ਚੋਣ ਨਤੀਜਿਆਂ ਨਾਲ ਭਾਜਪਾ ਦੇ ਹੌਸਲੇ ਬੁਲੰਦ

ਕਾਂਗਰਸ ਨੂੰ ਤਕੜਾ ਝਟਕਾ; ‘ਆਪ’ ਦੀ ਝੋਲੀ ਖਾਲੀ
ਚੰਡੀਗੜ੍ਹ: ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤਿਲੰਗਾਨਾ ਅਤੇ ਮਿਜ਼ੋਰਮ ਦੀਆਂ ਵਿਧਾਨ ਸਭਾ ਚੋਣਾਂ ਨੇ ਸਿਆਸੀ ਮਾਹਿਰਾਂ ਦੀਆਂ ਗਿਣਤੀਆਂ-ਮਿਣਤੀਆਂ ਹਿਲਾ ਕੇ ਰੱਖ ਦਿੱਤੀਆਂ ਹਨ।

ਇਹ ਚੋਣ ਨਤੀਜੇ ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਵੀ ਵੱਡੇ ਸੰਕੇਤ ਦੇ ਗਏ ਹਨ। ਚੋਣ ਨਤੀਜੇ ਇਹ ਵੀ ਇਸ਼ਾਰਾ ਕਰ ਗਏ ਹਨ ਕਿ ਭਾਜਪਾ ਦੇ ਟਾਕਰੇ ਲਈ ਵਿਰੋਧੀਆਂ ਧਿਰਾਂ ਵੱਲੋਂ ਹੋ ਰਹੀਆਂ ਕੋਸ਼ਿਸ਼ਾਂ ਸਹੀ ਦਿਸ਼ਾ ਵੱਲ ਨਹੀਂ ਹਨ। ਭਾਜਪਾ ਨੇ ਤਿੰਨ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਜਿੱਤ ਦਰਜ ਕੀਤੀ ਹੈ ਜਦਕਿ ਤਿਲੰਗਾਨਾ ਵਿਚ ਕਾਂਗਰਸ ਨੇ ਬੀ.ਆਰ.ਐਸ. ਨੂੰ ਸੱਤਾ ‘ਚੋਂ ਬਾਹਰ ਕਰ ਦਿੱਤਾ ਹੈ। ਮਿਜ਼ੋਰਮ ਵਿਚ ਆਈ.ਪੀ.ਐਸ. ਅਧਿਕਾਰੀ ਤੋਂ ਸਿਆਸਤਦਾਨ ਬਣੇ ਲਾਲਦੁਹੋਮਾ ਦੀ ਅਗਵਾਈ ਵਾਲੇ ਛੇ ਖੇਤਰੀ ਪਾਰਟੀਆਂ ਦੇ ਗੱਠਜੋੜ ਤੋਂ ਬਣੀ ਜ਼ੋਰਮ ਪੀਪਲਜ਼ ਮੂਵਮੈਂਟ (ਜ਼ੈਡ.ਪੀ.ਐਮ.) ਨੇ ਸੱਤਾਧਾਰੀ ਪਾਰਟੀ ਮਿਜ਼ੋ ਨੈਸ਼ਨਲ ਫਰੰਟ (ਐਮ.ਐਨ.ਐਫ਼.) ਨੂੰ ਹਰਾ ਕੇ ਸੱਤਾ ਉਤੇ ਕਬਜ਼ਾ ਕਰ ਲਿਆ ਹੈ।
ਇਨ੍ਹਾਂ ਨਤੀਜਿਆਂ ਨੇ ਸਭ ਤੋਂ ਵੱਡਾ ਝਟਕਾ ਆਮ ਆਦਮੀ ਪਾਰਟੀ (ਆਪ) ਨੂੰ ਦਿੱਤਾ ਹੈ ਅਤੇ ਕੇਂਦਰੀ ਸੱਤਾ ਵੱਲ ਪੈਰ ਵਧਾਉਣ ਦੀਆਂ ਕੋਸ਼ਿਸ਼ ਕਰ ਰਹੀ ਇਸ ਧਿਰ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ। ਚੋਣ ਕਮਿਸ਼ਨ ਦੇ ਅੰਕੜੇ ਦੱਸਦੇ ਹਨ ਕਿ ਆਪ ਨੂੰ ਨੋਟਾ (ਕਿਸੇ ਨੂੰ ਵੋਟ ਨਹੀਂ) ਤੋਂ ਵੀ ਘੱਟ ਵੋਟਾਂ ਪਈਆਂ। ਅੰਕੜੇ ਦੱਸਦੇ ਹਨ ਕਿ ਆਪ ਦੇ ਜ਼ਿਆਦਾਤਰ ਉਮੀਦਵਾਰਾਂ ਤੋਂ ਆਜ਼ਾਦ ਖੜ੍ਹੇ ਉਮੀਦਵਾਰ ਵੀ ਵੱਧ ਵੋਟਾਂ ਲੈ ਗਏ। ਰਾਜਧਾਨੀ ਦਿੱਲੀ ਤੇ ਪੰਜਾਬ ਵਿਚ ਵੱਡੇ ਬਹੁਮਤ ਨਾਲ ਸੱਤਾ ਵਿਚ ਕਾਬਜ਼ ਹੋ ਕੇ ਕੌਮੀ ਪਾਰਟੀ ਦਾ ਦਰਜਾ ਹਾਸਲ ਕਰਨ ਵਾਲੀ ਇਸ ਧਿਰ ਨੂੰ ਕਿਤੇ ਪੈਰ ਰੱਖਣ ਜੋਗੀ ਜਗ੍ਹਾ ਨਹੀਂ ਮਿਲੀ। ਨਤੀਜਿਆਂ ਅਨੁਸਾਰ ਮੱਧ ਪ੍ਰਦੇਸ਼ ਵਿਚ ਇਸ ਧਿਰ ਨੂੰ 0.51 ਫ਼ੀਸਦ ਵੋਟਾਂ ਪਈਆਂ ਹਨ, ਜਦਕਿ ਨੋਟਾ ਨੂੰ 0.98 ਫ਼ੀਸਦ ਵੋਟ ਪਈ ਹੈ। ਛੱਤੀਸਗੜ੍ਹ ਵਿਚ ‘ਆਪ` ਨੂੰ 0.93 ਫ਼ੀਸਦ ਤੇ ਨੋਟਾ ਨੂੰ 1.26 ਫ਼ੀਸਦ ਅਤੇ ਰਾਜਸਥਾਨ ਵਿਚ ‘ਆਪ` ਨੂੰ 0.38 ਫ਼ੀਸਦ ਤੇ ਨੋਟਾ ਨੂੰ 0.96 ਫ਼ੀਸਦ ਵੋਟਾਂ ਪਈਆਂ ਹਨ। ਆਪ ਦੇ ਇਸ ਹਸ਼ਰ ਉਤੇ ਸਿਆਸੀ ਮਾਹਿਰ ਵੀ ਹੈਰਾਨ ਹਨ। ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਦਰਜਨਾਂ ਚੋਣ ਰੈਲੀਆਂ ਕੀਤੀਆਂ। ਇਸ ਤੋਂ ਇਲਾਵਾ ਪੰਜਾਬ ਤੇ ਦਿੱਲੀ ਦੇ ਕਈ ਕੈਬਨਿਟ ਮੰਤਰੀਆਂ ਤੇ ਦਰਜਨਾਂ ਵਿਧਾਇਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਸਨ ਪਰ ਪੱਲੇ ਕੱਖ ਨਾ ਪਿਆ। ਇਹ ਚੋਣ ਨਤੀਜੇ ਇਹ ਵੀ ਸਾਫ ਕਰ ਗਏ ਹਨ ਕਿ ਜਨਤਾ ਨੂੰ ‘ਆਪ` ਦੀਆਂ ਮੁਫਤ ਗਰੰਟੀਆਂ ਤੇ ਦਿੱਲੀ-ਪੰਜਾਬ ਵਿਚ ਸੱਤਾ ਦੇ ਤੌਰ-ਤਰੀਕੇ ਬਾਹਲੇ ਪਸੰਦ ਨਹੀਂ ਆਏ।
