ਗੁਰਪ੍ਰੀਤ
“ਦਵਾਈਆਂ ਦਾ ਜਿਹੜਾ ਰੁਝਾਨ ਅਸੀਂ ਦੇਖ ਰਹੇ ਹਾਂ, ਇਹ ਅੱਯਾਸ਼ ਵਪਾਰ ਹੈ। ਅਸੀਂ ਗਹਿਣਿਆਂ ਦੀ ਕੀਮਤ `ਤੇ ਰੋਟੀ ਵੇਚ ਰਹੇ ਹਾਂ। ਗ਼ਰੀਬ ਜੋ ਸਾਡੀ ਆਬਾਦੀ ਦਾ 50 ਫ਼ੀਸਦੀ ਹਿੱਸਾ ਹਨ, ਇਸ ਦਾ ਭੁਗਤਾਨ ਨਹੀਂ ਕਰ ਸਕਦੇ ਅਤੇ ਭੁੱਖੇ ਮਰ ਰਹੇ ਹਨ… ਦਵਾਈਆਂ ਦਾ ਸਮਾਜੀਕਰਨ ਕਰਨਾ ਅਤੇ ਡਾਕਟਰੀ ਦੀ ਪ੍ਰਾਈਵੇਟ ਪ੍ਰੈਕਟਿਸ ਨੂੰ ਰੋਕਣਾ ਜਾਂ ਖ਼ਤਮ ਕਰਨਾ ਹੀ ਇਸ ਸਮੱਸਿਆ ਦਾ ਹਕੀਕੀ ਹੱਲ ਹੋਵੇਗਾ।
ਆਉ ਅਸੀਂ ਮੁਨਾਫ਼ੇ, ਨਿੱਜੀ ਆਰਥਿਕ ਮੁਨਾਫ਼ੇ ਨੂੰ ਦਵਾਈਆਂ ਤੋਂ ਬਾਹਰ ਕੱਢੀਏ ਅਤੇ ਆਪਣੇ ਕਿੱਤੇ ਨੂੰ ਹਾਬੜੇ ਹੋਏ ਵਿਅਕਤੀਵਾਦ ਤੋਂ ਮੁਕਤ ਕਰੀਏ।… ਆਪਣੇ ਵਰਗੇ ਲੋਕਾਂ ਦੀ ਦੁੱਖਾਂ ਦੀ ਕੀਮਤ `ਤੇ ਖ਼ੁਦ ਅਮੀਰ ਹੋਣ ਨੂੰ ਅਪਮਾਨਜਨਕ ਕਰਾਰ ਦੇਈਏ।… ਆਓ ਲੋਕਾਂ ਨੂੰ ਇਹ ਨਾ ਕਹੀਏ ਕਿ “ਤੁਹਾਡੇ ਕੋਲ਼ ਕਿੰਨਾ ਪੈਸਾ ਹੈ?” ਸਗੋਂ ਇਹ ਕਹੀਏ ਕਿ “ਅਸੀਂ ਬਿਹਤਰ ਤਰੀਕੇ ਨਾਲ ਤੁਹਾਡੀ ਸੇਵਾ ਕਿਵੇਂ ਕਰ ਸਕਦੇ ਹਾਂ?”
