1984 – ਕੁਝ ਸਵਾਲ ਕੁਝ ਜਵਾਬ

ਪਰਮਜੀਤ ਸਿੰਘ
ਸੰਨ ਚੁਰਾਸੀ ਦੀ ਘਟਨਾ ਅਜਿਹੀ ਘਟਨਾ ਹੈ ਜੋ ਭੁਲਾਇਆ ਨਹੀਂ ਭੁੱਲਦੀ। ਹੁਣ ਤਕਰੀਬਨ ਚਾਰ ਦਹਾਕਿਆਂ ਬਾਅਦ ਕਿਹਾ ਜਾ ਸਕਦਾ ਹੈ ਕਿ ਅਜਿਹੀਆਂ ਘਟਨਾਵਾਂ ਬਾਰੇ ਪੜਤਾਲਾਂ ਕਦੇ ਪੂਰੀਆਂ ਨਹੀਂ ਹੁੰਦੀਆਂ ਅਤੇ ਨਾ ਹੀ ਇਨ੍ਹਾਂ ਜਾਂਚਾਂ ਦੇ ਨਤੀਜੇ ਕਦੀ ਸਾਹਮਣੇ ਆਉਂਦੇ ਹਨ। ਪਰਮਜੀਤ ਸਿੰਘ ਨੇ ਇਹ ਕਥਾ ਆਪਣੇ ਢੰਗ ਨਾਲ ਸੁਣਾਈ ਹੈ ਜੋ ਪਾਠਕ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦੀ ਹੈ।

ਮਹਾਨ ਦਾਰਸ਼ਨਿਕ ਜਾਰਜ ਸਾਂਤਯਾਨਾ ਅਨੁਸਾਰ, “ਜੋ ਲੋਕ ਬੀਤੇ ਨੂੰ ਯਾਦ ਨਹੀਂ ਰੱਖ ਸਕਦੇ, ਉਹ ਇਸ ਨੂੰ ਦੁਹਰਾਉਣ ਲਈ ਸਰਾਪੇ ਹੁੰਦੇ ਹਨ।” ਸਾਂਤਯਾਨਾ ਦੀਆਂ ਇਨ੍ਹਾਂ ਸਤਰਾਂ ਦੀ ਵਿਆਖਿਆ ਕਈ ਰਾਜਨੇਤਾਵਾਂ, ਸਿਆਸਤਦਾਨਾਂ ਅਤੇ ਦਾਰਸ਼ਨਿਕਾਂ ਨੇ ਆਪੋ-ਆਪਣੇ ਤਰੀਕੇ ਨਾਲ ਕੀਤੀ ਹੈ। ਆਇਰਿਸ਼ ਰਾਜਨੇਤਾ ਐਡਮੰਡ ਬਰਕ ਅਨੁਸਾਰ, “ਜਿਹੜੇ ਲੋਕ ਇਤਿਹਾਸ ਨਹੀਂ ਜਾਣਦੇ, ਉਨ੍ਹਾਂ ਦਾ ਇਸ ਨੂੰ ਦੁਹਰਾਉਣਾ ਤੈਅ ਹੈ।” ਬਰਤਾਨਵੀ ਰਾਜਨੇਤਾ ਵਿੰਸਟਨ ਚਰਚਿਲ ਅਨੁਸਾਰ, “ਜੋ ਲੋਕ ਇਤਿਹਾਸ ਤੋਂ ਸਿੱਖਣ ਵਿਚ ਅਸਫ਼ਲ ਰਹਿੰਦੇ ਹਨ, ਉਹ ਇਸ ਨੂੰ ਦੁਹਰਾਉਣ ਲਈ ਸਰਾਪੇ ਹੁੰਦੇ ਹਨ।”
ਉਪਰੋਕਤ ਸਾਰੀਆਂ ਸਤਰਾਂ ਸਿਰਫ਼ ਇੱਕੋ ਗੱਲ ਵੱਲ ਇਸ਼ਾਰਾ ਕਰਦੀਆਂ ਹਨ: ਸਾਨੂੰ ਆਪਣੇ ਇਤਿਹਾਸ ਦੀਆਂ ਗ਼ਲਤੀਆਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਸਾਨੂੰ ਇਸ ਦਾ ਸਹੀ ਲੇਖਾ-ਜੋਖਾ ਕਰਨਾ ਚਾਹੀਦਾ ਹੈ ਅਤੇ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ ਪਰ ਸਾਡੇ ਦੇਸ਼ ਦੇ ਹਾਲਾਤ ਅਜਿਹੇ ਹਨ ਕਿ ਸਾਨੂੰ ਮਿਥਿਹਾਸ ਤਾਂ ਚੇਤੇ ਰਹਿੰਦਾ ਹੈ ਪਰ ਜ਼ਿੰਦਗੀ `ਚ ਵਾਪਰੀਆਂ ਅਸਲ ਘਟਨਾਵਾਂ ਬਾਰੇ ਸਾਡਾ ਚੇਤਾ ਬਹੁਤ ਛੋਟਾ ਹੈ; ਖ਼ਾਸ ਕਰ ਕੇ ਉਨ੍ਹਾਂ ਘਟਨਾਵਾਂ ਬਾਰੇ ਜਿਨ੍ਹਾਂ ਵਿਚ ਦੇਸ਼ ਦੀ ਸਰਕਾਰ ਅਤੇ ਰਾਜ ਸੱਤਾ ਸਿੱਧੇ ਜਾਂ ਅਸਿੱਧੇ ਤੌਰ `ਤੇ ਸ਼ਾਮਲ ਹੋਵੇ; ਜਾਂ ਤਾਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਇਨ੍ਹਾਂ ਨੂੰ ਭੁਲਾ ਦੇਈਏ, ਜਾਂ ਫਿਰ ਰਾਜ ਸੱਤਾ ਉਨ੍ਹਾਂ ਘਟਨਾਵਾਂ ਨੂੰ ਆਪਣੇ ਸਵਾਰਥ ਲਈ ਵਰਤਦੀ ਹੈ।
ਸੰਨ ਚੁਰਾਸੀ ਦੀ ਘਟਨਾ ਵੀ ਕੁਝ ਅਜਿਹੀ ਹੀ ਹੈ। ਇਸ ਘਟਨਾ ਨੂੰ 39 ਸਾਲ ਹੋ ਗਏ ਹਨ। ਦੋ ਨਵੀਆਂ ਪੀੜ੍ਹੀਆਂ ਆ ਗਈਆਂ। ਇਸ ਘਟਨਾ ਦਾ ਵੀ ਉਹੀ ਹਾਲ ਹੋ ਰਿਹਾ ਹੈ ਜੋ ਅਸੀਂ ਸੰਨ ਸੰਤਾਲੀ ਵਿਚ ਦੇਖ ਚੁੱਕੇ ਹਾਂ। ਇਸ ਦੌਰਾਨ ਕਈ ਹੋਰ ਦੰਗੇ ਹੋਏ ਅਤੇ ਬਾਅਦ ਵਿਚ ਵੀ ਹੁੰਦੇ ਰਹੇ ਪਰ ਆਉਣ ਵਾਲੀ ਪੀੜ੍ਹੀ ਉਨ੍ਹਾਂ ਬਾਰੇ ਬਹੁਤ ਘੱਟ ਜਾਣਦੀ ਹੈ। ਹਰ ਦੰਗੇ ਤੋਂ ਬਾਅਦ ਅਣਗਿਣਤ ਜਾਂਚ ਕਮੇਟੀਆਂ ਬਣਾਈਆਂ ਗਈਆਂ ਹਨ ਪਰ ਜਾਂ ਤਾਂ ਉਹ ਪੜਤਾਲਾਂ ਕਦੇ ਪੂਰੀਆਂ ਨਹੀਂ ਹੁੰਦੀਆਂ ਜਾਂ ਉਨ੍ਹਾਂ ਦਾ ਨਤੀਜਾ ਕਦੇ ਵੀ ਲੋਕਾਂ ਸਾਹਮਣੇ ਨਹੀਂ ਆਉਂਦਾ।
