ਐਸ਼ ਅਸ਼ੋਕ ਭੌਰਾ
ਘਰੇ ਪਤਨੀ ਦੀ ਗੁੱਤ ਪੁੱਟ ਕੇ ਆਏ ਲੋਕ ਵੀ ਹੱਥ ਜੋੜ ਕੇ ਅਰਦਾਸ ਸਰਬੱਤ ਦੇ ਭਲੇ ਦੀ ਕਰੀ ਜਾ ਰਹੇ ਹਨ। ਇਵੇਂ ਸੰਗੀਤ ਦੇ ਖੇਤਰ ਵਿਚ ਵੀ ਬਹੁਤ ਵੱਡੀਆਂ ਗਲਤੀਆਂ ਹੋਈਆਂ ਹਨ ਤੇ ਹੋ ਵੀ ਰਹੀਆਂ ਹਨ। ਲੋਕ ਤਾਂ ਪਿੱਟ ਰਹੇ ਨੇ ਕਿ ਰੱਬ ਦੇ ਵਾਸਤੇ, ਸਮਾਜਕ ਰਿਸ਼ਤਿਆਂ ਦਾ ਕਤਲ ਤੇ ਘਾਣ ਕਰਨ ਵਾਲੇ ਗੀਤ ਨਾ ਗਾਓ ਪਰ ਉਨ੍ਹਾਂ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਜਿਹੜੇ ਆਪਣੇ ਹੀ ਘਰ ਵਿਚ ਰਿਸ਼ਤਿਆਂ ਦੀ ਲੀਹ ਤੋਂ ਸਾਰੇ ਦੇ ਸਾਰੇ ਉਤਰੇ ਰਹੇ ਨੇ। ਕਈ ਵਿਆਹੇ ਪਹਿਲਾਂ ਹੀ ਸਨ, ਫਿਰ ਗਾਇਕਾ ਸਾਥਣ ਨਾਲ ਮੁਹੱਬਤ ਦੀ ਬੀਨ ਵਜਾਉਂਦੇ ਵਜਾਉਂਦੇ ਉਹਦੇ ਵੀ ਖਾਵੰਦ ਬਣੇ ਰਹੇ। ਕਈਆਂ ਨੇ ਗਾਉਣ ਵਾਲੀਆਂ ਨੂੰ ਪਤਨੀ ਦੀ ਸੌਕਣ ਬਣਾ ਕੇ ਘਰ ‘ਚ ਕਲੇਸ਼ ਦੀ ਜੜ੍ਹ ਮੁੱਕਣ ਹੀ ਨਹੀਂ ਦਿੱਤੀ। ਇਹ ਵਿਚਾਰੇ ਦਿਨੇ ਤਾਂ ਬਾਹਰ ਅਖਾੜੇ ਲਗਾ ਕੇ ਸਟੇਜਾਂ ਕਰ ਕੇ ਲੋਕਾਂ ਦਾ ਮਨੋਰੰਜਨ ਕਰਦੇ ਪਰ ਦੇਰ ਰਾਤ ਘਰ ਪਰਤਦਿਆਂ ਨਾਲ ਰੱਜ ਕੇ ਕੁਪੱਤ ਹੁੰਦੀ; ਤੇ ਕਈ ਵਿਚਾਰੇ ਆਪਣੀਆਂ ਪਤਨੀਆਂ ਤੋਂ ਇਹ ਸੰਵਾਦ ਸੁਣ ਕੇ ਵੀ ‘ਹੀਂ ਹੀਂ’ ਕਰਦੇ ਕਿ ‘ਤੂੰ ਵੀ ਕੋਈ ਬੰਦੈਂ?’ æææਤੇ ਕਈ ਘਰਾਂ ਵਿਚ ਨਾ ਸਿਰੇ ਚੜ੍ਹਨ ਵਾਲੇ ਕਸ਼ਮੀਰ ਵਰਗੇ ਸ਼ਿਮਲਾ ਸਮਝੌਤੇ ਵੀ ਹੁੰਦੇ ਰਹੇ। ਨਹਾ ਕੇ ਮੈਲੇ ਕੱਪੜੇ ਪਾਉਗੇ ਤਾਂ ਜੱਗ ਹੱਸਦਾ ਹੀ ਰਹੇਗਾ।
ਮੈਂ ਪਹਿਲਾਂ ਵੀ ਜ਼ਿਕਰ ਕਰ ਆਇਆ ਹਾਂ ਕਿ ਮੀਡੀਆ ਕਿਸੇ ਵੇਲੇ ਇਨ੍ਹਾਂ ਦੀ ਗੱਲ ਕਰ ਕੇ ਬਹੁਤਾ ਰਾਜ਼ੀ ਨਹੀਂ ਸੀ। ਭਲੇ ਵੇਲਿਆਂ ਵਿਚ ਕਦੇ ਗਾਇਕਾਂ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਤਵੇ, ਰੀਲਾਂ, ਕੈਸਿਟਾਂ, ਐਲਬਮਾਂ ਚਲਾਉਣ ਲਈ ਅਖ਼ਬਾਰਾਂ ‘ਚ ਇਸ਼ਤਿਹਾਰਬਾਜ਼ੀ ਵੀ ਕਰਨੀ ਪਵੇਗੀ। ਗੀਤਾਂ ਦਾ ਫਿਲਮਾਂਕਣ ਵੀ ਲੋਕ ਦੇਖਿਆ ਕਰਦੇ ਸਨ। ਸਾਹਿਤਕਾਰ ਤੇ ਲੇਖਕ ਇਸ ਕੰਮ ਨੂੰ ‘ਕੰਜਰਖਾਨਾ’ ਕਹਿ ਕੇ ਭੰਡਦੇ ਸਨ। ਇਸ ਲਈ ਇਨ੍ਹਾਂ ਦੀ ਗੱਲ ਕਰਨ ਨੂੰ ਕੋਈ ਤਿਆਰ ਹੀ ਨਹੀਂ ਸੀ। ਮੰਟੋ ਨੇ ਜਦੋਂ ਫਿਲਮੀ ਸਿਤਾਰਿਆਂ ਦੇ ਰੇਖਾ ਚਿੱਤਰ ਲਿਖੇ; ਫਿਰ ਬਲਵੰਤ ਗਾਰਗੀ ਨੇ; ਤੇ ਫਿਰ ਪ੍ਰਿੰਸੀਪਲ ਸਰਵਣ ਸਿੰਘ ਨੇ ਜਦੋਂ ਖਿਡਾਰੀਆਂ ਬਾਰੇ ਰੇਖਾ ਚਿੱਤਰ ਲਿਖੇ ਤਾਂ ਸ਼ਮਸ਼ੇਰ ਸੰਧੂ ਪਹਿਲਾ ਲੇਖਕ ਸੀ ਜੋ ਪਾਸ਼ ਦੇ ਰੋਕਣ ਦੇ ਬਾਵਜੂਦ ਕਹਾਣੀਆਂ ਲਿਖਦਾ-ਲਿਖਦਾ ‘ਪੰਜਾਬੀ ਟ੍ਰਿਬਿਊਨ’ ਵਿਚ ‘ਲੋਕ ਸੁਰਾਂ’ ਕਾਲਮ ਅਧੀਨ ਲਿਖਣ ਵਿਚ ਉਦਮੀ ਬਣਿਆ ਤੇ ਨਾਲ-ਨਾਲ ਉਸ ਨੇ ਲਹਿੰਦੇ ਪੰਜਾਬ ਦੀ ਗੱਲ ਵੀ ‘ਸੁਰ ਦਰਿਆਓਂ ਪਾਰ ਦੇ’ ਨਾਲ ਕੀਤੀ। ਬਾਅਦ ਵਿਚ ਇਨ੍ਹਾਂ ਹੀ ਫੀਚਰਾਂ ਨੂੰ ਇਨ੍ਹਾਂ ਹੀ ਕਲਮੀ ਨਾਂਵਾਂ ਹੇਠ ਕਿਤਾਬੀ ਰੂਪ ਵੀ ਦਿੱਤਾ ਗਿਆ।
ਪ੍ਰਿੰਟ ਮੀਡੀਆ ਵਿਚ ਗਾਇਕਾਂ, ਗਾਇਕੀ ਤੇ ਪੰਜਾਬੀ ਗੀਤ-ਸੰਗੀਤ ਦੀ ਗੱਲ ਤੋਰਨ ਦਾ ਸਿਹਰਾ ਹਮੇਸ਼ਾ ਬਰਜਿੰਦਰ ਸਿੰਘ ਹਮਦਰਦ ਨੂੰ ਜਾਂਦਾ ਰਹੇਗਾ ਕਿਉਂਕਿ ‘ਪੰਜਾਬੀ ਟ੍ਰਿਬਿਊਨ’ ਤੋਂ ਬਾਅਦ ਜਦੋਂ 1984 ਵਿਚ ਉਨ੍ਹਾਂ ‘ਅਜੀਤ’ ਦੀ ਵਾਗਡੋਰ ਆਪਣੇ ਪਿਤਾ ਸਾਧੂ ਸਿੰਘ ਹਮਦਰਦ ਤੋਂ ਬਾਅਦ ਸਾਂਭੀ ਤਾਂ ‘ਅਜੀਤ’ ਦੇ ਪੰਨਿਆਂ ਉਤੇ ਗਾਇਕਾਂ ਦੀਆਂ ਤਸਵੀਰਾਂ ਛਪਣ ਲੱਗੀਆਂ। ‘ਅਜੀਤ’ ਰਾਹੀਂ ਗਾਇਕੀ ਬਾਰੇ ਚੱਲੀ ਸ਼ਤਾਬਦੀ ਟ੍ਰੇਨ ਦਾ ਪਹਿਲਾ ਡਰਾਇਵਰ ਮੈਂ ਬਣ ਗਿਆ। ਇਥੇ ਇਹ ਗੱਲ ਮੇਰੇ ਚੇਤੇ ‘ਚ ਖੌਰੂ ਪਾ ਰਹੀ ਹੈ ਕਿ ਇਕ ਲੇਖ ਲੜੀ ਮੈਂ ਗਾਇਕਾਂ ਬਾਰੇ ਲਿਖੀ, ਫਾਈਲ ਤਿਆਰ ਕੀਤੀ ਤੇ ‘ਅਜੀਤ’ ਵਿਚ ਸਾਧੂ ਸਿੰਘ ਹਮਦਰਦ ਕੋਲ ਚਲੇ ਗਿਆ। ਉਹ ਦਫ਼ਤਰ ਵਿਚ ਨਹੀਂ ਸਨ। ਫਾਈਲ ਮੈਂ ਸਮਾਚਾਰ ਵਿਭਾਗ ਵਿਚ ਸੁਰਜੀਤ ਸਿੰਘ ਸੋਖੀ ਨੂੰ ਦੇ ਆਇਆ। ਤਿੰਨ ਕੁ ਹਫ਼ਤੇ ਬਾਅਦ ਮੈਂ ਦਫ਼ਤਰ ਵਿਚ ਹਮਦਰਦ ਸਾਹਿਬ ਨੂੰ ਮਿਲਿਆ, ਲੇਖ ਲੜੀ ਬਾਰੇ ਪੁੱਛਿਆ ਤਾਂ ਉਨ੍ਹਾਂ ਇੰਨਾ ਹੀ ਕਹਿ ਕੇ ਤੋਰ ਦਿੱਤਾ, ‘ਕਹਾਣੀਆਂ ਲਿਖੀ ਚੱਲ, ਚੰਗਾ ਰਹੇਂਗਾ।’ ਫਿਰ ਮੈਂ ਉਸ ਫਾਈਲ ਬਾਰੇ ਕਦੇ ਵੀ ਨਾ ਪੁੱਛਿਆ ਤੇ ਹੈਰਾਨੀ ਹੋਈ ਜਦੋਂ ਬਰਜਿੰਦਰ ਸਿੰਘ ਨੇ ਆਉਂਦਿਆਂ ਹੀ ਉਹ ਲੇਖ ਲੜੀ ‘ਸਾਡੇ ਗਾਇਕ’ ਕਾਲਮ ਅਧੀਨ ਸ਼ੁਰੂ ਕਰ ਦਿੱਤੀ। ਮੈਨੂੰ ਛਪਣ ਉਪਰੰਤ ਹੀ ਪਤਾ ਲੱਗਾ। ਗਾਉਣ ਵਾਲਾ ਕੋਈ ਮੰਨੇ ਜਾ ਨਾ, ਪਰ ਬਰਜਿੰਦਰ ਸਿੰਘ ਨੇ ਫਿਰ ‘ਅਜੀਤ’ ਦੇ ਪੰਨਿਆਂ ‘ਤੇ ਗਾਇਕਾਂ ਤੇ ਗਾਇਕੀ ਨੂੰ ਰੌਣਕ ਭਰਿਆ ਵਿਹੜਾ ਦਿੱਤਾ।
ਇਹ ਗੱਲ ਕਹਿਣ ਵਿਚ ਮੈਂ ਗੁਰੇਜ਼ ਨਹੀਂ ਕਰਾਂਗਾ ਕਿ ਇਨ੍ਹਾਂ ਨੂੰ ਖੁਸ਼ ਕਰਨਾ ਬਹੁਤ ਔਖਾ ਹੈ। ਇਸ ਦਾ ਬਹੁਤ ਵੱਡਾ ਕਾਰਨ ਇਹ ਰਿਹਾ ਹੈ ਕਿ ਪਹਿਲੀਆਂ ਵਿਚ ਇਹ ਬਹੁਤ ਪੜ੍ਹੇ-ਲਿਖੇ ਨਹੀਂ ਸਨ, ਇਸ ਲਈ ਸੱਚ ਇਹ ਵੀ ਹੈ ਕਿ ਸ਼ਮਸ਼ੇਰ ਸੰਧੂ ਵੀ ਸ਼ਾਇਦ ਸੁਰਿੰਦਰ ਸ਼ਿੰਦੇ ਤੋਂ ਸਿਵਾ ਕਿਸੇ ਨੂੰ ਖੁਸ਼ ਨਹੀਂ ਕਰ ਸਕਿਆ ਸੀ। ‘ਲੋਕ ਸੁਰਾਂ’ ਤੋਂ ਬਾਅਦ ਮੈਂ ਉਹਦੇ ਨਾਲ ਕਰਨੈਲ ਗਿੱਲ ਵੀ ਆਫਰਿਆ ਵੇਖਿਆ, ਮਾਣਕ ਵੀ ਗਿਲੇ ਜ਼ਾਹਿਰ ਕਰਦਾ ਰਿਹਾ ਹੈ ਤੇ ਯਮਲਾ ਵੀ। ਸੁਦੇਸ਼ ਕਪੂਰ ਵੀ ਅੱਖਾਂ ਕੱਢਦੀ ਰਹੀ। ਨਵੀਂ ਪੀੜ੍ਹੀ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਗਾਇਕਾਂ ਬਾਰੇ ਲਿਖਣ ਤਾਂ ਕਈ ਲੱਗੇ ਪਰ ਇਨ੍ਹਾਂ ‘ਚੋਂ ਬਹੁਤੇ ਸਿਰਫ਼ ਇਨ੍ਹਾਂ ਦੇ ਹੀ ਲੋਕ ਸੰਪਰਕ ਲੇਖਕ ਬਣ ਗਏ। ਗਾਇਕਾਂ ਤੋਂ ਲੋਹੜੀ, ਨਵਾਂ ਸਾਲ, ਦੀਵਾਲੀ ਜਾਂ ਹੋਰ ਦਿਨ-ਤਿਉਹਾਰ ਮੰਗਣ ਜਾਣ ਵਾਲੇ ਪੱਤਰਕਾਰ ਲੇਖਕਾਂ ਤੋਂ ਆਸ ਕਰਨੀ ਹੀ ਉਚਿਤ ਨਹੀਂ ਹੈ ਕਿ ਉਹ ਇਨ੍ਹਾਂ ਦੀ ਆਲੋਚਨਾ ਕਰ ਕੇ ਜਾਂ ਮਾੜੇ ਪੱਖ ਨੂੰ ਉਭਾਰਨਗੇ। ਗਾਇਕੀ ਪੈਸੇ ਦੀ ਮੰਡੀ ਬਣ ਜਾਣ ਤੇ ਪ੍ਰਮੋਸ਼ਨ ਸਿਰਫ਼ ਇਸ਼ਤਿਹਾਰਾਂ ਜ਼ਰੀਏ ਹੋਣ ਕਰ ਕੇ ਉਸਾਰੂ ਨੁਕਤਾਚੀਨੀ ਦਾ ਭੋਗ ਪੈਂਦਾ ਜਾ ਰਿਹਾ ਹੈ। ਕਲਮ ਦੇ ਵਾਰਿਸ ਕਹਾਉਣ ਵਾਲੇ ਆਥਣੇ ਇਨ੍ਹਾਂ ਦਫਤਰਾਂ ਵਿਚ ਘੁੱਟ ਲਾਉਣ ਤੇ ਮੁਰਗੇ ਦੀਆਂ ਲੱਤਾਂ ਨਾਲ ਹੱਥੋਪਾਈ ਹੋਣ ਅਤੇ ਜੇਬ ਖਾਲੀ ਨਾ ਪਰਤਣ ਦੀ ਆਸ ਨਾਲ ਜਾਣ ਦੇ ਆਦੀ ਜਿਹੇ ਹੋ ਗਏ ਹਨ।
ਸਰਕਾਰਾਂ ਆਪੋਜੀਸ਼ਨ ਬਿਨਾਂ ਕਦੇ ਨਹੀਂ ਚੱਲਦੀਆਂ। ਵਿਕਾਸ, ਵਿਰੋਧ ਦੇ ਮੋਢਿਆਂ ‘ਤੇ ਬਹਿ ਕੇ ਅੱਗੇ ਤੁਰਦਾ ਰਿਹਾ ਹੈ ਤੇ ਗਾਇਕੀ ਦੇ ਜਿਹੜੇ ਆਹ ਦਿਨ ਵੇਖਣੇ ਪੈ ਰਹੇ ਹਨ ਜਾਂ ਭੁੱਖ ਦੇ ਲੱਤ ਮਾਰਨ ਲਈ ਕਈ ਚੰਗੇ ਭਲੇ ਗਾਇਕ ਵਿਦੇਸ਼ਾਂ ‘ਚ ਪੈਰ ਟਿਕਾਉਣ ਲਈ ਪੈਰ ਅੜਾ ਰਹੇ ਹਨ ਤਾਂ ਇਹ ਸਾਰਾ ਮਾਹੌਲ ਇਸ ਕਰ ਕੇ ਬਣਿਆ ਹੈ ਕਿ ਸਰੋਤਿਆਂ ਨੂੰ ਰੱਬ ਕਹਿਣ ਵਾਲੇ ਜਦੋਂ ਦਿਨ ਆਉਂਦੇ ਹਨ ਤਾਂ ਰੱਬ ਨੂੰ ਟਿੱਚ ਸਮਝ ਕੇ ਹੱਥ ਨਹੀਂ, ਅੱਧੀ ਉਂਗਲ ਮਿਲਾਉਂਦੇ ਹਨ। ਇਹ ਇਨ੍ਹਾਂ ਨੂੰ ਮੱਤ ਦੇਣ ਵਾਲਿਆਂ, ਸੁਝਾਅ ਤੇ ਦਲੀਲ ਪੇਸ਼ ਕਰਨ ਵਾਲਿਆਂ ਅਤੇ ਆਲੋਚਨਾ ਕਰਨ ਵਾਲਿਆਂ ਦੇ ਗਲ ਪੈ ਜਾਂਦੇ ਤਾਂ ਵੀ ਕੋਈ ਗੱਲ ਨਹੀਂ ਸੀ, ਇਹ ਤਾਂ ਇਨ੍ਹਾਂ ਦੇ ਸਿਰ ਪਾੜਨ ਨੂੰ ਪੈਂਦੇ ਹਨ।
