ਧੁੱਗਾ ਗੁਰਪ੍ਰੀਤ ਦੀ ਕਿਤਾਬ ‘ਚਾਲੀ ਦਿਨ’

ਆਤਮਜੀਤ
ਮੇਰਾ ਵਹਿਮ-ਭਰਮ ਵਿਚ ਕੋਈ ਵਿਸ਼ਵਾਸ ਨਹੀਂ, ਪਰ ਏਨਾ ਕੁ ਜ਼ਰੂਰ ਜਾਣਦਾ ਹਾਂ ਕਿ ਵਹਿਮ-ਭਰਮ ਬਣਨ ਤੋਂ ਪਹਿਲਾਂ ਉਨ੍ਹਾਂ ਵਿਚਾਰਾਂ ਦਾ ਸਿੱਧਾ ਜਾਂ ਅਸਿੱਧਾ ਵਿਗਿਆਨਕ ਆਧਾਰ ਜ਼ਰੂਰ ਹੁੰਦਾ ਹੈ। ਅਸੀਂ ਬਹੁਤੀ ਵਾਰ ਆਧਾਰ ਨੂੰ ਪਰ੍ਹਾਂ ਧੱਕ ਕੇ ਉਸ ਦੁਆਲੇ ਅੰਧ-ਵਿਸ਼ਵਾਸ ਦੀਆਂ ਦੀਵਾਰਾਂ ਖੜ੍ਹੀਆਂ ਕਰ ਲੈਂਦੇ ਹਾਂ

ਅਤੇ ਆਪ ਘਿਰ ਜਾਂਦੇ ਹਾਂ। ਚਾਲੀ ਦਿਨਾਂ ਦਾ ਇਹ ਖ਼ਿਆਲ ਬਚਪਨ ਤੋਂ ਮੇਰੇ ਅੰਗ-ਸੰਗ ਹੈ ਕਿਉਂਕਿ ਮੈਂ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਵਿਚ ਸੁੱਖੇ ਜਾਂਦੇ ਚਲੀਏ ਅਤੇ ਉਸ ਨਾਲ ਜੁੜੇ ਭਰਮਾਂ ਤੋਂ ਭਲੀ-ਭਾਂਤ ਜਾਣੂੰ ਹਾਂ। ਫ਼ਿਰ ਸਕੂਲ ਤੇ ਕਾਲਜ ਨੇ ਚਿਲਾ ਜਾਂ ਛਿਲਾ ਸ਼ਬਦ ਦੀ ਬਹੁਤ ਯਾਤਰਾ ਕਰਵਾਈ। ਡਾਕਟਰ ਧੁੱਗਾ ਨਾਲ ਗੱਲ ਹੋਈ ਤਾਂ ਉਸ ਨੇ ਵੀ ਇਸ ਵਿਚਾਰ ਦੇ ਲਗਪਗ ਸਰਵ-ਵਿਆਪਕ ਹੋਣ ਦਾ ਚਰਚਾ ਕੀਤਾ। ਪਰ ਹੁਣ ਜਦ ਮੈਂ ਚਾਲੀ ਦਿਨ ਦੀ ਮੈਡੀਕਲ ਪਿੱਠਭੂਮੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਹੋਰ ਵੀ ਮਹੱਤਵਪੂਰਨ ਜਾਣਕਾਰੀ ਮਿਲ ਰਹੀ ਹੈ।।
ਕਰੋਨਾ ਦੇ ਦਿਨਾਂ ਵਿਚ ਪ੍ਰਚੱਲਿਤ ਹੋਇਆ ਕੁਆਰਨਟਾਈਨ ਅੱਜ-ਕਲ੍ਹ ਸਾਡਾ ਜਾਣਿਆ-ਪਛਾਣਿਆ ਸ਼ਬਦ ਹੈ। ਜਦੋਂ ਮੱਧਕਾਲ ਦੌਰਾਨ ਯੂਰਪ ਵਿਚ ਬਿਊਬੌਨਿਕ ਪਲੇਗ ਫ਼ੈਲੀ ਤਾਂ ਬਾਹਰੋਂ ਆਉਣ ਵਾਲੇ ਸਮੁੰਦਰੀ ਬੇੜਿਆਂ ਨੂੰ ਬੰਦਰਗਾਹ ‘ਤੇ ਇਕ ਅਲਹਿਦਾ ਜਗ੍ਹਾ ‘ਤੇ ਖੜਾ ਕੀਤਾ ਜਾਂਦਾ ਸੀ। ਸ਼ਬਦ ਕੁਆਰਨਟਾਈਨ ਉਸ ਸਮੇਂ ਵੀ ਵਰਤਿਆ ਗਿਆ ਸੀ। ਇਹ ਇਟਲੀ ਦੀ ਇਕ ਬੋਲੀ ਦੇ ਦੋ ਸ਼ਬਦਾਂ ‘ਕੁਆਰੰਟਾ ਗਿਓਰਨੀ (ਤੁਅਰਅਨਟਅ ਗiੋਰਨi) ਉੱਤੇ ਆਧਾਰਿਤ ਹੈ ਜਿਸਦਾ ਅਰਥ ਹੈ ਚਾਲੀ ਦਿਨ। ਇਵੇਂ ਹੀ ਔਰਤ ਦੇ ਗਰਭ ਦਾ ਸਮਾਂ ਅਸਲ ਵਿਚ ਚਾਲੀ ਹਫ਼ਤੇ ਹੈ ਜਿਸਨੂੰ ਅਸੀਂ ਨੌਂ ਮਹੀਨੇ ਕਹਿ ਲੈਂਦੇ ਹਾਂ। ਜਿਹੜੇ ਬੱਚੇ 9 ਮਹੀਨੇ ਜਾਂ ਉਸਤੋਂ ਪਹਿਲਾਂ ਪੈਦਾ ਹੁੰਦੇ ਹਨ, ਉਨ੍ਹਾਂ ਨੂੰ ਕਈ ਕਿਸਮ ਦੀਆਂ ਬੀਮਾਰੀਆਂ ਹੁੰਦੀਆਂ ਹਨ ਅਤੇ ਇਸੇ ਕਰਕੇ ‘ਨਿਓ ਨੈਟਲ ਇੰਟੈਂਸਿਵ ਯੂਨਿਟ’ ਵਿਚ ਰੱਖਣਾ ਪੈਂਦਾ ਹੈ। ਭਾਰਤ ਸਮੇਤ ਲਗਪਗ ਸਾਰੇ ਪੂਰਬੀ ਸਭਿਆਚਾਰਾਂ ਵਿਚ ਜਨਮ ਤੋਂ ਬਾਅਦ ਜੱਚਾ-ਬੱਚਾ ਦੋਹਾਂ ਨੂੰ ਲਗਪਗ 40 ਦਿਨ ਲਈ ਵਿਸ਼ੇਸ਼ ਇਹਤਿਆਤ ਵਰਤਣ ਲਈ ਕਿਹਾ ਜਾਂਦਾ ਹੈ। ਪੰਜਾਬ ਦਾ ਸਵਾ ਮਹੀਨਾ ਇਨ੍ਹਾਂ ਚਾਲੀ ਦਿਨਾਂ ਦਾ ਹੀ ਲਖਾਇਕ ਹੈ। ਗੁਆਟੇਮਾਲਾ, ਚੀਨ, ਜਾਰਡਨ, ਲੈਬਨਾਨ, ਮਿਸਰ ਵਰਗੇ ਮੱਧ ਪੂਰਬੀ ਮੁਲਕਾਂ ਅਤੇ ਮੈਕਸੀਕੋ ਦੇ ਕੁਝ ਸਭਿਆਚਾਰਾਂ ਵਿਚ ਚਾਲੀ ਦਿਨ ਦਾ ਇਹੋ ਮਹੱਤਵ ਹੈ। ਪੱਛਮੀ ਧਰਮਾਂ ਵਿਚ ਵੀ ਚਾਲੀ ਦਿਨ ਦਾ ਜ਼ਿਕਰ ਕਿਸੇ ਨਾ ਕਿਸੇ ਤਰ੍ਹਾਂ ਆ ਜਾਂਦਾ ਹੈ। ਯਸੂ ਨੇ ਚਾਲੀ ਦਿਨ ਦਾ ਵਰਤ ਰੱਖਿਆ, ਯਹੂਦੀ ਚਾਲੀ ਦਿਨ ਮਾਰੂਥਲ ਵਿਚ ਭਟਕਦੇ ਰਹੇ। ਦਰਅਸਲ 40 ਦਿਨ ਕਿਸੇ ਵਿਸ਼ੇਸ਼ ਪਰਿਵਰਤਨ, ਪਰਿਪੱਕਤਾ ਜਾਂ ਰੂਪਾਂਤਰਣ ਵੱਲ ਇਸ਼ਾਰਾ ਕਰਦੇ ਹਨ। ਇਸੇ ਲਈ ਸਾਡੇ ਲੋਕ-ਮਨ ਵਿਚ ਚਾਲੀ ਦਾ ਡੂੰਘਾ ਮਹੱਤਵ ਹੈ।
ਮੈਂ ਧੁੱਗਾ ਦੀ ਪੁਸਤਕ ‘ਚਾਲੀ ਦਿਨ’ ਨੂੰ ਇਸੇ ਪਰਿਵਰਤਨ, ਪਰਿਪੱਕਤਾ ਜਾਂ ਰੂਪਾਂਤਰਣ ਦੇ ਅਰਥਾਂ ਵਿਚ ਦੇਖਦਾ ਹਾਂ। ਉਸ ਦੁਆਰਾ ਆਪਣੀ ਰਚਨਾ ਨੂੰ ਦੂਸਰਾ ਨਾਂ ਦਿੱਤਾ ਗਿਆ ਹੈ: ‘ਦਸਤਾਵੇਜ਼-ਏ-ਜ਼ਿੰਦਗੀ’। ਉਸਨੇ ਸਭ ਤੋਂ ਵੱਧ ਇਹ ਗੱਲ ਉਭਾਰੀ ਹੈ ਕਿ ਜਦੋਂ ਬੰਦਾ ਮੁਸੀਬਤ ਵਿਚ ਹੋਵੇ ਉਸਨੂੰ ਕੁਝ ਵੀ ਹੋਰ ਕਰਨ ਤੋਂ ਪਹਿਲਾਂ ਜਾਗ੍ਰਿਤ ਹੋਣ ਦੀ ਲੋੜ ਹੈ। ਲੇਖਕ ਨੇ ਲੋਕ-ਧਾਰਾ ਵਿਚ ਪ੍ਰਚਲਿਤ ਕਥਾ-ਕਹਾਣੀਆਂ ਰਾਹੀਂ ਅਤੇ ਫ਼ਕੀਰ ਤੇ ਕੇਸਰ ਦੇ ਵਾਰਤਾਲਾਪਾਂ ਦੁਆਰਾ ਚਾਲੀ ਦਿਨਾਂ ਦੀ ਯਾਤਰਾ ਦੌਰਾਨ ਆਪਣੇ ਪਾਠਕ ਨੂੰ ਜ਼ਿੰਦਗੀ ਨਾਲ ਜੋੜਿਆ ਹੈ ਅਤੇ ਸਾਰਥਕ ਰੂਪ ਵਿਚ ਜਾਗਰਿਤ ਹੋਣ ਦਾ ਸੰਦੇਸ਼ ਬੁਣਿਆ ਹੈ। ਪ੍ਰਕਾਸ਼ਕ ਨੇ ਇਸ ਪੁਸਤਕ ਨੂੰ ਨਾਵਲ ਦੀ ਸ਼੍ਰੇਣੀ ਵਿਚ ਰੱਖਿਆ ਹੈ, ਜਦੋਂ ਕਿ ਲੇਖਕ ਨੇ ਇਸਨੂੰ ਯਾਤਰਾ ਦਾ ਨਾਂ ਦਿੱਤਾ ਹੈ। ਮੇਰੀ ਰਾਏ ਵਿਚ ਇਹ ਨਾ ਨਾਵਲ ਹੈ ਤੇ ਨਾ ਹੀ ਯਾਤਰਾ-ਪੁਸਤਕ ਕਿਉਂਕਿ ਇਸ ਵਿਚ ਕਥਾਨਕ ਅਤੇ ਪਾਤਰ ਉਸਾਰੀ ਦਾ ਸਿਰਫ਼ ਝਉਲਾ ਹੈ ਤੇ ਪੰਜਾਬ ਤੋਂ ਬੀਕਾਨੇਰ ਤਕ ਪੈਦਲ ਜਾਂਦਿਆਂ ਬਦਲਦੇ ਲੈਂਡਸਕੇਪ ਦਾ ਹਲਕਾ ਜਿਹਾ ਇਸ਼ਾਰਾ। ਦਰਅਸਲ, ਇਹ ਸਿਰਜਣਾਤਮਕ ਵਾਰਤਕ ਦਾ ਉੱਤਮ ਨਮੂਨਾ ਹੈ ਜਿਹੜਾ ਲਗਪਗ ਹਰ ਵਰਗ ਦੇ ਪਾਠਕ ਨੂੰ ਆਪਣੇ ਨਾਲ ਜੋੜਨ ਦੇ ਸਮਰੱਥ ਹੈ।
ਇਸ ਵਾਰਤਕ ਦਾ ਇਕ ਮੰਤਵ ਜ਼ਿੰਦਗੀ ਦੇ ਰਹੱਸ ਨੂੰ ਲੋਕ-ਪੱਧਰ ਉੱਤੇ ਸਮਝਣਾ-ਸਮਝਾਉਣਾ ਹੈ। ਜੀਵਨ ਵਿਚ ਕੁਝ ਵੀ ਸਰਲ-ਸਪਾਟ ਨਹੀਂ ਹੈ। ਇਸ ਵਿਚ ਮੁਸ਼ਕਲਾਂ, ਰੁਕਾਵਟਾਂ, ਦੁੱਖ, ਪਰੇਸ਼ਾਨੀਆਂ, ਸਦਮੇ ਜਾਂ ਵਿਗੋਚੇ ਹਨ ਜਿਨ੍ਹਾਂ ਨਾਲ ਬੰਦੇ ਨੂੰ ਸੰਘਰਸ਼ ਕਰਨਾ ਪੈਂਦਾ ਹੈ। ਇਸ ਪੁਸਤਕ ਦਾ ਨਾਵਲੀ ਅੰਸ਼ ਇਹ ਵੀ ਦੱਸਦਾ ਹੈ ਕਿ ਬੰਦੇ ਨੂੰ ਆਪਣੀਆਂ ਅਧੂਰੀਆਂ ਇੱਛਾਵਾਂ ਨਾਲ ਵੀ ਲੜਨਾ ਪੈਂਦਾ ਹੈ। ਲੇਖਕ ਆਪਣੇ ਅੱਧ-ਚਿਤਰੇ ਪਾਤਰਾਂ ਦੀ ਕਿਸੇ ਅਚੇਤ ਪੱਧਰ `ਤੇ ਲੁਕਣਮੀਚੀ ਦਿਖਾ ਰਿਹਾ ਹੈ। ਜੀਤੀ ਖ਼ਿਆਲਾਂ ਵਿਚ ਸਦਾ ਸਾਹਮਣੇ ਹੈ ਪਰ ਹਕੀਕਤਨ ਨਜ਼ਰਾਂ ਤੋਂ ਉਹਲੇ। ਸਾਰੀ ਪੁਸਤਕ ਵਿਚ ਕੇਸਰ ਜੀਤੀ ਨਾਲ ਰੁਮਾਂਸ ਦੀ ਲੁਕਣਮੀਚੀ ਖੇਡਦਾ ਹੈ। ਰੌਲਿਆਂ ਦੌਰਾਨ ਅਸੀਂ ਪੰਜਾਬੀਆਂ ਨੇ ਆਪਣੀਆਂ ਧੀਆਂ-ਭੈਣਾਂ ਜੇਹੀਆਂ ਕੁੜੀਆਂ ਉਧਾਲੀਆਂ। ਕੇਸਰ ਦੀ ਭੈਣ ਤਾਰੋ ਨੂੰ ਵੀ ਕੋਈ ਚੁੱਕ ਕੇ ਲੈ ਗਿਆ ਤੇ ਕਹਿ ਗਿਆ ਸੀ ਕਿ ਜੇ ਵਾਪਸ ਚਾਹੀਦੀ ਏ ਤਾਂ ਉਨ੍ਹਾਂ ਦੀਆਂ ਕੁੜੀਆਂ ਮੋੜ ਦੇਵੋ। ਇਹ ਰਾਜਨੀਤਕ ਤੇ ਧਾਰਮਿਕ ਸੰਕੀਰਨਤਾ ਦੀ ਲੁਕਣਮੀਚੀ ਸੀ। ਕੇਸਰ ਦੀ ਮਾਂ ਵਿਚ ਲੁਕਣਮੀਚੀ ਖੇਡਣ ਦੀ ਤਾਕਤ ਨਹੀਂ ਸੀ, ਕੁੜੀ ਦੇ ਗ਼ਮ ਨੇ ਉਹਦੀ ਜਾਨ ਲੈ ਲਈ। ਉਸਦੇ ਬਾਪ ਨੇ ਆਰਥਿਕਤਾ ਦੀ ਲੁਕਣਮੀਚੀ ਖੇਡੀ। ਸਸਤੀ ਜ਼ਮੀਨ ਖ਼ਰੀਦਣ ਲਈ ਬੀਕਾਨੇਰ ਗਿਆ ਸੀ ਪਰ ਪਰਤਿਆ ਨਹੀਂ। ਕੇਸਰ ਨੂੰ ਉਹ ਖ਼ਿਆਲਾਂ ਵਿਚ ਬੁਲਾਉਂਦਾ ਹੈ ਅਤੇ ਉਹ ਬਾਪ ਨੂੰ ਲੱਭਣ ਤੁਰ ਪੈਂਦਾ ਹੈ। ਇਹ ਨਾਤਿਆਂ ਦੀ ਲੁਕਣਮੀਚੀ ਹੈ। ਰਾਸ਼ਟਰਵਾਦ ਦੀ ਭਿਆਨਕ ਲੁਕਣਮੀਚੀ ਦਾ ਵੀ ਜ਼ਿਕਰ ਹੈ ਜਦੋਂ ਇਕ ਫ਼ੌਜੀ ਜੰਗ ਵਿਚ ਮਰ ਰਹੇ ਮਿੱਤਰ ਫ਼ੌਜੀ ਕੋਲ ਜਾਂਦਾ ਹੈ। ਪਿਤਾ ਨੂੰ ਲੱਭਣ ਤੁਰਿਆ ਕੇਸਰ ਆਪਣੀ ਬੇਬੇ ਨਾਲ ਲੁਕਣਮੀਚੀ ਖੇਲ੍ਹ ਰਿਹਾ ਹੈ ਜਿਸਨੇ ਉਸਨੂੰ ਪਾਲਿਆ ਸੀ। ਇਵੇਂ ਹੀ ਕੇਸਰ ਦਾ ਕੁੱਤਾ ਅਤੇ ਫ਼ਕੀਰ ਦਾ ਕੁੱਤਾ ਵੀ ਉਨ੍ਹਾਂ ਕੋਲੋਂ ਵਿੱਛੜ ਜਾਂਦੇ ਹਨ। ਫ਼ਕੀਰ ਖ਼ੁਦ ਵੀ ਕਿਸੇ ਸਟੇਸ਼ਨ `ਤੇ ਪਾਣੀ ਲੈਣ ਉਤਰਿਆ ਸੀ ਤੇ ਫ਼ਸਾਦੀਆਂ ਨੇ ਗੱਡੀ ਸਾੜ ਦਿੱਤੀ। ਉਸਦਾ ਟੱਬਰ ਸਦਾ ਲਈ ਲੁਕ ਗਿਆ ਤੇ ਹੁਣ ਉਹ ਦੁਨੀਆਂ ਨੂੰ ਘੁੰਮ-ਫਿਰ ਕੇ ਲੋਕਾਈ ਨੂੰ ਲੱਭ ਰਿਹਾ ਹੈ। ਇਵੇਂ ਹੀ ਰੱਬ ਵੀ ਬੰਦੇ ਕੋਲੋਂ ਲੁਕਿਆ ਹੋਇਆ ਹੈ ਹਾਲਾਂਕਿ ਉਹ ਉਸਦੇ ਅੰਦਰ ਹੀ ਹੈ।
ਕਿਤਾਬ ਪੜ੍ਹਦਿਆਂ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਹੈ ਕਿ ਇਹ ਲੁਕਣਮੀਚੀ ਹੀ ਜ਼ਿੰਦਗੀ ਦਾ ਅਮਰ ਸੱਚ ਹੈ। ਹਰ ਮੋੜ `ਤੇ ਕੁਝ ਲੁਕਿਆ ਹੋਇਆ ਹੈ ਜਿਸਨੂੰ ਲੱਭਣ ਦੀ ਤਾਂਘ ਹੈ। ਲੁਕੀ ਵਸਤ ਲੱਭੇ ਨਾ ਲੱਭੇ, ਪਰ ਖੋਜਣ ਦੀ ਤਾਂਘ `ਚ ਜੀਵਨ ਦੇ ਅਰਥ ਲੁਕੇ ਹੋਏ ਹਨ। ਪੁਸਤਕ ਦੇ ਆਰੰਭ ਵਿਚ ਕਿਸੇ ਕਥਾ ਵਿਚ ਸੱਚ ਦੇ ਲੁਕੇ ਹੋਣ ਵਾਲੀ ਗੱਲ ਬਹੁਤ ਮੁੱਲਵਾਨ ਹੈ। ਜਿਵੇਂ ਕਹਾਣੀਆਂ ਕਿਸੇ ਨੰਗੇ ਸੱਚ ਨੂੰ ਆਪਣੇ ਅੰਦਰ ਸਾਂਭ ਕੇ ਬੈਠੀਆਂ ਹੁੰਦੀਆਂ ਹਨ ਉਸੇ ਤਰ੍ਹਾਂ ਜੀਵਨ ਦੇ ਬਾਕੀ ਸੱਚ ਵੀ ਸਾਨੂੰ ਏਧਰ-ਓਧਰ ਲੁਕੇ ਹੋਏ ਮਿਲਦੇ ਹਨ। ਜੇਕਰ ਉਪਰੋਕਤ ਲੁਕਣਮੀਚੀ ਵਿਚ ਲੱਭਣ ਵਾਲਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਤਾਂ ਇਹ ਪੁਸਤਕ ਬਹੁਤ ਸਾਧਾਰਨ ਪੱਧਰ ਦੀ ਹੁੰਦੀ। ਉਸਦਾ ਮਹੱਤਵ ਏਨਾ ਕੁ ਹੋਣਾ ਸੀ ਕਿ ਕੋਸ਼ਿਸ਼ ਕੀਤਿਆਂ ਸਭ ਕੁਝ ਮਿਲ ਜਾਂਦਾ ਹੈ; ਇਹ ਵਿਸ਼ਾ ਤਾਂ ਅਨੇਕਾਂ ਪੁਸਤਕਾਂ ਨੇ ਪਹਿਲਾਂ ਨਜਿੱਠਣ ਦੀ ਕੋਸ਼ਿਸ਼ ਕੀਤੀ ਹੋਈ ਹੈ! ਪਰ ‘ਚਾਲੀ ਦਿਨ’ ਦਾ ਮਹੱਤਵ ਇਸ ਤੋਂ ਡੂੰਘੇਰਾ ਹੈ। ਲੇਖਕ ਸਾਨੂੰ ਇਹ ਸਮਝਾਉਣਾ ਚਾਹੁੰਦਾ ਹੈ ਕਿ ਕਿਸੇ ਵੀ ਟੀਚੇ ਦੀ ਪ੍ਰਾਪਤੀ ਨਾਲੋਂ ਕਿਤੇ ਵੱਧ ਰੋਚਕ ਅਤੇ ਸਿੱਖਿਆਦਾਇਕ ਹਨ ਉਸਦੀ ਪ੍ਰਾਪਤੀ ਵਾਸਤੇ ਕੀਤੇ ਯਤਨ। ਯਤਨਸ਼ੀਲ ਹੋਣਾ ‘ਦਾਸਤਾਨ ਏ ਜ਼ਿੰਦਗੀ’ ਹੈ। ਇਹ ਪ੍ਰੇਰਨਾ ਦੇਣਾ ਧੁੱਗਾ ਦਾ ਅਸਲ ਮਨੋਰਥ ਪ੍ਰਤੀਤ ਹੁੰਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਕਈ ਵਾਰ ਸਭ ਕੁਝ ਕਰਦਿਆਂ ਵੀ ਸਾਡੇ ਨਜ਼ਰੀਏ ਵਿਚ ਕਾਣ ਹੁੰਦੀ ਹੈ। ਸਾਡੇ ਯਤਨਾਂ ਵਿਚ ਪਦਾਰਥ ਦੀ ਪ੍ਰਾਪਤੀ ਦਾ ਸੁਪਨਾ ਜ਼ਿਆਦਾ ਭਾਰੂ ਹੈ। ਜਦੋਂ ਪਦਾਰਥ ਅਤੇ ਨਿਜੀ ਮੋਹ ਸੁਪਨਿਆਂ ਦੀ ਸੀਮਾ ਬਣ ਜਾਣ ਤਾਂ ਕਿਸੇ ਵੀ ਕਿਸਮ ਦੀ ਪ੍ਰਾਪਤੀ ਉਸ ਪਰਿਵਰਤਨ, ਪਰਿਪੱਕਤਾ ਜਾਂ ਰੂਪਾਂਤਰਣ ਦੀ ਸਿਰਜਣਾ ਨਹੀਂ ਕਰਦੀ, ਜਿਸ ਨਾਲ ਰੂਹਾਨੀ ਤ੍ਰਿਪਤੀ ਹੁੰਦੀ ਹੈ। ਇਹ ਰੂਹਾਨੀ ਤ੍ਰਿਪਤੀ ਧਾਰਮਿਕ ਆਨੰਦ ਤੋਂ ਉੱਪਰ ਹੈ। ਇਸੇ ਲਈ ਧੁੱਗਾ ਇਸ ਰਚਨਾ ਵਿਚ ਅਨੇਕ ਨਿੱਕੀਆਂ-ਨਿੱਕੀਆਂ ਕਹਾਣੀਆਂ ਗੁੰਦਦਾ ਹੈ ਜਿਹੜੀਆਂ ਕਿ ਵੱਖ-ਵੱਖ ਧਾਰਮਿਕ, ਸਾਹਿਤਕ ਅਤੇ ਸਭਿਆਚਾਰਕ ਸ੍ਰੋਤਾਂ ਤੋਂ ਲਈਆਂ ਗਈਆਂ ਹਨ। ਉਹ ਸਾਡੇ ਨਜ਼ਰੀਏ ਵਿਚ ਜ਼ਰਾ ਕੁ ਸੋਧ ਮੰਗਦਾ ਹੈ। ਉਸ ਅਨੁਸਾਰ ਜੇ ਪਰਛਾਵੇਂ ਦੇ ਰਹੱਸ ਨੂੰ ਸਮਝਣਾ ਹੈ ਤਾਂ ਸਾਨੂੰ ਆਪਣਾ ਮੂੰਹ ਮੋੜ ਲੈਣ ਦੀ ਜਾਚ ਆਉਣੀ ਚਾਹੀਦੀ ਹੈ। ਅੰਤਿਮ ਸੱਚ ਕੁਝ ਵੀ ਨਹੀਂ ਹੁੰਦਾ; ਜਦੋਂ ਦੁਨੀਆਂ ਦੇ ਕਿਸੇ ਹਿੱਸੇ ਵਿਚ ਸੂਰਜ ਡੁੱਬਦਾ ਹੈ ਤਾਂ ਦੂਸਰੇ ਵਿਚ ਚੜ੍ਹ ਰਿਹਾ ਹੁੰਦਾ ਹੈ। ਉਸ ਅਨੁਸਾਰ “ਅੱਖਾਂ ਜੰਮਦਿਆਂ ਦੇਖਣ ਲਗਦੀਆਂ ਹਨ, ਪਰ ਉਨ੍ਹਾਂ ਨੂੰ ਖੁਲ੍ਹਦਿਆਂ ਜਨਮ ਲੱਗ ਜਾਂਦੇ ਹਨ।” ਧੁੱਗਾ ਦੀ ਕੋਸ਼ਿਸ਼ ਹੈ ਕਿ ਉਸਦੇ ਪਾਠਕ ਦੀਆਂ ਅੱਖਾਂ ਪਹਿਲਾਂ ਖੁੱਲ੍ਹ ਜਾਣ।