ਇਹ ਸ਼ਬਦ ਕੈਨੇਡਾ ਦੇ ਪ੍ਰਸਿੱਧ ਡਾਕਟਰ ਨਾਰਮਨ ਬੈਥਿਊਂ ਦੇ ਹਨ। ਉਹ ਅਜਿਹਾ ਡਾਕਟਰ ਸੀ ਜਿਸ ਲਈ ਡਾਕਟਰੀ ਦਾ ਕਿੱਤਾ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰਨ ਦਾ ਸਾਧਨ ਸੀ। ਉਸ ਨੇ ਸਿਹਤ ਸਹੂਲਤਾਂ ਨੂੰ ਕਾਰੋਬਾਰ ਬਣਾਉਣ ਦੀ ਥਾਂ ਇਨ੍ਹਾਂ ਨੂੰ ਹਰ ਨਾਗਰਿਕ ਦਾ ਹੱਕ ਬਣਾਉਣ ਦਾ ਸੁਪਨਾ ਦੇਖਿਆ ਤੇ ਇਸ ਲਈ ਕੰਮ ਕੀਤਾ। ਡਾਕਟਰ ਨਾਰਮਨ ਬੈਥਿਊਂ ਦਾ ਜਨਮ 3 ਮਾਰਚ 1890 ਨੂੰ ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਹੋਇਆ। ਉਹਦਾ ਪਿਓ ਚਰਚ ਦਾ ਪਾਦਰੀ ਸੀ ਜਿਸ ਕਰ ਕੇ ਉਸ ਦਾ ਪਰਿਵਾਰ ਵੱਖ-ਵੱਖ ਸ਼ਹਿਰਾਂ ਵਿਚ ਘੁੰਮਦਾ ਰਿਹਾ। 1909 ਵਿਚ ਉਹ ਟੋਰਾਂਟੋ ਯੂਨੀਵਰਸਿਟੀ ਵਿਚ ਦਾਖਲ ਹੋ ਗਿਆ ਪਰ ਕੁਝ ਕਾਰਨਾਂ ਕਰ ਕੇ ਉਸ ਨੂੰ ਪੜ੍ਹਾਈ ਵਿਚਕਾਰ ਛੱਡਣੀ ਪਈ। ਉਸ ਨੇ ਆਪਣੇ ਗੁਜ਼ਾਰੇ ਲਈ ਮਜ਼ਦੂਰੀ ਵੀ ਕੀਤੀ ਤੇ ਅਧਿਆਪਨ ਵੀ ਕੀਤਾ। ਫਿਰ 1912 ਵਿਚ ਇਸੇ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਵਿਚ ਦਾਖਲਾ ਲੈ ਗਿਆ। 1914 ਵਿਚ ਪਹਿਲੀ ਆਲਮੀ ਜੰਗ ਸ਼ੁਰੂ ਹੋਈ ਤਾਂ ਪੜ੍ਹਾਈ ਛੱਡ ਕੇ ਜੰਗ ਵਿਚ ਜ਼ਖ਼ਮੀਆਂ ਦੀ ਸੇਵਾ ਕਰਨ ਲਈ ਚਲਾ ਗਿਆ। ਇਸ ਕੰਮ ਦੌਰਾਨ ਉਹ ਖ਼ੁਦ ਜ਼ਖ਼ਮੀ ਹੋ ਗਿਆ ਜਿਸ ਕਰ ਕੇ ਛੇ ਮਹੀਨੇ ਹਸਪਤਾਲ ਬਿਤਾਉਣੇ ਪਏ। ਇਸ ਤੋਂ ਬਾਅਦ ਉਸ ਨੇ ਡਾਕਟਰੀ ਦੀ ਪੜ੍ਹਾਈ ਮੁੜ ਸ਼ੁਰੂ ਕੀਤੀ ਤੇ 1916 ਵਿਚ ਪੜ੍ਹਾਈ ਪੂਰੀ ਕੀਤੀ।
