ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਮੌਕੇ ਮਾਤਮੀ ਬਿਗਲ ਵਜਾਉਣ ਦਾ ਫੈਸਲਾ ਆਖਰਕਾਰ ਵਾਪਸ ਲੈ ਲਿਆ। ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਇਸ ਫੈਸਲੇ ਦਾ ਬੜਾ ਤਿੱਖਾ ਵਿਰੋਧ ਹੋਇਆ ਸੀ।
ਮੁੱਖ ਮੰਤਰੀ ਕੋਲ ਆਪਣੀ ਸਰਕਾਰ ਦਾ ਇਹ ਫੈਸਲਾ ਵਾਪਸ ਲੈਣ ਤੋਂ ਸਿਵਾ ਹੋਰ ਕੋਈ ਚਾਰਾ ਵੀ ਨਹੀਂ ਸੀ। ਅਸਲ ਵਿਚ ਉਨ੍ਹਾਂ ਇਹ ਫੈਸਲਾ ਸਿੱਖਾਂ ਅੰਦਰ ਆਪਣੀ ਭੱਲ ਬਣਾਉਣ ਲਈ ਕੀਤਾ ਸੀ। ਜਦੋਂ ਤੋਂ ਉਨ੍ਹਾਂ ਸੂਬੇ ਦੀ ਵਾਗਡੋਰ ਸੰਭਾਲੀ ਹੈ, ਉਹ ਇਸੇ ਪਹੁੰਚ ਅਨੁਸਾਰ ਚੱਲ ਰਹੇ ਹਨ। ਪੰਜਾਬ ਅਤੇ ਸਿੱਖਾਂ ਦੇ ਇਤਿਹਾਸ ਵਿਚ ਪੋਹ ਦੇ ਪਹਿਲੇ ਪੰਦਰਵਾੜੇ ਦਾ ਖਾਸ ਮਹੱਤਵ ਹੈ। ਇਸ ਅਰਸੇ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬੇਅੰਤ ਕੁਰਬਾਨੀਆਂ ਦੇਣੀਆਂ ਪਈ। ਪੰਜਾਬ ਦੇ ਲੋਕ ਇਹ ਪੰਦਰਵਾੜਾ ਆਪਣੇ ਹਿਸਾਬ ਨਾਲ ਮਨਾਉਂਦੇ ਆਏ ਹਨ। ਪਿਛਲੇ ਸਮੇਂ ਦੌਰਾਨ ਇਸ ਜੋੜ ਮੇਲ ਵਿਚ ਵੱਡੀਆਂ ਤਬਦੀਲੀਆਂ ਹੋਈਆਂ ਹਨ। ਜੋੜ ਮੇਲ ’ਤੇ ਹੁੰਦੀਆਂ ਸਿਆਸੀ ਕਾਨਫਰੰਸਾਂ ਇਸ ਖਿਆਲ ਨਾਲ ਬੰਦ ਹੋ ਗਈਆਂ ਕਿ ਇਹ ਦਿਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਹਨ। ਉਂਝ ਵੀ ਇਨ੍ਹਾਂ ਸਿਆਸੀ ਕਾਨਫਰੰਸਾਂ ਵਿਚ ਸਿਆਸੀ ਦੂਸ਼ਣਬਾਜ਼ੀ ਤੋਂ ਸਿਵਾ ਹੋਰ ਕੁਝ ਹੁੰਦਾ ਵੀ ਨਹੀਂ ਸੀ। ਉਂਝ, ਸਿਆਸੀ ਧਿਰਾਂ ਇਸ ਜੋੜ ਮੇਲ ਮੌਕੇ ਸਿਆਸਤ ਕਰਨ ਤੋਂ ਅਜੇ ਵੀ ਹਟਦੀਆਂ ਨਹੀਂ। ਇਸੇ ਕਰ ਕੇ ਹੀ ਮੁੱਖ ਮੰਤਰੀ ਦੇ ਬਿਆਨ ਵਰਗੇ ਬਿਆਨ ਅਕਸਰ ਆਉਂਦੇ ਰਹਿੰਦੇ ਹਨ।
