ਬੇਪਰਦ ਹੋਣਾ, ਨਿਰਵਸਤਰ ਹੋਣਾ ਨਹੀਂ ਹੁੰਦਾ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਬੇਪਰਦ ਹੋਣਾ, ਨੰਗਾ ਹੋਣਾ ਨਹੀਂ ਹੁੰਦਾ ਅਤੇ ਨਾ ਹੀ ਨਿਰਵਸਤਰ ਹੋਣਾ ਹੁੰਦਾ। ਬੇਪਰਦ ਹੋਣਾ, ਕੁਝ ਹੋਰ ਹੁੰਦਾ ਜਿਹੜਾ ਨੰਗੇ ਹੋਣ ਨਾਲੋਂ ਜ਼ਿਆਦਾ ਬੁਰਾ ਹੁੰਦਾ। ਬੇਪਰਦ ਹੋਣਾ ਦਰਅਸਲ ਬੇਸ਼ਰਮ ਹੋਣਾ ਹੁੰਦਾ ਅਤੇ ਇਸ ਬੇਸ਼ਰਮੀ ਨੂੰ ਕਿਸੇ ਦੀ ਵਰਤੋਂ-ਵਿਵਹਾਰ ਵਿਚੋਂ ਦੇਖ ਸਕਦੇ ਜਾਂ ਬੋਲਚਾਲ ਵਿਚੋਂ ਵੀ ਨਜ਼ਰ ਆਉਂਦਾ।

ਬੇਪਰਦ ਤਾਂ ਅਸੀਂ ਆਪਣੇ ਬੋਲਾਂ ਨਾਲ ਵੀ ਹੁੰਦੇ ਕਿਉਂਕਿ ਸਾਡੇ ਬੋਲ ਹੀ ਹੁੰਦੇ ਜੋ ਸਾਨੂੰ ਮਨ-ਕਟਹਿਰੇ ਵਿਚ ਨੰਗਾ ਕਰਦੇ ਕਿ ਅਸੀਂ ਅੰਦਰੋਂ ਕੀ ਹਾਂ? ਸਾਡਾ ਅੰਤਰੀਵ ਕਿੰਨੀ ਕਮੀਨਗੀ ਅਤੇ ਕਰੂਰਤਾ ਨਾਲ ਭਰਿਆ ਹੋਇਆ ਅਤੇ ਅਸੀਂ ਐਵੇਂ ਹੀ ਆਪਣੇ ਬੋਲਾਂ ਨਾਲ ਖ਼ੁਦ ਨੂੰ ਦੁੱਧ ਧੋਤਾ ਸਾਬਤ ਕਰਨ ਵਿਚ ਗਵਾਚੇ ਹੋਏ ਹਾਂ।
ਬੇਪਰਦ ਤਾਂ ਬੰਦਾ ਹੋ ਹੀ ਜਾਂਦਾ ਜਦ ਉਸਦੇ ਕੋਹਝੇ ਕੰਮਾਂ ਵਿਚੋਂ ਖ਼ੁਦਗਰਜ਼ੀ ਅਤੇ ਨਿੱਜ ਦੀ ਬੋਅ ਆਉਂਦੀ। ਸੋਚ ਵਿਚੋਂ ਸਰਬੱਤ ਦੇ ਭਲੇ ਦੀ ਮਹਿਕ ਦਾ ਅਲੋਪ ਹੋ ਜਾਣਾ ਹੀ ਬੇਪਰਦਗੀ ਦਾ ਪ੍ਰਮਾਣ ਹੁੰਦਾ। ਬੇਪਰਦਤਾ ਤਾਂ ਬੰਦੇ ਦੇ ਦੀਦਿਆਂ ਵਿਚੋਂ ਨਜ਼ਰ ਆ ਜਾਂਦੀ ਜਦ ਉਸਦੇ ਦੀਦਿਆਂ ਵਿਚ ਕਿਸੇ ਔਰਤ ਨੂੰ ਦੇਖ ਕੇ ਨੰਗੇਜ਼ ਝਾਤੀਆਂ ਮਾਰਦਾ। ਮੈਲੀ ਨਜ਼ਰ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਪਲੀਤ ਕਰ ਜਾਂਦੀ ਅਤੇ ਬੰਦਾ ਖੁLਦ ਹੀ ਆਪਣੀਆਂ ਨਜ਼ਰਾਂ ਵਿਚੋਂ ਡਿੱਗ ਪੈਂਦਾ।
