ਰਾਜਮੋਹਨ ਗਾਂਧੀ
ਅਨੁਵਾਦ: ਹਰਪਾਲ ਸਿੰਘ ਪੰਨੂ
ਸਿੱਖ ਇਤਿਹਾਸ ਵਿਚ ਪੋਹ ਦਾ ਪਹਿਲਾ ਪੰਦਰਵਾੜਾ ਸ਼ਹਾਦਤਾਂ ਦਾ ਪੰਦਰਵਾੜਾ ਹੈ। ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਸੂਬਾ ਸਰਹੰਦ ਨੇ ਨੀਂਹਾਂ ਵਿਚ ਚਿਣਾ ਕੇ ਸ਼ਹੀਦ ਕਰ ਦਿੱਤੇ।
ਇਸੇ ਦੌਰਾਨ ਮਾਤਾ ਗੁਜਰੀ ਦੀ ਵੀ ਮੌਤ ਹੋ ਗਈ। ਇਸ ਔਖੇ ਹਾਲਾਤ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਵਿਰੁੱਧ ਆਪਣੀ ਲੜਾਈ ਜਾਰੀ ਰੱਖੀ। ਉਸ ਹਾਲਾਤ ਬਾਰੇ ਚਾਨਣਾ ਪਾਉਂਦਾ ਇਹ ਲੇਖ ਉਘੇ ਇਤਿਹਾਸਕਾਰ ਰਾਜਮੋਹਨ ਗਾਂਧੀ ਦੀ ਕਿਤਾਬ ‘ਪੰਜਾਬ: ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ’ ਵਿਚੋਂ ਲਿਆ ਗਿਆ ਹੈ। ਇਸ ਕਿਤਾਬ ਦਾ ਅਨੁਵਾਦ ਪ੍ਰੋ. ਹਰਪਾਲ ਸਿੰਘ ਪੰਨੂ ਨੇ ਕੀਤਾ ਹੈ।
ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਦੇ ਰਾਜ ਵਿਚ ਸਿੱਖਾਂ ਦੀ ਕਮਾਨ ਸੰਭਾਲੀ। ਬਿਲਾਸਪੁਰ ਦੀ ਰਿਆਸਤ ਦੇ ਮਾਖੋਵਾਲ ਨਗਰ ਵਿਚ ਉਨ੍ਹਾਂ ਸਾਰੀਆਂ ਵਿਦਿਆਵਾਂ ਸਿੱਖੀਆਂ। ਇਸ ਥਾਂ ਨੂੰ ਹੁਣ ਆਨੰਦਪੁਰ ਸਾਹਿਬ ਕਿਹਾ ਜਾਂਦਾ ਹੈ। ਉਨ੍ਹਾਂ ਸੰਸਕ੍ਰਿਤ ਤੇ ਫਾਰਸੀ ਸਿੱਖੀ, ਘੋੜ ਸਵਾਰੀ, ਨੇਜ਼ੇਬਾਜ਼ੀ, ਤੀਰਅੰਦਾਜ਼ੀ ਵਿਚ ਨਿਪੁੰਨਤਾ ਹਾਸਲ ਕੀਤੀ। ਰਿਆਸਤੀ ਇਲਾਕਾ ਹੋਣ ਕਾਰਨ ਮੁਗਲਾਂ ਦੀ ਦਖ਼ਲਅੰਦਾਜ਼ੀ ਨਹੀਂ ਸੀ। ਇਸ ਪਹਾੜੀ ਇਲਾਕੇ ਦੇ ਹਿੰਦੂ, ਦੁਰਗਾ ਜਾਂ ਚੰਡੀ ਦੇ ਉਪਾਸ਼ਕ ਸਨ।
ਪਹਾੜੀ ਰਾਜਿਆਂ ਦੀਆਂ ਆਪਸ ਵਿਚ ਲੜਾਈਆਂ ਝਗੜੇ ਚੱਲਦੇ ਰਹਿੰਦੇ ਸਨ ਪਰ ਉਨ੍ਹਾਂ ਨੇ ਮੁਗਲਾਂ ਦੀ ਮਿਹਰਬਾਨੀ ਹਾਸਲ ਕਰ ਰੱਖੀ ਸੀ। ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਸਿੱਖਾਂ ਦੀ ਚੜ੍ਹਤ ਉਨ੍ਹਾਂ ਨੂੰ ਖ਼ਤਰਨਾਕ ਲੱਗੀ। ਗੁਰੂ ਜੀ ਕਾਰਨ ਔਰੰਗਜ਼ੇਬ ਗੁੱਸੇ ਵਿਚ ਆ ਸਕਦਾ ਸੀ। ਸਿਰਮੌਰ (ਨਾਹਨ) ਰਿਆਸਤ ਦੇ ਨਾਲ ਪਾਉਂਟਾ ਸਾਹਿਬ ਵਿਚ ਗੁਰੂ ਜੀ ਨੇ ਜਮਨਾ ਕਿਨਾਰੇ ਮਜ਼ਬੂਤ ਕਿਲ੍ਹਾ ਉਸਾਰ ਲਿਆ ਤੇ ਜੰਗੀ ਮਸ਼ਕਾਂ ਸ਼ੁਰੂ ਹੋ ਗਈਆਂ। ਇਨ੍ਹਾਂ ਕਾਰਨਾਂ ਕਰ ਕੇ ਭੰਗਾਣੀ ਦਾ ਯੁੱਧ ਹੋਇਆ। ਗੁਰੂ ਜੀ ਦੀਆਂ ਫੌਜਾਂ ਵਿਜਈ ਰਹੀਆਂ।
ਉਪਰੰਤ ਗੁਰੂ ਜੀ ਆਨੰਦਪੁਰ ਸਾਹਿਬ ਚਲੇ ਗਏ। ਇਥੇ ਸਤਲੁਜ ਦੇ ਕਿਨਾਰੇ ਕਿਲ੍ਹੇ ਦੀ ਉਸਾਰੀ ਕੀਤੀ। ਸਾਲ 1688 ਤੱਕ ਔਰੰਗਜ਼ੇਬ ਸਿਆਸੀ ਤਣਾਉ ਵਿਚੋਂ ਲੰਘ ਰਿਹਾ ਸੀ। ਬਗਾਵਤਾਂ ਦੀ ਲੜੀ ਕਾਰਨ ਅਫਸਰਾਂ ਉੱਪਰੋਂ ਯਕੀਨ ਉੱਠ ਰਿਹਾ ਸੀ। ਜੰਗਾਂ ਦੇ ਖਰਚੇ ਕਾਰਨ ਆਰਥਿਕਤਾ ਡਗਮਗਾਉਣ ਲੱਗੀ। ਅਫਸਰ ਪੰਜਾਬ ਦੇ ਕਿਸਾਨਾਂ ਤੋਂ ਕਰ ਨਚੋੜ ਰਹੇ ਸਨ, ਕਿਸਾਨੀ ਵਿਚ ਰੋਸ ਫੈਲ ਰਿਹਾ ਸੀ। ਲੱਖਾਂ ਦੀ ਫੌਜ ਨਾਲ ਜਦੋਂ ਬਾਦਸ਼ਾਹ ਕੂਚ ਕਰਦਾ; ਟੈਂਟ, ਖਾਧ ਪਦਾਰਥ, ਬਾਜ਼ਾਰ ਨਾਲ ਨਾਲ ਤੁਰਦੇ, ਘੋੜਿਆਂ, ਹਾਥੀਆਂ, ਊਠਾਂ ਦਾ ਮੀਲਾਂ ਲੰਮਾ ਕਾਰਵਾਂ ਚਲਦਾ ਰਹਿੰਦਾ।
ਦੱਖਣ ਵਿਚ ਬਾਦਸ਼ਾਹ ਪੰਜਾਬ ਦੀ ਖ਼ਬਰ ਰੱਖਦਾ। ਉਸ ਨੂੰ ਪਤਾ ਲੱਗਾ ਕਿ ਬਾਗੀ ਸਿੱਖ ਆਨੰਦਪੁਰ ਇਕੱਠੇ ਹੋ ਰਹੇ ਹਨ, 1693 ਵਿਚ ਉਸ ਨੇ ਆਪਣੇ ਅਫਸਰਾਂ ਨੂੰ ਕਿਹਾ ਕਿ ਉਥੋਂ ਸਿੱਖਾਂ ਨੂੰ ਖਿੰਡਾਉ। ਕੁਝ ਰਾਜੇ ਵਫਾਦਾਰ ਰਹੇ ਪਰ ਕੁਝ ਬਾਗੀ ਹੋ ਗਏ। ਬਾਗੀ ਰਾਜੇ ਗੁਰੂ ਗੋਬਿੰਦ ਸਿੰਘ ਦੀ ਹਮਾਇਤ ਵਿਚ ਆ ਗਏ। ਇਨ੍ਹਾਂ ਨੂੰ ਦਬਾਉਣ ਵਾਸਤੇ ਤਿੰਨ ਵਾਰ ਫੌਜ ਪਹਾੜੀਆਂ ਵਿਚ ਗਈ ਪਰ ਨਿਰਾਸਤਾ ਪੱਲੇ ਪਈ।
ਗੁਰੂ ਗੋਬਿੰਦ ਸਿੰਘ ਦੀ ਤਾਕਤ ਆਨੰਦਪੁਰ ਸਾਹਿਬ ਵਿਚ ਕੇਂਦਰਿਤ ਹੋ ਰਹੀ ਸੀ ਪਰ ਪ੍ਰਿਥੀ ਚੰਦ ਦਾ ਦੁਆਬ ਵਿਚ ਦਬਦਬਾ ਸੀ। ਪੱਛਮੀ ਪੰਜਾਬ ਦੀ ਥਾਂ ਗੁਰੂ ਜੀ ਨੂੰ ਫੌਜਾਂ ਸਤਲੁਜ ਦੇ ਪੂਰਬ ਵੱਲ ਹਿੰਦੁਸਤਾਨ ਵਿਚੋਂ ਮਿਲ ਰਹੀਆਂ ਸਨ। ਇਕ ਪਾਸੇ ਸਟੇਟ ਦੂਜੇ ਪਾਸੇ ਗੁਰੂ ਘਰ ਵਿਚਲੇ ਬਾਗੀਆਂ ਦਾ ਰਵੱਈਆ ਮਿਲ ਕੇ ਖ਼ਤਰਾ ਖੜ੍ਹਾ ਕਰ ਸਕਦਾ ਸੀ ਜਿਸ ਵਾਸਤੇ ਖਾਲਸਾ ਸਾਜਣ ਦਾ ਅਹਿਮ ਫੈਸਲਾ ਕੀਤਾ।
