ਖ਼ਾਲਿਸਤਾਨ ਪੱਖੀਆਂ ਦੇ ਕਤਲਾਂ ਬਾਰੇ ਖੁਲਾਸਿਆਂ ਨੂੰ ਸਮਝਦਿਆਂ

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਪਿਛਲੇ ਦਿਨੀਂ ਅਮਰੀਕਾ ਦੀ ਇਕ ਅਦਾਲਤ ਵਿਚ ਨਿਖਿਲ ਗੁਪਤਾ ਨਾਂ ਦੇ ਸ਼ਖ਼ਸ ਉੱਪਰ ਕਤਲ ਦੀ ਸਾਜ਼ਿਸ਼ `ਚ ਵਿਚੋਲਗੀ ਦਾ ਮੁਕੱਦਮਾ ਚਲਾਉਣ ਲਈ ਤਿੰਨ ਅਮਰੀਕਨ ਏਜੰਸੀਆਂ ਵੱਲੋਂ ਮਿਲ ਕੇ ਦੋਸ਼ ਤਿਆਰ ਕਰਨ ਅਤੇ ਫਿਰ ਫਟਾਫਟ ਦੋਸ਼ ਜਨਤਕ ਕਰ ਦਿੱਤੇ ਜਾਣ ਨਾਲ ਆਰ.ਐੱਸ.ਐੱਸ.-ਭਾਜਪਾ ਹਕੂਮਤ ਕਸੂਤੀ ਹਾਲਤ `ਚ ਫਸ ਗਈ।

ਅਕਤੂਬਰ ਮਹੀਨੇ ਅਮਰੀਕਨ ਹਕੂਮਤ ਦੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਨੇ ਭਾਰਤ `ਚ ਉਚੇਚਾ ਗੇੜਾ ਮਾਰ ਕੇ ਭਾਰਤ ਦੇ ਅਧਿਕਾਰੀਆਂ ਨਾਲ ਉਹ ਠੋਸ ਜਾਣਕਾਰੀ ਸਾਂਝੀ ਕੀਤੀ ਸੀ ਜਿਸ ਨੂੰ ਫੈਡਰਲ ਪ੍ਰਾਸੀਕਿਊਟਰਾਂ ਵੱਲੋਂ ਦੋਸ਼ ਤਿਆਰ ਕਰਨ `ਚ ਸ਼ਾਮਿਲ ਕੀਤਾ ਜਾਣਾ ਸੀ। ਭਾਰਤ ਸਰਕਾਰ ਨੇ ਦੋਸ਼ਾਂ ਨੂੰ “ਨਸ਼ਾ ਤਸਕਰਾਂ, ਹਥਿਆਰਾਂ ਦੇ ਤਸਕਰਾਂ, ਮੁਜਰਿਮਾਂ ਆਦਿ ਗੱਠਜੋੜ” ਦੇ ਖ਼ਾਤੇ ਪਾ ਕੇ ਮਾਮਲਾ ਦਬਾਉਣਾ ਚਾਹਿਆ ਅਤੇ ਉੱਚ ਪੱਧਰੀ ਕਮੇਟੀ ਬਣਾ ਕੇ ਜਾਂਚ ਕਰਾਉਣ ਦੀ ਗੱਲ ਕਹੀ ਜਿਸ ਉੱਪਰ ਅਮਰੀਕਨ ਪ੍ਰਸ਼ਾਸਨ ਨੇ ਯਕੀਨ ਨਹੀਂ ਕੀਤਾ। ਅਮਰੀਕਨ ਅਧਿਕਾਰੀਆਂ ਨੇ ਉਡੀਕਣ ਦੀ ਬਜਾਇ ਦੋ ਹਫ਼ਤੇ `ਚ ਹੀ ਮੁਕੱਦਮੇ ਲਈ ਦੋਸ਼ ਤਿਆਰ ਕਰ ਲਏ।
ਮੁਕੱਦਮੇ ਦੀ ਤਿਆਰੀ ਨਾਲ ਹੁਣ ਉਹ ‘ਇਨਕਾਰ ਮੋਡ` ਵੀ ਭਗਵਾ ਹਕੂਮਤ ਦੇ ਕੰਮ ਨਹੀਂ ਆ ਸਕਦਾ ਜਿਸ ਦਾ ਸਹਾਰਾ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਭਰੋਸੇਯੋਗ ਸਬੂਤਾਂ ਦਾ ਖ਼ੁਲਾਸਾ ਕੀਤੇ ਜਾਣ `ਤੇ ਜਵਾਬਦੇਹੀ ਤੋਂ ਟਾਲ ਵੱਟਣ ਲਈ ਲਿਆ ਗਿਆ ਸੀ। ਹੁਣ ਤਾਂ ਇਹ ਸਪਸ਼ਟ ਹੋ ਹੀ ਗਿਆ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਦਾਅਵਾ ਨਿਰਾਧਾਰ ਨਹੀਂ ਸੀ ਜਦੋਂ ਉਸ ਨੇ ਪਾਰਲੀਮੈਂਟ ਦੇ ਮੰਚ ਤੋਂ ਹਿੱਕ ਠੋਕ ਕੇ ਕਿਹਾ ਕਿ ਕੈਨੇਡੀਅਨ ਜਾਂਚ ਏਜੰਸੀਆਂ ਕੋਲ ਨਿੱਜਰ ਦੇ ਕਤਲ `ਚ ਭਾਰਤੀ ਅਧਿਕਾਰੀਆਂ ਦਾ ਹੱਥ ਹੋਣ ਦੇ ‘ਭਰੋਸੇਯੋਗ` ਸਬੂਤ ਹਨ। ਟਰੂਡੋ ਸਰਕਾਰ ਨੇ ਭਾਰਤ ਦੇ ਇਕ ਸੀਨੀਅਰ ਕੂਟਨੀਤਕ ਅਧਿਕਾਰੀ ਨੂੰ ਕੈਨੇਡਾ ਤੋਂ ਚਲੇ ਜਾਣ ਦਾ ਆਦੇਸ਼ ਦੇ ਦਿੱਤਾ ਜਿਸ ਦੇ ਜਵਾਬ `ਚ ਭਾਰਤ ਨੇ ‘ਸਖ਼ਤ` ਰੁਖ ਅਖਤਿਆਰ ਕਰਦਿਆਂ ਕੈਨੇਡਾ ਦੇ ਕੂਟਨੀਤਕ ਅਧਿਕਾਰੀ ਭਾਰਤ `ਚੋਂ ਕੱਢ ਦਿੱਤੇ। ਆਖ਼ਿਰਕਾਰ ਹਾਲਾਤ ਮਸਾਂ ਸਹਿਜ ਹੋਣੇ ਸ਼ੁਰੂ ਹੋਣ ਨਾਲ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਨਿਖਿਲ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਉੱਪਰ ਦੋਸ਼ ਇਹ ਹੈ ਕਿ ਉਹ ਭਾਰਤ ਸਰਕਾਰ ਦੇ ਇਕ ਅਧਿਕਾਰੀ ਅਤੇ ‘ਸਾਥੀ ਮੁਜਰਿਮ` ਤੇ ਇਕ ‘ਕਾਤਲ` ਦਰਮਿਆਨ ਇਕ ਅਮਰੀਕਨ ਸਿੱਖ ਨਾਗਰਿਕ ਨੂੰ ਸੁਪਾਰੀ ਦੇ ਕੇ ਕਤਲ ਕਰਾਉਣ ਦੀ ਸਾਜ਼ਿਸ਼ `ਚ ਸੌਦਾ ਕਰਾਉਣ ਲਈ ਵਿਚੋਲਗੀ ਕਰ ਰਿਹਾ ਸੀ। ਬੇਸ਼ੱਕ ਕਿਸੇ ਕਾਰਨ ਨਾਂ ਨਸ਼ਰ ਨਹੀਂ ਕੀਤਾ ਗਿਆ ਪਰ ਸਭ ਨੇ ਅੰਦਾਜ਼ਾ ਲਗਾ ਹੀ ਲਿਆ ਹੈ ਕਿ ਇਸ ਸਾਜ਼ਿਸ਼ ਦਾ ਨਿਸ਼ਾਨਾ ਖ਼ਾਲਿਸਤਾਨ ਪੱਖੀ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਸੀ। ਮੀਡੀਆ ਰਿਪੋਰਟਾਂ ਅਨੁਸਾਰ ਕੁਝ ਅਮਰੀਕਨ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਮਰੀਕਨ ਨਿਊਜ਼ ਬ੍ਰਾਡਕਾਸਟਰ ਸੀ.ਐੱਨ.ਐੱਨ. ਨੇ ਦਾਅਵਾ ਕੀਤਾ ਹੈ ਕਿ ਕੇਸ ਤੋਂ ਜਾਣੂ ਅਮਰੀਕਨ ਅਧਿਕਾਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਨਿਸ਼ਾਨਾ ਪੰਨੂ ਸੀ। ਸਾਜ਼ਿਸ਼ ਇਸ ਕਾਰਨ ਅਸਫ਼ਲ ਹੋ ਗਈ ਕਿ ਦਰਅਸਲ ‘ਨਾਲ ਦਾ ਮੁਜਰਿਮ` ਅਤੇ ‘ਕਾਤਲ` ਦੋਵੇਂ ਡਬਲ ਏਜੰਟ ਸਨ ਜੋ ਅਮਰੀਕਾ ਦੀਆਂ ਏਜੰਸੀਆਂ ਲਈ ਕੰਮ ਕਰ ਰਹੇ ਸਨ।
