ਪ੍ਰਿੰ. ਸਰਵਣ ਸਿੰਘ
ਸਭ ਤੋਂ ਵੱਧ ਵਜ਼ਨ ਦਾ ਬਾਲਾ ਕੱਢਣ ਵਾਲੇ ਵੇਟਲਿਫਟਰ ਨੂੰ ਖੇਡ ਜਗਤ ਦਾ ਸਭ ਤੋਂ ਤਕੜਾ ਬੰਦਾ ਕਿਹਾ ਜਾਂਦੈ। 2021 ਤੋਂ ਜਾਰਜੀਆ ਦਾ ਲਾਸ਼ਾ ਤਲਖਾਡਜ਼ੇ ਵਿਸ਼ਵ ਦਾ ਸਭ ਤੋਂ ਤਕੜਾ ਬੰਦਾ ਮੰਨਿਆ ਜਾ ਰਿਹੈ। ਉਹ ਦੋ ਵਾਰ ਓਲੰਪਿਕ ਚੈਂਪੀਅਨ ਬਣਿਆ, ਸੱਤ ਵਾਰ ਯੌਰਪੀਅਨ ਚੈਂਪੀਅਨ ਤੇ ਸੱਤ ਵਾਰ ਹੀ ਵਰਲਡ ਚੈਂਪੀਅਨ।
ਉਸ ਨੇ 225 ਕਿਲੋ ਦੀ ਸਨੈਚ ਤੇ 267 ਕਿਲੋ ਦੀ ਜਰਕ ਲਾਈ ਹੈ, ਜਿਨ੍ਹਾਂ ਦਾ ਕੁਲ ਵਜ਼ਨ 492 ਕਿਲੋਗਰਾਮ ਬਣਦਾ ਹੈ। ਤਿੰਨੇ ਵਜ਼ਨ 225 ਕਿਲੋ, 267 ਤੇ 492 ਕਿਲੋ ਨਵੇਂ ਵਿਸ਼ਵ ਰਿਕਾਰਡ ਹਨ। ਅਧਿਕਾਰਤ ਤੌਰ `ਤੇ 26 ਵਿਸ਼ਵ ਰਿਕਾਰਡ ਉਹਦੇ ਨਾਂ ਬੋਲਦੇ ਹਨ। ਅਜੇ ਉਹ 30ਵੇਂ ਸਾਲ `ਚ ਹੈ ਤੇ ਸਰਗਰਮ ਵੇਟਲਿਫਟਰ ਹੈ। ਉਹ ਵਾਰ ਵਾਰ ਵਿਸ਼ਵ ਰਿਕਾਰਡ ਨਵਿਆਉਂਦਾ ਆ ਰਿਹੈ।
ਸਵਾਲ ਪੈਦਾ ਹੁੰਦੈ ਕਿ ਅਰਬਾਂ ਖਰਬਾਂ ਬੰਦਿਆਂ `ਚੋਂ ਸਭ ਤੋਂ ਸ਼ਕਤੀਸ਼ਾਲੀ ਬੰਦਾ ਹੈ ਕਿਹੋ ਜਿਹਾ? ਉਸ ਦਾ ਆਪਣਾ ਕੱਦ-ਕਾਠ ਤੇ ਵਜ਼ਨ ਕਿੰਨਾ ਕੁ ਹੈ? ਜੁੱਸਾ ਕਿਹੋ ਜਿਹਾ ਹੈ? ਕੀ ਉਸ ਨੂੰ ਭਾਰ ਚੁੱਕਦੇ ਨੂੰ ਵੇਖਿਆ ਜਾ ਸਕਦੈ? ਜ਼ਰੂਰ ਵੇਖਿਆ ਜਾ ਸਕਦੈ। ਅਜੋਕੇ ਦੌਰ ਵਿਚ ਵੀਡੀਓਜ਼ ਰਾਹੀਂ ਬਹੁਤ ਕੁਝ ਰਿਕਾਰਡ ਕੀਤਾ ਗਿਐ ਤੇ ਕੀਤਾ ਜਾ ਰਿਹੈ। ਲਾਸ਼ਾ ਨੂੰ ਊਠ ਦੇ ਲੱਦ ਜਿੰਨਾ ਭਾਰ ਚੁੱਕਦਿਆਂ ਯੂ ਟਿਊਬ ਤੋਂ ਕਦੇ ਵੀ ਵੇਖਿਆ ਜਾ ਸਕਦੈ।
ਲਾਸ਼ਾ ਦਾ ਜਨਮ ਛੋਟੇ ਜਿਹੇ ਮੁਲਕ ਜਾਰਜੀਆ ਦੇ ਨਗਰ ਸੱਚਖੇਰੇ ਵਿਚ 2 ਅਕਤੂਬਰ 1993 ਨੂੰ ਹੋਇਆ ਸੀ। ਇਸ ਸਮੇਂ ਉਸ ਦਾ ਜੁੱਸਾ 183 ਕਿਲੋ ਦਾ ਹੈ। ਉਹਦਾ ਕੱਦ ਵੀ ਸਾਢੇ ਛੇ ਫੁੱਟ ਯਾਨੀ 1.97 ਮੀਟਰ ਹੈ। ਰੰਗ ਗੋਰਾ ਨਿਸ਼ੋਹ, ਦਾੜ੍ਹੀ ਕਾਲੀ ਕਤਰਵੀਂ, ਢਿੱਡ ਢੋਲ ਵਰਗਾ ਗੋਲ ਅਤੇ ਡੌਲੇ ਤੇ ਪੱਟ ਮੂੰਗਲੀਆਂ ਤੇ ਮੁਗਦਰਾਂ ਵਰਗੇ ਹਨ। ਵੇਖਣ ਨੂੰ ਉਹ ਦਿਉ ਲੱਗਦਾ ਹੈ।
