ਪੰਜਾਬ ਵਿਚ ਵੀ ਹੁਣ ਅਗਲੀਆਂ ਲੋਕ ਸਭਾ ਚੋਣਾਂ ਦੀ ਪੈੜਚਾਲ ਸਪਸ਼ਟ ਸੁਣਾਈ ਦੇਣ ਲੱਗੀ ਹੈ। ਜਿਉਂ-ਜਿਉਂ ਇਹ ਚੋਣਾਂ ਨੇੜੇ ਢੁੱਕ ਰਹੀਆਂ ਹਨ, ਮੁਲਕ ਦੀ ਸਿਆਸਤ ਵਾਂਗ ਪੰਜਾਬ ਦੀ ਸਿਆਸਤ ਵੀ ਭਖਣ ਲੱਗੀ ਹੈ। ਪਿਛਲੇ ਕਾਫੀ ਸਮੇਂ ਤੋਂ ਕਈ ਤਰ੍ਹਾਂ ਦੀਆਂ ਪਛਾੜਾਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੁਣ ਨਵੀਂ ਰਣਨੀਤੀ ਘੜਨ ਲਈ ਅਹੁਲਦੇ ਜਾਪਦੇ ਹਨ।
ਯਾਦ ਰਹੇ ਕਿ ਬੇਅਦਬੀ ਦੀਆਂ ਘਟਨਾਵਾਂ ਅਤੇ ਇਸ ਤੋਂ ਬਾਅਦ ਦੋਸ਼ੀਆਂ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਦੇ ਢਿੱਲੇ ਰਵੱਈਏ ਕਾਰਨ ਪੰਜਾਬ ਦੇ ਲੋਕਾਂ, ਖਾਸ ਕਰ ਕੇ ਬਹੁਤੇ ਸਿੱਖਾਂ ਦਾ ਅਕਾਲੀ ਦਲ ਤੋਂ ਮੋਹ-ਭੰਗ ਹੋ ਗਿਆ ਸੀ। ਇਸੇ ਕਰ ਕੇ ਸਾਲ 2017 ਤੇ 2022 ਵਾਲੀਆਂ ਵਿਧਾਨ ਸਭਾ ਅਤੇ 2019 ਵਾਲੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਲੋਕਾਂ ਦਾ ਇਸ ਦਲ ਪ੍ਰਤੀ ਗੁੱਸਾ ਇੰਨਾ ਜ਼ਿਆਦਾ ਵਧਿਆ ਹੋਇਆ ਸੀ ਕਿ ਕਿਸਾਨ ਅੰਦੋਲਨ ਦੌਰਾਨ ਇਸ ਨੂੰ ਢਾਈ ਦਹਾਕਿਆਂ ਤੋਂ ਆਪਣੀ ਭਾਈਵਾਲ ਜਥੇਬੰਦੀ, ਭਾਰਤੀ ਜਨਤਾ ਪਾਰਟੀ ਤੋਂ ਤੋੜ-ਵਿਛੋੜਾ ਕਰਨਾ ਪਿਆ। ਅਸਲ ਵਿਚ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਆਰਡੀਨੈਂਸਾਂ ਜੋ ਬਾਅਦ ਵਿਚ ਸੰਸਦ ਵਿਚੋਂ ਪਾਸ ਹੋਣ ਕਰ ਕੇ ਕਾਨੂੰਨ ਬਣ ਗਏ ਸਨ, ਦੇ ਹੱਕ ਵਿਚ ਸੀ। ਇਸ ਨੇ ਸੰਸਦ ਵਿਚ ਵੀ ਇਨ੍ਹਾਂ ਖੇਤੀ ਬਿੱਲਾਂ ਦੀ ਹਮਾਇਤ ਕੀਤੀ ਸੀ ਪਰ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦਾ ਜ਼ੋਰ ਪੈਣ ਕਾਰਨ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ਾਰਤ ਛੱਡਣੀ ਪਈ ਅਤੇ ਫਿਰ ਭਾਰਤੀ ਜਨਤਾ ਪਾਰਟੀ ਨਾਲੋਂ ਤੋੜ-ਵਿਛੋੜਾ ਕਰਨਾ ਪਿਆ।
