ਸਿੱਖਾਂ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ

ਜਸਵੰਤ ਸਿੰਘ ਸੰਧੂ (ਘਰਿੰਡਾ)
ਫੋਨ: 510-516-5971
ਬਾਬਾ ਖੜਕ ਸਿੰਘ ਦਾ ਜਨਮ 6 ਜੂਨ 1868 ਵਿਚ ਰਾਏ ਬਹਾਦਰ ਸ਼ ਹਰੀ ਸਿੰਘ ਰਈਸ ਦੇ ਘਰ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਸਰਕਾਰੀ ਠੇਕੇਦਾਰ ਸਨ। ਅਮੀਰ ਹੋਣ ਦੇ ਬਾਵਜੂਦ ਉਹ ਬੜੇ ਮਿਠ-ਬੋਲੜੇ ਅਤੇ ਨਿਰਮਾਣ ਸਨ। ਬਾਲ ਖੜਕ ਸਿੰਘ ਨੂੰ ਨਿਮਰਤਾ ਤੇ ਮਿਲਾਪੜਾਪਣ ਵਿਰਸੇ ਵਿਚੋਂ ਮਿਲਿਆ ਸੀ। ਉਨ੍ਹਾਂ ਮੁੱਢਲੀ ਵਿੱਦਿਆ ਸਿਆਲਕੋਟ ਤੋਂ ਹਾਸਲ ਕੀਤੀ, ਐਫ਼ਏæ ਮਰੇ ਕਾਲਜ ਅਤੇ ਬੀæਏæ ਗੌਰਮਿੰਟ ਕਾਲਜ ਲਾਹੌਰ ਤੋਂ। ਬੀæਏæ ਕਰਨ ਤੋਂ ਬਾਅਦ ਉਹ ਵਕਾਲਤ ਕਰਨ ਲਈ ਅਲਾਹਾਬਾਦ ਚਲੇ ਗਏ। ਅਜੇ ਉਹ ਦੂਜੇ ਸਾਲ ਵਿਚ ਹੀ ਸਨ ਕਿ ਪਿਤਾ ਜੀ ਅਕਾਲ ਚਲਾਣਾ ਕਰ ਗਏ ਅਤੇ ਉਨ੍ਹਾਂ ਨੂੰ ਵਕਾਲਤ ਵਿਚੇ ਛੱਡ ਕੇ ਸਿਆਲਕੋਟ ਪਰਤਣਾ ਪਿਆ। ਪੜ੍ਹਾਈ ਪਿੱਛੋਂ ਉਨ੍ਹਾਂ ਕੋਈ ਨੌਕਰੀ ਨਾ ਕੀਤੀ। ਉਸ ਜ਼ਮਾਨੇ ਦੀ ਬੜੀ ਉਚੀ ਵਿੱਦਿਆ ਬੀæਏæ ਪਾਸ ਦੇ ਬਾਵਜੂਦ ਉਹ ਪੂਰਨ ਕੌਮੀ ਪੁਸ਼ਾਕ ਪਹਿਨਦੇ ਸਨ-ਚੂੜੀਦਾਰ ਪਜਾਮਾ, ਤਣੀਆਂ ਵਾਲਾ ਚੋਗਾ ਤੇ ਚਿੱਟੀ ਦੂਹਰੀ ਦਸਤਾਰ। ਪੈਰਾਂ ਦੀ ਜੁੱਤੀ ਤੋਂ ਲੈ ਕੇ ਪੁਸ਼ਾਕ ਦੀ ਹਰ ਚੀਜ਼ ਵਿਚ ਸੁਹਜ ਤੇ ਸਫ਼ਾਈ ਪ੍ਰਤੱਖ ਹੁੰਦੀ।
ਸਿੱਖੀ ਖਿਆਲ ਵਿਚ ਉਹ ਬਚਪਨ ਤੋਂ ਹੀ ਪਰਪੱਕ ਸਨ। ਸਿਆਲਕੋਟ ਵਿਚ ਗੁਰੂ ਸਿੰਘ ਸਭਾ ਤੇ ਖਾਲਸਾ ਹਾਈ ਸਕੂਲ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਸੰਨ 1912 ਵਿਚ ਸਿੱਖ ਐਜੂਕੇਸ਼ਨਲ ਕਾਨਫਰੰਸ ਦਾ ਸਿਆਲਕੋਟ ਵਿਚ ਸਾਲਾਨਾ ਸਮਾਗਮ ਸੀ ਜਿਸ ਦੇ ਉਹ ਪ੍ਰਧਾਨ ਚੁਣੇ ਗਏ। ਉਨ੍ਹਾਂ ਦਿਨਾਂ ਵਿਚ ਸਿੱਖ ਐਜੂਕੇਸ਼ਨਲ ਕਾਨਫਰੰਸ ਦੀ ਖਾਸ ਮਹੱਤਤਾ ਹੁੰਦੀ ਸੀ। ਹਜ਼ਾਰਾਂ ਸਿੱਖ ਇਸ ਵਿਚ ਬੜੇ ਉਤਸ਼ਾਹ ਨਾਲ ਸ਼ਾਮਲ ਹੁੰਦੇ ਸਨ ਪਰ ਚੀਫ਼ ਖਾਲਸਾ ਦੀਵਾਨ ਦੀ ਅੰਗਰੇਜ਼ ਭਗਤੀ ਕਾਰਨ 1915 ਦੀ ਤਰਨ ਤਾਰਨ ਕਾਨਫਰੰਸ ਵਿਚ ਪ੍ਰਧਾਨ ਚੁਣਨਾ ਮਜੀਠੀਆ ਧੜੇ ਲਈ ਕਠਿਨ ਹੋ ਗਿਆ। ਸਾਰਿਆਂ ਦੀ ਨਿਗ੍ਹਾ ਸ਼ ਖੜਕ ਸਿੰਘ ‘ਤੇ ਪਈ। ਸ਼ ਹਰਬੰਸ ਸਿੰਘ ਅਟਾਰੀ, ਸਰ ਸੁੰਦਰ ਸਿੰਘ ਮਜੀਠੀਆ ਤੇ ਸ਼ ਸ਼ਿਵਦੇਵ ਸਿੰਘ ਜਿਹੀਆਂ ਹਸਤੀਆਂ ਨੇ ਉਨ੍ਹਾਂ ਨੂੰ ਪਰੇਰ ਕੇ ਕਾਨਫਰੰਸ ਦੀ ਪ੍ਰਧਾਨਗੀ ਪੇਸ਼ ਕਰ ਦਿੱਤੀ। ਜਦ ਉਹ ਤਰਨ ਤਾਰਨ ਦੇ ਰੇਲਵੇ ਸਟੇਸ਼ਨ ‘ਤੇ ਪੁੱਜੇ ਤਾਂ ਹਜ਼ਾਰਾਂ ਸਿੱਖ ਸੰਗਤਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਛੇ ਘੋੜਿਆਂ ਵਾਲੀ ਬੱਘੀ ਹਾਜ਼ਰ ਸੀ ਪਰ ਉਨ੍ਹਾਂ ਬੱਘੀ ‘ਤੇ ਬੈਠਣ ਤੋਂ ਇਨਕਾਰ ਕਰ ਦਿੱਤਾ ਤੇ ਫਰਮਾਇਆ, “ਮੈਂ ਗੁਰੂ ਅਰਜਨ ਦੇਵ ਜੀ ਦੇ ਅਲਾਹੀ ਦਰਬਾਰ ਵਿਚ ਦਰਸ਼ਨਾਂ ਲਈ ਹਾਜ਼ਰ ਹੋ ਰਿਹਾ ਹਾਂ, ਇਸ ਲਈ ਬੱਘੀ ਦੀ ਥਾਂ ਨੰਗੇ ਪੈਰੀਂ ਚਲ ਕੇ ਹਾਜ਼ਰ ਹੋਵਾਂਗਾ।” ਉਨ੍ਹਾਂ ਦਾ ਸਿੱਖੀ ਪਿਆਰ ਦੇਖ ਕੇ ਸੰਗਤਾਂ ਹੈਰਾਨ ਰਹਿ ਗਈਆਂ। ਉਹ ਪੈਦਲ ਹੀ, ਸਾਰੇ ਜਲੂਸ ਨਾਲ ਗੁਰੂ ਦਰਬਾਰ ਵਿਚ ਹਾਜ਼ਰ ਹੋਏ।
ਸਰਕਾਰਪ੍ਰਸਤ ਸਿੱਖਾਂ ਨੂੰ ਉਨ੍ਹਾਂ ਦਾ ਇਸ ਕਾਨਫਰੰਸ ਦਾ ਪ੍ਰਧਾਨ ਚੁਣਨ ਦੀ ਅੰਦਰੋ-ਅੰਦਰ ਬਹੁਤ ਮਾਯੂਸੀ ਹੋਈ ਕਿਉਂ ਜੋ ਉਨ੍ਹਾਂ ਕਾਨਫਰੰਸ ਵਿਚ ਪਹਿਲੀ ਵੱਡੀ ਜੰਗ ਵਿਚ ਅੰਗਰੇਜ਼ ਦੀ ਜਿੱਤ ਅਤੇ ਜਰਮਨੀ ਦੀ ਹਾਰ ਵਾਲਾ ਮਤਾ ਪੇਸ਼ ਨਾ ਹੋਣ ਦਿੱਤਾ ਤੇ ਸਾਫ਼ ਕਹਿ ਦਿੱਤਾ ਕਿ ਖਾਲਸਾ ਕਿਸੇ ਵੀ ਹਾਲਤ ਵਿਚ ‘ਅੰਗਰੇਜ਼ ਰਾਜ ਸਦਾ ਅਟੱਲ’ ਦੀ ਅਰਦਾਸ ਅਕਾਲ ਪੁਰਖ ਅੱਗੇ ਨਹੀਂ ਕਰ ਸਕਦਾ, ਨਾ ਹੀ ਭਾਰਤ ਨੂੰ ਗੁਲਾਮ ਦੇਖ ਸਕਦਾ ਹੈ। ਉਨ੍ਹਾਂ ਦੀ ਇਸ ਦਲੇਰੀ ਕਾਰਨ ਚੀਫੀਆਂ ਨੇ ਉਨ੍ਹਾਂ ਨੂੰ ਅੰਤ੍ਰਿਮ ਕਮੇਟੀ ਵਿਚ ਲੈਣਾ ਪਸੰਦ ਨਾ ਕੀਤਾ।
ਜਦ 1919 ਵਿਚ ਜੱਲ੍ਹਿਆਂ ਵਾਲੇ ਬਾਗ ਵਿਚ ਅੰਗਰੇਜ਼ ਨੇ ਨਿਹੱਥੇ ਹਿੰਦੂ, ਮੁਸਲਮਾਨ ਅਤੇ ਸਿੱਖਾਂ ਉਤੇ ਗੋਲੀ ਚਲਾ ਕੇ ਸ਼ਹੀਦ ਕਰ ਦਿੱਤਾ ਤਾਂ ਉਹ ਹਠ ਅਤੇ ਤਪ ਦੇ ਹਥਿਆਰਾਂ ਨਾਲ ਲੈਸ ਹੋ ਕੇ ਸਿਆਸਤ ਦੇ ਮੈਦਾਨ ਵਿਚ ਕੁੱਦ ਪਏ। ਉਦੋਂ ਸਿੱਖਾਂ ਦੇ ਸਾਰੇ ਇਤਿਹਾਸਕ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਵਿਚ ਸਨ। ਸਰਕਾਰ ਦੁਰਾਚਾਰੀ ਮਹੰਤਾਂ ਦੀ ਪਿੱਠ ਪਿੱਛੇ ਸੀ। ਸਿਆਲਕੋਟ ਵਿਚ ਗੁਰੂ ਨਾਨਕ ਦੀ ਯਾਦ ਵਿਚ ਇਤਿਹਾਸਕ ਗੁਰਦੁਆਰਾ ਬਾਬੇ ਦੀ ਬੇਰ ਹੈ। ਇਸ ਗੁਰਦੁਆਰੇ ਦਾ ਸਰਬਰਾਹ ਗੰਡਾ ਸਿੰਹੁ ਸੀ ਜੋ ਸਿੱਖੀ ਅਸੂਲਾਂ ਤੋਂ ਗਿਰ ਚੁੱਕਾ ਸੀ। ਸੰਗਤਾਂ ਉਸ ਨੂੰ ਗੁਰਦੁਆਰੇ ਦੇ ਪ੍ਰਬੰਧ ਤੋਂ ਹਟਾਉਣਾ ਚਾਹੁੰਦੀਆਂ ਸਨ ਪਰ ਸਿਆਲਕੋਟ ਦਾ ਡੀæਸੀæ ਮਿਸਟਰ ਫਾਈਸਨ ਉਸ ਦੀ ਹਮਾਇਤ ‘ਤੇ ਸੀ। ਅਗਸਤ 1920 ਵਿਚ ਸ਼ ਅਮਰ ਸਿੰਘ ਝਬਾਲ ਨੇ ਸ਼ ਖੜਕ ਸਿੰਘ ਦੀ ਅਗਵਾਈ ਵਿਚ ਮੋਰਚਾ ਲਾ ਦਿੱਤਾ। ਡੀæਸੀæ ਨੇ ਗੁਰਦੁਆਰੇ ਨੂੰ ਜਿੰਦਰਾ ਲਾ ਦਿੱਤਾ। ਸ਼ ਖੜਕ ਸਿੰਘ ਇਹ ਨਿਰਾਦਰ ਕਿਵੇਂ ਬਰਦਾਸ਼ਤ ਕਰ ਸਕਦੇ ਸਨ! ਉਹ ਅਰਦਾਸ ਸੋਧ ਕੇ ਗੁਰਦੁਆਰੇ ‘ਤੇ ਕਬਜ਼ਾ ਕਰਨ ਲਈ ਨਿਕਲ ਪਏ। ਡੀæਸੀæ ਫਾਈਸਨ ਨੇ ਕਿਹਾ, “ਤੁਸੀਂ ਕਾਨੂੰਨ ਤੋੜ ਰਹੇ ਹੋ।” ਅੱਗਿਉਂ ਉਨ੍ਹਾਂ ਰੋਹ ਵਿਚ ਜਵਾਬ ਦਿੱਤਾ, “ਮੈਂ ਤੇਰੇ ਨਾਲੋਂ ਵਧੇਰੇ ਕਾਨੂੰਨ ਜਾਣਦਾ ਹਾਂ।” ਫਾਈਸਨ ਦੀ ਗੋਲੀ ਖਾਣ ਲਈ ਉਨ੍ਹਾਂ ਆਪਣੀ ਅਚਕਨ ਦੇ ਬੀੜੇ ਖੋਲ੍ਹ ਦਿੱਤੇ। ਫਾਈਸਨ ਪਿੱਛੇ ਹਟ ਗਿਆ ਅਤੇ ਉਨ੍ਹਾਂ ਜਿੰਦਰਾ ਤੋੜਿਆ ਤੇ ਗੁਰਦੁਆਰੇ ਉਤੇ ਕਬਜ਼ਾ ਕਰ ਲਿਆ। ਸਿੱਖਾਂ ਦੀ ਸ਼ ਖੜਕ ਸਿੰਘ ਦੀ ਜਥੇਦਾਰੀ ਥੱਲੇ ਇਹ ਪਹਿਲੀ ਜਿੱਤ ਸੀ।
ਅੰਗਰੇਜ਼ ਸਰਕਾਰ ਨੂੰ ਸ਼ ਖੜਕ ਸਿੰਘ ਦੀਆਂ ਸਰਗਰਮੀਆਂ ਰੜਕਣ ਲਗੀਆਂ। ਉਨ੍ਹਾਂ ਨੂੰ ਸਿਆਲਕੋਟ ਦੀ ਬਾਗੀ ਤਕਰੀਰ ਦੇ ਬਹਾਨੇ 124 ਏ ਹੇਠ ਗ੍ਰਿਫ਼ਤਾਰ ਕਰ ਲਿਆ। ਜਦ ਉਹ ਜੇਲ੍ਹ ਵਿਚ ਸਨ ਤਾਂ 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਖੇ ਮਹੰਤ ਨਰੈਣ ਦਾਸ ਤੇ ਉਸ ਦੇ ਪਾਲਤੂ ਗੁੰਡਿਆਂ ਹੱਥੋਂ ਤਕਰੀਬਨ 150 ਸਿੰਘ ਸ਼ਹੀਦ ਹੋ ਗਏ ਜਿਸ ਨਾਲ ਸਿੱਖ ਜਗਤ ਵਿਚ ਹਾਹਾਕਾਰ ਮੱਚ ਗਈ। ਸਿੱਖਾਂ ਨੇ ਸ਼ ਖੜਕ ਸਿੰਘ ਦੀ ਰਿਹਾਈ ‘ਤੇ ਅੰਮ੍ਰਿਤਸਰ ਬੜਾ ਵੱਡਾ ਇਕੱਠ ਕੀਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ। ਇਸ ਦੇ ਮੁਢਲੇ ਪ੍ਰਧਾਨ ਸ਼ ਖੜਕ ਸਿੰਘ ਚੁਣੇ ਗਏ। ਅੰਗਰੇਜ਼ ਹਕੂਮਤ ਨੂੰ ਨਨਕਾਣਾ ਸਾਹਿਬ ਦੇ ਸਾਕੇ ਮਗਰੋਂ ਵੀ ਚੈਨ ਨਾ ਆਇਆ ਤਾਂ ਇਸ ਨੇ ਨਵੇਂ ਹੁਕਮ ਰਾਹੀਂ ਨਵੰਬਰ 1921 ਨੂੰ ਤੋਸ਼ੇਖਾਨੇ ਦੀਆਂ ਚਾਬੀਆਂ ਡੀæਸੀæ ਅੰਮ੍ਰਿਤਸਰ ਦੇ ਹਵਾਲੇ ਕਰ ਦਿੱਤੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਿਵੇਂ ਬਰਦਾਸ਼ਤ ਕਰ ਸਕਦੀ ਸੀ? ਸ਼ ਖੜਕ ਸਿੰਘ ਨੇ ਇਸ ਵਿਰੁਧ ਰੋਸ ਪ੍ਰਗਟ ਕੀਤਾ। ਸਰਕਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਦਫ਼ਾ 144 ਲਾ ਕੇ ਜਲਸਿਆਂ ‘ਤੇ ਪਾਬੰਦੀ ਲਾ ਦਿੱਤੀ। ਸ਼ ਖੜਕ ਸਿੰਘ ਨੇ ਥਾਂ-ਥਾਂ ਰੋਸ ਪ੍ਰਗਟ ਕਰਨ ਲਈ ਐਲਾਨ ਕਰ ਦਿੱਤਾ। 21 ਨਵੰਬਰ 1921 ਨੂੰ ਅਜਨਾਲੇ ਦਫਾ 144 ਤੋੜਨ ਦੇ ਅਪਰਾਧ ਵਿਚ ਸ਼ ਜਸਵੰਤ ਸਿੰਘ ਝਬਾਲ, ਪੰਡਿਤ ਦੀਨਾ ਨਾਥ ਤੇ ਦਾਨ ਸਿੰਘ ਵਿਛੋਆ ਫੜ ਲਏ ਗਏ। ਇਹ ਖ਼ਬਰ ਸੁਣ ਕੇ ਸ਼ ਖੜਕ ਸਿੰਘ, ਸ਼ ਮਹਿਤਾਬ ਸਿੰਘ ਤੇ ਤੇਜਾ ਸਿੰਘ ਸਮੁੰਦਰੀ ਅਜਨਾਲੇ ਜਾ ਪਹੁੰਚੇ। ਜੋਸ਼ੀਲੀ ਤਕਰੀਰ ਕਰਨ ਕਰ ਕੇ ਇਨ੍ਹਾਂ ਨੂੰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ। ਬਸ ਫੇਰ ਕੀ ਸੀ! ਖਾਲਸੇ ਨੇ ਪੰਜਾਬ ਦੀਆਂ ਜੇਲ੍ਹਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ।