ਭਾਰ ਚੁੱਕਣ ਦੇ ਤਿੰਨ ਤਰ੍ਹਾਂ ਦੇ ਰਿਕਾਰਡ ਹੁੰਦੇ ਹਨ। ਸਨੈਚ, ਕਲੀਨ ਐਂਡ ਜਰਕ ਅਤੇ ਕੁਲ ਭਾਰ। ਸਨੈਚ ਦਾ ਭਾਵ ਭਾਰ ਚੁੱਕਣ ਵਾਲੀ ਬਾਰ ਨੂੰ ਹੱਥ ਪਾ ਕੇ ਬਾਹਾਂ ਉਤਾਂਹ ਖੜ੍ਹੇ ਕਰਦਿਆਂ ਉੱਠ ਖੜ੍ਹਨਾ ਹੈ। ਇਹਦੇ ਲਈ ਬੜੇ ਤਕਨੀਕੀ ਅਭਿਆਸ ਦੀ ਲੋੜ ਹੁੰਦੀ ਹੈ। ਕਲੀਨ ਐਂਡ ਜਰਕ ਦਾ ਭਾਵ ਭਾਰ ਵਾਲੀ ਬਾਰ ਧਰਤੀ ਤੋਂ ਚੁੱਕ ਕੇ ਛਾਤੀ ਤਕ ਲਿਜਾਣਾ ਤੇ ਫਿਰ ਹੁਝਕਾ ਮਾਰ ਕੇ ਬਾਹਾਂ ਉਤੇ ਤੋਲਣਾ ਹੈ। ਦੇਸੀ ਬੋਲੀ ਵਿਚ ਇਸ ਨੂੰ ‘ਬਾਲਾ ਕੱਢਣਾ’ ਕਿਹਾ ਜਾਂਦਾ ਹੈ।
ਮੇਰੇ ਬਚਪਨ ਵਿਚ ਸਾਡੇ ਪਿੰਡ ਦੇ ਚੋਬਰ ਅਹਿਰਨਾਂ, ਪੱਥਰਾਂ, ਬੋਰੀਆਂ ਤੇ ਮੁਗਦਰਾਂ ਦੇ ਬਾਲੇ ਕੱਢਿਆ ਕਰਦੇ ਸਨ। ਉਹ ਹੌਲੀਆਂ ਤੇ ਭਾਰੀਆਂ ਮੂੰਗਲੀਆਂ ਫੇਰਦੇ। ਸਾਡੇ ਘਰ ਦੇ ਕੋਲ ਹੀ ਸੇਪੀ ਕਰਨ ਵਾਲੇ ਕਾਰੀਗਰ ਦਾ ਅੱਡਾ ਹੁੰਦਾ ਸੀ। ਉਥੇ ਲੱਕੜ ਤੇ ਲੋਹੇ ਦਾ ਕੰਮ ਹੁੰਦਾ ਰਹਿੰਦਾ। ਉਹਦੇ ਅੱਡੇ ਮੂਹਰੇ ਖੁੱਲ੍ਹੀ ਥਾਂ ਪਈ ਹੁੰਦੀ ਸੀ। ਜਦੋਂ ਚੌਆਂ ਦੇ ਫਾਲ਼ੇ ਚੰਡਣ ਵਾਲੀ ਅਹਿਰਨ ਵਿਹਲੀ ਹੁੰਦੀ ਤਾਂ ਪਿੰਡ ਦੇ ਚੋਬਰ ਉਸ ਅਹਿਰਨ ਦੇ ਬਾਲੇ ਕੱਢਣ ਦੀ ਜ਼ੋਰ ਅਜ਼ਮਾਈ ਕਰਦੇ। ਅਹਿਰਨ ਦਾ ਭਾਰ ਦੋ ਮਣ ਸੀ ਯਾਨੀ 75 ਕਿਲੋਗਰਾਮ। ਮਚਾਕ ਘੱਟ ਵਜ਼ਨਾਂ ਦੇ ਸਨ ਜਿਨ੍ਹਾਂ ਨੂੰ ਮੁੰਡੇ ਖੁੰਡੇ ਚੁੱਕਦੇ। ਉਦੋਂ 75 ਕਿਲੋ ਦੀ ਅਹਿਰਨ ਦਾ ਬਾਲਾ ਕੋਈ ਕੋਈ ਜੁਆਨ ਹੀ ਕੱਢ ਸਕਦਾ ਸੀ। ਚੌਰਸ ਅਹਿਰਨ ਨੂੰ ਪਹਿਲਾਂ ਪੱਟਾਂ ਉਤੇ, ਫਿਰ ਛਾਤੀ `ਤੇ ਲਿਜਾਇਆ ਜਾਂਦਾ ਤੇ ਫਿਰ ਹੁਝਕਾ ਮਾਰ ਕੇ ਬਾਲਾ ਕੱਢਿਆ ਜਾਂਦਾ। 19-20 ਸਾਲ ਦੀ ਉਮਰ ਤਕ ਮੈਂ ਉਸ ਦਾ ਬਾਲਾ ਨਹੀਂ ਸਾਂ ਕੱਢ ਸਕਿਆ ਜੋ 21-22 ਸਾਲਾਂ ਦਾ ਹੋ ਕੇ ਮਸੀਂ ਕੱਢ ਸਕਿਆ। ਉਦੋਂ ਜੇ ਕੋਈ ਕਹਿੰਦਾ ਕਿ ਕੋਈ ਭਾਰਚੁਕਾਵਾ ਪੌਣੇ ਸੱਤ ਮਣ ਭਾਰ ਦਾ ਬਾਲਾ ਕੱਢ ਦਿੰਦੈ ਤਾਂ ਕਿਸੇ ਨੇ ਸੱਚ ਨਹੀਂ ਸੀ ਮੰਨਣਾ। 19ਵੀਂ ਸਦੀ ਦੇ ਅਖ਼ੀਰ ਵਿਚ 1896 ਦੀਆਂ ਪਹਿਲੀਆਂ ਨਵੀਨ ਓਲੰਪਿਕ ਖੇਡਾਂ `ਚ ਦੁਨੀਆ ਦਾ ਸਭ ਤੋਂ ਤਕੜਾ ਬੰਦਾ ਵੱਧ ਤੋਂ ਵੱਧ 111.5 ਕਿਲੋ ਭਾਰ ਦਾ ਬਾਲਾ ਹੀ ਕੱਢ ਸਕਿਆ ਸੀ।
ਲਾਸ਼ਾ ਤਲਖਾਡਜ਼ੇ ਨੇ ਦੋ ਸਾਲ ਪਹਿਲਾਂ 17 ਦਸੰਬਰ 2021 ਨੂੰ ਤਾਸ਼ਕੰਦ ਦੀ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪਸ ਵਿਚ ਸਨੈਚ, ਕਲੀਨ ਐਂਡ ਜਰਕ ਅਤੇ ਕੁਲ ਵਜ਼ਨ ਦੇ ਤਿੰਨੇ ਹੀ ਵਿਸ਼ਵ ਰਿਕਾਰਡ ਮੁੜ ਨਵਿਆਏ ਹਨ। ਉਸ ਨੇ ਸਨੈਚ ਤੇ ਜਰਕ ਨਾਲ 492 ਕਿਲੋ ਭਾਰ ਉਠਾਇਆ ਹੈ। ਭਾਰ ਚੁੱਕਣ ਦੇ ਮਾਹਿਰਾਂ ਨੇ 500 ਕਿਲੋਗਰਾਮ ਦੀ ਹੱਦ ਨੂੰ ਮਿਥਿਹਾਸਕ ਹੱਦ ਮਿਥਿਆ ਹੋਇਐ ਜਿਸ ਨੂੰ ਪਾਰ ਕਰਨਾ ਅਸੰਭਵ ਕਿਹਾ ਜਾ ਰਿਹੈ। ਪਰ ਬੰਦਾ ਫਿਰ ਬੰਦਾ ਹੀ ਕਾਹਦਾ ਹੋਇਆ ਜੇਕਰ ਅਸੰਭਵ ਨੂੰ ਸੰਭਵ ਨਾ ਕਰ ਵਿਖਾਵੇ!
ਮਨੁੱਖ ਦੇ ਜਾਏ ਮੁੱਢ ਕਦੀਮ ਤੋਂ ਕੁਦਰਤੀ ਸ਼ਕਤੀਆਂ ਵਿਰੁੱਧ ਜੂਝਦੇ ਆ ਰਹੇ ਹਨ। ਭਾਰਚੁਕਾਵੇ ਦਾ ਆਪਣੇ ਵਿਤੋਂ ਬਾਹਰੇ ਵਜ਼ਨ ਨਾਲ ਆਢਾ ਲਾਉਣਾ, ਮਨੁੱਖ ਦੇ ਕੁਦਰਤੀ ਸ਼ਕਤੀਆਂ ਵਿਰੁੱਧ ਜੂਝਣ ਦਾ ਹੀ ਇਕ ਲੱਛਣ ਹੈ। ਮਨੁੱਖੀ ਜੀਵ ਬ੍ਰਹਿਮੰਡ ਦਾ ਧੜਕਦਾ ਸਾਹ ਹੈ ਜਿਸ ਵਿਚ ਫਤਿਹ ਹਾਸਲ ਕਰਨ ਦਾ ਅਮੁੱਕ ਜਜ਼ਬਾ ਹੈ। ਕਿਧਰੇ ਉਹ ਉੱਚੀ ਤੋਂ ਉੱਚੀ ਛਾਲ ਲਾ ਕੇ ਧਰਤੀ ਦੀ ਖਿੱਚ ਨੂੰ ਹਰਾਉਣਾ ਚਾਹੁੰਦਾ ਹੈ ਤੇ ਕਿਧਰੇ ਤੇਜ਼ ਤੋਂ ਤੇਜ਼ ਦੌੜ ਕੇ ਧਰਤ-ਜ਼ਰਿਆਂ ਦੀ ਪਕੜ ਨੂੰ ਮਾਤ ਪਾਉਣਾ। ਕਿਧਰੇ ਉਹ ਵੱਧ ਤੋਂ ਵੱਧ ਵਜ਼ਨ ਚੁੱਕ ਕੇ ਦੱਸ ਦੇਣਾ ਚਾਹੁੰਦਾ ਹੈ ਕਿ ਭਾਰੀ ਬਾਰ ਤੇ ਧਰਤੀ ਵਿਚਾਲੇ ਬਾਹਾਂ ਖੜ੍ਹੀਆਂ ਕਰਨ ਦੇ ਕਿੰਨਾ ਸਮਰੱਥ ਹੋ ਗਿਆ ਹੈ! ਇਹ ਸੰਘਰਸ਼ ਸਦੀਵੀ ਹੈ ਤੇ ਮਨੁੱਖ ਪੈਦਾ ਹੀ ਨਵੀਂ ਤੋਂ ਨਵੀਂ ਜਿੱਤ ਹਾਸਲ ਕਰਨ ਲਈ ਹੋਇਆ ਹੈ। ਇਹ ਜਿੱਤ ਬੁਰਾਈਆਂ ਉਤੇ, ਵਿਰੋਧੀ ਵਿਚਾਰਾਂ ਉਤੇ, ਵਿਰੋਧੀ ਧਿਰਾਂ, ਜਮਾਤਾਂ ਤੇ ਨਿਜ਼ਾਮਾਂ ਉਤੇ ਵੀ ਹੋ ਸਕਦੀ ਹੈ, ਆਪਣੇ ਅੰਦਰ ਦੀਆਂ ਮਾਰੂ ਪ੍ਰਵਿਰਤੀਆਂ ਉਤੇ ਵੀ ਅਤੇ ਤੇਜ਼ ਤੋਂ ਤੇਜ਼ ਦੌੜਨ ਤੇ ਵੱਧ ਤੋਂ ਵੱਧ ਭਾਰ ਚੁੱਕਣ ਉਤੇ ਵੀ। ਡੂੰਘੀ ਨਜ਼ਰ ਮਾਰਿਆਂ ਸੰਘਰਸ਼ ਹਰ ਖੇਤਰ ਵਿਚ ਦਿਸਦਾ ਹੈ ਤੇ ਉਹਦੇ ਪਿੱਛੇ ਉਮ੍ਹਲਦਾ ਜਜ਼ਬਾ ਫਤਿਹ ਹਾਸਲ ਕਰਨ ਦਾ ਹੀ ਹੈ।
ਹਾਲ ਦੀ ਘੜੀ ਲਾਸ਼ਾ ਤਲਖਾਡਜ਼ੇ ਤੋਂ ਹੀ ਆਸ ਹੈ ਕਿ ਉਹ 225 ਕਿਲੋ ਦੀ ਸਨੈਚ ਤੇ 267 ਕਿਲੋ ਦੀ ਜਰਕ ਨੂੰ ਹੋਰ ਵਧਾ ਕੇ ਕੁਲ 500 ਕਿਲੋ ਦੀ ਮਿਥਕ ਹੱਦ ਤੋੜੇ। ਜੇ ਉਹ ਹੋਰ 4 ਕਿਲੋ ਵੱਧ ਦੀ ਸਨੈਚ ਤੇ ਹੋਰ 5 ਕਿਲੋ ਵੱਧ ਦੀ ਜਰਕ ਲਾ ਦੇਵੇ ਤਾਂ 500 ਕਿਲੋ ਦੀ ਅਟੁੱਟ ਮੰਨੀ ਜਾਂਦੀ ਹੱਦ ਟੁੱਟ ਸਕਦੀ ਹੈ। 500 ਕਿਲੋ ਦੀ ਮਿਥਕ ਹੱਦ ਤੋੜਨ ਲਈ ਇਕ ਦੋ ਨਹੀਂ, ਦੁਨੀਆ ਦੇ ਦਰਜਨਾਂ ਵੇਟਲਿਫਟਰ ਲੋਹੇ ਨਾਲ ਜੂਝ ਰਹੇ ਹਨ। ਕਈ ਹੋਰ ਵੇਟਲਿਫਟਰ ਲਾਸ਼ਾ ਨੂੰ ਮਾਤ ਪਾਉਣ ਲਈ ਉਹਦੇ ਮੋਢਿਆਂ `ਤੇ ਚੜ੍ਹੇ ਆ ਰਹੇ ਹਨ।