ਸਭ ਤੋਂ ਮਾੜਾ ਹੁੰਦਾ ਏ ਕਿਸੇ ਬਾਪ ਦਾ ਬੇਪਰਦ ਹੋਣਾ ਜਦ ਉਹ ਆਪਣੀ ਧੀ `ਤੇ ਮਾੜੀ ਨਜ਼ਰ ਰੱਖਣ ਲੱਗ ਪਵੇ। ਆਪਣੀ ਜੰਮੀ ਜਾਈ ਦਾ ਸਰੀਰਕ ਸ਼ੋਸ਼ਣ ਕਰਦਾ, ਕਈ ਵਾਰ ਤਾਂ ਗਰਭਵਤੀ ਕਰ, ਉਸਦੀ ਅਜ਼ਮਤ ਨੂੰ ਲੀਰਾਂ ਕਰਦਾ। ਅਜੇਹੀ ਬੇਪਰਦਗੀ ਨੂੰ ਦੇਖ ਕੇ ਤਾਂ ਬੇਪਰਦ ਸ਼ਬਦ ਵੀ ਸਿਸਕਣ ਲੱਗ ਪੈਂਦਾ। ਜਦ ਕੋਈ ਭਰਾ ਆਪਣੀ ਭੈਣ ਨੂੰ ਹੀ ਮਹਿਬੂਬਾ ਬਣਾ ਲਵੇ ਤਾਂ ਬੇਪਰਦ ਲਫ਼ਜ਼ ਵੀ ਬਹੁਤ ਛੋਟਾ ਹੋ ਜਾਂਦਾ। ਅਜੇਹੇ ਲੋਕ ਆਪਣੇ ਅੰਦਰਲੇ ਨੰਗੇਜ਼ ਨੂੰ ਆਪਣੀ ਰੂਹ ਦੇ ਸਨਮੁੱਖ ਕਰਦਿਆਂ ਵੀ ਸ਼ਰਮਸ਼ਾਰ ਨਾ ਹੋਣ ਤਾਂ ਸਮੇਂ ਦੀ ਹਿੱਕ ਧੁਖਣ ਲੱਗਦੀ।
ਅਕਸਰ ਹੀ ਵੱਡੇ ਰੁਤਬਿਆਂ ਵਾਲੇ ਬੇਪਰਦ ਹੋ ਹੀ ਜਾਂਦੇ ਜਦ ਉਹ ਆਪਣੇ ਬਾਪ ਨੂੰ ਆਪਣੇ ਹਮਰੁਤਬੇ ਵਾਲਿਆਂ ਸਾਹਵੇਂ ਬਾਪ ਕਹਿਣ ਤੋਂ ਹੀ ਮੁਨਕਰ ਹੋ ਜਾਂਦੇ। ਮਾਪਿਆਂ ਲਈ ਬਹੁਮੰਜ਼ਲੀ ਕੋਠੀ ਵਿਚ ਕੋਈ ਥਾਂ ਨਹੀਂ ਹੁੰਦੀ। ਉਨ੍ਹਾਂ ਨੂੰ ਜਾਂ ਤਾਂ ਪਿੰਡ ਦੇ ਪੁਰਾਣੇ ਘਰ ਵਿਚ ਹੀ ਰਹਿਣ ਲਈ ਮਜਬੂਰ ਕਰ ਦਿਤਾ ਜਾਂਦਾ ਜਾਂ ਕੋਠੀ ਦੇ ਪਿਛਵਾੜੇ ਵਿਚ ਨੌਕਰਾਂ ਵਰਗਾ ਜੀਵਨ ਜਿਉਣਾ ਪੈਂਦਾ।
ਉਹ ਲੋਕ ਅਕਸਰ ਹੀ ਬੇਪਰਦ ਹੋ ਜਾਂਦੇ ਜਿਹੜੇ ਜਿਉਂਦੇ-ਜੀਅ ਆਪਣੇ ਪਿਆਰਿਆਂ ਦੀ ਦੇਖ-ਭਾਲ ਕਰਨ ਤੋਂ ਟਾਲਾ ਵੱਟਦੇ ਜਾਂ ਆਪਣੇ ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢ ਕੇ ਜਿੰਦਰਾ ਲਾ ਦਿੰਦੇ ਅਤੇ ਕਈ ਵਾਰ ਮਾਪਿਆਂ ਨੂੰ ਸਿਰ
ਲੁਕਾਉਣ ਲਈ ਵੀ ਦਰ ਦਰ ਠੋਕਰਾਂ ਖਾਣੀਆਂ ਪੈਂਦੀਆਂ।
ਮਨ ਦੀ ਬੇਪਰਦਾਦਾਰੀ ਵੀ ਕੇਹੀ ਹੁੰਦੀ ਕਿ ਇਕ ਹੀ ਕੁੱਖੋਂ ਜਾਏ ਖ਼ੂਨ ਦੇ ਪਿਆਸੇ ਹੋ ਜਾਂਦੇ। ਖੇਤਾਂ ਵਿਚ ਵੱਟਾਂ ਦੀ ਬਜਾਏ ਕਬਰਾਂ ਉਗਦੀਆਂ। ਘਰ ਦੀ ਵੰਡ-ਵੰਡਾਈ ਵਿਚ ਆਪਣਿਆਂ ਦੀ ਹਿੱਕ `ਤੇ ਖ਼ੰਜਰ ਨਾਲ ਲੀਕਾਂ ਵਾਹੀਆਂ