ਪੰਜਾਬੀ ਗਾਇਕੀ ਵਿਚ ਜਿਹੜਾ ਚਰਖਾ ਮੈਂ ਕੱਤਦਾ ਰਿਹਾ ਹਾਂ, ਮਾੜੀ ਮੋਟੀ ਗੱਲ ‘ਤੇ ਗਲੋਟੇ ਤਾਂ ਉਧੇੜਨ ਦੀ ਗੱਲ ਛੱਡੋ, ਤਕਲਾ ਵਿੰਗਾ ਕਰਨ ਲਈ ਕਿਵੇਂ ਲੱਤਾਂ ਮਾਰਨ ਦੀ ਕੋਸ਼ਿਸ਼ ਕਰਦੇ ਰਹੇ ਹਨ, ਉਹਦਾ ਜ਼ਿਕਰ ਮੈਂ ਤੁਹਾਡੇ ਨਾਲ ਕਰਨ ਲੱਗਾ ਹਾਂ। ਪਤਾ ਨਹੀਂ ਲਗਦਾ ਜਿਸ ਅਖ਼ਬਾਰ ਨੂੰ ਇਹ ਪਹਿਲਾਂ ਚੁੰਮ-ਚੁੰਮ ਰੱਖਦੇ ਹਨ, ਫਰੇਮ ਕਰਵਾ ਕੇ ਦਫ਼ਤਰਾਂ ਵਿਚ ਟੰਗਦੇ ਨੇ, ਫਿਰ ਉਸ ਅਖ਼ਬਾਰ ਨੂੰ ਰੱਦੀ ‘ਚ ਕਿਵੇਂ ਵੇਚਦੇ ਨੇ, ਕੁਝ ਨਿੱਜੀ ਯਾਦਾਂ ਆਪਣੇ ਪਾਠਕਾਂ ਨਾਲ ਇਸ ਕਰ ਕੇ ਸਾਂਝੀਆਂ ਕਰਨਾ ਚਾਹੁੰਦਾ ਹਾਂ ਕਿ ਜਿਨਹੇ ਦੇਖ ਕਰ ਤੁਮ ਜੀਏ ਜਾ ਰਹੇ ਥੇ, ਵੋਹ ਪਰਦੇ ਪੇ ਪਰਦਾ ਕੀਏ ਜਾ ਰਹੇ ਥੇæææ।
‘ਸੁਖੀ ਪਰਿਵਾਰ’ ਅਤੇ ਕੁਝ ਹੋਰ ਫ਼ਿਲਮਾਂ ਵਿਚ ਜਗਮੋਹਨ ਕੌਰ ਨੂੰ ਇਸ ਕਰ ਕੇ ਪਸੰਦ ਕੀਤਾ ਗਿਆ ਸੀ ਕਿ ਕੇæ ਦੀਪ ਨਾਲ ‘ਪੋਸਤੀ ਤੇ ਮਾਈ ਮੋਹਣੋ’ ਦੇ ਨਾਂ ਹੇਠ ਇਹ ਜੋੜੀ ਪਸੰਦ ਬਹੁਤ ਕੀਤੀ ਜਾਂਦੀ ਸੀ। ਨਵਾਂ ਦੌਰ ਉਦੋਂ ਸ਼ੁਰੂ ਹੋਇਆ ਜਦੋਂ ‘ਰਾਣੋ’ ਦਾ ਨਿਰਮਾਣ ਹੋਇਆ ਤੇ ਮੁਹੰਮਦ ਸਦੀਕ ਨੂੰ ਪਸੰਦ ਕੀਤਾ ਗਿਆ। ਮਾਣਕ ਦਾ ‘ਸਾਂਭ ਲੈ ਨੀ ਸੈਦੇ ਦੀਏ ਨਾਰੇ’ ਗੀਤ ਹਿੱਟ ਰਿਹਾ ਤੇ ਜਿਵੇਂ ਕਿਸੇ ਵਕਤ ਟੀæ ਸੀਰੀਜ਼ ਖੋਲ੍ਹ ਕੇ ਗੁਲਸ਼ਨ ਕੁਮਾਰ ਗੁਲਮੋਹਰ ਹੋਟਲ ਵਿਚ ਗਾਇਕਾਂ ਨੂੰ ਮਿਲਣ ਆਉਂਦਾ ਸੀ, ਫਿਲਮ ਇੰਡਸਟਰੀ ਨੂੰ ਲੱਗਾ ਕਿ ਗਾਇਕਾਂ ਨੂੰ ਲੈ ਕੇ ਪੰਜਾਬੀ ਫਿਲਮਾਂ ‘ਚ ਚੰਗਾ ਬਿਜਨਸ ਕੀਤਾ ਜਾ ਸਕਦਾ ਹੈ। ‘ਬਲਬੀਰੋ ਭਾਬੀ’ ਬਣੀ, ‘ਰਾਣੋ’ ਬਣੀ, ‘ਰੂਪ ਸ਼ੌਕੀਨਣ ਦਾ’ ਤੇ ਜਦੋਂ ‘ਪਟੋਲਾ’ ਵਿਚ ਚਮਕੀਲਾ ਜੋੜੀ ਨੇ ਦੋ-ਗਾਣਾ ਗਾਇਆ ਤਾਂ ‘ਅਜੀਤ’ ਵਿਚ ਮੈਂ ਲੰਬਾ ਲੇਖ ਲਿਖਿਆ, ‘ਕੀ ਲੁਧਿਆਣੇ ਦੇ ਗਾਇਕਾਂ ਬਿਨਾਂ ਪੰਜਾਬੀ ਫਿਲਮਾਂ ਦੀ ਗੱਡੀ ਨਹੀਂ ਰਿੜ੍ਹਦੀ?’ ਮੈਗਜ਼ੀਨ ਸੰਪਾਦਕ ਸੀ ਬਲਦੇਵ ਧਾਲੀਵਾਲ। ਉਸ ਨੇ ਗਾਇਕਾਂ ਦੀਆਂ ਫੋਟੋਆਂ ਹੇਠ ਉਨ੍ਹਾਂ ਦੇ ਸੁਭਾਅ ਅਨੁਸਾਰ ਕੈਪਸ਼ਨਾਂ ਲਿਖਦਿਆਂ ਚਮਕੀਲੇ ਦੀ ਫੋਟੋ ਨਾਲ ਲਿਖ’ਤਾ, ‘ਅਮਰ ਚਮਕੀਲਾ ਲੱਚਰਤਾ ਦੀ ਜੈ ਜੈ ਕਾਰ।’ ਇਹ ਪੜ੍ਹ ਕੇ ਚਮਕੀਲਾ ਤਾਂ ਘੱਟ ਨਾਰਾਜ਼ ਹੋਇਆ, ਉਹਦੇ ਸੱਜੇ-ਖੱਬੇ ਵਿਚਰਨ ਵਾਲੇ ਦਰਜਾ ਚਾਰ ਕਿਸਮ ਦੇ ਲੋਕਾਂ ਨੇ ਉਹਨੂੰ ਜ਼ਹਿਰ ਦੀ ਕਲੋਰੋਫਾਮ ਸੁੰਘਾ ਕੇ ਉਹ ਇੱਦਾਂ ਦਾ ਕਰ’ਤਾ ਜਿਵੇਂ ਖੰਡ ਦੀ ਪੁੜੀ ਕੁਨੈਣ ਦੀਆਂ ਗੋਲੀਆਂ ਵਿਚ ਡਿੱਗ ਪਈ ਹੋਵੇ!
ਸਮਾਂ ਬੀਤ ਗਿਆ। ਦਿੱਲੀ ਦੇ ਜਮਨਾ ਪਾਰ ਮਦਰ ਡੇਅਰੀ ਦੇ ਪਿਛਵਾੜੇ ਪੈਂਦੇ ‘ਸੋਨੋਟੋਨ’ ਸਟੂਡੀਓ ਵਿਚ ਚਰਨਜੀਤ ਆਹੂਜਾ ਦੇ ਸੰਗੀਤ ਹੇਠ ਉਹਦੇ ਧਾਰਮਿਕ ਗੀਤਾਂ ਦੀ ਰਿਕਾਰਡਿੰਗ ਚੱਲ ਰਹੀ ਸੀ। ਦੇਬੀ ਦਾ ਗੀਤ ‘ਤਾਰੇ ਗੁਜਰੀ ਦੇ ਅੱਖ ਦੇ ਛੁਪਾਏ ਵੈਰਨੇ’ ਮੁੱਕਿਆ ਤਾਂ ਚਰਨਜੀਤ ਕਹਿਣ ਲੱਗਾ, ‘ਅਸ਼ੋਕ ਦਾ ਵੀ ਇਕ ਗੀਤ ਇਸ ਕੈਸਿਟ ਵਿਚ ਪਾਉਨੇ ਆਂ। ਚਮਕੀਲੇ ਦੇ ਮਾੜੇ ਦਿਨ ਚੱਲ ਰਹੇ ਨੇ।’ ਅਮਰਜੋਤ ਨੇ ਚਰਨਜੀਤ ਵੱਲ ਵੇਖਿਆ, ਚੁੱਪ ਹੋ ਗਈ ਪਰ ਚਮਕੀਲੇ ਨੇ ਹਾਂ ਨਾਂਹ ਕੁਝ ਨਾ ਕਹੀ। ਇਤਫਾਕਨ, ਜਸਵੰਤ ਸੰਦੀਲਾ ਵੀ ਉਥੇ ਹਾਜ਼ਰ ਸੀ। ਗੀਤ ਮੈਂ ਉਥੇ ਬਹਿ ਕੇ ਹੀ ਲਿਖਿਆ,
ਕੰਧੇ ਸਰਹੰਦ ਦੀਏ,
ਕਿਥੇ ਗਏ ਦਸਮੇਸ਼ ਦੇ ਦੁਲਾਰੇæææ
ਫੁੱਲਾਂ ਤੋਂ ਮਲੂਕ ਜਿੰਦਾਂ ਨੂੰ,
ਕੌਣ ਦੇ ਗਿਆ ਤਸੀਹੇ ਏਡੇ ਭਾਰੇ।
ਆਖਰੀ ਅੰਤਰਾ ਵੀ ਸੰਦੀਲੇ ਨੇ ਲਿਖਿਆ। ਗੀਤ ਰਿਕਾਰਡ ਤਾਂ ਹੋ ਗਿਆ ਪਰ ਤੀਜੇ ਦਿਨ ਜਦੋਂ ਮੈਨੂੰ ਤਬਲਾ ਵਾਦਕ ਯੂਸਫ਼ ਨੇ ਦੱਸਿਆ ਕਿ ਉਹ ਗੀਤ ਟੇਪ ਦਾ ਹਿੱਸਾ ਨਹੀਂ ਬਣੇਗਾ, ਫਿਰ ਮੈਨੂੰ ਪਤਾ ਲੱਗਾ ਕਿ ਚਮਕੀਲਾ ਨਫ਼ਰਤ ਤੇ ਨਾਰਾਜ਼ਗੀ ਦੀਆਂ ਘੂਰੀਆਂ ਕਿਉਂ ਵੱਟ ਰਿਹਾ ਏ। ਮਹੀਨੇ ਕੁ ਪਿੱਛੋਂ ਲੁਧਿਆਣੇ ਇਕ ਹੋਟਲ ਵਿਚ ਅਸੀਂ ਰਾਤ ਦੀ ਰੋਟੀ ਖਾ ਰਹੇ ਸਾਂ। ਉਥੇ ਚਮਕੀਲਾ ਵੀ ਸੀ। ਉਹਨੇ ਮੇਰੇ ਅੱਗਿਉਂ ਪੈਗ ਚੁੱਕ ਕੇ ਪੀ ਲਿਆ ਤੇ ਕਹਿਣ ਲੱਗਾ ਕਿ ‘ਲੈ ਹੁਣ ਆਪਣੀ ਘੀਂ ਘੀਂ ਖ਼ਤਮ।’ ਅਸਲ ਵਿਚ ਹਾਲਾਤ ਦੀਆਂ ਕੁਝ ਮਜਬੂਰੀਆਂ ਸਨ। ਇਹ ਸਾਰਾ ਖੁਲਾਸਾ ਚਮਕੀਲਾ ਕਾਂਡ ਵਿਚ ਅੱਗੇ ਚੱਲ ਕੇ ਕਰਾਂਗੇ। ਹੋਇਆ ਫਿਰ ਇਹ ਕਿ ਇਹ ‘ਬਣੀ’ ਇੱਦਾਂ ਸੀ ਜਿਵੇਂ ਆਦਮੀ ਘਰਵਾਲੀ ਨਾਲ ਰੁੱਸ ਕੇ ਬਹੁਤਾ ਲਾਡ ਜਤਾਉਂਦਾ ਹੈ। ਫਿਰ ਉਂਜ ਉਹਦੀ ਚਿਤਾ ਨੂੰ ਲਾਬੂੰ ਤੱਕ ਅਸੀਂ ਘਿਉ-ਖਿਚੜੀ ਨਹੀਂ, ਦੁੱਧ-ਮਲਾਈ ਬਣੇ ਰਹੇ।
ਖਰਬੁਜਾ ਛੂਰੀ ‘ਚ ਕਿਵੇਂ ਵੱਜਦਾ ਹੈ, ਇਸ ਦੀ ਇਕ ਹੋਰ ਉਦਾਹਰਣ ਇਥੇ ਪੇਸ਼ ਕਰਦਾ ਹਾਂ। ਤੁਸੀਂ ਹੀ ਹੈਰਾਨ ਨਹੀਂ ਹੋਵੋਗੇ, ਮੈਂ ਖੁਦ ਵੀ ਇੰਨਾ ਪ੍ਰੇਸ਼ਾਨ ਰਿਹਾ ਕਿ ਜਿਨ੍ਹਾਂ ਨੂੰ ਤੁਸੀਂ ਕੁੱਛੜ ਚੁੱਕ ਕੇ ਖਿਡਾਇਆ ਹੋਵੇ, ਰੋਂਦਿਆਂ ਦੇ ਮੂੰਹ ‘ਚ ਦੁੱਧ ਦੀ ਨਿੱਪਲ ਪਾਈ ਹੋਵੇ, ਉਹ ਤੁਹਾਡੇ ਇੰਨੀ ਜ਼ੋਰ ਦੀ ਥੱਪੜ ਮਾਰਨ ਕਿ ਰੰਗ ਲਾਲ ਨੂੰ ਤਾਂ ਮਾਰੋ ਗੋਲੀ, ਤੁਹਾਡਾ ਇਟਲੀ ਦੇ ਮਿਨਾਰ ਵਾਂਗ ਮੂੰਹ ਟੇਡਾ ਹੀ ਕਰ ਦਿੱਤਾ ਹੋਵੇ, ਤਾਂ ਸਥਿਤੀ ਇਉਂ ਬਣਦੀ ਹੈ ਕਿ ਦੁੱਧ ਹੇਠਾਂ ਕੜ੍ਹ ਰਿਹਾ ਸੀ ਕਿ ਅੱਗ ਉਪਰ ਮਚਣ ਲੱਗ ਪਈ।
‘ਅਜੀਤ’ ਦੇ ਐਤਵਾਰੀ ਮੈਗਜ਼ੀਨ ਸੈਕਸ਼ਨ ਵਿਚ ਵੱਡਾ ਲੇਖ ਬੀਤ ਗਏ ਵਰ੍ਹੇ ਦੀ ਗਾਇਕੀ ਦੇ ਲੇਖੇ ਵਜੋਂ ਲਿਖਿਆ। ਗੱਲ ਸੰਨ ਦੋ ਹਜ਼ਾਰ ਦੀ ਹੈ। ਲੇਖ ਸ਼ਿੰਗਾਰ ਰਸ ਵਾਂਗ ਸਜ ਧੱਜ ਕੇ ਛਪ ਗਿਆ। ਭੂਮਿਕਾ ਵਾਲੇ ਪੈਰੇ ਵਿਚ ਦੋ ਗਾਇਕਾਂ ਦਾ ਜ਼ਿਕਰ ਸੀ ਕਿ ਅੱਜ ਉਹ ਚੋਟੀ ‘ਤੇ ਹਨ। ਇਤਫਾਕਨ ਅਗਲੀ ਗੱਲ ਲਿਖੀ ਗਈ ਕਿ ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ਪਤਾ ਨਹੀਂ ਕੱਲ੍ਹ ਨੂੰ ਕੌਣ ਸੜਕ ‘ਤੇ ਆ ਜਾਵੇ। ਇਨ੍ਹਾਂ ‘ਚੋਂ ਇਕ ਘਰਾਣੇ ਦਾ ਬੇਹੱਦ ਸੁਰੀਲਾ ਗਾਇਕ ਤਾਂ ਚੁੱਪ ਰਿਹਾ ਪਰ ਦੂਜੇ ਦਾ ਉਸੇ ਦਿਨ ਸ਼ਾਮ ਨੂੰ ‘ਹੱਲਾ ਬੋਲ’ ਫੋਨ ਆ ਗਿਆ। ਘਰ ਦੇ ਫੋਨ ਦੀ ਘੰਟੀ ਵੱਜੀ। ਆਵਾਜ਼ ਮੈਂ ਪਛਾਣ ਲਈ ਸੀ ਪਰ ਉਹ ਬਹੁਤ ਖ਼ਰਵਾ ਬੋਲ ਰਿਹਾ ਸੀ ਜਿਵੇਂ ਲੰਬੜਾਂ ਦੀ ਚੁੱਕੀ ਹੋਈ ਥਾਣੇਦਾਰ ਦੇ ਨਹੀਂ, ਐਸ਼ਐਸ਼ਪੀæ ਦੇ ਬਰਾਬਰ ਬੋਲਣ ਲੱਗ ਪਈ ਹੋਵੇ।
ਉਹ ਬੋਲਿਆ, “ਕੌਣ ਐ ਤੂੰ?”
“ਜਨਾਬ ਪਛਾਣਦੇ ਨ੍ਹੀਂ।”
“ਹੁਣ ‘ਕੱਠਾ ਈ ਪਛਾਣਾਂਗੇ।”
“ਕੀ ਗੱਲ ਹੋ ਗਈ।”
“ਹਾਲੇ ਪਤਾ ਨ੍ਹੀਂ? ਤੂੰ ਜੋ ਅੱਜ ਲਿਖਿਐ, ਸਾਨੂੰ ਸੜਕਾਂ ‘ਤੇ ਭੇਜਦੈਂ; ਇਹ ਤੇਰਾ ਚਾਅ ਪੂਰਾ ਨ੍ਹੀਂ ਹੋਣਾ।”
“ਸਾਰਾ ਲੇਖ ਪੜ੍ਹਿਐ?”