ਇਹ ਹਕੀਕਤ ਹੈ ਕਿ ਕੋਈ ਰਿਕਾਰਡ ਐਸਾ ਨਹੀਂ ਜੋ ਕਦੇ ਟੁੱਟਿਆ ਨਾ ਹੋਵੇ। ਸਮਾਂ ਘੱਟ ਜਾਂ ਵੱਧ ਲੱਗ ਸਕਦਾ ਹੈ ਪਰ ਰਿਕਾਰਡ ਟੁੱਟਿਆ ਜ਼ਰੂਰ ਹੈ ਤੇ ਟੁੱਟੇਗਾ ਵੀ ਜ਼ਰੂਰ। 225 ਕਿਲੋ ਸਨੈਚ, 267 ਕਿਲੋ ਜਰਕ ਤੇ 492 ਕਿਲੋ ਟੋਟਲ ਅੱਜ ਤਕ ਦੇ ਵਿਸ਼ਵ ਰਿਕਾਰਡ ਹਨ ਜਿਨ੍ਹਾਂ ਨੇ ਆਉਂਦੇ ਸਮੇਂ `ਚ ਟੁੱਟਣਾ ਹੀ ਟੁੱਟਣਾ ਹੈ। ਭਵਿੱਖ ਦੇ ਭਾਰਚੁਕਾਵੇ 270 ਕਿਲੋ ਜਰਕ ਦਾ ਬੈਰੀਅਰ ਵੀ ਤੋੜਨਗੇ ਤੇ 275 ਕਿਲੋ ਦਾ ਵੀ। ਸੰਭਵ ਹੈ 21ਵੀਂ ਸਦੀ ਦੇ ਅੰਤ ਤਕ ਕੋਈ ਵੇਟਲਿਫਟਰ 300 ਕਿਲੋ ਦਾ ਬਾਲਾ ਕੱਢਣ ਦੀ ਹੱਦ ਵੀ ਤੋੜ ਦੇਵੇ! ਬੰਦੇ ਦੀ ਸ਼ਕਤੀ ਦਾ ਕੋਈ ਸਿਰਾ ਜੁ ਨਹੀਂ!!
ਜ਼ਰੂਰੀ ਨਹੀਂ ਕਿ ਕਿਸੇ ਵੱਡੇ ਤੇ ਅਮੀਰ ਮੁਲਕ ਦਾ ਖਿਡਾਰੀ ਹੀ ਵਿਸ਼ਵ ਦਾ ਸਭ ਤੋਂ ਤਕੜਾ ਬੰਦਾ ਬਣ ਸਕਦੈ। ਜਾਰਜੀਆ ਇਕ ਛੋਟਾ ਜਿਹਾ ਮੁਲਕ ਹੈ ਜਿਸ ਦੀ ਆਬਾਦੀ ਸਿਰਫ਼ 37 ਲੱਖ ਹੈ। ਸਾਡੀ ਦਿੱਲੀ ਦੀ ਆਬਾਦੀ ਦੇ ਹੀ ਅੱਧੀ ਦਰਜਨ ਜਾਰਜੀਆ ਬਣ ਜਾਣ! ਜਾਰਜੀਆ ਏਸ਼ੀਆ ਤੇ ਯੂਰਪ ਦੀ ਹੱਦ `ਤੇ ਸਰਹੱਦੀ ਦੇਸ਼ ਹੈ। ਪਹਿਲਾਂ ਉਹ ਸੋਵੀਅਤ ਰੂਸ ਦਾ ਭਾਗ ਸੀ। 1991 ਵਿਚ ਸੋਵੀਅਤ ਰੂਸ ਟੁੱਟਾ ਤਾਂ ਜਾਰਜੀਆ ਵੱਖਰਾ ਆਜ਼ਾਦ ਦੇਸ਼ ਬਣ ਗਿਆ ਜਿਸ ਦੀ ਉਮਰ ਲਾਸ਼ਾ ਤਲਖਾਡਜ਼ੇ ਤੋਂ ਦੋ ਕੁ ਸਾਲ ਹੀ ਵੱਡੀ ਹੈ। ਇਸ ਦੀ ਰਾਜਧਾਨੀ ਤਬਲਿਸੀ ਹੈ ਜੋ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ। ਉਸ ਸ਼ਹਿਰ ਵਿਚ ਦੇਸ਼ ਦੀ ਤੀਜਾ ਹਿੱਸਾ ਆਬਾਦੀ ਵੱਸਦੀ ਹੈ। ਲਗਭਗ 90% ਲੋਕ ਇਸਾਈ ਹਨ। ਲਾਸ਼ਾ ਜਦੋਂ ਭਾਰ ਚੁੱਕਣ ਆਉਂਦਾ ਹੈ ਤਾਂ ਹੱਥ ਨਾਲ ਛਾਤੀ `ਤੇ ਕਰਾਸ ਦਾ ਚਿੰਨ੍ਹ ਬਣਾ ਕੇ ਬਾਰ ਨੂੰ ਹੱਥ ਪਾਉਂਦਾ ਹੈ। `ਕੱਲਾ ਲਾਸ਼ਾ ਹੀ ਨਹੀਂ ਬਹੁਤ ਸਾਰੇ ਖਿਡਾਰੀ ਅਜਿਹੇ ਹਨ ਜੋ ਖੇਡ ਸ਼ੁਰੂ ਕਰਦਿਆਂ ਆਪੋ ਆਪਣੇ ਵਿਸ਼ਵਾਸ ਅਨੁਸਾਰ ਆਪਣੇ ਇਸ਼ਟ ਨੂੰ ਸਿਜਦਾ ਕਰਦੇ ਹਨ।