ਦੂਰ ਦੁਰਾਡੇ ਹੁਕਮਨਾਮੇ ਭੇਜ ਕੇ ਵਿਸਾਖੀ 1699 ਨੂੰ ਸੰਗਤਾਂ ਆਨੰਦਪੁਰ ਸੱਦੀਆਂ। ਭਾਰੀ ਇਕੱਠ ਹੋਇਆ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ ਕੇ ਪੰਜ ਸਿੱਖਾਂ ਨੂੰ ਛਕਾਇਆ, ਫਿਰ ਉਨ੍ਹਾਂ ਪੰਜਾਂ ਨੂੰ ਅਧਿਕਾਰ ਦਿੱਤਾ ਕਿ ਉਹ ਹੁਣ ਖ਼ੁਦ ਅੰਮ੍ਰਿਤ ਛਕਾ ਸਕਦੇ ਹਨ। ਗੁਰੂ ਜੀ ਨੇ ਆਪ ਇਨ੍ਹਾਂ ਤੋਂ ਅੰਮ੍ਰਿਤ ਛਕਿਆ। ਅੰਮ੍ਰਿਤਧਾਰੀ ਸਿੱਖ ਆਪਣੇ ਨਾਮ ਨਾਲ ਸਿੰਘ ਅਤੇ ਔਰਤਾਂ ਕੌਰ ਲਾਉਣਗੀਆਂ। ਔਰੰਗਜ਼ੇਬ ਦੇ ਰਾਜ ਵਿਚ ਰਾਜਪੂਤ ਮਨਸਬਦਾਰ ਆਪਣੇ ਨਾਮ ਨਾਲ ਸਿੰਘ ਲਿਖਦੇ ਸਨ ਪਰ ਹੁਣ ਧੰਨ ਭਾਗ, ਜਿੰਨੀ ਮਰਜ਼ੀ ਨੀਵੀਂ ਜਾਤ ਹੋਵੇ, ਅੰਮ੍ਰਿਤ ਛਕ ਕੇ ਹਰੇਕ ਮਿੰਟਾਂ ਵਿਚ ਸਿੰਘ ਹੋ ਸਕਦਾ ਸੀ। ਕਿਤੇ ਵੀ ਪੰਜ ਸਿੰਘ ਅੰਮ੍ਰਿਤ ਸੰਚਾਰ ਕਰ ਸਕਦੇ ਸਨ। ਇਹ ਅਧਿਕਾਰ ਰਾਮ ਰਾਇ, ਧੀਰ ਮੱਲ ਜਾਂ ਪ੍ਰਿਥੀ ਚੰਦ ਕੋਲ ਨਹੀਂ ਸੀ। ਇਸ ਇਕ ਘਟਨਾ ਤੋਂ ਬਾਅਦ ਆਮ ਆਦਮੀ ਨੂੰ ਸਵੈਮਾਨ, ਸ਼ਕਤੀ, ਬਰਾਬਰੀ, ਨਵਾਂ ਜਨਮ, ਉੱਚੀ ਹਸਤੀ ਸਭ ਕੁਝ ਮਿਲ ਗਿਆ। ਤੇਤੀ ਸਾਲ ਦੀ ਉਮਰ ਵਿਚ ਏਨੇ ਵੱਡੇ ਹੱਕ ਦੇ ਕੇ ਗੁਰੂ ਜੀ ਨੇ ਲਤਾੜੀ ਮਨੁੱਖਤਾ ਨਾਲ ਪੀਡਾ ਰਿਸ਼ਤਾ ਗੰਢਿਆ।
ਆਨੰਦਪੁਰ ਦੀ ਇਸ ਸੈਨਾ ਤੋਂ ਪਹਾੜੀ ਰਾਜਿਆਂ ਨੂੰ ਖ਼ਤਰਾ ਮਹਿਸੂਸ ਹੋਣਾ ਹੀ ਸੀ। ਉਨ੍ਹਾਂ ਮੁਗਲ ਸਰਕਾਰ ਨੂੰ ਦਖ਼ਲ ਦੇਣ ਲਈ ਕਿਹਾ। ਮੁਗਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਆਨੰਦਪੁਰ ਨੂੰ ਘੇਰਾ ਪਾ ਲਿਆ। ਆਖ਼ਰ ਫੈਸਲਾ ਹੋਇਆ ਕਿ ਗੁਰੂ ਜੀ ਇਹ ਥਾਂ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਣ। ਫੌਜਾਂ ਪਿਛੇ ਹਟ ਗਈਆਂ। ਭੀਮ ਚੰਦ ਨੇ ਜਾਂਦੀ ਸਿੱਖ ਸੈਨਾ ਤੇ ਹਮਲਾ ਕਰ ਦਿੱਤਾ ਤਾਂ ਬੁਰੀ ਤਰ੍ਹਾਂ ਪਛਾੜ ਦਿੱਤਾ ਗਿਆ। ਗੁਰੂ ਜੀ ਫਿਰ ਆਨੰਦਪੁਰ ਪਰਤ ਆਏ। ਸਿੱਖ ਸੈਨਾ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ। ਪਹਾੜੀ ਰਾਜੇ ਫਿਰ ਸਰਕਾਰ ਤੋਂ ਮਦਦ ਮੰਗਣ ਲੱਗੇ।
ਸੈਨਾਵਾਂ ਨੇ ਫਿਰ ਆਨੰਦਪੁਰ ਦੀ ਘੇਰਾਬੰਦੀ ਕਰ ਲਈ। ਆਖ਼ਰ ਦਸੰਬਰ 1704 ਨੂੰ ਜਦੋਂ ਫੌਜਦਾਰਾਂ ਨੇ ਕੁਰਾਨ ਉੱਪਰ ਸਹੁੰ ਲਿਖ ਕੇ ਭੇਜੀ ਕਿ ਤੁਹਾਡਾ ਕੋਈ ਨੁਕਸਾਨ ਨਹੀਂ ਕਰਾਂਗੇ, ਆਨੰਦਪੁਰ ਛੱਡ ਦਿਉ, ਗੁਰੂ ਜੀ ਸੈਨਾ ਸਹਿਤ ਕਿਲ੍ਹੇ ਵਿਚੋਂ ਬਾਹਰ ਆ ਗਏ ਪਰ ਕਸਮਾਂ ਝੂਠੀਆਂ ਸਾਬਤ ਹੋਈਆਂ ਜਦੋਂ ਰੋਪੜ ਲਾਗੇ ਸਰਸਾ ਨਦੀ ਦੇ ਕਿਨਾਰੇ ਮੁਗਲਾਂ ਨੇ ਮੁੜ ਹਮਲਾ ਕਰ ਦਿੱਤਾ।
ਵੱਡੇ ਦੋ ਸਾਹਿਬਜ਼ਾਦੇ ਅਤੇ ਗੁਰੂ ਜੀ ਸੁਰੱਖਿਅਤ ਰਹੇ ਪਰ ਉਹਨਾਂ ਦੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਸੁੰਦਰੀ ਜੀ ਵਿਛੜ ਗਏ। ਚਮਕੌਰ ਸਾਹਿਬ ਦੀ ਲੜਾਈ ਵਿਚ ਵੱਡੇ ਸਾਹਿਬਜ਼ਾਦੇ ਅਤੇ ਸਮਰਥਕ ਸਿੰਘ ਸਭ ਸ਼ਹੀਦ ਹੋ ਗਏ। ਗੁਰੂ ਜੀ ਨੇ ਕਿਹਾ- ਮੇਰੇ ਬੇਟੇ ਸ਼ਹਾਦਤ ਤੋਂ ਭੱਜਣਗੇ ਨਹੀਂ।
ਗੁਰੂ ਜੀ ਦੀ ਤਲਾਸ਼ ਵਿਚ ਮੁਗਲ ਫੌਜ ਜਦੋਂ ਪਿੱਛਾ ਕਰ ਰਹੀ ਸੀ, ਨਬੀ ਖਾਨ ਤੇ ਗਨੀ ਖਾਨ ਦੋ ਪਠਾਣਾਂ ਨੇ ਗੁਰੂ ਜੀ ਨੂੰ ਉਚ ਦਾ ਪੀਰ ਕਹਿ ਕੇ ਬਚਾਇਆ। ਇਹ ਤਾਂ ਇਕ ਘਟਨਾ ਹੈ; ਇਹੋ ਜਿਹੀਆਂ ਅਨੇਕ ਘਟਨਾਵਾਂ ਅਣਲਿਖਤ ਹਨ ਜਿੱਥੇ ਮੁਸਲਮਾਨਾਂ ਨੇ ਗੁਰੂਆਂ ਅਤੇ ਸਿੱਖਾਂ ਦੀ ਮਦਦ ਕੀਤੀ। ਉਨ੍ਹਾਂ ਦੀ ਸ਼ਖਸੀਅਤ ਹੀ ਅਜਿਹੀ ਸੀ। ਛੋਟੇ ਸਾਹਿਬਜ਼ਾਦੇ ਅਤੇ ਦਾਦੀ ਮਾਂ ਗੰਗੂ ਦੀ ਗੱਦਾਰੀ ਸਦਕਾ ਗ੍ਰਿਫਤਾਰ ਹੋ ਗਏ। ਕੁਝ ਥਾਵਾਂ ’ਤੇ ਲਿਖਿਆ ਮਿਲਦਾ ਹੈ ਕਿ ਉਹ ਜਿਊਂਦੇ ਨੀਂਹਾਂ ਵਿਚ ਚਿਣੇ ਗਏ। ਕੁਝ ਥਾਵਾਂ ’ਤੇ ਕਤਲ ਕਰ ਦੇਣ ਬਾਰੇ ਲਿਖਿਆ ਹੈ। ਦਾਦੀ ਮਾਂ ਗੁਜਰੀ ਸਦਮਾ ਬਰਦਾਸ਼ਤ ਨਾ ਕਰਦਿਆਂ ਪ੍ਰਾਣ ਛੱਡ ਗਈ।
ਸਰਹਿੰਦ ਨਜ਼ਦੀਕ ਮਲੇਰਕੋਟਲਾ ਸ਼ਹਿਰ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਬੱਚਿਆਂ ਨੂੰ ਕਤਲ ਕਰਨ ਵਿਰੁੱਧ ਇਤਰਾਜ਼ ਕੀਤਾ। ਇਕ ਸਿੱਖ ਨੇ ਮਾਤਾ ਸੁੰਦਰੀ ਜੀ ਨੂੰ ਦਿੱਲੀ ਪੁਚਾਇਆ। ਜਦੋਂ ਗੁਰੂ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਿਲੀ, ਗੋਡਿਆਂ ਭਾਰ ਹੋ ਕੇ ਹੱਥ ਫੈਲਾ ਕੇ ਉਹਨਾਂ ਰੱਬ ਨੂੰ ਕਿਹਾ- ਤੁਹਾਡੇ ਖਜ਼ਾਨੇ ਤੁਹਾਨੂੰ ਵਾਪਸ ਕੀਤੇ। ਫਿਰ ਕਿਰਪਾਨ ਦੀ ਨੋਕ ਨਾਲ ਘਾਹ ਦੀ ਜੜ੍ਹ ਕੱਢਦਿਆਂ ਕਿਹਾ- ਜ਼ਾਲਮ ਹਕੂਮਤ ਦੀ ਹੁਣ ਇਉਂ ਜੜ੍ਹ ਉੱਖੜੇਗੀ।