1924 ਵਿਚ ਉਸ ਨੇ ਅਮਰੀਕਾ ਦੇ ਡੈਟਰਾਇਟ ਸ਼ਹਿਰ ਵਿਚ ਡਾਕਟਰੀ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਇੱਥੇ ਉਸ ਦੇ ਬਹੁਤੇ ਮਰੀਜ਼ ਗ਼ਰੀਬ ਮਜ਼ਦੂਰ ਹੁੰਦੇ ਸਨ ਜਿਨ੍ਹਾਂ ਲਈ ਉਸ ਨੂੰ ਕੋਈ ਵੀ ਪੈਸਾ ਦੇਣਾ ਸੰਭਵ ਨਾ ਹੁੰਦਾ। ਉਹ ਅਜਿਹੇ ਮਰੀਜ਼ਾਂ ਦਾ ਬਿਨਾਂ ਫੀਸ ਜਾਂ ਬਹੁਤ ਘੱਟ ਪੈਸੇ ਲੈ ਕੇ ਵੀ ਇਲਾਜ ਕਰਦਾ। ਇਕ ਵਾਰ ਉਸ ਨੂੰ ਇਕ ਮਜ਼ਦੂਰ ਪਰਿਵਾਰ ਵਿਚ ਬੱਚੇ ਦੇ ਜਣੇਪੇ ਲਈ ਸੱਦਿਆ ਗਿਆ ਜੋ ਰੇਲ ਗੱਡੀ ਦੇ ਨਕਾਰਾ ਹੋ ਚੁੱਕੇ ਡੱਬੇ ਵਿਚ ਰਹਿ ਰਿਹਾ ਸੀ। ਬੱਚਾ ਜੰਮਣ ਤੋਂ ਬਾਅਦ ਉਸ ਨੇ ਪਰਿਵਾਰ ਤੋਂ ਕੋਈ ਫੀਸ ਨਾ ਲਈ ਪਰ ਇਹ ਖ਼ਿਆਲ ਉਸ ਨੂੰ ਪ੍ਰੇਸ਼ਾਨ ਕਰਦਾ ਰਿਹਾ ਕਿ ਅਜਿਹੀਆਂ ਹਾਲਤਾਂ ਵਿਚ ਇਹ ਬੱਚਾ ਕਿੰਨੇ ਦਿਨ ਜਿਊਂਦਾ ਰਹੇਗਾ। ਅਜਿਹੀਆਂ ਘਟਨਾਵਾਂ ਨੇ ਉਸ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਗ਼ਰੀਬਾਂ ਦਾ ਮੁਫ਼ਤ ਇਲਾਜ ਕਰਨਾ ਹੀ ਕਾਫ਼ੀ ਨਹੀਂ ਹੈ ਸਗੋਂ ਸਮਾਜਿਕ ਬੇਇਨਸਾਫ਼ੀ ਨੂੰ ਖ਼ਤਮ ਕਰਨਾ ਤੇ ਡਾਕਟਰੀ ਦੇ ਕਿੱਤੇ ਨੂੰ ਨਵੇਂ ਸਿਰੇ ਤੋਂ ਜਥੇਬੰਦ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਕਿਸੇ ਨੂੰ ਗ਼ਰੀਬੀ ਕਾਰਨ ਇਲਾਜ ਤੋਂ ਵਿਰਵੇ ਨਾ ਰਹਿਣਾ ਪਵੇ। ਉਸ ਦਾ ਕਹਿਣਾ ਸੀ, “ਸਾਨੂੰ ਦਾਨ ਨੂੰ ਖ਼ਤਮ ਕਰ ਕੇ ਇਨਸਾਫ਼ ਦੇਣਾ ਚਾਹੀਦਾ ਹੈ।”
