ਖਾਲਿਸਤਾਨੀ ਆਗੂ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ `ਚ ਮੌਤ

ਅੰਮ੍ਰਿਤਸਰ: ਖਾਲਿਸਤਾਨੀ ਆਗੂ 72 ਸਾਲਾ ਲਖਬੀਰ ਸਿੰਘ ਰੋਡੇ ਦਾ ਪਾਕਿਸਤਾਨ ਵਿਚ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ। ਉਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੇ ਭਰਾ ਅਤੇ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਸੀ।

ਇਸ ਦੀ ਪੁਸ਼ਟੀ ਭਾਈ ਜਸਬੀਰ ਸਿੰਘ ਰੋਡੇ ਵੱਲੋਂ ਕੀਤੀ ਗਈ ਹੈ। ਉਨ੍ਹਾਂ ਸੋਸ਼ਲ ਮੀਡੀਆ ਉਤੇ ਪੋਸਟ ਵੀ ਸਾਂਝੀ ਕੀਤੀ ਹੈ। ਲਖਬੀਰ ਸਿੰਘ ਰੋਡੇ ਇਸ ਵੇਲੇ ਪਾਕਿਸਤਾਨ ਵਿਚ ਸੀ ਅਤੇ 2 ਦਸੰਬਰ ਨੂੰ ਉਸ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨ ਲੇਵਾ ਸਾਬਤ ਹੋਇਆ। ਦੇਹ ਦਾ ਸਸਕਾਰ ਵੀ ਉੱਥੇ ਹੀ ਕਰ ਦਿੱਤਾ ਗਿਆ ਹੈ। ਉਸ ਦੀ ਪਤਨੀ ਅਤੇ ਬੱਚੇ ਵੀ ਵਿਦੇਸ਼ ਵਿਚ ਹਨ। ਲਖਬੀਰ ਸਿੰਘ ਰੋਡੇ ਪੁਲਿਸ ਨੂੰ ਕਈ ਕੇਸਾਂ ਵਿਚ ਲੋੜੀਂਦਾ ਸੀ। ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਵੀ ਸੀ। ਉਸ ਨੂੰ ਕਨਿਸ਼ਕ ਬੰਬ ਕਾਂਡ ਵਿਚ ਵੀ ਨਾਮਜ਼ਦ ਕੀਤਾ ਗਿਆ ਸੀ। ਉਹ ਸੁਰੂ ਵਿਚ ਦੁਬਈ ਗਿਆ ਸੀ ਅਤੇ ਉਥੋਂ ਪਾਕਿਸਤਾਨ ਚਲਾ ਗਿਆ, ਜਦੋਂ ਕਿ ਉਸ ਦਾ ਪਰਿਵਾਰ ਕੈਨੇਡਾ ਵਿਚ ਹੈ। ਸਾਲ 2002 ਵਿਚ ਭਾਰਤ ਵੱਲੋਂ ਪਾਕਿਸਤਾਨ ਨੂੰ ਲੋੜੀਂਦੇ ਵਿਅਕਤੀਆਂ ਦੀ ਦਿੱਤੀ ਗਈ ਸੂਚੀ ਵਿਚ ਉਸ ਦਾ ਨਾਂ ਵੀ ਸ਼ਾਮਲ ਸੀ। ਉਹ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ ਅਤੇ ਸ਼ੂਗਰ ਤੇ ਦਿਲ ਦੇ ਰੋਗ ਤੋਂ ਪੀੜਤ ਸੀ। ਉਸ ਦੀ ਬਾਈਪਾਸ ਸਰਜਰੀ ਵੀ ਹੋਈ ਸੀ।