ਖਾਲਸਾ ਫਿਰ ਗੁਰੂ ਜੀ ਦੇ ਨਜ਼ਦੀਕ ਜੁੜਨਾ ਸ਼ੁਰੂ ਹੋ ਗਿਆ। ਸਤਲੁਜ ਦੇ ਕਿਨਾਰੇ ਕਿਨਾਰੇ ਲੱਖੀ ਜੰਗਲ ਵਿਚੋਂ ਦੀ ਉਹ ਬਠਿੰਡੇ ਵੱਲ ਵਧੇ। ਇਕ ਰੱਬ, ਇਕ ਗੁਰੂ, ਇਕ ਜ਼ਬਾਨ, ਇਕ ਮਨੋਰਥ, ਊਚ ਨਾ ਨੀਚ, ਜਾਤ ਨਾ ਪਾਤ, ਇਹ ਗਿਣਤੀ ਵਧਦੀ ਰਹੀ ਤੇ ਜੱਟ ਅੰਮ੍ਰਿਤ ਛਕ ਕੇ ਖਾਲਸੇ ਵਿਚ ਸ਼ਾਮਲ ਹੁੰਦੇ ਰਹੇ।
ਕੁਝ ਜੱਟਾਂ ਕੋਲ ਧਨ ਅਤੇ ਜ਼ਮੀਨ ਪਹਿਲੋਂ ਹੀ ਕਾਫੀ ਸੀ। ਮਾਝੇ ਅਤੇ ਮਾਲਵੇ ਵਿਚ ਕਈ ਵੱਡੇ ਜ਼ਿਮੀਂਦਾਰ ਸਨ। ਇਹ ਗੁਰੂ ਜੀ ਲਈ ਸਹਾਇਕ ਹੋਏ। ਪੰਜਾਬ ਦੀ ਬਹੁਗਿਣਤੀ ਮੁਸਲਮਾਨ ਵਸੋਂ ਨੇ ਅਜਿਹੀ ਕੋਈ ਜਥੇਬੰਦੀ ਤਿਆਰ ਨਹੀਂ ਕੀਤੀ ਜੋ ਪੰਜਾਬ ਉੱਪਰ ਰਾਜ ਕਰਨ ਲਈ ਹੰਭਲਾ ਮਾਰੇ। ਮੁਸਲਮਾਨ ਰਈਸ ਵੱਡੇ ਜ਼ਿਮੀਂਦਾਰ ਸਨ, ਸੂਫੀਆਂ ਦੇ ਅਣਗਿਣਤ ਮੁਰੀਦ ਸਨ, ਤਕੜੇ ਮੁਸਲਮਾਨ ਕਬੀਲੇ ਸਨ, ਜੱਟ ਤੇ ਰਾਜਪੂਤ ਵੀ ਸਨ ਪਰ ਕਿਸੇ ਨੇ ਸਵਰਾਜ ਵਾਸਤੇ ਯਤਨ ਨਹੀਂ ਕੀਤਾ।
ਮੁਸਲਮਾਨ ਜਾਂ ਗ਼ੈਰ-ਮੁਸਲਮਾਨ, ਪੰਜਾਬੀਆਂ ਨੂੰ ਤਾਂ ਜਾਨ ਬਚਾਉਣ ਦਾ ਫਿਕਰ ਖਾਈ ਜਾਂਦਾ। ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਵਾਢ ਪਈ ਰਹਿੰਦੀ, ਸੋ ਦਿਨ ਕਟੀ ਕਰੀ ਚਲੋ। ਕਦੀ ਕਦਾਈਂ ਗੱਖੜ, ਜੰਜੂਏ ਤੇ ਭੱਟੀ ਧਾੜਵੀਆਂ ਵਿਰੁੱਧ ਜੂਝਦੇ ਪਰ ਕਿੰਨਾ ਕੁ ਚਿਰ? ਤੁਰਾਨੀ, ਇਰਾਨੀ, ਰਾਜਪੂਤ, ਅਫਗਾਨ ਲੜਨ ਮਰਨ ਜਾਂ ਰਾਜ ਕਰਨ, ਸਾਡੀ ਜਾਨ ਬਚੇ; ਲੱਗਦਾ ਹੈ, ਪੰਜਾਬ ਇਸ ਨੀਤੀ ਵਿਚੋਂ ਲੰਘ ਰਿਹਾ ਸੀ।
ਵੱਡਾ ਜ਼ਿਮੀਂਦਾਰ ਛੋਟੀ ਕਿਸਾਨੀ ਤੋਂ ਕਰ ਉਗਰਾਹ ਕੇ ਹਕੂਮਤ ਹਵਾਲੇ ਕਰ ਦਿੰਦਾ। ਪਰਜਾ ਅਤੇ ਸਰਕਾਰ ਵਿਚਕਾਰ ਇਹੋ ਪੁਲ ਹੁੰਦਾ। ਜ਼ਿਮੀਂਦਾਰ ਅਕਸਰ ਮੁਸਲਮਾਨ ਹੁੰਦਾ, ਅਮੀਰ ਹੋਣ ਕਰ ਕੇ ਰਸੂਖ ਵਾਲਾ ਹੁੰਦਾ। ਉਸ ਕੋਲ ਆਪਣੇ ਸਥਾਨਕ ਲੱਠਮਾਰ ਹੁੰਦੇ ਜ਼ਰੂਰ ਪਰ ਕੁਰਸੀ ਜੰਗ ਵਿਚ ਉਹ ਕਿਸੇ ਧਿਰ ਦਾ ਸਾਥ ਨਾ ਦਿੰਦਾ ਕਿਉਂਕਿ ਅਜਿਹਾ ਕਰਨਾ ਅੱਗ ਨਾਲ ਖੇਡਣਾ ਸੀ।
ਮੁਗਲ ਪ੍ਰਸ਼ਾਸਨ ਵਿਚ ਉੱਚਾ ਰੁਤਬਾ ਜਾਂ ਫੌਜਾਂ ਦੀ ਕਮਾਨ ਹਾਸਲ ਕਰਨ ਵਿਚ ਖ਼ਤਰੇ ਹੀ ਖ਼ਤਰੇ ਸਨ। ਲੰਮਾ ਸਮਾਂ ਪਰਦੇਸੀ ਫੌਜਾਂ ਪੰਜਾਬ ਉੱਪਰ ਛਾਈਆਂ ਰਹੀਆਂ ਤਾਂ ਪੰਜਾਬੀ ਮੁਸਲਮਾਨਾਂ ਨੂੰ ਅਹਿਸਾਸ ਹੋ ਗਿਆ ਕਿ ਰਾਜ ਭਾਗ ਉਨ੍ਹਾਂ ਦੀ ਕਿਸਮਤ ਵਿਚ ਨਹੀਂ। ਮੁਗਲਾਂ ਨੇ ਪੰਜਾਬੀਆਂ ਨੂੰ ਰਾਜ ਵਿਚ ਭਾਗੀਦਾਰ ਬਣਾਉਣ ਲਈ ਕੋਈ ਰੁਚੀ ਨਹੀਂ ਦਿਖਾਈ। ਮੁਗਲ ਸਰਕਾਰ ਨੂੰ ਇਹ ਫੁਰਨਾ ਫੁਰਿਆ ਹੀ ਨਾ।