ਜਾਂਦੀਆਂ। ਜਦ ਵਿਹੜੇ ਦਾ ਦਰਦ ਘਰ ਦੀ ਫਿਜ਼ਾ ਨੂੰ ਆਪਣੀ ਜਕੜ ਵਿਚ ਲੈ ਲਵੇ ਤਾਂ ਸਮਝੋ ਕਿ ਘਰ ਦੇ ਵਾਸੀਆਂ ਦਾ ਨੰਗੇਜ਼ ਜੱਗ-ਜ਼ਾਹਰ ਹੋ ਰਿਹਾ। ਇਸ ਬੇਪਰਦਗੀ ਵਿਚ ਘਰ ਧੁਖਦਾ ਅਤੇ ਇਸਦੇ ਸੇਕ ਵਿਚ ਘਰ, ਕਮਰੇ ਤੇ ਕੰਧਾਂ ਰਾਖ਼ ਹੋ ਜਾਂਦੇ ਅਤੇ ਧੂੰਏਂ ਵਿਚ ਘਰ ਵਾਲੇ ਧੁਆਂਖੇ ਜਾਂਦੇ।
ਕਬੀਲਿਆਂ ਵਿਚ ਰਹਿੰਦੇ ਆਦਿ-ਵਾਸੀ ਨੰਗੇ ਤਾਂ ਹੁੰਦੇ ਪਰ ਉਹ ਬੇਪਰਦ ਨਹੀਂ ਹੁੰਦੇ। ਉਨ੍ਹਾਂ ਦੀਆਂ ਸੋਚਾਂ ਵਿਚ ਮਹੀਨ ਪਰਦੇ ਹੁੰਦੇ ਜਿਸ ਕਰਕੇ ਉਨ੍ਹਾਂ ਨੂੰ ਆਪਣੀਆਂ ਮਾਵਾਂ, ਧੀਆਂ ਜਾਂ ਭੈਣਾਂ ਦਾ ਨੰਗੇਜ਼ ਵੀ ਨਹੀਂ ਦਿਖਾਈ ਦਿੰਦਾ। ਇਹ ਮਹੀਨ ਪਰਦਾਦਾਰੀ ਕਾਰਨ ਹੀ ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਸੰਬੰਧਾਂ ਦੀ ਸ਼ੁੱਧਤਾ ਸਦਾ ਬਰਕਰਾਰ ਰਹਿੰਦੀ। ਕਬੀਲਿਆਂ ਵਿਚ ਭਾਵੇਂ ਕੋਈ ਸਰਕਾਰੀ ਕਾਨੂੰਨ ਨਹੀਂ ਲਾਗੂ ਹੁੰਦਾ ਪਰ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਹੀ ਉਨ੍ਹਾਂ ਨੂੰ ਬੇਪਰਦ ਹੋਣ ਤੋਂ ਹੋੜੀ ਰੱਖਦੀਆਂ। ਉਹ ਨਿਰਵਸਤਰ ਹੁੰਦਿਆਂ ਵੀ ਨਰੋਈ ਰਹਿਤਲ ਦੇ ਹਾਣੀ ਅਤੇ ਪਾਕ ਜੀਵਨ-ਜਾਚ ਦਾ ਬਿੰਬ ਹੁੰਦੇ।
ਉਹ ਲੋਕ ਬੜੀ ਜਲਦੀ ਬੇਪਰਦ ਹੋ ਜਾਂਦੇ ਜਿਹੜੇ ਥੋੜ੍ਹੀ ਜਹੀ ਸ਼ੁਹਰਤ ਨਾਲ ਹੀ ਪੈਰਾਂ ਹੇਠਲੀ ਜ਼ਮੀਂ ਛੱਡ ਦਿੰਦੇ। ਜਦ ਜ਼ਮੀਨ `ਤੇ ਪੈਰ ਨਹੀਂ ਹੁੰਦੇ ਤਾਂ ਉਨ੍ਹਾਂ ਦੀ ਆਉਧ ਹਵਾ ਵਿਚ ਲਟਕਦੇ ਉਸ ਸੁੱਕੇ ਪੱਤੇ ਵਰਗੀ ਹੁੰਦੀ ਜਿਸਦੀ ਕੋਈ ਵੀ ਠਾਹਰ ਜਾਂ ਟਿਕਾਣਾ ਨਹੀਂ ਹੁੰਦਾ। ਅਜੇਹਾ ਵਰਤਾਰਾ ਉਨ੍ਹਾਂ ਦੀ ਮਾਨਸਿਕ ਕੰਗਾਲੀ ਨੂੰ ਬੇਪਰਦ ਕਰਕੇ, ਮਾਨਸਿਕ ਗਰੀਬੀ ਨੂੰ ਸੰਸਾਰ ਸਾਹਮਣੇ ਪ੍ਰਗਟ ਕਰਦਾ।
