ਰਤਨਾ ਨੰਬਰਦਾਰ

ਸਨੀ ਧਾਲੀਵਾਲ
ਰਤਨਾ ਆਪਣੇ ਪਿੰਡ ਨੂੰ ਬਹੁਤ ਪਿਆਰ ਕਰਦਾ ਹੈ। ਇਹ ਸੁਭਾਵਿਕ ਹੀ ਹੈ ਕਿ ਹਰ ਵਿਅਕਤੀ ਆਪਣੇ ਪਿੰਡ ਅਤੇ ਪਿੰਡ ਦੀ ਮਿੱਟੀ ਨੂੰ ਪਿਆਰ ਕਰਦਾ। ਉਹਦੀਆਂ ਯਾਦਾਂ ਹੀ ਉਸ ਮਿੱਟੀ ਦੇ ਮੇਕਅਪ ਨੇ ਸ਼ਿੰਗਾਰੀਆਂ ਹੁੰਦੀਆਂ।

ਆਪਣੇ ਪਿੰਡੋਂ ਅੱਠ ਜਮਾਤਾਂ ਪਾਸ ਕਰ ਕੇ ਉਹ ਪਿੰਡ ਪੱਤੋ ਦੇ ਹਾਇਰ ਸੈਕੰਡਰੀ ਸਕੂਲ ਵਿਚ ਜਾ ਦਾਖਲ ਹੋਇਆ। ਕਈ ਵਾਰੀ ਨਾਲ ਪੜ੍ਹਦੇ ਮੁੰਡੇ ਜਾਣ ਕੇ ਉਹਦੇ ਪਿੰਡ ਦਾ ਨਾਮ ਪੁੱਛਦੇ। ਜਦੋਂ ਉਹ ਆਪਣੇ ਪਿੰਡ ਦਾ ਨਾਮ “ਖੌਟੇ” ਦੱਸਦਾ ਤਾਂ ਉਹ ਉਸ ਨੂੰ ਖੌਟਾ ਸਿੱਕਾ ਕਹਿ ਕਿ ਛੇੜਦੇ। ਰਤਨੇ ਨੂੰ ਇਸ ਗੱਲ ਦਾ ਬਹੁਤ ਗ਼ੁੱਸਾ ਆਉਂਦਾ। ਦੋ ਤਿੰਨਾਂ ਨਾਲ ਤਾਂ ਚੰਗੀਆਂ ਝੜਪਾਂ ਵੀ ਹੋਈਆਂ। ਦੇਖਣ ਨੂੰ ਰਤਨਾ ਬਹੁਤ ਸੋਹਣਾ, ਸੁਨੱਖਾ ਅਤੇ ਗੋਰੇ ਰੰਗ ਦਾ ਸੀ।
ਹਰ ਰੋਜ਼ ਦੇ ਸੂਰਜ ਚੜ੍ਹਨ ਨਾਲ, ਵਿਟਾਮਿਨ ਡੀ ਮਿਲਣ ਨਾਲ ਉਸਦਾ ਸਰੀਰ ਭਰਨ ਲੱਗਿਆ। ਕੱਦ ਵੀ ਕੱਦੂ ਦੀ ਵੇਲ ਵਾਂਗ ਉਤਾਂਹ ਨੂੰ ਛਾਲ਼ਾਂ ਮਾਰਨ ਲੱਗਿਆ। ਪੱਗ ਬੰਨ੍ਹਣ ਦਾ ਸਟਾਈਲ ਵੀ ਦਿਨੋ-ਦਿਨ ਨਿੱਖਰਦਾ ਜਾਂਦਾ। ਸਰੀਰ ਇਸ ਤਰ੍ਹਾਂ ਜਿਸ ਤਰ੍ਹਾਂ ਦਾਦਕਿਆਂ, ਨਾਨਕਿਆਂ ਨੇ ਵਿਹਲੇ ਬੈਠ ਕੇ ਬਣਾਇਆ ਹੋਵੇ।
ਸਕੂਲ ਦੀ ਵਾਲੀਬਾਲ ਟੀਮ ਵਿਚ ਵੀ ਵਧੀਆ ਖੇਡਦਾ। ਜਦੋਂ ਕਿਤੇ ਸਕੂਲ ਦੀ ਟੀਮ ਨੇ ਹਾਰ ਜਾਣਾ ਤਾਂ, ਕਈ ਵਿਦਿਆਰਥੀਆਂ ਨੇ ਜਾਣ ਬੁੱਝ ਕੇ, ਉਸਨੂੰ ਗ਼ੁੱਸਾ ਚੜ੍ਹਾਉਣ ਲਈ ਕਹਿਣਾ, ਖੋਟੇ ਸਿੱਕੇ ਵੀ ਕਦੀ ਚੱਲੇ ਆ। ਉਸ ਨੂੰ ਗੁੱਸਾ ਆਉਂਦਾ, ਪਰ ਰਤਨਾ ਇਹ ਗ਼ੁੱਸਾ ਅਗਲੀ ਗੇਮ ਵਿਚ ਵਿਰੋਧੀ ਟੀਮ `ਤੇ ਕੱਢਦਾ।
ਇਕੱਲਾ ਇਕੱਲਾ ਬੱਚਾ ਹੋਣ ਕਰਕੇ, ਘਰ ਵਿਚ ਖਾਣ ਪੀਣ ਬਹੁਤ ਹੀ ਖੁੱਲ੍ਹਾ ਡੁੱਲਾ ਸੀ। ਘਰ ਦੀ ਖੁਰਾਕ ਉਸ ਨੂੰ ਸਟੀਰਾਈਡ ਦੀ ਤਰ੍ਹਾਂ ਲੱਗ ਰਹੀ ਸੀ। ਸਕੂਲ ਵਿਚ ਬਹੁਤ ਪਾਪੂਲਰ ਸੀ ਅਤੇ ਸਾਰੇ ਸਕੂਲ ਵਿਚ ਉਸਦੀ ਚੰਗੀ ਜਾਣ ਪਹਿਚਾਣ ਸੀ। ਅਧਿਆਪਕ ਵੀ ਉਸ ਨੂੰ ਕਾਫ਼ੀ ਪਿਆਰ ਕਰਦੇ। ਗੋਤ ਤਾਂ ਭਾਵੇਂ ਉਸਦਾ ‘ਬਰਾੜ’ ਸੀ, ਪਰ ਉਹਦੇ ਬਾਪੂ ਦਾ ਪਿੰਡ ਦਾ ਨੰਬਰਦਾਰ ਹੋਣ ਕਰਕੇ, ਸਕੂਲ ਵਿਚ ਸਾਰੇ ਉਸਨੂੰ ‘ਰਤਨਾ ਨੰਬਰਦਾਰ’ ਦੇ ਨਾਂ ਨਾਲ ਹੀ ਬੁਲਾਉਂਦੇ ।
ਨੰਬਰਦਾਰੀ ਵੀ ਨਾਂ ਦੀ ਹੀ ਸੀ। ਪਹਿਲਾ ਤਾਂ ਘਰ ਚੰਗਾ ਸੀ, ਕੰਮ ਕਾਜ ਵੀ ਵਧੀਆ ਚੱਲਦਾ ਸੀ, ਪਰ ਪਿੰਡ ਦੀ ਖਹਿਬੜ ਬਾਜ਼ੀ ਵਿਚ, ਵੋਟਾਂ ਵੇਲੇ ਉਸਦੇ ਬਾਪੂ ਤੋਂ ਕਤਲ ਹੋ ਗਿਆ ਸੀ। ਜਦੋਂ ਜੱਟ ਤੋਂ ਕਤਲ ਹੋ ਜੇ ਤਾਂ ਜ਼ਮੀਨ ਵੀ ਚੀਕਾਂ ਮਾਰ ਮਾਰ ਕੇ ਵਿਧਵਾ ਔਰਤ ਵਰਗੀ ਹੋ ਜਾਂਦੀ ਹੈ। ਉਨ੍ਹਾਂ ਦੇ ਪੰਜ ਛੇ ਕਿੱਲੇ ਤਾਂ ਇਸੇ ਕਤਲ ਨੇ ਡਕਾਰ ਲਏ। ਬਾਕੀ ਜੇ ਬੰਦਾ ਕਚਹਿਰੀ ਨੂੰ ਆਪਣੀ ਮਸ਼ੂਕ ਬਣਾ ਲਵੇ ਤਾਂ ਫੇਰ ਖੇਤੀਬਾੜੀ ਵੀ ਬਿਮਾਰ ਜੀ ਰਹਿਣ ਲੱਗ ਜਾਂਦੀ ਹੈ। ਬਾਪੂ ਜੇਲ੍ਹ ਜਾਣ ਤੋਂ ਤਾਂ ਬਚ ਗਿਆ, ਪਰ ਘਰ ਦੀ ਹਮੇਸ਼ਾ ਲਈ ਨੀਂਵੀ ਪੁਆ ਗਿਆ।
ਰਤਨੇ ਦੀ ਬੇਬੇ ਆਪਣੇ ਘਰ ਵਾਲੇ ਨੂੰ ਬੜਾ ਸਮਝਾਉਂਦੀ ਕਿ ਤੇਰਾ ਇਕੱਲਾ ਇਕੱਲਾ ਮੁੰਡਾ, ਕੋਈ ਨੁਕਸਾਨ ਹੋ ਜਾਊਗਾ। ਰਤਨੇ ਦਾ ਬਾਪੂ, ਦਿਲ ਦਾ ਤਾਂ ਚੰਗਾ ਸੀ ਪਰ ਕਿਸੇ ਦੀ ਓਏ ਨੂੰ ਨਹੀਂ ਸੀ ਸਹਾਰਦਾ। ਗ਼ੁੱਸਾ ਕਈ ਵਾਰੀ ਬਾਹਰ ਉਛਲ਼ ਕੇ ਡਿੱਗ ਪੈਂਦਾ। ਰਤਨੇ ਦੀ ਮਾਂ ਹੀ ਘਰ ਨੂੰ ਬੰਨ੍ਹ ਕੇ ਤੋਰਦੀ।
ਰਤਨੇ ਦੇ ਬਾਪੂ ਦੀ ਆਪਣੇ ਸਹੁਰੇ ਪਰਿਵਾਰ ਨਾਲ ਘੱਟ ਹੀ ਬਣਦੀ ਸੀ; ਕਿਉਂਕਿ ਉਹਦਾ ਸਾਲਾ, ਕਿਰਤੀ ਕਿਸਾਨ ਯੂਨੀਅਨ ਦਾ ਸਰਗਰਮ ਮੈਂਬਰ ਸੀ ਅਤੇ ਰਤਨੇ ਦਾ ਬਾਪੂ ਜ਼ਿਆਦਾ ਕਾਂਗਰਸ ਪਾਰਟੀ ਵੱਲ ਝੁਕਾ ਰੱਖਦਾ ਸੀ। ਇਸੇ ਕਰਕੇ ਰਤਨਾ ਵੀ ਆਪਣੇ ਨਾਨਕੇ ਪਿੰਡ ‘ਭਦੌੜ’ ਬਹੁਤ ਘੱਟ ਹੀ ਗਿਆ ਸੀ। ਪਰ ਜਦੋਂ ਰਤਨਾ ਆਪਣੇ ਸਕੂਲ ਵੱਲੋਂ ਭਦੌੜ ਖੇਡਣ ਗਿਆ ਸੀ, ਅਤੇ ਰਤਨੇ ਨੇ ਵਾਲੀਆਂ ਮਾਰ ਮਾਰ ਕੇ ਭਦੌੜ ਦੀ ਟੀਮ ਦੀਆਂ ਚੀਕਾਂ ਪੁਵਾ ਦਿੱਤੀਆਂ, ਤਾਂ ਉਸਦੇ ਮਾਮੇ ਨੇ ਖੁਸ਼ ਹੋ ਕੇ ਬਦੋ ਬਦੀ ਰਤਨੇ ਦੀ ਜੇਬ ਵਿਚ ਹਜ਼ਾਰ ਰੁਪਿਆ ਪਾ ਦਿੱਤਾ ਸੀ। ਜਦੋਂ ਰਤਨੇ ਨੇ ਘਰੇ ਆ ਕੇ ਆਪਣੀ ਬੇਬੇ ਨੂੰ ਦੱਸਿਆ ਤਾਂ, ਉਹਨੇ ਚੁੰਨੀ ਨਾਲ ਆਪਣੇ ਹੰਝੂ ਪੂੰਝਦੀ ਨੇ, ਰਤਨੇ ਨੂੰ ਕਿਹਾ ਕਿ ਤੂੰ ਇਨ੍ਹਾਂ ਪੈਸਿਆਂ ਦੇ ਕੱਪੜੇ ਬਣਵਾ ਲਈਂ। ਨਹੀਂ ਬੇਬੇ! ਇਹ ਮਾਮੇ ਦਾ ਪਿਆਰ ਹੈ, ਮੈਂ ਇਸ ਨੂੰ ਸਾਂਭ ਕੇ ਰੱਖਾਂਗਾ। ਇਸ ਨੋਟ ਵਿਚ ਬੜਾ ਕੁੱਝ ਲੁਕਿਆ ਹੋਇਆ ਹੈ।
ਰਤਨੇ ਦੀ ਇੱਕੋ ਇੱਕ ਭੂਆ ‘ਰਾਜੇਆਣੇ’ ਪਿੰਡ ਵਿਆਹੀ ਵੀ ਹੈ। ਪਰ ਭੂਆ ਦੇ ਪਰਿਵਾਰ ਨਾਲ ਉਨ੍ਹਾਂ ਦਾ ਚੰਗਾ ਆਉਣ-ਜਾਣ ਹੈ। ਰਤਨੇ ਦੀ ਭੂਆ ਜੇ.ਬੀ.ਟੀ. ਟੀਚਰ ਅਤੇ ਫੁੱਫੜ ਓਵਰਸੀਅਰ ਲੱਗੇ ਹੋਏ ਆ। ਭੂਆ ਦਾ ਪਰਿਵਾਰ ਲੁਧਿਆਣੇ ਸੈਟਲ ਹੋ ਗਿਆ ਸੀ। ਭੂਆ ਦੀ ਇੱਕੋ ਇੱਕ ਬੇਟੀ, ‘ਸੁਮੀਤ’ ਜਿਹੜੀ ਰਤਨੇ ਤੋਂ ਤਿੰਨ ਕੁ ਸਾਲ ਛੋਟੀ ਹੈ। ਲਾਲਿਆਂ ਦੀਆਂ ਫ਼ੈਕਟਰੀਆਂ ਦੇ ਕੁਨੈਕਸ਼ਨਾਂ ਦੇ ਲੈਣ ਦੇਣ ਕਰਕੇ, ਫੁੱਫੜ ਦੀ ਗੋਗੜ ਨੂੰ ਕੰਟਰੋਲ ਕਰਨਾ ਦਿਨੋ ਦਿਨ ਔਖਾ ਹੁੰਦਾ ਜਾਂਦਾ ਸੀ। ਪਰ ਖੱਬੇ ਸੱਜੇ ਦੀ ਕਮਾਈ ਨਾਲ ਕੋਠੀ ਬਹੁਤ ਵਧੀਆ ਛੱਤ ਲਈ ਸੀ।
ਸਕੂਲ ਦੇ ਅਧਿਆਪਕ ਤਾਂ ਰਤਨੇ ਨੂੰ ਪਿਆਰ ਕਰਦੇ ਹੀ ਸੀ, ਪਰ ਪ੍ਰਿੰਸੀਪਲ ਵੀ ਬਹੁਤ ਪਿਆਰ ਕਰਦਾ। ਪ੍ਰਿੰਸੀਪਲ ਨੇ ਰਤਨੇ ਦਾ ਵਜ਼ੀਫ਼ਾ ਵੀ ਲਾ ਦਿੱਤਾ ਸੀ। ਪ੍ਰਿੰਸੀਪਲ ਨੂੰ ਆਪਣਾ ਮਤਲਬ ਵੀ ਸੀ ਇਸ ਵਿਚ। ਜਦੋਂ ਦਾ ਉਹ ‘ਪੱਤੋਂ’ ਪ੍ਰਿੰਸੀਪਲ ਲੱਗਿਆ ਸੀ, ਉਸ ਵਕਤ ਤੋਂ ਉਨ੍ਹਾਂ ਦੀ ਵਾਲੀਬਾਲ ਦੀ ਟੀਮ, ਫ਼ਾਈਨਲ ਦੇ ਫ਼ਸਵੇਂ ਮੈਚ ਵਿਚ ਹਰ ਸਾਲ ‘ਹਿੰਮਤਪੁਰੇ’ ਦੀ ਟੀਮ ਤੋਂ ਹਾਰ ਜਾਂਦੀ ਸੀ। ਪ੍ਰਿੰਸੀਪਲ ਚਾਹੁੰਦਾ ਸੀ ਕਿ ਰਿਟਾਇਰ ਹੋਣ ਤੋਂ ਪਹਿਲਾ ਇੱਕ ਵਾਰ ਹੈੱਡਮਾਸਟਰ ‘ਹੀਰੇ ਹਿੰਮਤਪੁਰੀਏ’ ਦੀ ਟੀਮ ਦੀਆਂ ਗੋਡੀਆਂ ਜ਼ਰੂਰ ਲਵਾਵੇ। ਉਸਨੂੰ ਪਤਾ ਸੀ ਕਿ, ਰਤਨਾ ਹੀ ਇਸ ਜਿੱਤ ਦਾ ਹਾਰ ਉਸਦੇ ਗਲ ਵਿਚ ਪੁਆ ਸਕਦਾ। ਪਰ ਰਤਨੇ ਨੇ ਪੂਰੀ ਮਿਹਨਤ ਦੇ ਨਾਲ ਬਹੁਤ ਹੀ ਫ਼ਸਵਂੇ ਫ਼ਾਈਨਲ ਮੈਚ ਵਿਚ, ਐਤਕੀਂ ਹਿੰਮਤਪੁਰੇ ਦੀ ਟੀਮ ਦੀਆਂ ਗੋਡਣੀਆਂ ਲਵਾ ਹੀ ਦਿੱਤੀਆਂ। ਛੀਲਡ ਜਿੱਤ ਕੇ ਪ੍ਰਿੰਸੀਪਲ ਦੇ ਦਫ਼ਤਰ ਦੀ ਬਹਿਜਾ ਬਹਿਜਾ ਕਰਾ ਦਿੱਤੀ। ਪ੍ਰਿੰਸੀਪਲ ਨੇ ਵੀ ਖੁਸ਼ੀ ਵਿਚ ਸਾਰੇ ਸਕੂਲ ਨੂੰ ਛੁੱਟੀ ਕਰ ਦਿੱਤੀ ਸੀ। ਰਤਨੇ ਦੀ ਇਕੱਲੇ ਸਕੂਲ ਵਿਚ ਹੀ ਨਹੀਂ ਸਾਰੇ ਇਲਾਕੇ ਵਿਚ ਬੱਲੇ ਬੱਲੇ ਹੁੰਦੀ ਸੀ। ਪੀ ਟੀ ਮਾਸਟਰ ਤਾਂ ਰਤਨੇ ਨੂੰ ਚੁੱਕ ਚੁੱਕ ਕੇ ਭੰਗੜਾ ਪਾਉਂਦਾ। ਪੀ ਟੀ ਮਾਸਟਰ ਵੀ ਉਸਨੂੰ ਬਹੁਤ ਪਿਆਰ ਕਰਦਾ। ਜਦੋਂ ਵੀ ਕੋਈ ਰਤਨੇ ਨੇ ਸਲਾਹ ਲੈਣੀ ਹੁੰਦੀ ਤਾਂ, ਉਹ ਵੀ ਪੀ ਟੀ ਮਾਸਟਰ ਕੋਲ ਹੀ ਜਾਂਦਾ।
ਕਤਲ ਦਾ ਕੇਸ ਤਾਂ, ਘਰ ਦੇ ਵਿਹੜੇ ਵਿਚ ਖੂਹ ਪੁੱਟ ਦੇਂਦਾ, ਇਸ ਤਰ੍ਹਾਂ ਰਤਨੇ ਦੇ ਘਰ ਵੀ ਕਤਲ ਤੋਂ ਬਾਅਦ ਡੂੰਘਾ ਖੂਹ ਪੁੱਟਿਆ ਗਿਆ।
ਖੂਹ ਦੇ ਵਿਚ ਪੈਸੇ ਜਿੰਨੇ ਮਰਜ਼ੀ ਸੁੱਟੀ ਜਾਵੋ, ਪਰ ਖੂਹ ਭੁੱਖੇ ਦਾ ਭੁੱਖਾ ਹੀ ਰਹਿੰਦਾ। ਕਤਲ ਦਾ ਕੇਸ ਸੁਣ ਕੇ ਤਾਂ, ਬਾਣੀਏ ਦੇ ਵਿਆਜ ਦੀ ਦਰ ਵੀ ਉਤਾਂਹ ਨੂੰ ਛਾਲ਼ਾਂ ਮਾਰਨ ਲੱਗ ਜਾਂਦੀ ਹੈ। ਰਤਨੇ ਦਾ ਪਿਓ ਆਖ਼ਰ ਕਈ ਸਾਲਾਂ ਬਾਅਦ ਜੱਜਾਂ, ਵਕੀਲਾਂ ਅਤੇ ਪੁਲਸੀਆਂ ਦੇ ਮੂੰਹ ਭਰ ਭਰ ਕੇ ਛੁੱਟ ਤਾਂ ਗਿਆ, ਪਰ ਨੰਬਰਦਾਰੀ ਨੂੰ ਭੁੱਖੀ ਭਾਣੀ ਅਤੇ ਲੰਗੜੀ ਜੀ ਕਰ ਗਿਆ। ਜਿਵੇਂ ਇਹ ਸਦੀਆਂ ਤੋਂ ਬੀਮਾਰ ਤੁਰੀ ਆਉਂਦੀ ਹੋਵੇ। ਇਸ ਸਾਰੇ ਕੁੱਝ ਨੇ ਉਸਦੇ ਬਾਪੂ `ਤੇ ਇੰਨਾ ਅਸਰ ਪਾਇਆ ਕਿ ਥੋੜ੍ਹੇ ਸਾਲਾਂ ਵਿਚ ਹੀ ਹਾਰਟ ਅਟੈਕ ਨਾਲ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।
ਹੁਣ ਸਿਰਫ਼ ਘਰ ਵਿਚ, ਰਤਨਾ ਅਤੇ ਉਸ ਦੀ ਮਾਂ ਹੀ ਰਹਿ ਗਏ ਸੀ। ਇੱਕ ਸਾਲ ਮੋਗੇ ਕਾਲਜ ਵਿਚ ਲਾਇਆ। ਸਾਰੀ ਦਿਹਾੜੀ ਬੱਸਾਂ ਵਿਚ ਵਿਚ ਲੰਘ ਜਾਂਦੀ। ਮਾਂ ਬੀਮਾਰ ਹੋਣ ਨਾਲ ਵੀ ਮਹੀਨਾ ਖ਼ਰਾਬ ਹੋ ਗਿਆ। ਫੇਲ੍ਹ ਹੋ ਗਿਆ। ਹੁਣ ਉਹ ਘਰ ਹੀ ਰਹਿੰਦਾ ਸੀ। ਭਵਿੱਖ ਧੁੰਦਲਾ ਜਿਹਾ ਲੱਗਦਾ ਸੀ। ਮਾਂ ਵਿਚਾਰੀ ਹੌਸਲਾ ਦਿੰਦੀ, ਪਰ ਕੀ ਕਰ ਸਕਦੀ ਸੀ। ਖੇਤੀ ਤਾਂ ਮਾਮਲੇ `ਤੇ ਚੱਲਦੀ ਸੀ। ਆਪ ਤਾਂ ਬੱਸ ਕੰਧਾਂ ਵਿਚ ਵੱਜਣ ਯੋਗਰਾ ਹੀ ਸੀ, ਜਾਂ ਫਿਰ ਫ਼ੋਨ `ਤੇ ਇੱਧਰ ਉੱਧਰ ਦੀਆਂ ਮਾਰ ਛੱਡਦਾ। ਜਾਂ ਪਿੰਡ ਦੇ ਮੁੰਡਿਆਂ ਨਾਲ ਵਾਲੀਬਾਲ ਖੇਡ ਲਿਆ।
ਕਾਫ਼ੀ ਦੁਖੀ ਜਾਂ ਤੇ ਗੁਆਚਾ ਜਾ ਰਹਿਣ ਲੱਗਿਆ। ਲੁਧਿਆਣੇ ਵਾਲੀ ਭੂਆ ਦੀ ਕੁੜੀ ਸੁਮੀਤ ਨਾਲ ਥੋੜੀ ਬਹੁਤ ਗੱਲ-ਬਾਤ ਚੱਲਦੀ ਰਹਿੰਦੀ। ਉਹ ਕੌਨਵੈਂਟ ਸਕੂਲ ਵਿਚ ਪੜ੍ਹਦੀ ਹੋਣ ਕਰਕੇ, ਕੁੜੀ ਹੋਣ ਕਰਕੇ, ਸ਼ਹਿਰ ਵਿਚ ਰਹਿੰਦੀ ਹੋਣ ਕਰਕੇ, ਗੱਲ-ਬਾਤ ਬਹੁਤੀ ਲੰਮੀ ਚੌੜੀ ਨਾ ਹੁੰਦੀ। ਜੇ ਰਤਨਾ ਲੁਧਿਆਣੇ ਵੀ ਜਾਂਦਾ ਤਾਂ ਇੱਕ ਰਾਤ ਤੋਂ ਬਾਅਦ ਵਾਪਸ ਆ ਜਾਂਦਾ। ਬਹੁਤੀਆਂ ਜ਼ਮੀਨਾਂ ਵਾਲੇ ਯਾਰ ਦੋਸਤ ਕਨੇਡਾ, ਅਮਰੀਕਾ ਦੇ ਕਮਰਕੱਸੇ ਕੱਸ ਰਹੇ ਸਨ। ਉਨ੍ਹਾਂ ਨੂੰ ਰਿਸ਼ਤੇ ਕਰਨ ਵਾਲੇ ਇਸ ਤਰ੍ਹਾਂ ਫ਼ਿਰਦੇ ਜਿਵੇਂ ਨਲ਼ਕੇ ਦੇ ਦੁਆਲੇ ਭਰਿੰਡ ਫ਼ਿਰਦੇ ਹੁੰਦੇ ਆ।
ਇੱਕ ਦਿਨ ‘ਤਖਤੂਪੁਰੇ’ ਮਾਘੀ ਦੇ ਮੇਲੇ `ਤੇ ਰਤਨੇ ਦਾ ਪੀ ਟੀ ਮਾਸਟਰ ਮਿਲ ਗਿਆ। ਮੇਲੇ ਤੋਂ ਬਾਅਦ ਉਹ ਰਤਨੇ ਨੂੰ ਆਪਣੇ ਘਰ ‘ਧੂੜਕੋਟ’ ਲੈ ਗਿਆ। ਉੱਥੇ ਰਤਨੇ ਨੂੰ ਸਮਝਾਇਆ ਕਿ ਉਹ ਪ੍ਰਾਈਵੇਟ ਬੀ ਏ ਸ਼ੁਰੂ ਕਰ ਦੇਵੇ। ਬਥੇਰੇ ਦਰਵਾਜ਼ੇ ਖੁੱਲ੍ਹ ਜਾਣਗੇ। ਕਮ ਸੇ ਕਮ ਪੁਲੀਸ ਦੀ ਨੌਕਰੀ ਤਾਂ ਮਿਲ ਹੀ ਜਾਊ। ਤੇਰੀ ਪ੍ਰਸਨੈਲਟੀ ਬੜੀ ਵਧੀਆ, ਤਕੜਾ ਖਿਡਾਰੀ ਆ, ਉੱਚਾ ਲੰਮਾ, ਫਿਜ਼ੀਕਲ ਟੈਸਟ ਪਾਸ ਕਰਨਾ ਤੇਰੇ ਖੱਬੇ ਹੱਥ ਦੀ ਮਾਰ ਆ।
ਗੱਲ ਰਤਨੇ ਦੇ ਪੱਲੇ ਪੈ ਗਈ। ਪ੍ਰਾਈਵੇਟ ਬੀ ਏ ਸ਼ੁਰੂ ਕਰ ਦਿੱਤੀ। ਤਿੰਨਾਂ ਸਾਲਾਂ ਵਿਚ ਬੀ ਏ ਕਰ ਗਿਆ। ਮਾਂ ਨੂੰ ਫ਼ਿਕਰ ਸੀ ਕਿ ਉਹ ਵਿਆਹ ਕਰਵਾ ਲਵੇ। ਰਤਨੇ ਦੇ ਦੋਸਤਾਂ ਦੇ ਵੀ ਵਿਆਹ ਹੋ ਰਹੇ ਸੀ। ਰਤਨਾ ਵਿਆਹਾਂ `ਤੇ ਜਾਂਦਾ, ਨੱਚਦਾ, ਟੱਪਦਾ, ਭੰਗੜਾ ਪਾਉਂਦਾ, ਪਰ ਅੰਦਰੋਂ ਥੋੜਾ ਦੁਖੀ ਹੋ ਜਾਂਦਾ।
ਰਤਨੇ ਨੇ ਸੋਚ ਰੱਖਿਆ ਸੀ ਕਿ ਬਗੈਰ ਕਿਸੇ ਪਾਸੇ ਲੱਗਣ ਤੋਂ ਪਹਿਲਾਂ ਵਿਆਹ ਨਹੀਂ ਕਰਾਉਣਾ।
ਇੱਕ ਦਿਨ ਉਹਦੇ ‘ਖਾਈ’ ਪਿੰਡ ਵਾਲੇ ਦੋਸਤ ‘ਜ਼ੈਲੇ’ ਦਾ ਫ਼ੋਨ ਆਇਆ ਕਿ ਉਨ੍ਹਾਂ ਦੀ ਰਿਸ਼ਤੇਦਾਰ ਕੁੜੀ ਕਨੇਡਾ ਤੋਂ ਵਿਆਹ ਕਰਾਉਣ ਲਈ ਆ ਰਹੀ ਹੈ। ਰਤਨੇ ਨੂੰ ਕਿਹਾ ਕਿ ਆਉਂਦੇ ਐਤਵਾਰ, ਦੋ ਵਜੇ ਆ ਜਾਵੀਂ, ਦੇਖਣ ਦਖੌਣ ਦਾ ਕੰਮ ਵੀ ਮੇਰੇ ਘਰੇ ਹੀ ਕਰ ਲਵਾਂਗੇ। ਰਤਨਾ ਵੀ ਵਧੀਆ ਤਿਆਰ ਹੋ ਚਲੇ ਗਿਆ। ਕੁੜੀ ਨੂੰ ਤਾਂ ਰਤਨਾ ਪਸੰਦ ਆਉਣਾ ਹੀ ਸੀ। ਕੁੜੀ ਨੇ ਚੱਕੀ ਹਰੀ ਝੰਡੀ ਤੇ ਹਿਲਾ ਦਿੱਤੀ। ਪਰ ਕੁੜੀ ਦੇ ਪਿਉ ਨੇ ਦੋ ਚੀਜ਼ਾਂ ਦੇਖੀਆਂ, ਜ਼ਮੀਨ ਅਤੇ ਪੜ੍ਹਾਈ। ਕੁੜੀ ਦੇ ਪਿਉ ਨੇ ਕੁੜੀ ਨੂੰ ਕਿਹਾ, ਇਕੱਲਾ ਸੋਹਣਾ ਮੁੰਡਾ ਦੇਖ ਕੇ ਕੀ ਕਰੇਂਗੀ। ਸਾਰੀ ਉਮਰ ਇਨ੍ਹਾਂ ਮਾਂ-ਪੁੱਤ ਦੀਆਂ ਰੋਟੀਆਂ ਪਕਾਉਂਦੀ ਬੁੱਢੀ ਹੋ ਜਾਵੇਗੀ। ਜਦੋਂ ਤੈਨੂੰ ਚੰਗੇ ਪੜ੍ਹੇ-ਲਿਖੇ, ਵੱਡੇ ਘਰਾਂ ਦੇ ਰਿਸ਼ਤੇ ਆਉਂਦੇ ਆ, ਫ਼ਿਰ ਤੂੰ ਇਸ ਤੋਂ ਕੀ ਕਰਾਉਣਾ। ਨਾਲ਼ੇ ਸੁਣ, ਬਹੁਤੇ ਸੋਹਣੇ ਮੁੰਡੇ ਕਨੇਡਾ ਜਾ ਕੇ ਬਿਗਾਨੀਆਂ ਖ਼ੁਰਲੀਆਂ ਵਿਚ ਮੂੰਹ ਮਾਰਨ ਲੱਗ ਜਾਂਦੇ ਆ। ਤੇਰੀ ‘ਨੰਗਲ’ ਪਿੰਡ ਵਾਲੀ ਸਹੇਲੀ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਨਾ ਛੱਡਣ ਜੋਗਰੀ ਨਾ ਰੱਖਣ ਜੋਗਰੀ। ਸੋ ਰਤਨੇ ਦੀ ਗੱਲ ਨਾ ਬਣੀ। ਜ਼ੈਲੇ ਨੇ ਕਾਫ਼ੀ ਕੋਸ਼ਿਸ਼ ਕੀਤੀ, ਪਰ ਗੱਲ ਬਣੀ ਨਾ।
