ਸਮੁੰਦਰ ਦਾ ਸੰਘਰਸ਼ ਅਤੇ ਸਰਵਨਿਕ ਕੌਰ ਦੀ ਦਸਤਾਵੇਜ਼ੀ ਫਿਲਮ
ਦਵੀ ਦਵਿੰਦਰ ਕੌਰ
ਫੋਨ: +91-98760-82982
ਨੈਸ਼ਨਲ ਐਵਾਰਡ ਜੇਤੂ ਫਿਲਮਸਾਜ਼ ਸਰਵਨਿਕ ਕੌਰ ਦੀ ਦਸਤਾਵੇਜ਼ੀ ਫਿਲਮ ‘ਅਗੇਂਸਟ ਦਿ ਟਾਈਡ` ਨੇ ਸਨਡਾਂਸ ਫਿਲਮ ਮੇਲੇ ‘ਚ 7 ਇਨਾਮ ਹਾਸਲ ਕੀਤੇ। ਇਸ ਦਾ ਦੱਖਣੀ ਏਸ਼ੀਆ ਪ੍ਰੀਮੀਅਰ ਬੰਬਈ ਵਿਚ ਜੀਓ ‘ਮਾਮੀ’ (ਮੁੰਬਈ ਅਕੈਡਮੀ ਆਫ ਮੂਵਿੰਗ ਇਮੇਜ) ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਹੋਇਆ ਜਿਸ ਵਿਚ ਇਸ ਫਿਲਮ ਨੇ ਗੋਲਡਨ ਗੇਟਵੇਅ ਐਵਾਰਡ (ਸਰਵੋਤਮ ਫਿਲਮ ਪੁਰਸਕਾਰ) ਹਾਸਲ ਕੀਤਾ।
ਇਸ ਨੇ ਏਸ਼ੀਆ ਪੈਸਿਫਿਕ ਸਕਰੀਨ ਐਵਾਰਡਜ਼ 2023 ਲਈ ਸਰਵੋਤਮ ਦਸਤਾਵੇਜ਼ੀ ਫਿਲਮ ਪੁਰਸਕਾਰ ਵੀ ਹਾਸਲ ਕੀਤਾ। ਇਹ ਫਿਲਮ ਸਰਵਨਿਕ ਕੌਰ ਅਤੇ ਕੋਵਿਲ ਭਾਟੀਆ ਨੇ ਬਣਾਈ ਹੈ। ਮਹਾਰਾਸ਼ਟਰ ਦੇ ਕੋਲੀ ਮਛੇਰਿਆਂ ਦੇ ਜੀਵਨ `ਤੇ ਆਧਾਰਿਤ ਇਸ ਦਸਤਾਵੇਜ਼ੀ ਰਾਹੀਂ ਸਰਵਨਿਕ ਕੌਰ ਨੇ ਕਾਰਪੋਰੇਟ ਸੰਸਾਰ, ਵਿਕਾਸ, ਧਨ ਪ੍ਰਾਪਤੀ ਲਈ ਲੱਗੀ ਦੌੜ ਅਤੇ ਸਫਲਤਾ ਦੇ ਮਾਪਦੰਡਾਂ ਬਾਰੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
ਸਵਾਲ: ਤੁਹਾਡੀ ਪਹਿਲੀ ਫਿਲਮ ਕਸ਼ਮੀਰ ਉੱਤੇ ‘ਸੋਜ਼: ਏ ਬੈਲੇਡ ਆਫ ਮੈਲੇਡੀਜ਼` ਸੀ। ਫਿਰ ਮਹਾਰਾਸ਼ਟਰ ਦੇ ਮਛੇਰਿਆਂ `ਤੇ ਇਹ ਦਸਤਾਵੇਜ਼ੀ ਬਣਾਉਣ ਦਾ ਖਿਆਲ ਕਿਵੇਂ ਆਇਆ?
ਜਵਾਬ: ‘ਸੋਜ਼: ਏ ਬੈਲੇਡ ਆਫ ਮੈਲੇਡੀਜ਼` ਦਾ ਵਿਸ਼ਾ ਲੋਕਾਂ ਦੇ ਦਰਦ ਤੇ ਦੁੱਖਾਂ ਨੂੰ ਸੰਗੀਤ ਤੇ ਕਵਿਤਾ ਵਿਚ ਬੰਨ੍ਹਣ ਦੀ ਕਹਾਣੀ ਹੈ। ਉੱਥੇ ਬੈਠਿਆਂ ਹੀ ਮੈਨੂੰ ਤੱਟੀ ਸੜਕ ਬਣਨ ਕਾਰਨ ਮੁੰਬਈ ਦੇ ਨੇੜਲੇ ਪਿੰਡਾਂ ਦੇ ਲੋਕਾਂ ਦੇ ਪੁਸ਼ਤੈਨੀ ਘਰਾਂ ਦੇ ਖੁੱਸਣ ਦੀ ਜਾਣਕਾਰੀ ਮਿਲੀ। ਮੈਨੂੰ ਲੱਗਿਆ, ਕਸ਼ਮੀਰ ‘ਚ ਰਾਸ਼ਟਰਵਾਦ ਤੇ ਗੜਬੜ ਵਾਲੇ ਇਲਾਕੇ ਦੇ ਨਾਮ ਉੱਤੇ ਅਤੇ ਮੁੰਬਈ ਵਿਚ ਵਿਕਾਸ ਦੇ ਨਾਮ ਉੱਤੇ ਆਮ ਆਦਮੀ ਨੂੰ ਜ਼ਮੀਨ ਤੋਂ ਬੇਦਖਲ ਕੀਤਾ ਜਾ ਰਿਹਾ ਹੈ। ਇਹ ਰਾਸ਼ਟਰਵਾਦ ਤੇ ਵਿਕਾਸ ਜਿਹੇ ਸ਼ਬਦ ਆਪਸ ਵਿਚ ਥਾਂ ਬਦਲਦੇ ਰਹਿੰਦੇ ਹਨ ਤੇ ਇਤਿਹਾਸ ਵਿਚ ਵਿਅਕਤੀਗਤ ਕਹਾਣੀਆਂ ਦਾ ਕੋਈ ਸਥਾਨ ਨਹੀਂ ਹੁੰਦਾ।
ਸਵਾਲ: ਭਾਵ, ਮਨੁੱਖੀ ਉਜਾੜਾ ਕਿਤੇ ਨਾ ਕਿਤੇ ਤੁਹਾਡੇ ਮਨ ਨੂੰ ਠੇਸ ਪਹੁੰਚਾਉਂਦਾ ਹੈ?
ਜਵਾਬ: 1947 ਵਿਚ ਦੇਸ਼ ਦੀ ਵੰਡ ਵੇਲੇ ਮੇਰੇ ਦਾਦਾ ਜੀ ਉੱਧਰੋਂ ਉੱਜੜ ਕੇ ਦਿੱਲੀ ਆ ਵੱਸੇ ਸਨ। ਮੇਰਾ ਜਨਮ 1983 ਵਿਚ ਹੋਇਆ ਤੇ 1984 ਵਿਚ ਦਿੱਲੀ ਦੇ ਹਰੀਨਗਰ ਵਿਚ ਸਾਡਾ ਘਰ ਸਾੜ ਦਿੱਤਾ ਗਿਆ। ਮੇਰਾ ਪਾਲਣ-ਪੋਸ਼ਣ ਉਜਾੜੇ ਤੇ ਘਰ ਨਾ ਹੋਣ ਦੀਆਂ ਕਹਾਣੀਆਂ ਸੁਣਦਿਆਂ ਹੋਇਆ। ਸਾਨੂੰ ਪਾਲਿਆ ਪੋਸਿਆ ਤਾਂ ਸਬਰ-ਸੰਤੋਖ ਤੇ ਸਰਬੱਤ ਦਾ ਭਲਾ ਮੰਗਣ ਦੇ ਵਿਚਾਰ ਨਾਲ ਸੀ ਪਰ ਦੁਨੀਆ ਬਿਲਕੁਲ ਉਲਟ ਸੀ। ਸੋ, ਮੇਰਾ ਆਪਣੇ ਆਪ ਵਿਚੋਂ ਯਕੀਨ ਮੁੱਕ ਚੁੱਕਿਆ ਸੀ ਤੇ ਜਿਊਣ ਦਾ ਚਾਅ ਵੀ ਨਹੀਂ ਸੀ ਬਚਿਆ। ਮੈਂ ਆਪਣਾ ਕੈਮਰਾ ਚੁੱਕ ਕੇ ਕੋਲੀ ਮਛੇਰਾ ਔਰਤਾਂ ਦੇ ਇੱਕ ਗਰੁੱਪ ਕੋਲ ਜਾਣ ਲੱਗ ਪਈ। ਇਹ ਔਰਤਾਂ 175 ਸਾਲ ਪੁਰਾਣੀ ਇੱਕ ਮੰਡੀ ਵਿਚ ਰਾਤ ਨੂੰ ਮੱਛੀ ਵੇਚਦੀਆਂ ਸਨ ਪਰ ਇਸ ਮੰਡੀ `ਤੇ ਬੀ.ਐੱਮ.ਸੀ. ਦੀ ਕਾਲੀ ਨਜ਼ਰ ਪੈ ਗਈ ਤੇ ਉਨ੍ਹਾਂ ਨੇ ਇੱਥੇ ਮਾੱਲ ਬਣਾਉਣ ਦਾ ਫੈਸਲਾ ਕਰ ਲਿਆ। ਮੁੰਬਈ ਵਿਚ ਪਲੀਆਂ ਔਰਤਾਂ ਜਾਣਦੀਆਂ ਸਨ ਕਿ ਇੱਕ ਵਾਰ ਉਨ੍ਹਾਂ ਤੋਂ ਇਹ ਟਿਕਾਣਾ ਖੁੱਸ ਗਿਆ ਤਾਂ ਮੁੜ ਕੇ ਇੱਥੇ ਉਨ੍ਹਾਂ ਨੂੰ ਕੁਝ ਨਹੀਂ ਮਿਲਣਾ। ਸੋ, ਉਨ੍ਹਾਂ ਵਿਰੋਧ ਕਰਨਾ ਸ਼ੁਰੂ ਕੀਤਾ ਤੇ ਮੈਂ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਵੀਡੀਓਜ਼ ਬਣਾਉਣ ਲੱਗ ਪਈ ਤਾਂ ਕਿ ਸ਼ਹਿਰ ਦੇ ਲੋਕਾਂ ਨੂੰ ਇਨ੍ਹਾਂ ਦੀ ਸਮੱਸਿਆ ਤੋਂ ਜਾਣੂ ਕਰਵਾਇਆ ਜਾ ਸਕੇ। ਉਦੋਂ ਹੀ ਮੈਨੂੰ ਭਾਨੂੰ ਕੋਲੀ ਨਾਮ ਦੀ ਔਰਤ ਨੇ ਖਾਣੇ ਲਈ ਘਰ ਬੁਲਾਇਆ। ਰਾਕੇਸ਼ (ਫਿਲਮ ਦਾ ਮੁੱਖ ਪਾਤਰ) ਮੈਨੂੰ ਉੱਥੇ ਮਿਲਿਆ। ਮੈਂ ਉਸ ਨਾਲ ਮੱਛੀਆਂ ਫੜਨ ਜਾਣ ਲੱਗੀ ਤੇ ਮੇਰੇ ਮਨ ਵਿਚ ਫਿਲਮ ਬਣਾਉਣ ਦਾ ਖਿਆਲ ਆਉਣ ਲੱਗਿਆ।
ਸਵਾਲ: ਤੁਸੀਂ ਫਿਲਮ ਦੇ ਦੂਜੇ ਅਹਿਮ ਪਾਤਰ ਗਣੇਸ਼ ਨੂੰ ਕਿਵੇਂ ਮਿਲੇ?