ਕਿਸੇ ਵੀ ਦੇਸ਼ ਜਾਂ ਸਮਾਜ ਦੀ ਖ਼ੁਸਹਾਲੀ ਉਸ ਵਿਚ ਰਹਿਣ ਵਾਲੇ ਭਾਈਚਾਰਿਆਂ ਦੇ ਆਪਸੀ ਸਬੰਧਾਂ `ਤੇ ਨਿਰਭਰ ਕਰਦੀ ਹੈ; ਖ਼ਾਸ ਕਰ ਕੇ ਭਾਰਤ ਵਰਗੇ ਦੇਸ਼ ਵਿਚ ਜਿੱਥੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਵਸੇ ਹੋਏ ਹਨ। ਆਮ ਤੌਰ `ਤੇ ਸਾਡਾ ਸਮਾਜ ਧਰਮ ਜਾਂ ਕੌਮਾਂ ਵਿਚ ਜ਼ਰੂਰ ਵੰਡਿਆ ਹੋਇਆ ਹੈ ਪਰ ਸਾਡੀ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਜ਼ਿੰਦਗੀ ਆਪਸੀ ਮੇਲਜੋਲ ਹੈ। ਧਰਮ, ਕੌਮ ਅਤੇ ਜਾਤ ਹੀ ਅਜਿਹੇ ਪਹਿਲੂ ਹਨ ਜਿਨ੍ਹਾਂ ਨੂੰ ਕਦੇ ਵੀ ਕੁਰੇਦ ਕੇ ਕਿਸੇ ਵੀ ਸਮੇਂ ਇਕ ਭਾਈਚਾਰੇ ਨੂੰ ਦੂਜੇ ਦੇ ਵਿਰੁੱਧ ਭੜਕਾਇਆ ਜਾ ਸਕਦਾ ਹੈ।
ਮੈਂ ਤੀਹ ਸਾਲਾਂ ਤੋਂ ਇਨ੍ਹਾਂ ਮੁੱਦਿਆਂ ਉੱਪਰ ਕੰਮ ਕੀਤਾ ਹੈ। ਬਹੁਤ ਸਾਰੇ ਫਿਰਕੂ ਅਤੇ ਜਾਤੀ ਦੰਗਿਆਂ ਦੀਆਂ ਤੱਥ ਖੋਜ ਕਮੇਟੀਆਂ ਵਿਚ ਸ਼ਾਮਿਲ ਹੋਇਆ ਹਾਂ। ਉਨ੍ਹਾਂ ਦਾ ਵਿਸ਼ਲੇਸ਼ਣ ਕਰ ਕੇ ਉਨ੍ਹਾਂ ਉੱਪਰ ਕਈ ਰਿਪੋਰਟਾਂ ਛਾਪੀਆਂ। ਜ਼ਿਆਦਾਤਰ ਘਟਨਾਵਾਂ ਵਿਚ ਇਹ ਸਿੱਟਾ ਕੱਢਿਆ ਗਿਆ ਕਿ ਲੋਕ ਜਾਂ ਅਵਾਮ ਜਾਂ ਆਮ ਜਨਤਾ ਜਾਂ ਫਿਰ ਸਮਾਜ, ਫਿਰਕੂ ਨਹੀਂ ਹੁੰਦਾ। ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਰ ਦੰਗੇ ਹੁੰਦੇ ਕਿਉਂ ਹਨ? ਕੁਝ ਕੁ ਲੋਕਾਂ ਦਾ ਸਵਾਰਥ, ਖ਼ਾਸ ਕਰ ਕੇ ਉਹ ਲੋਕ ਜੋ ਕਿਸੇ ਨਾ ਕਿਸੇ ਰੂਪ `ਚ ਸੱਤਾ ਨਾਲ ਜੁੜੇ ਹੋਏ ਹਨ, ਅਕਸਰ ਮਾੜੇ ਅਨਸਰਾਂ ਦੀ ਭੀੜ ਇਕੱਠੀ ਕਰ ਕੇ ਦੰਗਾ ਕਰਵਾਉਣ `ਚ ਕਾਮਯਾਬ ਹੋ ਜਾਂਦੇ ਹਨ।
ਅਜਿਹੀਆਂ ਘਟਨਾਵਾਂ ਦਾ ਪ੍ਰਭਾਵ ਸਮਾਜ ਦੇ ਹਰ ਵਰਗ ਉੱਪਰ ਪੈਂਦਾ ਹੈ; ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਉੱਤੇ ਜਿਨ੍ਹਾਂ ਦੀ ਮਾਨਸਿਕਤਾ ਅਜੇ ਵਿਕਸਿਤ ਹੋਣ ਦੇ ਪੜਾਅ `ਤੇ ਹੈ। ਇਕ ਉਹ ਜੋ ਦੰਗੇ, ਕਤਲੇਆਮ ਅਤੇ ਲੁੱਟ-ਮਾਰ ਤੋਂ ਪੀੜਤ ਹੁੰਦਾ ਹੈ ਅਤੇ ਦੂਜਾ ਉਹ ਸਮਾਜ ਜਿਸ ਦੇ ਸਮਾਜਿਕ ਰਿਸ਼ਤੇ ਉਸ ਦੰਗਾ ਪੀੜਤ ਭਾਈਚਾਰੇ ਨਾਲ ਸਾਲਾਂ ਤੋਂ ਪ੍ਰਫੁੱਲਤ ਹੋਏ ਹੁੰਦੇ ਹਨ। ਅਜਿਹੀਆਂ ਘਟਨਾਵਾਂ ਉਨ੍ਹਾਂ ਦੇ ਆਪਸੀ ਰਿਸ਼ਤਿਆਂ ਵਿਚ ਮੱਤਭੇਦ, ਕੁੜੱਤਣ ਅਤੇ ਦੁਸ਼ਮਣੀ ਦੀ ਭਾਵਨਾ ਨੂੰ ਜਨਮ ਦੇਣ ਦੀ ਸੰਭਾਵਨਾ ਨੂੰ ਵੀ ਪੈਦਾ ਕਰ ਸਕਦੀਆਂ ਹਨ। ਇਹ ਸਮਾਜ ਲਈ ਘਾਤਕ ਹੀ ਨਹੀਂ ਸਗੋਂ ਉਸ `ਚ ਵੰਡੀਆਂ ਪਾਉਣ ਦੀ ਵੀ ਸਮਰੱਥਾ ਰੱਖਦਾ ਹੈ।
ਇਸ ਕਿਤਾਬ ਰਾਹੀਂ ਮੈਂ ਇਨ੍ਹਾਂ ਸਵਾਲਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਨੂੰ ਮੁੱਖ ਰੱਖਦਿਆਂ ਫਰੋਲਣ ਦੀ ਕੋਸ਼ਿਸ਼ ਕੀਤੀ ਹੈ। ਕਹਾਣੀ ਦੇ ਪਾਤਰ ਕਾਲਪਨਿਕ ਹਨ ਪਰ ਉਨ੍ਹਾਂ ਨਾਲ ਜੁੜੇ ਘਟਨਾਕ੍ਰਮ ਅਸਲੀ ਹਨ।
ਇਹ ਕਿਤਾਬ ਉਨ੍ਹਾਂ ਵਿਅਕਤੀਆਂ ਅਤੇ ਸਮਾਜ ਨੂੰ ਮੁਖ਼ਾਤਬ ਹੈ ਜੋ ਚੁਰਾਸੀ ਵਰਗੀਆਂ ਘਟਨਾਵਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ `ਤੇ ਜੁੜੇ ਹੁੰਦੇ ਹਨ। ਮੇਰਾ ਮੰਨਣਾ ਹੈ ਕਿ ਸਮਾਜ ਦਾ ਹਰ ਵਿਅਕਤੀ ਇਨ੍ਹਾਂ ਘਟਨਾਵਾਂ ਨਾਲ ਜੁੜਿਆ ਹੁੰਦਾ ਹੈ। ਉਸ ਸਮਾਜ ਦੀ ਖ਼ੁਸ਼ਹਾਲੀ ਲਈ ਉਸ ਵਿਚ ਰਹਿਣ ਵਾਲੇ ਹਰ ਨਾਗਰਿਕ ਦੇ ਸਮਾਜਿਕ ਅਤੇ ਰਾਜਨੀਤਕ ਯੋਗਦਾਨ ਦੀ ਜ਼ਰੂਰਤ ਹੁੰਦੀ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਉਹ ਇਨ੍ਹਾਂ ਘਟਨਾਵਾਂ ਦੇ ਕਾਰਨਾਂ ਪਿੱਛੇ ਕੰਮ ਕਰਦੇ ਰਾਜਨੀਤਕ ਇਰਾਦਿਆਂ ਦਾ ਸਹੀ ਮੁਲਾਂਕਣ ਕਰੇ, ਜਿਸ ਦੇ ਲਈ ਉਹ ਸਿੱਖਿਅਤ ਹੋਵੇ ਅਤੇ ਆਪਣੀ ਰਾਜਨੀਤਕ ਚੇਤਨਾ ਨੂੰ ਵਿਕਸਿਤ ਕਰੇ। ਸੋ, ਜ਼ਰੂਰਤ ਹੈ, ਸਮਾਜ ਵਿਚ ਇਨ੍ਹਾਂ ਘਟਨਾਵਾਂ ਉੱਪਰ ਚਰਚਾ ਕਰਦੇ ਰਹਿਣ ਦੀ ਤਾਂ ਜੋ ਭਵਿੱਖ ਵਿਚ ਸਮਾਂ ਆਉਣ `ਤੇ ਹਰ ਸਮਾਜ ਦਾ ਹਰ ਨਾਗਰਿਕ ਅਜਿਹੀਆਂ ਘਟਨਾਵਾਂ ਦੌਰਾਨ ਸਹੀ ਭੂਮਿਕਾ ਨਿਭਾ ਸਕੇ – ਸਿਰਫ਼ ਮੂਕ ਦਰਸ਼ਕ ਬਣ ਕੇ ਨਾ ਦੇਖਦਾ ਰਹੇ। ਦੂਜੇ ਪਾਸੇ, ਇਨ੍ਹਾਂ ਘਟਨਾਵਾਂ ਤੋਂ ਪੀੜਤ ਭਾਈਚਾਰੇ ਵੀ ਇਸ ਨੂੰ ਸਹੀ ਪ੍ਰਸੰਗ `ਚ ਘੋਖਣ-ਪਰਖਣ ਅਤੇ ਆਪਣੇ ਫ਼ੈਸਲੇ ਕਰਨ। ਇਹ ਕਹਾਣੀ ਇਹੀ ਦਰਸਾਉਂਦੀ ਹੈ।
ਮੇਰਾ ਤੱਥ ਆਧਾਰਿਤ ਰਿਪੋਰਟਾਂ ਅਤੇ ਪੇਸ਼ੇ ਨਾਲ ਸਬੰਧਿਤ ਕਿਤਾਬਾਂ ਦਾ ਤਜਰਬਾ ਤਾਂ ਰਿਹਾ ਹੈ ਪਰ ਨਿੱਜੀ ਤਜਰਬਿਆਂ `ਤੇ ਆਧਾਰਿਤ ਸਮਾਜਿਕ ਅਤੇ ਮਨੁੱਖੀ ਪਹਿਲੂਆਂ ਬਾਰੇ ਇਹ ਮੇਰੀ ਪਹਿਲੀ ਕਿਤਾਬ ਹੈ। ਇਹ ਕਿਤਾਬ ਲਿਖਣ ਸਮੇਂ ਮੈਂ ਆਪਣੇ ਨਿੱਜੀ ਅਨੁਭਵ ਵੀ ਸ਼ਾਮਲ ਕੀਤੇ ਹਨ। ਇਸ ਲਈ ਮੈਂ ਇਸ ਕਿਤਾਬ ਦੇ ਉਨ੍ਹਾਂ ਸਾਰੇ ਪਾਤਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੋ ਕਿਸੇ ਨਾ ਕਿਸੇ ਰੂਪ ਵਿਚ ਇਸ ਸਮਾਜ ਦੇ ਵਸਨੀਕ ਹਨ। ਇਨ੍ਹਾਂ ਵਿਚੋਂ ਕੁਝ ਅਸਲੀ ਹਨ ਅਤੇ ਕੁਝ ਮੇਰੀ ਕਲਪਨਾ ਦੀ ਉਪਜ ਹਨ।
