ਕੌਮ ਜਾਂ ਕੌਮਵਾਦ ਹੈ ਕੋਈ ਬਹੁਤ ਹੀ ਡੂੰਘਾ ਅਤੇ ਅਨੋਖਾ ਜਜ਼ਬਾ – ਕਰਮਜੀਤ ਸਿੰਘ

ਕਰਮਜੀਤ ਸਿੰਘ ਚੰਡੀਗੜ੍ਹ
ਸੀਨੀਅਰ ਪੱਤਰਕਾਰ
ਕੌਮੀ ਰਿਆਸਤਾਂ ਦਾ ਤਸੱਵਰ ਯੂਰਪ ਅੰਦਰ 19ਵੀਂ ਸਦੀ ਦੇ ਸਨਅਤੀ ਇਨਕਲਾਬ ਦੇ ਨਾਲ ਨਾਲ ਪੈਦਾ ਹੋਇਆ ਤੇ ਇਸ ਬਾਰੇ ਇਹ ਬਹਿਸ ਇਕ ਵਾਰ ਖਤਮ ਹੋ ਗਈ ਸੀ ਪਰ ਨਵੇਂ ਸਿਰਿਓਂ ਇਸ ਬਾਰੇ ਵਿਚਾਰ ਚਰਚਾ ਸੋਵੀਅਤ ਯੂਨੀਅਨਾਂ ਅਤੇ ਯੁਗੋਸਲਾਵੀਆ ਵਿਚ ਸਮਾਜਿਕ ਢਾਂਚੇ ਦੇ ਟੁੱਟ ਜਾਣ ਅਤੇ ਨਵੀਆਂ ਸਟੇਟਾਂ ਹੋਂਦ ਵਿਚ ਆਉਣ ਤੋਂ ਬਾਅਦ 20ਵੀਂ ਸਦੀ ਦੇ ਆਖਰੀ ਦਹਾਕੇ ਦੌਰਾਨ ਇਸ ਸਵਾਲ ਬਾਰੇ ਰਾਮਰੌਲਾ ਨਵੇਂ ਸਿਰਿਓਂ ਪ੍ਰਚੰਡ ਹੋ ਗਿਆ।
ਪੰਜਾਬ ਟਾਈਮਜ਼ ਦੇ ਪਿਛਲੇ ਅੰਕ ਵਿਚ ਕਰਮ ਬਰਸਟ ਹੁਰਾਂ ਵਲੋਂ ਇਸ ਵਿਸ਼ੇ `ਤੇ ਬਹੁਤ ਸੰਗਠਿਤ ਲੇਖ ਲਿਖਿਆ ਗਿਆ ਸੀ ਤੇ ਇਸ ਵਾਰ ਖਾਲਿਸਤਾਨੀ ਵਿਚਾਰਧਾਰਾ ਦੇ ਸਮਰਥਕ ਕਰਮਜੀਤ ਸਿੰਘ ਹੁਰਾਂ ਵਲੋਂ ਇਸ ਵਿਸ਼ੇ ਬਾਰੇ ਵੱਖਰੀ ਤਰ੍ਹਾਂ ਦੇ ਨਜ਼ਰੀਏ ਤੋਂ ਦਿੱਤੇ ਵਿਚਾਰ ਅਸੀਂ ਪਾਠਕਾਂ ਅੱਗੇ ਪੇਸ਼ ਕਰ ਰਹੇ ਹਾਂ। ਇਸ ਵਿਸ਼ੇ `ਤੇ ਵਿਦਵਾਨਾਂ ਦੇ ਵਿਚਾਰਾਂ ਦਾ ਪੰਜਾਬ ਟਾਈਮਜ਼ ਵਲੋਂ ਸਵਾਗਤ ਕੀਤਾ ਜਾਵੇਗਾ -ਸੰਪਾਦਕ।
ਕੌਮ , ਕੌਮਵਾਦ, ਕੌਮ ਰਾਜ ਦੇ ਜਿੰਨੇ ਮਾਹਰ ਜਿੰਨੇ ਵੀ ਵਿਦਵਾਨ ਹਨ, ਇਉਂ ਸਮਝੋ, ਉਨ੍ਹਾਂ ਦੀਆਂ ਉਨੀਆਂ ਹੀ ਵਿਆਖਿਆਵਾਂ, ਉਨੀਆਂ ਹੀ ਪਰਿਭਾਸ਼ਾਵਾਂ।
ਦਿਲਚਸਪ ਸੱਚ ਇਹ ਹੈ ਕਿ ਕੋਈ ਵੀ ਪਰਿਭਾਸ਼ਾ ਇਕ ਦੂਜੇ ਨਾਲ ਮੇਲ ਨਹੀਂ ਖਾਂਦੀ। ਪਰ ਇਕ ਸਾਂਝੇ ਤੱਥ ਉੱਤੇ ਸਾਰਿਆਂ ਦੀ ਸਹਿਮਤੀ ਹੈ ਕਿ ਕੌਮ ਜਾਂ ਕੌਮਵਾਦ ਦਾ ਰਾਜ ਨਾਲ ਕੋਈ ਰਿਸ਼ਤਾ ਹੈ।
ਹਥਲੀ ਪੁਸਤਕ (ਕੌਮਵਾਦ: ਸਿਧਾਂਤਕ ਜਾਣ-ਪਛਾਣ) ਜਿਸ ਦਾ ਹੁਣ ਅਸੀਂ ਰਿਵਿਊ ਕਰ ਰਹੇ ਹਾਂ, ਦੇ ਲੇਖਕ ਜਸਵੀਰ ਸਿੰਘ ਦਾ ਮੰਨਣਾ ਹੈ ਕਿ ‘ਕੌਮਵਾਦ ਰਾਜ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ ਅਤੇ ਠੰਢੀ ਜੰਗ ਦੇ ਖਾਤਮੇ ਪਿੱਛੋਂ ਕੌਮਵਾਦ ਤਾਕਤਵਰ ਰੂਪ ਅਖਤਿਆਰ ਕਰ ਗਿਆ ਹੈ’। ਡੈੱਨਮਾਰਕ ਸਥਿਤ ਇਸ ਉੱਘੇ ਵਿਦਵਾਨ ਨੇ ਆਪਣੀ ਪੁਸਤਕ ਵਿਚ ਉਨ੍ਹਾਂ ਪ੍ਰਸਿੱਧ ਵਿਦਵਾਨਾਂ ਨਾਲ ਸਾਡੀ ਜਾਣ ਪਹਿਚਾਣ ਕਰਵਾਈ ਹੈ ਜਿਨ੍ਹਾਂ ਨੇ ਕੌਮਵਾਦ ਅਤੇ ਕੌਮ ਦੇ ਪਿੜ ਵਿਚ ਗੰਭੀਰ ਅਤੇ ਬਹੁਪੱਖੀ ਵਿਚਾਰ ਸਾਡੇ ਸਾਹਮਣੇ ਲਿਆਂਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵਿਦਵਾਨ ਨੇ ਪੰਜਾਬੀ ਵਿਚ ਸਾਨੂੰ ਇਕ ਅਜਿਹੇ ਵਿਸ਼ੇ ਦੀ ਅਹਿਮੀਅਤ ਬਾਰੇ ਲੰਮੀ ਨੀਂਦ ਤੋਂ ਜਗਾਇਆ ਹੈ, ਜਿਸ ਬਾਰੇ ਸਾਡੀ ਸਮਝ ਤੇ ਸਾਡਾ ਗਿਆਨ ਜਾਂ ਤਾਂ ਸਤਈ ਕਿਸਮ ਦਾ ਹੈ, ਜਾਂ ਜਜ਼ਬਾਤੀ, ਜਾਂ ਧੁੰਦਲਾ ਅਤੇ ਜਾਂ ਫਿਰ ਅਸੀਂ ਇਸ ਮਹੱਤਵਪੂਰਨ ਵਿਸ਼ੇ ਦੇ ਵਿਚਾਰਧਾਰਕ ਪਹਿਲੂ ਨੂੰ ਅਣਗੌਲਿਆਂ ਕਰ ਛੱਡਿਆ ਹੈ। ਲੇਖਕ ਨੇ ਇਕ ਵਿਸ਼ੇਸ਼ ਮੁਲਾਕਾਤ ਵਿਚ ਇਹ ਗਿਲ਼ਾ ਵੀ ਪ੍ਰਗਟ ਕੀਤਾ ਕਿ ਸਿੱਖ ਕੌਮ ਨੇ ਇਸ ਮਹੱਤਵਪੂਰਨ ਵਿਸ਼ੇ ਨੂੰ ਅਜੇ ਤੱਕ ਆਪਣੇ ਅੰਦਰ ਰਚਾਇਆ ਹੀ ਨਹੀਂ।