ਇੱਥੇ ਲਗਾਤਾਰ ਗ਼ਰੀਬਾਂ ਦਾ ਇਲਾਜ ਕਰਨ ਤੇ ਮਾੜੀਆਂ ਹਾਲਤਾਂ `ਚ ਰਹਿਣ ਕਾਰਨ 1926 ਵਿਚ ਉਸ ਨੂੰ ਟੀ.ਬੀ. ਦੀ ਬਿਮਾਰੀ ਹੋ ਗਈ ਜਿਸ ਕਰ ਕੇ ਉਸ ਨੂੰ ਇਕ ਸਾਲ ਨਿਊਯਾਰਕ ਦੇ ਟਰੂਡੋ ਅਰੋਗ ਘਰ ਵਿਚ ਰਹਿਣਾ ਪਿਆ। 1927 ਵਿਚ ਉਸ ਨੇ ਇਕ ਰਸਾਲੇ ਵਿਚ ਟੀ.ਬੀ. ਦੇ ਇਲਾਜ ਲਈ ਇਕ ਵਿਧੀ ਦੇ ਖਿਆਲ ਬਾਰੇ ਪੜ੍ਹਿਆ ਤੇ ਜਾਨ ਜਾਣ ਦਾ ਖ਼ਤਰਾ ਹੋਣ ਦੇ ਬਾਵਜੂਦ ਉਸ ਨੇ ਡਾਕਟਰਾਂ ਨੂੰ ਆਪਣੇ ਉੱਪਰ ਇਹ ਇਲਾਜ ਅਜ਼ਮਾਉਣ ਲਈ ਮਨਾ ਲਿਆ। 27 ਅਕਤੂਬਰ 1927 ਨੂੰ ਉਸ ਦਾ ਸਫਲ ਅਪ੍ਰੇਸ਼ਨ ਹੋਇਆ ਤੇ ਦੋ ਮਹੀਨੇ ਬਾਅਦ ਉਹ ਸਿਹਤਮੰਦ ਹੋ ਕੇ ਨਿਕਲਿਆ। ਉਸ ਦੇ ਇਹ ਜੋਖ਼ਮ ਉਠਾਉਣ ਨਾਲ ਟੀ.ਬੀ. ਦੀ ਬਿਮਾਰੀ ਦਾ ਇਲਾਜ ਲੱਭ ਗਿਆ। ਇਸ ਤੋਂ ਬਾਅਦ ਉਸ ਨੇ ਤਕਰੀਬਨ ਦੋ ਸਾਲ ਟੀ.ਬੀ. ਹਸਪਤਾਲ ਵਿਚ ਕੰਮ ਕੀਤਾ ਤੇ ਫਿਰ 1929 ਵਿਚ ਕੈਨੇਡਾ ਦੇ ਕਿਊਬਕ ਸੂਬੇ ਵਿਚ ਰਾਇਲ ਵਿਕਟੋਰੀਆ ਹਸਪਤਾਲ, ਮੌਂਟਰਿਅਲ ਵਿਚ ਸਰਜਨ ਤੇ ਅਧਿਆਪਕ ਵਜੋਂ ਕੰਮ ਕੀਤਾ। ਇਸ ਦੌਰਾਨ ਉਸ ਨੇ ਕਈ ਨਵੀਆਂ ਇਲਾਜ ਵਿਧੀਆਂ ਉੱਪਰ ਕੰਮ ਕੀਤਾ ਤੇ ਸਰਜਰੀ ਦੇ ਕਈ ਨਵੇਂ ਔਜ਼ਾਰ ਇਜਾਦ ਕੀਤੇ।
1935 ਦਾ ਵਰ੍ਹਾ ਉਸ ਦੀ ਜ਼ਿੰਦਗੀ ਦਾ ਕੂਹਣੀ ਮੋੜ ਸਾਬਿਤ ਹੋਇਆ ਜਦੋਂ ਉਸ ਨੂੰ ਸਮਾਜਵਾਦੀ ਮੁਲਕ ਸੋਵੀਅਤ ਯੂਨੀਅਨ ਵਿਚ ਜਾਣ ਦਾ ਮੌਕਾ ਮਿਲਿਆ। ਇੱਥੇ ਉਸ ਨੇ ਦੇਖਿਆ ਕਿ ਇਲਾਜ ਤੇ ਸਿਹਤਮੰਦ ਜ਼ਿੰਦਗੀ ਨੂੰ ਹਰ ਮਨੁੱਖ ਦਾ ਹੱਕ ਬਣਾਉਣ ਦਾ ਜਿਹੜਾ ਉਹ ਸੁਪਨਾ ਲੈ ਰਿਹਾ ਸੀ, ਉਹ ਇੱਥੇ ਹਕੀਕਤ ਬਣ ਚੁੱਕਾ ਸੀ। ਸਿਹਤ ਵਿਗਿਆਨ ਦੇ ਖੇਤਰ ਵਿਚ ਹੋਰ ਵੀ ਬਹੁਤ ਕੁਝ ਨਵਾਂ ਕੀਤਾ ਜਾ ਰਿਹਾ ਸੀ। ਉਸ ਨੇ ਸਮਾਜਿਕ ਜੀਵਨ ਵਿਚ ਵੀ ਬੇਇਨਸਾਫ਼ੀ ਦਾ ਖ਼ਾਤਮਾ ਦੇਖਿਆ। ਇਸ ਅੱਖੀਂ ਡਿੱਠੇ ਤਜਰਬੇ ਤੋਂ ਪ੍ਰਭਾਵਿਤ ਹੋ ਕੇ ਉਹ ਕਮਿਊਨਿਸਟ ਬਣ ਗਿਆ ਤੇ ਕੈਨੇਡਾ ਮੁੜਨ ਪਿੱਛੋਂ ਕੈਨੇਡਾ ਦੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ। ਇਸ ਤੋਂ ਬਾਅਦ ਉਸ ਦੀ ਕਮਿਊਨਿਸਟ ਕਾਰਕੁਨ ਵਜੋਂ ਜ਼ਿੰਦਗੀ ਦੀ ਸ਼ੁਰੂਆਤ ਹੋਈ ਜਿਹੜੀ ਸਿਰਫ਼ ਚਾਰ ਸਾਲ ਦੀ ਸੀ ਪਰ ਯੁੱਗਾਂ ਉੱਪਰ ਆਪਣੀ ਛਾਪ ਛੱਡ ਗਈ।
1936 ਵਿਚ ਸਪੇਨ ਦੇ ਰਾਸ਼ਟਰਪਤੀ ਮੈਨੂਅਲ ਆਜ਼ਾਨਾ ਦੀ ਅਗਵਾਈ ਵਾਲੀ ਰਿਪਬਲਿਕਨਾਂ ਦੀ ਸਰਕਾਰ ਨੂੰ ਫਾਸ਼ੀਵਾਦੀ ਜਰਨਲ ਫਰਾਂਸਿਸ ਫਰਾਂਕੋ ਨੇ ਉਲਟਾਉਣ ਦੀ ਕੋਸ਼ਿਸ਼ ਕੀਤੀ ਜਿਸ ਸਦਕਾ ਉੱਥੇ ਖਾਨਾਜੰਗੀ ਸ਼ੁਰੂ ਹੋ ਗਈ। ਕਈ ਦੇਸ਼ਾਂ `ਚੋਂ ਕਮਿਊਨਿਸਟ ਕਾਰਕੁਨ ਸਪੇਨ ਵਿਚ ਫਾਸ਼ੀਵਾਦੀਆਂ ਖਿਲਾਫ਼ ਲੋਕਾਂ ਦਾ ਸਾਥ ਦੇਣ ਲਈ ਆਏ। 24 ਅਕਤੂਬਰ 1936 ਨੂੰ ਡਾਕਟਰ ਨਾਰਮਨ ਬੈਥਿਊਂ ਵੀ ਸਪੇਨ ਪਹੁੰਚ ਗਿਆ ਤੇ ਜੰਗ ਦੇ ਮੋਰਚੇ ਵਿਚ ਜ਼ਖ਼ਮੀਆਂ ਦੇ ਇਲਾਜ ਵਿਚ ਜੁਟ ਗਿਆ। ਪਹਿਲੀ ਆਲਮੀ ਜੰਗ ਵਿਚ ਉਸ ਨੇ ਬਹੁਤ ਸਾਰੇ ਸਿਪਾਹੀਆਂ ਨੂੰ ਲਹੂ ਵਗਣ ਕਾਰਨ ਮਰਦੇ ਦੇਖਿਆ ਸੀ। ਇਸ ਲਈ ਉਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਲਿਆਉਣ ਦੀ ਥਾਂ ਮੁਹਾਜ਼ ਉੱਪਰ ਹੀ ਉਨ੍ਹਾਂ ਨੂੰ ਲਹੂ ਚੜ੍ਹਾਉਣ ਦੀ ਨਵੀਂ ਵਿਧੀ ਇਜਾਦ ਕੀਤੀ ਜਿਸ ਸਦਕਾ ਹਜ਼ਾਰਾਂ ਲੜਾਕਿਆਂ ਦੀ ਜਾਨ ਬਚਾਈ। 