“ਗੋਲੀ ਮਾਰ ਸਾਰੇ ਨੂੰ। ਤੂੰ ਤਾਂ ਸ਼ੁਰੂ ‘ਚ ਹੀ ਮੇਰੇ ਡੰਡਾ ਦੇ’ਤਾ। ਨਾਲੇ ਸੁਣ, ਤੇਰੇ ਕੋਲ ਟੁੱਟੀ ਜਿਹੀ ਮਰੂਤੀ ਕਾਰ ਐ। ਮਾਰ ਕੇ ਟੱਕਰ ਸਣੇ ਕਾਰ ਦੇ ਨਹਿਰ ‘ਚ ਸੁੱਟ ਦਿਆਂਗੇ। ਵੱਡਾ ਪੱਤਰਕਾਰ। ਪੰਜਾਹ ਤੁਰੇ ਫਿਰਦੇ ਐ ਤੇਰੇ ਜਿਹੇ। ਜਾਣਦਾ ਈ ਹੋਣੈਂ ਸਰਕਾਰੀ ਪਹੁੰਚ, ਧੂੰਆਂ ਨਾ ਨਿਕਲੂ ਕਿ ਚਲੇ ਕਿਧਰ ਗਿਆ।”
ਮੈਨੂੰ ਇਉਂ ਲੱਗ ਰਿਹਾ ਸੀ ਕਿ ਕਦੇ ਘਰ ਵਿਚ ਬੰਦੇ ‘ਕੱਠੇ ਕਰਨ ਵਾਲਾ, ਗਲੀ ਮੁਹੱਲਾ ਬੁਲਾਉਣ ਵਾਲਾ, ਬਾਹਰਲੇ ਕਮਰੇ ‘ਚੋਂ ਫਟੀਆਂ ਪੁਰਾਣੀਆਂ ਰਜਾਈਆਂ ਅੰਦਰ ਸੁੱਟ ਕੇ ਬਾਣ ਵਾਲੇ ਮੰਜੇ ‘ਤੇ ਚਿੱਟੀਆਂ ਚਾਦਰਾਂ ਵਿਛਾਉਣ ਵਾਲਾ æææ ‘ਕਿ ਸਾਡੇ ਘਰੇ ਅਸ਼ੋਕ ਨੇ ਆਉਣਾ’, ਅੱਜ ਮੇਰਾ ਤਲਵਾਰ ਦੀ ਥਾਂ ਗਟਾਰ ਨਾਲ ਹੀ ਕਤਲ ਕਰ ਗਿਆ ਸੀ। ਇਸ ਖੇਤਰ ਨਾਲ ਨਿਰਮੋਹਿਆ ਹੋਣ ਦੀ ਇਹ ਪਹਿਲੀ ਘਟਨਾ ਸੀ। ਇਸੇ ਲੇਖ ਵਿਚ ਸਾਡੇ ਹਲਕੇ ਦਾ ਗੀਤਕਾਰ ਤੋਂ ਗਾਇਕ ਬਣਨ ਵਾਲਾ ਗਾਇਕ ਵੀ ਇਸ ਕਰ ਕੇ ਅੱਖਾਂ ਕੱਢਣ ਲੱਗਾ ਪਿਆ ਸੀ ਕਿ ਮੈਂ ਲਿਖ’ਤਾ ਸੀ- ਗੀਤ ਹੀ ਚੰਗੇ ਲਿਖਦਾ ਰਹੇ ਤਾਂ ਚੰਗੀ ਗੱਲ ਹੈ।
ਦੋ ਕੁ ਸਾਲ ਬਾਅਦ ਇਹ ਹੋਇਆ ਕਿ ਕਿਸੇ ਟੀæਵੀæ ਚੈਨਲ ਤੋਂ ਦੋ ਪ੍ਰੋਗਰਾਮ ਨਵੇਂ ਵਰ੍ਹੇ ‘ਤੇ ਚੱਲੇ। ਦੋਵੇਂ ਸਪਾਂਸਰ ਪ੍ਰੋਗਰਾਮ ਸਨ। ਇਨ੍ਹਾਂ ‘ਚੋਂ ਇਕ ਗੀਤਕਾਰ ਨੇ ਦਿੱਲੀ ਦੀ ਇਕ ਕੰਪਨੀ ਨਾਲ ਰਲ ਕੇ ਤਿਆਰ ਕੀਤਾ ਸੀ। ਉਹ ਵੀ ਆਪਣੇ ਪ੍ਰੋਗਰਾਮ ਵਿਚ ਮਧਰੇ ਕੱਦ ‘ਤੇ ਗਾਇਕੀ ਦਾ ਲੰਬਾ ਚੋਲਾ ਪਾ ਕੇ ਗਵੱਈਆ ਬਣਨ ਦਾ ਵਹਿਮੀ ਹੋ ਗਿਆ ਸੀ। ਜਦੋਂ ਕੋਈ ਲੁਧਿਆਣੇ ਨੱਚੇ ਹੀ ਨਾ ਤਾਂ ਧਮਕ ਜਲੰਧਰ ਪੈਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਦੋਹਾਂ ਪ੍ਰੋਗਰਾਮਾਂ ਦਾ ਹਿਸਾਬ ਕਰ ਕੇ ਮੈਂ ਉਸਾਰੂ ਆਲੋਚਨਾ ਨਾਲ ਲੇਖ ‘ਪੰਜਾਬੀ ਟ੍ਰਿਬਿਊਨ’ ਵਿਚ ਛਪਵਾ ਦਿੱਤਾ। ਉਸ ਗੀਤਕਾਰ ਦੇ ਕੱਪੜੇ ਘੱਟ ਸਨ, ਅੱਗ ਵੱਧ ਲੱਗੀ। ਉਹ ਤਾਂ ਜਿਹੜਾ ਲੋਹਾ ਲਾਖਾ ਹੋਇਆ ਸੀ, ਕਈ ਉਹਦੇ ਚਮਚੇ ਗਾਇਕ ਮੇਰੇ ਵੱਲ ਹਾਲੇ ਵੀ ਘੂਰੀ ਵੱਟ ਕੇ ਇਉਂ ਵੇਖਦੇ ਹਨ ਜਿਵੇਂ ਸੂਣ ਵੇਲੇ ਜ਼ੋਰ ਤਾਂ ਮੱਝ ਦਾ ਲੱਗ ਰਿਹਾ ਹੁੰਦਾ, ਕੱਟਾ ਊਂਈ ਅੜਿੰਗਦਾ ਹੋਵੇ। ਉਦੋਂ ਮੈਨੂੰ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀਆਂ ਸਤਰਾਂ ‘ਮੁੰਡਿਆ! ਰਾਹ ਠੀਕ ਨਹੀਂ ਮਿਲਿਆ ਤੈਨੂੰ’ ਅਤੇ ਇਕਬਾਲ ਮਾਹਲ ਦੀਆਂ ਸਤਰਾਂ ‘ਗਾਇਕ ‘ਕੱਲੇ ਗਾਇਕ ਹੀ ਹੁੰਦੇ ਹਨ’ ਬਹੁਤ ਢੁਕਵੀਆਂ ਤੇ ਸਾਰਥਿਕ ਪ੍ਰਤੀਤ ਹੋਈਆਂ।
ਮੈਂ ਇਸ ਖੇਤਰ ਵੱਲ ਬੂਹੇ ਭੇੜਨ ਦੀ ਗੱਲ ਤਿੰਨ ਸਾਲ ਪਹਿਲਾਂ ਵਿਚਾਰ ਅਧੀਨ ਲਿਆਂਦੀ। ਸਤਿੰਦਰ ਸਰਤਾਜ ਤੇ ਇਕਬਾਲ ਮਾਹਲ ਕਹਿੰਦੇ ਰਹੇ ਕਿ ਸਤਿੰਦਰ ਵਿਰੁਧ ਸ਼ਬਦੀ ਜੰਗਬੰਦੀ ‘ਪੰਜਾਬ ਟਾਈਮਜ਼’ ਵਿਚ ਤੂੰ ਹੀ ਲਿਖ ਕੇ ਕਰਵਾ ਸਕਦੈਂ। ਮੈਂ ਇਕ ਵਾਰ ਪਿਘਲ ਗਿਆ ਤੇ ਹਾਲਾਤ ਉਹ ਬਣੇ ਜਿਵੇਂ ਵਕੀਲ ਵੀ ਕਈ ਵਾਰ ਸੱਚੇ ਕਤਲ ਦਾ ਝੂਠ ਮੁਕੱਦਮਾ ਨਕਲੀ ਜਿਰਿਆ ਨਾਲ ਕਰਨ ਲੱਗ ਪੈਂਦੇ ਹਨ। ਫਿਰ ਉਸ ਤੋਂ ਬਾਅਦ ਸਰਤਾਜ ਕਦੇ ਲੱਭਿਆ ਹੀ ਨਹੀਂ!