ਸ਼ ਖੜਕ ਸਿੰਘ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਆਪਣੇ ਮੁਕੱਦਮੇ ਦੀ ਪੈਰਵੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਬੜੀ ਦਲੇਰੀ ਨਾਲ ਕਿਹਾ, “ਮੈਂ ਪਾਰਟੀ ਹਾਂ ਅਤੇ ਗੌਰਮਿੰਟ ਦੂਜੇ ਪਾਸੇ ਪਾਰਟੀ ਹੈ। ਮੈਂ ਪੰਥ ਵੱਲੋਂ ਚੁਣਿਆ ਹੋਇਆ ਕਮੇਟੀ ਦਾ ਪ੍ਰਧਾਨ ਹਾਂ, ਇਸ ਲਈ ਮੇਰਾ ਕੇਸ ਕਿਸੇ ਤੀਜੇ ਤਿਆਕਲ ਕੋਲ ਜਾਣਾ ਚਾਹੀਦਾ ਹੈ, ਜਿਵੇਂ ਅਮਰੀਕਾ ਜਾਂ ਫਰਾਂਸ ਦੇਸ਼ਾਂ ਦੇ ਪ੍ਰਧਾਨ ਪਾਸ।” ਮੈਜਿਸਟਰੇਟ ਨੇ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਛੇ-ਛੇ ਮਹੀਨੇ ਦੀ ਸਜ਼ਾ ਸੁਣਾਈ। ਉਨ੍ਹਾਂ ਅੰਮ੍ਰਿਤਸਰ ਕਚਹਿਰੀਆਂ ਦੇ ਅਹਾਤੇ ਵਿਚ ਜੇਲ੍ਹ ਦੀ ਗੱਡੀ ਵਿਚ ਬੈਠਣ ਤੋਂ ਪਹਿਲਾਂ ਖਾਲਸੇ ਅਤੇ ਦੇਸ਼ਵਾਸੀਆਂ ਨੂੰ ਸੰਦੇਸ਼ ਦਿੰਦੇ ਹੋਏ ਬੜੇ ਭਰੋਸੇ ਨਾਲ ਕਿਹਾ, “ਤੋਸ਼ੇਖਾਨੇ ਦੀਆਂ ਚਾਬੀਆਂ ਜ਼ਬਰਦਸਤੀ ਖੋਹ ਲਈਆਂ ਹਨ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਜਿੱਤ ਖਾਲਸੇ ਦੀ ਹੋਵੇਗੀ, ਸਰਕਾਰ ਨੂੰ ਝੁਕਣਾ ਪਏਗਾ। ਦਰਬਾਰ ਸਾਹਿਬ ਦੀਆਂ ਚਾਬੀਆਂ ਖੁਦ ਸਾਡੇ ਪਾਸ ਆਉਣਗੀਆਂ ਤੇ ਇਹ ਚਾਬੀਆਂ ਨਾ ਕੇਵਲ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਨੂੰ ਹੀ ਖੋਲ੍ਹਣਗੀਆਂ ਸਗੋਂ ਦੇਸ਼ ਦੀ ਗੁਲਾਮੀ ਦੇ ਜਿੰਦਰੇ ਵੀ ਇਨ੍ਹਾਂ ਚਾਬੀਆਂ ਨਾਲ ਖੁੱਲ੍ਹ ਜਾਣਗੇ ਤੇ ਭਾਰਤ ਆਜ਼ਾਦ ਹੋ ਜਾਵੇਗਾ।” æææ ਤੇ ਇਹ ਗੱਲ ਸੱਚ ਸਾਬਤ ਹੋਈ। ਖਾਲਸੇ ਦੀਆਂ ਕੁਰਬਾਨੀਆਂ ਅੱਗੇ ਸਰਕਾਰ ਝੁਕ ਗਈ ਤੇ 17 ਜਨਵਰੀ, 1922 ਨੂੰ ਸ਼ ਖੜਕ ਸਿੰਘ ਤੇ ਉਨ੍ਹਾਂ ਦੇ ਸਾਥੀ ਜੇਲ੍ਹ ‘ਚੋਂ ਰਿਹਾ ਕਰ ਦਿੱਤੇ ਗਏ। ਡੀæਸੀæ ਅੰਮ੍ਰਿਤਸਰ ਨੇ ਆਪ ਅਕਾਲ ਤਖ਼ਤ ‘ਤੇ ਜਾ ਕੇ ਉਨ੍ਹਾਂ ਨੂੰ ਚਾਬੀਆਂ ਸੌਂਪ ਦਿੱਤੀਆਂ।
