ਇਮਰੋਜ਼ ਦੇ ਸਦੀਵੀ ਵਿਛੋੜੇ `ਤੇ; ਅੰਮ੍ਰਿਤਾ ਤੇ ‘ਇਮਰੋਜ਼’ ਦੀ ਇਕ ਅਭੁੱਲ ਯਾਦ

ਪ੍ਰਿੰ. ਸਰਵਣ ਸਿੰਘ
ਕਲਾਕਾਰ ਇਮਰੋਜ਼ 97 ਸਾਲ ਦੀ ਉਮਰੇ ਸਦੀਵੀ ਵਿਛੋੜਾ ਦੇ ਗਿਆ। ਉਸ ਦਾ ਅਸਲੀ ਨਾਂ ਇੰਦਰਜੀਤ ਸਿੰਘ ਸੀ। ਉਹ ਜ਼ਿਲ੍ਹਾ ਲਾਇਲਪੁਰ ਦੇ ਚੱਕ 36 ਦਾ ਜੰਮਪਲ ਸੀ ਤੇ ਗੁੱਜਰਾਂਵਾਲੇ ਦੀ ਜੰਮੀ ਅੰਮ੍ਰਿਤਾ ਤੋਂ ਸੱਤ ਸਾਲ ਛੋਟਾ ਸੀ।

ਅੰਮ੍ਰਿਤਾ ਪ੍ਰੀਤਮ ਤੇ ਜਸਵੰਤ ਸਿੰਘ ਕੰਵਲ ਜਲਿ੍ਹਆਂਵਾਲੇ ਬਾਗ ਦੇ ਸਾਕੇ ਵਾਲੇ ਸਾਲ 1919 `ਚ ਜਨਮੇ ਸਨ। ਮੈਂ ਨਾਵਲ ‘ਪੂਰਨਮਾਸ਼ੀ’ ਪੜ੍ਹ ਕੇ 1958 ਤੋਂ ਕੰਵਲ ਦਾ ਮੁਰੀਦ ਬਣ ਗਿਆ ਸਾਂ। ਅੰਮ੍ਰਿਤਾ ਪ੍ਰੀਤਮ ਨੇ ‘ਪੂਰਨਮਾਸ਼ੀ’ ਦੇ ਮੁੱਢ ਵਿਚ ਨਾਵਲ ਦੀ ਤਾਰੀਫ਼ ਕਰਦਿਆਂ ਕੰਵਲ ਨੂੰ ਸਲਾਹਿਆ ਸੀ ਜਿਸ ਕਰਕੇ ਮੈਂ ਅੰਮ੍ਰਿਤਾ ਪ੍ਰੀਤਮ ਦੀਆਂ ਲਿਖਤਾਂ ਵੀ ਪੜ੍ਹਨ ਲੱਗ ਪਿਆ ਸਾਂ। ਉਹਦੀ ਕਵਿਤਾ ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਮੈਨੂੰ ਮੂੰਹ ਜ਼ਬਾਨੀ ਯਾਦ ਸੀ। ਕੰਵਲ ਤੇ ਅੰਮ੍ਰਿਤਾ ਪ੍ਰੀਤਮ ਦੀਆਂ ਟੂਕਾਂ ਮੈਂ ਡਾਇਰੀ ਵਿਚ ਨੋਟ ਕਰਦਾ ਰਹਿੰਦਾ। 1962 `ਚ ਜਦੋਂ ਮੈਂ ਦਿੱਲੀ ਦੇ ਖਾਲਸਾ ਕਾਲਜ ਤੋਂ ਪੰਜਾਬੀ ਦੀ ਐਮ ਏ ਕਰਨ ਲੱਗਾ ਤਾਂ ਮੈਨੂੰ ਅੰਮ੍ਰਿਤਾ/ਇਮਰੋਜ਼ ਹੋਰਾਂ ਨੂੰ ਵੇਖਣ ਦੇ ਮੌਕੇ ਵੀ ਮਿਲਣ ਲੱਗੇ। ਮੈਂ 1967 ਤਕ ਦਿੱਲੀ ਰਿਹਾ ਜਿਥੇ ਪੰਜਾਬੀ ਦੇ ਬਹੁਤ ਸਾਰੇ ਲੇਖਕਾਂ ਨੂੰ ਮਿਲਣ ਗਿਲਣ ਦੇ ਸਬੱਬ ਬਣਦੇ ਰਹੇ ਅਤੇ ਮੈਂ ਵੀ ਲੇਖਕ ਬਣਨ ਦੇ ਰਾਹ ਪੈ ਗਿਆ।
