ਮੁੱਖ ਮੰਤਰੀ ਮਾਨ ਵੱਲੋਂ 31 ਬੋਰਡਾਂ ਅਤੇ ਨਿਗਮਾਂ `ਚ ਅਹਿਮ ਨਿਯੁਕਤੀਆਂ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ 31 ਬੋਰਡਾਂ ਅਤੇ ਨਿਗਮਾਂ ‘ਚ ਅਹਿਮ ਨਿਯੁਕਤੀਆਂ ਕੀਤੀਆਂ ਹਨ। ਨਵੀਆਂ ਨਿਯੁਕਤੀਆਂ ਲਈ ਚੋਣ ‘ਆਪ‘ ਦੇ ਆਗੂਆਂ ‘ਚੋਂ ਕੀਤੀ ਗਈ ਹੈ। ਅਗਾਮੀ ਸ਼ਹਿਰੀ ਅਤੇ ਪੇਂਡੂ ਸੰਸਥਾਵਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਇਕੋ ਦਿਨ ‘ਚ ਅਹਿਮ ਬੋਰਡਾਂ ਅਤੇ ਨਿਗਮਾਂ ਦੇ ਮੈਂਬਰ ਨਿਯੁਕਤ ਕੀਤੇ ਹਨ। ਇਸ ਚੋਣ ਵਿਚ ਸਭ ਵਰਗਾਂ ਨੂੰ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਐਸ.ਐਸ.ਐਸ. ਬੋਰਡ ਵਿਚ ਗੁੰਜਨ ਚੱਢਾ, ਅਨਿਲ ਮਹਾਜਨ, ਸਤਬੀਰ ਬਖਸ਼ੀਵਾਲ ਅਤੇ ਨਰੇਸ਼ ਪਾਠਕ ਨੂੰ ਮੈਂਬਰ ਬਣਾਇਆ ਹੈ ਜਦੋਂ ਕਿ ਹਰਪਾਲ ਸਿੰਘ ਨੂੰ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਦਾ ਮੈਂਬਰ ਬਣਾਇਆ ਹੈ। ਪੰਜਾਬ ਵਕਫ ਬੋਰਡ ਵਿਚ ਮੁਹੰਮਦ ਓਵੈਸ, ਡਾ. ਅਨਵਰ, ਅਬਦੁਲ ਕਾਦਿਰ ਅਤੇ ਬਹਾਦਰ ਖ਼ਾਨ ਨੂੰ ਮੈਂਬਰ ਨਿਯੁਕਤ ਕੀਤਾ ਹੈ।
ਵੱਖ-ਵੱਖ ਸ਼ਹਿਰੀ ਵਿਕਾਸ ਅਥਾਰਟੀਆਂ ਦੇ ਡਾਇਰੈਕਟਰ ਵੀ ਲਾਏ ਗਏ ਹਨ। ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦਾ ਜਰਨੈਲ ਮੰਨੂ, ਚੰਨ ਸਿੰਘ ਖਾਲਸਾ ਅਤੇ ਸੁਖਰਾਜ ਗੋਰਾ ਨੂੰ ਮੈਂਬਰ ਲਾਇਆ ਹੈ ਜਦੋਂ ਕਿ ਜਸ਼ਨ ਬਰਾੜ ਨੂੰ ਪੰਜਾਬ ਸਟੇਟ ਸੀਡ ਕਾਰਪੋਰੇਸ਼ਨ ਦਾ ਮੈਂਬਰ ਲਾਇਆ ਹੈ। ਇਸੇ ਤਰ੍ਹਾਂ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਕੈਪਟਨ ਹਰਜੀਤ ਸਿੰਘ ਮਾਂਗਟ ਨੂੰ ਵਾਈਸ ਚੇਅਰਮੈਨ ਅਤੇ ਅਜੇ ਸ਼ਰਮਾ ਨੂੰ ਡਾਇਰੈਕਟਰ ਲਾਇਆ ਹੈ। ਪੰਜਾਬ ਖਾਦੀ ਅਤੇ ਵਿਲੇਜ ਇੰਡਸਟਰੀਜ ਬੋਰਡ ਦਾ ਬਲਜੀਤ ਖੇੜਾ ਨੂੰ ਸੀਨੀਅਰ ਵਾਈਸ ਚੇਅਰਮੈਨ, ਕੰਵਲਜੀਤ ਭਾਟੀਆ ਨੂੰ ਵਾਈਸ ਚੇਅਰਮੈਨ ਲਾਇਆ ਹੈ।
ਇੰਦਰਜੀਤ ਸੰਧੂ ਵੇਅਰ ਹਾਊਸ ਦੇ ਉਪ ਚੇਅਰਮੈਨ ਨਿਯੁਕਤ
ਸਨੌਰ: ‘ਆਪ` ਦੇ ਸੂਬਾਈ ਬੁਲਾਰੇ ਤੇ ਪਟਿਆਲਾ ਲੋਕ ਸਭਾ ਹਲਕੇ ਦੇ ਇੰਚਾਰਜ ਇੰਦਰਜੀਤ ਸਿੰਘ ਸੰਧੂ ਨੂੰ ਪੰਜਾਬ ਸਰਕਾਰ ਵੱਲੋਂ ‘ਵੇਅਰ ਹਾਊਸ ਕਾਰਪੋਰੇਸ਼ਨ` ਦਾ ਸੂਬਾਈ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਂਜ ਇਸ ਅਦਾਰੇ ਦਾ ਨਾਮ ਬਦਲ ਕੇ ਹੁਣ ‘ਪੰਜਾਬ ਸਟੇਟ ਕੌਨਵੇਅਰ` ਰੱਖ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਨੌਰ ਦੇ ਜੰਮਪਲ ਇੰਦਰਜੀਤ ਸੰਧੂ ਬੇਅਦਬੀ ਦੀਆਂ ਘਟਨਾਵਾਂ ਉਪਰੰਤ ਅਕਾਲੀ ਦਲ ਛੱਡ ਕੇ ‘ਆਪ` ਵਿਚ ਸ਼ਾਮਲ ਹੋ ਗਏ ਸਨ। ‘ਆਪ` ਵੱਲੋਂ ਉਨ੍ਹਾਂ ਨੂੰ ਸਨੌਰ ਦਾ ਹਲਕਾ ਇੰਚਾਰਜ ਬਣਾਇਆ ਗਿਆ ਸੀ। ‘ਆਪ` ਪ੍ਰਤੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੁਣ ਇੰਦਰਜੀਤ ਸਿੰਘ ਸੰਧੂ ਨੂੰ ਉਪ ਚੇਅਰਮੈਨੀ ਦਿੱਤੀ ਗਈ ਹੈ।