ਇਹ ਵੀ ਤੱਥ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਕੁਝ ਆਗੂ 2017 ਵਾਲੀਆਂ ਵਿਧਾਨ ਸਭਾ ਚੋਣਂ ਤੋਂ ਪਹਿਲਾਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਆਜ਼ਾਦ ਤੌਰ ‘ਤੇ ਸਿਆਸੀ ਪਿੜ ਵਿਚ ਵਿਚਰਨ ਲਈ ਜ਼ੋਰ ਲਾ ਰਹੇ ਸਨ। ਉਦੋਂ ਸੂਬੇ ਅੰਦਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ। ਭਾਰਤੀ ਜਨਤਾ ਪਾਰਟੀ ਦੇ ਕੁਝ ਕੇਂਦਰੀ ਆਗੂ ਵੀ ਇਹੀ ਚਾਹੁੰਦੇ ਸਨ ਕਿ ਪੰਜਾਬ ਵਿਚ ਆਪਣੇ ਬਲਬੂਤੇ ਸਿਆਸਤ ਕੀਤੀ ਜਾਵੇ। ਸ਼ਾਇਦ ਇਸੇ ਕਰ ਕੇ ਹੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਗੌਲਣਾ ਘਟਾ ਦਿੱਤਾ। ਉਂਝ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਜੋ ਰੁਤਬਾ ਪ੍ਰਕਾਸ਼ ਸਿੰਘ ਬਾਦਲ ਨੇ ਹਾਸਲ ਕੀਤਾ ਹੋਇਆ ਸੀ, ਉਨ੍ਹਾਂ ਦਾ ਪੁੱਤਰ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸੀ ਪੁੱਜਦਾ। ਨਾਲੇ ਸੁਖਬੀਰ ਸਿੰਘ ਬਾਦਲ ਨੂੰ ਦਲ ਦੀ ਕਮਾਨ ਸੌਂਪੇ ਜਾਣ ਕਾਰਨ ਦਲ ਦੇ ਕੁਝ ਸੀਨੀਅਰ ਅਤੇ ਬਜ਼ੁਰਗ ਆਗੂ ਵਾਹਵਾ ਔਖੇ ਸਨ। ਇਸੇ ਕਰ ਕੇ ਹੀ ਵੱਖ-ਵੱਖ ਸਮਿਆਂ ਦੌਰਾਨ ਸੀਨੀਅਰ ਆਗੂ ਦਲ ਨਾਲੋਂ ਵੱਖ ਹੁੰਦੇ ਰਹੇ ਪਰ ਆਪਣੀ ਵੱਖਰੀ ਹੋਂਦ ਬਣਾਉਣ ਵਿਚ ਨਾਕਾਮ ਰਹੇ। ਇਨ੍ਹਾਂ ਹਾਲਾਤ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਸੁਖਦੇਵ ਸਿੰਘ ਢੀਂਡਸਾ ਵਰਗੇ ਸੀਨੀਅਰ ਲੀਡਰਾਂ ਨਾਲ ਤਾਲਮੇਲ ਵਧਾ ਦਿੱਤਾ।
2022 ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਦਾ ਪਿੜ ਕਾਫੀ ਬਦਲ ਗਿਆ ਹੈ। ਇਨ੍ਹਾਂ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਨੂੰ ਸੂਬੇ ਦੀ ਕਮਾਨ ਸੌਂਪਣ ਦੀ ਥਾਂ ਆਮ ਆਦਮੀ ਪਾਰਟੀ ਨੂੰ ਮਿਸਾਲੀ 92 ਸੀਟਾਂ ਜਿਤਾ ਦਿੱਤੀਆਂ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਸੂਬੇ ਅੰਦਰ ਆਪਣਾ ਅਸਰ ਵਧਾਉਣ ਦੀ ਕੋਸ਼ਿਸ਼ ਕੀਤੀ। ਵੱਖ-ਵੱਖ ਪਾਰਟੀਆਂ ਦੇ ਨਾਰਾਜ਼ ਹੋਏ ਵੱਡੇ ਲੀਡਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਦੀ ਮੁਹਿੰਮ ਚਲਾਈ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਹੋਰ ਪਾਰਟੀਆਂ ਤੋਂ ਆ ਰਹੇ ਇਨ੍ਹਾਂ ਆਗੂਆਂ ਦਾ ਵਿਰੋਧ ਤਾਂ ਕੀਤਾ ਪਰ ਕੇਂਦਰੀ ਲੀਡਰਸ਼ਿਪ ਦੀ ਘੁਰਕੀ ਕਾਰਨ ਖਾਮੋਸ਼ ਹੋ ਗਏ। ਹੁਣ ਪਿਛਲੇ ਕੁਝ ਸਮੇਂ ਤੋਂ ਹਾਲਾਤ ਇਹ ਬਣ ਰਹੇ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਦੀਆਂ ਕਨਸੋਆਂ ਪੈਂਦੀਆਂ ਰਹਿੰਦੀਆਂ ਹਨ ਪਰ ਮਾਮਲਾ ਅਜੇ ਤੱਕ ਕਿਸੇ ਤਣ-ਪੱਤਣ ਨਹੀਂ ਲੱਗਿਆ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀ ਦੇ ਮਾਮਲੇ ਵਿਚ ਜਿਸ ਢੰਗ ਨਾਲ ਪੰਥ ਤੋਂ ਮੁਆਫੀ ਮੰਗੀ ਗਈ ਹੈ, ਉਸ ਨਾਲ ਸੂਬੇ ਵਿਚ ਸਿਆਸਤ, ਖਾਸ ਕਰ ਕੇ ਅਕਾਲੀ ਸਿਆਸਤ ਭਖ ਗਈ ਹੈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਵੀ ਸਰਗਰਮੀ ਫੜ ਲਈ ਹੈ। ਭਾਰਤੀ ਜਨਤਾ ਪਾਰਟੀ ਨਾਲ ਲਗਾਤਾਰ ਸੰਪਰਕ ਰੱਖਣ ਵਾਲੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀ ਅਕਾਲੀਆਂ ਦੇ ਏਕੇ ਦੇ ਹੋਕੇ ਨੂੰ ਹੁੰਗਾਰਾ ਭਰਨ ਦੇ ਸੰਕੇਤ ਦਿੱਤੇ ਹਨ। ਇਸ ਆਧਾਰ ‘ਤੇ ਹੀ ਸਿਆਸੀ ਮਾਹਿਰ ਇਹ ਕਿਆਸਆਰਾਈਆਂ ਲਾ ਰਹੇ ਹਨ ਕਿ ਹੁਣ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਤਾਲਮੇਲ ਲਈ ਰਾਹ ਪੱਧਰਾ ਹੋ ਸਕਦਾ ਹੈ ਕਿਉਂਕਿ ਹੁਣ ਇਨ੍ਹਾਂ ਦੋਹਾਂ ਧਿਰਾਂ ਨੂੰ ਚਾਨਣ ਹੋ ਗਿਆ ਹੈ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੇ ਪ੍ਰਭਾਵ ਨੂੰ ਤੋੜਨ ਲਈ ਇਕੱਠੇ ਹੋ ਕੇ ਕੁਝ ਸੌਰ ਸਕਦਾ ਹੈ।
ਕੁਝ ਵੀ ਹੋਵੇ, ਨਵਾਂ ਸਾਲ ਪੰਜਾਬ ਲਈ ਨਵਾਂ ਸਿਆਸੀ ਪਿੜ ਲੈ ਕੇ ਆ ਰਿਹਾ ਹੈ। ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਕੁਝ ਖਾਸ ਨਹੀਂ ਕਰ ਸਕੀ ਹੈ। ਪੰਜਾਬ ਅੱਜ ਵੀ ਉਨ੍ਹਾਂ ਹੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਕੁਝ ਮਾਹਿਰ ਤਾਂ ਆਖ ਰਹੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਵੀ ਨਖਿਧ ਸਾਬਤ ਹੋਵੇਗੀ ਕਿਉਂਕਿ ਸਾਰੇ ਫੈਸਲੇ ਤਾਂ ਦਿੱਲੀ ਵਾਲੇ ਲੀਡਰ ਕਰ ਰਹੇ ਹਨ। ਜ਼ਾਹਿਰ ਹੈ ਕਿ ਆਉਣ ਵਾਲਾ ਸਮਾਂ ਪੰਜਾਬ ਦੀ ਸਿਆਸਤ ਲਈ ਬੜਾ ਅਹਿਮ ਹੈ।