ਗੁਪਤਾ ‘ਕਾਰੋਬਾਰ ਅਤੇ ਸੈਰ-ਸਪਾਟੇ` ਲਈ ਚੈੱਕ ਗਣਰਾਜ ਗਿਆ ਸੀ। ਉਸ ਦੇ ਨਸ਼ੀਲੇ ਪਦਾਰਥਾਂ ਦੇ ਧੰਦੇ `ਚ ਲੱਗਾ ਹੋਣ ਦੀ ਸੂਹ ਦੇ ਆਧਾਰ `ਤੇ ਉੱਥੋਂ ਦੇ ਅਧਿਕਾਰੀਆਂ ਨੇ ਉਸ ਨੂੰ 30 ਜੂਨ ਨੂੰ ਹਵਾਈ ਅੱਡੇ ਤੋਂ ਹਿਰਾਸਤ `ਚ ਲੈ ਲਿਆ ਅਤੇ ਬਾਅਦ ਵਿਚ ਦੋਸ਼ ਤਿਆਰ ਕੀਤੇ ਜਾਣ ਤੋਂ ਦੋ ਦਿਨ ਪਹਿਲਾਂ ਹਵਾਲਗੀ ਸੰਧੀ ਤਹਿਤ ਉਸ ਨੂੰ ਅਮਰੀਕਨ ਐੱਫ.ਬੀ.ਆਈ. ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਇਹ ਆਉਣ ਵਾਲੇ ਦਿਨਾਂ `ਚ ਸਾਹਮਣੇ ਆਵੇਗਾ ਕਿ ਉਸ ਦੀ ਤਫ਼ਤੀਸ਼ ਅਤੇ ਉਸ ਦੇ ਮੋਬਾਈਲ ਫੋਨ ਦੇ ਡੇਟਾ ਦੀ ਜਾਂਚ `ਚ ਜੋ ਹੋਰ ਸਬੂਤ ਮਿਲਣਗੇ, ਉਨ੍ਹਾਂ ਨੂੰ ਮੁਕੱਦਮੇ `ਚ ਕਿਵੇਂ ਤੇ ਕਿਸ ਹੱਦ ਤੱਕ ਇਸਤੇਮਾਲ ਕੀਤਾ ਜਾਵੇਗਾ।
ਸਤੰਬਰ ਮਹੀਨੇ ‘ਜੀ-20` ਸਿਖ਼ਰ ਸੰਮੇਲਨ ਦੌਰਾਨ ਜਸਟਿਨ ਟਰੂਡੋ ਵੱਲੋਂ ਨਿੱਜਰ ਕਤਲ ਕੇਸ ਆਪਣੇ ਹਮਰੁਤਬਾ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ `ਚ ਉਠਾਏ ਜਾਣ `ਤੇ ਅਮਰੀਕਨ ਰਾਸ਼ਟਰਪਤੀ ਬਾਇਡਨ ਸਮੇਤ ‘ਫਾਈਵ ਆਈਜ਼` ਮੁਲਕਾਂ ਦੇ ਮੁਖੀਆਂ ਵੱਲੋਂ ਟਰੂਡੋ ਦੀ ਹਮਾਇਤ ਕੀਤੀ ਗਈ ਅਤੇ ਭਾਰਤ ਉੱਪਰ ਨਿੱਜਰ ਕਤਲ ਕੇਸ ਦੀ ਜਾਂਚ `ਚ ਸਹਿਯੋਗ ਕਰਨ ਲਈ ਦਬਾਅ ਪਾਇਆ ਗਿਆ। ਇਸ ਨੇ ਸਾਫ਼ ਇਸ਼ਾਰਾ ਕਰ ਦਿੱਤਾ ਕਿ ਬੇਸ਼ੱਕ ਇਜ਼ਰਾਇਲ ਅਤੇ ‘ਆਲਮੀ ਥਾਣੇਦਾਰ` ਦੀ ਸਰਪ੍ਰਸਤੀ ਵਾਲੀਆਂ ਹੋਰ ਹਕੂਮਤਾਂ ਦੂਜੇ ਮੁਲਕਾਂ `ਚ ਰਹਿ ਰਹੇ ਰਾਜਨੀਤਕ ਵਿਰੋਧੀਆਂ ਨੂੰ ਕਤਲ ਕਰਾਉਂਦੀਆਂ ਆ ਰਹੀਆਂ ਹਨ ਪਰ ਅਮਰੀਕਾ ਅਤੇ ਉਸ ਦੇ ਜੋਟੀਦਾਰ ‘ਫਾਈਵ ਆਈਜ਼` ਹੁਕਮਰਾਨ ਜੋ ਖ਼ੁਦ ਦੁਨੀਆ ਭਰ `ਚ ਬੇਸ਼ੁਮਾਰ ਦਹਿਸ਼ਤਵਾਦੀ ਹਮਲਿਆਂ ਅਤੇ ਰਾਜਨੀਤਕ ਕਤਲਾਂ ਦੇ ਮੁਜਰਿਮ ਹਨ, ਮੋਦੀ ਸਰਕਾਰ ਨੂੰ ਆਪਣੇ ਮੁਲਕਾਂ ਦੇ ਅੰਦਰ ‘ਘਰ ਮੇਂ ਘੁਸ ਕਰ ਮਾਰੇਂਗੇ` ਦੀ ਇਜਾਜ਼ਤ ਨਹੀਂ ਦੇਣਾ ਚਾਹੁੰਦੇ। ਉਦੋਂ ਅਮਰੀਕਨ ਮੀਡੀਆ ਦੇ ਕੁਝ ਹਿੱਸਿਆਂ ਨੇ ਇਹ ਖ਼ੁਲਾਸਾ ਵੀ ਕੀਤਾ ਕਿ ਕੈਨੇਡਾ ਨੂੰ ਨਿੱਜਰ ਦੇ ਕਤਲ ਦਾ ਸੁਰਾਗ਼ ਅਮਰੀਕਨ ਏਜੰਸੀਆਂ ਨੇ ਹੀ ਮੁਹੱਈਆ ਕਰਾਇਆ ਸੀ। ਅਮਰੀਕਨ ਖ਼ੁਫ਼ੀਆ ਏਜੰਟਾਂ ਵੱਲੋਂ ਆਪਣੇ ਮੁਲਕ ਵਿਚਲੇ ਕੁਝ ਖ਼ਾਲਿਸਤਾਨੀ ਕਾਰਕੁਨਾਂ ਨੂੰ ਉਨ੍ਹਾਂ ਦੀ ਜਾਨ ਨੂੰ ਖ਼ਤਰੇ ਬਾਰੇ ਅਗਾਊਂ ਚੁਕੰਨੇ ਕਰਨਾ ਵੀ ਦਰਸਾਉਂਦਾ ਸੀ ਕਿ ਅਮਰੀਕਨ ਏਜੰਸੀਆਂ ਭਾਰਤ ਦੇ ਕੂਟਨੀਤਕ ਅਧਿਕਾਰੀਆਂ ਅਤੇ ਖ਼ੁਫੀਆ ਏਜੰਟਾਂ ਦੀ ਨਕਲੋ-ਹਰਕਤ ਉੱਪਰ ਲਗਾਤਾਰ ਨਜ਼ਰ ਰੱਖ ਰਹੀਆਂ ਸਨ। ਅਮਰੀਕਨ ਖ਼ੁਫ਼ੀਆ ਏਜੰਸੀਆਂ ਇੱਥੇ ਨਹੀਂ ਰੁਕੀਆਂ। ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਯੂਨਾਈਟਿਡ ਸਟੇਟਸ ਅਟਾਰਨੀ, ਜਸਟਿਸ ਡਿਪਾਰਟਮੈਂਟ ਦੀ ਨੈਸ਼ਨਲ ਸਕਿਉਰਿਟੀ ਡਿਵੀਜ਼ਨ, ਡਰੱਗ ਐਨਫੋਰਸਮੈਂਟ ਐਮਿਨਿਸਟਰੇਸ਼ਨ (ਡੀ.ਈ.ਏ.) ਅਤੇ ਐੱਫ.ਬੀ.ਆਈ. ਦੇ ਨਿਊ ਯਾਰਕ ਫੀਲਡ ਆਫ਼ਿਸ ਨੇ ਡੂੰਘਾਈ `ਚ ਛਾਣਬੀਣ ਕਰ ਕੇ ਸਬੂਤ ਇਕੱਠੇ ਕੀਤੇ ਅਤੇ ਕੇਸ ਅਦਾਲਤ `ਚ ਲੈ ਗਏ। ਸਬੂਤਾਂ ਦੇ ਜੋ ਹਿੱਸੇ ਜਨਤਕ ਕੀਤੇ ਗਏ, ਉਹ ਖ਼ਾਲਿਸਤਾਨ ਪੱਖੀ ਕਾਰਕੁਨਾਂ ਨੂੰ ਚੁਣ ਕੇ ਨਿਸ਼ਾਨਾ ਬਣਾਏ ਜਾਣ ਦੀ ਸਾਜ਼ਿਸ਼ ਨੂੰ ਨੰਗਾ ਕਰਨ ਲਈ ਕਾਫ਼ੀ ਹਨ। ਅਮਰੀਕਨ ਮੁਕੱਦਮਾ ਪੱਖ ਵੱਲੋਂ ਤਿਆਰ ਕੀਤੇ ਦੋਸ਼ਾਂ ਅਨੁਸਾਰ ਗੁਪਤਾ ਨੂੰ ਇਹ ਜਾਣਕਾਰੀ ਸੀ ਕਿ ਜੂਨ ਮਹੀਨੇ ਕੈਨੇਡਾ `ਚ “ਵੱਡੇ ਟਾਰਗੈੱਟ” ਕੌਣ ਸਨ।
ਅਮਰੀਕਨ ਏਜੰਸੀਆਂ ਵੱਲੋਂ ਮਿਲ ਕੇ ਮੁਕੱਦਮਾ ਚਲਾਉਣ ਲਈ ਤਿਆਰ ਕੀਤੇ ਦੋਸ਼ ਠੋਸ ਵੀ ਹਨ ਅਤੇ ਕਾਫ਼ੀ ਸੰਗੀਨ ਵੀ। ਦੋਸ਼ਾਂ ਮੁਤਾਬਿਕ ਉਨ੍ਹਾਂ ਕੋਲ ਗੁਪਤਾ ਵੱਲੋਂ 12 ਜੂਨ ਨੂੰ ਤਿੰਨ “ਹੋਰ ਵਿਅਕਤੀਆਂ”(ਸੰਭਵ ਤੌਰ `ਤੇ ਖ਼ੁਫ਼ੀਆ ਅਧਿਕਾਰੀਆਂ) ਸਮੇਤ “ਭਾੜੇ ਦੇ ਕਾਤਲ” ਨੂੰ ਦਿੱਲੀ ਤੋਂ ਅਮਰੀਕਾ `ਚ ਕੀਤੀ ਵੀਡੀਓ ਕਾਲ ਦੀ ਰਿਕਾਰਡਿੰਗ ਹੈ। ਉਨ੍ਹਾਂ ਕੋਲ ਨਿੱਜਰ ਦੇ ਕਤਲ ਦਾ ਉਹ ਵੀਡੀਓ ਕਲਿੱਪ ਹੈ ਜੋ ਭਾਰਤੀ ਅਧਿਕਾਰੀਆਂ ਨੇ ਅੱਗੇ ਸਾਂਝਾ ਕੀਤਾ। ਕਤਲ ਤੋਂ ਬਾਅਦ 18 ਜੂਨ ਦੀ ਰਾਤ ਨੂੰ “ਸੀ.ਸੀ.-1 ਨੇ ਗੁਪਤਾ ਨੂੰ ਵੀਡੀਓ ਕਲਿੱਪ ਭੇਜਿਆ ਜਿਸ ਵਿਚ ਨਿੱਜਰ ਦੀ ਲਹੂ `ਚ ਲੱਥਪੱਥ ਲਾਸ਼ ਉਸ ਦੀ ਗੱਡੀ `ਚ ਪਈ ਨਜ਼ਰ ਆਉਂਦੀ ਸੀ।” ਵੀਡੀਓ ਕਲਿੱਪ ਦੇਖ ਕੇ ਨਿਖਿਲ ਗੁਪਤਾ ਦਾ ਪ੍ਰਤੀਕਰਮ ਸੀ ਕਿ “ਕਾਸ਼ ਇਹ ਕਤਲ ਉਸ ਨੇ ਖ਼ੁਦ ਕੀਤਾ ਹੁੰਦਾ”। ਇਸ ਤੋਂ ਵੀ ਅੱਗੇ ਜਾਂਚ ਕਰਤਾਵਾਂ ਕੋਲ ਫੋਨ ਕਾਲਾਂ ਦਾ ਰਿਕਾਰਡ ਹੈ ਜਿਨ੍ਹਾਂ `ਚੋਂ ਇਕ ਕਾਲ ਕਰਦੇ ਸਮੇਂ ਗੁਪਤਾ ਅਮਰੀਕਾ `ਚ ਭਾੜੇ ਦੇ ਕਾਤਲ (ਅਮਰੀਕਨ ਖ਼ੁਫ਼ੀਆ ਏਜੰਟ) ਨੂੰ ਕਹਿੰਦਾ ਹੈ ਕਿ ਭਾਵੇਂ ਕੈਨੇਡਾ ਵਾਲਾ “ਜ਼ਬਰਦਸਤ” ਕੰਮ “ਕਿਸੇ ਹੋਰ ਬੰਦੇ” ਨੂੰ ਸੌਂਪਿਆ ਗਿਆ ਸੀ, ਉਸ ਨੂੰ ਚਾਰ ਹੋਰ “ਕੰਮ” ਅਮਰੀਕਾ ਵਿਚ ਅਤੇ “ਤਿੰਨ ਕੈਨੇਡਾ ਵਿਚ ਕਰਨ” ਲਈ ਦਿੱਤੇ ਗਏ ਹਨ। “ਇੰਡੀਅਨ ਹੈਂਡਲਰ” ਅਤੇ ਗੁਪਤਾ ਆਪਸ `ਚ ਸੋਸ਼ਲ ਮੀਡੀਆ ਐਪ ਉੱਪਰ ਜੋ ਆਦਾਨ-ਪ੍ਰਦਾਨ ਕਰਦੇ ਰਹੇ, ਉਹ ਵੀ ਜਾਂਚ ਏਜੰਸੀਆਂ ਕੋਲ ਹੈ।
“ਸੀ.ਸੀ.-1” ਅਤੇ ਹੋਰ “ਇੰਡੀਅਨ ਹੈਂਡਲਰ” ਕੌਣ ਹਨ? ਅਮਰੀਕਾ ਨੇ ਉਨ੍ਹਾਂ ਦੀ ਸ਼ਨਾਖ਼ਤ ਤਾਂ ਨਸ਼ਰ ਨਹੀਂ ਕੀਤੀ, ਇਕ ਹੈਂਡਲਰ ਨੂੰ “ਸੀ.ਸੀ.-1” ਦਾ ਨਾਮ ਦਿੱਤਾ ਗਿਆ ਹੈ। ਇੰਨੀ ਕੁ ਤਫ਼ਸੀਲ ਦਿੱਤੀ ਗਈ ਹੈ ਕਿ “ਸੀ.ਸੀ.-1” ਭਾਰਤ ਸਰਕਾਰ ਵੱਲੋਂ ਨਿਯੁਕਤ “ਸੀਨੀਅਰ ਫੀਲਡ ਅਫਸਰ” ਹੈ ਜੋ “ਪਹਿਲਾਂ ਸੀ.ਆਰ.ਪੀ.