ਮੈਨੂੰ ਇਹ ਕਹਾਣੀ ਲਿਖਣ ਦੀ ਸਭ ਤੋਂ ਪਹਿਲੀ ਪ੍ਰੇਰਨਾ ਮੇਰੇ ਮਿੱਤਰ ਰਾਜਿੰਦਰ ਨੇਗੀ ਤੋਂ ਮਿਲੀ। ਮੈਂ ਆਪਣੇ ਮਿੱਤਰ ਅਤੇ ਦਿਆਲ ਸਿੰਘ ਕਾਲਜ ਦੇ ਹਿੰਦੀ ਅਧਿਆਪਕ ਸੁਨੀਲ ਮਾਂਡੀਵਾਲ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਇਸ ਨੂੰ ਵਾਰ-ਵਾਰ ਪੜ੍ਹਿਆ ਅਤੇ ਆਪਣੀ ਵਡਮੁੱਲੀ ਰਾਏ ਦਿੱਤੀ। ਮੈਂ ਕੰਚਨ ਦਾ ਧੰਨਵਾਦੀ ਹਾਂ ਜਿਸ ਨੇ ਇਸ ਕਿਤਾਬ ਦੀ ਪਰੂਫ ਰੀਡਿੰਗ ਵਿਚ ਪੂਰੀ ਲਗਨ ਨਾਲ ਸਹਿਯੋਗ ਦਿੱਤਾ।
ਇਹ ਕਿਤਾਬ ਲਿਖਣ ਦੇ ਸਮੇਂ ਦੌਰਾਨ ਮੈਨੂੰ ਕਈ ਭਾਵਨਾਤਮਕ ਪਹਿਲੂਆਂ `ਚੋਂ ਗੁਜ਼ਰਨਾ ਪਿਆ। ਮੈਂ ਥੋੜ੍ਹਾ ਨਿਰਾਸ਼ ਤੇ ਉਦਾਸ ਵੀ ਰਿਹਾ। ਮੈਂ ਆਪਣੀ ਕੁਦਰਤ-ਪ੍ਰੇਮੀ ਜੀਵਨ ਸਾਥਣ ਮੌਸ਼ੁਮੀ ਦਾ ਧੰਨਵਾਦੀ ਹਾਂ ਜੋ ਪਿਛਲੇ ਤਿੰਨ ਦਹਾਕਿਆਂ ਤੋਂ ਮੇਰੇ ਹਰ ਸਮਾਜਿਕ ਕਾਰਜ ਵਿਚ ਮੇਰੀ ਸਹਿਯੋਗੀ ਰਹੀ ਹੈ।
ਇਹ ਕਿਤਾਬ ਮੇਰੇ ਰਾਹ-ਦਰਸਾਵੇ ਕੁਲਬੀਰ ਤੋਂ ਬਿਨਾਂ ਸੰਭਵ ਨਹੀਂ ਸੀ ਜੋ ਕਦੇ ਰਿਸ਼ਤੇ `ਚ ਮੇਰੇ ਭਰਾ ਦੇ ਰੂਪ ਸੀ ਪਰ ਉਸ ਦੀ ਮਨਸ਼ਾ, ਜ਼ਿੱਦ ਅਤੇ ਹਾਲਾਤ ਨੇ ਮਿੱਤਰ ਅਤੇ ਹਮਸਫ਼ਰ ਦੀ ਭੂਮਿਕਾ ਤੈਅ ਕਰ ਦਿੱਤੀ। ਇਸ ਕਿਤਾਬ ਦੇ ਪੰਜਾਬੀ ਅਨੁਵਾਦ ਲਈ ਮੈਂ ਆਪਣੇ ਮਿੱਤਰ ਬੂਟਾ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।