ਕੁਝ ਲੋਕ ਸ਼ਰਾਫਤ ਦਾ ਮਖੌਟਾ ਪਾ ਕੇ ਸਮਾਜ ਵਿਚ ਵਿਚਰਦੇ ਅਤੇ ਜਦ ਇਨ੍ਹਾਂ ਦੀਆਂ ਕਰਤੂਤਾਂ ਦਾ ਕੱਚਾ ਚਿੱਠਾ ਖੁੱਲ੍ਹਦਾ ਤਾਂ ਇਸ ਬੇਪਰਦਗੀ ਕਾਰਨ ਉਨ੍ਹਾਂ ਦੀ ਸ਼ਰਾਫਤ ਲੀਰਾਂ ਲੀਰਾਂ ਹੋ ਜਾਂਦੀ। ਬੇਪਰਦਗੀ ਤੋਂ ਉਹ ਵਿਅਕਤੀ ਕਿੰਝ ਬਚ ਸਕਦਾ ਜਿਹੜਾ ਆਪਣੇ ਆਪ ਨੂੰ ਬਹੁਤ ਇਮਾਨਦਰ ਦੱਸਦਾ, ਇਮਾਨਦਾਰੀ ਦੀਆਂ ਡੀਂਗਾਂ ਮਾਰਦਾ। ਪਰ ਜਦ ਉਸ ਵਲੋਂ ਕੀਤੀ ਗਈ ਕਾਲੀ ਕਮਾਈ ਜਾਂ ਰਿਸ਼ਵਤ ਨਾਲ ਉਸਾਰੀ ਸਲਤਨਤ ਦਾ ਪਤਾ ਲੱਗਦਾ ਤਾਂ ਉਹ ਆਪਣੇ ਆਪ ਤੋਂ ਬੇਪਰਦ ਹੋ, ਜੇਲ੍ਹ ਜਾਣ ਤੋਂ ਡਰਦਾ ਰੂਪੋਸ਼ ਹੀ ਹੋ ਜਾਂਦਾ।
ਕਠੂਆ ਰੇਪ ਕਾਂਡ ਵਿਚ ਨਿੱਕੀ ਜਹੀ ਬੱਚੀ ਬੇਪਰਦ ਨਹੀਂ ਸੀ ਹੋਈ ਸਗੋਂ ਉਹ ਬੇਪਰਦ ਹੋਏ ਸਨ ਜਿਨ੍ਹਾਂ ਦੇ ਜਿੰਮੇ ਬੱਚੀ ਦੀ ਇਜ਼ਤ ਨੂੰ ਮਹਿਫੂਜ਼ ਰੱਖਣ ਦੀ ਜ਼ਿੰਮੇਵਾਰੀ ਸੀ। ਪੁਜਾਰੀ ਬੇਪਰਦ ਹੋਇਆ ਸੀ ਜਿਸਦਾ ਪਹਿਨਿਆ ਧਾਰਮਿਕ ਮਖੌਟਾ ਮੂੰਹ ਤੋਂਂ ਲਹਿ, ਉਸਦੇ ਮੂੰਹ `ਤੇ ਸ਼ਰਮਸ਼ਾਰੀ ਚਿਪਕਾ ਗਿਆ ਸੀ। ਬਲਕਾਨੋ ਤਾਂ ਰੇਪ ਹੋਣ ਤੋਂ ਬਾਅਦ ਵੀ ਬੇਪਰਦ ਨਹੀਂ ਸੀ ਹੋਈ ਸਗੋਂ ਉਹ ਲੋਕ ਅਤੇ ਸਰਕਾਰੀ ਤੰਤਰ ਬੇਪਰਦ ਹੋਇਆ ਸੀ ਜਿਸਦੀ ਰਹਿਨੁਮਾਈ ਵਿਚ ਇਹ ਘਿਨਾਉਣਾ ਕਾਂਡ ਹੋਇਆ ਅਤੇ ਫਿਰ ਉਨ੍ਹਾਂ ਨੂੰ ਮੁਆਫ਼ੀ ਵੀ ਦਿਵਾਈ ਗਈ। ਜਦ ਕਿਸੇ ਡੇਰੇ ਦਾ ਮੱਖੀ ਸਾਧਵੀਆਂ ਦਾ ਰੇਪ ਕਰਨ ਦੇ ਮਾਮਲੇ ਵਿਚ ਉਮਰ ਕੈਦ ਕੱਟਦਿਆਂ ਵੀ ਸ਼ਰਧਾਲੁਆਂ ਦਾ ਗੁਰੂ ਬਣਿਆ ਰਹੇ ਤਾਂ ਬੇਪਰਦ ਉਹ ਸ਼ਰਧਾਲੂ ਹੁੰਦੇ ਜਿਨ੍ਹਾਂ ਦੀ ਸੋਚ ਮਰ ਗਈ ਹੋਵੇ, ਜਿਨ੍ਹਾਂ ਦੀ ਚੇਤਨਾ ਕਬਰ ਵਿਚ ਦੱਬੀ ਗਈ ਹੋਵੇ ਅਤੇ ਜਿਨ੍ਹਾਂ ਦੀ ਜ਼ਮੀਰ ਜਾਗੀ ਨਾ ਹੋਵੇ। ਪਰ ਸਭ ਤੋਂ ਭਿਆਨਕ ਬੇਪਰਦਗੀ ਉਸ ਡੇਰੇਦਾਰ ਦੀ ਹੈ ਜੋ ਸਜ਼ਾ-ਯਾਫ਼ਤਾ ਹੁੰਦਿਆਂ ਵੀ ਖੁਦ ਨੂੰ ਦੁੱਧ ਧੋਤਾ ਸਮਝਦਾ ਹੈ।