ਐੱਫ. ਵਿਚ ਨੌਕਰੀ ਕਰ ਚੁੱਕਾ ਹੈ” ਅਤੇ ਜੋ “ਯੁੱਧ ਕਲਾ” ਤੇ “ਹਥਿਆਰਾਂ” ਦੀ ਸਿਖਲਾਈ ਪ੍ਰਾਪਤ ਹੈ। ਇਹ ਵੀ ਕਿ ਉਸ ਨੂੰ “ਭਾਰਤ ਸਰਕਾਰ ਵੱਲੋਂ ਇਸ ਦੋਸ਼-ਆਰੋਪਣ ਲਈ ਪ੍ਰਸੰਗਿਕ ਪੂਰੇ ਸਮੇਂ ਵਾਸਤੇ ਲਗਾਇਆ ਗਿਆ ਸੀ, ਉਹ ਭਾਰਤ ਦਾ ਬਾਸ਼ਿੰਦਾ ਹੈ ਜੋ ਭਾਰਤ ਤੋਂ ਕਤਲ ਦੀ ਸਾਜ਼ਿਸ਼ ਦਾ ਸੰਚਾਲਨ ਕਰ ਰਿਹਾ ਸੀ।” ਇਸ ਦਾ ਅਰਥ ਤਾਂ ਇਹੀ ਬਣਦਾ ਹੈ ਕਿ ਉਹ ਭਾਰਤ ਦੀ ਵਿਦੇਸ਼ ਮਾਮਲਿਆਂ ਨਾਲ ਸਬੰਧਿਤ ਕਿਸੇ ਖ਼ੁਫ਼ੀਆ ਏਜੰਸੀ ਲਈ ਕੰਮ ਕਰ ਰਿਹਾ ਅਧਿਕਾਰੀ ਹੈ ਜੋ “ਘਰ ਮੇਂ ਘੁਸ ਕੇ ਮਾਰੇਂਗੇ” ਦੀ ਹਕੂਮਤੀ ਨੀਤੀ ਨੂੰ ਅਮਲ `ਚ ਲਿਆ ਰਿਹਾ ਹੋਵੇਗਾ। ਅਮਰੀਕਨ ਜਾਂਚ ਅਨੁਸਾਰ “ਸੀ.ਸੀ.-1” ਨੇ ਮੁਜਰਿਮ ਪਿਛੋਕੜ ਵਾਲੇ ਗੁਪਤਾ ਨੂੰ ਆਪਣੇ ਨਾਲ ਗੰਢ ਲਿਆ ਅਤੇ ਗੁਪਤਾ ਨੇ ਅੱਗੇ ਆਪਣੇ ਸੰਪਰਕਾਂ ਰਾਹੀਂ “ਭਾੜੇ ਦੇ ਕਾਤਲ” ਲੱਭ ਲਏ। ਭਾਰਤ ਦੇ ਇਸ ਅਧਿਕਾਰੀ ਨੇ ਗੁਪਤੇ ਰਾਹੀਂ ਖ਼ਾਸ ਬੰਦੇ ਨੂੰ ਕਤਲ ਕਰਾਉਣ ਲਈ ਇਕ ਲੱਖ ਡਾਲਰ ਦੇਣ ਦਾ ਸੌਦਾ ਕੀਤਾ ਜਿਸ ਵਿੱਚੋਂ ਪੰਦਰਾਂ ਹਜ਼ਾਰ ਡਾਲਰ ਐਡਵਾਂਸ ਦਿੱਤੇ ਗਏ। ਗੁਪਤਾ ਨੂੰ ਲੱਗਿਆ ਕਿ ਉਸ ਨੇ ਸੌਂਪਿਆ ਕੰਮ ਨੇਪਰੇ ਚਾੜ੍ਹਨ ਲਈ ਭਾੜੇ ਦਾ ਕਾਤਲ ਲੱਭ ਲਿਆ ਹੈ। ਉਹ ਨਹੀਂ ਸੀ ਜਾਣਦਾ ਕਿ ‘ਭਾੜੇ ਦੇ ਕਾਤਲ ਤਾਂ ਅਮਰੀਕਨ ਖ਼ੁਫ਼ੀਆ ਏਜੰਸੀਆਂ ਦੇ ਬੰਦੇ ਹਨ। ਜਾਂਚ ਦੇ ਦੋਸ਼ਾਂ `ਚ ਇਕ “ਬੌਸ” ਦਾ ਜ਼ਿਕਰ ਵੀ ਹੈ ਜਿਸ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ “ਬੌਸ” ਕੋਈ ਆਹਲਾ ਦਰਜੇ ਦਾ ਖ਼ੁਫ਼ੀਆ ਅਧਿਕਾਰੀ ਹੈ ਜਾਂ ਕੋਈ ਰਾਜਕੀ ਅਥਾਰਟੀ? ਭਾਰਤ ਲਈ “ਬੌਸਾਂ” ਦਾ ਜ਼ਿਕਰ ਨਵੀਂ ਗੱਲ ਨਹੀਂ, ਕਈ ਰਾਜਨੀਤਕ ਅਤੇ ਹਿਰਾਸਤੀ ਕਤਲਾਂ ਵਿਚ “ਬੌਸ” ਪਹਿਲਾਂ ਵੀ ਚਰਚਾ `ਚ ਰਹੇ ਹਨ।
