ਪਛਾਣ ਦੀ ਕਮਾਨ ਤੇ ਤੀਰ ਹੋਵੇ ਪਿਆਰ ਵਾਲਾæææ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਗੁਰਦੁਆਰੇ ਵਿਚ ਹਫ਼ਤਾਵਾਰੀ ਦੀਵਾਨ ਸਜਿਆ ਹੋਇਆ ਸੀ। ਹਜ਼ੂਰੀ ਰਾਗੀ ਜਥਾ ਰਸਭਿੰਨਾ ਕੀਰਤਨ ਕਰ ਰਿਹਾ ਸੀ। ਸੰਗਤਾਂ ਬੜੇ ਪਿਆਰ ਨਾਲ ਸਰਵਣ ਕਰ ਰਹੀਆਂ ਸਨ। ਲੰਗਰ ਹਾਲ ਵਿਚ ਚਾਹ-ਪਕੌੜਿਆਂ ਦੇ ਨਾਲ ਹੀ ਪ੍ਰਸ਼ਾਦਾ ਵਰਤਾਇਆ ਜਾ ਰਿਹਾ ਸੀ ਅਤੇ ਕਿਸੇ ਵਿਆਹ ਦੇ ਸਮਾਗਮ ਵਾਂਗ ਰੌਲਾ ਪੈ ਰਿਹਾ ਸੀ। ਮੈਂ ਆਪਣੇ ਸੱਜਣਾਂ-ਮਿੱਤਰਾਂ ਨਾਲ ਸੇਵਾ ਵਿਚ ਰੁਝਿਆ ਹੋਇਆ ਸਾਂ। ਅਚਾਨਕ ਮੇਰੀ ਨਿਗ੍ਹਾ ਲੰਗਰ ਹਾਲ ਦੇ ਗੇਟ ‘ਤੇ ਪਈ। ਕੀ ਦੇਖਦਾ ਹਾਂ, ਇਕ ਛੇ ਫੁੱਟ ਦਾ ਅਮਰੀਕਨ ਗੋਰਾ ਆਪਣੇ ਮੋਢਿਆਂ ‘ਤੇ ਬੈਕ-ਪੈਕ ਪਾਈ ਨੰਗੇ ਸਿਰ ਅੰਦਰ ਦਾਖ਼ਲ ਹੋ ਰਿਹਾ ਸੀ। ਉਹ ਜਿਉਂ-ਜਿਉਂ ਅੰਦਰ ਵੱਲ ਵਧ ਰਿਹਾ ਹੈ, ਮੇਰੇ ਹੱਥ ਰੁਕਦੇ ਜਾ ਰਹੇ ਹਨ। ਜਿਉਂ ਹੀ ਉਸ ਨੇ ਅੰਦਰ ਆ ਕੇ ਆਪਣਾ ਬੈਕ-ਪੈਕ ਮੋਢੇ ਤੋਂ ਉਤਾਰ ਕੇ ਮੇਜ਼ ‘ਤੇ ਰੱਖਿਆ, ਮੈਂ ਡਰ ਨਾਲ ਕੰਬ ਗਿਆ। ਮੇਰੀਆਂ ਅੱਖਾਂ ਅੱਗੇ ਮਿਲਵਾਕੀ ਦੇ ਗੁਰਦੁਆਰੇ ਵਾਲੀ ਘਟਨਾ ਘੁੰਮ ਗਈ। ਇੰਜ ਲੱਗਿਆ, ਜਿਵੇਂ ਇਹ ਆਪਣੇ ਬੈਕ-ਪੈਕ ਵਿਚੋਂ ਗੰਨ ਕੱਢੇਗਾ ਅਤੇ ਸੰਗਤ ਵੱਲ ਘੁਮਾ ਕੇ ਘੋੜਾ ਨੱਪ ਦੇਵੇਗਾ। ਮੇਰੇ ਰੁਕੇ ਹੋਏ ਹੱਥ ਤੇ ਮੈਨੂੰ ਬੁੱਤ ਬਣਿਆ ਦੇਖ ਕੇ ਮੇਰਾ ਮਿੱਤਰ ਬੋਲਿਆ, “ਉਏ! ਕੀ ਹੋ ਗਿਆ ਤੈਨੂੰ?” ਮੇਰਾ ਮੂੰਹ ਨਾ ਖੁੱਲ੍ਹਿਆ ਪਰ ਹੱਥ ਸਿੱਧਾ ਤੋਪ ਵਾਂਗ ਗੋਰੇ ਵੱਲ ਹੋ ਗਿਆ। ਮੇਰੇ ਤੋਤੇ ਉਡੇ ਦੇਖ ਕੇ ਮੇਰਾ ਮਿੱਤਰਾ ਵੀ ਛੇਤੀ ਸਮਝ ਗਿਆ ਕਿ ਕੋਈ ਮਾੜੀ ਘਟਨਾ ਵਾਪਰਨ ਵਾਲੀ ਹੈ।
“ਆਪਾਂ ਜਾ ਕੇ ਪੁੱਛੀਏ, ਤੂੰ ਕੌਣ ਐਂ? ਤੇ ਕੀ ਕਰਨ ਆਇਆਂ?” ਮੇਰੇ ਮਿੱਤਰ ਨੇ ਦਲੇਰੀ ਦਿਖਾਈ।
ਮੈਂ ਪੰਜ ਸਾਲ ਦੇ ਬੱਚੇ ਵਾਂਗ ਡਰ ਗਿਆ ਸਾਂ ਜਿਹੜਾ ਡਰਦਾ ਡਾਕਟਰ ਕੋਲ ਨਹੀਂ ਜਾਂਦਾ ਕਿ ਮੇਰੇ ਟੀਕਾ ਲੱਗੇਗਾ। ਮਿੱਤਰ ਦੀ ਹੱਲਾਸ਼ੇਰੀ ਨਾਲ ਮੈਂ ਉਹਦੇ ਨਾਲ ਤੁਰਨ ਲੱਗਿਆ। ਇੰਨੇ ਨੂੰ ਗੋਰਾ ਆਪਣਾ ਬੈਕ-ਪੈਕ ਉਥੇ ਹੀ ਰੱਖ ਕੇ ਤੇਜ਼ ਕਦਮਾਂ ਨਾਲ ਦੂਜੇ ਪਾਸੇ ਵੱਲ ਹੋ ਤੁਰਿਆ। ਅਸੀਂ ਵੀ ਦੂਜੇ ਪਾਸਿਉਂ ਜਾ ਕੇ ਘੇਰ ਲਿਆ। ਮਿੱਤਰ ਨੇ ਪੁੱਛਿਆ, “ਤੂੰ ਕੌਣ ਐਂ ਤੇ ਕੀ ਕਰਨਾ ਆਇਐਂ?” ਗੋਰਾ ਪੂਰੇ ਕ੍ਰੋਧ ਵਿਚ ਬੋਲਿਆ, “ਮੈਂ ਤੈਨੂੰ ਈ ਮਿਲਣ ਆਇਆਂ ਤੇ ਤੇਰੇ ਨਾਲ ਈ ਗੱਲ ਕਰਨੀ ਐ।” ਇਹ ਸੁਣ ਕੇ ਮਿੱਤਰ ਦੀਆਂ ਲੱਤਾਂ ਵੀ ਕੰਬਣ ਲੱਗ ਗਈਆਂ।
“ਤੂੰ ਨੰਗੇ ਸਿਰ ਤੇ ਜੁੱਤੀ ਸਮੇਤ ਲੰਗਰ ਹਾਲ ਵਿਚ ਨਹੀਂ ਆ ਸਕਦਾ”, ਮੇਰੇ ਵਿਚ ਪਤਾ ਨਹੀਂ ਦਲੇਰੀ ਕਿਥੋਂ ਆ ਗਈ ਸੀ। ਮੇਰੀ ਗੱਲ ਅਣਸੁਣੀ ਕਰ ਕੇ ਉਹ ਬੈਕ-ਪੈਕ ਵੱਲ ਤੁਰ ਗਿਆ। ਅਸੀਂ ਦਰਵਾਜ਼ੇ ਦੀ ਓਟ ਵਿਚ ਖੜ੍ਹੋ ਗਏ। ਲੰਗਰ ਹਾਲ ਵਿਚ ਕਿਸੇ ਨੂੰ ਕੋਈ ਖ਼ਬਰ ਨਹੀਂ ਸੀ ਕਿ ਕੀ ਹੋ ਰਿਹਾ ਹੈ! ਉਸ ਨੇ ਬੈਕ-ਪੈਕ ਵਿਚੋਂ ਆਪਣੀ ਪੁਰਾਣੀ ਟੀ-ਸ਼ਰਟ ਕੱਢੀ ਤੇ ਸਿਰ ‘ਤੇ ਬੰਨ੍ਹ ਕੇ ਸਾਡੇ ਕੋਲ ਆ ਗਿਆ। ਹੁਣ ਸਾਡੇ ਵੀ ਗੁਆਚੇ ਸਾਹ ਵਾਪਸ ਆਉਣ ਲੱਗੇ ਕਿ ਇਹ ਗੋਲੀ ਚਲਾਉਣ ਵਾਲਾ ਨਹੀਂ ਹੈ। ਮੇਰੇ ਮਿੱਤਰ ਨੇ ਪੁੱਛਿਆ, “ਭੁੱਖਾ ਏਂ? ਰੋਟੀ ਖਾਣੀ ਏ?”, ਤਾਂ ਉਸ ਨੇ ‘ਹਾਂ’ ਕਰ ਦਿੱਤੀ। ਅਸੀਂ ਉਸ ਨੂੰ ਰੋਟੀ ਲਿਆ ਕੇ ਦਿੱਤੀ। ਉਹ ਰੋਟੀ ਨੂੰ ਇੰਜ ਟੁੱਟ ਕੇ ਪੈ ਗਿਆ ਜਿਵੇਂ ਬਹੁਤ ਦਿਨਾਂ ਦਾ ਭੁੱਖਾ ਹੋਵੇ! ਉਹ ਰੋਟੀ ਖਾਂਦਾ ਰਿਹਾ, ਅਸੀਂ ਗੋਰੇ ਵਾਲੀ ਗੱਲ ਬੈਠੀ ਸੰਗਤ ਦੇ ਕੰਨੋ-ਕੰਨ ਕੱਢ ਦਿੱਤੀ। ਦੇਖਾ-ਦੇਖੀ ਸਾਰੇ ਖਿਸਕਣ ਲੱਗੇ। ਚਾਰੇ ਪਾਸੇ ਉਸੇ ਤਰ੍ਹਾਂ ਦੀ ਚੁੱਪ ਵਰਤ ਗਈ ਜਿਹੜੀ ਚੁੱਪ ਨੂੰ ਹਰ ਪ੍ਰਚਾਰਕ, ਕਥਾਵਾਚਕ, ਰਾਗੀ-ਢਾਡੀ, ਸਟੇਜ ਤੋਂ ਰੌਲਾ ਪਾ-ਪਾ ਕੇ ਚਾਹੁੰਦੇ ਹੁੰਦੇ ਹਨ। ਗੁਰੂ ਦੇ ਲੰਗਰ ਨੇ ਗੋਰੇ ਦੇ ਮੁੱਖ ਤੋਂ ਕ੍ਰੋਧ ਭਜਾ ਦਿੱਤਾ ਜਾਂ ਉਸ ਦੀਆਂ ਅੰਦਰਲੀਆਂ ਮਰਦੀਆਂ ਨਾੜਾਂ ਨੂੰ ਲੰਗਰ ਨੇ ਬਚਾ ਲਿਆ ਸੀ; ਗੋਰਾ ਰੱਜ-ਰੱਜ ਲੰਗਰ ਛਕ ਰਿਹਾ ਸੀ। ਉਸ ਦੇ ਮੁੱਖ ਦੀ ਲਾਲੀ ਨੇ ਸਾਡੀ ਗੋਰੇ ਵਾਲੀ ਗੱਲ ਹਾਸੇ-ਠੱਠੇ ਵਿਚ ਪਾ ਕੇ ਟਿੱਚਰਾਂ ਨੂੰ ਜਨਮ ਦੇ ਦਿੱਤਾ, “ਗੋਰਾ ਦੇਖ ਕੇ ਡਰ ਗਏæææਡਰਪੋਕ, ਇਹ ਫੌਜ ਵਿਚ ਹੁੰਦੇ ਤਾਂ ਅਸੀਂ ਪਾਕਿਸਤਾਨ ਵਿਚ ਹੋਣਾ ਸੀ।”
ਹਰ ਕੋਈ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਦੇ ਤੀਰ ਸਾਡੇ ਵੱਲ ਛੱਡ ਰਿਹਾ ਸੀ। ਗੋਰਾ ਰੱਜ ਕੇ ਫਿਰ ਬੈਕ-ਪੈਕ ਵੱਲ ਗਿਆ। ਉਸ ਵਿਚੋਂ ਉਸ ਨੇ ਬੱਚਿਆਂ ਦੇ ਜੁਮੈਟਰੀ ਬਾਕਸ ਵਰਗਾ ਫੋਨ ਕੱਢ ਲਿਆ। ਉਸ ਦੇ ਸਿਰ ਤੋਂ ਬਟਨ ਜਿਹਾ ਨੱਪ ਕੇ ਦੋ ਫੁੱਟ ਦਾ ਏਰੀਅਲ ਬਾਹਰ ਕੱਢ ਲਿਆ। ਕੱਢਿਆ ਹੋਇਆ ਏਰੀਅਲ ਸਾਡੇ ਸਾਰਿਆਂ ਵੱਲ ਘੁੰਮਾਉਣ ਲੱਗਿਆ ਜਿਵੇਂ ਕੋਈ ਗੰਨ ਦਾ ਨਿਸ਼ਾਨਾ ਬੰਨ੍ਹਦਾ ਹੋਵੇ! ਮੈਂ ਤੇ ਮਿੱਤਰ ਤਾਂ ਖੜ੍ਹੇ ਰਹੇ ਪਰ ਸਾਨੂੰ ਟਿੱਚਰਾਂ ਕਰਨ ਵਾਲੇ ਕਈ ਖਿਸਕ ਗਏ। ਫਿਰ ਸੰਗਤ ਵਿਚੋਂ ਹੀ ਕਿਸੇ ਨੇ ਪੁਲਿਸ ਨੂੰ ਕਾਲ ਕਰ ਦਿੱਤੀ। ਪੁਲਿਸ ਵਾਲੇ ਆ ਗਏ। ਉਨ੍ਹਾਂ ਨੇ ਗੋਰੇ ਦੀ ਪੁੱਛ-ਪੜਤਾਲ ਕੀਤੀ। ਤਲਾਸ਼ੀ ਲਈ ਤਾਂ ਬੈਕ-ਪੈਕ ਵਿਚੋਂ ਗੰਨ ਨਿਕਲ ਆਈ। ਸਾਡੇ ਸਾਰਿਆਂ ਦੇ ਇਕੱਠਿਆਂ ਮੂੰਹੋਂ ਨਿਕਲਿਆ, “ਰੱਬਾ! ਲੱਖ-ਲੱਖ ਸ਼ੁਕਰ ਐ, ਅਸੀਂ ਬਚ ਗਏ।” ਪੁਲਿਸ ਵਾਲੇ ਦੇ ਨਿਰੀਖਣ ਤੋਂ ਪਤਾ ਲੱਗਿਆ ਕਿ ਗੰਨ ਨਕਲੀ ਹੈ। ਉਹ ਸਾਡਾ ਧੰਨਵਾਦ ਕਰਦਾ ਹੋਇਆ ਗੋਰੇ ਨੂੰ ਆਪਣੀ ਕਾਰ ਵਿਚ ਬਿਠਾ ਕੇ ਲੈ ਗਿਆ।
ਨਕਲੀ ਗੰਨ ਨਿਕਲਣ ਨਾਲ ਅਸੀਂ ਸਾਰਿਆਂ ਵਿਚ ਸਿਆਣੇ ਗਿਣੇ ਜਾਣ ਲੱਗੇ ਜਿਨ੍ਹਾਂ ਦੀ ਤੇਜ਼ ਨਿਗ੍ਹਾ ਨੇ ਗੋਰੇ ਨੂੰ ਪਛਾਣ ਲਿਆ ਸੀ। ਹੁਣ ਸਾਰੇ ਜਣੇ ਸ਼ਾਬਾਸ਼ੇ ਦਾ ਹੱਥ ਸਾਡੇ ਮੋਢਿਆਂ ‘ਤੇ ਰੱਖਣ ਲੱਗ ਪਏ। ਸਾਰੇ ਕਹਿਣ ਕਿ ਜੇ ਅਸਲੀ ਗੰਨ ਹੁੰਦੀ! ਜੇ ਉਹ ਚਲਾ ਦਿੰਦਾ! ਜੇ ਉਹ ਆਉਂਦਾ ਹੀ ਫਾਇਰਿੰਗ ਕਰ ਦਿੰਦਾ! ਪਤਾ ਨਹੀਂ ਕੌਣ-ਕੌਣ ਰੱਬ ਨੂੰ ਪਿਆਰਾ ਹੋ ਜਾਣਾ ਸੀ, ਜਿੰਨੇ ਮੂੰਹ ਉਨੀਆਂ ਹੀ ਗੱਲਾਂ। ਆਖਰ ਇਹ ਗੱਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਕੋਲ ਪਹੁੰਚ ਗਈ। ਮੌਕੇ ‘ਤੇ ਗੁਰਦੁਆਰਾ ਸਾਹਿਬ ਵਿਚ ਦੋ ਹੀ ਕਮੇਟੀ ਮੈਂਬਰ ਸਨ।
ਮੈਂ ਤੇ ਮਿੱਤਰ, ਚਾਰ ਹੋਰ ਸਿਆਣੇ ਬੰਦੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਰੂਮ ਵਿਚ ਚਲੇ ਗਏ ਜਿਥੇ ਬੈਠਦਿਆਂ ਹੀ ਇਕ ਕਮੇਟੀ ਮੈਂਬਰ ਨੇ ਕਿਹਾ, “ਛੋਟੇ ਵੀਰਿਓ! ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਅਜਨਬੀ ਗੋਰੇ ਦੀਆਂ ਹਰਕਤਾਂ ਦੇਖ ਕੇ ਪੁੱਛ-ਪੜਤਾਲ ਕੀਤੀ। ਪਤਾ ਨਹੀਂ ਕੀ ਭਾਣਾ ਵਰਤਣਾ ਸੀ!”
“ਬਾਈ ਜੀ! ਲੋੜ ਤਾਂ ਸਾਨੂੰ ਚੌਕਸ ਰਹਿਣ ਦੀ ਹੈ। ਜਿਸ ਤਰ੍ਹਾਂ ਇਹ ਗੋਰੇ ਤੇ ਕਾਲੇ ਸਾਨੂੰ 9/11 ਤੋਂ ਬਾਅਦ ਹਮਲਾ ਕਰਨ ਵਾਲਿਆਂ ਦੇ ਨਾਲ ਦੇ ਹੀ ਗਿਣਦੇ ਹਨ ਜਦ ਕਿ ਸਾਡਾ ਦੇਸ਼, ਸਾਡੀ ਕੌਮ ਵੱਖਰੀ ਹੈ। ਇਹ ਸਿਰਫ਼ ਸਾਡੀ ਪੱਗ ਤੇ ਦਾੜ੍ਹੀ ਦੇਖ ਕੇ ਹੀ ਸਾਨੂੰ ਅਤਿਵਾਦੀਆਂ ਦੇ ਨਾਲ ਦੇ ਸਮਝ ਬੈਠਦੇ ਹਨ। ਇਸੇ ਤਰ੍ਹਾਂ ਸਾਨੂੰ ਵੀ ਮਿਲਵਾਕੀ ਦੇ ਗੁਰਦੁਆਰੇ ਵਾਲੀ ਘਟਨਾ ਨੂੰ ਯਾਦ ਕਰਦਿਆਂ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਕਿਸੇ ਦੇਸ਼ ਦਾ ਕਾਲਾ ਜਾਂ ਗੋਰਾ-ਯਾਨਿ ਕੋਈ ਵੀ ਓਪਰਾ ਬੰਦਾ ਗੁਰਦੁਆਰੇ ਵਿਚ ਦਖ਼ਲ ਹੁੰਦਾ ਹੈ ਤਾਂ ਸਾਨੂੰ ਚੌਕਸੀ ਰੱਖਣੀ ਚਾਹੀਦੀ ਹੈ। ਸਾਡੇ ਧਰਮ ਵਿਚ ਬੇਸ਼ੱਕ ਕਿਸੇ ਵੀ ਧਰਮ ਦੇ ਬੰਦੇ ਨੂੰ ਆਉਣ ਤੋਂ ਮਨਾਹੀ ਨਹੀਂ ਹੈ ਪਰ ਇਨ੍ਹਾਂ ਦੇਸ਼ਾਂ ਵਿਚ ਕਈ ਵਾਰ ਬੰਦੇ ਸਾਡੀ ਇਸ ਗੱਲ ਦਾ ਫਾਇਦਾ ਉਠਾ ਕੇ ਨੁਕਸਾਨ ਕਰ ਜਾਂਦੇ ਹਨ। ਸਾਨੂੰ ਚਾਹੀਦਾ ਹੈ ਕਿ ਦੋ-ਤਿੰਨ ਬੰਦੇ ਮੇਨ ਗੇਟ ‘ਤੇ ਸਕਿਉਰਟੀ ਗਾਰਡ ਦੇ ਤੌਰ ‘ਤੇ ਪਹਿਰਾ ਦੇਣ, ਹਰ ਆਉਣ ਵਾਲੇ ‘ਤੇ ਨਿਗ੍ਹਾ ਹੋਵੇ।” ਮੇਰੇ ਮਿੱਤਰ ਨੇ ਸਲਾਹ ਦਿੱਤੀ।