ਜਵਾਬ: ਮੈਂ ਰਾਜੇਸ਼ ਤੋਂ ਉਸ ਦੇ ਸੋਚਣ ਢੰਗ ਤੋਂ ਬਹੁਤ ਪ੍ਰਭਾਵਿਤ ਹੋਈ ਸੀ ਤੇ ਹੁਣ ਵੀ ਹਾਂ। ਫਿਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਸੁਪਨ ਪ੍ਰੋਜੈਕਟ ਸਾਗਰ ਮਾਲਾ ਵਿਰੁੱਧ ਮਛੇਰਿਆਂ ਵਿਚ ਰੋਹ ਉੱਠਿਆ। ਮੰਤਰੀ ਦਾ ਮਨਸ਼ਾ ਸਾਰੀਆਂ ਬੰਦਰਗਾਹਾਂ ਨੂੰ ਜੋੜ ਕੇ ਮੱਛੀ ਫੜਨ ਦੇ ਕੰਮ ਦਾ ਸਨਅਤੀਕਰਨ ਕਰਨਾ ਸੀ। ਮਛੇਰਿਆਂ ਨੂੰ ਭਾਵੇਂ ਰੋਸ ਪ੍ਰਦਰਸ਼ਨ ਕਰਨ ਤੋਂ ਰੋਕ ਦਿੱਤਾ ਗਿਆ ਪਰ ਉੱਥੇ ਮੈਨੂੰ ਗਣੇਸ਼ ਨਖਵਾ ਮਿਲਿਆ ਜੋ ਹੋਰ ਮਛੇਰਿਆਂ ਦੇ ਉਲਟ ਸਮੁੰਦਰੀ ਮੀਲਾਂ `ਤੇ ਪ੍ਰਦੂਸ਼ਣ ਦੀ ਗੱਲ ਕਰ ਰਿਹਾ ਸੀ। ਉਹ ਸਕਾਟਲੈਂਡ ਤੋਂ ਫਾਇਨਾਂਸ ਵਿਚ ਮਾਸਟਰਜ਼ ਕਰ ਕੇ ਬੈਂਕ ਦੀ ਚੰਗੀ ਨੌਕਰੀ ਛੱਡ ਕੇ ਪਿਤਾ ਪੁਰਖੀ, ਮੱਛੀਆਂ ਫੜਨ ਦਾ ਕੰਮ ਕਰਨ ਲਈ ਪਰਤ ਆਇਆ ਸੀ।
ਸਵਾਲ: ਕੀ ਫਿਲਮ ਦਾ ਅਸਲ ਸਰੂਪ ਅਤੇ ਵਿਸ਼ਾ ਤੁਹਾਨੂੰ ਪਹਿਲਾਂ ਹੀ ਸਪਸ਼ਟ ਸਨ?