ਇਸ ਕਿਤਾਬ ਦੇ ਆਉਣ ਨਾਲ ਇਕ ਤਾਂ ਰਾਜਨੀਤਿਕ ਵਿਗਿਆਨ, ਸਮਾਜ ਵਿਗਿਆਨ, ਧਰਮ, ਕਲਚਰ, ਇਤਿਹਾਸ ਅਤੇ ਹੋਰ ਸਮਾਜ ਵਿਗਿਆਨਾਂ ਨਾਲ ਜੁੜੇ ਪੰਜਾਬੀ ਦਾਨਿਸ਼ਵਰਾਂ ਵਿਚ ਇਸ ਵਿਸ਼ੇ ਬਾਰੇ ਜਗਿਆਸਾ ਅਤੇ ਦਿਲਚਸਪੀ ਦੀ ਸੱਜਰੀ ਪ੍ਰਭਾਤ ਚੜ੍ਹੇਗੀ ਅਤੇ ਦੂਜਾ, ਵਿਸ਼ੇਸ਼ ਕਰਕੇ ਸਿੱਖ ਕੌਮ ਨੇਸ਼ਨ-ਸਟੇਟ ਅਤੇ ਕੌਮਵਾਦ ਬਾਰੇ ਆਪਣੀ ਸਮਝ ਨੂੰ ਅੰਤਰਰਾਸ਼ਟਰੀ ਪ੍ਰਸੰਗ ਵਿਚ ਚੱਲ ਰਹੀਆਂ ਵੱਡੀਆਂ ਬਹਿਸਾਂ ਨਾਲ ਜੋੜ ਕੇ ਵੇਖ, ਪਰਖ ਸਕੇਗੀ। ਇਹ ਵਿਸ਼ਾ ਤੇ ਇਹ ਕਿਤਾਬ ਸਿਰਫ ਵਿਦਵਾਨਾਂ ਤੱਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ ਸਗੋਂ ਰੁਲ ਖੁਲ ਹੋਈ ਅਤੇ ਖਿੰਡੀ ਹੋਈ ਕੌਮ ਦੇ ਜਾਗਦੇ ਉਹ ਤਮਾਮ ਗੰਭੀਰ ਵਿਦਿਆਰਥੀ, ਅਧਿਆਪਕ, ਸਿਆਸਤਦਾਨ, ਪੱਤਰਕਾਰ, ਮੁਲਾਜ਼ਮ, ਕਥਾਕਾਰ, ਢਾਡੀ, ਰਾਗੀ, ਲੇਖਕ, ਕਲਾਕਾਰ ਅਤੇ ਹੋਰ ਵਰਗਾਂ ਨਾਲ ਜੁੜੇ ਬੁੱਧੀਜੀਵੀ ਪੜ੍ਹਨਗੇ ਜੋ ਸਿੱਖ ਤਰਜੇæ-ਜੀਵਨ ਨੂੰ ਨਵਾਂ ਮੋੜ ਦੇਣਾ ਚਾਹੁੰਦੇ ਹਨ। ਇਸ ਅਹਿਮ ਵਿਸ਼ੇ ਬਾਰੇ ਸਾਡੇ ਵਿਦਵਾਨਾਂ ਵੱਲੋਂ ਲੰਮੇ ਅਰਸੇ ਤੋਂ ਧਾਰੀ ਚੁੱਪ ਨੂੰ ਵੀ ਤੋੜਨ ਵਿਚ ਕਿਤਾਬ ਰੋਲ ਅਦਾ ਕਰੇਗੀ। 202 ਪੰਨਿਆਂ ਵਿਚ ਫੈਲੀ ਇਸ ਪੁਸਤਕ ਵਿਚ ਕੌਮਵਾਦ ਨਾਲ ਜੁੜੇ ਛੇ ਕਾਂਡ ਸ਼ਾਮਿਲ ਹਨ ਅਤੇ ‘ਸਿੱਖ ਐਜੂਕੇਸ਼ਨ ਕੌਂਸਲ ਯੂ ਕੇ’ ਵੱਲੋਂ ਛਾਪੀ ਇਸ ਕਿਤਾਬ ਦੀ ਭੂਮਿਕਾ ਡਾਕਟਰ ਪਰਗਟ ਸਿੰਘ ਹੁਰਾਂ ਲਿਖੀ ਹੈ ਜੋ ਲੰਡਨ ਮੈਟਰੋਪੋਲੀਟਨ ਕੌਂਸਲ ਤੋ ਸੇਵਾ ਮੁਕਤ ਹੋਏ ਹਨ।
ਖਾਲਿਸਤਾਨ ਅਤੇ ਖਾਲਿਸਤਾਨੀ ਜਥੇਬੰਦੀਆਂ ਨਾਲ ਜੁੜੇ ਸਰਗਰਮ ਕਾਰਕੁਨਾਂ ਲਈ ਤਾਂ ਇਹ ਕਿਤਾਬ ਹੋਰ ਵੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਜਿੱਥੇ ਉਨ੍ਹਾਂ ਦੀ ਅੰਤਰਰਾਸ਼ਟਰੀ ਸਮਝ ਵਿਚ ਨਵੇਂ ਤੱਤ, ਨਵੇਂ ਤੱਥ ਅਤੇ ਨਵੀਂ ਜਾਣਕਾਰੀ ਸ਼ਾਮਿਲ ਹੋਏਗੀ, ਉਥੇ ਉਹ ਚਲੰਤ ਮਾਮਲਿਆਂ ਦੇ ਸੰਘਰਸ਼ ਦੀ ਅਹਿਮੀਅਤ ਨੂੰ ਇਸ ਅਣਗੌਲੇ ਅਤੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਨਾਲ ਜੋੜ ਕੇ ਜ਼ਿੰਦਗੀ ਦੇ ਮੈਦਾਨ ਵਿਚ ਅੱਗੇ ਵਧਣਗੇ ਅਤੇ ਸੰਘਰਸ਼ ਦੇ ਅਗਲੇ ਪੈਂਡਿਆਂ ਵਿਚ ਅਤੇ ਰਣਨੀਤੀਆਂ ਵਿਚ ਨਵੀਂ ਧੜਕਣ, ਨਵਾਂ ਜੋਸ਼ ਸ਼ਾਮਿਲ ਕਰਨਗੇ। ਇਸ ਨਾਲ ਉਨ੍ਹਾਂ ਦੀ ਰਾਜਨੀਤਕ ਦਿਸ਼ਾ ਅਤੇ ਤਰਜ਼-ਜ਼ਿੰਦਗੀ ਦਾ ਪੱਧਰ ਹੋਰਨਾਂ ਰਾਜਨੀਤਕ ਪਾਰਟੀਆਂ ਨਾਲੋਂ ਵੱਖਰਾ, ਨਿਵੇਕਲਾ ਅਤੇ ਉੱਚੀ ਪੱਧਰ ਦਾ ਵੀ ਹੋਵੇਗਾ। ਇਸ ਤੋਂ ਇਲਾਵਾ ਇਨ੍ਹਾਂ ਪਾਰਟੀਆਂ ਦੀ ਲੀਡਰਸ਼ਿਪ ਵਿਚ ਸਿੱਖ ਕੌਮ ਨਾਲ ਜੁੜੇ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਆਈ ਰਾਜਨੀਤਕ ਤੇ ਸਿਧਾਂਤਕ ਖੜੋਤ ਵਿਚ ਆਈਆਂ ਕਮੀਆਂ ਤੇ ਕਮਜ਼ੋਰੀਆਂ ਦਾ ਵੀ ਗਿਆਨ ਹੋਵੇਗਾ।
ਕੀ ਕੌਮ ਜਾਂ ਕੌਮਵਾਦ ਕੋਈ ਬਹੁਤ ਹੀ ਡੂੰਘਾ ਅਤੇ ਅਨੋਖੀ ਕਿਸਮ ਦਾ ਜਜ਼ਬਾ ਹੈ? ਕੀ ਇਹ ਕੋਈ ਵਿਚਾਰਧਾਰਾ ਹੈ? ਜਾਂ ਇਹ ਕੋਈ ਲਹਿਰ ਜਾਂ ਅੰਦੋਲਨ ਹੈ? ਜਾਂ ਇਹ ਕੋਈ ਇੰਨੀ ਵੱਡੀ ਸ਼ਕਤੀ ਹੈ ਜੋ ਧਰਮ ਤੋਂ ਵੀ ਉੱਪਰ ਸਥਾਨ ਲੈ ਚੁੱਕੀ ਹੈ? ਜਾਂ ਫਰਾਂਸੀਸੀ ਵਿਦਵਾਨ ਅਰਨਸਟ ਰੈਨਨ (1823-1892) ਮੁਤਾਬਕ ਕੀ ਕੌਮ ਇਕ ਰੂਹ ਹੈ, ਇਕ ਰੂਹਾਨੀ ਸਿਧਾਂਤ ਹੈ ਜਿਸ ਵਿਚ ਸਾਡੇ ਅਤੀਤ ਤੇ ਵਰਤਮਾਨ ਮਿਲਦੇ ਹਨ? ਜਾਂ ਜਾਹਨ ਆਰਮਸਟਰਾਂਗ ਅਨੁਸਾਰ ਤੀਬਰ ਜਜ਼ਬਿਆਂ ਦੀ ਸਾਂਝ ਵਿਚ ਤਾਣੇ ਪੇਟੇ ਵਾਂਗ ਓਤ ਪੋਤ ਕਿਸੇ ਗਰੁੱਪ ਨੂੰ ਹੀ ਅਸੀਂ ਕੌਮ ਕਹਿ ਸਕਦੇ ਹਾਂ? ਜਾਂ ਕੀ ਕੌਮਵਾਦ ਨੇ ਹੀ ਕੌਮ ਨੂੰ ਇਜਾਦ ਕੀਤਾ ਹੈ? ਕੀ ਇਹ ਕੋਈ ਘਟਨਾ ਹੈ? ਕੌਮ ਕਦੋਂ ਅਤੇ ਕਿਵੇਂ ਹੋਂਦ ਵਿਚ ਆਈ? ਕੀ ਇਹ ਵੱਖਰੇ ਵੱਖਰੇ ਰੂਪ ਵਿਚ ਹਰ ਦੌਰ ਵਿਚ ਮੌਜੂਦ ਸੀ?