“ਛੋਟੇ ਵੀਰ! ਤੁਹਾਡੀ ਗੱਲ ਸੋਲਾਂ ਆਨੇ ਠੀਕ ਐ ਪਰ ਆਪਾਂ ਕਿਸੇ ਨੂੰ ਇਸ ਤਰ੍ਹਾਂ ਕਿਵੇਂ ਰੋਕ ਸਕਦੇ ਹਾਂ? ਗੁਰੂ ਘਰ ਤਾਂ ਸਭ ਦੇ ਸਾਂਝੇ ਹੁੰਦੇ।” ਦੂਜੇ ਕਮੇਟੀ ਮੈਂਬਰ ਨੇ ਕਿਹਾ।
“ਆਪਾਂ ਸ਼ਰਧਾਲੂਆਂ ਨੂੰ ਨਹੀਂ ਰੋਕਾਂਗੇ ਪਰ ਜਿਹੜਾ ਸ਼ੱਕੀ ਲੱਗੇ, ਉਸ ਨੂੰ ਤਾਂ ਪੁੱਛ ਹੀ ਸਕਦੇ ਹਾਂ।” ਮੈਂ ਵੀ ਚੁੱਪ ਤੋੜੀ।
“ਦੂਜੀ ਗੱਲ ਭਾਈ ਸਾਬ੍ਹ ਇਹ ਹੈ ਕਿ ਇਕੱਲੇ ਸਾਡੇ ਸ਼ਹਿਰ ਦੇ ਗੁਰਦੁਆਰੇ ਦੀ ਕਮੇਟੀ ਨੂੰ ਨਹੀਂ ਬਲਕਿ ਸਾਰੇ ਅਮਰੀਕਾ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਕਾਲਿਆਂ ਜਾਂ ਗੋਰਿਆਂ ਦੇ, ਜਾਂ ਕਿਸੇ ਹੋਰ ਧਰਮ ਦੇ, ਹੋਰ ਦੇਸ਼ ਦੇ ਬੰਦੇ ਦਾ ਮਰਨਾ ਹੋਵੇ, ਤਾਂ ਸਾਨੂੰ ਫਿਊਨਰਲ ਹਾਲ ਜ਼ਰੂਰ ਪਹੁੰਚਣਾ ਚਾਹੀਦਾ ਹੈ। ਘੱਟੋ-ਘੱਟ ਪੰਜ-ਸੱਤ ਬੰਦੇ ਸੋਹਣੀਆਂ ਦਸਤਾਰਾਂ ਸਜਾ ਕੇ, ਖੁੱਲ੍ਹੇ ਦਾੜ੍ਹੇ ਪ੍ਰਕਾਸ਼ ਕਰ ਕੇ ਜਾਣ। ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਆਪਣੇ ਬਾਰੇ ਵੀ ਦੱਸ ਕੇ ਆਉਣ। ਜਿਵੇਂ ਕਹਿੰਦੇ ਨੇ ਖੁਸ਼ੀ ਵਿਚ ਅਸੀਂ ਸੱਦੇ ਪੱਤਰ ਦੀ ਉਡੀਕ ਵਿਚ ਹੁੰਦੇ ਹਾਂ, ਜੇ ਕੋਈ ਸੱਦੇਗਾ ਤਾਂ ਜਾਵਾਂਗੇ ਪਰ ਗਮੀ ਵਿਚ ਅਸੀਂ ਇਹ ਉਡੀਕ ਨਹੀਂ ਕਰਦੇ। ਮਰਨ ਵਾਲਾ ਚਾਹੇ ਦੁਸ਼ਮਣ ਹੋਵੇ ਚਾਹੇ ਮਿੱਤਰ, ਲੋਕਲ ਅੰਗਰੇਜ਼ੀ ਅਖ਼ਬਾਰ ਵਿਚ ਮਰਨ ਵਾਲਿਆਂ ਬਾਰੇ ਲਿਖਿਆ ਹੁੰਦਾ ਹੈ। ਫਿਊਨਰਲ ਬਾਰੇ ਵੀ ਦੱਸਿਆ ਹੁੰਦਾ ਹੈ। ਦੁਖੀ ਹਿਰਦਿਆਂ ਨਾਲ ਸਾਡੀ ਪਾਈ ਹੋਈ ਸਾਂਝ ਸਾਡੀ ਪਛਾਣ ਨੂੰ ਹੋਰ ਪਕੇਰਾ ਕਰੇਗੀ।” ਮੇਰਾ ਮਿੱਤਰ ਫਿਰ ਬੋਲਿਆ।