27 ਅਕਤੂਬਰ 1937 ਨੂੰ ਉਹ ਸਪੇਨ ਤੋਂ ਵਾਪਸ ਕੈਨੇਡਾ ਆ ਗਿਆ ਤੇ ਸਪੇਨ ਦੇ ਲੋਕਾਂ ਲਈ ਹਮਾਇਤ ਜੁਟਾਉਣ ਤੇ ਫੰਡ ਇਕੱਠਾ ਕਰਨ ਦੇ ਕੰਮ ਵਿਚ ਲੱਗ ਗਿਆ।
ਇਸ ਦੌਰਾਨ ਚੀਨ ਉੱਪਰ ਜਪਾਨ ਨੇ ਹਮਲਾ ਕਰ ਦਿੱਤਾ। ਚੀਨ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿਚ ਲੋਕ ਜਪਾਨੀ ਹਮਲੇ ਖਿਲਾਫ਼ ਜੰਗ ਵਿਚ ਕੁੱਦ ਪਏ। ਇਸ ਜੰਗ ਵਿਚ ਲੋਕਾਂ ਦੀ ਮਦਦ ਕਰਨ ਲਈ ਡਾਕਟਰ ਨਾਰਮਨ 2 ਜਨਵਰੀ 1938 ਨੂੰ ਚੀਨ ਜਾ ਪਹੁੰਚਿਆ। ਇੱਥੇ ਉਸ ਦੀ ਚੀਨ ਦੀ ਕਮਿਊਨਿਸਟ ਪਾਰਟੀ ਦੇ ਆਗੂ ਮਾਓ ਜ਼ੇ-ਤੁੰਗ ਨਾਲ ਮੁਲਾਕਾਤ ਵੀ ਹੋਈ। ਉਸ ਤੋਂ ਬਾਅਦ ਉਹ ਸਿਹਤ ਸੇਵਾਵਾਂ ਦੇਣ ਲਈ ਜੰਗ ਦੇ ਮੈਦਾਨ ਵਿਚ ਚਲਾ ਗਿਆ। ਚੀਨੀ ਲੋਕਾਂ ਦੀ ਇਸ ਫ਼ੋਜ ਕੋਲ ਨਾ ਕੋਈ ਢੰਗ ਦੇ ਹਸਪਤਾਲ ਸਨ, ਨਾ ਪੂਰੇ ਡਾਕਟਰੀ ਔਜ਼ਾਰ ਤੇ ਨਾ ਹੀ ਦਵਾਈਆਂ। ਇਸ ਦੌਰਾਨ ਉਸ ਨੇ ਚੀਨੀ ਲੜਾਕਿਆਂ ਨੂੰ ਸਿਹਤ ਸੇਵਾਵਾਂ ਦੇਣ ਦਾ ਸਫ਼ਰ ਸ਼ੁਰੂ ਕਰ ਦਿੱਤਾ। ਚਾਰ ਮਹੀਨਿਆਂ ਵਿਚ ਹੀ ਉਨ੍ਹਾਂ ਨੇ 750 ਕਿਲੋਮੀਟਰ ਦਾ ਸਫ਼ਰ ਕਰਦਿਆਂ 300 ਤੋਂ ਵੱਧ ਅਪਰੇਸ਼ਨ ਕੀਤੇ, ਜ਼ਖ਼ਮੀਆਂ ਦੇ ਇਲਾਜ ਲਈ 13 ਸਿਹਤ ਕੇਂਦਰ ਉਸਾਰੇ ਤੇ ਬਹੁਤ ਸਾਰੇ ਲੋਕਾਂ ਨੂੰ ਮੁੱਢਲੀ ਡਾਕਟਰੀ ਸਿਖਲਾਈ ਦਿੱਤੀ।