ਐਂਥਨੀ ਸਮਿਥ (1939-2016) ਇਤਿਹਾਸਕ ਸਮਾਜ ਵਿਗਿਆਨੀ ਹਨ ਪਰ ਕੌਮਵਾਦ ਅਤੇ ਕੌਮ ਬਾਰੇ ਅਤੇ ਵਿਸ਼ੇਸ਼ ਕਰਕੇ ਐਥਨੀਸਿਟੀ ਦੇ ਵਰਤਾਰੇ ਬਾਰੇ ਉਨ੍ਹਾਂ ਦੀ ਸਮਝ ਅਤੀ ਬਰੀਕ ਅਤੇ ਬਹੁ-ਪੱਖੀ ਹੈ। ਇਸ ਵਿਸ਼ੇ ਉੱਤੇ ਉਨ੍ਹਾਂ ਦੀ ਮਜ਼ਬੂਤ ਪਕੜ ਵੀ ਹੈ। ਦਿਲਚਸਪ ਗੱਲ ਇਹ ਹੈ ਕਿ ਸਮਿਥ ਨੇ ਸਿੱਖ ਕੌਮ ਬਾਰੇ ਵੀ ਕੁਝ ਟਿੱਪਣੀਆਂ ਕੀਤੀਆਂ ਹਨ। ਜਸਵੀਰ ਸਿੰਘ ਮੁਤਾਬਕ ਐਂਥਨੀ ਸਮਿਥ ਕੌਮਵਾਦ ਨੂੰ ਸਿਰਫ ਰਾਜਨੀਤਕ ਦੁਨੀਆ ਨਾਲ ਹੀ ਜੋੜ ਕੇ ਨਹੀਂ ਵੇਖਦੇ ਸਗੋਂ ਉਨ੍ਹਾਂ ਦਾ ਕਹਿਣਾ ਹੈ ਕਿ ਬੌਧਿਕ ਸੱਭਿਆਚਾਰਕ ਅਤੇ ਮਨੋਵਿਗਿਆਨਕ ਤੱਤ ਵੀ ਕੌਮਵਾਦ ਦੇ ਵਰਤਾਰੇ ਵਿਚ ਵੱਡਾ ਰੋਲ ਅਦਾ ਕਰਦੇ ਹਨ। ਕੌਮਵਾਦ ਬਾਰੇ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਇਹ ਵਿਸ਼ਾ ਕਈ ਹੋਰ ਵਿਸ਼ਿਆਂ ਨਾਲ ਵੀ ਜੁੜਿਆ ਹੋਇਆ ਹੈ ਅਰਥਾਤ ਇੰਟਰ ਡਿਸਪਲਨਰੀ ਹੈ। ਕੌਮ ਬਾਰੇ ਸਮਿਥ ਦੀ ਹੇਠ ਲਿਖੀ ਪਰਿਭਾਸ਼ਾ ਵਿਦਵਾਨਾਂ ਦੀ ਮਹਿਫਲ ਵਿਚ ਕਾਫੀ ਮੰਨਣ ਯੋਗ ਦੱਸੀ ਜਾਂਦੀ ਹੈ ‘ਕੌਮਵਾਦ ਜਾਂ ਕੌਮ ਕਿਸੇ ਵਸੋਂ ਵੱਲੋਂ ਆਪਣੀ ਵੱਖਰੀ ਪਹਿਚਾਣ, ਏਕਤਾ ਅਤੇ ਖੁਦਮੁਖਤਾਰੀ ਹਾਸਲ ਕਰਨ ਦੀ ਇੱਛਾ ਅਤੇ ਉਸ ਏਕਤਾ ਨੂੰ ਸੰਭਾਲ ਕੇ ਰੱਖਣ ਵਾਲੀ ਵਿਚਾਰਧਾਰਕ ਲਹਿਰ ਹੈ ਜਿਸ ਵਿਚ ਲਹਿਰ ਨਾਲ ਜੁੜੇ ਕੁਝ ਮੈਂਬਰਾਂ ਦੇ ਅੰਦਰ ਕੌਮ ਦੇ ਮਜ਼ਬੂਤ ਤੱਤਾਂ ਦੀਆਂ ਸੰਭਾਵਨਾਵਾਂ ਪਈਆਂ ਹੁੰਦੀਆਂ ਹਨ’।
ਜਸਵੀਰ ਸਿੰਘ ਦੀ ਲਿਖਤ ਵਿਚ ਵੱਡੀ ਖਾਸੀਅਤ ਇਹ ਹੈ ਕਿ ਉਨ੍ਹਾਂ ਨੇ ਬਿਨਾਂ ਕਿਸੇ ਪੱਖਪਾਤ ਤੋਂ ਕੌਮਵਾਦ ਬਾਰੇ ਹਰੇਕ ਵਿਦਵਾਨ ਦਾ ਨਜ਼ਰੀਆ ‘ਉਸ ਵਿਦਵਾਨ ਦੇ ਨਜ਼ਰੀਏ’ ਮੁਤਾਬਕ ਹੀ ਪੇਸ਼ ਕੀਤਾ ਹੈ। ਪਰ ਨਾਲ ਹੀ ਕਿਤੇ ਕਿਤੇ ਉਸ ਨਜ਼ਰੀਏ ਦੀ ਆਲੋਚਨਾ ਜਾਂ ਪ੍ਰਸ਼ੰਸਾ ਨੂੰ ਵੀ ਬਣਦੀ ਥਾਂ ਦਿੱਤੀ ਹੈ। ਲੇਖਕ ਨੇ ਪਹਿਲੇ ਕਾਂਡ ਵਿਚ ਹੀ ਕੌਮਵਾਦ ਦਾ ਸਿਧਾਂਤਕ ਵਿਸ਼ਲੇਸ਼ਣ ਕੀਤਾ ਹੈ। ਅਸਲ ਵਿਚ ਇਹ ਕਾਂਡ ਬਾਕੀ ਸਾਰੇ ਕਾਂਡਾਂ ਦਾ ਇਕ ਤਰ੍ਹਾਂ ਨਾਲ ਸਾਰ ਹੈ ਅਤੇ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ।
ਇਸ ਕਾਂਡ ਵਿਚ ਗੈਲਨਰ, ਵਾਕਰ ਕੋਨਰ, ਐਂਥਨੀ ਸਮਿਥ, ਐਂਡਰਸਨ, ਮਾਈਕਲ ਹੈਕਰ ਵਰਗੇ ਵਿਦਵਾਨ ਕੌਮਵਾਦ ਬਾਰੇ ਆਪੋ ਆਪਣੀ ਪੋਜ਼ੀਸ਼ਨ ਸਪਸ਼ਟ ਕਰਦੇ ਹਨ। ਇਸੇ ਕਾਂਡ ਵਿਚ ਮਾਰਕਸਵਾਦੀ ਵਿਚਾਰਧਾਰਾ ਦਾ ਵੀ ਸੰਖੇਪ ਜ਼ਿਕਰ ਹੈ ਪਰ ‘ਮਾਰਕਸਵਾਦ ਅਤੇ ਕੌਮਵਾਦ’ ਦੇ ਕਾਂਡ ਵਿਚ ਸਾਨੂੰ ਪਤਾ ਲੱਗਦਾ ਹੈ ਕਿ ਮਾਰਕਸਵਾਦ ਇਸ ਅਹਿਮ ਵਿਸ਼ੇ ਨਾਲ ਕਿਵੇਂ ਨਜਿੱਠਦਾ ਹੈ ਅਤੇ ਕਿੱਥੇ ਕਿੱਥੇ ਉਹ ਪੂਰੀ ਤਰ੍ਹਾਂ ਅਸਫਲ ਹੈ। ਪੁਸਤਕ ਦੇ 52 ਪੰਨੇ ਇਸੇ ਕਾਂਡ ਲਈ ਹੀ ਵਰਤੇ ਗਏ ਹਨ। ਲੇਖਕ ਮੁਤਾਬਕ ਲੈਨਿਨ, ਸਟਾਲਿਨ, ਬਰੈਜ਼ਨੇਵ, ਖੁਰਸ਼ਚੇਵ ਅਤੇ ਗੋਰਬਾਚੋਵ ਕੌਮੀ ਮਸਲਿਆਂ ਦੇ ਹੱਲ ਸਬੰਧੀ ਸਿਧਾਂਤਕ ਤੌਰ ਤੇ ‘ਪਰੋਲਤਾਰੀ ਕੌਮਾਂਤਰੀਵਾਦ’ ਦੀ ਨੀਤੀ ਦੇ ਹੀ ਸਮਰਥਕ ਸਨ। ਪਰ ਅਮਲੀ ਤੌਰ ਉੱਤੇ ਇਨ੍ਹਾਂ ਵੱਲੋਂ ਕੌਮੀ ਵਖਰੇਵਿਆਂ ਨਾਲ ਨਜਿੱਠਣ ਦੇ ਪੈਂਤੜਿਆਂ ਵਿਚ ਫਰਕ ਸੀ।
ਕੌਮ ਤੇ ਕੌਮਵਾਦ ਬਾਰੇ ਮਾਰਕਸਵਾਦੀ ਪਹੁੰਚ ਅਤੇ ਅਮਲ ਦਾ ਇਤਿਹਾਸ ਅਸਲ ਵਿਚ ਵਿਰੋਧਤਾਈਆਂ ਦਾ ਇਕ ਦਿਲਚਸਪ ਮੇਲਾ ਹੈ। ਮਾਰਕਸਵਾਦੀ ਦਰ ਅਸਲ ਕੌਮ ਦੀ ਵਿਸ਼ਾਲ ਤਾਕਤ ਅਤੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਸਮਝ ਹੀ ਨਹੀਂ ਸਕੇ। ਉਹ ਕੌਮ ਬਾਰੇ ਘੜੀ ਦੇ ਪੈਂਡੂਲਮ ਵਾਂਗ ਕਦੀ ਇਧਰ ਤੇ ਕਦੇ ਉਧਰ ਜਾਂਦੇ ਰਹੇ ਅਤੇ ਇਸ ਦਾ ਅਸਰ ਪੂਰਬੀ ਯੂਰਪ ਦੇ ਦੇਸ਼ਾਂ ਚੈਕੋ ਸਲਵਾਕੀਆ, ਯੂਗੋਸਲਾਵੀਆ, ਅਲਬਾਨੀਆ, ਰੁਮਾਨੀਆ, ਪੋਲੈਂਡ, ਬਲਗਾਰੀਆ ਅਤੇ ਹੰਗਰੀ ਆਦਿ ਮੁਲਕਾਂ ਉੱਤੇ ਵੀ ਪਿਆ। ਪੂਰਬੀ ਯੂਰਪ ਦੇ ਦੇਸ਼ਾਂ ਵਿਚ ਸਮਾਜਵਾਦੀ ਢਾਂਚੇ ਢਹਿ-ਢੇਰੀ ਹੋ ਗਏ ਅਤੇ ਵੱਖ ਵੱਖ ਕੌਮੀਅਤਾਂ ਵਿਚਕਾਰ ਹੋਈਆਂ ਜੰਗਾਂ ਕਾਰਨ ਲੱਖਾਂ ਲੋਕ ਮਾਰੇ ਗਏ। ਪਰੋਲਤਾਰੀ ਕੌਮਾਂਤਰੀਵਾਦ ਦੀ ਤਾਨਾਸ਼ਾਹੀ ਨੂੰ ਕਿਵੇਂ ਅਮਲ ਵਿਚ ਲਿਆਉਣਾ ਹੈ, ਕਿਵੇਂ ਇਕ ‘ਕੌਮਾਂਤਰੀ ਬੋਲੀ’ ਪੈਦਾ ਕਰਨੀ ਹੈ ਅਤੇ ਇਸ ਮੰਜ਼ਲ ਨੂੰ ਹਾਸਲ ਕਰਨ ਲਈ ਦੱਬੀਆਂ ਕੁਚਲੀਆਂ ਕੌਮਾਂ ਅਤੇ ਉਨ੍ਹਾਂ ਦੀਆਂ ਬੋਲੀਆਂ ਨੂੰ ਕਿਵੇਂ ਪੜਾਅਵਾਰ ਅਤੇ ਹੌਲੀ ਹੌਲੀ ਦੀ ਰਣਨੀਤੀ ਉੱਤੇ ਚੱਲ ਕੇ ਖਤਮ ਕਰਨਾ ਹੈ, ਇਸ ਬਾਰੇ ਪੰਨਾ 168 ਉੱਤੇ ਸਟਾਲਿਨ ਦਾ ਏਜੰਡਾ ਪੜ੍ਹਨ ਹੀ ਵਾਲਾ ਹੈ ਅਤੇ ਜਸਵੀਰ ਸਿੰਘ ਦਸਦਾ ਹੈ ਕਿ ਆਖਰ ਨੂੰ ਇਹ ਏਜੰਡਾ ਬੁਰੀ ਤਰ੍ਹਾਂ ਅਸਫਲ ਹੋਇਆ ਅਤੇ ਖੁਦ ਸੋਵੀਅਤ ਯੂਨੀਅਨ ਹੀ 1991 ਵਿਚ ਢਹਿ-ਢੇਰੀ ਹੋ ਗਿਆ। ਲੇਖਕ ਇਸ ਸਬੰਧ ਵਿਚ ਪ੍ਰਸਿੱਧ ਰਾਜਨੀਤਕ ਵਿਦਵਾਨ ਐਰਕ ਹਾਬਸਬਾਅਦ ਦਾ ਹਵਾਲਾ ਦੇ ਕੇ ਉਸ ਦੇ ਵਿਸ਼ਲੇਸ਼ਣ ਨੂੰ ਮਹੱਤਵਪੂਰਨ ਕਰਾਰ ਦਿੰਦਾ ਹੈ।
ਕਿਤਾਬ ਦਾ ਦੂਜਾ ਕਾਂਡ ਰਾਜ (ਸਟੇਟ) ਨਾਲ ਜੁੜਿਆ ਹੋਇਆ ਹੈ। ਲੇਖਕ ਨੂੰ ਇਸ ਗੱਲ ਉੱਤੇ ਇਤਰਾਜ਼ ਹੈ ਕਿ ਜਦੋਂ ਕੌਮਵਾਦ, ਕੌਮ, ਕੌਮੀ ਰਾਜ ਅਤੇ ਰਾਜ ਵਰਗੀਆਂ ਧਾਰਨਾਵਾਂ ਦੀ ‘ਬੇਢੰਗੇ ਬੇ ਅਸੂਲੇ ਅਤੇ ਅਸਪਸ਼ਟ’ ਤਰੀਕੇ ਨਾਲ ਵਿਆਖਿਆ ਕੀਤੀ ਜਾਂਦੀ ਹੈ।
ਸਿਆਸਤਦਾਨ ਅਤੇ ਕੱਚ-ਘਰੜ ਵਿਦਵਾਨ ਵੀ ਇਸ ਫਰਕ ਨੂੰ ਨਹੀਂ ਸਮਝਦੇ। ਜਸਵੀਰ ਸਿੰਘ ਦੀ ਧਾਰਨਾ ਹੈ ਕਿ ਰਾਜ ਅਤੇ ਕੌਮ ਵਿਚ ਢੇਰ ਸਾਰਾ ਫਰਕ ਹੁੰਦਾ ਹੈ ਅਤੇ ਰਾਜ ਦਾ ਅਸਲ ਵਿਚ ਮੁੱਢ ਤੇ ਵਿਕਾਸ ਯੂਰਪ ਵਿਚ ਹੀ ਹੋਇਆ। ਲੇਖਕ ਇਸ ਵਿਕਾਸ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਪਹਿਲਾ ਹਿੱਸਾ 500 ਬੀਸੀ ਤੋਂ ਸ਼ੁਰੂ ਕਰਕੇ 1500 ਈਸਵੀ ਤੱਕ ਲੈ ਕੇ ਜਾਂਦਾ ਹੈ, ਜਦਕਿ ਦੂਜਾ ਹਿੱਸਾ 1600 ਈਸਵੀ ਤੋਂ ਸ਼ੁਰੂ ਹੋ ਕੇ 1900 ਈਸਵੀ ਤੱਕ ਜਾਂਦਾ ਹੈ। ਇਥੇ ਪਾਠਕਾਂ ਦੇ ਸਹੂਲਤ ਲਈ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅਸੀਂ ਕੌਮ ਦੀ ਥਾਂ ਰਾਸ਼ਟਰ ਕੌਮਵਾਦ ਦੀ ਥਾਂ ਰਾਸ਼ਟਰਵਾਦ ਅਤੇ ਨੇਸ਼ਨ- ਸਟੇਟ ਦੀ ਥਾਂ ਰਾਸ਼ਟਰ-ਰਾਜ ਦਾ ਸ਼ਬਦ ਵੀ ਵਰਤ ਸਕਦੇ ਹਾਂ।
