ਲਾਲ ਕਿਲੇ ਲਈ ਵਗਦੀਆਂ ਲਾਲ਼ਾਂ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਵੈਸੇ ਤਾਂ ਕੌਮਾਂਤਰੀ ਪੱਧਰ ‘ਤੇ ਵੀ ਤਣਾ-ਤਣੀ ਦਾ ਮਾਹੌਲ ਬਣਿਆ ਹੋਇਆ ਹੈ। ਸੰਸਾਰ ਭਰ ਵਿਚ ਠਾਣੇਦਾਰ ਦਾ ਰੋਲ ਨਿਭਾ ਰਹੇ ਅਮਰੀਕਾ ਵੱਲੋਂ ਈਰਾਨ ਵਿਰੁਧ ਚਲਾਈਆਂ ਜਾ ਰਹੀਆਂ ਗੁੱਝੀਆਂ ਛੁਰੀਆਂ ਦੀ ਆਵਾਜ਼ ਜ਼ਰੂਰ ਮੱਧਮ ਹੈ ਪਰ ਇਸ ਨੇ ਸੀਰੀਆ ਵਿਰੁਧ ਹੁਣ ਗਹਿਰੀਆਂ ਘੂਰੀਆਂ ਵੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕੂਟਨੀਤਕ ਤੌਰ ‘ਤੇ ਭਾਵੇਂ ਅਮਰੀਕਨ ਤਿਊੜੀਆਂ ਜ਼ਰਾ ਕੁ ਢਿੱਲੀਆਂ ਪੈ ਗਈਆਂ ਹਨ ਪਰ ਦੁਨੀਆਂ ਭਰ ਦੇ ਅਮਨਪਸੰਦ ਲੋਕ ਭੈਅ-ਭੀਤ ਹੋਏ ਪਏ ਹਨ ਕਿ ਕਿਤੇ ਨਾਮੁਰਾਦ ਤੀਜੇ ਸੰਸਾਰ ਯੁੱਧ ਦੇ ਅਸਾਰ ਨਾ ਬਣ ਜਾਣ। ਕੌਮਾਂਤਰੀ ਸਮੀਖਿਆਕਾਰ ਫਿਕਰਮੰਦ ਹੋਏ, ਪੈਦਾ ਹੋਈ ਗਰਮਾਹਟ ਅਤੇ ਕੜਵਾਹਟ ਮੱਠਿਆਂ ਕਰਨ ਦੇ ਯਤਨ ਕਰ ਰਹੇ ਹਨ।
ਸਗਲੀ ਧਰਤੀ ‘ਗਲੋਬਲੀ ਪਿੰਡ’ ਬਣਿਆ ਹੋਇਆ ਹੋਣ ਕਰ ਕੇ ਦੁਨੀਆਂ ਦੇ ਕਿਸੇ ਖਿੱਤੇ ਵਿਚ ਵੀ ਵਸਦਾ ਮਨੁੱਖ, ਅਜਿਹੇ ਤੱਤੇ ਮਾਹੌਲ ਵਿਚ ਚਿੰਤਾ-ਮੁਕਤ ਹੋ ਕੇ ਨਹੀਂ ਜੀਅ ਸਕਦਾ; ਪਰ ਪੰਜਾਬ ਦੇ ਪੇਂਡੂ ਜਨ-ਜੀਵਨ ਦੀ ਹਾਸਯ-ਪਦ ਕਹਾਵਤ ਹੈ ਕਿ ਕੱਟੇ ਨੂੰ ਮੱਝ ਦੇ ਮਣ ਦੁੱਧ ਨਾਲ ਕੀ ਭਾਅ? ਉਹਨੂੰ ਤਾਂ ਉਹੋ ਇਕੋ ਥਣ ਪਿਆਰਾ ਹੁੰਦੈ ਜਿਹੜਾ ਉਹਨੂੰ ਚੁੰਘਣ ਲਈ ਮਿਲਦੈ। ਉਂਜ ਵੀ ਪੰਜਾਬੀ ਫਿਤਰਤ ਹੈ ਕਿ ਜਿਸ ਖ਼ਤਰੇ ਨਾਲ ਸਾਡਾ ਸਿੱਧਾ ਵਾਹ ਪੈਣ ਦੀ ਸੰਭਾਵਨਾ ਘੱਟ ਹੋਵੇ, ਉਸ ਤੋਂ ਅਸੀਂ ਇਹ ਕਹਿ ਕੇ ਟਾਲਾ ਵੱਟ ਲੈਂਦੇ ਹਾਂ, ‘ਚਲੋ ਜੀ, ਦੁਨੀਆਂ ਦੇ ਨਾਲ ਈ ਐਂ, ਜੋ ਹੋਈ ਸੋ ਦੇਖੀ ਜਾਏਗੀ।’
ਸੋ, ਕੌਮਾਂਤਰੀ ਫਿਕਰਾਂ ਨੂੰ ਲਾਂਭੇ ਰੱਖ ਕੇ ਆਪਣੇ ਦੇਸ਼ ਦੀ ਗੱਲ ਕਰ ਲਈਏ ਜਿਥੇ ਚੜ੍ਹਦੇ 2014 ਵਿਚ ਲੋਕ ਸਭਾ ਚੋਣਾਂ ਹੋਣੀਆਂ ਹਨ। ਹਾਲੇ ਭਾਵੇਂ ਇਨ੍ਹਾਂ ਚੋਣਾਂ ਦੀ ਕੋਈ ਪੱਕੀ ਤਰੀਕ ਨਿਸ਼ਚਿਤ ਨਹੀਂ ਹੋਈ ਪਰ ਮਾਹੌਲ ਹੁਣੇ ਹੀ ਜੇਠ-ਹਾੜ੍ਹ ਦੀ ਗਰਮੀ ਵਰਗਾ ਹੋਣਾ ਸ਼ੁਰੂ ਹੋ ਗਿਐ। ਸਰਸਰੀ ਨਜ਼ਰੇ ਦੇਖਿਆਂ ਹੋਣ ਵਾਲੀਆਂ ਇਹ ਚੋਣਾਂ, ਪਹਿਲੇ ਹੋ ਚੁੱਕੀਆਂ ‘ਆਮ ਚੋਣਾਂ’ ਜੈਸੀਆਂ ਹੀ ਹਨ ਪਰ ਇਸ ਵਾਰ ਤਮਾਮ ਭਾਰਤੀ ਨਾਗਰਿਕਾਂ ਦੀਆਂ ਅੱਖਾਂ ਵਿਚ ਇਨ੍ਹਾਂ ਚੋਣਾਂ ਪ੍ਰਤੀ ਤੌਖਲਾ ਜਿਹਾ ਤੈਰਨ ਲੱਗ ਪਿਆ ਹੈ, ਸਹਿਮ ਜਿਹਾ ਪੈਦਾ ਹੋ ਗਿਆ ਹੈ। ਇਸ ਦਾ ਇਕੋ ਇਕ ਖਾਸ ਕਾਰਨ ਇਹ ਬਣਿਆ ਹੈ ਕਿ ਦੋ ਟਰਮਾਂ ਤੋਂ ਵਿਰੋਧੀ ਬੈਂਚਾਂ ‘ਤੇ ਬਹਿੰਦੀ ਆ ਰਹੀ ਭਾਰਤੀ ਜਨਤਾ ਪਾਰਟੀ ਨੇ ਸੱਤਾ ਲਈ ਤਰਲੋ-ਮੱਛੀ ਹੁੰਦਿਆਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕਰ ਦਿੱਤਾ ਹੈ। ਭਾਰਤੀ ਸਿਆਸੀ ਚੌਖਟੇ ਵਿਚ ਅਜਿਹਾ ਕਰਨਾ ਕੋਈ ਜੱਗੋਂ ਤੇਰ੍ਹਵੀਂ ਗੱਲ ਨਹੀਂ ਹੈ। ਪਹਿਲਾਂ ਵੀ ਸਿਆਸੀ ਪਾਰਟੀਆਂ ਚੋਣਾਂ ਤੋਂ ਅਗਾਊਂ ਆਪਣੇ ਕਿਸੇ ਮੁੱਖ ਆਗੂ ਨੂੰ ਪ੍ਰਧਾਨ ਮੰਤਰੀ ਦੀ ਪਦ-ਪਦਵੀ ਲਈ ਐਲਾਨਦੀਆਂ ਰਹੀਆਂ ਹਨ ਲੇਨਿਕ ਇਸ ਵਾਰ ਭਾਜਪਾ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਨੇ ਸੈਕੂਲਰ ਸੋਚ ਵਾਲੇ ਭਾਰਤੀਆਂ ਨੂੰ ਡੂੰਘੀ ਚਿੰਤਾ ਵਿਚ ਪਾ ਦਿੱਤਾ ਹੈ। ਵੱਖ-ਵੱਖ ਧਾਰਮਿਕ ਅਕੀਦੇ ਰੱਖਣ ਵਾਲੇ ਲੋਕ ਵੀ ਮੋਦੀ ਦਾ ਨਾਂ ਸੁਣਦਿਆਂ ਹੀ ਝੁਣ-ਝੁਣੀ ਲੈਂਦੇ ਦੇਖੇ ਗਏ ਹਨ।
ਇਸ ਗੁਜਰਾਤੀ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪੇਸ਼ ਕਰਨ ਤੋਂ ਭਾਰਤੀ ਲੋਕਾਂ ਵਿਚ ਉਪਜੇ ਖੌਫ਼ ਅਤੇ ਸਹਿਮ ਦੀ ਸਭ ਤੋਂ ਵੱਡੀ ਮਿਸਾਲ ਹਨ ਇਕ ਕੰਨ੍ਹੜ ਭਾਸ਼ੀ ਲੇਖਕ। ਦੇਸ਼ ਦੇ ਵੱਕਾਰੀ ਗਿਆਨਪੀਠ ਐਵਾਰਡ ਜੇਤੂ ਡਾæ ਯੂæ ਆਰæ ਅਨੰਤਮੂਰਤੀ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਹੈ ਕਿ ਖੁਦਾ ਨਾ ਖ਼ਾਸਤਾ ਜੇ ਸ੍ਰੀ ਮੋਦੀ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਉਹ (ਅਨੰਤਮੂਰਤੀ) ਭਾਰਤ ਵਿਚ ਨਹੀਂ ਰਹਿਣਗੇ; ਸਗੋਂ ਸ੍ਰੀ ਮੋਦੀ ਦੇ ‘ਰਾਜ ਕਾਲ’ ਵਿਚ ਜੀਵਨ ਬਸਰ ਕਰਨ ਨਾਲੋਂ ਕਿਸੇ ਪਰਾਏ ਮੁਲਕ ‘ਚ ਚਲੇ ਜਾਣਗੇ। ਅੱਗੇ ਸਿਤਮਜ਼ਰੀਫੀ ਇਹ ਦੇਖੋ ਕਿ ਇਸ ਬੁੱਧੀਜੀਵੀ ਦੇ ਤੌਖਲੇ ਦਾ ਹਲੀਮੀ ਨਾਲ ਕੋਈ ਯੋਗ ਉਤਰ ਦੇਣ ਦੀ ਬਜਾਏ ਭਾਜਪਾਈ ਆਗੂ ਖੜੱਪੇ ਸੱਪ ਵਾਂਗ ਫਨ ਫੈਲਾ ਕੇ ਕਹਿੰਦੇ ਨੇ, ‘ਅਨੰਤਮੂਰਤੀ ਜਿੱਥੇ ਮਰਜ਼ੀ ਚਲਾ ਜਾਵੇ, ਉਹ ਦੇਸ਼ ਛੱਡ ਕੇ ਜਾਣ ਲਈ ਆਜ਼ਾਦ ਹੈ।’