ਜਦ ਕੌਰਵ-ਸਭਾ ਵਿਚ ਦਰੋਪਦੀ ਨੂੰ ਬੇਪਰਦ ਕੀਤਾ ਜਾਂਦਾ ਹੈ ਤਾਂ ਦਰੋਪਦੀ ਨਿਰਵਸਤਰ ਨਹੀਂ ਹੁੰਦੀ ਸਗੋਂ ਕੌਰਵਾਂ ਦੀ ਮਾਨਸਿਕਤਾ ਬੇਪਰਦ ਹੁੰਦੀ ਕਿ ਕਿਵੇਂ ਧੋਖੇ ਨਾਲ ਪਾਂਡਵਾਂ ਦਾ ਰਾਜ ਵੀ ਲੁੱਟਿਆ ਜਾ ਸਕਦਾ ਅਤੇ ਦਰੋਪਦੀ ਨੂੰ ਜੂਏ ਵਿਚ ਜਿੱਤ ਕੇ ਉਸਨੂੰ ਨਿਰਵਸਤਰ ਕਰਨ ਲਈ ਕੋਹਝੀ ਚਾਲ ਚੱਲੀ ਜਾ ਸਕਦੀ। ਇਹ ਕੌਰਵਾਂ ਦੇ ਮਨ ਵਿਚ ਬੈਠੇ ਕਪਟ ਦੀ ਨਿਸ਼ਾਨਦੇਹੀ ਕਰਨ ਲਈ ਕਾਫ਼ੀ ਸੀ। ਇਸ ਨਾਲ ਇਹ ਵੀ ਜੱਗ-ਜ਼ਾਹਰ ਹੋ ਗਿਆ ਕਿ ਰਾਜ ਦਰਬਾਰਾਂ ਵਿਚ ਕੇਹੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ ਅਤੇ ਇਸ ਨਾਲ ਕਿਹੜੇ ਕਮੀਨੇ ਮਕਸਦਾਂ ਦੀ ਪੂਰਤੀ ਕੀਤੀ ਜਾਂਦੀ?
ਕੁਝ ਲੋਕ ਅਕਸਰ ਹੀ ਅਚੇਤ ਰੂਪ ਵਿਚ ਬੇਪਰਦ ਹੋ ਜਾਂਦੇ ਜਦ ਉਨ੍ਹਾਂ ਦਾ ਅਦ੍ਰਿਸ਼ਟ ਰੂਪ ਸਭ ਦੇ ਸਾਹਮਣੇ ਆ ਜਾਂਦਾ ਜਿਹੜਾ ਉਹ ਦੁਨੀਆਂ ਕੋਲੋਂ ਲਕੋਂਦੇ ਖ਼ੁਦ ਨੂੰ ਪਾਕੀਜ਼ ਹੋਣ ਦਾ ਭਰਮ ਪਾਲਦੇ। ਉਹ ਕਲਮ ਬਹੁਤ ਜਲਦੀ ਬੇਪਰਦ ਹੋ ਜਾਂਦੀ ਜਿਹੜੀ ਆਪਣੀ ਲਿਖਤ ਵਿਚੋਂ ਚਸਕੇ ਲੈਣ ਲੱਗਦੀ। ਸਰੀਰਕ ਗੁਲਾਈਆਂ ਮਿਣਨ ਵਿਚ ਰੁੱਝੀ ਹੋਈ ਕਲਮ ਵਿਚ ਕਲਮਕਾਰ ਦੀ ਗਲੀਜ਼ਤਾ ਪ੍ਰਗਟ ਹੁੰਦੀ। ਜਦ ਸਾਇਸਤਗੀ ਗਵਾਚ ਜਾਵੇ ਤਾਂ ਸਿਰਫ਼ ਕਰੂਪਤਾ ਹੀ ਬਾਕੀ ਰਹਿ ਜਾਂਦੀ ਅਤੇ ਕਰੂਪਤਾ ਵਿਚੋਂ ਤਾਂ ਕਰੂਰ ਚਿਹਰੇ ਨਜ਼ਰ ਆਉਣਗੇ।
ਬੇਪਰਦ ਉਹ ਲੋਕ ਹੋ ਹੀ ਜਾਂਦੇ ਜੋ ਪਤਨੀਆਂ ਤੇ ਦੁਰਾਚਾਰੀ ਹੋਣ ਦਾ ਦੋਸ਼ ਲਾ ਕੇ ਆਪ ਵੇਸਵਾਘਰਾਂ ਵਿਚ ਰੰਗ-ਰਲੀਆਂ ਮਾਣਦੇ। ਜਿਹੜੇ ਨੌਕਰੀ ਪ੍ਰਾਪਤੀ ਜਾਂ ਕਿਸੇ ਉਚੇ ਅਹੁਦੇ ਦੀ ਲਾਲਸਾ ਖ਼ਾਤਰ ਆਪਣੀ ਹੀ ਪਤਨੀ ਨੂੰ ਆਪਣੇ ਬੌਸ ਸਾਹਮਣੇ ਪਰੋਸਦੇ। ਨਿੱਕੇ ਨਿੱਕੇ ਲਾਲਚਾਂ ਜਾਂ ਲਾਭਾਂ ਲਈ ਆਪਣੀ ਜ਼ਮੀਰ ਦੀ ਬੋਲੀ ਲਾਉਣ ਵਾਲਿਆਂ ਨੂੰ ਕੀ ਕਹੋਗੇ ਜੋ ਸਾਰੀ ਉਮਰ ਜ਼ਮੀਰ ਨੂੰ ਜਾਗਦੀ ਰੱਖਣ ਦਾ ਹੋਕਰਾ ਲਾਉਂਦੇ ਰਹੇ।
