ਸੁਖਬੀਰ ਦੀ ਮੁਆਫੀ ਤੋਂ ਬਾਅਦ ਅਕਾਲੀ ਸਿਆਸਤ ਭਖੀ

ਚੰਡੀਗੜ੍ਹ: ਸਿਆਸੀ ਪੈਰ ਧਰਾਵੇ ਲਈ ਹੱਥ ਪੈਰ ਮਾਰ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਦਿੱਤੇ ਗਏ ਪੰਥਕ ਏਕੇ ਦੇ ਹੋਕਾ ਨੂੰ ਹੁੰਗਾਰਾ ਮਿਲਣ ਦੇ ਆਸਾਰ ਬਣਨ ਲੱਗੇ ਹਨ। ਇਹ ਪਹਿਲੀ ਵਾਰ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਹੱਥ ਪਾਰਟੀ ਦੀ ਕਮਾਨ ਆਉਣ ਤੋਂ ਬਾਅਦ ਵੱਖ ਹੋਏ ਆਗੂਆਂ ਨੇ ਏਕੇ ਦੇ ਸੰਕੇਤ ਦਿੱਤੇ ਹਨ।

ਯਾਦ ਰਹੇ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਚ ਸਾਲ 2015-16 ਵਿਚ ਉਨ੍ਹਾਂ ਦੀ ਪਾਰਟੀ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਮੁਆਫੀ ਮੰਗੀ ਅਤੇ ਪਾਰਟੀ ਨਾਲੋਂ ਵੱਖ ਹੋਏ ਆਗੂਆਂ ਨੂੰ ਘਰ ਵਾਪਸੀ ਲਈ ਸੱਦਾ ਦਿੱਤਾ। ਇਸ ਸੱਦੇ ਤੋਂ ਤੁਰੰਤ ਪਿੱਛੋਂ ਦੋ ਸਾਬਕਾ ਸੀਨੀਅਰ ਆਗੂ ਜੋ ਸੰਯੁਕਤ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ, ਆਪਣੇ ਸਮਰਥਕਾਂ ਸਣੇ ਵਾਪਸ ਸ਼੍ਰੋਮਣੀ ਅਕਾਲੀ ਦਲ ਵਿਚ ਆ ਗਏ ਹਨ। ਸੀਨੀਅਰ ਆਗੂ ਤੇ ਸਾਬਕਾ ਪਾਰਲੀਮਾਨੀ ਸਕੱਤਰ ਦੇਸ ਰਾਜ ਧੁੱਗਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਘੁੰਮਣ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਇਥੋਂ ਤੱਕ ਕਿ ਸੁਖਬੀਰ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਕੇ ਹੀ ਵਾਪਸੀ ਕਰਨ ਉਤੇ ਅੜੇ ਹੋਏ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਵੀ ਇਸ ਵਾਰ ਸੁਰ ਨਰਮ ਕਰ ਲਏ ਹਨ। ਢੀਂਡਸਾ ਨੇ ਇਸ ਮੁੱਦੇ ‘ਤੇ ਪਾਰਟੀ ਵਰਕਰਾਂ ਨਾਲ ਚਰਚਾ ਕਰਨ ਮਗਰੋਂ ਫੈਸਲਾ ਕਰਨ ਦੀ ਹਾਮੀ ਭਰ ਦਿੱਤੀ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਈ ਇਕ ਹੋਰ ਮੁੱਖ ਆਗੂ ਜਗੀਰ ਕੌਰ ਵੀ ਪਾਰਟੀ ਨਾਲ ਸਮਝੌਤਾ ਕਰ ਸਕਦੇ ਹਨ। ਉਨ੍ਹਾਂ ਨੇ ਸਾਫ ਆਖਿਆ ਹੈ ਕਿ ਉਨ੍ਹਾਂ ਨੇ ਪਾਰਟੀ ਛੱਡੀ ਨਹੀਂ ਸਗੋਂ ਉਨ੍ਹਾਂ ਨੂੰ ਕੱਢਿਆ ਗਿਆ ਸੀ, ਮਸਲਾ ਮਾਣ ਸਨਮਾਨ ਦਾ ਹੈ।