ਜਸਵੀਰ ਸਿੰਘ ਇਕ ਹੋਰ ਤੱਥ ਨੂੰ ਵੀ ਸਾਡੇ ਮਨਾਂ ਵਿਚ ਬਿਠਾਉਣਾ ਚਾਹੁੰਦੇ ਹਨ ਕਿ 1900 ਈਸਵੀ ਤੋਂ ਪਹਿਲਾਂ ਇਤਿਹਾਸ ਦੇ ਹਰੇਕ ਪੜਾਅ ਵਿਚ ਬਹੁਤੇ ਰਾਜ ਨਾ ਤਾਂ ਕੌਮੀ ਸਨ ਅਤੇ ਨਾ ਹੀ ਧਾਰਮਿਕ ਇਕਰੂਪਤਾ ਉੱਤੇ ਆਧਾਰਤ ਸਨ, ਬਲਕਿ ਬਹੁ-ਕੌਮੀ ਰੂਪ ਦੇ ਸਨ। ਇਉਂ ਸਮਝੋ ਕਿ ਇਹ ਸਾਰਾ ਦੌਰ ਇਕ ਤਰ੍ਹਾਂ ਨਾਲ ਖੇਤੀ ਆਧਾਰਤ ਸੱਭਿਆਤਾ ਸੀ। ਇਨ੍ਹਾਂ ਸਾਰੇ ਦੌਰਾਂ ਨੂੰ ਸਾਮਰਾਜ ਜਾਂ ਐਮਪਾਇਰ ਦੇ ਨਾਂ ਨਾਲ ਵੀ ਯਾਦ ਕੀਤਾ ਜਾ ਸਕਦਾ ਹੈ।
ਪਰ 1648 ਈਸਵੀ ਵਿਚ ਯੂਰਪ ਨੇ ਇਕ ਨਵਾਂ ਮੋੜ ਕੱਟਿਆ ਅਤੇ ਮਗਰੋਂ ਬਾਕੀ ਸਾਰੇ ਖਿੱਤੇ ਵੀ ਹੌਲੀ ਹੌਲੀ ਇਸੇ ਮੋੜ ਵੱਲ ਢਲ ਗਏ ਜਾਂ ਢਾਲ ਦਿੱਤੇ ਗਏ। ਦੂਜੇ ਸ਼ਬਦਾਂ ਵਿਚ 1648 ਈਸਵੀ ਵਿਚ ਇਕ ਅਜਿਹੀ ਸੰਧੀ ਹੋਂਦ ਵਿਚ ਆਈ ਜਿਸ ਨੂੰ ਅਸੀਂ ‘ਵੈਸਟਫੇਲੀਅਨ ਸੰਧੀ’ ਕਹਿੰਦੇ ਹਾਂ। ਯੂਰਪ ਦੇ ਧਰਤੀ ‘ਤੇ 30 ਸਾਲ ਦੇ ਭਿਆਨਕ ਖੂਨ ਖਰਾਬੇ ਤੋਂ ਪਿੱਛੋਂ ਇਹ ਸੰਧੀ ਹੋਂਦ ਵਿਚ ਆਈ ਤਾਂ ਇਉਂ ਸਮਝੋ ਕਿ ਮੋਟੇ ਤੌਰ `ਤੇ ਹੁਣ ਦੁਨੀਆਂ ‘ਮੁਲਕਾਂ’ ਵਿਚ ਵੰਡੀ ਗਈ ਜਿਸ ਨੂੰ ਮਗਰੋਂ ਨੇਸ਼ਨ-ਸਟੇਟ ਜਾਂ ਕੌਮੀ ਰਾਜ ਕਿਹਾ ਜਾਣ ਲੱਗਾ। ਅੱਜ ਦੁਨੀਆ ਵਿਚ ਕਰੀਬ 193 ਨੇਸ਼ਨ ਸਟੇਟ ਹਨ। ਫਰਾਂਸ ਦੇ ਇਨਕਲਾਬ (1789 ਈਸਵੀ) ਅਤੇ ਅਮਰੀਕਾ ਦੇ ਇਨਕਲਾਬ ਮਗਰੋਂ ਨੇਸ਼ਨ-ਸਟੇਟ ਦੀ ਨੁਹਾਰ’ ਮੁਹਾਂਦਰਾ, ਰੂਪ ਰੇਖਾ ਅਤੇ ਵਿਚਾਰ ਹੋਰ ਵੀ ਨਿਖਰ ਕੇ ਸਾਡੇ ਸਾਹਮਣੇ ਆਏ। ਇੱਥੇ ਇਹ ਵੀ ਯਾਦ ਕਰਾਉਣ ਅਤੇ ਹੋਰ ਸਪਸ਼ਟ ਹੋਣ ਦੀ ਲੋੜ ਹੈ ਕਿ ਵੈਸਟਫੇਲੀਆ ਜਰਮਨੀ ਦਾ ਇਕ ਸੂਬਾ ਸੀ। ਇਥੇ ਹੀ ਇਹ ਸੰਧੀ ਹੋਈ ਜਿਸ ਨਾਲ ਪ੍ਰਭੂਸੱਤਾ ਦਾ ਸਿਧਾਂਤ ਹੋਂਦ ਵਿਚ ਆਇਆ। ਕੌਮਾਂਤਰੀ ਪ੍ਰਣਾਲੀ ਹੋਂਦ ਵਿਚ ਆਈ ਅਤੇ ਕੌਮਾਂਤਰੀ ਭਾਈਚਾਰੇ ਦਾ ਆਰੰਭ ਹੋਇਆ। ਕੌਮਾਂਤਰੀ ਕਾਨੂੰਨਾਂ ਨੇ ਜਨਮ ਧਾਰਿਆ ਅਤੇ ਨੇਸ਼ਨ-ਸਟੇਟ ਵਜੂਦ ਵਿਚ ਆਏ ਅਤੇ ਇਨ੍ਹਾਂ ਮੁਲਕਾਂ ਦੀਆਂ ਬਾਕਾਇਦਾ ਹੱਦਾਂ ਨਿਸ਼ਚਿਤ ਹੋਈਆਂ। ਅਸੀਂ ਹੁਣ ਜਿੱਥੇ ਰਹਿ ਰਹੇ ਹਾਂ ਇਸ ਨੂੰ ਰਾਜਨੀਤਕ ਮੁਹਾਵਰੇ ਮੁਤਾਬਕ ਭਾਰਤੀ ਨੇਸ਼ਨ-ਸਟੇਟ ਕਿਹਾ ਜਾਂਦਾ ਹੈ।
ਜਦੋਂ ਅਸੀਂ ਕੌਮਵਾਦ ਜਾਂ ਰਾਸ਼ਟਰਵਾਦ ਦੀਆਂ ਵੱਖ ਵੱਖ ਵੰਨਗੀਆਂ ਦੀ ਗੱਲ ਕਰਦੇ ਹਾਂ ਤਾਂ ਇਸ ਦੀਆਂ ਦਰਜਨਾਂ ਕਿਸਮਾਂ ਹਨ, ਪਰ ਜਸਵੀਰ ਸਿੰਘ ਨੇ ਮੋਟੇ ਤੌਰ `ਤੇ ਕੌਮਵਾਦ ਦੇ ਤਿੰਨ ਰੂਪ ਦੱਸੇ ਹਨ। ਇਕ ਸਰਕਾਰੀ ਕੌਮਵਾਦ ਦੂਜਾ ਸਮਾਜਕ ਕੌਮਵਾਦ ਅਤੇ ਤੀਜਾ ਕੌਮੀ ਕੌਮਵਾਦ ਲੇਖਕ ਸਰਕਾਰੀ ਕੌਮਵਾਦ ਨੂੰ ਲੈ ਕੇ ਭਾਰਤ ਦੀ ਮਿਸਾਲ ਦਿੰਦਾ ਹੈ ਜਿੱਥੇ ਭਾਰਤ ਦੀਆਂ ਸਰਕਾਰਾਂ ਭਾਰਤ ਵਿਚ ਵਸਣ ਵਾਲੀਆਂ ਸਾਰੀਆਂ ਧਾਰਮਿਕ ਅਤੇ ਸੱਭਿਆਚਾਰਕ ਕੌਮਾਂ ਦੀਆਂ ਵੱਖਰੀਆਂ ਵੱਖਰੀਆਂ ਪਛਾਣਾਂ ਨੂੰ ਇਕੋ ਭਾਰਤੀ ਕੌਮੀਅਤ ਵਿਚ ਢਾਲਣ ਦੀ ਨੀਤੀ ਉੱਤੇ ਚਲਦੀਆਂ ਹਨ। ਦੂਜੇ ਪਾਸੇ ਲੇਖਕ ਮੁਤਾਬਕ ਇਥੋਂ ਦੀ ਧਾਰਮਿਕ ਬਹੁਗਿਣਤੀ ਦਾ ਕੌਮਵਾਦ ਸਮਾਜਿਕ ਕੌਮਵਾਦ ਵਾਲਾ ਹੈ ਅਰਥਾਤ ਉਹ ਮੁਸਲਮਾਨਾਂ ਅਤੇ ਸਿੱਖਾਂ ਵਗੈਰਾ ਨੂੰ ਆਪਣੇ ਹਿੰਦੂ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਵਿਚ ਜਜ਼ਬ ਕਰਨ ਲਈ ਕਿਸੇ ਵੀ ਤਰ੍ਹਾਂ ਦੀਆਂ ਸਖਤ ਰੋਕਾਂ ਨਹੀਂ ਲਾਉਂਦੀ। ਇੱਥੇ ਲੇਖਕ ਦੀ ਇਸ ਧਾਰਨਾ ਉੱਤੇ ਗੰਭੀਰ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ; ਕਿਉਂਕਿ ਸਰਕਾਰੀ ਕੌਮਵਾਦ ਅਤੇ ਹਿੰਦੂ ਰਾਸ਼ਟਰ ਦਾ ਕੌਮਵਾਦ ਦੋਵੇਂ ਥੋੜੇ ਬਹੁਤੇ ਫਰਕ ਨਾਲ ਇਕ ਦੂਜੇ ਵਿਚ ਘਿਓ ਖਿਚੜੀ ਹਨ। ਸਿੱਖਾਂ ਬਾਰੇ ਤਾਂ ਸਪਸ਼ਟ ਹੀ ਕਿਹਾ ਜਾਂਦਾ ਹੈ ਕਿ ਭਾਵੇਂ ਉਨ੍ਹਾਂ ਦੀ ਬਾਹਰੀ ਪਛਾਣ ਵੱਖਰੀ ਹੈ ਪਰ ਉਹ ਬੁਨਿਆਦੀ ਤੌਰ `ਤੇ ‘ਹਿੰਦੂ’ਹੀ ਹਨ। ਆਰਐਸਐਸ ਲਗਾਤਾਰ ਇਸੇ ਧਾਰਨਾ `ਤੇ ਖੜ੍ਹੀ ਹੈ। ਇਥੋਂ ਤੱਕ ਕਿ ਸਿੱਖਾਂ ਨੂੰ ਆਪਣੀ ਵੱਖਰੀ ਪਛਾਣ ਰੱਖਣ ਦੀ ਓਪਰੀ ਜਿਹੀ ਖੁੱਲ੍ਹ ਭਾਵੇਂ ਹੈ ਪਰ ਜਦੋਂ ਕਿਸੇ ਨਗਰ ਕੀਰਤਨ ਜਾਂ ਇਕੱਠ ਵਿਚ ਆਪਣੀ ਵੱਖਰੀ ਹੋਂਦ ਦੇ ਨਾਅਰੇ ਲੱਗਦੇ ਹਨ ਜਾਂ ਗੱਲ ਕੀਤੀ ਜਾਂਦੀ ਹੈ ਤਾਂ ਸਹਿਜੇ ਹੀ ਉਸ ਵਰਤਾਰੇ ਨੂੰ ਵੱਖਵਾਦ, ਅੱਤਵਾਦ, ਰਾਸ਼ਟਰ ਵਿਰੋਧੀ, ਗੱਦਾਰੀ, ਅਤੇ ਦੇਸ਼ ਧ੍ਰੋਹ ਵਰਗੇ ਸ਼ਬਦਾਂ ਦੇ ਵਰਗ ਵਿਚ ਲਿਆਂਦਾ ਜਾਂਦਾ ਹੈ।
ਲੇਖਕ ਨੇ ਹਰ ਕਾਂਡ ਦੇ ਅਖੀਰ ‘ਤੇ ਵਿਸ਼ੇ ਅਤੇ ਹਵਾਲਿਆਂ ਨਾਲ ਜੁੜੀਆਂ ਕਿਤਾਬਾਂ ਦੀ ਸੂਚੀ ਵੀ ਪੇਸ਼ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਇਨ੍ਹਾਂ ਕਿਤਾਬਾਂ ਨੂੰ ਨਿਠ ਕੇ ਪੜ੍ਹਿਆ ਹੈ। ਇੰਜ ਕਿਤਾਬ ਦਾ ਅਕਾਦਮਿਕ ਪੱਧਰ ਵੀ ਸਥਾਪਤ ਹੋਇਆ ਹੈ। ਕਿਤਾਬ ਦੀ ਅਗਲੀ ਐਡੀਸ਼ਨ ਵਿਚ ਹੋਰ ਵਾਧੇ ਕਰਨ ਦਾ ਸੁਝਾਅ ਹੈ। ਮੇਰਾ ਖਿਆਲ ਹੈ ਕਿ ਲੇਖਕ ਨੂੰ ਨੇਸ਼ਨ-ਸਟੇਟ ਦੇ ਗੁੰਝਲਦਾਰ ਵਰਤਾਰੇ ਬਾਰੇ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਇਸ ਸਬੰਧ ਵਿਚ ਸਿੱਖ ਕੌਮ ਦੀ ਨੇਸ਼ਨ-ਸਟੇਟ ਜਾਂ ਨੈਸ਼ਨਲ ਸਟੇਟ ਕਿਹੋ ਜਿਹੀ ਹੋਣੀ ਚਾਹੀਦੀ ਹੈ, ਉਸ ਬਾਰੇ ਸਰਲ ਤੋਂ ਬਰੀਕ ਅਤੇ ਬਹੁਪਰਤੀ ਜਾਣਕਾਰੀ ਗੰਭੀਰ ਪਾਠਕਾਂ ਤੱਕ ਪੁੱਜਣੀ ਚਾਹੀਦੀ ਹੈ। ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਸਿੱਖਾਂ ਦੇ ਚੇਤਨ ਵਰਗ ਦੇ ਇਕ ਹਿੱਸੇ ਵਿਚ ਨੇਸ਼ਨ-ਸਟੇਟ ਨੂੰ ਵਿੰਗੇ ਟੇਢੇ ਤਰੀਕੇ ਨਾਲ ਰੱਦ ਕੀਤਾ ਹੈ। ਕੁਝ ਲੋਕ ‘ਹਾਂ ਅਤੇ ਨਾਂਹ’ ਦੇ ਵਿਚ ਵੀ ਲਟਕ ਰਹੇ ਜਾਪਦੇ ਹਨ, ਜਦਕਿ ਕੁਝ ਬਿਨਾਂ ਪੜ੍ਹੇ ਤੋਂ ਜਾਂ ਘੱਟ ਪੜ੍ਹੇ ਤੋਂ ਅਤੇ ਜਾਂ ਭਾਰਤੀ ਸਟੇਟ ਦੇ ਅਸਰ ਹੇਠ ਨੇਸ਼ਨ-ਸਟੇਟ ਨੂੰ ਭੰਡ ਰਹੇ ਹਨ, ਪਰ ਇਕ ਹੋਰ ਵਿਦਵਾਨ ਭਾਈ ਅਵਤਾਰ ਸਿੰਘ (ਇੰਗਲੈਂਡ) ਨੇ ਇਕ ਖੋਜ ਪੱਤਰ ‘ਰਾਸ਼ਟਰ, ਰਾਸ਼ਟਰਵਾਦ ਅਤੇ ਰਾਸ਼ਟਰੀ-ਸਟੇਟ ਨੂੰ ਸਮਝਦਿਆਂ’ ਦੇ ਸਿਰਲੇਖ ਹੇਠ ਨੇਸ਼ਨ-ਸਟੇਟ ਨੂੰ ਭੰਡਣ ਦੇ ਨਤੀਜਿਆਂ ਤੋਂ ਸਾਨੂੰ ਕਿਵੇਂ ਸਾਵਧਾਨ ਕੀਤਾ ਹੈ: ‘ਸਿੱਖ ਹਲਕਿਆਂ ਵਿਚ ਜੋ ਰਾਸ਼ਟਰਵਾਦ ਅਤੇ ਰਾਸ਼ਟਰੀ ਸਟੇਟ ਦੀ ਨਿੰਦਾ ਹੋ ਰਹੀ ਹੈ, ਉਹ ਕਿਸੇ ਡੂੰਘੀ ਅਕਾਦਮਿਕ ਕਸਰਤ ਵਿਚੋਂ ਨਹੀਂ ਹੋ ਰਹੀ ਬਲਕਿ ਭਾਰਤੀ ਸਟੇਟ ਦੇ ਮੌਜੂਦਾ ਸਿਆਸੀ ਪ੍ਰੋਗਰਾਮ ਮੁਤਾਬਿਕ ਭਾਰਤੀ ਸਟੇਟ ਦੀਆਂ ਘੱਟ ਗਿਣਤੀਆਂ ਬਾਰੇ ਵਿਰੋਧੀ ਨੀਤੀਆਂ ਅਤੇ ਘੱਟ ਗਿਣਤੀਆਂ ਦੇ ਸਰੀਰਕ, ਸਿਆਸੀ ਅਤੇ ਸੱਭਿਆਚਾਰਕ ਧਾਰਮਿਕ ਕਤਲੇਆਮ ਦੇ ਮੱਦੇਨਜ਼ਰ ਹੀ ਹੋ ਰਹੀ ਹੈ। ਅਸੀਂ ਸਮਝਦੇ ਹਾਂ ਕਿ ਭਾਰਤੀ ਸਟੇਟ ਦੀ ਤਾਨਾਸ਼ਾਹ ਨੀਤੀ ਨੂੰ ਦੇਖ ਕੇ ਅਤੇ ਹੰਢਾਅ ਕੇ ਇਹ ਸਿੱਟਾ ਕੱਢ ਲੈਣਾ ਕਿ ਸਮੁੱਚੇ ਰੂਪ ਵਿਚ ਹੀ ਨੇਸ਼ਨ-ਸਟੇਟ ਦਾ ਮਾਡਲ ਇਕ ਖਤਰਨਾਕ ਮਾਡਲ ਹੈ, ਇਹ ਠੀਕ ਨਹੀਂ ਹੈ। ਜਦੋਂ ਅਸੀਂ ਨੇਸ਼ਨ-ਸਟੇਟ ਨੂੰ ਮੂਲੋਂ ਹੀ ਰੱਦ ਕਰ ਦਿੰਦੇ ਹਾਂ ਤਾਂ ਅਸੀਂ ਇਸ ਦੇ ਨਾਲ ਹੀ ਰਾਸ਼ਟਰ (ਕੌਮ), ਰਾਸ਼ਟਰਵਾਦ (ਕੌਮਵਾਦ) ਨੂੰ ਵੀ ਰੱਦ ਕਰ ਦੇਂਦੇ ਹਾਂ, ਕਿਉਂਕਿ ਰਾਸ਼ਟਰ, ਰਾਸ਼ਟਰਵਾਦ ਅਤੇ ਰਾਸ਼ਟਰੀ-ਸਟੇਟ ਦਾ ਆਪਸ ਵਿਚ ਡੂੰਘਾ ਸੰਬੰਧ ਹੈ। ਇਹ ਤਿੰਨੇ ਇਕ ਦੂਜੇ ਨਾਲ ਜੁੜੇ ਹੋਏ ਹਨ। ਇਨ੍ਹਾਂ ਨੂੰ ਇਕ ਦੂਜੇ ਤੋਂ ਤੋੜ ਕੇ ਨਹੀਂ ਦੇਖਿਆ ਜਾ ਸਕਦਾ। ਜਦੋਂ ਅਸੀਂ ਰਾਸ਼ਟਰਵਾਦ ਅਤੇ ਰਾਸ਼ਟਰੀ-ਸਟੇਟ ਵਿਚੋਂ ਕਿਸੇ ਇਕ ਨੂੰ ਵੀ ਰੱਦ ਕਰਦੇ ਹਾਂ ਤਾਂ ਅਸੀਂ ਇਨ੍ਹਾਂ ਤਿੰਨਾਂ ਨੂੰ ਹੀ ਰੱਦ ਕਰ ਰਹੇ ਹੁੰਦੇ ਹਾਂ। ਇਸ ਨਾਲ ਸਿੱਖਾਂ ਦਾ ਇਕ ਵੱਖਰੀ ਕੌਮ ਹੋਣ ਦਾ ਦਾਅਵਾ ਵੀ ਆਪਣੇ ਆਪ ਰੱਦ ਹੋ ਜਾਂਦਾ ਹੈ।
ਪਰ ਅਵਤਾਰ ਸਿੰਘ ਸਾਨੂੰ ਇਸ ਗੱਲ ਤੋਂ ਵੀ ਸਾਵਧਾਨ ਕਰਦੇ ਹੋਏ ਕਹਿ ਰਹੇ ਹਨ ਕਿ ਰਾਸ਼ਟਰਵਾਦ ਅਤੇ ਫਾਸ਼ੀਵਾਦ ਦਰਮਿਆਨ ਫਰਕ ਹੁੰਦਾ ਹੈ। ਬਹੁਤ ਵੱਡਾ ਫਰਕ ਹੈ। ਪਰ ਸਵਾਲ ਨਿਸ਼ਾਨਿਆਂ ਦਾ ਹੈ। ਰਾਸ਼ਟਰਵਾਦ ਦੇ ਨਿਸ਼ਾਨੇ ਜੇ ਮਨੁੱਖਤਾਵਾਦੀ ਫਿਲਾਸਫੀ ਤੋਂ ਥਿੜਕ ਜਾਣ ਤਾਂ ਫਿਰ ਉਹ ਫਾਸ਼ੀਵਾਦ ਦਾ ਰੂਪ ਅਖਤਿਆਰ ਕਰ ਲੈਂਦੇ ਹਨ। ਭਾਰਤ ਦੇ ਜਿਸ ਸਿਆਸੀ ਦ੍ਰਿਸ਼ ਨੂੰ ਦੇਖ ਕੇ ਸਿੱਖ ਵਿਦਵਾਨ ਰਾਸ਼ਟਰਵਾਦ ਅਤੇ ਰਾਸ਼ਟਰੀ ਸਟੇਟ ਨੂੰ ਰੱਦ ਕਰ ਰਹੇ ਹਨ, ਉਹ ਗਲਤੀ ਰਾਸ਼ਟਰੀ ਸਟੇਟ ਦੀ ਨਹੀਂ ਹੈ ਬਲਕਿ ਇਕ ਬਹੁ-ਰਾਸ਼ਟਰੀ ਸਟੇਟ (ਨੈਸ਼ਨਲ ਸਟੇਟ) ਨੂੰ ਬੰਦੂਕ ਦੀ ਨੋਕ ‘ਤੇ ਰਾਸ਼ਟਰੀ ਸਟੇਟ ਬਣਾਉਣ ਦੇ ਯਤਨਾਂ ਦੀ ਹੈ। ਭਾਰਤ ਇਕ ਰਾਸ਼ਟਰੀ ਸਟੇਟ ਨਹੀਂ ਹੈ ਬਲਕਿ ਬਹੁ-ਰਾਸ਼ਟਰੀ ਸਟੇਟ ਹੈ। ਭਾਰਤ ਦੇ ਹਾਕਮ 1947 ਤੋਂ ਹੀ ਇਸ ਬਹੁ-ਰਾਸ਼ਟਰੀ ਸਟੇਟ ਨੂੰ ਇਕ ਰਾਸ਼ਟਰੀ ਸਟੇਟ ਬਣਾਉਣ ਦੇ ਯਤਨ ਕਰ ਰਹੇ ਹਨ, ਕਿਉਂਕਿ ਉਹ ਭਾਰਤ ਦੇ ਕੁਦਰਤੀ ਸਿਆਸੀ ਵਹਾਅ ਦੇ ਖ਼ਿਲਾਫ਼ ਲੜ ਰਹੇ ਹਨ। ਇਸੇ ਲਈ ਉਹ ਹਰ ਕਿਸਮ ਦਾ ਘੋਰ ਤਸ਼ੱਦਦ, ਮਾਰਾਮਰਾਈ, ਕਤਲੇਆਮ ਅਤੇ ਜ਼ਲਾਲਤ ਘੱਟ ਗਿਣਤੀਆਂ ਦੇ ਪੱਲੇ ਪਾ ਰਹੇ ਹਨ। ਦੁਨੀਆ ਵਿਚ ਸਿਰਫ ਇਕੀ ਮੁਲਕ ਹੀ ਰਾਸ਼ਟਰੀ-ਸਟੇਟਾਂ ਹਨ ਜਿੱਥੇ ਇਕ ਹੀ ਕੌਮ ਵਸਦੀ ਹੈ ਅਤੇ ਹੋਰ ਕੋਈ ਵੀ ਘੱਟ ਗਿਣਤੀ ਭਾਈਚਾਰਾ, ਸਮੂਹ ਜਾਂ ਕੌਮ ਨਹੀਂ ਵੱਸਦੀ। ਅਸਲੀ ਰਾਸ਼ਟਰੀ-ਸਟੇਟਾਂ ਇਨ੍ਹਾਂ 21 ਮੁਲਕਾਂ ਨੂੰ ਹੀ ਆਖਿਆ ਜਾ ਸਕਦਾ ਹੈ। ਬਾਕੀ ਸਾਰੀ ਦੁਨੀਆ ਦੇ ਮੁਲਕ ਬਹੁ-ਰਾਸ਼ਟਰੀ ਅਰਥਾਤ ਨੈਸ਼ਨਲ ਸਟੇਟ ਹਨ। ਸਿੱਖ ਵਿਦਵਾਨਾਂ ਨੂੰ ਨੇਸ਼ਨ-ਸਟੇਟ ਅਤੇ ਨੈਸ਼ਨਲ-ਸਟੇਟ ਦੇ ਫਰਕ ਨੂੰ ਸਮਝਣਾ ਚਾਹੀਦਾ ਹੈ।’
