ਰਾਜੋਆਣਾ ਨੇ ਜੇਲ੍ਹ `ਚ ਭੁੱਖ ਹੜਤਾਲ ਸ਼ੁਰੂ ਕੀਤੀ

ਪਟਿਆਲਾ: 27 ਸਾਲਾਂ ਤੋਂ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਐਲਾਨ ਮੁਤਾਬਕ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਰਾਜੋਆਣਾ ਮੰਗ ਕਰ ਰਿਹਾ ਹੈ ਕਿ 12 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦੀ ਫਾਂਸੀ ਦੀ ਸਜਾ ਉਮਰ ਕੈਦ

ਵਿਚ ਤਬਦੀਲ ਕਰਨ ਸਬੰਧੀ ਰਾਸ਼ਟਰਪਤੀ ਕੋਲ ਦਾਇਰ ਕੀਤੀ ਰਹਿਮ ਦੀ ਅਪੀਲ ਵਾਪਸ ਕਰਵਾਈ ਜਾਵੇ। ਹਾਲਾਂਕਿ ਇਹ ਪਟੀਸ਼ਨ ਵਾਪਸ ਲੈਣ ਤੋਂ ਇਨਕਾਰ ਕਰਦੀਆਂ ਸ਼੍ਰੋਮਣੀ ਕਮੇਟੀ ਨੇ 20 ਦਸੰਬਰ ਨੂੰ ਦਿੱਲੀ ਵਿਚ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਹੈ।
ਦੱਸਣਯੋਗ ਹੈ ਕਿ ਰਾਜੋਆਣਾ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਕ ਪੱਤਰ ਭੇਜ ਕੇ ਆਖਿਆ ਗਿਆ ਸੀ ਕਿ ਉਹ 5 ਦਸੰਬਰ ਤੋਂ ਪਹਿਲਾਂ ਉਸ ਦੀ ਫਾਂਸੀ ਦੀ ਮੁਆਫੀ ਸਬੰਧੀ ਰਾਸ਼ਟਰਪਤੀ ਕੋਲ ਦਾਇਰ ਕੀਤੀ ਗਈ ਰਹਿਮ ਦੀ ਅਪੀਲ ਵਾਪਸ ਲੈ ਲੈਣ ਨਹੀਂ ਤਾਂ ਉਹ ਭੁੱਖ ਹੜਤਾਲ ਸ਼ੁਰੂ ਕਰੇਗਾ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਗਈ ਸੀ। ਮੀਟਿੰਗ ਵਿਚ ਪੰਥਕ ਨੁਮਾਇੰਦਿਆਂ ਦੇ ਵਿਚਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਅੰਤ੍ਰਿੰਗ ਕਮੇਟੀ ਨੇ ਪਟੀਸ਼ਨ ਵਾਪਸ ਨਾ ਲੈਣ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਅੰਤ੍ਰਿੰਗ ਕਮੇਟੀ ਵੱਲੋਂ ਰਾਜੋਆਣਾ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਭੁੱਖ ਹੜਤਾਲ ‘ਤੇ ਜਾਣ ਦਾ ਫੈਸਲਾ ਵਾਪਸ ਲਵੇ ਕਿਉਂਕਿ ਇਹ ਗੁਰਮਤਿ ਅਨੁਸਾਰ ਨਹੀਂ ਹੈ। ਕਮੇਟੀ ਨੇ ਰਾਜੋਆਣਾ ਦੇ ਮਾਮਲੇ ‘ਚ ਸੰਘਰਸ਼ ਤੇਜ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ, ਜਿਸ ਤਹਿਤ 20 ਦਸੰਬਰ ਨੂੰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਦਿੱਲੀ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 20 ਦਸੰਬਰ ਨੂੰ ਸਮੂਹ ਪੰਥਕ ਜਥੇਬੰਦੀਆਂ ਤੇ ਉਨ੍ਹਾਂ ਦੇ ਨੁਮਾਇੰਦੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਚ ਇਕੱਠੇ ਹੋਣਗੇ, ਜਿੱਥੋਂ ਰਾਸ਼ਟਰਪਤੀ ਭਵਨ ਤੱਕ ਰੋਸ ਮਾਰਚ ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਬੰਧੀ ਲੋਕਾਂ ਕੋਲੋਂ ਭਰਵਾਏ 26 ਲੱਖ ਪ੍ਰੋਫਾਰਮੇ ਵੀ ਰਾਸ਼ਟਰਪਤੀ ਨੂੰ ਸੌਂਪਣਗੇ।