ਪੰਜਾਬੀ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਵਿਕਾਸ ਕਾਨਫਰੰਸ

ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੀ ਸਥਾਪਨਾ ਦੇ ਆਰੰਭ ਤੋਂ ਅੱਜ ਤੱਕ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਲਈ ਵਚਨਬੱਧ ਹੈ। ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਲੋਂ 5-7 ਦਸੰਬਰ 2023 ਨੂੰ ਕਰਵਾਈ ਗਈ ਤਿੰਨ ਰੋਜ਼ਾ ਵਿਕਾਸ ਕਾਨਫਰੰਸ ਇਸ ਦਾ 35ਵਾਂ ਐਡੀਸ਼ਨ ਸੀ|

ਇਸ ਦੀਆਂ ਅੱਧੀ ਦਰਜਨ ਤੋਂ ਵੱਧ ਬੈਠਕਾਂ ਵਿਚ ਯੂਨੀਵਰਸਟੀ ਦੇ ਪੰਜਾਬੀ ਵਿਭਾਗ, ਪੰਜਾਬੀ ਸਾਹਿਤ ਅਧਿਐਨ ਵਿਭਾਗ ਅਤੇ ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ ਨੇ ਇਸਨੂੰ ਸਫਲ ਕਰਨ ਵਿਚ ਇਕ ਦੂਜੇ ਨਾਲ ਮਿਲ ਕੇ ਸ਼ਿਰਕਤ ਕੀਤੀ ਜਿਸ ਉੱਤੇ ਯੂਨੀਵਰਸਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਡੀਨ ਭਾਸ਼ਾਵਾਂ ਰਾਜਿੰਦਰ ਪਾਲ ਸਿੰਘ ਬਰਾੜ ਦੀ ਸਹਿਮਤੀ ਤੇ ਸਹਿਯੋਗ ਪ੍ਰਤੱਖ ਸੀ| ਵਿਭਾਗੀ ਮੁਖੀ ਪਰਮਿੰਦਰਜੀਤ ਕੌਰ ਦੀ ਵਿਉਂਤਬੰਦੀ ਸਮੇਤ|
ਕਾਨਫਰੰਸ ਦਾ ਮੁੱਖ ਮੰਤਵ ਸਮਕਾਲੀਨ ਸਮਾਜ ਵਿਚ ਪੰਜਾਬੀ ਦੇ ਭਵਿੱਖਮੁਖੀ ਦ੍ਰਿਸ਼ਟੀਕੋਣ ਦੇ ਵੱਖ-ਵੱਖ ਪੱਖਾਂ ਨੂੰ ਲੈ ਕੇ ਸਕਾਰਾਤਮਕ ਨਤੀਜੇ ਕੱਢਣਾ ਸੀ| ਜਿਸ ਵਿਚ ਪੰਜਾਬੀ ਦੇ ਦੂਰ ਵਸੇਂਦੇ ਪੰਜਾਬੀ ਪਿਆਰਿਆਂ ਨੇ ਹੀ ਨਹੀਂ ਸੱਤ ਸਮੁੰਦਰ ਪਾਰ ਵਾਲਿਆਂ ਵੀ ਹਿੱਸਾ ਲਿਆ| ਉਦਘਾਟਨੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਪ੍ਰੋਫੈਸਰ ਅਰਵਿੰਦ ਨੇ ਸਪਸ਼ਟ ਤੌਰ `ਤੇ ਕਿਹਾ ਕਿ ਭਾਸ਼ਾਈ ਪਰਿਵਰਤਨ ਕੁਦਰਤੀ ਵਰਤਾਰਾ ਹੈ। ਤੇ ਸਾਨੂੰ ਕਿਸੇ ਵੀ ਭਾਸ਼ਾ ਤੋਂ ਸ਼ਬਦ ਲੈਂਦਿਆਂ ਸੰਕੋਚ ਕਰਨ ਦੀ ਲੋੜ ਨਹੀਂ| ਇਸ ਨਾਲ ਸਾਡਾ ਨਾਤਾ ਗਿਆਨ ਵਿਗਿਆਨ ਨਾਲ ਜੁੜਦਾ ਹੈ। ਇਸ ਬੈਠਕ ਦਾ ਵਡਾ ਹਾਸਲ ਇਹ ਸੀ ਕਿ ਏਥੇ ਮਨੁੱਖੀ ਜੀਵਨ ਵਿਚ ਭਾਸ਼ਾ, ਸਾਹਿਤ, ਕਲਾ ਤੇ ਸੰਗੀਤ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਉਜਾਗਰ ਕੀਤਾ ਗਿਆ| ਕੁੱਲ ਮਿਲਾ ਕੇ ਕਾਨਫਰੰਸ ਦੀਆਂ ਸਾਰੀਆਂ ਬੈਠਕਾਂ ਵਿਚ ਪੰਜਾਬੀ ਭਾਸ਼ਾ ਤੇ ਭਾਸ਼ਾ ਵਿਗਿਆਨ ਦੇ ਮਹੱਤਵ ਸਮੇਤ ਪਰਵਾਸੀ ਸਭਿਆਚਾਰ ਤੇ ਮੀਡੀਆ ਨਾਲ ਲੋੜੀਂਦੀ ਸਾਂਝ ਦੇ ਵਿਸ਼ੇ ਨੂੰ ਵੀ ਰੱਜਵਾਂ ਸਥਾਨ ਦਿੱਤਾ ਗਿਆ| ਇਸ ਧਾਰਨਾ ਉੱਤੇ ਵੀ ਪੂਰਾ ਪਹਿਰਾ ਦਿੱਤਾ ਗਿਆ ਕਿ ਸਾਨੂੰ ਆਪਣੀ ਭਾਸ਼ਾ ਪ੍ਰਤੀ ਉਦਾਸ ਹੋਣ ਨਾਲੋਂ ਚੇਤੰਨ ਰਹਿਣ ਦੀ ਲੋੜ ਹੈ। ਤਾਂ ਕਿ ਦੂਰ ਦੁਰਾਡੇ ਦੇਸ਼ਾਂ ਦੇ ਵਸਨੀਕ ਬਣੇ ਪੰਜਾਬੀ ਆਪਣੀ ਬੋਲੀ ਉਤੇ ਮਾਣ ਕਰ ਸਕਣ| ਇਸ ਗੱਲ ਦਾ ਵੀ ਖਾਸ ਨੋਟਿਸ ਲਿਆ ਗਿਆ ਕਿ ਅਸੀਂ ਸਕੂਲੀ ਪੱਧਰ `ਤੇ ਮਾਂ ਬੋਲੀ ਨੂੰ ਇਸਦਾ ਬਣਦਾ ਮਾਣ ਸਤਿਕਾਰ ਨਹੀਂ ਦੇ ਰਹੇ| ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਪੰਜਾਬੀ ਪ੍ਰਤੀ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਪੰਜਾਬੀ ਦੇ ਹਾਂ-ਪੱਖੀ ਵਿਦਵਾਨਾ ਤੋਂ ਰਾਇ ਲੈਣੀ ਲਾਜ਼ਮੀ ਬਣਾਉਣ| ਕਾਨਫਰੰਸ ਵਿਚ ਵਿਚਾਰੇ ਜਾਣ ਵਾਲੇ ਪੇਪਰ ਤੇ ਪ੍ਰੋਗਰਾਮ ਏਨੇ ਬਹੁ-ਪੱਖੀ ਤੇ ਵੱਧ ਸਨ ਕਿ ਇੱਕੋ ਸਮੇਂ ਕੁਝ ਬੈਠਕਾਂ ਸਿੰਡੀਕੇਟ ਰੂਮ ਵਿਚ ਕਰਨੀਆਂ ਪਈਆਂ ਤੇ ਦੂਰੋਂ ਨੇੜਿਓਂ ਪਹੁੰਚੇ ਵਿਦਵਾਨਾਂ ਦੀ ਵਿਦਵਤਾ ਦਾ ਲਾਭ ਲਿਆ ਗਿਆ| ਭਾਈ ਵੀਰ ਸਿੰਘ ਦੇ ਜਨਮ ਦਿਨ ਨੂੰ ਮੁਖ ਰੱਖਦਿਆਂ ਇਕ ਬੈਠਕ ਉਨ੍ਹਾਂ ਦੀ ਦੇਣ ਨੂੰ ਵੀ ਸਮਰਪਿਤ ਸੀ| ਉਂਝ ਵੀ ਦਿਨ ਭਰ ਦੇ ਗਹਿਰ ਗੰਭੀਰ ਵਿਸ਼ਿਆਂ ਦਾ ਥਕੇਵਾਂ ਲਾਹੁਣ ਲਈ ਸਭਿਆਚਾਰਕ ਸ਼ਾਮਾਂ ਦਾ ਆਯੋਜਨ ਕੀਤਾ ਗਿਆ ਜਿਨ੍ਹਾਂ ਵਿਚੋਂ ਇਕ ਸ਼ਾਮ ਈਡੀਪਸ 2.0 ਦਾ ਮੰਚਨ ਖਿੱਚ ਦਾ ਕੇਂਦਰ ਰਿਹਾ|