ਬੰਦਾ ਬਹੁਤ ਜਲਦ ਬੇਪਰਦ ਜਾਂ ਆਪਣੀ ਔਕਾਤ ਦਿਖਾ ਹੀ ਜਾਂਦਾ ਜਦ ਉਸ ਸਾਹਵੇਂ ਕੁਝ ਕੁ ਛਿੱਲੜਾਂ ਦੀ ਬੁਰਕੀ ਪਾਈ ਜਾਂਦੀ ਜਾਂ ਰੰਗੀਨ ਰਾਤ ਦਾ ਲਾਰਾ ਲਾਇਆ ਜਾਂਦਾ। ਇਸ ਬੇਪਰਦਾਦਾਰੀ ਵਿਚ ਬੇਨਕਾਬ ਹੋ ਜਾਂਦੀਆਂ ਚੱਲੀਆਂ ਚਾਲਾਂ, ਅੰਦਰਖ਼ਾਤੇ ਕੀਤੀਆਂ ਦਖ਼ਲਅੰਦਾਜ਼ੀਆਂ, ਹੇਰਾਫੇਰੀਆਂ। ਫਿਰ ਝੁਕੀਆਂ ਅੱਖਾਂ ਵਿਚੋਂ ਤੁਸੀਂ ਉਸਦੀ ਬਦਨੀਤੀ ਨੂੰ ਪੜ੍ਹਦਿਆਂ, ਉਸਦੇ ਬਣੇ ਹੋਏ ਬਿੰਬ ਨੂੰ ਹੱਥੀਂ ਹੀ ਟੁਕੜੇ ਟੁਕੜੇ ਕਰ ਕਦ ਦਿੰਦੇ।
ਉਸ ਬੇਪਰਦਗੀ ਨੂੰ ਬੰਦਾ ਕੀ ਕਹੇ ਜਦ ਕਿਸੇ ਦਾ ਝੂਠ ਜੱਗ-ਜ਼ਾਹਰ ਹੁੰਦਾ। ਮਾਰੀਆਂ ਫੜ੍ਹਾਂ ਦਾ ਸੱਚ ਜਲਦੀ ਹੀ ਉਜਾਗਰ ਹੋ ਜਾਂਦਾ। ਸਾਰੀ ਉਮਰ ਆਪਣੇ ਹੱਕਾਂ ਲਈ ਜਦੋ-ਜਹਿਦ ਕਰਨ ਦਾ ਟਾਹਰ ਮਾਰਨ ਵਾਲਿਆਂ ਦੀਆਂ
ਚੁੱਪ ਹੋ ਜਾਂਦੀਆਂ ਨੇ ਫੋਕੀਆਂ ਤਕਰੀਰਾਂ ਅਤੇ ਧੜੱਲੇਦਾਰ ਅੰਦੋਲਨ ਚਲਾਉਣ ਦੀਆਂ ਚਾਲਾਂ ਜਦ ਉਨ੍ਹਾਂ ਨੂੰ ਬੁਰਕੀ ਪੈ ਜਾਂਦੀ। ਜਦ ਕੋਈ ਹਾਕਮ ਝੂਠ ਅਤੇ ਫਰੇਬ ਦੇ ਪਾਵਿਆਂ ਨਾਲ ਆਪਣੀ ਕੁਰਸੀ ਦੀ ਸਲਾਮਤੀ ਦਾ ਪਾਠ ਹਰੇਕ ਨੂੰ ਰਟਾਉਣ ਲੱਗ ਪਵੇ ਤਾਂ ਝੂਠ ਨੂੰ ਬਹੁਤਾ ਚਿਰ ਛੁਪਾਉਣਾ ਬਹੁਤ ਔਖਾ ਹੁੰਦਾ। ਯਾਦ ਰੱਖਣਾ! ਸੱਚ ਨੂੰ ਪਰਦੇਦਾਰੀ ਦੀ ਲੋੜ ਨਹੀਂ ਹੁੰਦੀ ਪਰ ਝੂਠ ਕਈ ਪਰਦਿਆਂ ਵਿਚ ਲੁਕੋਇਆਂ ਵੀ ਆਖਰ ਨੂੰ ਜੱਗ-ਜ਼ਾਹਰ ਹੋ ਹੀ ਜਾਂਦਾ।
ਜਦ ਖੇਤਾਂ ਵਿਚ ਕਬਰਾਂ ਉਗਣ ਲੱਗ ਪੈਣ, ਘਰ ਵਿਚ ਸਿਵਿਆਂ ਦਾ ਸੇਕ ਆਉਣ ਲੱਗ ਪਵੇ ਅਤੇ ਅੱਖਾਂ ਵਿਚ ਸੁੱਕੇ ਹੰਝੂਆਂ ਨੂੰ ਆਪਣੀ ਮੌਤੇ ਮਰਨ ਦਾ ਸਰਾਪ ਹੰਢਾਉਣਾ ਪਵੇ ਤਾਂ ਖ਼ੂਨ ਦੇ ਰਿਸ਼ਤਿਆਂ ਦੀ ਬੇਪਰਦਗੀ ਸਮਾਜ ਨੂੰ ਸ਼ਰਮਸ਼ਾਰ ਕਰ ਜਾਂਦੀ। ਘਰ ਧਾਹੀਂ ਰੋਂਦਾ ਅਤੇ ਖੇਤ ਦੀ ਵਿਲਕਣੀ ਸਮੁੱਚੀ ਫਿਜ਼ਾ ਨੂੰ ਆਪਣੇ ਕਲਾਵੇ ਵਿਚ ਲੈ ਲੈਂਦੀ।
