ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ

ਹਰਪਾਲ ਸਿੰਘ ਪੰਨੂ
ਫੋਨ: +91-94642-51454
ਰੂਸੀ ਕਹਾਵਤ ਹੈ- ਜਿਉਂ ਜਿਉਂ ਜੰਗਲ ਵਧਿਆ, ਕੁਹਾੜੇ ਦਾ ਦਸਤਾ ਵੀ ਵਧਦਾ ਗਿਆ। ਧਰਮ ਦੇ ਸਹੀ ਅਸੂਲਾਂ ਉੱਤੇ ਸੂਖ਼ਮ ਬੁੱਧ ਵਿਅਕਤੀਆਂ ਨੇ ਜਦੋਂ ਆਪਣਾ ਦ੍ਰਿੜ੍ਹ ਵਿਸ਼ਵਾਸ ਪ੍ਰਗਟ ਕੀਤਾ ਤਦ ਮੌਤ ਨੇ ਆਪਣੇ ਆਰੇ ਦੇ ਦੰਦੇ ਤਿੱਖੇ ਕੀਤੇ।

ਰੱਬ ਨੇ ਸ਼ਹੀਦਾਂ ਦੇ ਕਦਮਾਂ ਨਾਲ ਬਣੀਆਂ ਪਗਡੰਡੀਆਂ ਨੂੰ ਸ਼ਾਹਰਾਹ ਬਣਾਇਆ ਜਦੋਂ ਕਿ ਜਾਬਰਾਂ ਜਰਵਾਣਿਆਂ ਦੇ ਬਣਾਏ ਰਸਤੇ ਨਕਸ਼ਿਆਂ ਵਿਚ ਦਿਸਦੇ ਨਹੀਂ। ਥੱਕੀਆਂ ਹਾਰੀਆਂ ਲਾਚਾਰ ਕੌਮਾਂ ਸ਼ਹੀਦਾਂ ਦੀ ਉਂਗਲ ਫੜ ਕੇ ਰਸਤੇ ਲੱਭਦੀਆਂ ਹਨ। ਰਸਤਾ ਲੱਭਣਾ ਹੀ ਮੁਸ਼ਕਲ ਕੰਮ ਹੁੰਦਾ ਹੈ- ਸਹੀ ਰਸਤਾ ਮਿਲ ਗਿਆ ਤਾਂ ਸਮਝੋ ਮੰਜ਼ਿਲ ਮਿਲ ਗਈ। ਡਾ. ਇਕਬਾਲ ਨੇ ਲਿਖਿਆ ਹੈ- ਹਰੇਕ ਤਿੱਖੀ ਰੌਅ ਨੂੰ ਦੇਖ ਕੇ ਮੈਂ ਉਸ ਵਿਚ ਸ਼ਾਮਲ ਹੋ ਜਾਂਦਾ ਹਾਂ, ਦਰਅਸਲ ਹਾਲੇ ਮੈਨੂੰ ਰਹਿਬਰ ਦੀ ਪਛਾਣ ਨਹੀਂ ਹੋਈ।
ਜਿਨ੍ਹਾਂ ਇਕ ਦੇ ਨਾਉਂ `ਤੇ ਸਿਦਕ ਬੱਧਾ, ਤਿਨ੍ਹਾਂ ਫ਼ਿਕਰ ਅੰਦੇਸੜਾ ਕਾਸਦਾ ਈ।
ਅਜਿਹੀ ਕੋਈ ਗੱਲ ਨਹੀਂ ਕਿ ਸ਼ਹੀਦ ਜੀਵਨ ਨਾਲੋਂ ਮੌਤ ਨੂੰ ਵਧੀਕ ਪਿਆਰ ਕਰਦਾ ਹੋਵੇ। ਇਹ ਗੱਲ ਹੁੰਦੀ ਤਾਂ ਆਤਮ ਹੱਤਿਆ ਅਤੇ ਸ਼ਹਾਦਤ ਵਿਚ ਕੋਈ ਫ਼ਰਕ ਹੀ ਨਾ ਹੁੰਦਾ। ਸੱਚ ਇਹ ਹੈ ਕਿ ਸ਼ਹੀਦ, ਜੀਵਨ ਨੂੰ ਬਾਕੀ ਆਮ ਲੋਕਾਂ ਨਾਲੋਂ ਸਗੋਂ ਵਧੀਕ ਪਿਆਰ ਕਰਦਾ ਹੈ। ਹਾਂ ਇਹ ਜੀਵਨ, ਜੇ ਮਿੱਤਰਾਂ ਪਿਆਰਿਆਂ ਦੇ ਕਾਫਲੇ ਨੂੰ ਹੋਰ ਮੰਗਲਮਈ ਬਣਾਉਣ ਹਿਤ ਲੇਖੇ ਲੱਗ ਜਾਵੇ ਤਾਂ ਉਹ ਖਿੜੇ ਮੱਥੇ ਹੋਣੀ ਨੂੰ ਪ੍ਰਵਾਨ ਕਰਦਾ ਹੈ। ਭਾਈ ਨੰਦ ਲਾਲ ਜੀ ਡੂੰਘੇ ਰਹੱਸ ਇਉਂ ਪ੍ਰਗਟ ਕਰਦੇ ਹਨ,
ਅਸੀਂ ਆਪਣੇ ਪਿਆਰੇ ਅੱਗੇ ਪੇਸ਼ਕਸ਼ ਕੀਤੀ
ਕਿ ਦੀਦਾਰ ਦੀ ਇਕ ਝਲਕ ਵਾਸਤੇ ਇਹ ਜਾਨ ਹਾਜ਼ਰ ਹੈ॥
ਉਨ੍ਹਾਂ ਉੱਤਰ ਦਿੱਤਾ- ਇੱਥੇ ਕੋਈ ਸੌਦੇਬਾਜ਼ੀ ਨਹੀਂ ਹੋਇਆ ਕਰਦੀ॥
ਸ਼ਹੀਦ ਨੇ ਕੇਵਲ ਇਕ ਰਾਹ ਚੁਣਨਾ ਹੁੰਦਾ ਹੈ- ਆਪਣੇ ਮਹਿਬੂਬ ਦੇ ਦਰ ਤੱਕ ਲੈ ਜਾਣ ਵਾਲਾ; ਤੇ ਫੈਜ਼ ਅਹਿਮਦ ਫੈਜ਼ ਆਖਦਾ ਹੈ ਅੱਗੋਂ ਦੂਜਾ ਰਸਤਾ ਫਾਂਸੀ ਦੇ ਫੰਦੇ ਤੱਕ ਲਿਜਾਂਦਾ ਹੈ। ਹੋਰ ਕੋਈ ਮੰਜ਼ਲ ਨਹੀਂ। ਫਾਂਸੀ ਦਾ ਫੰਦਾ ਜਾਂ ਕਿਰਪਾਨ, ਮੌਤ ਜਿਵੇਂ ਮਰਜ਼ੀ ਆਵੇ, ਜੀਅ ਸਦਕੇ ਆਵੇ, ਦੁਖਦਾਈ ਨਹੀਂ। ਦੁਖਦਾਈ ਉਸ ਦੇ ਦੀਦਾਰ ਦਾ ਵਿਛੋੜਾ ਹੈ। ਮਿਲਾਪ ਨਹੀਂ ਤਾਂ ਸਾਰੀ ਧਰਤੀ ਕਤਲਗਾਹ ਹੈ। ਇਹ ਕੋਈ ਪਰੀ ਕਹਾਣੀਆਂ ਨਹੀਂ ਹਨ। ਗੁਰੂ ਸਾਹਿਬਾਨ ਨੂੰ ਸ਼ਹੀਦ ਕੀਤਾ ਗਿਆ ਜਾਂ ਉਨ੍ਹਾਂ ਦੇ ਸੇਵਕਾਂ ਨੂੰ, ਬਜ਼ੁਰਗਾਂ ਨੂੰ ਜਾਂ ਮਾਸੂਮ ਸਾਹਿਬਜ਼ਾਦਿਆਂ ਨੂੰ, ਉਨ੍ਹਾਂ ਦੇ ਬਿਰਤਾਂਤ ਦੱਸਣ ਵਾਲਾ ਹਮਦਰਦ ਤਾਂ ਨੇੜੇ ਤੇੜੇ ਕੋਈ ਮੌਜੂਦ ਨਹੀਂ ਸੀ। ਕਾਤਲਾਂ ਨੇ ਦੱਸਿਆ ਹੈ ਕਿ ਬੰਦ ਬੰਦ ਕਟਵਾਉਣ ਵਕਤ ਜਾਂ ਜਿਉਂਦਿਆਂ ਨੀਂਹਾਂ ਵਿਚ ਚਿਣੇ ਜਾਣ ਵਕਤ ਪੰਥ ਦੇ ਬਜ਼ੁਰਗ ਅਤੇ ਬੱਚੇ ਅਡੋਲ ਰਹੇ। ਉਨ੍ਹਾਂ ਦੀ ਕਿਸਮਤ ਵਿਚ ਅਲੌਕਿਕ ਮੁਸਕਾਨ ਲਿਖੀ ਸੀ ਜਿਹੜੀ ਦੁਸ਼ਮਣ ਨੂੰ ਵੀ ਸਰਾਪ ਨਹੀਂ ਦਿੰਦੀ। ਗਰਮ ਤਵੀ ਉੱਪਰ ਬੈਠੇ ਉਹ ਬਿਸਰ ਗਈ ਸਭ ਤਾਤ ਪਰਾਈ, ਨਾ ਕੋ ਬੈਰੀ ਨਾਹਿ ਬਿਗਾਨਾ ਸਗਲ ਸੰਗ ਹਮ ਕਉ ਬਨਿ ਆਈ, ਦਾ ਪਾਠ ਕਰ ਸਕਦੇ ਹਨ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੁਝ ਅਜਬ ਪ੍ਰਕਾਰ ਦੀ ਕਰਾਮਾਤ ਹੈ। ਬੰਦੀ ਦੌਰਾਨ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਉਨ੍ਹਾਂ ਨੂੰ ਕਸ਼ਟ ਦੇ ਦੇ ਕੇ ਪੁੱਛਿਆ ਜਾਂਦਾ- ਇਸਲਾਮ ਕਬੂਲ ਕਰੋਗੇ ਕਿ ਮੌਤ? ਇਸ ਸਵਾਲ ਦੇ ਉੱਤਰ ਵਿਚ ਉਨ੍ਹਾਂ ਦੀਆਂ ਕੋਮਲ ਬੁੱਲ੍ਹੀਆਂ ਵਿਚੋਂ ਬੋਲ ਸੁਣਾਈ ਦਿੰਦਾ- ਮੌਤ। ਇਹ ਅਨਮੋਲ ਰਤਨ ਉਨ੍ਹਾਂ ਬਾਬਿਆਂ ਦੀ ਅੰਸ਼ ਸਨ ਜਿਨ੍ਹਾਂ ਨੇ ਬਾਬਾ ਫ਼ਰੀਦ ਜੀ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਮਹਾਰਾਜ ਵਿਚ ਕਲਮਬੰਦ ਕੀਤੀ ਤੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਨੀਂਹ ਹਜ਼ਰਤ ਮੀਆਂ ਮੀਰ ਤੋਂ ਰਖਵਾਈ। ਇਸ ਕਰਕੇ ਇਸਲਾਮ ਪ੍ਰਤੀ ਬੇਅਦਬੀ ਇਸ ਖ਼ਾਨਦਾਨ ਦੇ ਖ਼ਾਬਾਂ ਵਿਚ ਵੀ ਨਹੀਂ ਆ ਸਕਦੀ ਸੀ। ਸਾਹਿਬਜ਼ਾਦਿਆਂ ਨੂੰ ਜੋ ਪ੍ਰਵਾਨ ਨਹੀਂ ਸੀ ਉਹ ਸੀ ਵਜ਼ੀਰ ਖਾਨ, ਕਾਜ਼ੀ ਅਤੇ ਦੀਵਾਨ ਸੁੱਚਾ ਨੰਦ ਦੀਆਂ ਖੂੰਖਾਰ ਕਿਰਪਾਨਾਂ… ਲਹੂ ਚੋਂਦੀਆਂ ਕਿਰਪਾਨਾਂ ਰਾਹੀਂ ਇਸਲਾਮ ਸੰਘ ਵਿਚੋਂ ਹੇਠਾਂ ਉਤਾਰਨਾ। ਇਸਲਾਮ ਇਹ ਹੈ ਨਹੀਂ। ਸਾਹਿਬਜ਼ਾਦਿਆਂ ਨੇ ਆਪਣੇ ਖ਼ੂਨ ਨਾਲ ਧਰਤੀ ਦੇ ਵਰਕੇ ਉੱਪਰ ਆਪਣੀ ਮੁਹਰ ਲਾ ਕੇ ਸਾਬਤ ਕੀਤਾ ਕਿ ਸਿਦਕ ਅਤੇ ਈਮਾਨ ਉਨ੍ਹਾਂ ਪਾਸ ਸੀ, ਨਾ ਕਾਜ਼ੀ ਪਾਸ, ਨਾ ਹਕੂਮਤ ਪਾਸ। ਇਨ੍ਹਾਂ ਨਿੱਕੀਆਂ ਜਿੰਦਾਂ ਨੇ ਸਾਬਤ ਕੀਤਾ ਕਿ ਵਡੇਰੀ ਉਮਰ ਕੋਈ ਖ਼ਾਸ ਫਖ਼ਰ ਕਰਨ ਯੋਗ ਪ੍ਰਾਪਤੀ ਨਹੀਂ। ਜੇ ਏਨੇ ਮਹਾਨ ਕਾਰਜ ਛੋਟੀ ਉਮਰ ਵਿਚ ਹੋ ਸਕਦੇ ਹਨ ਤਾਂ ਫਿਰ ਸੌ ਸੌ ਸਾਲ ਵਿਅਰਥ ਜੀਣ ਦਾ ਕੀ ਲਾਭ? ਸੰਸਾਰ ਇਹ ਜਾਣਦਾ ਸੀ ਕਿ ਰਤਾ ਕੁ ਸੱਟ ਲੱਗਣ ਨਾਲ, ਖ਼ੂਨ ਦੀ ਇਕ ਬੂੰਦ ਦੇਖਣ ਸਾਰ ਨਿੱਕੇ ਬੱਚੇ ਰੋਣ ਲੱਗ ਜਾਂਦੇ ਹਨ। ਪਰ ਤਸੀਹੇ ਦੇ ਦੇ ਕੇ ਜਦੋਂ ਉਨ੍ਹਾਂ ਨੂੰ ਜੀਵਨ ਅਤੇ ਮੌਤ ਵਿਚੋਂ ਇਕ ਚੁਣਨ ਲਈ ਹਰ ਰੋਜ਼ ਕਿਹਾ ਜਾਂਦਾ ਸੀ ਤਦ ਉਹ ਨਿਮਰਤਾ ਨਾਲ ਮੌਤ ਚੁਣਦੇ।