ਚੇਤੇ ਰਹੇ ਕਿ ਪਰਵਾਸ ਵਿਚ ਪੰਜਾਬੀ ਭਾਸ਼ਾ ਦਾ ਸਥਾਨ ਯੂਨੀਵਰਸਿਟੀ ਦੀ 35ਵੀਂ ਕਾਨਫਰੰਸ ਵਿਚ ਨਹੀਂ ਵਿਚਾਰਿਆ ਗਿਆ|
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦਾ 35ਵਾਂ ਅੰਕ ਵੀ ਇਨ੍ਹਾਂ ਦਿਨਾਂ ਵਿਚ ਹੀ ਜਾਰੀ ਹੋਇਆ ਜਿਸਦੀਆਂ ਕਾਪੀਆਂ ਸਰੋਤਿਆਂ ਤੇ ਦਰਸ਼ਕਾਂ ਦੇ ਹੱਥਾਂ ਦਾ ਸ਼ਿੰਗਾਰ ਸਨ| ਇਹ ਅੰਕ ਦਸਦਾ ਹੈ ਕਿ ਕੈਨੇਡਾ ਵਿਚ ਵਸਦੇ ਪੰਜਾਬੀ ਪਿਆਰਿਆਂ ਨੇ ਸਰੀ ਵਿਖੇ ਪੰਜਾਬ ਭਵਨ ਨਾਂ ਦੀ ਇਮਾਰਤ ਉਸਾਰ ਕੇ ਉਥੇ ਸਮੇਂ ਸਮੇਂ ਪੰਜਾਬੀ ਕਾਨਫਰੰਸਾਂ ਦਾ ਪ੍ਰਬੰਧ ਕੀਤਾ ਹੈ| ਇਸ ਅੰਕ ਵਿਚ ਛਪੇ ਪੰਜਵੀਂ ਵਿਸ਼ਵ ਕਾਨਫਰੰਸ ਦੇ ਵੇਰਵੇ ਤੇ ਤਸਵੀਰਾਂ ਪਾਠਕਾਂ ਨੂੰ ਇਹ ਵੀ ਚੇਤੇ ਕਰਾਉਂਦੇ ਹਨ ਕਿ ਅੱਜ ਦੇ ਦਿਨ ਬ੍ਰਿਟਿਸ਼ ਕੋਲੰਬੀਆ ਦੀ ਵਿਦਿਆ ਮੰਤਰੀ ਰਚਨਾ ਸਿੰਘ ਹੈ। ਜਿਸਦੇ ਪਾਪਾ ਰਘਬੀਰ ਸਿੰਘ ਪ੍ਰਵਾਨਤ ਪੰਜਾਬੀ ਰਸਾਲੇ ‘ਸਿਰਜਣਾ’ ਦੇ ਸੰਸਥਾਪਕ ਤੇ ਸੰਪਾਦਕ ਹਨ ਤੇ ਮੰਮੀ ਸੁਲੇਖਾ ਆਪਣੇ ਸਮੇਂ ਦੇ ਪੰਜਾਬੀ ਮਹਾਰਥੀ ਤੇਰਾ ਸਿੰਘ ਚੰਨ ਦੀ ਧੀ ਹੈ|
ਨਿਸ਼ਚੇ ਹੀ ਅੰਤਰਰਾਸ਼ਟਰੀ ਪੱਧਰ ਦੀਆਂ ਪੰਜਾਬੀ ਕਾਨਫਰੰਸਾਂ ਦੇਸ਼ ਵਾਸੀਆਂ ਲਈ ਹੀ ਨਹੀਂ ਦੇਸ਼ ਤੋਂ ਬਾਹਰ ਵਸਦੇ ਪੰਜਾਬੀਆਂ ਲਈ ਵੀ ਮਾਣ ਦੀ ਗੱਲ ਹਨ|
ਜੰਮੂ ਕਸ਼ਮੀਰ ਤੇ ਸੰਵਿਧਾਨ ਦੀ ਧਾਰਾ 370
1947 ਦੀ ਦੇਸ਼ ਵੰਡ ਸਮੇਂ ਤੋਂ ਚਲੀ ਆ ਰਹੀ ਸੰਵਿਧਾਨ ਦੀ ਧਾਰਾ 370 ਦਾ ਪੌਣੀ ਸਦੀ ਦੇ ਲੰਬੇ ਅਰਸੇ ਪਿੱਛੋਂ ਮਨਸੂਖ ਕਰਨਾ ਕਈ ਤਰ੍ਹਾਂ ਦੇ ਕਿੰਤੂ ਪ੍ਰੰਤੂ ਲੈ ਕੇ ਆਇਆ ਹੈ।| ਖਾਸ ਕਰਕੇ ਇਸਦੀ ਮਨਸੂਖੀ ਦਾ ਅਮਲ ਵਿਧਾਨ ਸਭਾ ਦੀ ਅਣਹੋਂਦ ਵਿਚ ਹੋਣਾ ਤੇ ਉਹ ਵੀ ਜੰਮੂ ਕਸ਼ਮੀਰ ਦੇ ਲੇਹ ਲੱਦਾਖ ਖੇਤਰ ਨੂੰ ਕੇਂਦਰ ਸ਼ਾਸਤ ਐਲਾਨੇ ਜਾਣ ਤੋਂ ਪਿੱਛੋਂ| ਇਸਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਜਸਟਿਸ ਸੰਜੇ ਕ੍ਰਿਸ਼ਨ ਕੌਲ ਵੱਲੋਂ ਸੱਚ ਤੇ ਸੁਲ੍ਹਾ ਸਫਾਈ ਕਮਿਸ਼ਨ ਦੀ ਸਥਾਪਨਾ ਦਾ ਸੁਝਾਅ ਦੇਣਾ ਵੀ ਇਹੀਓ ਸਿੱਧ ਕਰਦਾ ਹੈ। ਜੇ ਪ੍ਰਧਾਨ ਮੰਤਰੀ ਮੋਦੀ ਇਸ ਫੈਸਲੇ ਨੂੰ ਇਤਿਹਾਸਕ ਗਰਦਾਨਦਾ ਹੈ ਤਾਂ ਪੀਡੀਪੀ ਵਾਲੀ ਮਹਿਬੂਬਾ ਮੁਫਤੀ ਅਤੇ ਜੰਮੂ ਕਸ਼ਮੀਰ ਦਾ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਇਸਦੀ ਇਤਿਹਾਸਕਤਾ ਨੂੰ ਮੰਦਭਾਗੀ ਕਹਿਣ ਤੋਂ ਵੀ ਸੰਕੋਚ ਨਹੀਂ ਕਰਦੇ ਜਿਸਨੂੰ ਅੰਗਰੇਜ਼ੀ ਭਾਸ਼ਾ ਵਾਲੇ ਹਿਸਟਾਰੀਕਲ ਬਲੰਡਰ ਕਹਿੰਦੇ ਹਨ| ਇਹ ਗੱਲ ਤਾਂ ਮੰਨਣੀ ਪਵੇਗੀ ਕਿ ਅਜਿਹੇ ਫੈਸਲੇ ਦੇਸ਼ ਦੀ ‘ਅਨੇਕਤਾ ਵਿਚ ਏਕਤਾ’ ਵਾਲੀ ਧਾਰਨਾ ਨੂੰ ਨਕਾਰਦੇ ਹਨ ਜਿਸਨੇ ਭਾਰਤ ਦੀ ਵਿਲੱਖਣਤਾ ਉੱਤੇ 75 ਸਾਲ ਮੁਹਰ ਲਾਈ ਰੱਖੀ ਸੀ| ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੇ 75 ਸਾਲ ਦੇ ਇਤਿਹਾਸ ਦੀਆਂ ਜੜ੍ਹਾਂ ਫਰੋਲੇ ਬਿਨਾ ਇਹ ਤਾਂ ਸਹਿਜੇ ਹੀ ਕਹਿ ਦਿੱਤਾ ਕਿ ਧਾਰਾ 370 ਪੰਡਤ ਨਹਿਰੂ ਦੀ ਦੇਣ ਸੀ ਤੇ ਇਹ ਨਹੀਂ ਦੱਸਿਆ ਕਿ ਇਸਨੂੰ ਹੁਣ ਤੱਕ ਦੀਆਂ ਸਰਕਾਰਾਂ ਨੇ ਮਨਸੂਖ ਕਿਉਂ ਨਹੀਂ ਕੀਤਾ|
ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਇਹ ਫੈਸਲਾ ਸੁਣਾਉਣ ਸਮੇਂ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਨੂੰ ਦਸ ਮਹੀਨੇ ਅੱਗੇ ਪਾਉਣ ਦੀ ਕੀ ਲੋੜ ਸੀ| ਕੁੱਲ ਫੈਸਲੇ ਦੀ ਇਤਿਹਾਸਕਤਾ ਭੁੱਲ ਹੈ ਜਾਂ ਭਲਾ ਸਮੇਂ ਨੇ ਦੱਸਣਾ ਹੈ। ਭਲੇ ਲੋਕ ਭਲੇ ਦਿਨਾਂ ਦੀ ਆਸ ਲਾ ਕੇ ਜੀਵਤ ਰਹਿੰਦੇ ਹਨ|
ਅੰਤਿਕਾ
—ਫੈਜ਼ ਅਹਿਮਦ ਫੈਜ਼—
ਦਿੱਲ ਨਾ ਉਮੀਦ ਤੋ ਨਹੀਂ ਨਾਕਾਮ ਹੀ ਤੋ ਹੈ।
ਲੰਬੀ ਹੈ ਗਮ ਕੀ ਸ਼ਾਮ, ਮਗਰ ਸ਼ਾਮ ਹੀ ਤੋਂ ਹੈ।