ਚੀਨੀ ਲੋਕਾਂ ਦੀ ਭਾਸ਼ਾ ਤੋਂ ਅਣਜਾਣ ਹੋਣ ਦੇ ਬਾਵਜੂਦ ਉਹ ਇੱਥੇ ਲੋਕਾਂ ਨਾਲ ਘੁਲ-ਮਿਲ਼ ਗਿਆ ਤੇ ਲੋਕਾਂ ਤੋਂ ਉਸ ਨੂੰ ਅਥਾਹ ਪਿਆਰ ਸਤਿਕਾਰ ਮਿਲਿਆ। ਡਾਕਟਰ ਨਾਰਮਨ ਜੰਗ ਦੇ ਮੈਦਾਨ ਵਿਚ ਸਿਹਤ ਸੇਵਾਵਾਂ ਦੇ ਰਿਹਾ ਸੀ ਜਿੱਥੇ ਕਿਸੇ ਵੀ ਵੇਲੇ ਜਪਾਨੀ ਹਮਲੇ ਦੇ ਸ਼ਿਕਾਰ ਹੋਣ ਦਾ ਖ਼ਤਰਾ ਸਿਰ ਮੰਡਰਾਉਂਦਾ ਰਹਿੰਦਾ ਸੀ। 1939 ਵਿਚ ਉਸ ਨੇ ਕੈਨੇਡਾ ਮੁੜਨ ਦਾ ਫ਼ੈਸਲਾ ਕਰ ਲਿਆ ਤਾਂ ਜੋ ਚੀਨ ਦੀ ਮਦਦ ਲਈ ਆਰਥਿਕ ਵਸੀਲੇ ਇਕੱਠੇ ਕੀਤੇ ਜਾ ਸਕਣ ਪਰ ਉਸ ਵੇਲੇ ਹੀ ਜਪਾਨ ਨੇ ਮੁੜ ਵੱਡਾ ਹਮਲਾ ਕਰ ਦਿੱਤਾ। ਉਸ ਨੇ ਆਪਣਾ ਫ਼ੇਸਲਾ ਬਦਲ ਲਿਆ ਤੇ ਮੁੜ ਇਲਾਜ ਕਰਨ ਲੱਗ ਗਿਆ। ਇਸ ਦੌਰਾਨ ਉਸ ਨੇ ਲਗਾਤਾਰ ਜਾਗ ਕੇ 69 ਘੰਟਿਆਂ ਵਿਚ 115 ਅਪਰੇਸ਼ਨ ਕੀਤੇ। ਉਸ ਦੇ ਸਾਥੀ ਵਾਰ-ਵਾਰ ਉਸ ਨੂੰ ਆਰਾਮ ਕਰਨ ਲਈ ਆਖ ਰਹੇ ਸਨ ਪਰ ਆਖ਼ਰੀ ਮਰੀਜ਼ ਦਾ ਇਲਾਜ ਕਰਨ ਤੱਕ ਉਹ ਕੰਮ ਵਿਚ ਲੱਗਿਆ ਰਿਹਾ। ਇੱਥੋਂ ਦੀ ਜ਼ਿੰਦਗੀ ਬਾਰੇ ਉਸ ਨੇ ਆਪਣੇ ਇਕ ਦੋਸਤ ਨੂੰ ਚਿੱਠੀ `ਚ ਲਿਖਿਆ, “ਇਹ ਸੱਚ ਹੈ ਕਿ ਮੈਂ ਥੱਕਿਆ ਹੋਇਆ ਹਾਂ ਪਰ ਮੈਨੂੰ ਲੱਗਦਾ ਹੈ ਕਿ ਮੈਂ ਜ਼ਿੰਦਗੀ `ਚ ਪਹਿਲਾਂ ਕਦੇ ਇੰਨਾ ਖ਼ੁਸ਼ ਨਹੀਂ ਰਿਹਾ। ਮੈਂ ਉਹ ਕੰਮ ਕਰ ਰਿਹਾ ਹਾਂ ਜੋ ਮੈਂ ਕਰਨਾ ਚਾਹੁੰਦਾ ਹਾਂ… ਮੇਰੇ ਕੋਲ ਕੋਈ ਪੈਸਾ ਨਹੀਂ ਤੇ ਨਾ ਹੀ ਮੈਨੂੰ ਇਸ ਦੀ ਲੋੜ ਹੈ। ਇੱਥੇ ਮੈਨੂੰ ਮੇਰੀ ਲੋੜ ਦੀ ਹਰ ਚੀਜ਼ ਮਿਲ ਜਾਂਦੀ ਹੈ। ਮੇਰੀ ਕੋਈ ਇੱਛਾ, ਸੱਧਰ ਅਧੂਰੀ ਨਹੀਂ ਰਹੀ। ਮੇਰੇ ਨਾਲ ਓਨੇ ਹੀ ਪਿਆਰ ਤੇ ਸਤਿਕਾਰ ਨਾਲ ਇਕ ਅਹਿਮ ਕਾਮਰੇਡ ਜਿਹਾ ਸਲੂਕ ਕੀਤਾ ਜਾਂਦਾ ਹੈ।