ਚੰਡੀਗੜ੍ਹ: ਪੰਜਾਬੀਆਂ ਦੀ ਉਮਰ ਨੂੰ ਚਿੰਤਾਵਾਂ, ਬਿਮਾਰੀਆਂ, ਹਾਦਸੇ ਤੇ ਨਸ਼ੇ ਖਾ ਰਹੇ ਹਨ। ਮਰਦਮਸ਼ੁਮਾਰੀ ਵਿਭਾਗ ਦੇ ਅੰਕੜਿਆਂ ਅਨੁਸਾਰ ਪੰਜਾਬੀਆਂ ਲਈ 100 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਬੱਸ ਸੁਪਨਾ ਹੀ ਬਣ ਕੇ ਰਹਿ ਗਈ ਹੈ। ਅੰਕੜੇ ਦੱਸਦੇ ਹਨ ਕਿ ਪੌਣੇ ਤਿੰਨ ਕਰੋੜ ਆਬਾਦੀ ਵਾਲੇ ਪੰਜਾਬ ਵਿਚ 100 ਵਰ੍ਹੇ ਜਾਂ ਇਸ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਦੀ ਗਿਣਤੀ ਸਿਰਫ 19 ਹਜ਼ਾਰ ਦਰਜ ਕੀਤੀ ਗਈ ਹੈ ਜਿਨ੍ਹਾਂ ਵਿਚ ਔਰਤਾਂ ਦੀ ਗਿਣਤੀ ਵਧੇਰੇ ਹੈ। ਇਨ੍ਹਾਂ 19 ਹਜ਼ਾਰ ਲੋਕਾਂ ਵਿਚੋਂ ਸਾਢੇ 10 ਹਜ਼ਾਰ ਔਰਤਾਂ ਤੇ 8539 ਮਰਦ ਹਨ।
ਅੰਕੜਿਆਂ ਅਨੁਸਾਰ ਪੰਜਾਬ ਦੇ ਪਿੰਡਾਂ ਵਿਚ ਸ਼ਹਿਰਾਂ ਦੇ ਮੁਕਾਬਲੇ 100 ਵਰ੍ਹੇ ਉਮਰ ਤੱਕ ਪਹੁੰਚਣ ਦੀ ਦਰ ਜ਼ਿਆਦਾ ਹੈ ਕਿਉਂਕਿ ਮਰਦਮ ਸ਼ੁਮਾਰੀ ਦੌਰਾਨ ਉਪਰੋਕਤ 19 ਹਜ਼ਾਰ ਲੋਕਾਂ ਵਿਚੋਂ 13,465 ਲੋਕ ਤਾਂ ਪਿੰਡਾਂ ਦੇ ਹੀ ਰਹਿਣ ਵਾਲੇ ਸਨ ਜਦਕਿ ਸਿਰਫ 5576 ਵਿਅਕਤੀ ਸ਼ਹਿਰਾਂ-ਕਸਬਿਆਂ ਦੇ ਸਨ। ਮਰਦਮਸ਼ੁਮਾਰੀ ਵਿਭਾਗ ਨੇ ਨਵਜਨਮੇ ਬੱਚਿਆਂ ਤੋਂ ਲੈ ਕੇ 100 ਸਾਲ ਤੱਕ ਦੇ ਲੋਕਾਂ ਨੂੰ ਵਰਗਾਂ ਵਿਚ ਵੰਡਿਆ ਹੋਇਆ ਹੈ ਤੇ ਹਰ ਉਮਰ ਵਰਗ ਵਿਚ ਪਿੰਡਾਂ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਨਜ਼ਰ ਆਉਂਦੀ ਹੈ। ਅੰਕੜਿਆਂ ਅਨੁਸਾਰ ਪੰਜਾਬ ਵਿਚ 90 ਸਾਲ ਉਮਰ ਭੋਗ ਚੁੱਕੇ ਲੋਕਾਂ ਦੀ ਗਿਣਤੀ ਸਿਰਫ 33,835 ਹੈ। ਇਨ੍ਹਾਂ ਵਿਚ ਵੀ ਜ਼ਿਆਦਾ ਔਰਤਾਂ ਹੀ ਹਨ। ਸੂਬੇ ਵਿਚ 80 ਸਾਲ ਉਮਰ ਭੋਗ ਚੁੱਕੇ ਲੋਕਾਂ ਦੀ ਗਿਣਤੀ ਇਕ ਲੱਖ 26 ਹਜ਼ਾਰ 792 ਹੈ। ਵਿਭਾਗ ਅਨੁਸਾਰ ਲੰਮੀ ਉਮਰ ਭੋਗਣ ਵਾਲੇ ਲੋਕਾਂ ਪੱਖੋਂ ਕੇਰਲਾ, ਗੁਜਰਾਤ, ਦਿੱਲੀ, ਕਰਨਾਟਕ ਤੇ ਪੰਜਾਬ ਦੀ ਹਾਲਤ ਬਹੁਤੀ ਵਧੀਆ ਨਹੀਂ ਹੈ। ਸਾਲ 2001 ਵਿਚ ਹੋਈ ਮਰਦਮਸ਼ੁਮਾਰੀ ਦੌਰਾਨ ਪੰਜਾਬ ਦੀ ਥਾਂ ਹਰਿਆਣਾ ਉਪਰੋਕਤ ਸੂਬਿਆਂ ਵਿਚ ਸ਼ਾਮਲ ਹੁੰਦਾ ਸੀ।