ਚਾਬੀਆਂ ਦੇ ਮੋਰਚੇ ਦੀ ਸ਼ਾਨਦਾਰ ਜਿੱਤ ਮਗਰੋਂ ਸਿੱਖਾਂ ਨੇ ਉਨ੍ਹਾਂ ਨੂੰ ਸਤਿਕਾਰ ਨਾਲ “ਪੰਥ ਦਾ ਬੇਤਾਜ ਬਾਦਸ਼ਾਹ” ਕਹਿਣਾ ਸ਼ੁਰੂ ਕਰ ਦਿੱਤਾ। ਉਹ ਉਮਰ ਵਿਚ ਵੀ ਵਡੇਰੇ ਸਨ ਤੇ ਦਾੜ੍ਹੀ ਚਿੱਟੀ ਹੋਣ ਕਰ ਕੇ ਉਨ੍ਹਾਂ ਨੂੰ ਸਰਦਾਰ ਦੀ ਥਾਂ ਬਾਬਾ ਕਹਿਣਾ ਸ਼ੁਰੂ ਕਰ ਦਿੱਤਾ ਗਿਆ। ਬਾਬਾ ਜੀ ਦੀ ਵਧਦੀ ਤਾਕਤ ਵੇਖ ਕੇ ਉਨ੍ਹਾਂ ਨੂੰ ਸੂਬਾ ਕਾਂਗਰਸ ਕਮੇਟੀ ਨੇ ਆਪਣਾ ਪ੍ਰਧਾਨ ਚੁਣ ਲਿਆ। ਅੰਗਰੇਜ਼ ਸਰਕਾਰ ਇਸ ਤੋਂ ਬਹੁਤ ਦੁਖੀ ਸੀ। ਦੂਜੇ ਪਾਸੇ ਖਾਲਸੇ ਨੇ ਗੁਰੂ ਕੇ ਬਾਗ ਦੇ ਮੋਰਚੇ ਦੀਆਂ ਤਿਆਰੀਆਂ ਕਰ ਲਈਆਂ।
ਉਸ ਸਮੇਂ ਅਕਾਲੀਆਂ ਅਤੇ ਕਾਂਗਰਸ ਵਿਚੋਂ ਕੋਈ ਮਤਭੇਦ ਨਹੀਂ ਸੀ। ਅਕਾਲੀ ਦਲ ਦਾ ਮੈਂਬਰ ਰਹਿ ਕੇ ਵੀ ਕਾਂਗਰਸ ਦਾ ਮੈਂਬਰ ਬਣਨ ਦੀ ਪੂਰੀ ਖੁੱਲ੍ਹ ਸੀ। ਬਾਬਾ ਜੀ ਨੂੰ ਫਿਰ ਇਕ ਬਾਗੀ ਤਕਰੀਰ ਕਰਨ ‘ਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਪੰਜ ਸਾਲ ਦੀ ਸਜ਼ਾ ਹੋਈ। ਪਿਛੋਂ ਇਤਿਹਾਸਕ ਗੁਰੂ ਕੇ ਬਾਗ ਦਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ। ਬੀæਟੀæ ਦੀਆਂ ਡਾਂਗਾਂ ਵੀ ਖਾਲਸੇ ਦੇ ਸਬਰ ਅੱਗੇ ਹਾਰ ਗਈਆਂ। ਗੁਰੂ ਕੇ ਬਾਗ ਵਿਚ ਸਿੱਖਾਂ ਦਾ ਸ਼ਾਂਤਮਈ ਅਨੁਸ਼ਾਸਨ ਦੇਖ ਕੇ ਅੰਗਰੇਜ਼ ਪਾਦਰੀ ਸੀæਐਫ਼ ਐਂਡਰੀਊਜ਼ ਇਹ ਲਿਖਣ ਲਈ ਮਜਬੂਰ ਹੋਇਆ, “ਪੱਛਮ ਨੇ ਤਾਂ ਇਕ ਮਸੀਹ ਦੇਖਿਆ ਹੈ ਪਰ ਗੁਰੂ ਕੇ ਬਾਗ ਵਿਚ ਅਨੇਕਾਂ ਮਸੀਹ ਦੇਖੇ ਹਨ।” ਗੁਰੂ ਕੇ ਬਾਗ ਵਿਚ ਪੈਨਸ਼ਨੀਏ ਫੌਜੀ ਵੀ ਮੈਦਾਨ ਵਿਚ ਨਿੱਤਰੇ ਤੇ ਅਨੇਕਾਂ ਮਾਸੂਮ ਬੱਚਿਆਂ ਨੇ ਵੀ ਜੇਲ੍ਹਾਂ ਦੀਆਂ ਕੋਠੜੀਆਂ ਵਿਚ ਗੁਰਦੁਆਰਿਆਂ ਦੀ ਆਜ਼ਾਦੀ ਲਈ ਘੋਰ ਤਪੱਸਿਆ ਕੀਤੀ। ਬਾਬਾ ਖੜਕ ਸਿੰਘ ਦਾ ਨਾਂ ਕੁਰਬਾਨੀ ਦਾ ਚਿੰਨ੍ਹ ਬਣ ਚੁੱਕਾ ਸੀ। ਜਿਵੇਂ ਸੋਹਣ ਸਿੰਘ ਸੀਤਲ ਨੇ ਲਿਖਿਆ ਹੈ, “ਦੁੱਖਾਂ ਵੇਲੇ ਜੋ ਦੇਵੇਗੀ ਧੀਰ ‘ਸੀਤਲ’, ਖੜਕ ਸਿੰਘ ਦੀ ਫੋਟੋ ਵਿਖਾ ਆਵਾਂ।” ਇਨ੍ਹਾਂ ਅੱਖਰਾਂ ਵਿਚ ਇਕ ਮਾਂ ਦਾ ਆਪਣੇ ਮਾਸੂਮ ਬੱਚੇ, ਜੋ ਜੇਲ੍ਹ ਵਿਚ ਕੈਦ ਬੈਠਾ ਹੈ, ਲਈ ਲੁਕਵਾਂ ਵਲਵਲਾ ਤੇ ਬਾਬਾ ਜੀ ਲਈ ਸਤਿਕਾਰ ਭਰਿਆ ਹੋਇਆ ਹੈ।
ਦਸੰਬਰ 1922 ਵਿਚ ਪੰਜਾਬ ਸਰਕਾਰ ਨੇ (ਜੇਲ੍ਹ ਵਿਚ ਕੈਦ ਹੋਏ ਦੇਸ਼ ਭਗਤਾਂ ‘ਤੇ) ਕਾਲੀ ਦਸਤਾਰ ਤੇ ਗਾਂਧੀ ਟੋਪੀ ਉਤੇ ਪਾਬੰਦੀ ਲਾ ਦਿੱਤੀ। ਬਾਬਾ ਜੀ ਨੇ ਇਸ ਪਾਬੰਦੀ ਦਾ ਵਿਰੋਧ ਕੀਤਾ ਤੇ ਕਾਲੀ ਦਸਤਾਰ ਉਤਾਰਨ ਤੋਂ ਇਨਕਾਰ ਕਰ ਦਿੱਤਾ। ਬਾਬਾ ਜੀ ਦੀ ਕਾਲੀ ਪੱਗ ਜ਼ਬਰਦਸਤੀ ਉਤਾਰ ਦਿੱਤੀ ਗਈ। ਰੋਸ ਵਜੋਂ ਬਾਬਾ ਜੀ ਨੇ ਡੇਰਾ ਗਾਜ਼ੀਖਾਨ (ਹੁਣ ਪਾਕਿਸਤਾਨ) ਦੀ ਜੇਲ੍ਹ ਵਿਚ ਕਛਹਿਰੇ ਤੋਂ ਸਿਵਾ ਸਾਰੇ ਕੱਪੜੇ ਉਤਾਰ ਦਿੱਤੇ। ਸਾਢੇ ਪੰਜ ਸਾਲ ਉਨ੍ਹਾਂ ਨੰਗੇ ਪਿੰਡੇ ਕੱਟੇ। ਅਖੀਰ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ ਤੇ ਕਾਲੀ ਦਸਤਾਰ ਤੇ ਗਾਂਧੀ ਟੋਪੀ ਤੋਂ ਪਾਬੰਦੀ ਹਟਾ ਲਈ।
ਬਾਬਾ ਜੀ ਜਿਥੇ ਫੌਲਾਦੀ ਹੌਸਲੇ ਵਾਲੇ ਨਿੱਡਰ ਤੇ ਨਿਧੜਕ ਲੀਡਰ ਸਨ, ਉਥੇ ਕੋਮਲ ਚਿੱਤ ਵੀ ਸਨ। ਉਹ ਕਿਸੇ ਦਾ ਨਿੱਕਾ ਜਿਹਾ ਦੁੱਖ ਸੁਣ ਕੇ ਅਤੇ ਸਹੁਰੇ ਘਰ ਤੁਰ ਰਹੀ ਧੀ ਨੂੰ ਵੇਖ ਕੇ ਜ਼ਾਰ-ਜ਼ਾਰ ਰੋ ਪੈਂਦੇ ਸਨ, ਪਰ ਜਿਹਦੇ ਨਾਲ ਉਨ੍ਹਾਂ ਦਾ ਅਸੂਲੀ ਇਖਤਲਾਫ ਹੋਵੇ, ਉਹਦਾ ਵਿਰੋਧ ਕਰਦਿਆਂ ਜਿਹੜੇ ਲਫ਼ਜ਼ ਉਹ ਵਰਤਦੇ ਸਨ, ਉਨ੍ਹਾਂ ਵਿਚ ਧੜੱਲਾ ਹੁੰਦਾ ਸੀ। ਸ਼ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਆਪਣੀ ਜੀਵਨ ਕਹਾਣੀ ਵਿਚ ਬਾਬਾ ਜੀ ਬਾਰੇ ਲਿਖਦੇ ਹਨ, “ਭਾਵੇਂ ਜ਼ਿੰਦਗੀ ਉਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਬੇਲਚਕਤਾ ਦੀ ਹੱਦ ਤੱਕ ਧਾਰਮਿਕ ਸੀ ਪਰ ਉਨ੍ਹਾਂ ਵਿਚ ਕਿਸੇ ਕਿਸਮ ਦਾ ਕੋਈ ਵਹਿਮ-ਭਰਮ ਨਹੀਂ ਸੀ। ਗੁਰੂ ਬਣ ਕੇ ਉਪਦੇਸ਼ ਦੇਣ ਵਾਲੇ ਸਾਧੂਆਂ, ਸੰਤਾਂ ਤੇ ਮਹੰਤਾਂ ਦੇ ਉਹ ਕੱਟੜ ਵਿਰੋਧੀ ਸਨ। ਇਕ ਵਾਰ ਦੀ ਗੱਲ ਮੈਨੂੰ ਯਾਦ ਹੈ ਕਿ ਬੜੀ ਮਾਨਤਾ ਵਾਲੇ ਸੰਤ ਸਾਡੇ ਸ਼ਹਿਰ ਵਿਚ ਆਏ। ਉਨ੍ਹਾਂ ਅਤੇ ਉਨ੍ਹਾਂ ਦੇ ਸਿੱਖਾਂ-ਸੇਵਕਾਂ ਨੂੰ ਰੋਟੀ ਆਖਣ ਦੀ ਛੇੜ ਜਿਹੀ ਪੈ ਗਈ। ਸਰਦਾਰ ਜੀ ਦੇ ਘਰਵਾਲਿਆਂ ਵੀ ਰੋਟੀ ਆਖ ਦਿੱਤੀ ਪਰ ਜਦੋਂ ਸੰਤਾਂ ਵੱਲੋਂ ਆਈ ਖਾਣੇ ਦੀ ਭੋਜਨ ਸੂਚੀ ਵਿਚ ਉਨ੍ਹਾਂ ਬਾਦਾਮ, ਇਲਾਚੀਆਂ, ਗਰੀ, ਮੇਵਾ, ਘਿਉ ਤੇ ਖੰਡ ਦੀ ਇੰਨੀ ਮਿਕਦਾਰ ਪੜ੍ਹੀ ਜਿੰਨੀ ਨਾਲ ਇਕ ਪਰਿਵਾਰ ਦੀ ਸਾਰੇ ਮਹੀਨੇ ਦੀ ਲੋੜ ਪੂਰੀ ਹੋ ਸਕਦੀ ਸੀ ਤਾਂ ਉਨ੍ਹਾਂ ਨੇ ਭੋਜਨ ਸੂਚੀ ਪਾੜ ਦਿੱਤੀ ਤੇ ਆਖਿਆ, ‘ਇਹ ਵੀ ਪਤਾ ਕਰ ਲਿਆਓ ਕਿ ਸੰਤਾਂ ਦਾ ਦੰਗਲ ਕਿਹੜੇ ਪਹਿਲਵਾਨ ਨਾਲ ਪਿਆ ਹੈ।’ ਗੁਰੂ ਮੰਨ ਕੇ ਇਨਸਾਨ ਨੂੰ ਰੱਬ ਵਾਂਗ ਪੂਜਣ ਵਾਲੀਆਂ ਸੰਸਥਾਵਾਂ ਦੇ ਉਹ ਕੱਟੜ ਵਿਰੋਧੀ ਸਨ।”
ਬਾਬਾ ਜੀ ਨੇ ਦੇਸ਼ ਦੀ ਆਜ਼ਾਦੀ ਵੇਲੇ ਵੰਡ ਦਾ ਵਿਰੋਧ ਕੀਤਾ ਪਰ ਕਾਂਗਰਸ ਹਾਈ ਕਮਾਂਡ ਨੇ ਦੇਸ਼ ਦੀ ਵੰਡ ਮੰਨ ਲਈ। ਜੇ ਬਾਬਾ ਜੀ ਦੀ ਅਖੰਡ ਭਾਰਤ ਦੀ ਮੰਗ ਮੰਨ ਲਈ ਜਾਂਦੀ ਤਾਂ ਦੇਸ਼ ਦੋ ਟੋਟੇ ਨਾ ਹੁੰਦਾ। ਪ੍ਰਾਣਾਂ ਤੋਂ ਪਿਆਰੇ ਗੁਰਧਾਮਾਂ ਦਾ ਖਾਲਸਾ ਪੰਥ ਨੂੰ ਵਿਛੋੜਾ ਨਾ ਪੈਂਦਾ। ਦਸ ਲੱਖ ਪੰਜਾਬੀਆਂ ਦਾ ਕਤਲੇਆਮ ਨਾ ਹੁੰਦਾ। 6 ਅਕਤੂਬਰ 1963 ਨੂੰ 95 ਸਾਲ ਦੀ ਉਮਰ ਭੋਗ ਕੇ ਬਾਬਾ ਖੜਕ ਸਿੰਘ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ। ਅੱਜ ਦੇਸ਼ ਅਤੇ ਕੌਮ ਨੂੰ ਉਨ੍ਹਾਂ ਵਰਗੇ ਖਾੜਕੂ ਲੀਡਰ ਦੀ ਲੋੜ ਹੈ।

Be the first to comment

Leave a Reply

Your email address will not be published.