੌਜਵਾਨ ਪੜ੍ਹਾਈ ਤੋਂ ਗੁਰੇਜ਼ ਰੱਖ ਕੇ ਅਤੇ ਕੈਨੇਡਾ ਦੇ ਪੱਕੇ ਵਸਨੀਕ ਬਣ ਕੇ ਇੱਥੋਂ ਦੀ ਰਾਜਨੀਤਕ ਜਮਾਤ ਲਈ ਵੋਟ ਬੈਂਕ ਤਾਂ ਬਣ ਸਕਦੇ ਹਨ ਪਰ ਕੈਨੇਡਾ ਦੇ ਆਰਥਿਕ ਅਤੇ ਸੰਸਥਾਗਤ ਢਾਂਚੇ ਦੇ ਥੰਮ੍ਹਾਂ (ਆਰਥਿਕ ਨੀਤੀਆਂ ਵਾਲੇ ਅਦਾਰੇ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ, ਆਦਿ) ਅੰਦਰ ਆਪਣੀ ਹੋਂਦ ਨਹੀਂ ਬਣਾ ਸਕਦੇ। ਇਸ ਦੇ ਉਲਟ ਚੀਨ, ਦੱਖਣੀ ਕੋਰੀਆ, ਇਜ਼ਰਾਈਲ, ਭਾਰਤੀ ਸੂਬੇ ਕੇਰਲਾ ਅਤੇ ਬੰਗਾਲ ਆਦਿ ਤੋਂ ਆਉਣ ਵਾਲੇ ਵਿਦਿਆਰਥੀਆਂ ਦਾ ਸਾਰਾ ਦਾਰੋਮਦਾਰ ਚੰਗੀ ਸਿੱਖਿਆ ਹਾਸਲ ਕਰ ਕੇ ਸੰਸਥਾਗਤ ਢਾਂਚੇ ਦਾ ਹਿੱਸਾ ਬਣਨਾ ਹੈ। ਇਹ ਰੁਝਾਨ ਪੰਜਾਬੀ ਵਿਦਿਆਰਥੀਆਂ ਦੀ ਛੇਤੀ-ਛੇਤੀ ਪਦਾਰਥਵਾਦੀ ਅਮੀਰ ਬਣਨ ਦੀ ਤਾਂਘ ਨੂੰ ਬਾਖੂਬੀ ਬਿਆਨ ਕਰਦਾ ਹੈ, ਜਿਸ ਦੇ ਸਾਹਮਣੇ ਬਹੁਤੇ ਵਿਦਿਆਰਥੀਆਂ ਲਈ ਸਭ ਕੁਝ ਫਿੱਕਾ ਹੈ। ਪੰਜਾਬੀ ਵਿਦਿਆਰਥੀਆਂ ਵਿਚ ਅਜਿਹਾ ਕਿਉਂ ਹੈ, ਇਕ ਵੱਖਰੇ ਲੇਖ ਦਾ ਹਿੱਸਾ ਹੋ ਸਕਦਾ ਹੈ। ਪਰ ਇਕ ਗੱਲ ਤੈਅ ਹੈ ਕਿ ਪੰਜਾਬੀ ਨੌਜਵਾਨ ਪੀੜ੍ਹੀ ਦੁਆਰਾ ਛੇਤੀ-ਛੇਤੀ ਪਦਾਰਥਵਾਦੀ ਅਮੀਰ ਬਣਨ ਨੂੰ ਪ੍ਰੱਮੁਖ ਰੱਖ ਕੇ ਆਪਣੇ ਚੰਗੇ ਭਵਿੱਖ ਵਿਚੋਂ ਉੱਚ-ਪੱਧਰੀ ਸਿੱਖਿਆ ਨੂੰ ਮਨਫੀ ਕਰ ਦੇਣਾ ਪੰਜਾਬੀ ਕੌਮ ਨੂੰ ਕੈਨੇਡਾ ਅਤੇ ਵਿਸ਼ਵ ਪੱਧਰ `ਤੇ ਇਕ ਸੂਝਵਾਨ ਕੌਮ ਬਣਨ ਅਤੇ ਉੱਚ ਸੰਸਥਾਗਤ ਢਾਂਚੇ ਨੂੰ ਸਮਝ ਕੇ ਉਸ ਦਾ ਹਿੱਸਾ ਬਣਨ ਜਾਂ ਉਸ ਨੂੰ ਕਿਸੇ ਬੇਹਤਰ ਢਾਂਚੇ ਵਿਚ ਪਰਿਵਰਤਨ ਕਰਨ ਦੀ ਪ੍ਰਤਿਭਾ ਨਾਲ ਮੇਲ ਨਹੀਂ ਖਾਂਦਾ।
ਸੋ ਅੰਤ ਵਿਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਜੋਕੇ ਸਾਮਰਾਜਵਾਦੀ ਮੁਲਕਾਂ ਦੀਆਂ ਵਿਦਿਆਰਥੀ/ਨੌਜਵਾਨ ਪ੍ਰਵਾਸ ਸਬੰਧੀ ਨੀਤੀਆਂ ਸਿੱਧੇ ਤੌਰ `ਤੇ ਉਨ੍ਹਾਂ ਮੁਲਕਾਂ ਦੇ ਪੂੰਜੀਵਾਦੀ ਜਮਾਤ ਦੇ ਸੰਕਟ ਨੂੰ ਹੱਲ ਕਰਨ ਨਾਲ ਸੰਬੰਧਤ ਹਨ। ਇਨ੍ਹਾਂ ਨੀਤੀਆਂ ਵਿਚ ਹਾਲ ਵਿਚ ਹੋਈ ਫੇਰ-ਬਦਲ ਦਾ ਸਿੱਧਾ ਸੰਬੰਧ ਪੰਜਾਬੀ ਵਿਦਿਆਰਥੀਆਂ, ਕੈਨੇਡੀਅਨ ਮਜ਼ਦੂਰ ਜਮਾਤ ਅਤੇ ਪੰਜਾਬ ਤੋਂ ਹੋਣ ਵਾਲੀ ਪੂੰਜੀ ਦੇ ਨਿਰਯਾਤ ਨਾਲ ਹੈ। ਇਸਦੇ ਨਾਲ-ਨਾਲ ਇਨ੍ਹਾਂ ਨੀਤੀਆਂ ਦੇ ਉਦੇਸ਼ਾਂ ਨੂੰ ਸਮਝੇ ਬਗੈਰ ਪੰਜਾਬ ਦੇ ਰਾਜਨੀਤਕ-ਆਰਥਿਕ ਸੰਕਟ ਤੋਂ ਨਿਕਲਣ ਵਾਲੀ ਨੌਜਵਾਨ ਪੀੜ੍ਹੀ ਜਿਹੜੀ ਸੋਚ ਨਾਲ ਕੈਨੇਡਾ ਜਾ ਕੇ ਜਿਸ ਨਵੇਂ ਰਾਜਨੀਤਕ-ਆਰਥਿਕ ਪ੍ਰਬੰਧ ਦਾ ਹਿੱਸਾ ਬਣਦੀ ਹੈ ਉਹ ਉਨ੍ਹਾਂ ਅਤੇ ਕੈਨੇਡੀਅਨ ਮਜ਼ਦੂਰ ਜਮਾਤ ਲਈ ਕੋਈ ਆਸ਼ਾਵਾਦੀ ਭਵਿੱਖ ਨਹੀਂ ਸਿਰਜ ਸਕਦੀ।