ਵਿਭਾਗ ਦਾ ਮੰਨਣਾ ਹੈ ਕਿ ਪੂਰੇ ਦੇਸ਼ ਵਿਚ ਹੀ ਲੋਕਾਂ ਵੱਲੋਂ ਲੰਮੀ ਉਮਰ ਭੋਗਣ ਦਾ ਗਰਾਫ਼ ਹਰ 10 ਸਾਲਾਂ ਬਾਅਦ ਬਿਹਤਰ ਹੋਣ ਦੀ ਬਜਾਏ ਗਿਰਾਵਟ ਵੱਲ ਹੀ ਜਾ ਰਿਹਾ ਹੈ। ਅੰਕੜਿਆਂ ਅਨੁਸਾਰ 15 ਤੋਂ 24 ਸਾਲ ਉਮਰ ਵਰਗ ਦੇ ਲੋਕਾਂ ਦੀ ਦਰ ਪੱਖੋਂ ਪੰਜਾਬ ਦੇਸ਼ ਵਿਚ 14ਵਾਂ ਨੰਬਰ ਹੈ। ਸਪੱਸ਼ਟ ਹੈ ਕਿ ਇਸ ਅਹਿਮ ਵਰਗ ਦੇ ਲੋਕਾਂ ਲਈ ਪੰਜਾਬ ਸਰਕਾਰ ਨੂੰ ਨੇੜਲੇ ਭਵਿੱਖ ਵਿਚ ਬਿਹਤਰ ਯੋਜਨਾਵਾਂ ਬਣਾਉਣੀਆਂ ਪੈਣਗੀਆਂ। ਦੂਜੇ ਪਾਸੇ 60 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਦੀ ਗਿਣਤੀ ਦੀ ਦਰ ਪੱਖੋਂ ਪੰਜਾਬ ਦੇਸ਼ ਵਿਚੋਂ ਚੌਥੇ ਨੰਬਰ ‘ਤੇ ਹੈ, ਭਾਵ ਪੰਜਾਬ ਵਿਚ ਬਜ਼ੁਰਗਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ।
ਅੰਕੜਿਆਂ ਅਨੁਸਾਰ ਆਤਮ ਨਿਰਭਰ (ਸੈਲਫ ਡਿਪੈਂਡੈਂਸੀ) ਨੌਜਵਾਨਾਂ ਪੱਖੋਂ ਪੰਜਾਬ 15ਵੇਂ ਨੰਬਰ ‘ਤੇ ਹੈ। ਬੇਰੁਜ਼ਗਾਰੀ ਇਸ ਦਾ ਮੁੱਖ ਕਾਰਨ ਹੋ ਸਕਦੀ ਹੈ ਪਰ ਬਹੁਤ ਸੂਬੇ ਤੇ ਯੂæਟੀਜ਼ ਅਜਿਹੀਆਂ ਹਨ ਜਿਨ੍ਹਾਂ ਵਿਚ ਨੌਜਵਾਨਾਂ ਦੀ ਹਾਲਤ ਪੰਜਾਬ ਤੋਂ ਮਾੜੀ ਹੈ। ਭਾਵ ਉਨ੍ਹਾਂ ਸੂਬਿਆਂ ਦੇ ਨੌਜਵਾਨ ਰੋਟੀ ਲਈ ਕਿਸੇ ਹੋਰ ‘ਤੇ ਨਿਰਭਰ ਹਨ। ਅੰਕੜਿਆਂ ਵਿਚ ਬਿਹਾਰ, ਰਾਜਸਥਾਨ, ਯੂæਪੀæ, ਮੇਘਾਲਿਆ ਤੇ ਝਾਰਖੰਡ ਅਜਿਹੇ ਸੂਬੇ ਦੱਸੇ ਗਏ ਹਨ ਜਿਨ੍ਹਾਂ ਵਿਚ ਅਜਿਹੇ ਨੌਜਵਾਨਾਂ ਦੀ ਸੰਖਿਆ ਕਾਫ਼ੀ ਜ਼ਿਆਦਾ ਹੈ ਜੋ ਰੋਟੀ ਲਈ ਹੋਰਾਂ ‘ਤੇ ਨਿਰਭਰ ਹਨ।
Leave a Reply