‘ਲਾਹੌਰ 1947’ ਦੀ ਕਹਾਣੀ

ਕੁਦਰਤ ਕੌਰ
ਉਘੇ ਅਦਾਕਾਰ ਤੇ ਨਿਰਮਾਤਾ ਆਮਿਰ ਖਾਨ ਅਤੇ ਚਰਚਿਤ ਅਦਾਕਾਰ ਸਨੀ ਦਿਓਲ ਪਹਿਲੀ ਵਾਰ ਇਕੱਠੇ ਇਕ ਪ੍ਰਾਜੈਕਟ ‘ਤੇ ਕੰਮ ਕਰ ਰਹੇ ਹਨ। ਇਸ ਪ੍ਰਾਜੈਕਟ ਤਹਿਤ ਫਿਲਮ ‘ਲਾਹੌਰ 1947’ ਬਣਾਈ ਜਾ ਰਹੀ ਹੈ।

ਇਸ ਫਿਲਮ ਦਾ ਨਾਂ ਪਹਿਲਾਂ ‘ਜਿਸ ਲਾਹੌਰ ਨਹੀਂ ਦੇਖਿਆ’ ਰੱਖਿਆ ਗਿਆ ਸੀ ਪਰ ਕੁਝ ਤਕਨੀਕੀ ਕਾਰਨਾਂ ਕਰ ਕੇ ਫਿਲਮ ਦਾ ਨਾਂ ਬਦਲ ਕੇ ‘ਲਾਹੌਰ 1947’ ਕਰ ਦਿੱਤਾ ਗਿਆ। ਇਸ ਫਿਲਮ ਦੀ ਕਹਾਣੀ ਕੀ ਹੈ ਅਤੇ ਇਸ ਵਿਚ ਹੋਰ ਕਿਹੜੇ-ਕਿਹੜੇ ਕਲਾਕਾਰ ਕੰਮ ਕਰ ਰਹੇ ਹਨ, ਇਸ ਦੀ ਤਾਂ ਅਜੇ ਪਸ਼ਟੀ ਨਹੀਂ ਹੋਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਸੰਤਾਲੀ ਦੀ ਵੰਡ ਦੁਆਲੇ ਘੁੰਮੇਗੀ। ਇਹ ਫਿਲਮ ਉਘਾ ਫਿਲਮਸਾਜ਼ ਰਾਜ ਕੁਮਾਰ ਸੰਤੋਸ਼ੀ ਨਿਰਦੇਸ਼ਤ ਕਰ ਰਿਹਾ ਹੈ।
ਚੇਤੇ ਰਹੇ ਕਿ ਅਦਾਕਾਰ ਆਮਿਰ ਖਾਨ ਦੀ ਪਿਛਲੀ ਫਿਲਮ ‘ਲਾਲ ਸਿੰਘ ਚੱਢਾ’ ਫਲਾਪ ਹੋ ਗਈ ਸੀ। ਇਹ ਫਿਲਮ ਬਹੁਤ ਵਧੀਆ ਬਣੀ ਸੀ ਪਰ ਹਿੰਦੂ ਕੱਟੜਪੰਥੀਆਂ ਦੀ ਚਲਾਈ ਮੁਹਿੰਮ ਕਾਰਨ ਇਸ ਫਿਲਮ ਖਿਲਾਫ ਬਹੁਤ ਪ੍ਰਚਾਰ ਕੀਤਾ ਗਿਆ। ਇਥੋਂ ਤੱਕ ਕਿ ਜਿਨ੍ਹਾਂ ਥੀਏਟਰਾਂ ਵਿਚ ਇਹ ਫਿਲਮ ਰਿਲੀਜ਼ ਕੀਤੀ ਜਾ ਰਹੀ ਸੀ, ਉਨ੍ਹਾਂ ਦੇ ਮਾਲਕਾਂ ਨੂੰ ਡਰਾਇਆ-ਧਮਕਾਇਆ ਗਿਆ। ਉਂਝ, ਇਹ ਫਿਲਮ ਭਾਵੇਂ ਬਾਕਸ ਆਫਿਸ ‘ਤੇ ਤਾਂ ਬਹੁਤੀ ਕਮਾਈ ਨਹੀਂ ਸੀ ਕਰ ਸਕੀ ਪਰ ਇਸ ਫਿਲਮ ਨੇ ਦਰਸ਼ਕਾਂ ਦਾ ਦਿਲ ਮੋਹ ਲਿਆ ਸੀ; ਖਾਸ ਕਰ ਕੇ ਪੰਜਾਬ ਵਿਚ ਇਹ ਫਿਲਮ ਬਹੁਤ ਚਾਅ ਨਾਲ ਦੇਖੀ ਗਈ। ਇਸ ਫਿਲਮ ਦਾ ਮੁੱਖ ਕਿਰਦਾਰ ਸਿੱਖ ਹੈ ਅਤੇ ਇਸ ਵਿਚ 1984 ਵਾਲੇ ਸਿੱਖ ਕਤਲੇਆਮ ਤੋਂ ਲੈ ਕੇ ਪੰਜਾਬ ਅਤੇ ਸਿੱਖਾਂ ਨਾਲ ਜੁੜੇ ਹੋਰ ਕਈ ਮਸਲੇ ਬਹੁਤ ਸੂਖਮ ਢੰਗ ਨਾਲ ਛੋਹੇ ਗਏ ਸਨ। ਇਸ ਫਿਲਮ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ। ਉਂਝ ਵੀ ਇਹ ਫਿਲਮ ਮੋਹ-ਮੁਹੱਬਤ ਦਾ ਸੁਨੇਹਾ ਦੇਣ ਵਿਚ ਸਫਲ ਰਹੀ ਸੀ।
ਦੂਜੇ ਬੰਨੇ, ਸਨੀ ਦਿਓਲ ਦੀ ਫਿਲਮ ‘ਗਦਰ-2’ ਕਮਾਈ ਪੱਖੋਂ ਤਾਂ ਬਹੁਤ ਸਫਲ ਰਹੀ ਪਰ ਇਸ ਵਿਚ ਪਾਕਿਸਤਾਨ ਪ੍ਰਤੀ ਬਹੁਤ ਜ਼ਿਆਦਾ ਨਫਰਤ ਦਿਖਾਈ ਗਈ ਹੈ। ਅਸਲ ਵਿਚ ਇਹ ਫਿਲਮ ਕੱਟੜਪੰਥੀਆਂ ਦੀ ਸਿਆਸਤ ਨੂੰ ਬਹੁਤ ਸੂਤ ਬੈਠਦੀ ਹੈ। ਸ਼ਾਇਦ ਇਸੇ ਕਰ ਕੇ ਕੱਟੜਪੰਥੀਆਂ ਨੇ ਇਸ ਫਿਲਮ ਦਾ ਰੱਜ ਕੇ ਪ੍ਰਚਾਰ ਕੀਤਾ।
ਹੁਣ ਦੇਖਣਾ ਇਹ ਹੈ ਕਿ ਆਮਿਰ ਖਾਨ ਵਰਗਾ ਸੰਵੇਦਨਸ਼ੀਲ ਬੰਦਾ ਸਨੀ ਦਿਓਲ ਨਾਲ ਮਿਲ ਕੇ ਕਿਸ ਤਰ੍ਹਾਂ ਦੀ ਫਿਲਮ ਦਰਸ਼ਕਾਂ ਅੱਗੇ ਲੈ ਕੇ ਆਉਂਦਾ ਹੈ।