ਮੁਜਰਿਮ ਪਿਛੋਕੜ ਵਾਲੇ ਗੁਪਤਾ ਵਿਰੁੱਧ ਗੁਜਰਾਤ ਵਿਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸੌਦੇਬਾਜ਼ੀ ਦੇ ਕੇਸ ਦਰਜ ਹਨ। ਅਮਰੀਕਨ ਜਾਂਚ ਕਰਤਾਵਾਂ ਅਨੁਸਾਰ, ਗੁਪਤਾ ਦਾ “ਇੰਡੀਅਨ ਹੈਂਡਲਰ” ਚਾਹੁੰਦਾ ਸੀ ਕਿ ਕਤਲ “ਤਰਜੀਹੀ ਆਧਾਰ `ਤੇ” 20 ਜੂਨ ਨੂੰ ਕੀਤਾ ਜਾਵੇ ਤਾਂ ਜੁ ਅਗਲੇ ਦਿਨਾਂ `ਚ, 21 ਜੂਨ ਤੋਂ 23 ਤੱਕ ਪ੍ਰਧਾਨ ਮੰਤਰੀ ਮਿਸਟਰ ਮੋਦੀ ਦੇ ਅਮਰੀਕਨ ਦੌਰੇ `ਤੇ ਕੋਈ ਅਸਰ ਨਾ ਪਵੇ। “ਇੰਡੀਅਨ ਹੈਂਡਲਰ” ਨੇ ਗੁਪਤਾ ਨੂੰ “12 ਮਈ 2023 ਨੂੰ ਜਾਂ ਇਸ ਦੇ ਲਾਗੇ-ਚਾਗੇ” ਭਰੋਸਾ ਦਿਵਾਇਆ ਸੀ ਕਿ ਉਸ ਦੇ ਗੁਜਰਾਤ ਵਾਲੇ ਕੇਸ ਵੱਲ “ਪਹਿਲਾਂ ਹੀ ਧਿਆਨ ਦਿੱਤਾ ਜਾ ਚੁੱਕਾ ਹੈ” ਅਤੇ “ਗੁਜਰਾਤ ਪੁਲਿਸ ਦਾ ਕੋਈ ਵੀ ਅਧਿਕਾਰੀ ਕਾਰਵਾਈ ਦੀ ਗੱਲ ਨਹੀਂ ਕਰ ਰਿਹਾ।” 23 ਮਈ ਨੂੰ “ਇੰਡੀਅਨ ਹੈਂਡਲਰ” ਨੇ ਗੁਪਤੇ ਨੂੰ ਮੁੜ ਭਰੋਸਾ ਦਿਵਾਇਆ ਕਿ “ਬੌਸ ਨਾਲ ਤੇਰੇ ਗੁਜਰਾਤ ਵਾਲੇ ਕੇਸ ਸਬੰਧੀ ਗੱਲ ਹੋ ਗਈ ਹੈ” ਅਤੇ “ਸਭ ਕੁਝ ਕਲੀਅਰ” ਹੈ ਤੇ “ਕੋਈ ਵੀ ਤੈਨੂੰ ਦੁਬਾਰਾ ਪ੍ਰੇਸ਼ਾਨ ਨਹੀਂ ਕਰੇਗਾ।” ਇੰਡੀਅਨ ਹੈਂਡਲਰ ਨੇ ਉਸ ਦੀ “ਡੀ.ਸੀ.ਪੀ.” (ਜ਼ਾਹਿਰ ਹੈ ਗੁਜਰਾਤ ਪੁਲਿਸ ਦੇ ਕਿਸੇ ਡੀ.ਸੀ.ਪੀ.) ਨਾਲ ਮੀਟਿੰਗ ਕਰਾਉਣ ਦੀ ਪੇਸ਼ਕਸ਼ ਵੀ ਕੀਤੀ।
ਭਾਰਤ ਦਾ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਕਹਿੰਦਾ ਰਿਹਾ ਹੈ ਕਿ ਕੈਨੇਡਾ ਸਰਕਾਰ ਠੋਸ ਸਬੂਤ ਪੇਸ਼ ਕਰੇ, ਭਾਰਤ ਸਰਕਾਰ ਉਨ੍ਹਾਂ ਦੇ ਆਧਾਰ `ਤੇ ਕਾਰਵਾਈ ਕਰੇਗੀ। ਹੁਣ ਨਿੱਜਰ ਦੇ ਕਤਲ ਦੇ ਸ਼ੇਅਰ ਕੀਤੇ ਵੀਡੀਓ ਕਲਿੱਪ ਸਮੇਤ ਇਲੈਕਟਰਾਨਿਕਸ ਸਬੂਤ ਅਤੇ ਤਫ਼ਤੀਸ਼ `ਚ ਸਾਹਮਣੇ ਆਏ ਸਾਜ਼ਿਸ਼ ਦੇ ਕੱਚੇ ਚਿੱਠਿਆਂ ਸਮੇਤ ਕਾਫ਼ੀ ਕੁਝ ਬਤੌਰ ਸਬੂਤ ਪੇਸ਼ ਹੋ ਗਿਆ ਹੈ। ਕੀ ਹੁਣ ਵੀ ਭਾਰਤ ਸਰਕਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਅਧਿਕਾਰਕ ਤੌਰ `ਤੇ ਲਾਏ ਦੋਸ਼ਾਂ ਨੂੰ “ਬੇਹੂਦਾ ਅਤੇ ਹਿਤਾਂ ਤੋਂ ਪ੍ਰੇਰਿਤ” ਕਰਾਰ ਦੇ ਕੇ ਜਾਂਚ `ਚ ਸਹਿਯੋਗ ਕਰਨ ਤੋਂ ਇਨਕਾਰ ਕਰਨਾ ਚਾਹੇਗੀ?