ਜ਼ਿੰਦਗੀ ਨੂੰ ਸਾਰਥਕਤਾ ਨਾਲ ਜੀਣ ਵਾਸਤੇ ਉਹ ਆਪਣੀ ਪੁਸਤਕ ਵਿਚ ਫ਼ਕੀਰੀ ਦਾ ਮਾਡਲ ਘੜਦਾ ਹੈ। ਉਹ ਸੂਫ਼ੀ ਦਰਵੇਸ਼ਾਂ ਦੇ ਨ੍ਰਿਤ ਦੀ ਗੱਲ ਕਰਦਿਆਂ ਫ਼ਕੀਰ ਦਾ ਇਕ ਹੱਥ ਧਰਤੀ ਵੱਲ ਅਤੇ ਦੂਸਰਾ ਆਕਾਸ਼ ਵੱਲ ਹੋਣ ਦੀ ਮਿਸਾਲ ਦੇਂਦਾ ਹੈ। ਰੱਬ ਦੀ ਸ੍ਰਿਸ਼ਟੀ ਸਰਲ ਸੀ, ਬੰਦੇ ਨੇ ਉਸਨੂੰ ਗੁੰਝਲਦਾਰ ਬਣਾ ਦਿੱਤਾ ਹੈ; ਫ਼ਕੀਰ ਗੁੰਝਲਾਂ ਖੋਲ੍ਹਦਾ ਹੈ। ਦੁਨੀਆਂ ਵਿਚ ਘਟਨਾਵਾਂ ਤੇ ਦੁਰਘਟਨਾਵਾਂ ਵਾਪਰਦੀਆਂ ਰਹਿਣਗੀਆਂ; ਆਮ ਬੰਦਾ ਉਨ੍ਹਾਂ ਉੱਤੇ ਤਿੱਖੀ ਪ੍ਰਤੀਕਿਰਿਆ ਦੇਂਦਾ ਹੈ ਪਰ ਫ਼ਕੀਰ ਸ਼ਾਂਤ ਰਹਿੰਦਾ ਹੈ। ਜ਼ਰੂਰੀ ਨਹੀਂ ਜੇ ਆਮਦਨ ਦੀ ਇਕੱਲੀ ਸ੍ਰੋਤ ਗਾਂ ਚੋਰੀ ਹੋ ਜਾਵੇ ਤਾਂ ਜ਼ਿੰਦਗੀ ਖ਼ਤਮ ਹੋ ਜਾਂਦੀ ਹੈ; ਬਲਕਿ ਤੁਸੀਂ ਯਤਨਸ਼ੀਲ ਵੀ ਬਣ ਸਕਦੇ ਹੋ। ਅਮੀਰ ਰਾਜਾ ਮੁਹਰਾਂ ਵੰਡਦਾ ਹੈ, ਆਮ ਬੰਦਾ ਕਤਾਰ ਵਿਚ ਖੜ ਕੇ ਉਤਸੁਕਤਾ ਵਿਚ ਚਿੰਤਾ ਕਰਦਾ ਹੈ ਕਿ ਕਿਧਰੇ ਉਸਦੇ ਪਹੁੰਚਣ ਤੋਂ ਪਹਿਲਾਂ ਮੁਹਰਾਂ ਖ਼ਤਮ ਨਾ ਹੋ ਜਾਣ। ਫ਼ਕੀਰ ਵੀ ਕਤਾਰ ਵਿਚ ਹੈ ਪਰ ਉਹ ਆਪਣੀ ਵਾਰੀ ਦੂਜਿਆਂ ਨੂੰ ਵੰਡਦਾ ਜਾ ਰਿਹਾ ਹੈ। ਇਸੇ ਕਾਰਨ ਉਹ ਰਾਜੇ ਤੋਂ ਵੱਧ ਅਮੀਰ ਹੈ। ਤੇ ਸਭ ਤੋਂ ਵੱਡੀ ਗੱਲ: ਫ਼ਕੀਰ ਹਮੇਸ਼ਾ ਗਤੀਸ਼ੀਲ ਹੈ। ਉਹ ਪਦਾਰਥ ਦੀ ਨਹੀਂ, ਗਿਆਨ ਦੀ ਖੋਜ ਵਿਚ ਹੈ। ਕੀੜੀ ਸਾਰੀ ਉਮਰ ਤੁਰਦੀ ਰਹਿੰਦੀ ਹੈ; ਤੋਰ ਵੀ ਸਹਿਜ ਹੁੰਦੀ ਹੈ। ਪਰ ਚੁਣੌਤੀ ਦੇ ਸਮੇਂ ਅੱਖਾਂ ਬੰਦ ਕਰ ਲੈਣੀਆਂ ਜਾਂ ਭੱਜ ਜਾਣਾ ਫ਼ਕੀਰੀ ਨਹੀਂ ਹੈ। ਲੇਖਕ ਬੋਧੀ ਕਥਾ ਦੇ ਹਵਾਲੇ ਨਾਲ ਦੱਸਦਾ ਹੈ ਕਿ ਤੂਫ਼ਾਨ ਤੋਂ ਬਚਣ ਵਾਸਤੇ ਸਭ ਤੋਂ ਸੁਰੱਖਿਅਤ ਜਗ੍ਹਾ ਤੂਫ਼ਾਨ ਦੀ ਅੱਖ ਹੁੰਦੀ ਹੈ। ਫ਼ਕੀਰੀ ਨਿਰਾਸ਼ਾ ਦਾ ਨਹੀਂ ਆਸ-ਉਮੀਦ ਦਾ ਨਾਂ ਹੈ। ਫ਼ਕੀਰ ਹਉਮੈ ਉੱਤੇ ਜ਼ਬਤ ਰੱਖਦਾ ਹੈ:“ਹੰਕਾਰ ਦੇ ਪਰਛਾਵੇਂ ਜਦੋਂ ਕੱਦ ਨਾਲੋਂ ਲੰਮੇ ਹੋ ਜਾਣ ਤਾਂ ਸਮਝ ਲਵੋ ਕਿ ਕਾਮਯਾਬੀ ਦਾ ਸੂਰਜ ਅਸਤ ਹੋਣ ਵਾਲਾ ਹੈ।” ਫ਼ਕੀਰੀ ਦੀ ਅਮੀਰੀ ਦਾ ਕੋਈ ਸਾਨੀ ਨਹੀਂ। ਇਸੇ ਲਈ “ਜਦੋਂ ਮੀਂਹ ਪੈਂਦਾ ਹੈ ਤਾਂ ਸਿੱਕਿਆਂ ਵਾਲੇ ਨੱਚਦੇ ਹਨ, ਨੋਟਾਂ ਵਾਲੇ ਦੌੜਦੇ ਹਨ।” ਫ਼ਕੀਰ ਅਤੇ ਕੇਸਰ ਜਿੱਥੇ ਵੀ ਜਾਂਦੇ ਹਨ, ਨਵੀਆਂ ਤੇ ਸੁਚੱਜੀਆਂ ਗੱਲਾਂ ਪੱਲੇ ਬੰਨ੍ਹਦੇ ਹਨ ਪਰ ਆਪਣੇ ਅੰਦਰਲੇ ਸੰਸਕਾਰਾਂ ਨੂੰ ਫ਼ਿਰ ਵੀ ਤਿਆਗਦੇ ਨਹੀਂ। ਜੰਗਲ ਵਿਚ ਬੈਠੇ ਹੋਏ ਜ਼ਖ਼ਮੀ ਹਿਰਨ ਲਈ ਹਾਥੀ ਪਾਣੀ ਲੈ ਕੇ ਆਉਂਦਾ ਹੈ। ਸੱਚਾ ਫ਼ਕੀਰ ਹਿਰਨ ਬਣਨ ਦੀ ਬਜਾਇ ਹਾਥੀ ਬਣਨ ਦੀ ਕੋਸ਼ਿਸ਼ ਕਰਦਾ ਹੈ।
ਲੇਖਕ ਨੇ ਰੱਬ ਦੇ ਸਵਾਲ ਨੂੰ ਵੀ ਮਜ਼ਬੂਤੀ ਨਾਲ ਨਜਿੱਠਿਆ ਹੈ। ਪਾਣੀ ਵਾਂਗ ਰੱਬ ਹਰ ਥਾਂ `ਤੇ ਵਿਚਰਦਾ ਹੈ। ਤੇ ਤੁਰਦੇ ਪੈਰਾਂ ਨੂੰ ਕਿਸਮਤ ਹਰ ਮੋੜ `ਤੇ ਟੱਕਰਦੀ ਹੈ ਭਾਵ ਯਤਨ ਕਿਸਮਤ ਘੜਦੇ ਹਨ। ਰੱਬ ਜਾਂ ਸਦੀਵੀ ਮੁੱਲ ਇੱਕੋ ਜੇਹੇ ਹਨ, ਸਿਰਫ਼ ਉਨ੍ਹਾਂ ਦੇ ਨਾਂ ਜਾਂ ਰੂਪ ਬਦਲ ਜਾਂਦੇ ਹਨ। ਜਿਸ ਗੱਲ ਵਿਚ ਤੁਹਾਡਾ ਆਪਣਾ ਵਿਸ਼ਵਾਸ ਹੈ, ਲੋਕ ਵੀ ਜਿਸਨੂੰ ਸਵੀਕਾਰ ਕਰਦੇ ਹਨ ਅਤੇ ਜਿਹੜੀ ਗੱਲ ਦੁਨੀਆਂ ਦੇ ਸਦੀਵੀ ਮੁੱਲਾਂ ਵਿਚ ਸ਼ੁਮਾਰ ਹੁੰਦੀ ਹੈ, ਉੱਥੇ ਹੀ ਰੱਬ ਹੈ। ਗੱਲ ਤਾਂ ਲੋਕ-ਭਲਾਈ ਦੀ ਹੈ, ਇਸੇ ਵਿਚ ਰੂਹਾਨੀ ਤ੍ਰਿਪਤੀ ਹੈ, ਇਹੋ ਸਦੀਵੀ ਮੁੱਲ ਹੈ ਅਤੇ ਇਹ ਹੀ ਧਾਰਮਿਕ ਕਾਰਜ ਹੈ। ਇਸੇ ਲਈ ਉਹ ਹਰ ਧਰਮ ਵਿਚ ਦਾਨ ਦੇ ਮਹੱਤਵ ਦੀ ਗੱਲ ਉਘਾੜਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਇਕ ਵਾਰ ਰੱਬ ਨੇ ਨਾਸਤਿਕ ਨੂੰ ਗਲੇ ਨਾਲ ਲਾ ਕੇ ਕਿਹਾ “ਸਵਾਲ ਇਹ ਨਹੀਂ ਕਿ ਸਾਡਾ ਧਰਮ ‘ਕਿਹੜਾ’ ਹੈ, ਸਵਾਲ ਇਹ ਹੈ ਕਿ ਸਾਡਾ ਧਰਮ ਹੈ ‘ਕੀ’?