ਬਾਦਸ਼ਾਹ ਦਰਵੇਸ਼ ਪਿਤਾ ਦੇ ਨਾਜ਼ਕ ਸਾਹਿਬਜ਼ਾਦਿਆਂ ਨੇ ਜਨਮ ਤੋਂ ਲੈ ਕੇ ਮੋਰਿੰਡੇ ਗ੍ਰਿਫ਼ਤਾਰੀ ਤੱਕ ਕਦੀ ਕੋਈ ਔਖ, ਕੋਈ ਸੰਕਟ ਨਹੀਂ ਦੇਖਿਆ ਸੀ। ਇਨ੍ਹਾਂ ਇਲਾਹੀ ਰਾਜਕੁਮਾਰਾਂ ਨੇ ਸੁਖ, ਮੌਜ ਅਤੇ ਮਖ਼ਮਲਾਂ ਰੇਸ਼ਮ ਦੇਖੇ ਪਹਿਨੇ ਸਨ। ਪਰ ਇਹ ਏਨੇ ਸਖ਼ਤ ਜਾਨ ਨਿਕਲੇ ਜਿਵੇਂ ਯੁੱਗ ਤੋਂ ਤਪ ਸਾਧਨਾ ਰਾਹੀਂ ਸ਼ਹਾਦਤ ਲਈ ਰਿਆਜ਼ ਕਰਦੇ ਰਹੇ ਹੋਣ। ਅਸੀਂ ਆਪਣੇ ਪਿਆਰੇ ਗੁਰੂ ਸਾਹਿਬਾਨ ਬਾਰੇ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਜਾਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਹ ਆਖ ਕੇ, ਸੋਚ ਕੇ ਦਿਲ ਟਿਕਾ ਲੈਂਦੇ ਹਾਂ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਸ਼ਹਾਦਤ ਲਈ ਤਿਆਰ ਕਰ ਲਿਆ ਸੀ। ਉਹ ਸਮਰੱਥਾਵਾਨ ਸਨ। ਪਰ ਸਾਹਿਬਜ਼ਾਦਿਆਂ ਨੇ ਸਾਬਤ ਕੀਤਾ ਕਿ ਮੌਤ ਨੂੰ ਮਿਲਣ ਲਈ ਕਿਸੇ ਲੰਮੀ ਤਿਆਰੀ ਦੀ ਲੋੜ ਨਹੀਂ, ਨਾ ਕੋਈ ਹਠ ਅਭਿਆਸ ਨਾ ਕਿਸੇ ਯੋਗ ਦੀ ਸਾਧਨਾ। ਕੁਝ ਵੀ ਨਹੀਂ। ਦਾਦੀ ਮਾਂ ਦੀ ਗੋਦ ਵਿਚੋਂ ਉੱਠ ਬਰਫ਼ ਉੱਤੇ ਜਾ ਬੈਠਣਾ, ਬਰਫ਼ ਉੱਤੋਂ ਉੱਠ ਕੇ ਬਲਦੇ ਅੰਗਿਆਰਾਂ ਉੱਪਰ ਥਿਰ ਹੋ ਜਾਣਾ ਉਨ੍ਹਾਂ ਲਈ ਏਨੀ ਆਸਾਨ ਗੱਲ ਸੀ ਜਿਵੇਂ ਗਾਉਂਦੀ ਗਾਉਂਦੀ ਕੋਇਲ ਇਕ ਰੁੱਖ ਤੋਂ ਉੱਡੇ ਤੇ ਦੂਜੇ ਉੱਤੇ ਬੈਠ ਕੇ ਮੁੜ ਗਾਉਣ ਲੱਗੇ। ਜ਼ਿੰਦਗੀ ਦੇ ਰੁੱਖ ਤੋਂ ਸਹਿਜ ਸੁਭਾਅ ਉਹ ਮੌਤ ਦੇ ਦਰਖ਼ਤ ਉੱਤੇ ਬੈਠ ਕੇ ਗਾਉਂਦੇ ਰਹੇ। ਇਹੋ ਜਿਹੀ ਵਿਦਿਆ ਉਹ ਕਦੋਂ ਸਿੱਖੇ ਸਨ, ਪਤਾ ਨਹੀਂ ਲਗਦਾ। ਅਰਜਨ ਡੋਲ ਗਿਆ ਸੀ ਤਾਂ ਕ੍ਰਿਸ਼ਨ ਜੀ ਨੇ ਗੀਤਾ ਉਪਦੇਸ਼ ਦੇ ਕੇ ਹਥਿਆਰ ਚੁਕਵਾਏ ਸਨ। ਇਸ ਮਹਾਂਭਾਰਤ ਵਿਚ ਮਾਂ ਗੁਜਰੀ ਨੇ ਭਗਵਾਨ ਕ੍ਰਿਸ਼ਨ ਦਾ ਰੋਲ ਨਿਭਾਇਆ। ਅਰਜਨ ਜੁਆਨ ਸੀ, ਫਿਰ ਵੀ ਦੇਰ ਬਾਅਦ ਸਮਝਿਆ। ਮਾਂ ਗੁਜਰੀ ਦੀ ਗੱਲ ਮਾਸੂਮ ਬੱਚੇ ਤੁਰੰਤ ਸਮਝ ਗਏ।
ਮੇਰੇ ਵਰਗੇ ਦੁਨੀਆਦਾਰ ਵਾਸਤੇ ਔਖਾ ਹੈ ਇਹ ਸਮਝ ਸਕਣਾ ਕਿ ਬਰਫ਼ ਦੀ ਡਲੀ ਅੱਗ ਵਿਚ ਨਾ ਪੰਘਰੇ, ਕਿ ਕੋਇਲਾ ਬਰਫ਼ ਵਿਚ ਦਬ ਕੇ ਵੀ ਨਾ ਬੁਝੇ। ਪੋਹ ਦੀਆਂ ਸਰਦ ਯੱਖ ਰਾਤਾਂ, ਠੰਢੇ ਬੁਰਜ ਦੀ ਕੈਦ, ਦਿਨ ਭਰ ਦਿਲ ਕੰਬਾਊ ਤਸੀਹੇ, ਭੁੱਖ ਪਿਆਸ, ਉਨੀਂਦਰਾ, ਕਦੀ ਦੋਹਾਂ ਨੂੰ ਇਕੱਠਿਆਂ ਰੱਖ ਕੇ, ਕਦੀ ਵੱਖ ਵੱਖ ਤੰਗ ਕਰ ਕੇ ਜ਼ਿੰਦਗੀ ਦੀ ਲਗਾਤਾਰ ਪੇਸ਼ਕਸ਼ ਕੀਤੀ ਜਾਂਦੀ। ਇਸਲਾਮ ਕਬੂਲ ਕਰੋਗੇ ਤਾਂ ਜੀਵਨ ਦਾ ਹਰ ਸੁੱਖ ਹਰ ਸੁਵਿਧਾ ਮੌਜੂਦ ਹੈ।