ਬੇਪਰਦ ਹੋਣਾ, ਬੇਸ਼ਰਮ ਹੋਣਾ ਹੁੰਦਾ, ਢੀਠ ਹੋਣਾ ਜਾਂ ਫਰੇਬੀ ਹੋਣਾ ਹੁੰਦਾ। ਉਹ ਬੇਸ਼ਰਮੀਆਂ ਵਿਚੋਂ ਵੀ ਆਪਣਾ ਨਫ਼ਾ-ਨੁਕਸਾਨ ਭਾਲਦੇ। ਬੇਲਿਹਾਜ਼ਤਾ, ਬਦਨੀਤੀ, ਬੇਗਾਨਗੀ ਅਤੇ ਬਦਇਖ਼ਲਾਕ ਹੋਣਾ ਵੀ ਬੇਪਰਦ ਹੋਣਾ ਹੁੰਦਾ। ਕਈ ਵਾਰ ਸੂਟਡ ਬੂਟਡ ਲੋਕ ਨਿਰਵਸਤਰ ਨਾ ਹੁੰਦਿਆਂ ਵੀ ਬਹੁਤ ਨੰਗੇ ਹੁੰਦੇ ਕਿਉਂਕਿ ਉਨ੍ਹਾਂ ਦਾ ਕਿਰਦਾਰ, ਅਚਾਰ ਅਤੇ ਵਿਵਹਾਰ ਉਨ੍ਹਾਂ ਦੇ ਨੰਗੇਜ਼ ਦਾ ਕਾਰਨ ਹੁੰਦਾ।
ਘਰਾਂ ਵਿਚ ਮੋਟੇ ਪਰਦਿਆਂ ਵਿਚ ਰਹਿਣ ਵਾਲੇ ਲੋਕ ਬਹੁਤੀ ਵਾਰ ਬੇਪਰਦ ਹੀ ਹੁੰਦੇ ਕਿਉਂਕਿ ਕਮਰੇ ਦੀ ਹਿੱਚਕੀ ਅਤੇ ਹਵਾ ਵਿਚ ਪੈਦਾ ਹੋਈ ਸਿਸਕੀ, ਪਰਦਿਆਂ ਨੂੰ ਚੀਰ ਕੇ ਸਾਰੀ ਦੁਨੀਆਂ ਵਿਚ ਬਹੁਤ ਜਲਦੀ ਹੀ ਫੈਲ਼ ਜਾਂਦੀ।
ਬੇਪਰਦ ਦਾ ਇਹ ਕੇਹਾ ਆਲਮ ਕਿ ਇਸ ਹਮਾਮ ਵਿਚ ਸਾਰੇ ਹੀ ਨੰਗੇ। ਕੁਝ ਘੱਟ ਨੰਗੇ ਅਤੇ ਕੁਝ ਬਹੁਤ ਜ਼ਿਆਦਾ ਨੰਗੇ। ਕੁਝ ਕੁ ਲੋਕ ਹੀ ਬਚੇ ਹੋਣਗੇ ਜਿਨ੍ਹਾਂ ਨੂੰ ਪਰਦਾਦਾਰੀ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹ ਨਿਰਵਸਤਰ ਹੁੰਦਿਆਂ ਨੂੰ ਆਪਣੀ ਤਰਬੀਅਤ ਸਦਕਾ ਪੂਰਨ ਰੂਪ ਵਿਚ ਢੱਕੇ ਹੁੰਦੇ।
ਸੱਜਣ ਜੀ
ਬੇਪਰਦ ਹੋਣਾ
ਸੱਭ ਨੂੰ ਬਹੁਤ ਹੀ ਅੱਖਰਦਾ
ਕਿਉਂਕਿ ਬੇਪਰਦ ਹੁੰਦਿਆਂ
ਉਹ ਸੱਚ ਦੇ ਰੂਬਰੂ ਹੋਣਾ ਹੁੰਦਾ
ਜਿਹੜਾ ਅਸੀਂ ਖ਼ੁਦ ਤੋਂ ਹੀ ਲਕੋਂਦੇ
ਦਰਅਸਲ ਬੇਪਰਦ ਹੋਣਾ
ਸੱਚ ਦਾ ਉਜਾਗਰ ਹੋਣਾ ਹੁੰਦਾ
ਅਤੇ ਉਹ ਸੱਚ ਸੁਣਨਾ ਬਹੁਤ ਔਖਾ
ਜਿਹੜਾ ਸਾਡੀ ਅੰਦਰਲੀ ਕਾਲਖ਼ ਹੁੰਦਾ।
ਸੱਚੇ ਹੋਵੋਗੇ
ਤਾਂ ਡਰਨ ਦੀ ਲੋੜ ਨਹੀਂ ਰਹੇਗਾ।
ਸੱਜਣਾ!