ਹਰ ਸਾਹਿਤਕ ਕਿਰਤ ਵਿਚ ਪਾਠਕ ਨੂੰ ਆਪਣੀ ਸਮਝ ਅਤੇ ਵਿਚਾਰਧਾਰਾ ਅਨੁਸਾਰ ਕੁਝ ਛਿਦਰ ਲਭ ਸਕਦੇ ਹਨ। ਮੈਂ ਉਨ੍ਹਾਂ ਦਾ ਜ਼ਿਕਰ ਨਹੀਂ ਕਰਾਂਗਾ ਪਰ ਮੇਰੀ ਨਜ਼ਰ ਵਿਚ ਕਿਸੇ ਵੀ ਪੁਸਤਕ ਲਈ ਅਜਿਹੀਆਂ ਗੱਲਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ ਜਿਹੜੀਆਂ ਸਵੈ-ਵਿਰੋਧੀ ਭਾਸਦੀਆਂ ਹੋਣ। ਇਹ ਪੁਸਤਕ ਜ਼ਿੰਦਗੀ ਨੂੰ ਭਾਵੇਂ ਵਿਗਿਆਨਕ ਅਤੇ ਤਾਰਕਿਕ ਢੰਗ ਨਾਲ ਪੇਸ਼ ਕਰਦੀ ਹੈ ਪਰ ‘ਚਿੱਟੇ ਅਤੇ ਕਾਲੇ ਪੱਥਰ’ ਦਾ ਵਹਿਮ ਭਰਿਆ ਚਿੰਨ੍ਹਵਾਦ ਉਸਨੂੰ ਭੰਗ ਕਰਦਾ ਹੈ। ਇਵੇਂ ਲੇਖਕ ਦੱਸਦਾ ਹੈ ਕਿ ਪਾਰਵਤੀ ਭਿਖਾਰੀ ਉੱਤੇ ਤਰਸ ਖਾਂਦੀ ਹੈ, ਜਵਾਬ ਵਿਚ ਸ਼ਿਵਜੀ ਉਸ ਅੱਗੇ ਸੋਨੇ ਦੀ ਥੈਲੀ ਸੁੱਟਦੇ ਹਨ ਪਰ ਭਿਖਾਰੀ ਉਸਨੂੰ ਹਟਾ ਕੇ ਲੰਘ ਜਾਂਦਾ ਹੈ; ਸ਼ਿਵ ਜੀ ਇਸਨੂੰ ਭਿਖਾਰੀ ਦੀ ਕਿਸਮਤ ਦਾ ਦੋਸ਼ ਮੰਨਦੇ ਹਨ। ਇਸ ਨਾਲ ਲੇਖਕ ਦੁਆਰਾ ਸਥਾਪਿਤ ਕੀਤੇ ਫ਼ਕੀਰੀ ਦੇ ਸਾਰੇ ਸਿਧਾਂਤ ਉਤੇ ਪ੍ਰਸ਼ਨ-ਚਿੰਨ੍ਹ ਲੱਗ ਜਾਂਦਾ ਹੈ। ਪਰ ਏਹੋ-ਜੇਹੇ ਇੱਕਾ-ਦੁੱਕਾ ਇਤਰਾਜ਼ਾਂ ਦੇ ਬਾਵਜੂਦ ‘ਚਾਲੀ ਦਿਨ’ ਪੰਜਾਬੀ ਵਾਰਤਕ ਦਾ ਉੱਤਮ ਨਮੂਨਾ ਹੈ। ਅਮਰੀਕਾ ਵੱਸਦੇ ਮੈਡੀਕਲ ਡਾਕਟਰ ਧੁੱਗਾ ਨੇ ਕਿਤਾਬ ਨੂੰ ਇਮਾਨਦਾਰੀ ਅਤੇ ਸੂਝ ਨਾਲ ਲਿਖਿਆ ਹੈ, ਜਿਸ ਵਿਚੋਂ ਰਸੂਲ ਹਮਜ਼ਾਤੋਵ ਦੀ ਲਿਖਤ ‘ਮੇਰਾ ਦਾਗਿਸਤਾਨ’ ਦਾ ਝਾਉਲਾ ਵੀ ਪੈਂਦਾ ਹੈ। ਇਹ ਪੜ੍ਹਨਯੋਗ ਹੀ ਨਹੀਂ, ਸਾਂਭਣਯੋਗ ਪੁਸਤਕ ਵੀ ਹੈ।