ਦੇਸ਼-ਵੰਡ ਦੀ ਭੁੱਲ ਬਖਸ਼ਾਓ, ਅਨੇਕਤਾ ਵਿਚ ਏਕਤਾ ਗਲੇ ਲਗਾਓ

ਗੁਲਜ਼ਾਰ ਸਿੰਘ ਸੰਧੂ
ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤਿਲੰਗਾਨਾ ਤੇ ਮਿਜੋLਰਮ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਬੰਧਤ ਪਾਰਟੀਆਂ ਲਈ ਵਧੀਆ ਸੋਚ ਤੇ ਸਮਝ ਲੈ ਕੇ ਆਏ ਹਨ| ਸਭ ਤੋਂ ਵੱਡਾ ਸਬਕ ਤਾਂ ਕਾਂਗਰਸ ਪਾਰਟੀ ਲਈ ਹੈ ਜਿਸਦੇ ਕਰਨਾਟਕਾ ਦੀ ਜਿੱਤ ਦਿਮਾਗ `ਤੇ ਚੜ੍ਹ ਗਈ ਸੀ|

ਜਿੱਥੇ ਪੰਜਾਬ ਵਿਚ ਨਵਜੋਤ ਸਿੱਧੂ ਦੀ ਬੱਲੇਬਾਜ਼ੀ ਨੇ ਚਰਨਜੀਤ ਚੰਨੀ ਤੇ ਭਗਵੰਤ ਮਾਨ ਵਰਗੇ ਅਣਪਛਾਤ ਨੇਤਾਵਾਂ ਨੂੰ ਪੰਜਾਬ ਦੀ ਕਮਾਨ ਫੜਵਾ ਦਿੱਤੀ ਸੀ ਉਥੇ ਕਰਨਾਟਕਾ ਦੀ ਜਿੱਤ ਨੇ ਇਸਦੇ ਨੇਤਾਵਾਂ ਦੇ ਬੋਲਾਂ ਵਿਚ ਵਿਰੋਧੀ ਧਿਰ ਲਈ ਅਨੁਚਿਤ ਸ਼ਬਦ ਵਰਤਣ ਦਾ ਰਾਹ ਖੋਲ੍ਹ ਦਿੱਤਾ ਸੀ| ਇਨ੍ਹਾਂ ਚੋਣਾਂ ਨੇ ਆਮ ਆਦਮੀ ਪਾਰਟੀ ਦਾ ਪੋਲ ਵੀ ਖੋਲ੍ਹ ਦਿੱਤਾ ਹੈ ਜਿਹੜੀ ਵੱਡੇ ਤਖ਼ਤ ਦੇ ਸੁਪਨੇ ਲੈਂਦੀ ਛੋਟੇ ਤਖ਼ਤਾਂ ਤੋਂ ਵੀ ਖਿਸਕਦੀ ਨਜ਼ਰ ਆ ਰਹੀ ਹੈ| ਜੇ ਜ਼ੋਰਮ ਪੀਪਲਜ਼ ਮੂਵਮੈਂਟ ਵੀ ਆਪਣੀ ਅਜੋਕੀ ਚੜ੍ਹਤ ਦੇ ਸਿਰ ਉੱਤੇ ‘ਆਪ’ ਵਰਗੇ ਸੁਪਨੇ ਲੈਣ ਲੱਗ ਪਈ ਤਾਂ ਇਸਦਾ ਵੀ ਇਹੀਓ ਹਸ਼ਰ ਹੋ ਸਕਦਾ ਹੈ| ਜਿੱਥੋਂ ਤਕ ਬੱਲੇਬਾਜ਼ੀਆਂ ਦਾ ਸਬੰਧ ਹੈ ਇਮਰਾਨ ਖਾਨ ਦੀ ਵਰਤਮਾਨ ਸਥਿਤੀ ਤੋਂ ਸਬਕ ਸਿੱਖਣ ਵਿਚ ਕੋਈ ਹਰਜ਼ ਨਹੀਂ| ਹੋ ਸਕਦਾ ਹੈ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਵਰਗੇ ਅਨੁਭਵੀ ਨੇਤਾ ਮੁੜ ਕਾਂਗਰਸ ਵਿਚ ਪਰਤ ਆਉਣ ਤੇ ਪੰਜਾਬ ਦਾ ਪੈਸਾ ਬਾਹਰਲੇ ਰਾਜਾਂ ਵਿਚ ਚੋਣ ਪ੍ਰਚਾਰਾਂ ਤੋਂ ਬਚਿਆ ਰਹੇ| ਬੱਸ ਏਨੀ ਇਹਤਿਆਤ ਜ਼ਰੂਰੀ ਹੈ ਕਿ ਨਵਜੋਤ ਸਿੱਧੂ ਦੀ ਸਲਾਹਕਾਰੀ ਤੋਂ ਬਚੀਏ|
ਆਰ ਐਸ ਐਸ ਦੇ ਪਟੜੇ ਉੱਤੇ ਚੜ੍ਹ ਕੇ ਵੋਟਾਂ ਬਟੋਰਨ ਵਾਲੀ ਬੀਜੇਪੀ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਸੁਤੰਤਰਤਾ ਪ੍ਰਾਪਤੀ ਤੋਂ ਪਹਿਲਾਂ ਮੁਸਲਿਮ ਲੀਗ ਨੇ ਵੀ ਖੁLਦ ਮੁਖਤਿਆਰੀ ਦੇ ਅਜਿਹੇ ਰੰਗਦਾਰ ਗੁਬਾਰੇ ਛੱਡੇ ਸਨ ਕਿ ਮੁਹੰਮਦ ਇਕਬਾਲ ਵਰਗਾ ਸਿਆਣਾ ਸ਼ਾਇਰ ਵੀ ‘ਹਿੰਦੀ ਹੈਂ ਹਮ ਵਤਨ ਹੈ ਹਿੰਦੁਸਤਾਂ ਹਮਾਰਾ’ ਦੀ ਥਾਂ ‘ਮੁਸਲਿਮ ਹੈਂ ਹਮ ਵਤਨ ਹੈ ਸਾਰਾ ਜਹਾਂ ਹਮਾਰਾ’ ਲਿਖਣ ਲੱਗ ਗਿਆ ਸੀ| 1947 ਵਿਚ ਹਿੰਦੁਸਤਾਨ ਤੋਂ ਕੱਟਿਆ ਜਾਣ ਵਾਲਾ ਮੁਸਲਿਮ ਬਹੁ-ਗਿਣਤੀ ਦੇਸ਼ ਕਿੰਨੇ ਲੱਖ ਬੰਦਿਆਂ ਦਾ ਖਓ ਬਣਿਆ ਤੇ ਕਿੰਨੀਆਂ ਮਾਵਾਂ ਭੈਣਾਂ ਦੀ ਬੇਪਤੀ ਦਾ ਆਧਾਰ ਇਤਿਹਾਸ ਦੇ ਪੰਨਿਆ ਵਿਚ ਦਰਜ ਹੈ| ਅਜੋਕੇ ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਤਾਂ ਇਹ ਵੀ ਜਾਣਦੇ ਹਨ ਕਿ ਉਥੋਂ ਦੀਆਂ ਸੜਕਾਂ ਭੋਡੀਆਂ ਹਨ ਤੇ ਪਿੰਡਾਂ ਦੇ ਘਰ 75 ਸਾਲ ਪਹਿਲਾਂ ਵਾਲੇ ਕੱਚੇ| ਜੇ ਕੋਈ ਇੱਕੜ ਦੁੱਕੜ ਘਰ ਪੱਕੀ ਇੱਟ ਵਾਲਾ ਹੈ ਤਾਂ ਇਸ ਦੀਆਂ ਕੰਧਾਂ ਉੱਤੇ ਸੀਮਿੰਟ ਦੀ ਟੀਪ ਨਹੀਂ ਕੀਤੀ ਮਿਲਦੀ| ਉਂਝ ਏਧਰ ਦੇ ਵਸਨੀਕਾਂ ਨੂੰ ਓਧਰ ਦੇ ਬਾਸ਼ਿੰਦਿਆਂ ਕੋਲੋਂ ਆਦਰ ਸਤਿਕਾਰ ਦੀਆਂ ਸਲਾਮਾਂ ਦੇ ਗੱਫੇ ਖੂਬ ਮਿਲਦੇ ਹਨ ਹੋ ਸਕਦਾ ਇੰਝ ਕੀਤਿਆਂ ਉਨ੍ਹਾਂ ਦੇ ਮਨਾਂ ਦੀ ਉਹ ਮੈਲ ਧੁਲ ਜਾਂਦੀ ਹੈ ਜਿਹੜੀ ਆਜ਼ਾਦੀ ਦੀ ਪ੍ਰਾਪਤੀ ਵੇਲੇ ਮੁਸਲਿਮ ਬਹੁ-ਗਿਣਤੀ ਦੇਸ਼ ਬਣਨ ਸਮੇਂ ਤੋਂ ਉਨ੍ਹਾਂ ਦੇ ਮਨਾਂ ਉੱਤੇ ਭਾਰੂ ਹੈ| ਇੱਕ ਦੇਸ਼, ਇੱਕ ਝੰਡੇ ਤੇ ਇੱਕ ਵਿਧਾਨ ਦਾ ਸੱਦਾ ਦੇਣ ਵਾਲੇ ਕੀ ਜਾਨਣ ਕਿ ਉਹ ਵੀ ਖੂਹ ਦੇ ਡੱਡੂ ਬਣਨ ਜਾ ਰਹੇ ਹਨ| ਉਨ੍ਹਾਂ ਵੱਲੋਂ ਜੰਮੀ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਇਕਾਈਆਂ ਵਿਚ ਪਲਟਣਾ ਵੀ ਅਨੇਕਤਾ ਵਿਚ ਏਕਤਾ ਦੇ ਰੰਗਾਂ ਨੂੰ ਬਿਖੇਰਨਾ ਹੀ ਹੈ| ਦੂਜੇ ਪਾਸੇ ਕਾਂਗਰਸ ਪਾਰਟੀ ਵਲੋਂ ‘ਇੰਡੀਆ’ ਗੱਠਜੋੜ ਦੀ ਤੱਤ-ਭੜੱਥੀ ਵਿਚ 6 ਦਸੰਬਰ ਨੂੰ ਰੱਖੀ ਮੀਟਿੰਗ ਨੂੰ ਇਸ ਮਹੀਨੇ ਦੇ ਤੀਜੇ ਹਫਤੇ ਤੱਕ ਅੱਗੇ ਪਾਉਣਾ ਦੱਸਦਾ ਹੈ ਕਿ ਇਹ ਸ਼ਬਦ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਤੋਂ ਸਿੱਖਿਆ ਹੈ| ਉਹ ਹਾਲੀ ਵੀ ਅਨੇਕਤਾ ਵਿਚ ਏਕਤਾ ਦਾ ਫਲ ਖਾ ਰਹੇ ਹਨ|