ਰਤਨਾ ਕਾਫ਼ੀ ਉਦਾਸ ਰਹਿਣ ਲੱਗਿਆ। ਅਚਾਨਕ ਇੱਕ ਦਿਨ, ਭੂਆ, ਫੁੱਫੜ ਅਤੇ ਸਮੀਤ ‘ਰਣਸੀਂਹ’ ਪਿੰਡ ਤੋਂ ਵਿਆਹ ਦੇਖਣ ਤੋਂ ਬਾਅਦ ਇਨ੍ਹਾਂ ਦੇ ਘਰ ਆਏ। ਰਾਜੇ ਨੇ ਪੁੱਛਿਆ, ਸੁਮੀਤ ਇਹ ਵਿਆਹ ਕਿਨ੍ਹਾਂ ਦੇ ਘਰੇ ਸੀ। ਤੂੰ ਪਤਾ ਨਹੀਂ ਜਾਣਦਾ ਹੈਂ ਕਿ ਨਹੀਂ, ਡਾ. ਅਮਰ ਸਿੰਘ ਧਾਲੀਵਾਲ ਦੇ ਪੋਤੇ ਦਾ ਸੀ। ਲੈ, ਉਨ੍ਹਾਂ ਦੇ ਪਰਿਵਾਰ ਨੂੰ ਕੌਣ ਨਹੀਂ ਜਾਣਦਾ। ਸਮੀਤ ਨੇ ਦੱਸਿਆ ਕਿ ਉਹ ੀਓLਠS ਦੀ ਤਿਆਰੀ ਕਰ ਰਹੀ ਹੈ ਅਤੇ ਕਨੇਡਾ ਜਾਵੇਗੀ। ਉਸਨੇ ਰਤਨੇ ਨੂੰ ਵੀ ਟੈਸਟ ਲਿਖਣ ਲਈ ਕਿਹਾ। ਉਸਨੇ ਕਿਹਾ ਕਿ ਮੈਂ ਤੇਰੀ ਪੂਰੀ ਮਦਦ ਕਰ ਦੇਵਾਂਗੀ। ਰਤਨੇ ਨੇ ਵੀ ਮਨ ਬਣਾ ਲਿਆ ਕਿ, ਕਨੇਡਾ ਜ਼ਰੂਰ ਜਾਣਾ। ਰਤਨੇ ਦੇ ਵੀ ਮਨ ਵਿਚ ਆ ਗਿਆ ਕਿ ‘ਗਿੱਲਾ’ ਨੇ ਰਿਸ਼ਤੇ ਦੀ ਨਾਂਹ ਕੀਤੀ ਹੈ। ਇਨ੍ਹਾਂ ਨੂੰ ਵੀ ਕਨੇਡਾ ਪਹੁੰਚ ਕੇ ਦਿਖਾਉਣਾ। ਇਨ੍ਹਾਂ ਨੂੰ ਵੀ ਜੇ ਗਿੱਲੇ ਕਰ ਕੇ ਸੁੱਕਣੇ ਨਾ ਪਾਇਆ ਤਾਂ ਸਾਨੂੰ ਵੀ ਨੰਬਰਦਾਰ ਕਿਸ ਕਹਿਣਾ। ਲੁਧਿਆਣੇ ਜਾ ਕੇ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਸੁਮੀਤ ਨੇ ਬਹੁਤ ਮਦਦ ਕੀਤੀ। ਭੂਆ, ਫੁੱਫੜ ਨੇ ਵੀ ਬਹੁਤ ਮਦਦ ਕੀਤੀ ਕਿ ਚੱਲ ਦੋਵੇਂ ਭੈਣ ਭਰਾ ਦਾ ਕੰਮ ਬਣ ਜਾਵੇਗਾ, ਤਾਂ ਬਹੁਤ ਚੰਗਾ ਹੋਵੇਗਾ ਅਤੇ ਬੇਗਾਨੇ ਦੇਸ਼ ਇਕੱਠੇ ਰਹਿ ਲੈਣਗੇ। ਇੱਕ ਦੂਸਰੇ ਦਾ ਆਸਰਾ ਹੋ ਜਾਊਗਾ। ਦੋਨਾਂ ਦੇ ਟੈਸਟ ਪਾਸ ਹੋ ਗਏ, ਪਰ ਸੁਮੀਤ ਦਾ ਸਕੋਰ ਕਾਫ਼ੀ ਜਿæਆਦਾ ਸੀ। ਰਤਨ ਨੂੰ ਵਾਅਨ (ੜਅੁਗਹਨ) ਸ਼ਹਿਰ ਦੇ ਕਾਲਜ ਵਿਚ ਦਾਖਲਾ ਮਿਲ ਗਿਆ ਅਤੇ ਸੁਮੀਤ ਨੂੰ ਵਾਟਰਲੂਅ ਯੂਨੀਵਰਸਿਟੀ ਵਿਚ ਦਾਖਲਾ ਮਿਲ ਗਿਆ। ਇੱਕ ਦੂਜੇ ਤੋਂ ਕਾਫ਼ੀ ਦੂਰ ਹੋਣ ਕਰਕੇ ਇਕੱਠੇ ਨਾ ਰਹਿ ਸਕੇ।
ਰਤਨ ਨੇ ਆਪਣੀ ਪੱਗ ਲਾਹ ਕੇ ਅਟੈਚੀ ਵਿਚ ਰੱਖ ਲਈ ਅਤੇ ਵਾਲ ਕਟਾ ਲਏ। ਗੋਰੀ ਕਹਿੰਦੀ, ਵਾਓ, ਜੂਅਰ ਹੇਅਰ ਆਰ ਵੈਰੀ ਲੋਂਗ ਅਤੇ ਸੋਫਟ। ਵੱਟ ਵੁੱਢ ਯੂ ਡੂ ਵਿੱਧ ਦੀਜ਼। ਨਾਥਿੰਗ! ਮੇ ਆਈ ਹੈਵ ਇੱਟ! ਸ਼ੋਅਰ !
ਕੁਝ ਮੋਗੇ ਦੇ ਇਲਾਕੇ ਦੇ ਮੁੰਡਿਆਂ ਨਾਲ ਬੇਸਮੈਂਟ ਕਿਰਾਏ `ਤੇ ਲੈ ਕੇ ਰਹਿਣ ਲੱਗਿਆ। ਰਤਨਾ ਨੰਬਰਦਾਰ ‘ਨਾਮ’ ਵੀ ਉਹਦੇ ਨਾਲ ਹੀ ੀਓLਠS ਦਾ ਟੈਸਟ ਪਾਸ ਕਰ ਕੇ ਕਿਸੇ ਨਾ ਕਿਸੇ ਤਰੀਕੇ, ਸੋਸ਼ਲ ਮੀਡੀਏ ਰਾਹੀਂ ਕਨੇਡੇ ਪਹੁੰਚ ਗਿਆ। ਪਰ ਹੌਲੀ ਹੌਲੀ, ਰਤਨੇ ਨੰਬਰਦਾਰ ਤੋਂ ਇਕੱਲਾ ‘ਨੰਬਰਦਾਰ’ ਹੀ ਰਹਿ ਗਿਆ। ਹਰ ਕੋਈ ਉਸਨੂੰ ‘ਨੰਬਰਦਾਰ’ ਹੀ ਕਹਿ ਕਿ ਬੁਲਾਉਂਦਾ।
ਕਾਲਜ ਸ਼ੁਰੂ ਕਰਨ ਦੇ ਨਾਲ ਹੀ ਰਤਨੇ ਨੇ ਇੱਕ ਇਟੈਲੀਅਨ ਰੈਸਟੋਰੈਂਟ ਵਿਚ ਕੰਮ ਲੱਭ ਲਿਆ। ਜਦੋਂ ਉਹਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਯਾਰਾਂ ਨੂੰ ਤਾਂ ਇਟੈਲੀਅਨ ਰੈਸਟੋਰੈਂਟ ਵਿਚ ਕੰਮ ਮਿਲ ਗਿਆ ਹੈ। ਸਾਰੇ ਹੀ ਕਹਿਣ ਲੱਗੇ, ਸਾਲਿਆ! ਇਟੈਲੀਅਨ ਰੈਸਟੋਰੈਂਟ ਵਿਚ ਕੰਮ ਤਾਂ ਤੈਨੂੰ ਮਿਲਣਾ ਹੀ ਸੀ, ਤੂੰ ਤਾਂ ਲੱਗਦਾ ਹੀ ਪੱਕਾ ਇਟੈਲੀਅਨ ਹੈ। ਇਹਦੇ ਵਿਚ ਕੋਈ ਸ਼ੱਕ ਨਹੀਂ ਸੀ ਕਿ, ਜਾਣ ਪਛਾਣ ਵਾਲਿਆਂ ਤੋਂ ਬਿਨਾਂ ਸਾਰੇ ਉਸਨੂੰ ਇਟੈਲੀਅਨ ਹੀ ਸਮਝਦੇ।