ਇਕ ਦਿਨ ਇਕ ਵਿਦਵਾਨ ਮਿੱਤਰ ਨੇ ਕਿਹਾ- ਇਹ ਗੱਲ ਮੰਨਣਯੋਗ ਨਹੀਂ ਲਗਦੀ ਕਿ ਮਾਂ ਗੁਜਰੀ ਆਪਣੇ ਮਿੱਠੇ ਲਾਲਾਂ ਨੂੰ ਮੌਤ ਕਬੂਲ ਕਰਨ ਲਈ ਪ੍ਰੇਰਨਾ ਦਿੰਦੀ ਹੋਵੇ। ਕੋਈ ਮਾਂ ਅਜਿਹਾ ਕਰ ਹੀ ਨਹੀਂ ਸਕਦੀ। ਇਹ ਸਹੀ ਹੈ ਕੋਈ ਮਾਂ ਅਜਿਹਾ ਨਹੀਂ ਕਰ ਸਕਦੀ। ਪਰ ਮਾਂ ਗੁਜਰੀ ਨੇ ਉਹੋ ਕੀਤਾ ਜੋ ਸੰਭਵ ਨਹੀਂ ਹੋਇਆ ਕਰਦਾ। ਤਦੇ ਤਾਂ ਜ਼ਮਾਨਾ ਉਨ੍ਹਾਂ ਦੀ ਯਾਦ ਵਿਚ ਉਸ ਧਰਤੀ ਉੱਪਰ ਆਪਣਾ ਮੱਥਾ ਛੁਹਾਂਦਾ ਹੈ ਜਿਥੇ ਉਹ ਇਸ ਸੰਸਾਰ ਵਿਚੋਂ ਵਿਦਾ ਹੋਏ। ਕੁੱਲ ਸੰਸਾਰ ਦਾ ਸੁੱਖ ਮੰਗਦੇ ਮੰਗਦੇ ਦਾਦੀ ਮਾਂ ਅਤੇ ਬੱਚੇ ਪੂਰੇ ਜਲੌਅ ਨਾਲ, ਪੂਰਨ ਸ਼ਾਨ ਨਾਲ ਇੱਥੋਂ ਵਿਦਾ ਹੋਏ।
ਮਾਵਾਂ ਜੀਵਨ ਦਾਨ ਦੇਣ ਵਾਲੇ ਅਨੰਤ ਮਿੱਠੇ ਚਸ਼ਮੇ ਹੁੰਦੇ ਹਨ ਇਹ ਸਹੀ ਹੈ। ਪਰ ਜਿਨ੍ਹਾਂ ਨੂੰ ਚਸ਼ਮਿਆਂ ਦੇ ਸਰੋਤ ਦਾ ਪਤਾ ਹੈ ਉਹ ਸਿਦਕਵਾਨ ਮਾਵਾਂ ਉਨ੍ਹਾਂ ਧਰਤੀ ਵੱਲ ਆਈਆਂ ਬੂੰਦਾਂ ਨੂੰ ਚੁੱਕ ਕੇ ਦੁਬਾਰਾ ਉਸੇ ਉੱਚੇ ਮੂਲ ਸਰੋਤ ਤੱਕ ਵਾਪਸ ਲੈ ਜਾਂਦੀਆਂ ਹਨ ਜਿੱਥੇ ਮਾਤਾ ਗੁਜਰੀ ਸਾਹਿਬਜ਼ਾਦਿਆਂ ਨੂੰ ਲੈ ਗਏ। ਫ਼ਰਸ਼ ਤੋਂ ਉਠਾ ਕੇ ਅਰਸ਼ ਤੱਕ, ਜਿੱਥੋਂ ਉਹ ਆਏ ਸਨ। ਸਮਾਂ ਤੇਜ਼ ਗਤੀ ਕਰਦਾ ਹੋਇਆ ਬਹੁਤ ਵੱਡਾ ਚੱਕਰ ਹੈ, ਏਨਾ ਵੱਡਾ ਚੱਕਰ ਜਿਸਦਾ ਵਿਆਸ ਅਨੰਤ ਦੂਰੀ ਤੱਕ ਲੰਮਾ ਹੈ। ਸਭ ਜਾਣਦੇ ਹਨ ਕਿ ਚੱਕਰ ਦੇ ਕੇਂਦਰ ਵਿਚ ਗਤੀ ਧੀਮੀ ਹੁੰਦੀ ਹੈ ਤੇ ਜਿਉਂ ਜਿਉਂ ਚੱਕਰ ਦੇ ਕਿਨਾਰੇ ਵੱਲ, ਬਾਹਰ ਵੱਲ ਵਧਦੇ ਜਾਈਏ ਤਦ ਇਹ ਰਫ਼ਤਾਰ ਤੇਜ਼ ਹੁੰਦੀ ਜਾਂਦੀ ਹੈ। ਸ਼ਹੀਦ ਉਹ ਮਹਾਂਨਾਇਕ ਹੈ ਜਿਹੜਾ ਕਾਲਚੱਕਰ ਦੇ ਐਨ ਬਾਹਰਲੇ ਸਿਰੇ ਦੀ ਤਿੱਖੀ ਧਾਰ ਉੱਪਰ ਖੇਡਦਾ ਹੈ। ਕੁਝ ਸਿਆਣੇ ਬੰਦੇ ਆਪਣੀ ਮੀਟਿੰਗ ਕਰਕੇ ਸਾਧਾਰਨ ਮੌਤ ਨੂੰ ਸ਼ਹਾਦਤ ਦਾ ਰੁਤਬਾ ਦੇ ਦੇਣ ਦਾ ਮਤਾ ਪਾਸ ਕਰ ਦੇਣ ਤਦ ਇਹ ਸਿੱਕਾ ਚੱਲੇਗਾ ਨਹੀਂ। ਇਵੇਂ ਹੀ ਸ਼ਹੀਦ ਦੇ ਖ਼ਿਲਾਫ਼ ਮਤੇ ਪਾਸ ਕਰਨ ਨਾਲ ਵੀ ਉਸ ਨੂੰ ਕੋਈ ਫ਼ਰਕ ਨਹੀਂ ਪਵੇਗਾ। ਕਿਧਰੇ ਵਜ਼ੀਰ ਖ਼ਾਨ ਟੱਕਰੇ, ਉਹ ਅੱਜ ਵੀ ਇਹੋ ਆਖੇਗਾ ਕਿ ਸਾਹਿਬਜ਼ਾਦੇ ਕਾਫ਼ਰ ਸਨ, ਕਿ ਉਹ ਤਾਂ ਉਨ੍ਹਾਂ ਨੂੰ ਈਮਾਨ ਵਾਲੇ, ਦੀਨ ਵਾਲੇ, ਅੱਲ੍ਹਾ ਵਾਲੇ ਬਣਾਉਣਾ ਚਾਹੁੰਦਾ ਸੀ। ਸ਼ਹਾਦਤ ਦਾ ਦਰਜਾ ਸੰਸਾਰ ਦੀ ਹਰੇਕ ਗਿਣਤੀ ਹਰੇਕ ਹਿਸਾਬ ਤੋਂ ਵੱਖਰਾ ਤੇ ਵੱਡਾ ਹੁੰਦਾ ਹੈ। ਸਿਆਣੇ ਲੋਕ ਤਾਂ ਅੱਜ ਵੀ ਇਹ ਕਹਿਣ ਲਈ ਤਿਆਰ ਹਨ ਕਿ ਸਾਹਿਬਜ਼ਾਦਿਆਂ ਨੇ ਜਾਨ ਗੁਆ ਕੇ ਕੀ ਖੱਟਿਆ?
ਫਰੈਡਰਿਕ ਨੀਤਸ਼ੇ ਦਾ ਕਥਨ ਹੈ- ਜਿੱਥੇ ਕਿਤੇ ਅਕਲ ਦਾ ਰੁੱਖ ਉੱਗਿਆ ਉੱਥੇ ਸੁਰਗ ਹੁੰਦਾ ਹੈ, ਆਧੁਨਿਕ ਅਤੇ ਪੁਰਾਤਨ ਸਾਰੇ ਅਜਗਰ ਇਹੋ ਆਖਦੇ ਆਏ ਹਨ।
ਸ਼ਹੀਦ ਅਕਲ ਅਤੇ ਇਲਮ ਦੀ ਜਹਾਲਤ ਤੋਂ ਮੁਕਤ ਸੁਤੰਤਰ ਧਰੂ ਤਾਰਾ ਹੈ।
ਗੁਰੂ ਨਾਨਕ ਸਾਹਿਬ ਜੀ ਨੂੰ ਇਸ ਗੱਲ ਦਾ ਅਫ਼ਸੋਸ ਹੋਇਆ ਕਿ ਪਿਤਾ ਉਨ੍ਹਾਂ ਨੂੰ ਸਹੀ ਕਿਉਂ ਨਹੀਂ ਸਮਝਦੇ। ਫਿਰ ਬਾਬਾ ਸ੍ਰੀ ਚੰਦ ਅਤੇ ਬਾਬਾ ਲੱਖਮੀਦਾਸ ਬਾਰੇ ਵੀ ਉਨ੍ਹਾਂ ਦੇ ਇਹੋ ਜਿਹੇ ਖ਼ਿਆਲ ਹੋਣਗੇ ਕਿ ਗੁਰਮਤਿ ਨੂੰ ਉਹ ਉਸ ਪ੍ਰਕਾਰ ਨਹੀਂ ਸਮਝਦੇ ਜਿਵੇਂ ਭਾਈ ਲਹਿਣਾ ਜੀ ਸਮਝ ਗਏ। ਪਿਤਾ ਮਹਿਤਾ ਕਲਿਆਣ ਰਾਇ ਫਿਰ ਗੁਰੂ ਨਾਨਕ ਦੇਵ, ਫਿਰ ਗੁਰੂ ਜੀ ਦੇ ਪੁੱਤਰ; ਅੱਜ ਦੀ ਬੋਲੀ ਵਿਚ ਲੋਕ ਇਸ ਨੂੰ ਪੀੜ੍ਹੀ ਦਾ ਫਾਸਲਾ ਕਹਿਣਗੇ- ਜਨਰੇਸ਼ਨ ਗੈਪ। ਦਸਵੇਂ ਜਾਮੇ ਵਿਚ ਆ ਕੇ ਗੁਰੂ ਨਾਨਕ ਸਾਹਿਬ ਨੇ ਪੀੜ੍ਹੀਆਂ ਦਾ ਫਾਸਲਾ ਮਿਟਾ ਦਿੱਤਾ। ਜਿਹੋ ਜਿਹੇ ਗੁਰੂ ਕਲਗੀਧਰ ਉਹੋ ਜਿਹੇ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ, ਉਹੋ ਜਿਹੇ ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਉਹੋ ਜਿਹੀ ਮਾਂ ਗੁਜਰੀ। ਕੋਈ ਫ਼ਰਕ ਨਹੀਂ।
ਮਲੇਰਕੋਟਲੇ ਦਾ ਨਵਾਬ ਸਾਹਿਬਜ਼ਾਦਿਆਂ ਨੂੰ ਬਚਾ ਨਹੀਂ ਸਕਿਆ ਤਾਂ ਵੀ ਗੁਰੂ ਪੰਥ ਦੇ ਮਨ ਵਿਚ ਉਸਦਾ ਸਤਿਕਾਰ ਬਣਿਆ। ਉਹ ਸਾਧਾਰਨ ਛੋਟਾ ਹਾਕਿਮ ਸੀ ਜਿਹੋ ਜਿਹੇ ਉਸ ਵਕਤ ਉਸ ਵਰਗੇ ਹਕੂਮਤ ਵਿਚ ਹੋਰ ਵੀ ਬਥੇਰੇ ਸਨ। ਉਸ ਵਿਚ ਜੇ ਕੁਝ ਫਰਕ ਸੀ, ਉਹ ਇਹ ਕਿ ਉਹ ਇਸਲਾਮ ਨੂੰ ਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਪਿਆਰ ਕਰਦਾ ਸੀ, ਉਹ ਕੋਈ ਬੰਦਗੀ ਕਰਨ ਵਾਲਾ ਬੜਾ ਭਲਾਮਾਣਸ ਬੰਦਾ ਨਹੀਂ ਸੀ। ਸਿੱਖਾਂ ਉੱਪਰ ਉਸ ਨੇ ਹਮਲੇ ਕੀਤੇ, ਹਮਲਿਆਂ ਦਾ ਟਾਕਰਾ ਕੀਤਾ। ਪਰ ਉਹ ਏਨਾ ਜਾਣਦਾ ਸੀ ਇਸਲਾਮ ਮਾਸੂਮ ਬੱਚਿਆਂ ਦੇ ਕਤਲ ਦੀ ਇਜਾਜ਼ਤ ਨਹੀਂ ਦਿੰਦਾ। ਉਹ ਜਦੋਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਬੋਲਿਆ ਤਾਂ ਵਜ਼ੀਰ ਖ਼ਾਨ ਨੇ ਕਿਹਾ- ”ਕਾਫ਼ਿਰਾਂ ਨਾਲ ਹੇਜ ਕਿਉਂ ਜਤਾ ਰਹੇ ਹੋ?” ਸ਼ੇਰ ਮੁਹੰਮਦ ਖ਼ਾਨ ਨੇ ਕਿਹਾ- ”ਕਾਫਿਰਾਂ ਨਾਲ ਕੋਈ ਪਿਆਰ ਨਹੀਂ, ਇਸਲਾਮ ਨਾਲ ਤੇ ਸ਼ਰਾਅ ਨਾਲ ਪਿਆਰ ਹੈ। ਦੁੱਧ ਚੁੰਘਦੇ ਬੱਚਿਆਂ ਨੂੰ ਕਤਲ ਕਰਨ ਦਾ ਫੈਸਲਾ ਇਸਲਾਮ ਵਿਰੋਧੀ ਹੈ। ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ।” ਪਰ ਵਜ਼ੀਰ ਖ਼ਾਨ ਦੀ ਕਿਸਮਤ ਵਿਚ ਨੇਕੀ ਨਹੀਂ ਲਿਖੀ ਸੀ। ਜੇ ਉਹ ਸ਼ੇਰ ਮੁਹੰਮਦ ਖ਼ਾਨ ਦੀ ਗੱਲ ਮੰਨ ਲੈਂਦਾ ਤਦ ਬਾਬਾ ਬੰਦਾ ਸਿੰਘ ਦੇ ਹੱਥੋਂ ਲੱਖਾਂ ਮੁਸਲਮਾਨਾਂ ਦਾ ਕਤਲ ਹੋਣੋਂ ਬਚ ਸਕਦਾ ਸੀ। ਸ਼ੇਰ ਮੁਹੰਮਦ ਮੁਸਲਮਾਨਾਂ ਨੂੰ ਬਚਾਉਣਾ ਚਾਹੁੰਦਾ ਸੀ, ਨਹੀਂ ਬਚਾ ਸਕਿਆ।
ਬਾਬਾ ਬੰਦਾ ਸਿੰਘ ਦੀ ਫ਼ੌਜ ਵਿਚ ਸ਼ਾਮਲ ਹੋਣ ਲਈ ਮਝੈਲ, ਕੀਰਤਪੁਰ ਸਾਹਿਬ ਵਾਲੇ ਪਾਸਿਉਂ ਜਦੋਂ ਬਨੂੜ ਵੱਲ ਵਧਦੇ ਆ ਰਹੇ ਸਨ ਤਦ ਸ਼ੇਰ ਮੁਹੰਮਦ ਨੇ ਉਨ੍ਹਾਂ ਦਾ ਰਸਤਾ ਘੇਰਿਆ। ਰੋਪੜ ਦੋ ਦਿਨ ਗਹਿਗੱਚ ਲੜਾਈ ਹੋਈ। ਅਖ਼ੀਰਲੇ ਤੀਜੇ ਦਿਨ ਦੁਪਹਿਰ ਤੱਕ ਤਾਂ ਸ਼ੇਰ ਮੁਹੰਮਦ ਬਾਰ-ਬਾਰ ਕੇਵਲ ਇਸ ਲਈ ਸੈਨਿਕ ਝਪਟਾਂ ਮਾਰਦਾ ਰਿਹਾ ਕਿ ਉਹ ਆਪਣੇ ਭਰਾ ਖਿਜਰ ਖ਼ਾਨ ਤੇ ਭਤੀਜੇ ਨਸ਼ਤਰ ਖ਼ਾਨ ਦੀਆਂ ਲਾਸ਼ਾਂ ਤਾਂ ਘੱਟੋ-ਘੱਟ ਦਫ਼ਨ ਕਰਨ ਵਾਸਤੇ ਲਿਜਾ ਸਕੇ। ਉਸ ਦੀ ਪ੍ਰਾਪਤੀ ਬਸ ਏਹੀ ਰਹੀ ਕਿ ਉਹ ਇਹ ਲਾਸ਼ਾਂ ਕਬਜ਼ੇ ਵਿਚ ਕਰ ਕੇ ਮਲੇਰਕੋਟਲੇ ਵੱਲ ਪਰਤ ਗਿਆ ਤੇ ਸਿੱਖ ਸੈਨਾ ਬਾਬਾ ਬੰਦਾ ਸਿੰਘ ਦੀ ਸੈਨਾ ਵਿਚ ਆ ਮਿਲੀ। ਸਿੱਖਾਂ ਨੇ ਹਾਰੇ ਨਵਾਬ ਦਾ ਪਿੱਛਾ ਨਹੀਂ ਕੀਤਾ।