ਭਾਰਤ ਤੋਂ ਜਾਰਜੀਆ ਖੁਸ਼ਕ ਰਸਤੇ ਜਾਇਆ ਜਾ ਸਕਦੈ। ਉਥੇ ਕੁਝ ਪੰਜਾਬੀ ਤੇ ਭਾਰਤੀ ਗਏ ਵੀ ਹਨ। ਉਥੋਂ ਦੀਆਂ ਪ੍ਰਮੁੱਖ ਖੇਡਾਂ ਫੁੱਟਬਾਲ, ਬਾਸਕਟਬਾਲ, ਰਗਬੀ ਯੂਨੀਅਨ, ਰੈਸਲਿੰਗ, ਜੂਡੋ ਤੇ ਵੇਟਲਿਫਟਿੰਗ ਹਨ। ਜਾਰਜੀਆ ਇਤਿਹਾਸਕ ਤੌਰ `ਤੇ ਤਕੜੇ ਜੁੱਸਿਆਂ ਵਾਲੇ ਬੰਦਿਆਂ ਦਾ ਦੇਸ਼ ਵੱਜਦਾ ਹੈ। ਉਸ ਨੇ ਥੋੜ੍ਹੇ ਸਮੇਂ ਵਿਚ ਹੀ ਕਈ ਖੇਡਾਂ `ਚ ਕੌਮਾਂਤਰੀ ਪੱਧਰ `ਤੇ ਪ੍ਰਸਿੱਧੀ ਖੱਟੀ ਹੈ। ਨਿੱਕੇ ਜਿੰਨੇ ਦੇਸ਼ ਨੇ 1992 ਤੋਂ ਬਾਅਦ ਓਲੰਪਿਕ ਖੇਡਾਂ `ਚੋਂ 40 ਮੈਡਲ ਜਿੱਤ ਲਏ ਹਨ ਜਿਨ੍ਹਾਂ `ਚ ਵਧੇਰੇ ਮੈਡਲ ਕੁਸ਼ਤੀ, ਜੂਡੋ ਤੇ ਵੇਟਲਿਫਟਿੰਗ ਦੇ ਹਨ।
ਲਾਸ਼ਾ ਨੇ 2015 ਦੀ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪਸ ਤੋਂ ਵੱਡੀਆਂ ਜਿੱਤਾਂ ਜਿੱਤਣੀਆਂ ਸ਼ੁਰੂ ਕੀਤੀਆਂ ਸਨ। ਉਥੇ ਉਹ ਆਪਣੇ ਵਜ਼ਨ ਵਰਗ ਵਿਚ ਬੇਸ਼ਕ ਦੂਜੇ ਸਥਾਨ `ਤੇ ਰਿਹਾ ਸੀ ਪਰ ਬਾਅਦ ਵਿਚ ਪਹਿਲੇ ਸਥਾਨ ਵਾਲੇ ਅਲੈਕਸੇਵ ਦੇ ਡੋਪ ਟੈਸਟ ਵਿਚ ਫੇਲ੍ਹ ਹੋਣ ਕਾਰਨ ਲਾਸ਼ਾ ਨੂੰ ਵਰਲਡ ਚੈਂਪੀਅਨ ਐਲਾਨਿਆ ਗਿਆ। ਉਥੇ ਉਸ ਨੇ +105 ਕਿਲੋ ਕੈਟੇਗਰੀ ਵਿਚ ਕੁਲ 454 ਕਿਲੋ ਭਾਰ ਚੁੱਕਿਆ ਸੀ। 2016 ਦੀਆਂ ਓਲੰਪਿਕ ਖੇਡਾਂ ਵਿਚ ਰੀਓ ਵਿਖੇ ਉਸ ਨੇ 215 ਕਿਲੋ ਦੀ ਸਨੈਚ ਲਾ ਕੇ ਪਹਿਲਾ ਵਿਸ਼ਵ ਰਿਕਾਰਡ ਤੋੜਿਆ। 258 ਕਿਲੋ ਦੀ ਕਲੀਨ ਐਂਡ ਜਰਕ ਨਾਲ ਦੂਜਾ ਵਿਸ਼ਵ ਰਿਕਾਰਡ ਵੀ ਤੋੜ ਦਿੱਤਾ ਤੇ ਕੁਲ 473 ਕਿਲੋ ਵਜ਼ਨ ਚੁੱਕ ਕੇ ਓਲੰਪਿਕ ਖੇਡਾਂ ਦਾ ਪਹਿਲਾ ਗੋਲਡ ਮੈਡਲ ਜਿੱਤਿਆ। 2017 ਦੀ ਯੂਰਪੀਨ ਚੈਂਪੀਅਨਸ਼ਿਪ ਵਿਚ ਲਾਸ਼ਾ ਨੇ 217 ਕਿਲੋ ਦੀ ਸਨੈਚ ਲਾ ਕੇ ਇਕ ਹੋਰ ਵਿਸ਼ਵ ਰਿਕਾਰਡ ਨਵਿਆਇਆ। ਉਸੇ ਸਾਲ ਦੀ ਵਿਸ਼ਵ ਚੈਂਪੀਅਨਸ਼ਿਪਸ ਵਿਚ 220 ਕਿਲੋ ਦੀ ਸਨੈਚ ਲਾ ਦਿੱਤੀ ਅਤੇ 257 ਕਿਲੋ ਦੀ ਜਰਕ ਨਾਲ ਕੁਲ 477 ਕਿਲੋ ਭਾਰ ਚੁੱਕ ਕੇ ਫਿਰ ਵਿਸ਼ਵ ਰਿਕਾਰਡ ਤੋੜ ਦਿੱਤਾ।
