ਲਾਰੈਂਸ ਤੇ ਭਗਵਾਨਪੁਰੀਆ ਵੱਲੋਂ ਮੂਸੇਵਾਲਾ ਕਾਂਡ ‘ਚ ਸ਼ਾਮਲ ਨਾ ਹੋਣ ਦਾ ਦਾਅਵਾ

ਮਾਨਸਾ: ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਮਾਨਸਾ ਦੀ ਇਕ ਅਦਾਲਤ ਵਿਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਆਪਣੀ ਰਿਹਾਈ ਦੀ ਮੰਗ ਕਰਦੇ ਹੋਏ ਦਾਅਵਾ ਕੀਤਾ ਕਿ ਉਹ ਪੰਜਾਬੀ ਗਾਇਕ ਦੀ ਹੱਤਿਆ ਵਿਚ ਸ਼ਾਮਲ ਨਹੀਂ ਸਨ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ ਪਿਛਲੇ ਸਾਲ 29 ਮਈ ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਚ ਛੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ਵਿਚ ਧਾਰਾ 239 ਕੋਡ ਆਫ ਕ੍ਰਿਮੀਨਲ ਪ੍ਰੋਸੀਜਰ (ਸੀ.ਆਰ.ਪੀ.ਸੀ.) ਤਹਿਤ ਇਕ ਅਰਜ਼ੀ ਦਾਇਰ ਕਰਕੇ ਹੱਤਿਆ ਦੇ ਮਾਮਲੇ ਵਿਚ ਆਪਣੇ ਮੁਵੱਕਿਲ ਦੇ ਦੋਸ਼-ਮੁਕਤ ਹੋਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਜੱਗੂ ਭਗਵਾਨਪੁਰੀਆ ਦੇ ਵਕੀਲ ਨੇ ਸੀ.ਆਰ.ਪੀ.ਸੀ. ਦੀ ਧਾਰਾ 227 ਤਹਿਤ 235 ਪੰਨਿਆਂ ਦੀ ਅਰਜ਼ੀ ਦਾਇਰ ਕਰਕੇ ਰਿਹਾਈ ਮੰਗੀ। ਹੈ ਸਰਕਾਰੀ ਵਕੀਲ ਨੇ ਅਦਾਲਤ ਵੱਲੋਂ ਦਾਇਰ ਡਿਸਚਾਰਜ ਅਰਜ਼ੀਆਂ ਦਾ ਜਵਾਬ ਦਾਖਲ ਕਰਨ ਲਈ ਸਮਾਂ ਦੇਣ ਲਈ ਕਿਹਾ ਜਿਸ ਪਿੱਛੋਂ ਅਦਾਲਤ ਨੇ ਜਵਾਬ ਲਈ ਸੁਣਵਾਈ 5 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬਿਸ਼ਨੋਈ ਅਤੇ ਭਗਵਾਨਪੁਰੀਆ ਨੇ ਆਪਣੀਆਂ ਅਰਜ਼ੀਆਂ ਵਿਚ ਦਾਅਵਾ ਕੀਤਾ ਹੈ ਕਿ ਉਹ ਕਤਲ ਵਿਚ ਸ਼ਾਮਲ ਨਹੀਂ ਸਨ। ਉਹ ਕਤਲ ਦੇ ਸਮੇਂ ਜੇਲ੍ਹ ਵਿਚ ਬੰਦ ਸਨ ਅਤੇ ਕਤਲ ਵਿਚ ਉਨ੍ਹਾਂ ਦਾ ਕੋਈ ਸਬੰਧ ਨਹੀਂ ਸੀ। ਇਸ ਤੋਂ ਪਹਿਲਾਂ ਵੱਖ-ਵੱਖ ਜੇਲ੍ਹਾਂ ਵਿਚ ਬੰਦ 24 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਮੁਲਜ਼ਮ ਮੋਨੂੰ ਡਾਗਰ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ। ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀ ਐਸ.ਆਈ.ਟੀ. (ਸਿਟ) ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਸਮੇਤ 32 ਮੁਲਜ਼ਮਾਂ ਖ਼ਿਲਾਫ਼ ਤਿੰਨ ਚਾਰਜਸ਼ੀਟਾਂ ਦਾਇਰ ਕੀਤੀਆਂ ਹਨ ਅਤੇ ਦਾਅਵਾ ਕੀਤਾ ਹੈ ਕਿ ਇਹ ਕਤਲ ਬਿਸ਼ਨੋਈ ਅਤੇ ਬੰਬੀਹਾ ਗੈਂਗ ਦਰਮਿਆਨ ਬਦਲਾਖੋਰੀ ਦੀ ਇਕ ਲੜੀ ਦਾ ਹਿੱਸਾ ਸੀ। ਐਸ.ਆਈ.ਟੀ. ਨੇ ਮੂਸੇਵਾਲਾ ਦੇ ਕਤਲ ਵਿਚ ਬਿਸ਼ਨੋਈ ਅਤੇ ਭਗਵਾਨਪੁਰੀਆ ਨੂੰ ਮੁੱਖ ਸਾਜ਼ਿਸ਼ਕਰਤਾ ਅਤੇ ਗੋਲਡੀ ਬਰਾੜ ਨੂੰ ਮਾਸਟਰਮਾਈਂਡ ਵਜੋਂ ਨਾਮਜ਼ਦ ਕੀਤਾ ਹੈ।
ਐਸ.ਆਈ.ਟੀ. ਦੀ ਚਾਰਜਸ਼ੀਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ‘ਤੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨਾਲ ਮਿਲ ਕੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਕਥਿਤ ਯੋਜਨਾ ਬਣਾਈ ਸੀ। ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਇਸ ਗੱਲੋਂ ਖਫ਼ਾ ਹਨ ਕਿ ਹੱਤਿਆ ਦੇ ਮਾਮਲੇ ‘ਤੇ ਹਾਲੇ ਸਹੀ ਢੰਗ ਨਾਲ ਕਾਰਵਾਈ ਨਹੀਂ ਕਿਉਂ। ਉਹ ਮੰਗ ਕਰ ਰਹੇ ਹਨ ਕਿ ਇਹ ਹੱਤਿਆ ਕਿਸ ਦੇ ਕਹਿਣ ‘ਤੇ ਕਰਵਾਈ ਗਈ।
ਲਾਰੈਂਸ ਬਿਸ਼ਨੋਈ ਨੇ ਲਈ ਸੀ ਕਤਲ ਦੀ ਜ਼ਿੰਮੇਵਾਰੀ
ਚੰਡੀਗੜ੍ਹ: ਸਾਲ 2023 ਦੇ ਸ਼ੁਰੂ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਤੋਂ ਇਕ ਨਿਊਜ਼ ਚੈਨਲ ਨੂੰ ਦਿੱਤੇ ਦੋ ਇੰਟਰਵਿਊ ਵਿਚ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਪਰ ਹੁਣ ਵਕੀਲਾਂ ਵੱਲੋਂ ਕੀਤੇ ਦਾਅਵੇ ਨੇ ਨਵੀਂ ਸਥਿਤੀ ਪੈਦਾ ਕਰ ਦਿੱਤੀ ਹੈ। ਇਸ ਦੌਰਾਨ ਮਾਨਸਾ ਪੁਲਿਸ ਵੱਲੋਂ ਇੱਕ ਹੋਰ ਮੁਲਜ਼ਮ ਸਚਿਨ ਥਾਪਨ ਬਿਸ਼ਨੋਈ ਵਿਰੁੱਧ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।