ਜਦੋਂ ਪੂਰੀ ਤਿਆਰੀ ਕਰ ਕੇ ਬਾਬਾ ਬੰਦਾ ਸਿੰਘ ਸਰਹੰਦ ਵੱਲ ਵਧਣ ਲੱਗੇ ਤਾਂ ਰਸਤੇ ਵਿਚ ਹੀ ਚੱਪੜ-ਚਿੜੀ ਦੇ ਮੈਦਾਨ ਵਿਚ, ਸਰਹੰਦੋਂ ਦੂਰ ਇਸ ਦੇ ਟਾਕਰੇ ਲਈ ਵਜ਼ੀਰ ਖ਼ਾਨ ਪੂਰੇ ਹਥਿਆਰਬੰਦ ਲਸ਼ਕਰ ਸਮੇਤ ਅੱਗੋਂ ਆ ਟੱਕਰਿਆ। ਉਸਦੇ ਸੱਜੇ ਪਾਸੇ ਦੀਵਾਨ ਸੁੱਚਾ ਨੰਦ ਸੀ ਅਤੇ ਖੱਬੇ ਪਾਸੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ।
ਘਮਸਾਣ ਦੇ ਇਸ ਯੁੱਧ ਵਿਚ ਸ਼ੇਰ ਮੁਹੰਮਦ ਅਤੇ ਵਜ਼ੀਰ ਖ਼ਾਨ ਦੀਆਂ ਲਾਸ਼ਾਂ ਤਾਂ ਪ੍ਰਾਪਤ ਹੋ ਗਈਆਂ ਪਰ ਸੁੱਚਾ ਨੰਦ ਅਤੇ ਉਸਦਾ ਜੁਆਨ ਪੁੱਤਰ ਕਿਧਰ ਗਏ, ਕਿਵੇਂ ਰਹੇ ਕਿਵੇਂ ਮਰੇ ਇਸ ਗੱਲ ਦਾ ਅੱਜ ਤੱਕ ਪਤਾ ਨਹੀਂ ਲੱਗਾ। ਇਸ ਜੰਗ ਪਿੱਛੋਂ ਕਿਸੇ ਨੇ ਕਦੀ ਉਨ੍ਹਾਂ ਨੂੰ ਕਿਧਰੇ ਨਹੀਂ ਦੇਖਿਆ, ਖੁਰਾ ਖੋਜ ਨਹੀਂ ਮਿਲਿਆ।
ਸ਼ੇਰ ਮੁਹੰਮਦ ਦੀਆਂ ਇਨ੍ਹਾਂ ਜੰਗਾਂ ਦਾ ਪੰਥ ਨੇ ਕਦੀ ਬੁਰਾ ਨਹੀਂ ਮਨਾਇਆ ਕਿਉਂਕਿ ਯੁੱਧ ਦੇ ਮੈਦਾਨ ਵਿਚ ਟੱਕਰਨਾ ਜੰਗਬਾਜ਼ਾਂ ਦਾ ਕੰਮ ਹੁੰਦਾ ਹੈ। ਉਹ ਵਜ਼ੀਰ ਖ਼ਾਨ ਨੂੰ ਇਹੀ ਕਹਿੰਦਾ ਸੀ ਕਿ ਸਾਹਿਬਜ਼ਾਦੇ ਸਾਡੇ ਨਾਲ ਮੁਕਾਬਲਾ ਕਰਨ ਜੋਗੇ ਨਹੀਂ ਹਨ। ਇਨ੍ਹਾਂ ਦੇ ਪਿਤਾ ਨੂੰ ਮੈਦਾਨ ਵਿਚ ਟੱਕਰਾਂਗੇ ਤੇ ਪਛਾੜਾਂਗੇ। ਉਸ ਦੀ ਮਨਸ਼ਾ ਸਹੀ ਸੀ। ਨੀਤ ਦੇਖਣੀ ਹੁੰਦੀ ਹੈ ਨਤੀਜੇ ਕਈ ਵਾਰ ਭਾਵੇਂ ਅਜੀਬ ਨਿਕਲਣ। ਸਰਹੰਦ ਸ਼ਹਿਰ, ਸ਼ਾਨਦਾਰ ਸ਼ਹਿਰ, ਰੌਣਕਾਂ ਭਰਿਆ ਸ਼ਹਿਰ ਥੇਹ ਹੋ ਗਿਆ। ਜਮਨਾ ਤੋਂ ਲੈ ਕੇ ਸਿੰਧ ਤੱਕ ਦੋ ਮਹਾਂਨਗਰ ਸਨ – ਲਾਹੌਰ ਤੇ ਸਰਹੰਦ। ਸਰਹੰਦ ਸ਼ਹਿਰ ਦੇ ਮੱਥੇ ਉੱਪਰ ਦੋ ਦਾਗ਼ ਲੱਗੇ ਹੋਏ ਹਨ। ਪਹਿਲਾ ਦਾਗ਼ ਉਦੋਂ ਲੱਗਾ ਸੀ ਜਦੋਂ ਸ਼ੇਖ਼ ਅਹਿਮਦ ਸਰਹੰਦੀ ਮੁਜੱਦਦਿ ਅਲਫਥਾਨੀ ਨੇ ਗੁਰੂ ਅਰਜਨ ਦੇਵ ਜੀ ਵਿਰੁੱਧ ਸਾਜ਼ਿਸ਼ਾਂ ਕਰ ਕਰ ਉਨ੍ਹਾਂ ਨੂੰ ਜਹਾਂਗੀਰ ਹੱਥੋਂ ਸ਼ਹੀਦ ਕਰਵਾਇਆ। ਦੂਜਾ ਦਾਗ਼ ਮਾਸੂਮ ਸਾਹਿਬਜ਼ਾਦਿਆਂ ਦਾ ਵਜ਼ੀਰ ਖ਼ਾਨ ਹੱਥੋਂ ਕਤਲ ਹੋਣਾ ਹੈ। ਅਠਾਹਰਵੀਂ ਸਦੀ ਦੇ ਸਿੱਖ ਕਿਹਾ ਕਰਦੇ ਸਨ ਵੱਡਾ ਪਾਪ ਹੋਇਆ ਹੈ, ਸਰਹਿੰਦ ਸ਼ਹਿਰ ਉੱਪਰ ਲੋਹੇ ਦਾ ਸੁਹਾਗਾ ਫਿਰੇਗਾ। ਇਹ ਭਵਿੱਖਬਾਣੀ ਉਦੋਂ ਸੱਚ ਸਾਬਤ ਹੋਈ ਜਦੋਂ ਰੇਲਵੇ ਦੇ ਠੇਕੇਦਾਰ ਨੇ ਲਾਈਨ ਵਿਛਾਉਣ ਦਾ ਅੰਗਰੇਜ਼ਾਂ ਪਾਸੋਂ ਠੇਕਾ ਲੈ ਕੇ ਸਰਹੰਦ ਦਾ ਸਾਰਾ ਮਲਬਾ ਚੁਕਵਾ ਕੇ ਰੇਲ ਲਾਈਨ ਹੇਠਾਂ ਵਿਛਾ ਦਿੱਤਾ। ਦਰਜਣਾਂ ਲੋਹੇ ਦੇ ਸੁਹਾਗੇ ਸਰਹੰਦ ਨੂੰ ਲਤਾੜਦੇ ਹੋਏ ਇਸ ਉਪਰਦੀ ਲੰਘਦੇ ਹਨ। ਹੁਣ ਤੱਕ ਸਿੱਖ ਯਾਤਰੂ ਸਰਹੰਦ ਦੀ ਇਕ ਅੱਧ ਇੱਟ ਚੁੱਕ ਕੇ ਸਤਲੁਜ ਜਮਨਾ ਜਾਂ ਕਿਸੇ ਹੋਰ ਦਰਿਆ ਵਿਚ ਸੁੱਟਣ ਨੂੰ ਪੁੰਨ ਕਰਮ ਸਮਝਦੇ ਹਨ। ਮੈਨੂੰ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਸ਼ੇਖ਼ ਅਹਿਮਦ ਸਰਹੰਦੀ ਦਾ ਮੁਸਲਮਾਨਾਂ ਵਿਚ ਏਨਾ ਸਤਿਕਾਰ ਕਿਉਂ ਹੈ। ਮੁਸਲਮਾਨ ਵਿਦਵਾਨ ਉਸਦਾ ਨਾਮ ਲੈਣ ਲੱਗੇ ਕਈ ਕਈ ਵਿਸ਼ੇਸ਼ਣ ਜੋੜਦੇ ਹਨ, ਰੋਜ਼ਾ ਸ਼ਰੀਫ ਦੀ ਜ਼ਿਆਰਤ ਕਰਦੇ ਹਨ। ਇਹ ਸ਼ੇਖ਼ ਵਿਦਵਾਨ ਤਾਂ ਹੋਵੇ, ਫ਼ਕੀਰ ਅਤੇ ਅੱਲ੍ਹਾ ਦਾ ਬੰਦਾ ਤਾਂ ਇਹ ਕਦਾਚਿਤ ਨਹੀਂ ਹੋ ਸਕਦਾ ਕਿਉਂਕਿ ਗੁਰੂ ਅਰਜਨ ਦੇਵ ਜਿਹੇ ਪੈਗ਼ੰਬਰ ਦਾ ਕਾਤਲ ਫ਼ਕੀਰ ਕਿਵੇਂ ਹੋ ਸਕਦਾ ਹੈ?
ਮਲੇਰਕੋਟਲੇ ਦਾ ਪਹਿਲਾਂ ਨਾਮ ਕੇਵਲ ਮਲੇਰ ਸੀ ਤੇ ਪੰਦਰਵੀਂ ਸਦੀ ਵਿਚ ਇਹ ਸ਼ਹਿਰ ਚੰਗਾ ਵਸਦਾ ਰਸਦਾ ਸੀ। ਸ਼ੇਰ ਮੁਹੰਮਦ ਦੇ ਵਡੇਰਿਆਂ ਨੇ ਜਦੋਂ ਉੱਥੇ ਕਿਲ੍ਹਾ (ਕੋਟ) ਉਸਾਰ ਲਿਆ ਤਾਂ ਇਸ ਨੂੰ ਮਲੇਰਕੋਟਲਾ ਕਿਹਾ ਜਾਣ ਲੱਗਾ। ਭਾਈ ਰਤਨ ਸਿੰਘ ਭੰਗੂ ਸਮੇਤ ਪੁਰਾਣੇ ਇਤਿਹਾਸਕਾਰ ਇਸ ਸ਼ਹਿਰ ਦੇ ਵਸਨੀਕਾਂ ਨੂੰ ‘ਮਲੇਰੀਏ’ ਕਿਹਾ ਕਰਦੇ ਸਨ। ਇਸ ਸ਼ਹਿਰ ਦੇ ਵਸਨੀਕ ਦੱਸਦੇ ਹਨ ਕਿ ਨਾ ਕੇਵਲ ਨਵਾਬ ਮਲੇਰਕੋਟਲਾ ਨੇ ਹਾਅ ਦਾ ਨਾਅਰਾ ਮਾਰਿਆ ਸਗੋਂ ਸਾਹਿਬਜ਼ਾਦਿਆਂ ਦੀ ਜਾਨ ਬਖ਼ਸ਼ੀ ਲਈ ਔਰੰਗਜ਼ੇਬ ਨੂੰ ਖ਼ਤ ਵੀ ਲਿਖਿਆ। ਇਹ ਖ਼ਤ ਪ੍ਰੋ. ਮੁਹੰਮਦ ਰਫੀ, ਸਰਕਾਰੀ ਕਾਲਜ ਮਲੇਰਕੋਟਲਾ ਵਾਲਿਆਂ ਪਾਸ ਪਿਆ ਹੈ। ਨਕਲਾਂ ਡਾ. ਅਮਰਵੰਤ ਸਿੰਘ ਪਾਸ ਵੀ ਹਨ ਤੇ ਉਨ੍ਹਾਂ ਨੇ ਇਸ ਦਾ ਪੰਜਾਬੀ ਤਰਜਮਾ ਕੀਤਾ ਹੈ। ਅਸੀਂ ਇੱਥੇ ਖ਼ਤ ਦਾ ਪੰਜਾਬੀ ਤਰਜਮਾ ਛਾਪ ਰਹੇ ਹਾਂ।
ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਖ਼ਤ ਬਨਾਮ ਔਰੰਗ਼ਜ਼ੇਬ
ਅਰਜ਼ਦਾਸਤ
ਹਜ਼ੂਰ ਇਸ ਸੰਸਾਰ ਵਿਚ ਰਹਿਮ ਕਰਮ ਕਰਨ ਲਈ ਆਏ ਸਨ ਤੇ ਜ਼ੁਲਮ ਦੇ ਖ਼ਿਲਾਫ਼ ਸਨ। ਗੁਰੂ ਗੋਬਿੰਦ ਸਿੰਘ (ਜੀ) ਦੇ ਖ਼ਾਨਦਾਨ ਵੱਲ ਤਵੱਜੋ ਦੇਣੀ ਬਣਦੀ ਸੀ ਪਰ ਹਾਕਿਮੇ ਸਰਹੰਦ ਨੇ ਸਾਹਿਬਜ਼ਾਦਿਆਂ ਲਈ ਮੌਤ ਦਾ ਹੁਕਮ ਬਣਾਇਆ ਹੈ। ਨਾ ਕੀਤੇ ਗੁਨਾਹਾਂ ਸਦਕਾ ਦੀਵਾਰ ਵਿਚ ਚਿਣਨ ਦਾ ਹੁਕਮ ਕੀਤਾ ਹੈ। ਬੇਸ਼ੱਕ ਹਾਕਿਮ ਦਾ ਹੁਕਮ ਅਟੱਲ ਹੁੰਦਾ ਹੈ, ਕਿਸੇ ਦੀ ਤਾਕਤ ਨਹੀਂ ਕਿ ਉਸਦੇ ਉਲਟ ਬੋਲੇ ਪਰ ਅਰਜ਼ ਹੈ ਕਿ ਜ਼ਿੱਲੇ ਸੁਬਹਾਨੀ ਆਪਣੀ ਸ਼ਾਨ ਬਰਕਰਾਰ ਰੱਖਦੇ ਹੋਏ ਥੋੜ੍ਹੀ ਸਜ਼ਾ ਦੇ ਕੇ ਤਾੜਨਾ ਕਰ ਦੇਣ ਤਦ ਠੀਕ ਹੈ ਪਰ ਜਾਨ ਲੈਣੀ ਹੱਦ ਤੋਂ ਗੁਜ਼ਰਨਾ ਹੈ ਜੋ ਕਿਸੇ ਹੁਕਮਰਾਨ ਨੂੰ ਨਹੀਂ ਸੋਭਦਾ ਕਿ ਅਪਰਾਧੀ ਦਾ ਬਦਲਾ ਉਸਦੇ ਬੱਚਿਆਂ ਤੋਂ ਲਿਆ ਜਾਵੇ ਜੋ ਮੁਕਾਬਲੇ ਵਿਚ ਨਹੀਂ ਖਲੋ ਸਕਦੇ। ਇਸ ਨਾਲ ਲੋਕਾਂ ਦੇ ਦਿਲਾਂ ਵਿਚੋਂ ਹਕੂਮਤ ਲਈ ਅਦਬ ਖ਼ਤਮ ਹੋ ਜਾਵੇਗਾ। ਅੱਛਾ ਹੈ ਬੱਚਿਆਂ ਦੀ ਜਾਨ ਬਖ਼ਸ਼ ਦਿੱਤੀ ਜਾਏ। ਇਹ ਕੈਦ ਵਿਚ ਰੱਖੇ ਜਾ ਸਕਦੇ ਹਨ ਕਿ ਸੁਧਰ ਸਕਣ। ਏਡੀ ਵੱਡੀ ਹੋਣ ਜਾ ਰਹੀ ਦੁਰਘਟਨਾ ਉੱਪਰ ਇਤਰਾਜ਼ ਕਰਨ ਤੋਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਜਿਸ ਸਦਕਾ ਮੈਨੂੰ ਮੁਆਫ਼ ਕੀਤਾ ਜਾਏ।
ਦਸਤਖ਼ਤ ਅਤੇ ਮੁਹਰ