ਵੇਟਲਿਫਟਿੰਗ ਕਰਨ ਵਾਲਿਆਂ ਦੇ ਵੱਖੋ ਵੱਖਰੇ ਵਜ਼ਨ ਵਰਗ ਹੁੰਦੇ ਹਨ। ਮਸਲਨ 55 ਕਿਲੋ, 61, 67, 73, 81, 89, 96, 102, 109 ਤੇ +109 ਕਿਲੋ ਹਨ। ਇਨ੍ਹਾਂ ਦੀ ਗਿਣਤੀ ਤੇ ਭਾਰ `ਚ ਵਾਧਾ ਘਾਟਾ ਵੀ ਹੁੰਦਾ ਰਹਿੰਦਾ ਹੈ। ਪਹਿਲਾਂ ਸਭ ਤੋਂ ਭਾਰਾ ਵਜ਼ਨ ਵਰਗ +105 ਕਿਲੋ ਸੀ ਜੋ ਵਧਾ ਕੇ +109 ਕਿਲੋ ਕਰ ਦਿੱਤਾ ਗਿਆ ਹੈ। 2018 ਦੀ ਵਰਲਡ ਚੈਂਪੀਅਨਸ਼ਿਪਸ ਵਿਚ ਲਾਸ਼ਾ ਨੇ +109 ਕਿਲੋ ਕੈਟੇਗਰੀ ਵਿਚ ਭਾਗ ਲਿਆ ਤੇ ਗੋਲਡ ਮੈਡਲ ਜਿੱਤਿਆ। 2019 ਦੀ ਵਰਲਡ ਚੈਂਪੀਅਨਸ਼ਿਪਸ ਵਿਚ ਉਸ ਨੇ 218 ਕਿਲੋ ਦੀ ਸਨੈਚ ਲਾਈ ਤੇ 260 ਕਿਲੋ ਦੀ ਜਰਕ। 2020 ਵਾਲੀਆਂ ਟੋਕੀਓ ਦੀਆਂ ਓਲੰਪਿਕ ਖੇਡਾਂ ਕੋਵਿਡ ਕਾਰਨ 2021 ਵਿਚ ਹੋ ਸਕੀਆਂ ਸਨ। ਉਥੇ ਉਸ ਨੇ 223 ਕਿਲੋ ਦੀ ਸਨੈਚ, 265 ਕਿਲੋ ਦੀ ਜਰਕ ਤੇ ਕੁਲ 488 ਕਿਲੋ ਭਾਰ ਚੁੱਕ ਕੇ ਓਲੰਪਿਕ ਖੇਡਾਂ ਦੇ ਤਿੰਨੇ ਰਿਕਾਰਡ ਮੁੜ ਤੋੜ ਦਿੱਤੇ ਸਨ। ਉਥੇ ਉਸ ਨੇ ਓਲੰਪਿਕ ਖੇਡਾਂ ਦਾ ਦੂਜਾ ਗੋਲਡ ਮੈਡਲ ਜਿੱਤਿਆ ਸੀ। ਤਦ ਉਸ ਨੂੰ ਜਾਰਜੀਆ ਦਾ ਸਰਬੋਤਮ ਖਿਡਾਰੀ ਹੋਣ ਦਾ ਸਨਮਾਨ ਦਿੱਤਾ ਗਿਆ। ਪਰ ਉਸ ਦੇ ਖੇਡ ਕਰੀਅਰ ਦੀ ਸਿਖਰਲੀ ਪ੍ਰਫਾਰਮੈਂਸ ਤਾਸ਼ਕੰਦ ਵਿਖੇ ਰਹੀ ਜਿਥੇ ਉਸ ਨੇ 225 ਕਿਲੋ ਸਨੈਚ, 267 ਕਿਲੋ ਕਲੀਨ ਐਂਡ ਜਰਕ ਅਤੇ 492 ਕਿਲੋ ਦਾ ਟੋਟਲ ਨਾਲ ਨਵੇਂ ਵਿਸ਼ਵ ਰਿਕਾਰਡ ਰੱਖੇ। ਅੱਜ ਵੀ 26 ਵਿਸ਼ਵ ਰਿਕਾਰਡ ਲਾਸ਼ਾ ਤਲਕਾਡਜ਼ੇ ਦੇ ਨਾਂ ਦਰਜ ਹਨ। ਵੈਸੇ ਇਕ ਵਾਰ ਉਸ ਨੇ 270 ਕਿਲੋ ਦੀ ਜਰਕ ਵੀ ਲਾ ਦਿੱਤੀ ਸੀ ਪਰ ਉਹ ਅਧਿਕਾਰਤ ਤੌਰ `ਤੇ ਰਿਕਾਰਡ ਵਜੋਂ ਦਰਜ ਨਹੀਂ ਕੀਤੀ ਗਈ।