ਦਿੱਲੀ ਦੀਆਂ ਯਾਦਾਂ ਤਾਂ ਬਹੁਤ ਹਨ ਪਰ ਇੱਥੇ ਇਮਰੋਜ਼ ਦੀ ਇਕੋ ਯਾਦ ਦੀ ਗੱਲ ਕਰਦਾ ਹਾਂ। ਇਹ ਗੱਲ 1966-67 ਦੀ ਹੈ। ਮੈਂ ਕਾਵਿਮਈ ਵਾਰਤਕ ਸ਼ੈਲੀ `ਚ ਲਿਖੀ ਕਹਾਣੀ ‘ਉਡਦੀ ਧੂੜ ਦਿਸੇ’ ਆਪਣੇ ਜਾਣੂੰ ਬਲਵੰਤ ਗਾਰਗੀ ਨੂੰ ਸੁਣਾਉਣ ਲਈ ਉਸ ਨੂੰ ਫੋਨ ਕੀਤਾ। ਉਸ ਨੇ ਕਿਹਾ, “ਇੰਡੀਅਨ ਕਾਫੀ ਹਾਊਸ ਆ ਜਾ, ਮੈਂ ਵੀ ਓਥੇ ਆ ਜਾਂਨਾ।” ਉਹਦਾ ਟਿਕਾਣਾ ਕਾਫੀ ਹਾਊਸ ਦੇ ਨੇੜੇ ਹੀ ਸੀ। ਇਕ ਖੂੰਜੇ ਵੱਖਰੇ ਬਹਿ ਕੇ ਮੈਂ ਗਾਰਗੀ ਨੂੰ ਕਹਾਣੀ ਸੁਣਾਈ ਜੋ ਗੱਡੀਆਂ ਵਾਲੀ ਤੇ ਵਾਗੀ ਦੇ ਪਹਿਲੀ ਤੱਕਣੀ ਦੇ ਹੋਏ ਪਿਆਰ ਤੇ ਗੱਡੀਆਂ ਤੁਰ ਜਾਣ ਨਾਲ ਅਚਾਨਕ ਪਏ ਵਿਛੋੜੇ ਬਾਰੇ ਸੀ। ਉਹ ਮੈਂ ਕੰਵਲ ਦੀ ਟੂਕ ‘ਗੱਡੀਆਂ ਵਾਲਿਆਂ ਨਾਲ ਯਰਾਨਾ ਕਾਹਦਾ, ਭਲਕੇ ਤੁਰ ਜਾਣਗੇ’ ਤੋਂ ਪ੍ਰਭਾਵਿਤ ਹੋ ਕੇ ਲਿਖੀ ਸੀ। ਗਾਰਗੀ ਨੇ ਕਹਾਣੀ ਦੀ ਰਸਮੀ ਸਲਾਹੁਤ ਕੀਤੀ ਤੇ ਨਾਲ ਹੀ ਮੱਤ ਵੀ ਦਿੱਤੀ, “ਗੱਡੀਆਂ ਵਾਲੀ ਤੇ ਵਾਗੀ ਨੇ ਇਕੋ ਗਲਾਸ `ਚੋਂ ਘੁੱਟਾਂ-ਬਾਟੀ ਚਾਹ ਤਾਂ ਪੀ ਲਈ। ਸੁਆਦ ਵੀ ਆ ਗਿਆ। ਤੇਰਾ ਫਿਕਰਾ, ‘ਚਾਹ ਮੁੱਕਦੀ ਗਈ ਪਿਆਰ ਵਧਦਾ ਗਿਆ’ ਬਿਲਕੁਲ ਠੀਕ ਐ। ਪਰ ਕਹਾਣੀ ਪੜ੍ਹਨ ਵਾਲੀ ਤਦ ਬਣੂੰ ਜੇ ਉਨ੍ਹਾਂ ਤੋਂ ਕੁਛ ਕਲੋਲਾਂ ਵੀ ਕਰਾਵੇਂ!” ਅਸਲ ਵਿਚ ਗਾਰਗੀ ਖ਼ੁਦ ਕਲੋਲਾਂ ਕਰਨ ਕਰਾਉਣ ਵਾਲਾ ਲੇਖਕ ਸੀ। ਪਰ ਮੈਨੂੰ ਅਜਿਹਾ ਕਰਨ ਤੋਂ ਸੰਗ ਆਉਂਦੀ ਸੀ ਬਈ ਪਾਠਕ ਕੀ ਕਹਿਣਗੇ? ਇਸ ਲਈ ਮੈਂ ਗਾਰਗੀ ਵਾਂਗ ਆਪਣੀਆਂ ਲਿਖਤਾਂ `ਚ ਕਲੋਲਾਂ ਤੇ ਚੋਹਲ ਮੋਹਲ ਕਰਨ ਕਰਾਉਣ ਤੋਂ ਬਚਿਆ ਹੀ ਰਿਹਾ। ਇਸੇ ਕਰਕੇ ਮੈਨੂੰ ਸਿੱਧਾ-ਸਾਦਾ, ਸਾਊ ਤੇ ਸ਼ਰਮਾਊ ਲੇਖਕ ਸਮਝਿਆ ਜਾਂਦਾ ਹੈ। ਉਂਜ ਕਲੋਲਾਂ-ਕਲਾਲਾਂ ਕੀਹਨੂੰ ਨਹੀਂ ਕਰਾਉਣੀਆਂ ਆਉਂਦੀਆਂ? ਕਈ ਤਾਂ ਖੱਟੀ ਹੀ ਕਲੋਲਾਂ ਦੀ ਖਾਂਦੇ ਹਨ ਤੇ ਬੜੇ ਵੱਡੇ ਅਵਾਰਡ ਮਾਠ ਜਾਂਦੇ ਹਨ।
ਗਾਰਗੀ ਕਹਾਣੀ ਬਾਰੇ ਕੁਮੈਂਟ ਕਰ ਕੇ ਕਾਫੀ ਹਾਊਸ `ਚੋਂ ਗਿਆ ਤਾਂ ਪੰਜਾਬੀ ਸਾਹਿਤ ਅਕਾਡਮੀ ਵਾਲੇ ਪ੍ਰੋ. ਪ੍ਰਮਿੰਦਰ ਸਿੰਘ ਦਾ ਭਰਾ ਦਲਜੀਤ ਸਿੰਘ ਆ ਗਿਆ। ਉਹ ਦਿੱਲੀ `ਚ ਲੈਕਚਰਾਰ ਲੱਗਾ ਹੀ ਸੀ। ਅਸੀਂ ਗਾਰਗੀ ਦੀਆਂ ਗੱਲਾਂ ਕਰ ਰਹੇ ਸਾਂ ਕਿ ਆਲੋਚਕ ਅਤਰ ਸਿੰਘ ਤੇ ਕਹਾਣੀਕਾਰ ਜਸਟਿਸ ਮਹਿੰਦਰ ਸਿੰਘ ਜੋਸ਼ੀ ਹੋਰੀਂ ਆ ਗਏ। ਉਹ ਬੰਦੇ ਲੱਭਦੇ ਫਿਰਦੇ ਸਨ ਜਿਨ੍ਹਾਂ ਨੂੰ ਅੰਮ੍ਰਿਤਾ ਪ੍ਰੀਤਮ ਦੇ ਘਰ ਲਿਜਾਇਆ ਜਾ ਸਕੇ। ਅੰਮ੍ਰਿਤਾ ਦੇ ਘਰ ਅਚਾਨਕ ਉਜ਼ਬੇਕਸਤਾਨ ਦੇ ਲੇਖਕਾਂ ਦਾ ਡੈਲੀਗੇਸ਼ਨ ਆ ਰਿਹਾ ਸੀ ਜਿਨ੍ਹਾਂ ਦੀ ਆਓ ਭਗਤ `ਚ ਕੁਝ ਪੜ੍ਹੇ-ਲਿਖੇ ਬੰਦਿਆਂ ਨੂੰ ਸੱਦਣ ਦੀ ਲੋੜ ਪੈ ਗਈ ਸੀ।
ਜਸਟਿਸ ਜੋਸ਼ੀ ਦੀ ਕਾਰ `ਚ ਅਸੀਂ ਚਾਰੇ ਜਣੇ ਬਹਿ ਗਏ ਤੇ ਅੰਮ੍ਰਿਤਾ ਦੇ ਘਰ ਕੇ-25 ਹੌਜ਼ ਖ਼ਾਸ ਚਲੇ ਗਏ। ਇਮਰੋਜ਼ ਨੇ ਖਾਣ ਪੀਣ ਦਾ ਪ੍ਰਬੰਧ ਪਹਿਲਾਂ ਹੀ ਕਰ ਰੱਖਿਆ ਸੀ। ਵੱਡੇ ਕਮਰੇ `ਚ ਇਮਰੋਜ਼ ਦੀਆਂ ਕੁਝ ਪੇਂਟਿੰਗਾਂ ਸ਼ਿੰਗਾਰੀਆਂ ਹੋਈਆਂ ਸਨ ਜਿਨ੍ਹਾਂ `ਚੋਂ ਕੁਝ ਅਰਧ ਨਗਨ ਸਨ। ਇਮਰੋਜ਼ ਮੈਨੂੰ ਆਪਣਾ ਬੰਦਾ ਸਮਝ ਕੇ ਪਾਸੇ ਲਿਜਾ ਕੇ ਕਹਿਣ ਲੱਗਾ, “ਉਜ਼ਬੇਕਸਤਾਨ ਦੇ ਡੈਲੀਗੇਸ਼ਨ ਵਿਚ ਪਰਦੇ ਵਾਲੀਆਂ ਮੁਸਲਮਾਨ ਲੇਖਕਾਵਾਂ ਵੀ ਹੋਣਗੀਆਂ। ਉਨ੍ਹਾਂ ਨੂੰ ਇਹ ਪੇਂਟਿੰਗਾਂ ਕਿਤੇ ਅਸ਼ਲੀਲ ਨਾ ਲੱਗਣ। ਕਿਤੇ ਮਾੜਾ ਪ੍ਰਭਾਵ ਨਾ ਪਵੇ। ਤੂੰ ਹੀ ਦੱਸ, ਇਨ੍ਹਾਂ ਨੂੰ ਢਕ ਦੇਈਏ ਜਾਂ ਪਾਸੇ ਕਰ ਦੇਈਏ?”
ਮੈਂ ਉਹਦੀ ਪਰੇਸ਼ਾਨੀ `ਤੇ ਹੈਰਾਨ ਹੋਇਆ ਤੇ ਆਖਿਆ, “ਮੈਂ ਦੋਵੇਂ ਕੰਮ ਕਰ ਸਕਦਾਂ। ਜਿਵੇਂ ਆਖੋ ਕਰ ਦਿੰਨਾਂ।” ਅਸੀਂ ਅਜੇ ਦੁਚਿੱਤੀ `ਚ ਸਾਂ ਕਿ ਡੈਲੀਗੇਸ਼ਨ ਘਰ ਦੇ ਦਰਵਾਜ਼ੇ `ਤੇ ਗਿਆ। ਅਸੀਂ ਉਸੇ ਵੇਲੇ ਬੂਹੇ `ਤੇ ਗਏ ਤੇ ਉਨ੍ਹਾਂ ਦਾ ਖਿੜੇ ਮੱਥੇ ਸਵਾਗਤ ਕੀਤਾ। ਉਨ੍ਹਾਂ `ਚ ਸੱਚਮੁੱਚ ਕਾਲੇ ਬੁਰਕਿਆਂ ਵਾਲੀਆਂ ਗੋਰੀਆਂ ਔਰਤਾਂ ਸਨ। ਸ਼ੁਕਰ ਕੀਤਾ ਕਿ ਉਨ੍ਹਾਂ ਦਾ ਪੇਂਟਿੰਗਾਂ ਵੱਲ ਧਿਆਨ ਹੀ ਨਾ ਗਿਆ। ਮਿਲਣ ਗਿਲਣ ਤੇ ਖਾਣ ਪੀਣ ਪਿੱਛੋਂ ਕਵਿਤਾਵਾਂ ਤੇ ਗੀਤਾਂ ਦਾ ਦੌਰ ਚੱਲ ਪਿਆ। ਸਮਝ ਭਾਵੇਂ ਨਹੀਂ ਵੀ ਆਉਂਦੀ ਸੀ ਪਰ ਤਾੜੀਆਂ ਜ਼ਰੂਰ ਮਾਰਦੇ ਰਹੇ। ਮੈਂ ਮਾਹੀਏ ਦੇ ਟੱਪੇ ਸੁਣਾ ਕੇ ਬੋਲੀ ਪਾਈ ਤਾਂ ਦਲਜੀਤ ਭੰਗੜਾ ਪਾਉਣਾ ਲੱਗ ਪਿਆ। ਹੌਲੀ ਹੌਲੀ ਸਾਰੇ ਜਣੇ ਉੱਠ ਖੜ੍ਹੇ ਹੋਏ। ਬੋਲੀਆਂ ਤੇ ਭੰਗੜੇ ਨਾਲ ਮਾਹੌਲ ਐਸਾ ਬਣ ਗਿਆ ਕਿ ਡੈਲੀਗੇਸ਼ਨ ਦੇ ਮੈਂਬਰ ਵੀ ਸਾਡੇ ਨਾਲ ਹੀ ਨੱਚਣ ਲੱਗ ਪਏ। ਮਹਿਫ਼ਲ `ਚ ਅਨੰਦ ਹੀ ਅਨੰਦ ਤੇ ਖੇੜਾ ਹੀ ਖੇੜਾ ਸੀ। ਜਦੋਂ ਡੈਲੀਗੇਸ਼ਨ ਵਿਦਾ ਹੋ ਗਿਆ ਤਾਂ ਅੰਮ੍ਰਿਤਾ ਪ੍ਰੀਤਮ ਤੇ ਇਮਰੋਜ਼ ਨੇ ਸਾਡਾ ਉਚੇਚਾ ਧੰਨਵਾਦ ਕੀਤਾ ਕਿ ਆਹ ਤਾਂ ਤੁਸੀਂ ਰੰਗ ਭਾਗ ਹੀ ਲਾ ਦਿਤੇ! ਅੱਗੇ ਨੂੰ ਵੀ ਆਉਂਦੇ ਜਾਂਦੇ ਰਹਿਓ। ਪਰ ਆਉਣਾ ਜਾਣਾ ਸਾਡੇ ਕਰਮਾਂ ਵਿਚ ਨਹੀਂ ਸੀ।
1967 `ਚ ਮੈਂ ਦਿੱਲੀ ਦੀ ਲੈਕਚਰਾਰੀ ਛੱਡ ਕੇ ਕੰਵਲ ਦੇ ਪਿੰਡ ਢੁੱਡੀਕੇ ਆ ਗਿਆ ਤੇ ਦਲਜੀਤ ਸਿੰਘ ਵੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਵਿਦਿਆਰਥੀ ਭਲਾਈ ਡਾਇਰੈਕਟਰ ਬਣ ਗਿਆ। ਮੁੜ ਕੇ ਮੇਰਾ ਕਦੇ ਅੰਮ੍ਰਿਤਾ ਜਾਂ ਇਮਰੋਜ਼ ਨਾਲ ਮੇਲ ਨਾ ਹੋ ਸਕਿਆ। ਉਂਜ ਉੱਦਣ ਇਮਰੋਜ਼ ਮੈਨੂੰ ਏਨਾ ਪਿਆਰਾ ਲੱਗਾ ਕਿ ਮਿਲਣ ਨੂੰ ਜੀਅ ਕਰਦਾ ਹੀ ਰਿਹਾ।
2005 ਵਿਚ ਅੰਮ੍ਰਿਤਾ ਪ੍ਰੀਤਮ ਦੀ ਸਦੀਵੀ ਅਲਵਿਦਾ ‘ਮੈਂ ਤੈਨੂੰ ਫਿਰ ਮਿਲਾਂਗੀ’ ਕਹਿਣ ਤੋਂ ਬਾਅਦ 2007 ਵਿਚ ਜਦ ਮੇਰਾ ਸਫਰਨਾਮਾ ‘ਫੇਰੀ ਵਤਨਾਂ ਦੀ’ ਛਪਿਆ। ਉਹ ਲਾਹੌਰ ਬੁੱਕ ਸ਼ਾਪ ਵਾਲਿਆਂ ਨੇ ਛਾਪਿਆ ਅਤੇ ਮੇਰੀ ਇੱਛਾ ਅਨੁਸਾਰ ਹਜ਼ਾਰ ਰੁਪਏ ਦੀ ਮਾਨ ਭੇਟਾ ਨਾਲ ਇਮਰੋਜ਼ ਤੋਂ ਉਹਦਾ ਟਾਈਟਲ ਡੀਜ਼ਾਈਨ ਕਰਵਾਇਆ ਜੋ ਮੇਰੀ ਅਭੁੱਲ ਯਾਦ ਬਣ ਗਿਆ। ਇਮਰੋਜ਼ ਭਾਵੇਂ ਅੰਮ੍ਰਿਤਾ ਨੂੰ ਮਿਲਣ ਲਈ ਸਦੀਵੀ ਤੌਰ `ਤੇ ਤੁਰ ਗਿਐ ਪਰ ਉਹਦਾ ਡੀਜ਼ਾਈਨ ਕੀਤਾ ਕਿਤਾਬੀ ਟਾਈਟਲ ਮੈਨੂੰ ਤੇ ਮੇਰੇ ਪਾਠਕਾਂ ਨੂੰ ਉਹਦੀ ਯਾਦ ਤਾਜ਼ਾ ਕਰਾਉਂਦਾ ਰਹੇਗਾ!