ਇਟੈਲੀਅਨ ਰੈਸਟੋਰੈਂਟ ਦੇ ਮਾਲਕ ਦੀ ਕੁੜੀ, ‘ਨਟਾਲੀਆਂ’, ਯੂਨੀਵਰਸਿਟੀ ਵਿਚ ਪੜ੍ਹਨ ਦੇ ਨਾਲ ਨਾਲ ਆਪਣੇ ਰੈਸਟੋਰੈਂਟ ਵਿਚ ਵੀ ਕੰਮ ਕਰਦੀ ਸੀ। ਉਹ ਹੀ ਹਰ ਇੱਕ ਨਵੇਂ ਕਾਮੇ ਨੂੰ ਸਿਖਲਾਈ ਵੀ ਦੇਂਦੀ ਸੀ। ਰਤਨੇ ਨੂੰ ਵੀ ਉਸਨੇ ਹੀ ਟ੍ਰੇਨਿੰਗ ਦਿੱਤੀ। ਪਰ ਟ੍ਰੇਨਿੰਗ ਦੌਰਾਨ ਉਹਨੇ ਰਤਨੇ ਨੂੰ ਕਈ ਵਾਰੀ ਕਿਹਾ ਕਿ, ਪਲੀਜ਼ ਲੁਕ ਇੰਟੂ ਮਾਈ ਆਈਜ਼। ਰਤਨੇ ਨੇ ਦਿਲ ਵਿਚ ਸੋਚਿਆ, ਸਾਲਾ ਇੱਥੇ ਪੁੱਠਾ ਹੀ ਕੰਮ ਹੈ। ਪੰਜਾਬ ਵਿਚ ਕੁੜੀ ਕਹਿੰਦੀ, ਮੇਰੇ ਵੱਲ ਬਿਟਰ ਬਿਟਰ ਕੀ ਝਾਕਦਾ, ਇਹ ਕਹਿੰਦੀ ਮੇਰੀਆਂ ਅੱਖਾਂ ਵਿਚ ਅੱਖਾਂ ਪਾ।
ਇਕੱਠੇ ਕੰਮ ਕਰਦਿਆਂ, ਪਹਿਲਾਂ ਪਹਿਲਾਂ ਦਿਲਾਂ ਦੀਆਂ ਖਿੜਕੀਆਂ ਖੁੱਲ੍ਹਣ ਲੱਗੀਆਂ, ਫਿਰ ਤਾਂ ਬੱਸ ਦਰਵਾਜ਼ੇ ਹੀ ਖੁੱਲ੍ਹਣ ਲੱਗ ਪਏ। ਫਰੀਕੁਇਨਸੀਆ ਮੈਚ ਹੋਣ ਲੱਗੀਆਂ। ਗੱਲ ਵਧਦੀ ਵਧਦੀ ਕੱਚੀ ਲੱਸੀ ਵਾਂਗ ਵਧਦੀ ਗਈ।
ਰਤਨੇ ਦਾ ਦਿਲ ਵੀ ਵਾਲੀਬਾਲ ਵਾਂਗ ਟਪੂਸੀਆਂ ਮਾਰਨ ਲੱਗ ਪਿਆ। ਵਾਲੀਬਾਲ ਵਾਂਗ ਉਨ੍ਹਾਂ ਦੋਨਾਂ ਦੇ ਦਿਲ ਇੱਕ ਦੂਜੇ ਦੀ ਸਾਈਡ `ਤੇ ਆਉਣ ਜਾਣ ਲੱਗੇ। ਹੁਣ ਰਤਨੇ ਦਾ ਦਿਲ, ਨਟਾਲੀਆਂ ਦੇ ਵਾਲੀਬਾਲ ਨੈੱਟ ਵਿਚ ਪੂਰੀ ਤਰ੍ਹਾਂ ਫ਼ਸ ਚੁੱਕਿਆ ਸੀ। ਕਦੀ ਕਦੀ ਰਤਨਾ ਉਸਦੇ ਆਪਾਰਮੈਂਟ ਵਿਚ ਜਾਂਦਾ ਅਤੇ ਦੇਖਦਾ ਕਿ ਕਿਸ ਤਰ੍ਹਾਂ ਮਸ਼ੀਨ ਦੀ ਤਰ੍ਹਾਂ ਕੰਮ ਕਰਦੀ ਹੈ ਅਤੇ ਆਪਣੇ ਅਪਾਰਟਮੈਂਟ ਨੂੰ ਬੜੇ ਸਲੀਕੇ ਦੇ ਨਾਲ ਸਾਫ਼ ਸੁਥਰਾ ਰੱਖਦੀ ਹੈ। ਨਟਾਲੀਆਂ, ਰਤਨੇ ਨੂੰ ਹਰ ਤਰ੍ਹਾਂ ਦਾ ਖਾਣਾ ਵਗੈਰਾ ਬਣਾਉਣਾ ਸਿਖਾਉਂਦੀ।
ਰਤਨੇ ਨੂੰ ਲੱਗਾ ਕਿ ਉਸਨੇ ਕਨੇਡਾ ਆਉਣ ਦਾ ਫੈਸਲਾ ਲੈ ਕੇ ਬਹੁਤ ਵਧੀਆ ਕੀਤਾ। ਰਤਨੇ ਦਾ ਵਿਸ਼ਵਾਸ ਵਧਦਾ ਗਿਆ। ਰਤਨੇ ਨੂੰ ਨਟਾਲੀਆਂ ਵੀ ‘ਪੰਜਾਬਣ ਸਾਹਿਬਾਂ’ ਵਰਗੀ ਲੱਗਦੀ, ਪਰ ਉਸਨੂੰ ਪੱਕਾ ਯਕੀਨ ਸੀ ਕਿ ਉਹ ਉਸਨੂੰ ਆਪਣੇ ਭਰਾ ਤੋਂ ਮਰਵਾਵੇਗੀ ਨਹੀਂ, ਕਿਉਂ ਕਿ ਨਟਾਲੀਆਂ ਦਾ ਇੱਕੋ ਇੱਕੋ ਭਰਾ ਸੀ ਜੋ ਸਕੂਲ ਵਿਚ ਪੜ੍ਹਦਾ ਸੀ, ਉਹ ਵੀ ਰਤਨੇ ਨੂੰ ਬਹੁਤ ਲਾਈਕ ਕਰਦਾ ਸੀ।
ਇੱਕ ਦਿਨ ਸੁਮੀਤ, ਰਤਨੇ ਨੂੰ ਮਿਲਣ ਵਾਅਨ ਆਈ। ਉਸ ਨੂੰ ਵੀ ਨਟਾਲੀਆਂ ਬਹੁਤ ਪਸੰਦ ਕਰਦੀ ਸੀ। ਨਟਾਲੀਆਂ ਵੀ ਪੰਜਾਬੀ ਸੂਟ ਪਾਉਣ ਲਈ ਸੁਮੀਤ ਤੋਂ ਮੰਗ ਲੈਂਦੀ ਸੀ। ਸੁਮੀਤ ਨੇ ਰਤਨੇ ਨੂੰ ਦੱਸਿਆ ਕਿ ਬਹੁਤ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਉਸਨੇ ਰਤਨੇ ਨੂੰ ਦੱਸਿਆ ਕਿ ਉਸਦੇ ਮੰਮ ਡੈਡ ਨੇ ਸੁਮੀਤ ਨੂੰ ਆਪਣੇ ਬੁਆਏ ਫ਼੍ਰੈਂਡ ‘ਰਕੇਸ਼’ ਨਾਲ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਨੇ ਤਾਂ ਸੁਪਰਵੀਜ਼ੇ `ਤੇ ਆਪਣਾ ਕਨੇਡਾ ਆਉਣ ਦਾ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਹੈ। ਉਹ ਤਾਂ ਪੰਜਾਬ ਵਿਚ ਮੇਰੇ ਲਈ ਮੁੰਡਾ ਲੱਭੀ ਬੈਠੇ ਆ। ਮੇਰੀ ਰਾਏ ਤੋਂ ਬਿਨਾ ਹੀ ਪੱਕ ਠੱਕ ਕਰੀ ਬੈਠੇ ਆ। ਤੋਤੇ ਵਾਂਗ ਇੱਕੋ ਹੀ ਰੱਟ ਲਾਈ ਵੀ ਆ ਕਿ, ਇਕੱਲਾ ਇਕੱਲਾ ਮੁੰਡਾ ਤੇ ਅਮੀਰ ਬਹੁਤ ਹੈ। ਉਨ੍ਹਾਂ ਨੇ ਤਾਂ ਕੱਲ, ਇਹ ਕਹਿ ਕਿ, ਕਹਾਣੀ ਹੀ ਖ਼ਤਮ ਕਰ ਦਿੱਤੀ, ਕਿ ਜੇ ਮੈਂ ਹਿੰਦੂਆਂ ਦੇ ਮੁੰਡੇ ਨਾਲ ਵਿਆਹ ਕਰਾਇਆ ਤਾਂ, ਤੂੰ ਸਾਡੇ ਲਈ ਮਰ ਗਈ ਅਤੇ ਅਸੀਂ ਤੇਰੇ ਲਈ। ਡੈਡੀ ਤਾਂ ਕਹਿੰਦੇ, ਜੇ ਤੂੰ ਜੱਟ ਦੀ ਮੁੱਛ ਬਾਣੀਏ ਕੋਲ਼ੋਂ ਕਟਵਾ ਦਿੱਤੀ, ਤਾਂ ਕਦੀ ਪੰਜਾਬ ਵਿਚ ਪੈਰ ਨਹੀਂ ਪਾ ਸਕਦੀ। ਪਰ ਵੀਰੇ, ਮੈਂ ਰਕੇਸ਼ ਤੋਂ ਬਿਨਾਂ ਨਹੀਂ ਰਹਿ ਸਕਦੀ। ਤੈਨੂੰ ਤਾਂ ਪਤਾ ਉਹ ਕਿੰਨਾ ਚੰਗਾ ਮੁੰਡਾ ਹੈ। ਉਸ ਵਿਚਾਰੇ ਨੂੰ ਤਾਂ ਹਿੰਦੂ, ਸਿੱਖ, ਜੱਟ, ਖੱਤਰੀਆਂ ਬਾਰੇ ਕੁਝ ਵੀ ਪਤਾ ਨਹੀਂ। ਕਨੇਡਾ ਦਾ ਜੰਮਿਆ ਪਲਿਆ, ਛੋਟਾ ਹੁੰਦਾ ਸਿਰਫ਼ ਇੱਕ ਵਾਰੀ ਇੰਡੀਆ ਗਿਆ। ਉਸ ਦੇ ਵਿਚ ਕੋਈ ਐਬ ਨਹੀਂ। ਘਰ ਦੇ ਸਾਰੇ ਕੰਮ ਕਾਜ ਨੂੰ ਤੇਜ਼, ਪੜ੍ਹਨ ਨੂੰ ਪੂਰਾ ਹੁਸ਼ਿਆਰ, ਜੋ ਦਿਖਦਾ ਬੱਸ ਉਹੀ ਹੈ। ਮੈਂ ਉਸ ਨੂੰ ਧੋਖਾ ਨਹੀਂ ਦੇ ਸਕਦੀ। ਮੰਮ ਡੈਡ ਨੇ ਬੱਸ ਇੱਕੋ ਹੀ ਰੱਟ ਲਾਈ ਹੋਈ ਆ, ਬੱਸ ਤੈਨੂੰ ਫੁੱਟੀ ਕੌਡੀ ਨਹੀਂ ਦੇਣੀ। ਕਹਿੰਦੇ ਅਸੀਂ ਤੇਰੇ ਲਈ ਜਾਇਦਾਦ ਇਕੱਠੀ ਕਰਦੇ ਮਰਗੇ। ਤੂੰ ਸਾਡੀ ਨੱਕ ਵਢਾਉਣ ਨੂੰ ਉਤਾਵਲੀ ਹੋਈ ਫਿਰਦੀ ਹੈਂ। ਮੈਂ ਉਨ੍ਹਾਂ ਦੀ ਪ੍ਰੋਪਰਟੀ ਤੋਂ ਕੀ ਲੈਣਾ। ਸੁਮੀਤ ਦੇ ਹੰਝੂ ਤਿੱਪ ਤਿੱਪ ਕਰ ਕੇ ਡਿੱਗਦੇ ਰਹੇ। ਵੀਰੇ ਤੂੰ ਹੀ ਦੱਸ, ਮੈਂ ਕੀ ਕਰਾਂ! ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ। ਪਰ ਰਕੇਸ਼ ਨੂੰ ਮੈਂ ਧੋਖਾ ਨਹੀਂ ਦੇ ਸਕਦੀ। ਮੈਂ ਤਾਂ ਸੋਚ ਲਿਆ, ਦੇਖੀ ਜਾਊ, ਵੈਸੇ ਕੱਲ ਕਿਸ ਦੇਖਿਆ।
ਰਤਨਾ ਸੋਚੀਂ ਪੈ ਗਿਆ। ਮੈਂ ਤਾਂ ਕੁੱਝ ਨਹੀਂ ਕਹਿ ਸਕਦਾ। ਪਰ ਹਾਂ, ਇੰਨਾ ਜ਼ਰੂਰ ਆ ਕਿ ਭੂਆ ਫੁੱਫੜ ਦੇ ਫੈਸਲੇ ਕਰਕੇ ਮੇਰੇ ਤੇਰੇ ਰਿਸ਼ਤੇ `ਤੇ ਕੋਈ ਫ਼ਰਕ ਨਹੀਂ ਪੈਣ ਲੱਗਿਆ। ਮੈਨੂੰ ਤਾਂ ਆਪ ਰਕੇਸ਼ ਬਹੁਤ ਹੀ ਸਾਊ, ਭੋਲ਼ਾ ਅਤੇ ਸਮਝਦਾਰ ਲੱਗਦਾ। ਬਾਕੀ ਤੁਹਾਡੀ ਦੋਨਾਂ ਦੀ ਫਰੀਕੁਐਂਸੀ ਵੀ ਮਿਲਦੀ ਹੈ। ਬਾਕੀ ਫੈਸਲਾ ਤਾਂ ਤੇਰਾ ਹੀ ਹੈ। ਵੀਰੇ, ਤੇਰਾ ਨਟਾਲੀਆਂ ਬਾਰੇ ਕੀ ਵਿਚਾਰ ਆ, ਜੇ ਮਾਮੀ ਜੀ ਨੇ ਇਸ ਤਰ੍ਹਾਂ ਦਾ ਫੈਸਲਾ ਸੁਣਾਤਾ, ਤਾਂ, ਫੇਰ, ਤੂੰ ਕੀ ਕਰੇਂਗਾ। ਅਜੇ ਤਾਂ ਇੰਨਾ ਹੀ ਪਤਾ, ਵਈ, ਮੇਰੀ ਤਾਂ ਲਾਟਰੀ ਨਿੱਕਲੀ ਆ।
ਰਤਨੇ ਦੇ ਦੋਸਤ ਦਾ ਪਿੰਡੋਂ ਫ਼ੋਨ ਆ ਗਿਆ ਕਿ ਤੇਰੀ ਬੇਬੇ ਕਾਫ਼ੀ ਢਿੱਲੀ ਆ। ਤੂੰ ਜਲਦੀ ਆ ਜਾ। ਜਦੋਂ ਨਟਾਲੀਆ ਨਾਲ ਗੱਲ ਕੀਤੀ ਤਾਂ ਉਸ ਨੇ ਵੀ ਨਾਲ ਜਾਣ ਦਾ ਫੈਸਲਾ ਸੁਣਾ ਦਿੱਤਾ। ਰਤਨੇ ਨੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਨਟਾਲੀਆ ਨੇ ਵੀ ਪੱਥਰ `ਤੇ ਲਕੀਰ ਖਿੱਚ ਤੀ, ਆਈ ਐਮ ਕਮਇੰਗ ਵਿੱਧ ਯੂ।
ਰਤਨੇ ਨੂੰ ਪੰਜਾਬ ਜਾ ਕੇ ਪਤਾ ਚੱਲਿਆ ਕਿ ਬੇਬੇ ਨੂੰ ਤਾਂ ਕੈਂਸਰ ਹੈ। ਬਹੁਤੀ ਦੇਰ ਨਾਲ ਪਤਾ ਚੱਲਿਆ, ਡਾਕਟਰ ਨੇ ਕਿਹਾ, ਬਹੁਤਾ ਟਾਈਮ ਨੀਂ ਕੱਢਦੀ।