“ਛੋਟੇ ਵੀਰ ਜੀ! ਤੁਹਾਡਾ ਸੁਝਾਅ ਬੜਾ ਚੰਗਾ ਹੈ ਪਰ ਸਾਡੇ ਕਮੇਟੀ ਮੈਂਬਰ ਤਾਂ ਮਹੀਨੇ ਵਿਚ ਇਕ ਦਿਨ ਮਸਾਂ ਇਕੱਠੇ ਹੁੰਦੇ ਨੇ। ਜੇ ਉਨ੍ਹਾਂ ਨੂੰ ਆਉਣ ਬਾਰੇ ਕਹਿੰਦੇ ਹਾਂ ਤਾਂ ਅੱਗਿਉਂ ਵੀਹ ਕੰਮ ਗਿਣਾ ਦਿੰਦੇ ਆ।” ਪਹਿਲਾ ਕਮੇਟੀ ਵਾਲਾ ਦੂਜਿਆਂ ਬਾਰੇ ਬੋਲਿਆ।
“ਫਿਰ ਜਦੋਂ ਕਮੇਟੀ ਬਣਾਈ ਜਾਂਦੀ ਐ, ਉਸ ਸਮੇਂ ਗੁਰਦੁਆਰੇ ਦੇ ਕੰਮਾਂ-ਕਾਰਾਂ ਬਾਰੇ, ਸੰਗਤ ਦੇ ਦੁੱਖ-ਦਰਦ ਤੇ ਮੁਸ਼ਕਿਲਾਂ ਬਾਰੇ ਵੀ ਆਪਣੇ ਵਿਚਾਰ ਦਿੰਦੇ ਹੋਏ ਨਵੇਂ ਕਮੇਟੀ ਮੈਂਬਰ ਨੂੰ ਖੋਲ੍ਹ ਕੇ ਦੱਸਿਆ ਜਾਣਾ ਚਾਹੀਦਾ ਹੈ। ਨਾਂ ਕਰਵਾਉਣ ਵਾਸਤੇ ਕਮੇਟੀ ਮੈਂਬਰ ਨਾ ਚੁਣਿਆ ਜਾਵੇ ਸਗੋਂ ਉਸ ਦੀ ਸ਼ਰਧਾ ਤੇ ਸੇਵਾ ਨੂੰ ਦੇਖਦਿਆਂ ਉਸ ਨੂੰ ਇਹ ਸੇਵਾ ਬਖ਼ਸ਼ੀ ਜਾਵੇ।” ਸਾਡੇ ਵਿਚੋਂ ਇਕ ਸਿਆਣਾ ਬੰਦਾ ਦਿਲ ਦੀ ਕਹਿ ਗਿਆ ਸੀ।
“ਆਹ ਦੇਖੋ, ਗੁਰਦੁਆਰੇ ਦੇ ਦੋਵੇਂ ਪਾਸੇ ਗੋਰੇ ਪਰਿਵਾਰ ਰਹਿੰਦੇ ਆ। ਵਿਚਾਰਿਆਂ ਕੋਲ ਪੰਜ-ਪੰਜ ਸੌ ਦੀਆਂ ਕਾਰਾਂ ਹਨ, ਘਰ ਵੀ ਠੀਕ-ਠਾਕ ਹੀ ਹਨ। ਇਹ ਇਨ੍ਹਾਂ ਦਾ ਦੇਸ਼ ਹੈ। ਅਸੀਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਇਥੇ ਆ ਕੇ ਮਿਹਨਤਾਂ ਕੀਤੀਆਂ ਹਨ। ਪਹਿਲਾਂ ਆਪਣੇ ਦੇਸ਼ ਰਹਿੰਦੇ ਪਰਿਵਾਰਾਂ ਨੂੰ ਸੈਟ ਕੀਤਾ, ਫਿਰ ਆਪ ਇਥੇ ਸੈਟ ਹੋਏ ਹਾਂ। ਹੁਣ ਸਾਡੇ ਕੋਲ ਵਧੀਆ ਘਰ ਹਨ, ਬਿਜਨੈਸ਼ ਹਨ, ਵਧੀਆ ਕਾਰਾਂ ਹਨ। ਪਾਰਕਿੰਗ ਲਾਟ ਵਿਚ ਦੇਖੋ, ਵੀਹ ਹਜ਼ਾਰ ਤੋਂ ਲੈ ਕੇ ਇਕ ਲੱਖ ਡਾਲਰ ਤੱਕ ਦੀ ਮਹਿੰਗੀ ਕਾਰ ਖੜ੍ਹੀ ਹੈ। ਸਾਨੂੰ ਪਤਾ ਹੈ ਕਿ ਕਿਵੇਂ ਅਸੀਂ ਲਹੂ-ਪਸੀਨਾ ਡੋਲ ਕੇ ਚਾਰ ਡਾਲਰ ਜੋੜ ਕੇ ਆਪਣੇ ਪੈਰੀਂ ਹੋਏ ਹਾਂ। ਜਦੋਂ ਇਹ ਕਾਲੇ ਗੋਰੇ ਸਾਡੇ ਵੱਲ ਦੇਖਦੇ ਹਨ, ਇਨ੍ਹਾਂ ਦੇ ਦਿਲਾਂ ਵਿਚ ਵੀ ਇਹ ਗੱਲ ਉਥਲ-ਪੁਥਲ ਕਰਦੀ ਹੈ ਕਿ ਬਾਹਰਲੇ ਮੁਲਕਾਂ ਦੇ ਇਹ ਬੰਦੇ ਸਾਡੇ ਦੇਸ਼ ਵਿਚ ਐਸ਼ ਕਰਦੇ ਹਨ! ਸਾਰਾ ਕੁਝ ਇਨ੍ਹਾਂ ਦੇ ਕੋਲ ਹੈ। ਇਨ੍ਹਾਂ ਕਾਲਿਆਂ ਗੋਰਿਆਂ ਦਾ ਨਿਕੰਮਪੁਣਾ ਜਾਂ ਵਿਹਲੜਪੁਣਾ ਬੇਸ਼ਕ ਇਨ੍ਹਾਂ ਨੂੰ ਕੁਝ ਕਰਨ ਨਹੀਂ ਦਿੰਦਾ ਪਰ ਇਹ ਸਾਨੂੰ ਦੇਖ ਕੇ ਸੜਦੇ ਜ਼ਰੂਰ ਹਨ ਤੇ ਕੋਈ ਵੀ ਜਾਣੇ-ਅਣਜਾਣੇ ਵਿਚ, ਕਿਸੇ ਜੁਰਮ ਨੂੰ ਅੰਜ਼ਾਮ ਦੇ ਦਿੰਦੇ ਹਨ। ਜਿਵੇਂ ਅਸੀਂ ਪੰਜਾਬ ਵਿਚ ਯੂæਪੀæ, ਬਿਹਾਰ ਦੇ ਭਈਆਂ ਵੱਲ ਦੇਖ ਕੇ ਸੜਦੇ ਹਾਂ। ਨਾਲੇ ਯੂæਪੀæ, ਬਿਹਾਰ ਤਾਂ ਸਾਡੇ ਦੇਸ਼ ਦਾ ਹੀ ਹਿੱਸਾ ਹੈ ਪਰ ਅਸੀਂ ਪੰਜਾਬ ਨੂੰ ਆਪਣਾ ਦੇਸ਼ ਮੰਨਦੇ ਹੋਏ ਭਈਆਂ ਦੀਆਂ ਪੱਕੀਆਂ ਰਿਹਾਇਸ਼ਾਂ ਤੋਂ ਦੁਖੀ ਹਾਂ। ਭਈਆਂ ਨੇ ਵੀ ਤਾਂ ਫੈਕਟਰੀਆਂ, ਹੌਜਰੀਆਂ ਤੇ ਭੱਠਿਆਂ ਉਤੇ ਮਿਹਨਤਾਂ ਕਰ ਕੇ ਆਪਣੇ ਪੱਕੇ ਘਰ ਬਣਾਏ ਹਨ। ਯੂæਪੀæ ਬਿਹਾਰ ਤੋਂ ਆਪਣੇ ਬੀਵੀ-ਬੱਚੇ ਵੀ ਸੱਦ ਲਏ ਹਨ। ਭਈਆਂ ਤੋਂ ਅਸੀਂ ਇਸ ਗੱਲੋਂ ਵੀ ਦੁਖੀ ਹਾਂ ਕਿ ਉਹ ਸਾਡੀਆਂ ਧੀਆਂ, ਭੈਣਾਂ ਤੇ ਨੂੰਹਾਂ ਨਾਲ ਨਾਜਾਇਜ਼ ਸਬੰਧ ਬਣਾ ਲੈਂਦੇ ਹਨ। ਇਥੇ ਵੀ ਸਾਡੇ ਆਪਣੇ ਬੱਚੇ ਕਾਲੀਆਂ ਗੋਰੀਆਂ ਕੁੜੀਆਂ ਨੂੰ ਆਪਣੀਆਂ ਗਰਲ ਫਰੈਂਡਾਂ ਬਣਾਈ ਫਿਰਦੇ ਹਨ। ਇਥੋਂ ਦੇ ਸਿਆਣੇ ਕਾਲੇ ਤੇ ਗੋਰੇ ਵੀ ਦੁਖੀ ਹੁੰਦੇ ਹੋਣਗੇ! ਲੋੜ ਤਾਂ ਸਾਨੂੰ ਇਸ ਗੱਲ ਦੀ ਹੈ ਕਿ ਪਹਿਲਾਂ ਇਨ੍ਹਾਂ ਲੋਕਾਂ ਵਿਚ ਆਪਣੀ ਵੱਖਰੀ ਪਛਾਣ ਬਣਾ ਲਈਏ। ਆਪਣੇ ਬਾਰੇ, ਆਪਣੇ ਧਰਮ ਬਾਰੇ, ਆਪਣੇ ਗੁਰੂਆਂ ਬਾਰੇ ਇਨ੍ਹਾਂ ਨੂੰ ਦੱਸੀਏ। ਇਨ੍ਹਾਂ ਨੂੰ ਵਧੀਆ ਇਨਸਾਨ ਬਣ ਕੇ ਦਿਖਾਈਏ।” ਦੂਜਾ ਸਿਆਣਾ ਬੰਦਾ ਵੀ ਕਈ ਗੱਲਾਂ ਕਹਿ ਗਿਆ।
“ਭਾਈ ਸਾਬ੍ਹ! ਜਦੋਂ ਵੀ ਇਥੇ ਕਦੇ ਕੁਦਰਤੀ ਆਫ਼ਤ ਆਈ ਐ, ਅਸੀਂ ਸਾਰਿਆਂ ਨੇ ਰਲ ਕੇ ਮਦਦ ਕੀਤੀ ਐ। ਭੋਜਨ ਲਈ ਰਸਦਾਂ, ਕੱਪੜੇ ਅਤੇ ਡਾਲਰਾਂ ਨਾਲ ਸੇਵਾ ਨਿਭਾਈ ਹੈ।” ਕਮੇਟੀ ਮੈਂਬਰ ਆਪਣੀ ਵਡਿਆਈ ਵਿਚ ਕਹਿ ਗਿਆ।