ਯਾਦ ਰਹੇ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪ ਇਕਪਾਸੜ ਜਿੱਤ ਦਰਜ ਕਰ ਕੇ ਸੱਤਾ ਵਿਚ ਆਈ ਸੀ। ਇਸ ਤੋਂ ਬਾਅਦ ਗੋਆ ਤੇ ਗੁਜਰਾਤ ਵਿਧਾਨ ਸਭਾ ਵਿਚ ਆਪਣਾ ਖਾਤਾ ਖੋਲ੍ਹਣ ਵਿਚ ਸਫਲ ਰਹੀ। ਇਨ੍ਹਾਂ ਚੋਣਾਂ ਵਿਚ ਆਪ ਨੇ ਪੰਜਾਬ ਤੇ ਦਿੱਲੀ ਵਿਚ ਮੁਫਤ ਗਰੰਟੀਆਂ ਨੂੰ ਖੂਬ ਪ੍ਰਚਾਰਿਆ ਸੀ। ਆਪ ਉਤੇ ਦੋਸ਼ ਲੱਗ ਰਹੇ ਹੈ ਕਿ ਇਨ੍ਹਾਂ ਸੂਬਿਆਂ ਵਿਚ ਚੋਣ ਪ੍ਰਚਾਰ ਉਤੇ ਪੰਜਾਬ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ 500 ਕਰੋੜ ਰੁਪਏ ਇਸ਼ਤਿਹਾਰਾਂ ‘ਤੇ ਖਰਚ ਦਿੱਤੇ। ਪੰਜਾਬ ਦੇ ਹੈਲੀਕਾਪਟਰ ਦੀ ਚੋਣ ਪ੍ਰਚਾਰ ਵਿਚ ਖੁੱਲ੍ਹ ਕੇ ਵਰਤੋਂ ਕੀਤੀ ਗਈ ਪਰ ਇੰਨੇ ਖਰਚੇ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਪੱਲੇ ਕੱਖ ਨਹੀਂ ਪਿਆ। ‘ਆਪ‘ ਦੀ ਤਿੰਨੋਂ ਸੂਬਿਆਂ ਵਿਚ ਹੋਈ ਕਰਾਰੀ ਹਾਰ ਦਾ ਅਸਰ ਆਗਾਮੀ ਲੋਕ ਸਭਾ ਚੋਣਾਂ ‘ਤੇ ਪੈਣਾ ਤੈਅ ਹੈ। ਸਿਆਸੀ ਮਾਹਿਰ ਦੱਸਦੇ ਹਨ ਕਿ ਜੇਕਰ ਆਮ ਆਦਮੀ ਪਾਰਟੀ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ‘ (ਇੰਡੀਆ) ਗੱਠਜੋੜ ਤਹਿਤ ਆਪਣੀ ਭਾਈਵਾਲ ਕਾਂਗਰਸ ਨਾਲ ਮਿਲ ਕੇ ਚੱਲਦੀ ਤਾਂ ਸ਼ਾਇਦ ਨਤੀਜੇ ਕੁਝ ਹੋਰ ਹੁੰਦੇ। ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਟਾਕਰੇ ਲਏ ਬਣੇ ਇਸ ਗੱਠਜੋੜ ਵਿਚ ਕਾਂਗਰਸ ਸਭ ਤੋਂ ਪੁਰਾਣੀ ਅਤੇ ਆਮ ਆਦਮੀ ਪਾਰਟੀ ਸਭ ਤੋਂ ਨਵੀਂ ਧਿਰ ਹੈ ਪਰ ਕੇਂਦਰੀ ਸੱਤਾ ਲਈ ਵੱਡੇ ਸੁਪਨੇ ਵੇਖੀ ਬੈਠੀ ਇਹ ਧਿਰ (ਆਪ) ਹਾਲੇ ਤੱਕ ਭਾਈਵਾਲਾਂ ਨੂੰ ਕੋਈ ਰਾਹ ਨਹੀਂ ਦੇ ਰਹੀ ਸੀ। ਹੁਣ ਲੱਗੇ ਝਟਕੇ ਪਿੱਛੋਂ ਗੱਠਜੋੜ ਦੇ ਤਕੜੇ ਹੋ ਕੇ ਭਾਜਪਾ ਖਿਲਾਫ ਲੜਨ ਦੇ ਆਸਾਰ ਵੀ ਬਣ ਗਏ ਹਨ। ਚਾਰ ਸੂਬਿਆਂ ਦੇ ਚੋਣ ਨਤੀਜਿਆਂ ‘ਚ ਭਾਜਪਾ ਨੇ ਜਿੱਥੇ ਮੱਧ ਪ੍ਰਦੇਸ਼ ‘ਚ ਆਪਣੀ ਸਰਕਾਰ ਕਾਇਮ ਰੱਖੀ, ਉਥੇ ਹੀ ਦੋ ਸੂਬਿਆਂ ਰਾਜਸਥਾਨ ਤੇ ਛੱਤੀਸਗੜ੍ਹ ਦੀ ਸੱਤਾ ਕਾਂਗਰਸ ਤੋਂ ਖੋਹ ਲਈ। ਕਾਂਗਰਸ ਦੋ ਸੂਬੇ ਹਾਰ ਗਈ ਪਰ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਤੋਂ ਤਿਲੰਗਾਨਾ ਜਿੱਤ ਗਈ। ਰਾਜਸਥਾਨ ਤੋਂ ਬਿਨਾਂ ਇਹ ਚੋਣ ਨਤੀਜੇ ਉਵੇਂ ਨਹੀਂ ਆਏ ਜਿਵੇਂ ਸਿਆਸੀ ਮਾਹਿਰ ਇਨ੍ਹਾਂ ਬਾਰੇ ਸੋਚ ਰਹੇ ਸਨ। ਸਿਆਸੀ ਮਾਹਿਰਾਂ ਤੇ ਐਗਜ਼ਿਟ ਪੋਲਾਂ ਦੀ ਭਵਿੱਖਬਾਣੀ ਸੀ ਕਿ ਭਾਰਤੀ ਜਨਤਾ ਪਾਰਟੀ ਰਾਜਸਥਾਨ ਵਿਚ ਅਤੇ ਕਾਂਗਰਸ ਛੱਤੀਸਗੜ੍ਹ ਵਿਚ ਜਿੱਤੇਗੀ ਜਦੋਂਕਿ ਮੱਧ ਪ੍ਰਦੇਸ਼ ਵਿਚ ਕਾਂਟੇ ਦੀ ਟੱਕਰ ਹੋਵੇਗੀ। ਮੱਧ ਪ੍ਰਦੇਸ਼ ਵਿਚ ਭਾਜਪਾ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ; ਪਾਰਟੀ ਨੇ ਇਸ ਸੂਬੇ ਵਿਚ ਚੋਣ ਪੂਰੀ ਤਾਕਤ ਨਾਲ ਲੜੀ ਸੀ ਅਤੇ ਕਈ ਕੇਂਦਰੀ ਮੰਤਰੀਆਂ ਤੇ ਸੰਸਦ ਮੈਂਬਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਪ੍ਰਧਾਨ ਜੇ.ਪੀ. ਨੱਢਾ ਨੇ ਲਗਾਤਾਰ ਚੋਣ ਪ੍ਰਚਾਰ ਕੀਤਾ; ਇਨ੍ਹਾਂ ਸੂਬਿਆਂ ਦੇ ਚੋਣ ਨਤੀਜਿਆਂ ਨੇ ਕਰਨਾਟਕ ਵਿਚ ਭਾਜਪਾ ਦੀ ਹਾਰ ਤੋਂ ਬਾਅਦ ਉਨ੍ਹਾਂ ਦੀ ਵੋਟ ਪ੍ਰਾਪਤ ਕਰਨ ਦੀ ਸਮਰੱਥਾ ਬਾਰੇ ਉਪਜੇ ਸ਼ੱਕ-ਸ਼ੁਬਹੇ ਦੂਰ ਕਰ ਦਿੱਤੇ ਹਨ। ਮੱਧ ਪ੍ਰਦੇਸ਼ ਦੀ ਵੱਡੀ ਜਿੱਤ ਦੇ ਨਾਲ ਨਾਲ ਭਾਜਪਾ ਦੀ ਛੱਤੀਸਗੜ੍ਹ ਵਿਚ ਜਿੱਤ ਹੈਰਾਨ ਕਰ ਦੇਣ ਵਾਲੀ ਹੈ।