ਰਤਨੇ ਦੀ ਬੇਬੇ ਨੇ ਪੁੱਛਿਆ, ਕਿ ਰਤਨੇ ਇਹ ਕੁੜੀ ਕੌਣ ਹੈ? ਬੇਬੇ ਇਨ੍ਹਾਂ ਦੇ ਰੈਸਟੋਰੈਂਟ ਵਿਚ ਮੈਂ ਕੰਮ ਕਰਦਾ। ਇਹ ਪੰਜਾਬ ਫਿਰਨ ਤੁਰਨ ਆਈ ਹੈ। ਰਤਨੇ ਦੀ ਬੇਬੇ ਨੂੰ ਸਮਝ ਲੱਗ ਗਈ ਸੀ। ਉਸਨੇ ਵੀ ਉਨ੍ਹਾਂ ਨੂੰ ਇੱਕ ਦਿਨ ਇੱਕ ਦੂਜੇ ਦੇ ਮੂੰਹ ਵਿਚ ਬੁਰਕੀਆਂ ਪਾਉਂਦੇ ਦੇਖ ਲਿਆ ਸੀ।
ਨਟਾਲੀਆ ਨੂੰ ਪੰਜਾਬੀ ਦੇ ਥੋੜੇ ਜਿਹੇ ਹੀ ਸ਼ਬਦਾਂ ਬਾਰੇ ਪਤਾ ਸੀ। ਰਤਨੇ ਦੀ ਬੇਬੇ ਨੂੰ ਨਟਾਲੀਆ ਦੀ ਭਾਵੇਂ ਕੋਈ ਸਮਝ ਨਹੀਂ ਲੱਗਦੀ ਸੀ, ਸਭ ਕੁਝ ਇਸ਼ਾਰਿਆਂ ਨਾਲ ਹੀ ਚੱਲਦਾ ਸੀ ਜਾਂ ਫਿਰ ਰਤਨਾ ਮਦਦ ਕਰਦਾ। ਪਰ ਨਟਾਲੀਆ ਰਤਨੇ ਦੀ ਮਾਂ ਨੂੰ ਬਹੁਤ ਹੀ ਚੰਗੀ ਲੱਗਣ ਲੱਗ ਪਈ। ਉਹ ਉਸ ਵਿਚ ਆਪਣੀ ਜਵਾਨੀ ਦੇ ਦਿਨ ਦੇਖਦੀ। ਨਟਾਲੀਆ ਦੀ ਸਮਾਈਲ ਤਾਂ ਰਤਨੇ ਦੀ ਬੇਬੇ ਦਾ ਦਿਲ ਹੀ ਚੀਰ ਜਾਂਦੀ। ਜਦੋਂ ਨਟਾਲੀਆ ਪੰਜਾਬੀ ਸੂਟ ਪਾਉਂਦੀ ਤਾਂ ਰਤਨੇ ਦੀ ਬੇਬੇ ਦਾ ਦਿਲ ਗਦ ਗਦ ਕਰ ਉੱਠਦਾ, ਉਹਦੀ ਦਰਦ ਭਾਫ਼ ਬਣ ਕੇ ਉੱਡ ਜਾਂਦੀ। ਉਸਨੂੰ ਉਹ ਚਿੱਟੀ ਚਿੱਟੀ ਕਪਾਹ ਵਰਗੀ ਲੱਗਦੀ।
ਰਤਨੇ ਦੀ ਮਾਂ ਨੇ ਵੀ ਆਪਣੇ ਮਨ ਵਿਚ ਫੈਸਲਾ ਕਰ ਲਿਆ ਕਿ, ਜੇ ਰਤਨੇ ਨੇ ਇਹਦੇ ਨਾਲ ਵਿਆਹ ਕਰਾਉਣਾ ਤਾਂ ਕਰਾ ਲਵੇ। ਮੈਂ ਵੀ ਤਾਂ ਸਾਰੀ ਉਮਰ ਨਰਕ ਹੀ ਭੋਗਿਆ। ਜੇ ਇਹ ਦੋਵੇਂ ਖੁਸ਼ ਨੇ ਤਾਂ ਠੀਕ ਹੈ। ਨਾਲ਼ੇ ਮੈਂ ਤਾਂ ਹੁਣ ਥੋੜ੍ਹੇ ਦਿਨਾਂ ਦੀ ਪ੍ਰਾਹੁਣੀ ਆ।
ਰਤਨੇ ਨੂੰ ਕੋਈ ਸਮਝ ਨਹੀਂ ਸੀ ਆਉਂਦੀ ਕਿ ਇਨ੍ਹਾਂ ਹਲਾਤਾਂ ਵਿਚ ਬੇਬੇ ਨਾਲ ਨਟਾਲੀਆ ਬਾਰੇ ਗੱਲ-ਬਾਤ ਕਰੇ ਕਿ ਨਾ। ਪਰ ਇੱਕ ਦਿਨ ਰਤਨੇ ਦੀ ਬੇਬੇ ਨੇ ਆਪ ਹੀ ਪੁੱਛ ਕੇ, ਰਤਨੇ ਦੀ ਇਹ ਮੁਸੀਬਤ ਵੀ ਦੂਰ ਕਰ ਦਿੱਤੀ।
ਰਤਨੇ ਦੀ ਬੇਬੇ ਨੇ ਰਤਨੇ ਨੂੰ ਪੁੱਛਿਆ! ਪੁੱਤ ਤੂੰ ਨਤਲੀਆਂ ਨਾਲ ਵਿਆਹ ਕਰਾਉਣਾ?
ਬੇਬੇ ‘ਨਤਲੀਆਂ’ ਨਹੀਂ ‘ਨਟਾਲੀਆਂ’,। ਜੈਅ ਵੱਡੇ ਦਾ ਅਜੇ ਮੂੰਹ `ਤੇ ਹੀ ਨਹੀਂ ਚੜ੍ਹਦਾ। ਤੂੰ ਮੈਨੂੰ ਕਾਗਤ `ਤੇ ਲਿਖਦੇ। ਚੱਲ ਦੱਸ, ਤੂੰ ਇਹਦੇ ਨਾਲ ਵਿਆਹ ਕਰਾਉਣਾ? ਬੇਬੇ ਜੇ ਤੂੰ ਨਹੀਂ ਚਾਹੁੰਦੀ ਤਾਂ ਕੋਈ ਨਾ। ਨਹੀਂ ਨਹੀਂ, ਪੁੱਤ, ਮੈਨੂੰ ਤਾਂ ਇਹ ਬਹੁਤ ਹੀ ਚੰਗੀ ਲੱਗਦੀ ਆ। ਮੇਰੀ ਤਾਂ ਵਾਹਿਗੁਰੂ ਨੇ ਸੁਣ ਲਈ। ਮੈਂ ਤਾਂ ਚਾਹੁੰਦੀ ਹਾਂ ਤੇਰਾ ਘਰ ਵੱਸੇ, ਤੁਸੀਂ ਦੋਵੇਂ ਖੁਸ਼ੀ ਖੁਸ਼ੀ ਰਹੋ। ਪਰ ਇੱਕ ਗੱਲ ਆ! ਆਪਣੇ ਬਾਪੂ ਵਾਲੀ ਨਾ ਕਰੀਂ, ਗਾਲ ਤੋਂ ਬਿਨਾਂ ਕਦੀ ਬੋਲਣਾ ਈ ਨਹੀਂ। ਬਾਹਰ ਵੀ ਨੰਬਰਦਾਰੀ ਅਤੇ ਘਰੇ ਵੀ ਨੰਬਰਦਾਰੀ। ਮੇਰੀ ਤਾਂ ਸਾਰੀ ਜ਼ਿੰਦਗੀ ਨਰਕ ਵਿਚ ਹੀ ਨਿਕਲ ਗਈ। ਪਿਆਰ ਨਾਲ ਰਹੋ, ਤਰੱਕੀਆਂ ਮਾਣੋ। ਮੈਂ ਤਾਂ ਕਹਿਨੀ ਆਂ ਪਾਠ ਕਰਾ ਕੇ ਆਨੰਦ ਲੈ ਹੀ ਲਓ। ਮੇਰਾ ਕੀ ਭਰੋਸਾ, ਅੱਜ ਹੈਗੀ ਆ, ਕੱਲ ਨਾ ਹੋਵਾਂ। ਜਾਣ ਤੋਂ ਪਹਿਲਾਂ ਆਪਣੇ ਪੁੱਤ ਨੂੰ ਵਿਆਹ ਕੇ ਪਾਣੀ ਤਾਂ ਵਾਰ ਲਵਾਂ। ਰਤਨਾ ਬਿੱਟਰ ਬਿੱਟਰ ਦੇਖਣ ਲੱਗਿਆ। ਉੱਠ ਕੇ ਆਪਣੀ ਬੇਬੇ ਨੂੰ ਜੱਫ਼ੀ ਪਾਈ ਅਤੇ ਸੋਚਣ ਲੱਗਿਆ, ਬੇਬੇ! ਭੂਆ ਅਤੇ ਫੁੱਫੜ ਤੋਂ ਕਿੰਨੀ ਜ਼ਿਆਦਾ ਪੜ੍ਹੀ ਲਿਖੀ ਹੈ।