ਕੀ ਕੋਈ ਦੇਸ਼-ਵੰਡ ਦੇ ਰਾਹ ਤੁਰਨਾ ਚਾਹੇਗਾ? ਤਿਲੰਗਾਨਾ ਤੇ ਛੱਤੀਸਗੜ੍ਹ ਦੇ ਚੋਣ ਨਤੀਜੇ ਕਹਿੰਦੇ ਹਨ ਕਿ ਉੱਕਾ ਹੀ ਨਹੀਂ| ਇਹੀਓ ਗੱਲ ਦੱਖਣੀ ਭਾਰਤ ਵਾਲੇ ਰਾਜਾਂ ’ਤੇ ਲਾਗੂ ਹੁੰਦੀ ਹੈ ਤੇ ਹਿਮਾਚਲ ਪ੍ਰਦੇਸ਼ ਵਰਗੇ ਉਨ੍ਹਾਂ ਪਰਬਤੀ ਰਾਜਾਂ ਉੱਤੇ ਵੀ ਜਿਹੜੇ ਅਨੇਕਤਾ ਵਿਚ ਏਕਤਾ ਦਾ ਫਲ ਖਾ ਰਹੇ ਹਨ|
ਏਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਚੋਣ ਜਿੱਤਣ ਲਈ ਨੇਤਾਵਾਂ ਦੀ ਭਾਸ਼ਣ ਕਲਾ ਹੀ ਕਾਫੀ ਨਹੀਂ| ਵੋਟਰ ਤਾਂ ਇਹ ਵੇਖਦਾ ਹੈ ਕਿ ਜ਼ਮੀਨੀ ਪੱਧਰ ਉਤੇ ਉਸ ਨੂੰ ਕੀ ਮਿਲਿਆ ਹੈ ਤੇ ਕੀ ਮਿਲਣ ਵਾਲਾ ਹੈ| ਇਨ੍ਹਾਂ ਚੋਣਾਂ ਨੇ ਮਹਿਲਾ ਸ਼ਕਤੀ ਉੱਤੇ ਵੀ ਚੰਗੀ ਮੋਹਰ ਲਾਈ ਹੈ| ਨਿਸ਼ਚੇ ਹੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਮੇਂ ਇਸ ਪਾਸੇ ਵਿਧਾਨ ਸਭਾ ਵਿਚ ਹਾਰਨ ਵਾਲੀਆਂ ਪਾਰਟੀਆਂ ਧਿਆਨ ਦੇਣਗੀਆਂ| ਖਾਸ ਤੌਰ `ਤੇ ਕਾਂਗਰਸ ਪਾਰਟੀ|
ਭਾਈ ਵੀਰ ਸਿੰਘ ਪੁਰਸਕਾਰ
ਭਾਸ਼ਾ ਵਿਭਾਗ ਪੰਜਾਬ ਵਲੋਂ ਐਲਾਨੇ ਗਏ ਪੁਰਸਕਾਰਾਂ ਵਿਚੋਂ ਸੱਜਰਾ ‘ਭਾਈ ਵੀਰ ਸਿੰਘ ਪੁਰਸਕਾਰ’ ਪਟਿਆਲਾ ਦੇ ਐਡਵੋਕੇਟ ਸਰਬਜੀਤ ਸਿੰਘ ਵਿਰਕ ਨੂੰ ਮਿਲਿਆ ਹੈ| ਉਹ ਸ਼ਹੀਦ ਭਗਤ ਸਿੰਘ ਦਾ ਮੱਦਾਹ ਹੈ ਤੇ ਪੁਰਸਕਾਰਤ ਪੁਸਤਕ ਦਾ ਨਾਂ ‘ਸ਼ਹੀਦ-ਏ-ਆਜ਼ਮ ਦੀ ਕਹਾਣੀ ਚਿੱਠੀਆਂ ਦੀ ਜ਼ੁਬਾਨੀ’ ਹੈ| ਮੁਬਾਰਕਾਂ!