ਸਿੱਖਾਂ ਨੇ ਸ਼ੇਰ ਮੁਹੰਮਦ ਖ਼ਾਨ ਦੀ ਯਾਦ ਵਿਚ ਗੁਰਦੁਆਰਾ ‘ਹਾਅ ਦਾ ਨਾਅਰਾ’ ਉਸਾਰਿਆ ਹੋਇਆ ਹੈ। ਬੇਅੰਤ ਸੰਕਟ ਵਿਚ ਵੀ ਸਿੱਖਾਂ ਨੇ ਖ਼ਤਰੇ ਸਹੇੜ ਕੇ ਮਲੇਰਕੋਟਲੇ ਦੇ ਮੁਸਲਮਾਨਾਂ ਨੂੰ ਬਚਾਇਆ। ਕਿਸੇ ਸਿੱਖ ਦੀਆਂ ਪ੍ਰਾਪਤੀਆਂ ਦੀ ਯਾਦਗਾਰ ਵਜੋਂ ਸੰਸਾਰ ਵਿਚ ਮੁਸਲਮਾਨਾਂ ਨੇ ਕਿਧਰੇ ਮਸਜਿਦ ਉਸਾਰੀ ਹੋਵੇ, ਮੈਨੂੰ ਇਸ ਦੀ ਜਾਣਕਾਰੀ ਨਹੀਂ। ਇਕ ਲਕੀਰ ਲਛਮਣ ਨੇ ਵਾਹੀ ਸੀ। ਉਸ ਲਕੀਰ ਦੀ ਉਲੰਘਣਾ ਕਰਨ ਸਦਕਾ ਸੀਤਾ ਨੂੰ, ਰਾਮ ਅਤੇ ਲਛਮਣ ਨੂੰ ਬੜੇ ਸੰਕਟ ਦੇਖਣੇ ਪਏ। ਤੁਸੀਂ ਸਾਰੇ ਇਸ ਪ੍ਰਸੰਗ ਤੋਂ ਵਾਕਿਫ਼ ਹੋ। ਇਕ ਲਕੀਰ ਖੰਡੇ ਦੀ ਨੋਕ ਨਾਲ ਵਾਹ ਦਿੱਤੀ ਸੀ ਬਾਬਾ ਦੀਪ ਸਿੰਘ ਜੀ ਨੇ। ਬਾਬਾ ਦੀਪ ਸਿੰਘ ਫਾਰਸੀ ਅਤੇ ਸੰਸਕ੍ਰਿਤ ਦੇ ਵਿਦਵਾਨ ਸਨ ਤੇ ਉਨ੍ਹਾਂ ਦੀ ਲਿਖਤ ਏਨੀ ਸੁੰਦਰ ਸੀ ਕਿ ਜਦੋਂ ਵਕਤ ਮਿਲਦਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਵੀਂ ਤਿਆਰ ਕਰਨ ਲੱਗ ਜਾਂਦੇ। ਜਦੋਂ ਉਨ੍ਹਾਂ ਖੰਡੇ ਨਾਲ ਲਕੀਰ ਵਾਹੀ ਤਦ ਉਹ ਬਿਰਧ ਹੋ ਚੁੱਕੇ ਸਨ। ਉਸ ਲਕੀਰ ਨੂੰ ਸੈਂਕੜੇ ਨਹੀਂ, ਹਜ਼ਾਰਾਂ ਸਿੱਖ ਸੂਰਬੀਰਾਂ ਨੇ ਪ੍ਰਣਾਮ ਕਰਕੇ ਸੀਸ ਕੁਰਬਾਨ ਕੀਤੇ। ਇਹੋ ਜਿਹੀਆਂ ਲਕੀਰਾਂ ਦੇ ਫ਼ਕੀਰ ਵੀ ਸੰਸਾਰ ਵਿਚ ਥਾਂ ਥਾਂ ਨਹੀਂ ਲੱਭਦੇ। ਕਦੇ ਕਦਾਈਂ ਜਦ ਧਰਤੀ ਦੇ ਭਾਗ ਜਾਗਦੇ ਹਨ ਤਦ ਇਹੋ ਜਿਹੀਆਂ ਲਕੀਰਾਂ ਉਕਰਦੀਆਂ ਹਨ ਤੇ ਸਿਰ ਹਥੇਲੀ ਉੱਪਰ ਰੱਖ ਕੇ ਸੂਰਮੇ ਗੁਰੂ ਦੇ ਦੀਦਾਰ ਕਰਨ ਤੁਰ ਪੈਂਦੇ ਹਨ। ਜੋ ਕੁਝ ਸਾਨੂੰ ਅੱਖਾਂ ਨਾਲ ਨਹੀਂ ਦਿਸਦਾ, ਉਹ ਸ਼ਹੀਦਾਂ ਨੂੰ ਸਿਰ ਤੋਂ ਬਗ਼ੈਰ ਸਾਫ ਦਿਸੀ ਜਾਂਦਾ ਹੈ।
ਵਾਸ਼ਿੰਗਟਨ ਵਿਚ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸਾਖੀ ਸੁਣਾ ਕੇ ਪੁੱਛਿਆ- ਕੋਈ ਸਵਾਲ? ਇਕ ਬੱਚਾ ਬੋਲਿਆ,“ਕੋਈ ਸਵਾਲ ਨਹੀਂ। ਸੁਣਦਿਆਂ ਸੁਣਦਿਆਂ ਮੇਰੇ ਦਿਲ ਵਿਚ ਖਿਆਲ ਆਉਂਦਾ ਰਿਹਾ, ਜਿਹੜੇ ਰਾਜਕੁਮਾਰ ਨੀਂਹਾਂ ਵਿਚ ਚਿਣੇ ਗਏ ਸਨ ਉਨ੍ਹਾਂ ਵਿਚੋਂ ਇਕ ਮੈਂ ਹੋਣਾ ਚਾਹੀਦਾ ਸੀ।“
ਪੰਜਾਬ ਵਿਚ ਸਰਕਾਰ ਭਾਵੇਂ ਕਦੀ ਅਕਾਲੀਆਂ ਦੀ ਆਵੇ ਭਾਵੇਂ ਕਾਂਗਰਸ ਦੀ, ਜਾਂ ਕਿਸੇ ਹੋਰ ਦੀ, ਸ਼ੇਖ਼ ਅਹਿਮਦ ਸਰਹੰਦੀ ਦੇ ਰੋਜ਼ਾ ਸ਼ਰੀਫ਼ ਨੂੰ ਹਰਗਿਜ਼ ਗਰਾਂਟਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ। ਉਸਨੇ ਨਾਕਾਬਿਲ-ਇ-ਮੁਆਫ਼ੀ ਗੁਨਾਹ ਕੀਤਾ ਹੋਇਆ ਹੈ ਜਿਸ ਉੱਪਰ ਜਨਤਕ ਧਨ ਹਰਗਿਜ਼ ਨਹੀਂ ਰੋੜ੍ਹਨਾ ਚਾਹੀਦਾ। ਮੁਸਲਮਾਨਾਂ ਦੇ ਹੋਰ ਕਿਸੇ ਅਸਥਾਨ ਉੱਪਰ ਕੋਈ ਜੋ ਮਰਜ਼ੀ, ਜਿੰਨੀ ਮਰਜ਼ੀ ਸੇਵਾ ਕਰੇ, ਕਰਾਵੇ ਪ੍ਰਸ਼ੰਸਾਜਨਕ ਹੋਵੇਗੀ, ਸਰਹੰਦ ਵਿਖੇ ਇਸ ਸ਼ੇਖ਼ ਦੇ ਮਜ਼ਾਰ ਉੱਪਰ ਬਿਲਕੁਲ ਨਹੀਂ।