æææ ਤੇ ਪਾਣੀਪਤ ਦੀ ਤੀਜੀ ਤੇ ਆਖ਼ਰੀ ਲੜਾਈ ਨੇ ਮੈਨੂੰ ਇਸ ਰਾਹ ‘ਚੋਂ ਮੋੜ ਲਿਆਂਦਾ। ਮੈਂ ਦੁਨੀਆਂ ਤਾਂ ਨਹੀਂ, ਸਿਕੰਦਰ ਵਾਂਗ ਗਾਇਕਾਂ ਤੇ ਗਾਇਕੀ ਦਾ ਮੈਦਾਨ ਜਿੱਤਣ ਦਾ ਫੈਸਲਾ ਮੁਲਤਵੀ ਕਰ ਦਿੱਤਾ। ਵਾਪਰਿਆ ਇੰਜ ਕਿ ਫਰਿਜ਼ਨੋ (ਕੈਲੀਫੋਰਨੀਆ) ਵਿਚ ਗੁਰਦਾਸ ਮਾਨ ਦਾ ਸ਼ੋਅ ਸੀ। ਮੈਂ ਸਟੇਜ ਚਲਾਉਣੀ ਸੀ। ਪ੍ਰੋਗਰਾਮ ਚੱਲਣ ਵਿਚ ਘੰਟਾ ਕੁ ਬਾਕੀ ਸੀ। ਸਟੇਜ ਦੇ ਪਿੱਛੇ ਗਿਆ ਤਾਂ ਘੁਸਰ-ਮੁਸਰ ਹੋ ਰਹੀ ਸੀ। ਲੋਕਲ ਪ੍ਰੋਮੋਟਰ ਡਾæ ਹਰਮੇਸ਼ ਕੁਮਾਰ ਦੇ ਚਿਹਰੇ ‘ਤੇ ਰੌਣਕ ਫਿੱਕੀ ਜਿਹੀ ਸੀ। ਮੈਂ ਪੁੱਛਿਆ, ‘ਡਾਕਟਰ ਸਾਹਿਬ ਮਾਜਰਾ ਕੀ ਐ?’
ਡਾਕਟਰ ਆਂਹਦਾ, ‘ਇੰਟਰਨੈਸ਼ਨਲ ਪ੍ਰੋਮੋਟਰ ਖਫ਼ਾ ਹੈ ਕਿ ਅਸ਼ੋਕ ਭੌਰੇ ਨੂੰ ਸਟੇਜ ‘ਤੇ ਨਹੀਂ ਚੜ੍ਹਨ ਦੇਣਾ। ਇਹਨੇ ਪਿੱਛੇ ਜਿਹੇ ਬਾਈ ਗੁਰਦਾਸ ਦੇ ਖ਼ਿਲਾਫ਼ ਲਿਖਿਆ ਹੈ।’
ਹਾਲਾਤ ਇਹ ਬਣੇ ਜਿਵੇਂ ਲੱਤ ਟੁੱਟੀਵਾਲਾ ਬੰਦਰ ਫਿਰ ਕੋਠੇ ਤੋਂ ਡਿੱਗ ਪਿਆ ਹੋਵੇ। ‘ਗੱਲੀਂ ਬਾਤੀਂ’ ਪੁਸਤਕ ਵਿਚ ‘ਗੱਗਾ ਗੁਰਦਾਸ ਮਾਨ’ ਫਿਰ ਇਨ੍ਹਾਂ ਪੜ੍ਹਿਆ ਈ ਨਹੀਂ। ਤੀਹ ਸਾਲ ਇਨ੍ਹਾਂ ਬਾਰੇ ਲਿਖ ਕੇ, ਗੁਰਦਾਸ ਮਾਨ ਬਾਰੇ ‘ਅਜੀਤ’ ਤੋਂ ਅਮਰੀਕਾ ਤੱਕ ਕਾਗਜ਼ ਕਾਲੇ ਕਰਨ ਦਾ ਆਹ ਤੋਹਫ਼ਾ ਜਿਵੇਂ ਬੇਹੇ ਫੁੱਲਾਂ ਦਾ ਹਾਰ ਧੱਕੇ ਨਾਲ ਵੀ ਸ਼ਰਾਰਤ ਨਾਲ ਵੀ ਮੇਰੇ ਗੱਲ ਪਾ ਦਿੱਤਾ ਹੋਵੇ।
ਫਿਰ ਮੈਨੂੰ ਲਾਹੌਰ ਨੂੰ ਕਸ਼ਮੀਰ ਥਾਣੀਂ ਹੋ ਕੇ ਜਾਣਾ ਵੀ ਲੰਬਾ ਸਫ਼ਰ ਨਹੀਂ ਲੱਗ ਰਿਹਾ ਸੀ। ਹੁਣ ਮਹਿਸੂਸ ਕਰਦਾ ਹਾਂ ਕਿ ਲਿਖਦਾ ਤਾਂ ਤੀਹ ਸਾਲ ਰਿਹਾ ਪਰ ਖੇਤਰ ਗਲਤ ਸੀ। ਰੇਤਲੇ ਟਿੱਬਿਆਂ ‘ਚ ਝੋਨਾ ਲਾਉਣ ਦਾ ਯਤਨ ਮੇਰੀ ਮੂਰਖਤਾ ਤੋਂ ਵੱਧ ਕੁਝ ਨਹੀਂ ਸੀ।
Leave a Reply