ਪੰਜਾਬ, ਹਰਿਆਣਾ ਤੇ ਦਿੱਲੀ ਦੇ ਦੋਸ਼ਾਂ ਦੀ ਪੱਟੀ
ਪੰਜਾਬ, ਹਰਿਆਣਾ ਤੇ ਦਿੱਲੀ ਦੇ ਸੱਜਰੇ ਸਮਾਚਾਰ ਚਿੰਤਾਜਨਕ ਹਨ| ਚਾਲੂ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ਵਿਚ ਇਕੱਲੇ ਚੰਡੀਗੜ੍ਹ ਤੋਂ ਵੱਖ ਵੱਖ ਦੋਸ਼ਾਂ ਹਿੱਤ ਫੜੇ ਜਾਣ ਵਾਲੇ ਨਾਬਾਲਗਾਂ ਦੀ ਗਿਣਤੀ 60 ਦੱਸੀ ਗਈ ਹੈ| ਜੇ ਇਨ੍ਹਾਂ ਨੂੰ 2022 ਦੀਆਂ 80 ਤੇ 2021 ਦੀਆਂ 50 ਗ੍ਰਿਫਤਾਰੀਆਂ ਨਾਲ ਮੇਲੀਏ ਤਾਂ ਇਹ ਗੱਲ ਸੱਚ ਮੁੱਚ ਹੀ ਗੰਭੀਰ ਹੈ| ਲੰਘੇ ਸਪਤਾਹ ਦਾ ਇਕੱਲੇ ਚੰਡੀਗੜ੍ਹ ਵਿਚ ਦੋ ਕਤਲਾਂ ਵਿਚ ਨਾਬਾਲਗਾਂ ਦਾ ਹੱਥ ਹੋਣਾ ਰੌਂਗਟੇ ਖੜੇ ਕਰਦਾ ਹੈ| ਪੁਲੀਸ ਰਿਕਾਰਡ ਗਵਾਹ ਹਨ ਕਿ ਪੰਜਾਬ, ਹਰਿਆਣਾ ਤੇ ਦਿੱਲੀ ਦੇ ਦੋਸ਼ੀ, ਕਤਲ, ਡਾਕੇ, ਬਲਾਤਕਾਰ ਹੀ ਨਹੀਂ ਕਰਦੇ ਬਜ਼ੁਰਗਾਂ ਨਾਲ ਧੌਲ ਧੱਪੇ ਤਕ ਉਤਰ ਆਉਂਦੇ ਹਨ| ਰਾਸ਼ਟਰੀ ਪੱਧਰ ’ਤੇ ਦੋਸ਼ ਰਿਕਾਰਡ ਕਰਨ ਵਾਲੀ ਏਜੰਸੀ ਂਛ੍ਰਭ (ਐਨ ਸੀ ਆਰ ਬੀ) ਤਾਂ ਇਹ ਵੀ ਦੱਸਦੀ ਹੈ ਕਿ ਚੰਡੀਗੜ੍ਹ ਖੇਤਰ ਵਿਖੇ ਜਬਰ-ਜਨਾਹ ਦੇ ਕੇਸ ਕੇਵਲ ਉਤਰਾਖੰਡ ਤੋਂ ਘੱਟ ਸਨ ਤੇ ਨਸ਼ਿਆਂ ਦੀ ਤਸਕਰੀ ਕਰਨ ਵਿਚ ਪੰਜਾਬੀ ਸਭ ਤੋਂ ਉੱਤੇ। ਇਸ ਰੁਝਾਨ ਨੂੰ ਪੁਲੀਸ ਦੀ ਕੁੱਟਮਾਰ ਤਾਂ ਨੱਥ ਨਹੀਂ ਪਾ ਸਕਦੀ ਕੇਵਲ ਮਾਪਿਆਂ ਤੇ ਅਧਿਆਪਕਾਂ ਦਾ ਯੋਗਦਾਨ ਹੀ ਕੰਮ ਆ ਸਕਦਾ ਹੈ| ਧਿਆਨ ਦੇਵੋ!

ਅੰਤਿਕਾ
—ਲੋਕ ਬੋਲੀ—
ਕੀੜੇ ਪੈਣਗੇ, ਮਰੇਂਗੀ ਸੱਪ ਲੜ ਕੇ
ਮਿੱਤਰਾਂ ਨੂੰ ਭਾਈ ਆਖਦੀ।