ਇਸ ਮੁਹਿੰਮ ਪਿੱਛੇ ਅਮਰੀਕਨ ਹਕੂਮਤ ਦੀਆਂ ਗਿਣਤੀਆਂ-ਮਿਣਤੀਆਂ ਭਾਵੇਂ ਕੁਝ ਵੀ ਹੋਣ ਪਰ ਉਨ੍ਹਾਂ ਨੇ ਇਸ ਸਾਜ਼ਿਸ਼ ਨੂੰ ਗੰਭੀਰਤਾ ਨਾਲ ਲੈ ਕੇ ਮੁਕੱਦਮੇ ਦੇ ਪੜਾਅ `ਤੇ ਪਹੁੰਚਾ ਦਿੱਤਾ ਹੈ। ਕੀ ਟਰੂਡੋ ਸਰਕਾਰ ਵੀ ਉਨ੍ਹਾਂ ‘ਭਰੋਸੇਯੋਗ ਸਬੂਤਾਂ` ਨੂੰ ਆਧਾਰ ਬਣਾ ਕੇ ਅੱਗੇ ਵਧੇਗੀ ਜਿਨ੍ਹਾਂ ਦਾ ਦਾਅਵਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ `ਚ ਕੀਤਾ ਸੀ? ਕੀ ਉਹ ਵੀ ਜਾਂਚ ਨੂੰ ਮੁਕੱਦਮੇ ਦੇ ਅੰਜਾਮ ਤੱਕ ਲਿਜਾਣਗੇ?
ਇੰਝ ਅਮਰੀਕਾ, ਕੈਨੇਡਾ ਅਤੇ ਪਾਕਿਸਤਾਨ `ਚ ਰਹਿ ਰਹੇ ‘ਭਾਰਤ ਵਿਰੋਧੀਆਂ` ਨੂੰ ਮਾਰਨ ਦੀ ਸਾਜ਼ਿਸ਼ ਦੀਆਂ ਕੜੀਆਂ ਜੁੜਨ ਨਾਲ ਹਾਲ ਦੀ ਘੜੀ ਸੰਘ ਬ੍ਰਿਗੇਡ ਨੂੰ ‘ਘਰ ਮੇਂ ਘੁਸ ਕੇ ਮਾਰੇਂਗੇ` ਦੀ ਇਜ਼ਰਾਇਲੀ ਤਰਜ਼ ਦੀ ਮਾਅਰਕੇਬਾਜ਼ੀ ਪੁੱਠੀ ਪੈ ਗਈ ਹੈ। ਇਸ ਨੇ ਮੋਦੀ ਦੀ ਅਮਰੀਕਾ ਨਾਲ ਦੋਸਤੀ ਦੀ ਖੀਰ ਉੱਪਰ ਸੁਆਹ ਧੂੜ ਦਿੱਤੀ ਹੈ। ਅਮਰੀਕਨ ਮੁਕੱਦਮਾ ਪੱਖ ਇਨ੍ਹਾਂ ਦੋਸ਼ਾਂ ਨੂੰ ਨਿਖਿਲ ਗੁਪਤਾ ਨੂੰ ਕਟਿਹਰੇ `ਚ ਖੜ੍ਹਾ ਕਰਨ ਤੱਕ ਸੀਮਤ ਰੱਖ ਕੇ ਚੁੱਪ ਧਾਰ ਲੈਂਦਾ ਹੈ ਜਾਂ “ਇੰਡੀਅਨ ਹੈਂਡਲਰ” ਵਰਗੇ ਹੋਰ ਚਿਹਰੇ ਨੰਗੇ ਕਰਨ ਲਈ ਦੋਸ਼ਾਂ ਨੂੰ ਅੱਗੇ ਵਧਾਉਂਦਾ ਹੋਇਆ ਉਨ੍ਹਾਂ ਨੂੰ ਅਦਾਲਤ ਵਿਚ ਬੁਲਾਉਂਦਾ ਹੈ, ਇਹ ਅਮਰੀਕਨ ਹੁਕਮਰਾਨਾਂ ਦੀਆਂ ਭੂਗੋਲਿਕ-ਰਾਜਨੀਤਕ ਗਿਣਤੀਆਂ-ਮਿਣਤੀਆਂ ਉੱਪਰ ਨਿਰਭਰ ਕਰੇਗਾ।