“ਬਾਈ ਜੀ! ਇਹ ਸਭ ਕੁਝ ਗੁਰਦੁਆਰੇ ਦੇ ਅੰਦਰ ਹੋਇਆ। ਲੋਕਾਂ ਨੇ ਕੱਪੜੇ ਤੇ ਰਸਦਾਂ ਦਿੱਤੀਆਂ, ਤੁਸੀਂ ਟਰੱਕ ਵਿਚ ਲੱਦ ਦਿੱਤੀਆਂ, ਦੋ-ਚਾਰ ਗੋਰਿਆਂ ਨੂੰ ਪਤਾ ਲੱਗਿਆ। ਜੇ ਅਸੀਂ ਹਰ ਮਹੀਨੇ ਜਾਂ ਹਰ ਹਫ਼ਤੇ, ਬੇਘਰੇ ਲੋਕਾਂ ਨੂੰ ਜਾ ਕੇ ਭੋਜਨ ਛਕਾਈਏ, ਉਨ੍ਹਾਂ ਲਈ ਕੱਪੜੇ ਆਦਿ ਲੈ ਕੇ ਜਾਈਏ, ਉਥੇ ਉਨ੍ਹਾਂ ਨਾਲ ਦੁੱਖ-ਸੁੱਖ ਸਾਂਝਾ ਕਰੀਏ, ਫਿਰ ਸਾਡੀ ਇਸ ਜਨਤਕ ਸੇਵਾ ਨਾਲ ਸਾਡੇ ਧਰਮ ਦਾ ਪ੍ਰਚਾਰ ਵੀ ਹੋ ਜਾਵੇਗਾ। ਦੂਜੀ ਗੱਲ, ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਅੰਮ੍ਰਿਤਧਾਰੀ ਹੋਣੀ ਜ਼ਰੂਰੀ ਹੈ। ਜੇ ਕਿਸੇ ਦਾ ਅੰਮ੍ਰਿਤ ਛਕਣ ਨੂੰ ਅਜੇ ਮਨ ਰਾਜ਼ੀ ਨਹੀਂ, ਤਾਂ ਕੇਸ ਦਾੜ੍ਹਾ ਤੇ ਦਸਤਾਰ ਜ਼ਰੂਰ ਸਜਾਉਣੀ ਚਾਹੀਦੀ ਹੈ। ਜੇ ਦਸਤਾਰ ਅਸੀਂ ਸਾਰੇ ਇਕੋ ਤਰੀਕੇ ਨਾਲ ਸਜਾਈਏ ਤਾਂ ਹੋਰ ਵੀ ਚੰਗਾ। ਸਾਨੂੰ ਇਨ੍ਹਾਂ ਦੇ ਦਿਨ-ਦਿਹਾਰਾਂ, ਅਜ਼ਾਦੀ ਦਿਨ ਅਤੇ ਥੈਂਕਸਗਿਵਿੰਗ ਡੇਅ ‘ਤੇ ਜ਼ਰੂਰ ਹੀ ਪਹੁੰਚਣਾ ਚਾਹੀਦਾ ਹੈ। ਸਿਰਫ ਇਸੇ ਤਰ੍ਹਾਂ ਅਸੀਂ ਇਨ੍ਹਾਂ ਨਾਲ ਨੇੜਤਾ ਵਧਾ ਸਕਦੇ ਹਾਂ ਅਤੇ ਆਪਣੀ ਸੱਜਣਤਾ ਦਾ ਅਹਿਸਾਸ ਕਰਵਾ ਸਕਦੇ ਹਾਂ। ਕੋਈ ਵੀ ਮਾੜਾ ਕੰਮ ਕਰਨ ਤੋਂ ਪਹਿਲਾਂ ਇਹ ਸੋਚੀਏ ਕਿ ਸਾਡਾ ਮਾੜਾ ਕੰਮ ਸਾਰੀ ਸਿੱਖ ਕੌਮ ਉਤੇ ਦਾਗ ਬਣੇਗਾ। ਸਾਡੇ ਉਤੇ ਹੁੰਦੇ ਨਸਲੀ ਵਿਤਕਰੇ ਇਨ੍ਹਾਂ ਲੋਕਾਂ ਦੀ ਸਾਡੇ ਬਾਰੇ ਨਾ-ਸਮਝੀ ਹੀ ਹੈ। ਜਦੋਂ ਇਨ੍ਹਾਂ ਨੂੰ ਸਾਡੇ ਬਾਰੇ ਪਤਾ ਲੱਗ ਗਿਆ, ਫਿਰ ਸ਼ਾਇਦ ਕੋਈ ਮਾੜੀ ਘਟਨਾ ਨਾ ਵਾਪਰੇ।” ਮੈਂ ਵੀ ਆਪਣੀ ਸਿਆਣਪ ਦੀ ਗਵਾਹੀ ਦਿੱਤੀ।
“ਚਲੋ ਸਭ ਕੁਝ ਠੀਕ ਹੋ ਜਾਵੇਗਾ। ਇਨ੍ਹਾਂ ਸੁਝਾਵਾਂ ਦਾ ਵਿਚਾਰ ਅਸੀਂ ਕਮੇਟੀ ਦੀ ਅਗਲੀ ਮੀਟਿੰਗ ਵਿਚ ਜ਼ਰੂਰ ਕਰਾਂਗੇ।” ਸਾਰਿਆਂ ਦੀਆਂ ਗੱਲਾਂ ਆਪੋ-ਆਪਣੀ ਥਾਂ ਠੀਕ ਸਨ। ਕਮੇਟੀ ਮੈਂਬਰ ਫਤਿਹ ਬੁਲਾ ਕੇ ਚਲੇ ਗਏ।
ਮੈਂ ਤੇ ਮੇਰਾ ਮਿੱਤਰ ਫਿਰ ਲੰਗਰ ਹਾਲ ਵਿਚ ਸੇਵਾ ਲਈ ਜੁਟ ਗਏ।

Be the first to comment

Leave a Reply

Your email address will not be published.