ਪੰਜਾਬ ਇਸ ਵਕਤ ਜਿਨ੍ਹਾਂ ਹਾਲਾਤ ਵਿਚੋਂ ਲੰਘ ਰਿਹਾ ਹੈ ਅਤੇ ਜਿਸ ਤਰ੍ਹਾਂ ਦੀ ਪਛਾੜ ਇਸ ਨੂੰ ਝੱਲਣੀ ਪੈ ਰਹੀ ਹੈ, ਉਸ ਦੇ ਮੱਦੇਨਜ਼ਰ ਪੰਜਾਬ ਨੂੰ ਖਾਸ ਨੀਤੀਆਂ ਘੜਨ ਦੀ ਲੋੜ ਹੈ ਤਾਂ ਕਿ ਵੱਖ-ਵੱਖ ਖੇਤਰਾਂ ਵਿਚ ਲੀਹੋਂ ਲਹਿ ਚੁੱਕੇ ਪੰਜਾਬ ਨੂੰ ਲੀਹ ‘ਤੇ ਪਾਇਆ ਜਾ ਸਕੇ। ਮੁੱਖ ਮੰਤਰੀ ਆਪਣੇ ਭਾਸ਼ਣਾਂ ਵਿਚ ਇਹ ਤਾਂ ਜ਼ਰੂਰ ਕਹਿੰਦੇ ਹਨ ਅਤੇ ਸੱਚ ਹੀ ਕਹਿੰਦੇ ਹਨ ਕਿ ਪੰਜਾਬ ਦਾ ਇਹ ਹਾਲ ਪਹਿਲੀਆਂ ਸਰਕਾਰਾਂ ਚਲਾਉਂਦੀਆਂ ਰਹੀਆਂ ਪਾਰਟੀਆਂ- ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ, ਨੇ ਕੀਤਾ ਹੈ ਪਰ ਉਹ ਆਪਣੀ ਸਰਕਾਰ ਬਾਰੇ ਕੁਝ ਦੱਸਦੇ ਹੀ ਨਹੀਂ ਕਿ ਪੰਜਾਬ ਨੂੰ ਸੰਕਟ ਵਿਚੋਂ ਕੱਢਣ ਲਈ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਡੇਢ ਸਾਲ ਦੌਰਾਨ ਕੀ ਕੀਤਾ ਹੈ। ਸ਼ਾਇਦ ਇਸੇ ਕਰ ਕੇ ਹੀ ਖਾਨਾਪੂਰਤੀ ਲਈ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਬਿਆਨ ਦੇਣੇ ਪੈ ਰਹੇ ਹਨ। ਸਪਸ਼ਟ ਹੈ ਕਿ ਉਹ ਪੰਜਾਬ ਨੂੰ ਸੰਕਟ ਵਿਚੋਂ ਕੱਢਣ ਲਈ ਤਾਂ ਕੁਝ ਨਹੀਂ ਕਰ ਰਹੇ ਪਰ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਦੱਬੀ ਰੱਖਣ ਲਈ ਉਨ੍ਹਾਂ ਦਾ ਸਾਰਾ ਜ਼ੋਰ ਲੱਗਿਆ ਹੋਇਆ ਹੈ। ਇਸੇ ਕਰ ਕੇ ਹੀ ਡੇਢ ਸਾਲ ਬਾਅਦ ਵੀ ਉਨ੍ਹਾਂ ਦੀ ਸਰਕਾਰ ਦੀ ਗੱਡੀ ਲੀਹੇ ਨਹੀਂ ਪੈ ਸਕੀ ਹੈ ਅਤੇ ਉਹ ਵਿਰੋਧੀ ਧਿਰ ਦੀ ਨੁਕਤਾਚੀਨੀ ਕਰ ਕੇ ਹੀ ਬੁੱਤਾ ਸਾਰ ਰਹੇ ਹਨ। ਅੱਜ ਪੰਜਾਬ ਦਾ ਸਿੱਖਿਆ ਅਤੇ ਸਿਹਤ ਢਾਂਚਾ ਬੁਰੀ ਤਰ੍ਹਾਂ ਉਖੜ ਚੁੱਕਾ ਹੈ। ਅਸਲ ਵਿਚ ਜਦੋਂ ਤੋਂ ਇਨ੍ਹਾਂ ਖੇਤਰਾਂ ਵਿਚ ਵਧੇਰੇ ਤਵੱਜੋ ਪ੍ਰਾਈਵੇਟ ਅਦਾਰਿਆਂ ਵੱਲ ਦੇਣੀ ਆਰੰਭ ਹੋਈ ਹੈ, ਸਰਕਾਰੀ ਅਦਾਰੇ ਹਾਸ਼ੀਏ ‘ਤੇ ਚਲੇ ਗਏ ਹਨ। ਸੂਬਾਈ ਅਤੇ ਕੌਮੀ ਪੱਧਰ ’ਤੇ ਨੀਤੀਆਂ ਹੀ ਅਜਿਹੀਆਂ ਤਿਆਰ ਹੋ ਰਹੀਆਂ ਹਨ ਕਿ ਇਹ ਭਾਣਾ ਵਾਪਰਨਾ ਹੀ ਸੀ। ਸੰਜੀਦਾ ਕੋਸ਼ਿਸ਼ਾਂ ਨਾਲ ਇਸ ਗਿਰਾਵਟ ਨੂੰ ਰੋਕਿਆ ਜਾ ਸਕਦਾ ਸੀ ਪਰ ਸਬੰਧਿਤ ਧਿਰਾਂ ਇਨ੍ਹਾਂ ਮਸਲਿਆਂ ’ਤੇ ਕੋਈ ਪਹਿਲਕਦਮੀ ਕਰਨ ਤੋਂ ਉੱਕ ਗਈਆਂ ਅਤੇ ਹੁਣ ਨਤੀਜੇ ਸਭ ਦੇ ਸਾਹਮਣੇ ਹਨ। ਪੰਜਾਬ ਵਿਚ ਆਮ ਆਦਮੀ ਪਾਰਟੀ ‘ਬਦਲਾਅ ਵਾਲੀ ਸਿਆਸਤ’ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਸੀ। ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਤੋਂ ਅੱਕੇ ਪੰਜਾਬ ਦੇ ਬਹੁਗਿਣਤੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਆਸ ਨਾਲ ਮਿਸਾਲੀ ਜਿੱਤ ਦਿਵਾਈ ਕਿ ਇਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਕੁਝ ਸੰਵਾਰੇਗੀ ਪਰ ਡੇਢ ਸਾਲ ਬਾਅਦ ਵੀ ਪਰਨਾਲਾ ਉਥੇ ਦਾ ਉਥੇ ਹੈ।
ਇਹ ਹਾਲ ਇਕੱਲੀ ਆਮ ਆਦਮੀ ਪਾਰਟੀ ਦਾ ਨਹੀਂ, ਸਭ ਧਿਰਾਂ ਦਾ ਹੈ। ਜਿਹੜੇ ਪੰਜਾਬ ਦੇ ਮਸਲੇ ਹਨ, ਉਨ੍ਹਾਂ ਬਾਰੇ ਕੋਈ ਨੀਤੀ-ਰਣਨੀਤੀ ਨਹੀਂ ਬਣਾਈ ਜਾ ਰਹੀ ਅਤੇ ਜਿਹੜੇ ਪੰਜਾਬ ਦੇ ਮਸਲੇ ਫਿਲਹਾਲ ਹਨ ਹੀ ਨਹੀਂ, ਉਨ੍ਹਾਂ ‘ਤੇ ਜ਼ੋਰ ਲਾਇਆ ਜਾ ਰਿਹਾ ਹੈ। ਇਨ੍ਹੀਂ ਦਿਨੀਂ ਕੁਝ ਥਾਈਂ ਕ੍ਰਿਸਮਸ ਮੌਕੇ ਕੀਤੇ ਜਾ ਰਹੇ ਸਮਾਗਮਾਂ ਵਿਚ ਵਿਘਨ ਪਾਉਣ ਦੀਆਂ ਖਬਰਾਂ ਆਈਆਂ ਹਨ। ਵਿਰੋਧ ਕਰਨ ਵਾਲਿਆਂ ਦੀ ਦਲੀਲ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਾਰਨ ਇਹ ਦਿਨ ਸੋਗ ਦੇ ਹਨ, ਇਸ ਲਈ ਕ੍ਰਿਸਮਸ ਮੌਕੇ ਜਸ਼ਨ ਵਾਲੇ ਸਮਾਗਮ ਕਿਉਂ ਕੀਤੇ ਜਾ ਰਹੇ ਹਨ। ਇਹ ਦਿਨ ਈਸਾ ਮਸੀਹ ਦੇ ਜਨਮ ਦਿਨ ਮੌਕੇ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਸਵਾਲ ਹੈ: ਕੀ ਪੰਜਾਬ ਵਿਚ ਸਿੱਖਾਂ ਅਤੇ ਇਸਾਈਆਂ ਵਿਚਕਾਰ ਕੋਈ ਧਾਰਮਿਕ ਤਕਰਾਰ ਹੈ? ਕੁਝ ਸਿੱਖ ਜਥੇਬੰਦੀਆਂ ਕਹਿ ਰਹੀਆਂ ਹਨ ਕਿ ਗਰੀਬ ਸਿੱਖਾਂ ਨੂੰ ਲਾਲਚ ਦੇ ਕੇ ਇਸਾਈ ਬਣਾਇਆ ਜਾ ਰਿਹਾ ਹੈ। ਕੌਮੀ ਪੱਥਰ ‘ਤੇ ਕੱਟੜ ਹਿੰਦੂ ਜਥੇਬੰਦੀਆਂ ਦੇ ਇਸਾਈ ਵਿਰੋਧੀ ਪ੍ਰਚਾਰ ਦਾ ਨੁਕਤਾ ਵੀ ਇਹੀ ਹੈ। ਧਰਮ ਦੀ ਇਸੇ ਸਿਆਸਤ ਵਿਚੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਬੀਰ ਬਾਲ ਦਿਵਸ’ ਬਣਾ ਕੇ ਮਨਾਉਣਾ ਸ਼ੁਰੂ ਕੀਤਾ ਹੈ। ਜਾਪਦਾ ਹੈ, ਉਨ੍ਹਾਂ ਦਾ ਮਕਸਦ ਵੀ ਕ੍ਰਿਸਮਸ ਦਿਵਸ ਦੇ ਮੁਕਾਬਲੇ ਅਜਿਹੇ ਦਿਵਸ ਨੂੰ ਕੌਮੀ ਪੱਧਰ ‘ਤੇ ਮਾਨਤਾ ਦਿਵਾਉਣਾ ਹੈ। ਕੁਝ ਹੋਰ ਕਾਰਨਾਂ ਕਰ ਕੇ ਕੁਝ ਸਿੱਖ ਜਥੇਬੰਦੀਆਂ ਨੇ ‘ਬੀਰ ਬਾਲ ਦਿਵਸ’ ਬਾਰੇ ਇਤਰਾਜ਼ ਪ੍ਰਗਟਾਇਆ ਸੀ ਪਰ ਮੋਦੀ ਸਰਕਾਰ ਨੂੰ ਇਸ ਇਤਰਾਜ਼ ਦਾ ਕੋਈ ਫਰਕ ਨਹੀਂ ਪਿਆ। ਅਸਲ ਵਿਚ ਕੱਟੜਪੰਥੀ ਭਾਵੇਂ ਕਿਸੇ ਵੀ ਧਰਮ ਨਾਲ ਜੁੜੇ ਹੋਣ, ਉਹ ਇਸੇ ਤਰ੍ਹਾਂ ਦੀ ਸਿਆਸਤ ਕਰ ਕੇ ਸਮਾਜ ਅੰਦਰ ਪਾੜਾ ਪਾਉਣ ਦਾ ਯਤਨ ਕਰਦੇ ਹਨ। ਸਾਨੂੰ ਧਰਮ ਦੀ ਅਜਿਹੀ ਸਿਆਸਤ ਤੋਂ ਸੁਚੇਤ ਰਹਿਣਾ ਚਾਹੀਦਾ ਹੈ।