ਪਰਿਵਾਰਕ ਤੌਰ `ਤੇ ਉਹ ਕਬੀਲਦਾਰ ਬੰਦਾ ਹੈ। 2016 ਵਿਚ ਉਹਦੇ ਵਰਗੀ ਹੀ ਇਕ ਖ਼ੂਬਸੂਰਤ ਲੰਮੀ ਝੰਮੀ ਮੁਟਿਆਰ ਅਨੀ ਦਮੂਰੀਆ ਨਾਲ ਉਹਦੀਆਂ ਅੱਖਾਂ ਮਿਲੀਆਂ ਜੋ ਦੋ ਸਾਲ ਗੁਪਤ ਤੌਰ `ਤੇ ਮਿਲਦੀਆਂ ਰਹੀਆਂ। 24 ਜੁਲਾਈ 2018 ਨੂੰ ਉਨ੍ਹਾਂ ਦਾ ਜਾਰਜੀਆਂ ਦੀਆਂ ਰੀਤਾਂ ਅਨੁਸਾਰ ਵਿਆਹ ਹੋਇਆ। ਅੱਗੇ ਬਾਲ ਬੱਚੇ ਵੀ ਹੋ ਗਏ ਜਿਨ੍ਹਾਂ ਤੋਂ ਆਸਾਂ ਹਨ ਕਿ ਉਹ ਵੀ ਕੁਝ ਅਨੋਖਾ ਕਰਨਗੇ। ਲਾਸ਼ਾ ਨੂੰ ਦੇਸ਼ ਵਿਦੇਸ਼ ਦੇ ਬੜੇ ਮਾਣ ਸਨਮਾਨ ਮਿਲੇ ਹਨ ਤੇ ਉਹ ਅਜੇ ਵੀ ਲੋਹੇ ਨਾਲ ਲੋਹਾ ਲੈ ਰਿਹੈ। ਕਈ ਇਹ ਜਾਣ ਕੇ ਹੈਰਾਨ ਹੋਣਗੇ ਕਿ 2013 ਵਿਚ ਜਦੋਂ ਅਜੇ ਉਹ ਭਾਰ ਚੁੱਕਣ ਵਿਚ ਚਮਕਣ ਹੀ ਲੱਗਾ ਸੀ ਤਾਂ ਪਾਬੰਦੀਸ਼ੁਦਾ ਪ੍ਰਫਾਰਮੈਂਸ ਵਧਾਊ ਡਰੱਗ ਸਟੈਨੋਜ਼ੋਲੋਲ ਲੈ ਬੈਠਾ ਸੀ ਜੋ ਡੋਪ ਟੈਸਟ ਵਿਚ ਨਸ਼ਰ ਹੋ ਗਈ। ਸਜ਼ਾ ਵਜੋਂ ਉਸ ਨੂੰ ਦੋ ਸਾਲ ਲਈ ਬੈਨ ਕਰ ਦਿੱਤਾ ਗਿਆ। ਏਨੀ ਕੁ ਸਜ਼ਾ ਨਾਲ ਉਹ ਸੁਧਰ ਗਿਆ ਤੇ ਫਿਰ ਬਿਨਾਂ ਕਿਸੇ ਡਰੱਗ ਡੋਪਿੰਗ ਦੇ ਵਿਸ਼ਵ ਦਾ ਸਭ ਤੋਂ ਤਕੜਾ ਵੇਟਲਿਫਟਰ ਸਿੱਧ ਹੋਇਆ।
2024 `ਚ ਪੈਰਿਸ ਦੀਆਂ ਓਲੰਪਿਕ ਖੇਡਾਂ ਆ ਰਹੀਆਂ ਹਨ ਜਿਨ੍ਹਾਂ ਲਈ ਲਾਸ਼ਾ ਪੂਰੀ ਤਿਆਰੀ ਕਰ ਰਿਹੈ। ਉਥੇ ਵੇਟ ਵਰਗ ਘਟਾ ਦਿੱਤੇ ਗਏ ਹਨ। ਪੁਰਸ਼ਾਂ ਲਈ 61 ਕਿਲੋ, 73 ਕਿਲੋ, 89 ਕਿਲੋ, 102 ਕਿਲੋ ਤੇ +102 ਕਿਲੋ ਕੇਵਲ ਪੰਜ ਵਜ਼ਨ ਵਰਗ ਹੋਣਗੇ। ਲਾਸ਼ਾ ਉਦੋਂ 31ਵੇਂ ਸਾਲ `ਚ ਹੋਵੇਗਾ। ਤਦ ਤਕ ਉਤਸੁਕਤਾ ਬਣੀ ਰਹੇਗੀ ਕਿ ਉਹ ਓਲੰਪਿਕ ਖੇਡਾਂ ਦਾ ਲਗਾਤਾਰ ਤੀਜਾ ਗੋਲਡ ਮੈਡਲ ਜਿੱਤਦਾ ਹੈ ਜਾਂ ਨਹੀਂ? ਅਤੇ ਇਹ ਵੀ ਕਿ ਫਿਰ ਕੋਈ ਹੋਰ ਨਵਾਂ ਰਿਕਾਰਡ ਕਦੋਂ ਰੱਖਦੈ?