ਪਿਛਲੇ ਕੁਝ ਵਰਿ੍ਹਆਂ ਤੋਂ ਭਾਰਤ ਦੀ ਬਹੁ ਗਿਣਤੀ ਨਾਲ ਸਬੰਧਤ ਵਿਦਵਾਨਾਂ ਨੇ ਹਿੰਦੂ ਰਾਸ਼ਟਰ ਦੇ ਸੰਕਲਪ ਅਤੇ ਇਸ ਸੰਕਲਪ ਦੀ ਵਿਆਖਿਆ ਅਤੇ ਹਮਾਇਤ ਵਿਚ ਥੱਬਿਆਂ ਦੇ ਥੱਬੇ ਲੇਖ ਲਿਖੇ ਹਨ ਅਤੇ ਲਗਾਤਾਰ ਲਿਖੇ ਜਾ ਰਹੇ ਹਨ। ਕਈ ਚੈਨਲ ਤਾਂ ਇਸ ਵਿਸ਼ੇ ਉੱਤੇ ਵੱਡੀਆਂ ਅਤੇ ਇਕ ਪਾਸੜ ਬਹਿਸਾਂ ਦੀ ਮੂਸਲਾਧਾਰ ਬਾਰਿਸ਼ ਕਰ ਰਹੇ ਹਨ। ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਹਿੰਦੂ ਰਾਸ਼ਟਰ ਐਮਪਾਇਰ ਕਾਇਮ ਕਰਨ ਦੇ ਕਿਸੇ ਪੁਰਾਣੇ ਮਾਡਲ ਨੂੰ ਨਵੇਂ ਅੰਦਾਜ਼ ਵਿਚ ਪੇਸ਼ ਕਰਨ ਵੱਲ ਵਧ ਰਿਹਾ ਹੈ? ਕੀ ਇਕ ਬੋਲੀ ਅਤੇ ਇਕ ਸੱਭਿਆਚਾਰ ਨਾਲ ਸਾਰਿਆਂ ਨੂੰ ਨਰੜਿਆ ਜਾ ਰਿਹਾ ਹੈ? ਅਗਲੀ ਪੁਸਤਕ ਇਨ੍ਹਾਂ ਗੰਭੀਰ ਵਿਸ਼ਿਆਂ ਨੂੰ ਆਪਣੀ ਸੋਚ ਦਾ ਹਿੱਸਾ ਬਣਾਏਗੀ, ਇਸ ਦੀ ਲੇਖਕ ਤੋਂ ਉਮੀਦ ਕੀਤੀ ਜਾਂਦੀ ਹੈ।
ਪੁਸਤਕ ਵਿਚ ਕੁਝ ਵੱਡੀਆਂ ਕਮੀਆਂ ਵੀ ਦੇਖਣ ਵਿਚ ਆਈਆਂ ਹਨ। ਜਾਪਦਾ ਹੈ ਕਿ ਇਸ ਦੀ ਪਰੂਫ ਰੀਡਿੰਗ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ। ਪੁਸਤਕ ਦਾ ਵਿਸ਼ਾ ਕਿਉਂਕਿ ਬਹੁਤ ਹੀ ਗੰਭੀਰ ਕਿਸਮ ਦਾ ਹੈ ਅਤੇ ਵੈਸੇ ਵੀ ਪਹਿਲੀ ਵਾਰ ਇਸ ਵਿਸ਼ੇ ਉੱਤੇ ਪੰਜਾਬੀ ਵਿਚ ਗੰਭੀਰ ਵਿਚਾਰ ਸਾਡੇ ਸਾਹਮਣੇ ਲਿਆਂਦੇ ਗਏ ਹਨ, ਇਸ ਲਈ ਸੁਭਾਵਿਕ ਹੀ ਇਸ ਪੁਸਤਕ ਦਾ ਵਿਦਵਾਨਾਂ ਦੇ ਵਿਹੜੇ ਵਿਚ ਗੰਭੀਰ ਮੁਤਾਲਿਆ ਅਤੇ ਵਿਸ਼ਲੇਸ਼ਣ ਕੀਤਾ ਹੀ ਜਾਣਾ ਹੈ। ਕੁਝ ਸ਼ਬਦ ਇਸ ਤਰ੍ਹਾਂ ਹਨ ਅਤੇ ਠੀਕ ਬਰੈਕਟਾਂ ਵਿਚ ਦਿੱਤੇ ਗਏ ਹਨ; ਜਿਵੇਂ ਅੰਦਾਜਾ (ਅੰਦਾਜ਼ਾ) ਜਜਬਾ (ਜਜ਼ਬਾ) ਜਰੂਰੀ (ਜ਼ਰੂਰੀ) ਜਿਆਦਾ (ਜ਼ਿਆਦਾ) ਕਲਪਣਾ (ਕਲਪਨਾ) ਫੋਜੀ (ਫੌਜੀ) ਜਰਖੇਜ (ਜਰਖੇਜ਼) ਪੁੰਜੀਵਾਦ (ਪੂੰਜੀਵਾਦ) ਵਿਉਪਾਰਕ (ਵਪਾਰਕ) ਆਜਾਦ (ਆਜ਼ਾਦ) ਡੁੰਘੀ (ਡੂੰਘੀ) ਨੋਕਰਸ਼ਾਹੀ (ਨੌਕਰਸ਼ਾਹੀ) ਅਤੇ ਇਹੋ ਜਿਹੇ ਦਰਜਨਾਂ ਹੋਰ ਸ਼ਬਦ ਹਨ ਜਿਸ ਵਿਚ ਠੀਕ ਸ਼ਬਦ ਜੋੜ ਲਿਖਣ ਦੀ ਗੰਭੀਰਤਾ ਨੂੰ ਨਹੀਂ ਸਮਝਿਆ ਗਿਆ। ਕਿਤਾਬ ਦੇ ਅੰਤ `ਤੇ ਵਿਸ਼ੇ ਦੇ ਨਿਚੋੜ ਨਾਲ ਸਬੰਧਤ ਇਕ ਕਾਂਡ ਜ਼ਰੂਰ ਚਾਹੀਦਾ ਸੀ। ਉਸ ਨਾਲ ਪਾਠਕਾਂ ਦੇ ਗਿਆਨ ਦੀ ਗੰਭੀਰ ਅਤੇ ਔਸਤ ਪਰਤ ਨੂੰ ਸਬੰਧਤ ਵਿਸ਼ੇ ਦੇ ਵੱਖ ਵੱਖ ਪਹਿਲੂਆਂ ਬਾਰੇ ਸੰਖੇਪ ਜਾਣਕਾਰੀ ਵੀ ਮਿਲਦੀ ਅਤੇ ਵਿਸ਼ੇ ਵਿਚ ਦਿਲਚਸਪੀ ਵੀ ਪੈਦਾ ਹੁੰਦੀ। ਜਸਵੀਰ ਸਿੰਘ ਵੱਲੋਂ ਇਸ ਮਹੱਤਵਪੂਰਨ ਵਿਸ਼ੇ ਉੱਤੇ ਕੀਤੇ ਗਏ ਪਲੇਠੇ ਯਤਨ ਦੀ ਹਰ ਪਾਸਿਓਂ ਪ੍ਰਸ਼ੰਸਾ ਅਤੇ ਸਵਾਗਤ ਕੀਤਾ ਜਾਣਾ ਚਾਹੀਦਾ ਹੈ।