ਜਵਾਬ: ਨਹੀਂ! ਮੈਨੂੰ ਚਾਰ ਸਾਲ ਤਾਂ ਖੋਜ ਕਾਰਜ ਵਿਚ ਲੱਗੇ। ਦੋ ਸਾਲ ਮੈਂ ਪਹਿਲਾਂ ਹੀ ਲਾ ਚੁੱਕੀ ਸੀ ਤੇ ਰਹਿੰਦੇ ਸਮੇਂ ਦੌਰਾਨ ਮੈਂ ਮਛੇਰਿਆਂ ਦੇ ਪਰਿਵਾਰਾਂ ਵਿਚ ਰਹਿ ਕੇ ਸਾਰਾ ਕੁਝ ਵਾਪਰਦਾ ਦੇਖਿਆ। ਕੋਲੀ ਮਛੇਰਿਆਂ ਨੂੰ ਆਪਣੀ ਰੋਟੀ-ਰੋਜ਼ੀ `ਤੇ ਬਹੁਤ ਭਰੋਸਾ ਹੈ। ਮੈਂ ਗਣੇਸ਼ ਨਾਲ ਸਮੂਨ ਬੰਦਰਗਾਹ `ਤੇ ਜਾ ਕੇ ਕਾਰੋਬਾਰ ਨੂੰ ਸਮਝਣ ਦਾ ਯਤਨ ਕੀਤਾ। ਫਿਰ ਇੱਕ ਦਿਨ ਮੈਂ ਇਨ੍ਹ ਾਂਦੋਵਾਂ ਨੂੰ ਇਕੱਠੇ ਬੈਠ ਕੇ ਮੱਛੀ ਖਾਂਦੇ ਤੇ ਵਿਸਕੀ ਪੀਂਦੇ ਗੱਲਾਂ ਕਰਦੇ ਦੇਖਿਆ। ਮੇਰੀ ਫਿਲਮ ਨੇ ਅਗਲੀ ਪੁਲਾਂਘ ਪੁੱਟੀ। ਮੈਂ ਦੋਵਾਂ ਦੇ ਘਰਾਂ ਵਿਚ ਕੈਮਰਾ ਲਾ ਦਿੰਦੀ। ਘੰਟਿਆਂ ਬੱਧੀ ਰਿਕਾਰਡਿੰਗ ਕੀਤੀ।
ਸਵਾਲ: ਦੋਹਾਂ ਪਾਤਰਾਂ ‘ਚ ਤੁਹਾਨੂੰ ਕੀ ਫ਼ਰਕ ਲੱਗਿਆ?
ਜਵਾਬ: ਦੋਵੇਂ ਭਾਵੇਂ ਗੱਲਾਂ ਕਰਦੇ ਲੜਦੇ ਝਗੜਦੇ ਤੇ ਰੁੱਸ ਜਾਂਦੇ ਪਰ ਫਿਰ ਇਕੱਠੇ ਹੋ ਜਾਂਦੇ। ਉਹ ਭਿੰਨ ਦਿਸਦੇ ਵੀ ਅੰਦਰੋਂ ਇੱਕ ਸਨ। ਦੋਵਾਂ ਨੂੰ ਸਮੁੰਦਰ ਅਤੇ ਮੱਛੀਆਂ ਫੜਨ ਨਾਲ ਪਿਆਰ ਹੈ। ਬਸ ਫ਼ਰਕ ਇਹ ਸੀ ਕਿ ਰਾਕੇਸ਼ ਛੋਟੀ ਕਿਸ਼ਤੀ ਨਾਲ ਘੱਟ ਡੂੰਘੇ ਪਾਣੀ ਵਿਚ ਅਤੇ ਗਣੇਸ਼ ਮੋਟਰ ਬੋਟ ਨਾਲ ਡੂੰਘੇ ਪਾਣੀ ਵਿਚ ਜਾਂਦਾ ਸੀ। ਦੋਵਾਂ ਨੂੰ ਦੁਨੀਆ ਦੇ ਦੋਹਰੇਪਣ ਦਾ ਇਲਮ ਸੀ। ਰਾਕੇਸ਼ ਕਦੇ ਵੀ ਕੁਦਰਤ ਦੇ ਨਾ ਖ਼ਿਲਾਫ਼ ਸੀ ਤੇ ਨਾ ਉਸ ਨੂੰ ਕਦੇ ਗਿਲਾ ਹੁੰਦਾ। ਸਮੁੰਦਰ ਵਿਚ ਕਿਸ਼ਤੀ ਠੱਲ੍ਹਦਿਆਂ ਹੀ ਉਸ ਦੀ ਦੇਹ ਵਿਚ ਤਰਲ ਜਿਹੀ ਲਚਕ ਆ ਜਾਂਦੀ ਤੇ ਉਹ ਲਹਿਰਾਂ ਨਾਲ ਲਹਿਰ ਹੋ ਜਾਂਦਾ। ਉਸ ਨੂੰ ਸਮੁੰਦਰ ਵਿਚੋਂ ਮੱਛੀਆਂ ਨਾਲ ਮਿਲਦੇ ਬਹੁਤ ਸਾਰੇ ਪਲਾਸਟਿਕ ਬਾਰੇ ਵੀ ਆਸ ਸੀ ਕਿ ਅੱਜ ਇਹ ਹੈ, ਭਲਕੇ ਨਹੀਂ ਰਹੇਗਾ। ਇਹ ‘ਭਲਕ` ਭਾਵੇਂ ਉਸ ਦੇ ਜਿਊਂਦੇ ਜੀਅ ਆਵੇ ਜਾਂ ਨਾ। ਦੂਜੇ ਪਾਸੇ ਗਣੇਸ਼ ਨੂੰ ਪੈਸੇ ਕਮਾਉਣ ਦੀ ਵੱਡੀ ਚਾਹ ਸੀ ਪਰ ਸਮੁੰਦਰ ਨਾਲ ਮੁਹੱਬਤ ਦੋਵਾਂ ਨੂੰ ਸੀ ਤੇ ਦੋਵਾਂ ਨਾਲ ਜਾ ਕੇ ਮੈਂ ਦੇਖਿਆ ਕਿ ਸਮੁੰਦਰ ਸੱਚਮੁਚ ਬਿਮਾਰ ਹੈ। ਵਿਗਿਆਨੀਆਂ ਮੁਤਾਬਕ ਅਰਬ ਸਾਗਰ ਜਲਦੀ ਹੀ ਮਰ (ਖ਼ਤਮ) ਜਾਵੇਗਾ। ਸਮੁੰਦਰ ਦੇ ਮਰਨ ਦਾ ਅਸਰ ਦੋਵਾਂ ਦੇ ਪਰਿਵਾਰਾਂ `ਤੇ, ਵਿੱਤੀ ਹਾਲਾਤ ਉੱਤੇ ਪ੍ਰਤੱਖ ਦਿਸਦਾ ਹੈ।
ਸਵਾਲ: ਇਹ ਫਿਲਮ ਬਣਾ ਕੇ ਤੁਸੀਂ ਕੀ ਮਹਿਸੂਸ ਕੀਤਾ?
ਜਵਾਬ: ਰਾਕੇਸ਼ ਨਾਲ ਕੰਮ ਕਰਨ ਮਗਰੋਂ ਸਮਝ ਆਇਆ ਕਿ ਛੋਟੇ ਕਿਸਾਨ ਤੇ ਮਛੇਰੇ (ਘੱਟ ਡੂੰਘੇ ਪਾਣੀ ਵਿਚ ਜਾਣ ਵਾਲੇ) 70 ਫੀਸਦੀ ਆਬਾਦੀ ਦਾ ਢਿੱਡ ਭਰਦੇ ਹਨ ਜਦਕਿ ਇੰਡਸਟ੍ਰੀਅਲ ਫਾਰਮਿੰਗ ਤੇ ਫਿਸ਼ਿੰਗ ਤੇਜ਼ੀ ਨਾਲ ਸਾਧਨਾਂ ਦਾ ਉਜਾੜਾ ਕਰ ਰਹੀ ਹੈ। ਛੋਟੇ ਉਤਪਾਦਕਾਂ ਦੀ ਵਿਕਾਸ ਦੇ ਨਾਮ `ਤੇ ਕਾਰਪੋਰੇਟਾਂ ਵੱਲੋਂ ਬਾਂਹ ਮਰੋੜੀ ਜਾ ਰਹੀ ਹੈ। ਉਹ ਆਪਣੀ ਸਾਰੀ ਪਿਤਾ ਪੁਰਖੀ ਸਿਆਣਪ ਸੂਝਬੂਝ ਦੇ ਬਾਵਜੂਦ ਥੁੜ੍ਹਾਂ ਵਿਚ ਹਨ। ਸਿਆਸੀ ਤੌਰ `ਤੇ ਵਿਰੋਧ ਕਰਨਾ ਮੁਹਾਲ ਕਰ ਦਿੱਤਾ ਗਿਆ ਹੈ ਕਿਉਂਕਿ ਝੱਟ ਹੀ ਰਾਸ਼ਟਰ ਵਿਰੋਧੀ ਹੋਣ ਦਾ ਲਕਬ ਦੇ ਦਿੱਤਾ ਜਾਂਦਾ ਹੈ। ਬਹੁਤੇ ਲੋਕਾਂ ਵਿਚ ਬੇਗਾਨੇਪਣ ਦਾ ਅਹਿਸਾਸ ਹੋ ਰਿਹਾ ਹੈ।
ਸਵਾਲ: ਤੁਹਾਨੂੰ ਫਿਲਮ ਬਣਾਉਣ ਮਗਰੋਂ ਲੰਮਾ ਸਮਾਂ ਇਨ੍ਹਾਂ ਲੋਕਾਂ ਵਿਚ ਰਹਿਣ ਮਗਰੋਂ ਇਸ ਸਾਰੇ ਕੁਝ ਦਾ ਕੀ ਹੱਲ ਜਾਪਦਾ ਹੈ?
ਜਵਾਬ: ਮਨੁੱਖ ਅਸਲ ਵਿਚ ਬਹੁਤ ਭੋਲਾ ਤੇ ਸਿੱਧਾ ਪ੍ਰਾਣੀ ਹੈ ਪਰ ਅਸੀਂ ਸੰਵਾਦ ਬੰਦ ਕਰ ਦਿੱਤਾ ਹੈ। ਰਾਕੇਸ਼ ਅਤੇ ਗਣੇਸ਼ ਆਪਸੀ ਸੰਵਾਦ ਦੀ ਬਦੌਲਤ ਸਭ ਦੁੱਖਾਂ-ਸੰਕਟਾਂ ਵਿਚ ਵੀ ਡਟੇ ਹੋਏ ਹਨ। ਅਸੀਂ ਘਰਾਂ ਵਿਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ ਤੇ ਕੰਪਿਊਟਰ, ਰੇਡੀਓ, ਟੀ.ਵੀ., ਅਖ਼ਬਾਰ ਰੋਜ਼ ਸਾਨੂੰ ਝੂਠ ਦੱਸਦੇ ਹਨ। ਮੇਰਾ ਜ਼ਿੰਦਗੀ ਵਿਚੋਂ ਭਰੋਸਾ ਉੱਠ ਗਿਆ ਸੀ, ਮੈਂ ਤਾਂ ਇਹ ਫਿਲਮ ਬਣਾਉਣੀ ਸ਼ੁਰੂ ਕੀਤੀ ਸੀ। ਮੈਂ ਘਰੋਂ ਨਿਕਲੀ ਤਾਂ ਮੈਨੂੰ ਰਾਕੇਸ਼ ਮਿਲਿਆ, ਗਣੇਸ਼ ਮਿਲਿਆ, ਦੋਵਾਂ ਦੇ ਟੱਬਰਾਂ ਨੇ ਮੇਰੇ ਅੱਗੇ ਘਰ ਤੇ ਦਿਲ ਖੋਲ੍ਹ ਦਿੱਤੇ ਤੇ ਤਮਾਮ ਕਹਾਣੀਆਂ ਸੁਣਾਈਆਂ। ਅਸੀਂ ਸਵਾਲ ਕਰਨੇ ਛੱਡ ਦਿੱਤੇ। ਸਕੂਲਾਂ ਕਾਲਜਾਂ ਨੇ ਸਾਨੂੰ ਬੇਵਕੂਫ, ਵਰਕਲੋਅ ਤੇ ਰੋਬੋਟ ਬਣਾ ਧਾਰਿਆ ਹੈ। ਮੈਂ ਗਣੇਸ਼ ਨਾਲ ਡੂੰਘੇ ਪਾਣੀਆਂ ਵਿਚ ਜਾ ਕੇ ਦੇਖਿਆ। ਸਮੁੰਦਰ ਵਿਚ ਜੈਲੀਫਿਸ਼, ਪਲਾਸਟਿਕ, ਕਚਰੇ ਤੇ ਕੰਡੋਮਾਂ ਦੀਆਂ ਲਹਿਰਾਂ ਹਨ। ਪਾਣੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਮੱਛੀਆਂ ਬਹੁਤ ਹੇਠਾਂ ਠੰਢੇ ਪਾਣੀ ‘ਚ ਚਲੀਆਂ ਜਾਂਦੀਆਂ। ਸਮੁੰਦਰ ਵਿਚ ਡੂੰਘੇ ਪਾਣੀਆਂ ਵਿਚ ਧੁਰ ਅੰਦਰ ਇੱਕ ਵਾਰ ਜਾਣ ਲਈ 3000 ਲਿਟਰ ਡੀਜ਼ਲ ਲੱਗਦਾ ਹੈ।
ਸਵਾਲ: ਕੀ ਸ਼ੂਟਿੰਗ ਦੌਰਾਨ ਕੋਈ ਦਿਲ ਦੁਖਾਊ ਘਟਨਾ ਵਾਪਰੀ ਹੋਵੇ?
ਜਵਾਬ: ਕਚਰਾ ਤੇ ਪਲਾਸਟਿਕ, ਜੈਲੀਫਿਸ਼ ਦੇਖ ਕੇ ਮੱਛੀਆਂ ਦੀ ਘਟਦੀ ਗਿਣਤੀ ਦੇਖ ਕੇ ਦੁੱਖ ਹੁੰਦਾ: ਉਂਝ ਬਹੁਤ ਭਾਵੁਕ ਪਲ ਉਹ ਸਨ ਜਦੋਂ ਗਣੇਸ਼ ਨਾਲ ਮੈਂ ਆਪਣੀ ਪੂਰੀ ਟੀਮ ਲੈ ਕੇ ਸਮੁੰਦਰ ਦੇ ਧੁਰ ਅੰਦਰ ਬਹੁਤ ਦੂਰ ਗਏ ਪਰ ਮੱਛੀਆਂ ਬਿਲਕੁਲ ਨਾ ਮਿਲੀਆਂ। ਗਣੇਸ਼ ਲਗਾਤਾਰ ਘਾਟੇ ਵਿਚ ਜਾ ਰਿਹਾ ਸੀ ਤੇ ਐਤਕੀਂ ਉਸ ਨੇ ਆਖਰੀ ਵਾਰ ਕਰਜ਼ਾ ਲੈ ਕੇ ਵੱਡਾ ਦਾਅ ਖੇਡਿਆ ਸੀ ਪਰ ਟੈਕਨਾਲੋਜੀ ਦਾ ਕੀ ਕਰੋਗੇ ਜੇ ਮੱਛੀਆਂ ਹੀ ਨਹੀਂ ਮਿਲ ਰਹੀਆਂ। ਮੇਰਾ ਉਦੋਂ ਕੈਮਰਾ ਲਾਉਣ ਨੂੰ ਦਿਲ ਨਾ ਕਰੇ ਜਦੋਂ ਮੈਨੂੰ ਪਤਾ ਲੱਗਿਆ ਕਿ ਗਣੇਸ਼ ਕੈਬਿਨ ਵਿਚ ਜਾ ਕੇ ਇਕੱਲਾ, ਕੁਝ ਮਿੰਟ ਅੰਦਰ ਵੜ ਕੇ ਰੋਇਆ।