ਭਾਜਪਾਈਆਂ ਦੇ ਇਸ ਇੱਕੋ ਬਿਆਨ ਨੇ ‘ਮੋਦੀ ਮਾਰਕਾ’ ਰਾਜਨੀਤੀ ਦਾ ਸੱਚ ਸਾਹਮਣੇ ਲੈ ਆਂਦਾ ਹੈ। ਜਿਵੇਂ ਰਸੋਈ ਵਿਚ ਸਾਡੀਆਂ ਬੀਬੀਆਂ ਦਾਲ ਦਾ ਕੱਚ-ਪੱਕ ਦੇਖਣ ਲਈ ਕੜਛੀ ਉਪਰ ਦੋ ਚਾਰ ਦਾਣੇ ਮਸਲ ਕੇ ਅੰਦਾਜ਼ਾ ਲਾ ਲੈਂਦੀਆਂ ਹਨ; ਇਵੇਂ ਭਾਜਪਾ ਮਹਾਂਰਥੀਆਂ ਦਾ ਉਕਤ ਬਿਆਨ ‘ਭਗਵੇਂ ਸੁਪਨਿਆਂ’ ਦਾ ਸਾਕਾਰ ਰੂਪ ਹੀ ਮੰਨਿਆ ਜਾਣਾ ਚਾਹੀਦਾ ਹੈ ਕਿ ਉਹ ‘ਸਰਕਾਰ’ ਨਾਲ ਅਸਹਿਮਤੀ ਰੱਖਣ ਵਾਲੇ ਕਿਸੇ ਮਹਾਨ ਲੇਖਕ ਨੂੰ ਵੀ ‘ਬਾਹਰ ਭਜਾ’ ਦਿਆ ਕਰਨਗੇ।
ਭਾਜਪਾ ਆਗੂਆਂ ਸਮੇਤ ਸ੍ਰੀ ਮੋਦੀ ਦੀ ਇਸ ਗੱਲੋਂ ‘ਦਾਦ’ ਦੇਣੀ ਬਣਦੀ ਹੈ ਕਿ ਉਨ੍ਹਾਂ ਗੁਜਰਾਤ ਦੀ ਸੰਨ 2002 ਵਾਲੀ ਕਤਲੋ-ਗਾਰਤ ਲਈ ਕਦੇ ਕਾਂਗਰਸ ਵਾਂਗ ਦੱਬਵੀਂ ਜੀਭੇ ਵੀ ਅਫ਼ਸੋਸ ਦੇ ਦੋ ਸ਼ਬਦ ਨਹੀਂ ਆਖੇ। ਬੱਸ, ਸਿੱਧੀਆਂ ਲਾਲ ਕਿਲੇ ਵੱਲ ਪੂਛਾਂ ਚੁੱਕ ਲਈਆਂ। ਇਹੋ ਜਿਹੇ ਹਲਕੇ ਪੱਧਰ ਦਾ ‘ਡਰਾਮਾ’ ਅੱਜ ਤੱਕ ਕਿਸੇ ਆਗੂ ਨੇ ਨਹੀਂ ਕੀਤਾ ਹੋਣਾ, ਜਿਵੇਂ ਬੀਤੇ 15 ਅਗਸਤ ਨੂੰ ਨਰਿੰਦਰ ਮੋਦੀ ਨੇ ਜੱਗ-ਹਸਾਈ ਕਰਵਾਈ ਹੈ। ਇੱਧਰ ਦਿੱਲੀ ਦੇ ਲਾਲ ਕਿਲੇ ਦੀ ਇਤਿਹਾਸਕ ਫਸੀਲ ਤੋਂ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੇਸ਼ ਨੂੰ ਸੰਬੋਧਨ ਕਰ ਰਹੇ ਸਨ; ਉਧਰ ਸ੍ਰੀ ਮੋਦੀ ਨੇ ਇਸ ਦੇ ਮੁਤਵਾਤਰ ਇਕ ਨਕਲੀ ‘ਲਾਲ ਕਿਲਾ’ ਬਣਵਾ ਕੇ ਉਥੇ ਭਾਸ਼ਣ ਕੀਤਾ।
ਇੱਥੋਂ ਤੱਕ ਦੀ ਸ਼ੋਸ਼ਾਗਿਰੀ ਕਰਨ ਵਾਲੇ ਅਤੇ ਫਾਸ਼ੀਵਾਦੀ ਸੋਚ ਦੇ ਮਾਲਕ ਇਸ ਆਗੂ ਦੇ ਪ੍ਰਧਾਨ ਮੰਤਰੀ ਬਣਨ ਜਾਂ ਨਾ ਬਣਨ ਦੀ ‘ਤਵੱਕੋ’ ਬਾਰੇ ਲੰਬੀ ਤਹਿਰੀਰ ਪੜ੍ਹ ਕੇ ਕਾਫ਼ੀ ਤਸੱਲੀ ਮਿਲੀ। ਹਾਲਾਤੇ-ਹਾਜ਼ਰਾ ‘ਤੇ ਬਾਜ਼ ਨਜ਼ਰ ਰੱਖਣ ਵਾਲੇ ਪ੍ਰਬੁੱਧ ਪੱਤਰਕਾਰ ਜਤਿੰਦਰ ਪੰਨੂੰ ਨੇ ਆਪਣੇ ਇਕ ਲੇਖ ਵਿਚ ਸਾਰੀ ਜਮ੍ਹਾਂ-ਘਟਾਉ ਕਰ ਕੇ ਇਹ ‘ਸੁਖਦ ਸਿੱਟਾ’ ਕੱਢਿਆ ਹੈ ਕਿ ਮੋਦੀ ਦੀ ਵਾਰੀ ਸ਼ਾਇਦ ਅਜੇ ਨਹੀਂ। ਵੈਸੇ ਤਾਂ ਜੋ ਭਾਵੀ ਨੂੰ ਮਨਜ਼ੂਰ ਹੋਇਆ, ਉਹੀ ਹੋ ਕੇ ਰਹਿਣਾ ਹੈ, ਫਿਲਹਾਲ ਉਕਤ ਬੁੱਧੀਜੀਵੀ ਦੀ ਭਵਿੱਖਵਾਣੀ ਜਿਹੀ ਟਿੱਪਣੀ ‘ਤੇ ਧਰਵਾਸ ਕਰਨਾ ਬਣਦਾ ਹੈ।
ਸ੍ਰੀ ਪੰਨੂੰ ਦੇ ਲੇਖ ਤੋਂ ਇਹ ਵੀ ਜਾਣਕਾਰੀ ਮਿਲੀ ਕਿ ਸ੍ਰੀ ਮੋਦੀ ਕਿਸੇ ਸਮੇਂ ‘ਆਮ ਆਦਮੀ’ ਵਾਂਗ ਪੰਜਾਬ ਵਿਚ ਵੀ ਤੁਰਦੇ ਫਿਰਦੇ ਰਹੇ ਹਨ। ਜਾਪਦਾ ਹੈ ਕਿ ਉਨ੍ਹਾਂ ਪੰਜਾਬ ਆਵਾਸ ਦੌਰਾਨ ਕਿਤੇ ਇਹ ਅਖਾਣ ਸੁਣ ਲਿਆ ਹੋਵੇਗਾ ਕਿ ‘ਉਹੀ ਫੱਬੇ ਜਿਹੜੀ ਪੀਂਹਦੀ ਨੇ ਚੱਬੇ!’ ਇਸੇ ਅਖਾਣ ਦੀ ਸਿੱਖਿਆ ਅਨੁਸਾਰ ਉਨ੍ਹਾਂ ਨੇ ਲਾਲ ਕਿਲੇ ਤੋਂ ਸੰਬੋਧਨ ਕਰਨ ਦੀ ਦਿਲੀ ਰੀਝ ਪੂਰੀ ਕਰ ਲਈ। ਪਾਠਕ ਸੋਚਣਗੇ ਕਿ ਲਾਲ ਕਿਲੇ ਤੋਂ ਲੈਕਚਰ ਝਾੜਨ ਨਾਲ ਚੱਕੀ ਪੀਹਣ ਵਾਲੀ ਕਹਾਵਤ ਦਾ ਕੀ ਸਬੰਧ ਹੋਇਆ?
ਲਉ ਜੀ, ਉਕਤ ਪੰਜਾਬੀ ਅਖਾਣ ਦੀ ਉਥਾਨਕਾ ਵੀ ਪੜ੍ਹ ਲਓ, ਕਹਿੰਦੇ ਨੇ ਕਿਸੇ ਪੇਂਡੂ ਮਾਈ ਦੀ ਆਪਣੀ ਘਰ ਦੀ ਚੱਕੀ ਰਾਹੁਣ ਵਾਲੀ ਹੋਈ ਪਈ ਸੀ। ਉਹ ਛੋਲਿਆਂ ਦਾ ਗੋਹਲਾ ਭਰ ਕੇ ਦਾਲ ਦਲਣ ਵਾਸਤੇ ਗੁਆਂਢੀਆਂ ਦੇ ਘਰੇ ਚਲੇ ਗਈ। ਗੁਆਂਢਣ ਬੀਬੀਆਂ ਨਾਲ ਗੱਲਾਂ ਮਾਰਦਿਆਂ ਉਹ ਛੋਲੇ ਚੱਬੀ ਜਾਵੇ। ਚੱਕੀ ਘੁਮਾਉਂਦੀ ਹੋਈ ਵੀ ਉਹ ਇਕ ਲੱਪ ਚੱਕੀ ਦੇ ਗਲੇ ‘ਚ ਪਾਵੇ ਅਤੇ ਦੂਜੀ ਮੁੱਠ ਮੂੰਹ ‘ਚ ਪਾ ਲਵੇ।
ਸੁਚੱਜੀ ਗੁਆਂਢਣ ਨੇ ਉਸ ਨੂੰ ਟੋਕਦਿਆਂ ਪੁੱਛਿਆ ਕਿ ਤੂੰ ਇਹ ਕੀ ਕਰੀ ਜਾਨੀ ਐਂ? ਤੇਰੀ ਦਾਲ ਦੀ ਬਰਕਤ ਰਹਿ ਜਾਏਗੀ ਇੰਜ? “ਕੁੜੇ ਮੈਨੂੰ ਆਦਤ ਪਈ ਹੋਈ ਐ।” ਕਹਿ ਕੇ ਮਾਈ ਦਲੇ ਹੋਏ ਛੋਲਿਆਂ ਦਾ ਗੋਹਲਾ ਭਰ ਕੇ ਬਾਹਰ ਗਲੀ ਵਿਚ ਆ ਗਈ। ਮੀਂਹ ਪੈਣ ਕਰ ਕੇ ਗਲੀ ਵਿਚ ਤਿਲਕਣ ਸੀ ਤੇ ਮਾਈ ਸਣੇ ਗੋਹਲੇ ਤਿਲਕ ਕੇ ਡਿਗ ਪਈ। ਸਾਰੀ ਦਾਲ ਚਿੱਕੜ ਵਿਚ ਮਿਲ ਗਈ। ਖਾਲਮ-ਖਾਲੀ ਹੋਇਆ ਗੋਹਲਾ ਚੁੱਕ ਕੇ ਘਰ ਨੂੰ ਜਾਣ ਲੱਗਿਆਂ ਮਾਈ ਨੇ ਚੱਕੀ ਵਾਲੀ ਗੁਆਂਢਣ ਨੂੰ ‘ਵਾਜ਼ ਮਾਰ ਕੇ ਆਖਿਆ, “ਆਹ ਦੇਖ ਲੈ ਨੀ ਭੈਣੇ! ਤੂੰ ਮੈਨੂੰ ਛੋਲੇ ਚੱਬਣ ਤੋਂ ਵਰਜ ਰਹੀ ਸੀæææ ਹੁਣ ਦੇਖ ਤਾਂæææ ਉਹੀ ਫੱਬੇ ਨਾ, ਜਿਹੜੇ ਪੀਂਹਦੀ ਪੀਂਹਦੀ ਨੇ ਚੱਬੇ ਸਨ?
ਸੋ, ਚਤਰ ਸਿਆਣੇ ਮੋਦੀ ਨੇ ਵੀ ਸੋਚਿਆ ਹੋਣੈ ਕਿ ਖੌਰੇ ਵੋਟਾਂ ਵਾਲਾ ਗੋਹਲਾ ਮੂੰਧਾ ਹੀ ਵੱਜ ਜਾਣੈ! ਕਿਉਂ ਨਾ ਪਹਿਲਾਂ-ਪਹਿਲਾਂ ਲਾਲ ਕਿਲੇ ਤੋਂ ਬੋਲਣ ਦਾ ਮਜ਼ਾ ਤਾਂ ਲੈ ਲਈਏ। ਪ੍ਰਧਾਨ ਮੰਤਰੀ ਵਜੋਂ ਨਾ ਸਹੀ, ਇਸ ਪਦਵੀ ਦੇ ਭਾਜਪਾਈ ਉਮੀਦਵਾਰ ਵਜੋਂ ਹੀ ਸਹੀ! ਜੋ ਵੀ ਹੈ, ਉਨ੍ਹਾਂ ਦੇ ਇਸ ‘ਐਕਸ਼ਨ’ ਨੇ ਲਾਲ ਕਿਲੇ ਲਈ ਡਿਗਦੀਆਂ ਲਾਲਾਂ ਪ੍ਰਤੱਖ ਦਿਖਾ ਦਿੱਤੀਆਂ ਹਨ।
‘ਹੁਣ ਹੋਰ ਲੋਕ ਰਾਜ ਨੂੰ ਬਦਨਾਮ ਨਾ ਕਰੋ,
ਛੱਡੋ ਬੜਾ ਗਰੀਬ ਦਾ ਠੱਠਾ ਉਡਾ ਲਿਆ!’
(ਗੁਰਦੀਪ)

Be the first to comment

Leave a Reply

Your email address will not be published.