ਇਕ ਆਧੁਨਿਕ ਲੇਖਕ ਦਾ ਕਥਨ ਹੈ- ਜਿਹੜਾ ਸਮਰੱਥ ਧੜਾ ਪੰਜਾਬ ਦੀ ਵਾਗਡੋਰ ਫੜੀ ਬੈਠਾ ਹੈ, ਉਸ ਵਿਚ ਪੰਜਾਬੀ ਮੁਸਲਮਾਨ ਨਾਂ-ਮਾਤਰ ਹੈ। ਸਾਲ 1526 ਤੋਂ 1748 ਤੱਕ ਦਿੱਲੀ ਹਕੂਮਤ ਤੁਰਕ, ਇਰਾਨੀ ਜਾਂ ਪਠਾਣ ਨੂੰ ਪੰਜਾਬ ਦਾ ਸੂਬੇਦਾਰ ਥਾਪਦੀ ਜਾਂ ਇਨ੍ਹਾਂ ਦੇਸਾਂ ਦੇ ਭਾਰਤ ਵਸਦੇ ਪੁੱਤਰਾਂ ਨੂੰ। ਕਿਸੇ ਪੰਜਾਬੀ ਨੂੰ ਇਸ ਕਰ ਕੇ ਹਕੂਮਤ ਵਿਚ ਇੱਜ਼ਤ, ਹਿੱਸੇਦਾਰੀ ਨਹੀਂ ਮਿਲ ਸਕਦੀ ਕਿ ਉਹ ਮੁਸਲਮਾਨ ਹੈ।
ਜਿਹੜਾ ਕਾਫਲਾ ਆਨੰਦਪੁਰ ਤੋਂ ਬਠਿੰਡੇ ਵੱਲ ਵਧ ਰਿਹਾ ਸੀ, ਉਸ ਵਿਚ ਚੋਖੀ ਗਿਣਤੀ ਮੁਸਲਮਾਨਾਂ ਦੀ ਵੀ ਸੀ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦਾ ਮੁਸਲਮਾਨ ਸਿੱਖ ਦੀ ਨਸਲਕੁਸ਼ੀ ਵਕਤ ਮੁਗਲਾਂ ਦਾ ਸਮਰਥਕ ਨਹੀਂ ਰਿਹਾ। ਮੁਗਲ ਹਕੂਮਤ ਧਾੜਵੀਆਂ ਤੋਂ ਬਚਾਉ ਕਰ ਰਹੀ ਹੈ, ਸੋ ਠੀਕ ਪਰ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਪੰਜਾਬੀ ਮੁਸਲਮਾਨ ਸਿੱਖਾਂ ਦਾ ਸ਼ਿਕਾਰ ਕਰਨ ਲੱਗ ਜਾਣ।
ਸਤਾਹਰਵੀਂ ਸਦੀ ਖ਼ਤਮ ਹੋਈ, ਅਠਾਹਰਵੀਂ ਚੜ੍ਹੀ। ਗੁਰੂ ਜੀ ਦੀ ਖਾਲਸਾ ਫੌਜ ਤੋਂ ਇਲਾਵਾ ਪੰਜਾਬ ਵਿਚ ਪੰਜਾਬੀਆਂ ਦਾ ਹੋਰ ਕੋਈ ਜੁਝਾਰੂ ਸੰਗਠਨ ਨਹੀਂ ਸੀ। ਹੁਣ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਇਕੋ-ਇਕ ਨਿਸ਼ਾਨਾ ਬਚਦਾ ਸੀ ਜਿਸ ਨਾਲ ਟੱਕਰ ਯਕੀਨੀ ਹੈ। ਸਿੱਖ ਸਰੋਤ ਦੱਸਦੇ ਹਨ ਕਿ ਮਲੇਰਕੋਟਲੇ ਦਾ ਨਵਾਬ ਅਤੇ ਵਜ਼ੀਰ ਖਾਨ ਰਿਸ਼ਤੇਦਾਰ ਸਨ ਤਾਂ ਅਸੀਂ ਇਸ ਨਤੀਜੇ ’ਤੇ ਅੱਪੜ ਜਾਂਦੇ ਹਾਂ ਕਿ ਇਨ੍ਹਾਂ ਦਾ ਪਿਛੋਕੜ ਅਫਗਾਨ ਹੈ। ਵਜ਼ੀਰ ਖਾਨ ਨੇ ਮੁਕਤਸਰ ਤੱਕ ਗੁਰੂ ਜੀ ਦਾ ਪਿੱਛਾ ਕੀਤਾ ਪਰ ਸਫਲ ਨਹੀਂ ਹੋ ਸਕਿਆ।
ਔਰੰਗਜ਼ੇਬ ਪੰਜਾਬ ਵਿਚਲੀਆਂ ਘਟਨਾਵਾਂ ਦੇਖ ਰਿਹਾ ਸੀ। ਦੱਖਣ ਵਿਚ ਉਲਝਿਆ ਹੋਣ ਕਰ ਕੇ ਉਹ ਨਹੀਂ ਸੀ ਚਾਹੁੰਦਾ ਕਿ ਪੰਜਾਬ ਵਿਚ ਬਗਾਵਤ ਉੱਠੇ। ਉਸ ਨੇ ਆਪਣਾ ਦੂਤ ਖ਼ਤ ਦੇ ਕੇ ਭੇਜਿਆ ਕਿ ਗੁਰੂ ਜੀ ਚਾਹੁਣ ਤਾਂ ਕੋਈ ਇਲਾਕਾ ਲੈ ਲੈਣ। ਗੁਰੂ ਜੀ ਨੇ ‘ਜ਼ਫਰਨਾਮਾ’ ਲਿਖ ਕੇ ਜਵਾਬ ਭੇਜਿਆ ਜਿਸ ਵਿਚ ਬਾਦਸ਼ਾਹ ਦੀ ਬੇਵਫਾਈ ਦਾ ਜ਼ਿਕਰ ਹੈ; ਤਾਂ ਵੀ ਇਕ ਦੂਜੇ ਨੂੰ ਮਿਲਣ ਵਿਚ ਕੋਈ ਹਰਜ ਨਹੀਂ।
1705 ਵਿਚ ਲਿਖੇ ਇਸ ਖ਼ਤ ਵਿਚ ਦਰਜ ਹੈ ਕਿ ਕੁਰਾਨ ਉੱਪਰ ਸਹੁੰ ਲਿਖ ਕੇ ਸੈਨਾਪਤੀਆਂ ਨੇ ਵਾਅਦਾ-ਖਿਲਾਫੀ ਕੀਤੀ, ‘ਮੇਰਾ ਰੱਬ ਜੋ ਦੁਸ਼ਮਣਾਂ ਦਾ ਨਾਸ ਕਰਦਾ ਹੈ, ਮੇਰੇ ’ਤੇ ਮਿਹਰਬਾਨ ਹੈ, ਉਸ ਨੇ ਮੇਰੀ ਰੱਖਿਆ ਕੀਤੀ।` ਇਸ ਖ਼ਤ ਨੇ ਔਰੰਗਜ਼ੇਬ ਨੂੰ ਯਾਦ ਕਰਾਇਆ ਕਿ ਸੰਸਾਰ ਫਾਨੀ ਹੈ, ਰੱਬ ਸਖ਼ਤ ਜੱਜ ਹੈ। ਜਿਨ੍ਹਾਂ ਨੇ ਪੰਜਾਬ ਉੱਪਰ ਜ਼ੁਲਮ ਢਾਹੇ, ਉਨ੍ਹਾਂ ਨੂੰ ਸਜ਼ਾ ਮਿਲੇਗੀ। ਗੁਰੂ ਜੀ ਨੂੰ ਸ਼ਾਂਤ ਕਰਨ ਲਈ ਔਰੰਗਜ਼ੇਬ ਨੇ ਪੰਜਾਬ ਦੇ ਸੂਬੇਦਾਰ ਮੁਨੀਮ ਖ਼ਾਨ ਨੂੰ ਕਿਹਾ ਕਿ ਉਹ ਗੁਰੂ ਜੀ ਨੂੰ ਮਿਲੇ ਤੇ ਮਨਾਵੇ ਕਿ ਸਾਡਾ ਦੱਖਣ ਵਿਚ ਮੇਲ ਹੋ ਸਕੇ। ਗੁਰੂ ਜੀ ਜੋ ਚਾਹੁਣ, ਦਿੱਤਾ ਜਾਵੇ। ਗੁਰੂ ਜੀ ਨੇ ਕੀ ਲੈਣਾ ਸੀ ਪਰ ਉਹ ਔਰੰਗਜ਼ੇਬ ਨੂੰ ਮਿਲਣ ਵਾਸਤੇ ਰਜ਼ਾਮੰਦ ਹੋ ਗਏ। ਜਦੋਂ ਔਰੰਗਜ਼ੇਬ ਨੂੰ ਮਿਲਣ ਲਈ ਦੱਖਣ ਵੱਲ ਜਾ ਰਹੇ ਸਨ, ਰਾਜਸਥਾਨ ਵਿਚ ਮਾਰਚ 1707 ਨੂੰ ਪਤਾ ਲੱਗਾ ਕਿ ਉਸ (ਔਰੰਗਜ਼ੇਬ) ਦੀ ਮੌਤ ਹੋ ਗਈ ਹੈ।
ਅਠਾਸੀ ਸਾਲਾਂ ਦਾ ਔਰੰਗਜ਼ੇਬ ਫਰਵਰੀ 1707 ਵਿਚ ਮਹਾਰਾਸ਼ਟਰ ਦੇ ਸ਼ਹਿਰ ਔਰੰਗਾਬਾਦ ਵਿਚ ਪੰਜਾਬ ਅਤੇ ਦਿੱਲੀ ਤੋਂ ਦੂਰ ਫੌਜੀ ਕੈਂਪ ਵਿਚ ਬੈਠਾ ਸੀ। ਉਸ ਦਾ ਕੱਦ ਛੋਟਾ, ਨੱਕ ਲੰਮਾ, ਗੋਲ ਦਾੜ੍ਹੀ, ਜ਼ੈਤੂਨੀ ਚਮੜੀ, ਮਖਮਲ ਦਾ ਲਿਬਾਸ ਪਹਿਨਦਾ ਤੇ ਹਰ ਵਕਤ ਰੁਝਿਆ ਦਿਖਾਈ ਦਿੰਦਾ। ਕਦੀ ਕਦਾਈਂ ਉਸ ਦੇ ਚਿਹਰੇ ’ਤੇ ਮੁਸਕਾਨ ਹੁੰਦੀ। ਉਸ ਦੇ ਰਾਜ ਕਾਲ ਦੌਰਾਨ ਮੁਗਲ ਹਕੂਮਤ ਦੂਰ ਦੁਰਾਡੀਆਂ ਹੱਦਾਂ ਤੱਕ ਪੁੱਜੀ।
ਇੰਨੇ ਵੱਡੇ ਖਲਾਰੇ ਨੇ ਆਖਰ ਟੁੱਟਣਾ ਸੀ। ਸਿੱਖ, ਜੱਟ, ਮਰਾਠੇ, ਪਖਤੂਨ ਬਗਾਵਤ ਦੇ ਮੂਡ ਵਿਚ ਸਨ। ਬਾਦਸ਼ਾਹ ਦਾ ਸੰਜਮੀ ਸੁਭਾਅ ਕੀ ਕਰੇ ਜਦੋਂ ਫੌਜਾਂ ਦੇ ਗਤੀਸ਼ੀਲ ਕੈਂਪ ਧਨ ਦਾ ਸਫਾਇਆ ਕਰੀ ਜਾ ਰਹੇ ਹੋਣ। ਔਰੰਗਜ਼ੇਬ ਦਾ ਸੁੰਨੀ ਇਸਲਾਮ ਕੀ ਕਰੇਗਾ ਜੇ ਗੈਰ-ਮੁਸਲਿਮ ਆਬਾਦੀ ਬਾਗੀ ਹੋ ਗਈ। ਮੁਸਲਮਾਨ ਵੀ ਉਸ ਦੇ ਕੱਟੜ ਸੁਭਾਅ ਕਾਰਨ ਬੇਚੈਨ ਸਨ।
ਬੁੱਢੇ ਬਾਦਸ਼ਾਹ ਉੱਪਰ ਉਦਾਸੀ, ਗਿਲਾਨੀ ਅਤੇ ਡਰ ਦੇ ਬੱਦਲ ਛਾਏ ਹੋਏ ਸਨ। ਛੋਟਾ ਲਾਡਲਾ ਸ਼ਹਿਜ਼ਾਦਾ ਅਕਬਰ ਮਰਾਠਿਆਂ ਨਾਲ ਰਲ ਗਿਆ ਸੀ, ਜਦੋਂ ਬਗਾਵਤ ਦਬਾਉਣ ਲਈ ਸੈਨਾ ਨੇ ਦੱਖਣ ਕੂਚ ਕੀਤਾ ਤਾਂ ਉਹ ਇਰਾਨ ਵਿਚ ਜਾ ਲੁਕਿਆ। ਦੂਜੇ ਸ਼ਹਿਜ਼ਾਦੇ ਨੂੰ ਔਰੰਗਜ਼ੇਬ ਨੇ ਕੈਦ ਵਿਚ ਸੁੱਟ ਦਿੱਤਾ ਸੀ ਜਿਥੇ ਉਹ ਮਰ ਗਿਆ। ਮੌਤ ਵੇਲੇ ਜਿਹੜੇ ਨੇੜੇ ਤੇੜੇ ਸਨ, ਮੁਅੱਜ਼ਮ ਸਭ ਤੋਂ ਵੱਡਾ ਵੀ ਪਿਤਾ ਦੇ ਹੁਕਮ ਮੂਜਬ ਕੈਦ ਭੁਗਤ ਚੁੱਕਾ ਸੀ, ਹੁਣ ਕਾਬਲ ਵਿਖੇ ਵਾਇਸਰਾਇ ਸੀ। ਆਜ਼ਮ ਕੈਂਪ ਵਿਚ ਨਾਲ ਹੀ ਸੀ। ਛੋਟਾ ਕਾਮਬਖਸ਼ ਦੱਖਣ ਵਿਚ ਬੀਜਾਪੁਰ ਰਿਆਸਤ ਵਿਚ ਸੀ।
ਕਾਮਬਖਸ਼ ਬੇਗਮ ਉਦੇਪੁਰੀ ਵਿਚੋਂ ਸੀ। ਬੇਹੱਦ ਖੂਬਸੂਰਤ ਇਹ ਬੇਗਮ ਕਾਕੇਸ਼ੀਆ ਦੀ ਸੀ, ਇਸਾਈ ਸੀ, ਨਿੱਕੀ ਉਮਰੇ ਕਿਸੇ ਨੇ ਦਾਰਾ ਸ਼ਿਕੋਹ ਕੋਲ ਵੇਚ ਦਿੱਤੀ ਸੀ। ਦਾਰਾ ਦੀ ਮੌਤ ਪਿਛੋਂ ਔਰੰਗਜ਼ੇਬ ਉਸ ਨੂੰ ਆਪਣੇ ਹਰਮ ਵਿਚ ਲੈ ਆਇਆ ਸੀ। ਇਸ ਬੰਦੇ ਨੂੰ ਇਕ ਖ਼ਤ ਵਿਚ ਲਿਖਦਾ ਹੈ: ਜਾਨ ਤੋਂ ਪਿਆਰੇ, ਹੁਣ ਮੈਂ ਇਕੱਲਤਾ ਦਾ ਸ਼ਿਕਾਰ ਹਾਂ। ਮੈਨੂੰ ਤੇਰੀ ਲਾਚਾਰੀ ਦਾ ਦੁੱਖ ਹੈ ਪਰ ਕੀ ਫਾਇਦਾ? ਵੱਡੇ ਗੁਨਾਹ ਕੀਤੇ ਹਨ, ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਬੀਤੇਗੀ। ਮੇਰੇ ਬੇਕਾਰ ਦਿਮਾਗ਼ ਕਾਰਨ ਕਿਤੇ ਮੁਸਲਮਾਨਾਂ ਦਾ ਵਢਾਂਗਾ ਸ਼ੁਰੂ ਨਾ ਹੋ ਜਾਏ। ਰੱਬ ਤੇਰਾ ਤੇ ਤੇਰੇ ਬੱਚਿਆਂ ਦਾ ਭਲਾ ਕਰੇ। ਮੈਂ ਬਹੁਤ ਦੁਖ ਵਿਚ ਹਾਂ।
ਬਾਦਸ਼ਾਹ ਦੀ ਇਸ ਗਿਲਾਨੀ ਵਿਚ ਜ਼ਫਰਨਾਮੇ ਦਾ ਕਿੰਨਾ ਕੁ ਹੱਥ ਹੈ, ਪਤਾ ਨਹੀਂ। ਏਨਾ ਜ਼ਰੂਰ ਪਤਾ ਹੈ ਕਿ ਪੰਜਾਬ ਵੱਲ ਬਾਦਸ਼ਾਹ ਧਿਆਨ ਨਹੀਂ ਦੇ ਸਕਿਆ, ਇਥੇ ਖੇਤੀ ਅਤੇ ਵਪਾਰ ਵਿਚ ਮੰਦਾ ਆਇਆ। ਤਾਂਬੇ ਦਾ ਪੈਸਾ ਤੇ ਚਾਂਦੀ ਦਾ ਰੁਪਈਆ ਡਿਗ ਪਏ।
ਤਾਂ ਵੀ ਪੰਜਾਬ ਨੇ ਦੇਰ ਤੱਕ ਸ਼ਾਂਤੀ ਦੇਖੀ।