ਹਮੇਸ਼ਾ ਪਰਦਾਦਾਰੀ ਤੋਂ ਪ੍ਰਹੇਜ਼ ਕਰੀਂ
ਚੰਗਾ ਲੱਗਦਾ ਹੈ ਮੈਨੂੰ
ਤੇਰਾ ਬੇਪਰਦ ਸਰੂਪ।
ਸਭ ਤੋਂ ਅਹਿਮ ਹੁੰਦਾ ਹੈ ਕਿ ਦੁਨੀਆਂ ਸਾਹਵੇਂ ਭਾਵੇਂ ਪਰਦਾਦਾਰੀ ਕਰੋ ਪਰ ਆਪਣੇ ਅੰਤਰੀਵ ਸਾਹਵੇਂ ਤਾਂ ਹਮੇਸ਼ਾ ਬੇਪਰਦ ਹੀ ਰਹੋਗੇ। ਇਸ ਲਈ ਆਪਣੇ ਸਾਹਵੇਂ ਆਪਣੀਆਂ ਅੱਖਾਂ ਨੀਵੀਆਂ ਕਰਨ ਜਾਂ ਆਪਣੀ ਨਮੋਸ਼ੀ ਨੂੰ ਹੰਢਾਉਣ ਤੋਂ ਬਿਹਤਰ ਤਾਂ ਇਹੀ ਆ ਕਿ ਪਰਦਾਦਾਰੀ ਦੀ ਨੌਬਤ ਹੀ ਨਾ ਆਉਣ ਦਿਓ। ਜਦ ਬੰਦਾ ਰੂਹ ਦੀ ਪਾਕੀਜ਼ਗੀ ਦਾ ਬਿੰਬ ਬਣ ਜਾਂਦਾ ਤਾਂ ਉਹ ਕਦੇ ਵੀ ਬੇਪਰਦ ਨਹੀਂ ਹੁੰਦਾ।
ਚੰਨ ਸਦਾ ਨੰਗਾ ਹੁੰਦਾ ਅਤੇ ਝੀਲ ਵਿਚ ਤਾਰੀਆਂ ਲਾਉਂਦਿਆਂ, ਪਿਆਰੀ ਗੁਫ਼ਤਗੂ ਨਾਲ ਰਾਤ ਨੂੰ ਰੰਗੀਨ ਕਰਦਾ। ਚੰਨ ਅਤੇ ਝੀਲ ਦੇ ਮਿਲਾਪ ਵਿਚ ਕੋਈ ਪਰਦਾਦਾਰੀ ਨਹੀਂ ਕਿਉਂਕਿ ਦੋਵੇਂ ਸਮਝਦੇ ਕਿ ਆਪਣਿਆਂ ਤੋਂ ਕਾਹਦਾ ਪਰਦਾ। ਇਹ ਬੇਪਰਦਗੀ ਕੁਦਰਤ ਦਾ ਸਭ ਤੋਂ ਸੁੰਦਰ ਰੂਪ ਅਤੇ ਇਸ ਬੇਪਰਦਗੀ ਨੂੰ ਕਦੇ ਪੁੰਨਿਆਂ ਦੀ ਰਾਤੇ ਚੁੱਪ ਦੇ ਸੰਗ ਮਾਨਣਾ, ਤੁਹਾਨੂੰ ਰੂਹਾਨੀਅਤ ਦੇ ਦੀਦਾਰੇ ਹੋਣਗੇ। ਕਿਸੇ ਧਾਰਮਿਕ ਸਥਾਨ `ਤੇ ਨਤਮਸਤਕ ਹੋਣ ਦੀ ਆਰਜ਼ਾ ਸਦਾ ਲਈ ਹੀ ਖ਼ਤਮ ਹੋ ਜਾਵੇਗੀ।