ਚਰਚਾ ਹੈ ਕਿ ਅਕਾਲੀ ਆਗੂਆਂ ਦੇ ਵੱਖ-ਵੱਖ ਧੜਿਆਂ ਦੇ ਇਕੱਠੇ ਹੋਣ ਦੇ ਨਾਲ ਹੀ 2024 ਦੀਆਂ ਆਮ ਚੋਣਾਂ ਵਿਚ ਪਾਰਟੀ ਦੀ ਭਾਜਪਾ ਨਾਲ ਮੁੜ ਗੱਠਜੋੜ ਹੋਣ ਦੀ ਸੰਭਾਵਨਾ ਹੈ। ਸੂਤਰ ਇਹ ਵੀ ਦੱਸ ਰਹੇ ਹਨ ਕਿ ਅਕਾਲੀ ਦਲ ਬਾਦਲ ਨੇ 2024 ਦੀਆਂ ਲੋਕ ਸਭਾ ਚੋਣ ਲਈ ਗੱਠਜੋੜ ਕਰਨ ਲਈ ਭਾਜਪਾ ਤੱਕ ਪਹੁੰਚ ਕੀਤੀ ਸੀ ਪਰ ਭਗਵਾ ਧਿਰ ਖਿੰਡੇ-ਪੁੰਡੇ ਅਕਾਲੀ ਦਲ ਨੂੰ ਮੂੰਹ ਲਾਉਣ ਤਿਆਰ ਨਹੀਂ ਹੋਈ। ਇਥੋਂ ਤੱਕ ਕਿ ਭਾਜਪਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਈਵਾਲ ਬਣੇ ਢੀਂਡਸਾ ਧੜੇ ਤੋਂ ਵੀ ਪਾਸਾ ਵੱਟਣ ਲੱਗੀ ਸੀ। ਦੱਸ ਦਈਏ ਕਿ ਪਿੱਛੇ ਜਿਹੇ ਭਾਜਪਾ ਨੇ ਢੀਂਡਸਾ ਧੜੇ ਨੂੰ ਹੀ ਅਸਲੀ ਅਕਾਲੀ ਦਲ ਦੱਸ ਕੇ ਟਕਸਾਲੀ ਆਗੂਆਂ ਨੂੰ ਸੁਖਬੀਰ ਦਾ ਸਾਥ ਛੱਡ ਕੇ ਇਸ ਧੜੇ ਵਿਚ ਸ਼ਾਮਲ ਹੋਣ ਦਾ ਹੋਕਾ ਦਿੱਤਾ ਸੀ, ਹਾਲਾਂਕਿ ਇਸ ਸੱਦੇ ਨੂੰ ਭੋਰਾ ਹੁੰਗਾਰਾ ਨਹੀਂ ਮਿਲਿਆ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਅਕਾਲੀ ਧੜੇ ਹੁਣ ਇਹ ਗੱਲ ਸਮਝਣ ਲੱਗੇ ਹਨ ਕਿ ਏਕੇ ਬਿਨਾਂ ਕੋਈ ਕੌਮੀ ਪਾਰਟੀ ਉਨ੍ਹਾਂ ਨੂੰ ਮੂੰਹ ਲਾਉਣ ਤਿਆਰ ਨਹੀਂ ਹੋਵੇਗੀ।
ਸੂਤਰਾਂ ਦਾ ਕਹਿਣਾ ਹੈ ਕਿ ਸੁਖਬੀਰ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਕੇ ਹੀ ਪਾਰਟੀ ਵਿਚ ਵਾਪਸੀ ਉਤੇ ਅੜੇ ਢੀਂਡਸਾ ਸਮੇਤ ਕਈ ਧੜਿਆਂ ਨੇ ਹੁਣ ਸਿਰਫ ਮੁਆਫੀ ਮੰਗਣ ਦੀ ਹੀ ਸ਼ਰਤ ਰੱਖੀ ਸੀ। ਢੀਂਡਸਾ ਦੇ ਸ਼੍ਰੋਮਣੀ ਅਕਾਲੀ ਤੋਂ ਵੱਖ ਹੋਣ ਕਾਰਨ ਵੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਮੁੜ ਗੱਠਜੋੜ ‘ਚ ਅੜਿੱਕਾ ਪੈ ਰਿਹਾ ਹੈ। ਚੇਤੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਭਾਜਪਾ ਨਾਲੋਂ ਗੱਠਜੋੜ ਤੋੜ ਲਿਆ ਸੀ। ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਦੋਵਾਂ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਸੀ ਜਿਸ ਕਾਰਨ ਵੀ ਦੋਵਾਂ ਵਿਚਾਲੇ ਮੁੜ ਗੱਠਜੋੜ ਦੀਆਂ ਸੰਭਾਵਨਾਵਾਂ ਬਣੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿੱਛੇ ਜਿਹੇ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਆ ਕੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ। ਇਸ ਵੇਲੇ ਗੱਠਜੋੜ ਵਿਚਾਲੇ ਮੁੜ ਅੜਿੱਕਾ ਸੂਬੇ ਦੀਆਂ 13 ਲੋਕ ਸਭਾ ਸੀਟਾਂ ਦੀ ਵੰਡ ਕਾਰਨ ਹੈ। ਭਾਜਪਾ ਸੰਗਰੂਰ ਲੋਕ ਸਭਾ ਸੀਟ ਢੀਂਡਸਾ ਪਰਿਵਾਰ ਨੂੰ ਦੇਣ ਸਮੇਤ ਘੱਟੋ-ਘੱਟ ਛੇ ਸੀਟਾਂ ਚਾਹੁੰਦੀ ਹੈ।
ਸੂਤਰਾਂ ਅਨੁਸਾਰ ਬਾਦਲ ਅਤੇ ਢੀਂਡਸਾ ਪਰਿਵਾਰ ਦੇ ਹਮਾਇਤੀਆਂ ਵੱਲੋਂ ਲੰਮੇ ਸਮੇਂ ਤੋਂ ਦੋਵੇਂ ਦਲਾਂ ਦਰਮਿਆਨ ਏਕਤਾ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਹੁਣ ਸੁਖਬੀਰ ਬਾਦਲ ਦੀ ਮੁਆਫੀ ਮਗਰੋਂ ਇਨ੍ਹਾਂ ਯਤਨਾਂ ਨੂੰ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ। ਦੇਖਿਆ ਜਾਵੇ ਤਾਂ ਬੇਅਦਬੀ ਦੇ ਦੋਸ਼ ਲੱਗਣ ਮਗਰੋਂ ਹੁਣ ਤੱਕ ਅਕਾਲੀ ਦਲ ਅਤੇ ਬਾਦਲ ਪਰਿਵਾਰ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਦੇ ਆ ਰਹੇ ਹਨ।
ਸੁਖਬੀਰ ਸਿੰਘ ਬਾਦਲ ਹੱਥ ਪਾਰਟੀ ਦੀ ਕਮਾਨ ਆਉਂਦੇ ਹੀ ਇਹ ਪੰਥਕ ਧਿਰ ਵੱਡੀਆਂ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰਦੀ ਆ ਰਹੀ ਹੈ। ਵੱਡੀ ਗਿਣਤੀ ਟਕਸਾਲੀ ਆਗੂ ਅਕਾਲੀ ਦਲ ਨੂੰ ਅਲਵਿਦਾ ਆਖ ਗਏ ਹਨ। ਸ਼੍ਰੋਮਣੀ ਅਕਾਲੀ ਦਲ ਅੰਦਰ ਬਗਾਵਤਾਂ ਦਾ ਅਮਲ 2017 ਦੀਆਂ ਚੋਣਾਂ ਹਾਰਨ ਤੋਂ ਬਾਅਦ ਸ਼ੁਰੂ ਹੋਇਆ ਸੀ ਜਦੋਂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਆਦਿ ਨੇ ਬਗਾਵਤ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਅੰਦਰ ਚੱਲ ਰਹੇ ਸੰਕਟ ਦੇ ਹੱਲ ਲਈ ਪਾਰਟੀ ਵੱਲੋਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਕਮੇਟੀ ਬਣਾ ਕੇ ਜ਼ਮੀਨੀ ਪੱਧਰ ਤੱਕ ਵਰਕਰਾਂ ਨਾਲ ਗੱਲਬਾਤ ਕਰ ਕੇ ਰਿਪੋਰਟ ਤਿਆਰ ਕੀਤੀ ਗਈ। ਇਸ ਕਮੇਟੀ ਦੀ ਰਿਪੋਰਟ ਵਿਚ ਸਪਸ਼ਟ ਤੌਰ ‘ਤੇ ਅਕਾਲੀ ਦਲ ਦੇ ਵਰਕਰਾਂ ਨੇ ਪਾਰਟੀ ਦੀ ਲੀਡਰਸ਼ਿਪ ਖਾਸ ਕਰ ਸੁਖਬੀਰ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਾਇਆ ਸੀ। ਹਾਲਾਂਕਿ ਕਮੇਟੀ ਦੀ ਲੀਡਰਸ਼ਿਪ ਤਬਦੀਲੀ ਬਾਰੇ ਸਿਫਾਰਸ਼ ਨੂੰ ਹੇਠਲੇ ਪੱਧਰ ਤੱਕ ਹੀ ਲਾਗੂ ਕਰਕੇ ਸੁਖਬੀਰ ਬਾਦਲ ਦੀ ਕੁਰਸੀ ਬਚਾ ਲਈ ਗਈ।
ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਸਿਆਸੀ ਗੱਠਜੋੜ ਤੋੜਨ ਤੋਂ ਬਾਅਦ ਪਾਰਟੀ ਦਾ ਪੰਜਾਬ ਵਿਚ ਸਿਆਸੀ ਪ੍ਰਭਾਵ ਲਗਾਤਾਰ ਘਟ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇਸ ਸਮੇਂ ਲੋਕ ਸਭਾ ਵਿਚ ਦੋ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਹਨ। ਇਸ ਪਾਰਟੀ ਦਾ ਰਾਜ ਸਭਾ ਵਿਚ ਕੋਈ ਮੈਂਬਰ ਨਹੀਂ ਹੈ। ਪੰਜਾਬ ਵਿਧਾਨ ਸਭਾ ਵਿਚ ਵੀ ਪਾਰਟੀ ਨੂੰ 3 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ।

ਆਨੰਦ ਮੈਰਿਜ ਐਕਟ ਵਿਚ ਸੋਧ ਦੀ ਲੋੜ: ਧਾਮੀ
ਅਤੇ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਬਹੁਤ ਵਾਰੀ ਔਕੜਾਂ ਆਈਆਂ ਪਰ ਪੰਥ ਹਮੇਸ਼ਾ ਚੜ੍ਹਦੀ ਕਲਾ ਵਿਚ ਹੀ ਰਿਹਾ ਹੈ ਅਤੇ ਸਦਾ ਰਹੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੀਵਾਨ ਹਾਲ ਵਿਚ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਦੇਸ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਬਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਕੱਢਣ ਦਾ ਪ੍ਰੋਗਰਾਮ ਇਸ ਲਈ ਮੁਲਤਵੀ ਕਰਨਾ ਪਿਆ ਹੈ ਕਿਉਂਕਿ ਪੰਜ ਮੈਂਬਰੀ ਕਮੇਟੀ ਨੇ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਫੈਸਲਾ ਲਿਆ ਹੈ ਕਿ ਪਹਿਲਾਂ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਜਾਵੇ।