ਵਿਆਹਾਂ ਦੇ ਫ਼ਜੂLਲ ਖਰਚਿਆਂ ਬਾਰੇ ਮੇਰਾ ਲੇਖ

ਪ੍ਰਿੰ. ਸਰਵਣ ਸਿੰਘ
ਨਵੀਂਪੀ ਪੁਸਤਕ ‘ਪੰਜਾਬੀਆਂ ਦੇ ਅਥਾਹ ਤੇ ਫ਼ਜ਼ੂਲ ਖਰਚੇ’ ਵਿਚ 24 ਲੇਖਕਾਂ ਦੇ ਖੋਜਮਈ ਲੇਖ ਹਨ ਜਿਨ੍ਹਾਂ ਨੂੰ ‘ਕਾਫ਼ਲਾ: ਜੀਵੇ ਪੰਜਾਬ’ ਦੇ ਗੁਰਪ੍ਰੀਤ ਸਿੰਘ ਤੂਰ ਆਈ ਪੀ ਐੱਸ ਤੇ ਡਾ. ਬਲਵੰਤ ਸਿੰਘ ਸੰਧੂ ਨੇ ਸੰਪਾਦਤ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ 200 ਪੰਨਿਆਂ ਦੀ ਇਹ ਪੁਸਤਕ ਜੋ ਪੀਪਲਜ਼ ਫੌਰਮ ਬਰਗਾੜੀ ਨੇ ਪ੍ਰਕਾਸ਼ਿਤ ਕੀਤੀ ਹੈ, ਪੰਜਾਬ ਛਦੇ ਸੁਨਹਿਰੀ ਭਵਿੱਖ ਲਈ ਹਰ ਪੰਜਾਬੀ ਦੇ ਘਰ ਪਹੁੰਚੇ। ਪੁਸਤਕ ਹਾਸਲ ਕਰਨ ਲਈ ਫੋਨ 98729-89313, 98158-00405, 98886-58185 ’ਤੇ ਸੰਪਰਕ ਕੀਤਾ ਜਾ ਸਕਦੈ।

ਮੈਂ ਸਵਾ ਰੁਪਏ ‘ਚ ਹੁੰਦੇ ਸਾਦੇ ਵਿਆਹਾਂ ਤੋਂ ਲੈ ਕੇ ਲੱਖਾਂ ਕਰੋੜਾਂ ਦੇ ਮਹਿੰਗੇ ਵਿਆਹ ਹੁੰਦੇ ਵੇਖੇ ਹਨ। ਇਹ ਵੀ ਵੇਖਿਆ ਕਿ ਮਹਿੰਗੇ ਵਿਆਹਾਂ ਨਾਲੋਂ ਸਵਾ ਰੁਪਏ ਵਾਲੇ ਵਿਆਹ ਵਧੇਰੇ ਸਫਲ ਰਹੇ। ਸਾਦੇ ਵਿਆਹਾਂ ਦੇ ਤੋੜ ਵਿਛੋੜੇ ਨਾਮਾਤਰ ਹੋਏ ਜਦਕਿ ਵੱਡੇ ਅਡੰਬਰਾਂ ਵਾਲੇ ਮਹਿੰਗੇ ਵਿਆਹ ਦਿਨਾਂ ‘ਚ ਟੁੱਟਦੇ ਵੇਖੇ। ਕੁਝ ਵਿਆਹਾਂ ਦੀਆਂ ਤਾਂ ਅਜਿਹੀਆਂ ਖ਼ਬਰਾਂ ਵੀ ਮਿਲੀਆਂ ਕਿ ਵਿਆਹ ਦੀ ‘ਬੰਪਰ’ ਪਾਰਟੀ ਪਿੱਛੋਂ ਹਨੀਮੂਨ ਮਨਾਉਣ ਗਿਆ ਜੋੜਾ ਕਿਸੇ ਗੱਲੋਂ ਖਹਿਬੜ ਪਿਆ ਤੇ ਅੱਡੋ-ਅੱਡ ਹੋ ਕੇ ਮੁੜਿਆ। ਉਤੋਂ ਲੋਹੜਾ ਇਹ ਕਿ ਮਹਿੰਗੇ ਵਿਦੇਸ਼ੀ ਰਿਜ਼ੌਰਟ ‘ਚ ਰਾਤ ਬਿਤਾਉਂਦਿਆਂ ਹਨੀਮੂਨੀ ਜੋੜੇ ਨੇ ਹੋਰ ਵਿਆਹ ਕਰਾਉਣ ਤੋਂ ਤੌਬਾ ਕਰ ਲਈ ਤੇ ਉਨ੍ਹਾਂ ਦੇ ਮਾਪੇ ਸਾਰੀ ਉਮਰ ਵਿਆਹ ਦਾ ਕਰਜ਼ਾ ਲਾਹੁੰਦੇ ਖਪਦੇ ਰਹੇ। ਸੋਚੋ ਅਜਿਹੇ ਵਿਆਹ ਬਿਨਾਂ ਕੀ ਥੁੜ੍ਹਿਆ ਸੀ? ਸੁਆਲ ਪੈਦਾ ਹੁੰਦੈ, ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲਿਆਂ ਨੂੰ ਅਕਲ ਕਦੋਂ ਆਊ?
ਅਕਲ ਉਨ੍ਹਾਂ ਨੂੰ ਉਦੋਂ ਆਊ ਜਦੋਂ ਆਪਾਂ ਸਾਰੇ ਅਜਿਹੇ ਵਿਆਹ ਕਰਨ ਵਾਲਿਆਂ ਦਾ ਬਾਈਕਾਟ ਕਰੀਏ ਤਾਂ ਕਿ ਕਿਸੇ ਹੋਰ ਦਾ ਜੇਰਾ ਈ ਨਾ ਪਵੇ ਪਈ ਵਿਆਹ ਦਾ ਐਡਾ ਅਡੰਬਰ ਰਚਾ ਸਕੇ। ਵਿਆਹ ਵਰਗੀ ਸਮਾਜਕ ਜ਼ਿੰਮੇਵਾਰੀ ਵਾਲੀ ਪਵਿੱਤਰ ਰਸਮ `ਤੇ ਲੱਖਾਂ ਕਰੋੜਾਂ ਫੂਕਣ ਵਾਲੇ ਪਰਿਵਾਰ ਸਮਾਜਕ/ਧਾਰਮਕ ਮਰਿਯਾਦਾ ਨੂੰ ਪਲੀਤ ਕਰਨ ਦੇ ਦੋਸ਼ੀ ਮੰਨੇ ਜਾਣ ਤੇ ਉਨ੍ਹਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਸਰਕਾਰਾਂ ਕਾਨੂੰਨ ਬਣਾਉਣ ਕਿ ਮਾਪੇ ਮਿਥੀ ਹੱਦ ਤੋਂ ਵੱਧ ਖਰਚੇ ਨਹੀਂ ਕਰ ਸਕਦੇ ਅਤੇ ਮੈਰਿਜ ਪੈਲਸਾਂ ਵਾਲੇ ਉਸ ਤੋਂ ਵੱਧ ਵਸੂਲ ਨਹੀਂ ਸਕਦੇ। ਅਜਿਹਾ ਕਾਨੂੰਨ ਅਮਲ ਵਿਚ ਲਿਆਉਣ ਲਈ ਪਿੰਡਾਂ ਤੋਂ ਰਾਜਧਾਨੀਆਂ ਤਕ ਲੋਕਾਂ ਦਾ ਭਾਰੀ ਦਬਾਅ ਜ਼ਰੂਰੀ ਹੈ ਤਾਂ ਕਿ ਸਰਕਾਰਾਂ ਨੂੰ ਕਾਨੂੰਨ ਸਖ਼ਤੀ ਨਾਲ ਲਾਗੂ ਕਰਨਾ ਪਵੇ।
ਜਿਹੜੇ ਕਹਿੰਦੇ ਹਨ ਕਿ ਭਾਰਤੀ ਪੰਜਾਬ ਵਿਚ ਅਜਿਹਾ ਹੋ ਨਹੀਂ ਸਕਦਾ, ਉਹ ਪਾਕਿਸਤਾਨੀ ਪੰਜਾਬ ਵਿਚ ਹੋਇਆ ਵੇਖ ਲੈਣ। ਪਾਕਿਸਤਾਨ ਦੀ ਪੰਜਾਬ ਸਰਕਾਰ ਨੇ 20 ਅਪ੍ਰੈਲ 2016 ਨੂੰ ‘ਪੰਜਾਬ ਮੈਰਿਜ ਫੰਕਸ਼ਨਜ਼ ਐਕਟ 2016’ ਅਸੈਂਬਲੀ ਵਿਚ ਪਾਸ ਕੀਤਾ ਸੀ ਜੋ ਉਦੋਂ ਤੋਂ ਅਮਲੀ ਤੌਰ ’ਤੇ ਲਾਗੂ ਹੈ। ਐਕਟ ਅਨੁਸਾਰ ਕਾਨੂੰਨ ਕੁਲ ਪੰਜਾਬ ਲਈ ਹੈ। ਵਿਆਹਾਂ ਦੀਆਂ ਸਾਰੀਆਂ ਰਸਮਾਂ ਸਮੇਂ ਖਾਣੇ ਦੀ ਇਕ ਡਿਸ਼ ਹੀ ਪਰੋਸੀ ਜਾਵੇਗੀ ਜਿਸ ਵਿਚ ਚੌਲ, ਰੋਟੀ, ਨਾਨ, ਇਕੋ ਸਾਲਣ, ਸਲਾਦ, ਇਕ ਸਵੀਟ, ਚਾਹ ਤੇ ਕੋਲਡ ਡ੍ਰਿੰਕ ਹੋਵੇਗੀ। ਕੋਈ ਮਹਿਮਾਨ ਆਪਣੇ ਤੌਰ `ਤੇ ਕੁਝ ਖੁਆ ਪਿਆ ਨਹੀਂ ਸਕੇਗਾ। ਆਤਸ਼ਬਾਜ਼ੀ, ਪਟਾਕੇ, ਹਥਿਆਰਾਂ ਦੇ ਫਾਇਰ ਆਦਿ ਕਰਨ ਦੀ ਪੂਰਨ ਮਨਾਹੀ ਹੋਵੇਗੀ। ਘਰ ਤੋਂ ਬਾਹਰ ਗਲ਼ੀ ‘ਚ ਕੋਈ ਸਜਾਵਟ ਬਗੈਰਾ ਨਹੀਂ ਕਰ ਸਕੇਗਾ ਤੇ ਦਾਜ ਬਗੈਰਾ ਨਹੀਂ ਵਿਖਾਏਗਾ। ਮਹਿਮਾਨਾਂ ਦੀ ਗਿਣਤੀ ਸੀਮਤ ਹੋਵੇਗੀ। ਵਿਆਹ ਦੇ ਰੌਲੇ-ਰੱਪੇ ਨਾਲ ਕੋਈ ਕਿਸੇ ਨੂੰ ਪਰੇਸ਼ਾਨ ਨਹੀਂ ਕਰੇਗਾ। ਕਿਸੇ ਵੀ ਵਿਆਹ ਦੀ ਪਾਰਟੀ ਰਾਤ 10 ਵਜੇ ਤੋਂ ਪਹਿਲਾਂ ਸਮਾਪਤ ਕਰਨੀ ਹੋਵੇਗੀ। ਉਲੰਘਣਾ ਦੀ ਸੂਰਤ ਵਿਚ ਇਕ ਮਹੀਨੇ ਤਕ ਦੀ ਕੈਦ ਤੇ ਪੰਜਾਹ ਹਜ਼ਾਰ ਤੋਂ 20 ਲੱਖ ਰੁਪਏ ਤਕ ਦਾ ਜੁਰਮਾਨਾ ਹੋਵੇਗਾ।
(ਨੋਟ: ਇਸ ਐਕਟ ਦਾ ਪੂਰਾ ਵੇਰਵਾ ਤਿੰਨ ਪੰਨਿਆਂ `ਤੇ ਪ੍ਰਕਾਸ਼ਤ ਹੈ ਜੋ ਇੰਟਰਨੈੱਟ ਤੋਂ ਪੜ੍ਹਿਆ ਜਾ ਸਕਦਾ ਹੈ।) ਭਾਰਤ ਦੀ ਪੰਜਾਬ ਸਰਕਾਰ ਲਈ ਇਹ ਚੈਲੰਜ ਹੈ ਕਿ ਉਹ ਵੀ ਅਜਿਹਾ ਕਾਨੂੰਨ ਬਣਾਵੇ ਤੇ ਸਖ਼ਤੀ ਨਾਲ ਲਾਗੂ ਕਰੇ।
ਕਿਸੇ ਦੇ ਧੀ-ਪੁੱਤ ਦਾ ਵਿਆਹ ਪਰਿਵਾਰਕ ਖੁਸ਼ੀ ਮਨਾਉਣ ਦਾ ਸੁਭਾਗਾ ਮੌਕਾ ਹੁੰਦੈ। ਸਕੇ ਸੰਬੰਧੀਆਂ ਦਾ ਮੇਲ-ਜੋਲ ਹੁੰਦੈ। ਬੱਚੇ ਦੀ ਲੋਹੜੀ ਮਨਾਉਣ ਪਿੱਛੋਂ ਵੱਡੀ ਖੁਸ਼ੀ ਵਿਆਹ ਦੇ ਰੂਪ ਵਿਚ ਆਉਂਦੀ ਹੈ। ਪਰ ਬਹੁਤ ਸਾਰੇ ਲੋਕ ਵਿਆਹ ਦੀ ਖ਼ੁਸ਼ੀ ਮਨਾਉਣ ਦੇ ਨਾਂ `ਤੇ ਵੇਖ ਵਿਖਾਵੇ ਵਿਚ ਹੀ ਏਨਾ ਉਜਾੜਾ ਕਰ ਬਹਿੰਦੇ ਨੇ ਕਿ ਸਾਰੀ ਉਮਰ ਤਾਬ ਨਹੀਂ ਆਉਂਦੇ। ਉਹ ਖ਼ੁਸ਼ੀ ਮਨਾਉਣ ਦੇ ਨਾਂ `ਤੇ ਦੋਹਾਂ ਪਰਿਵਾਰਾਂ ਦੀਆਂ ਖੁਸ਼ੀਆਂ ਦਾ ਘਾਣ ਕਰ ਦਿੰਦੇ ਨੇ। ਪੰਜਾਬ ਦੇ ਲੋਕ ਜੀਵਨ ਦਾ ਸੱਚ ਤਾਂ ਇਹੋ ਹੈ ਕਿ ਸਾਡੇ ਲੋਕ ਰੋਟੀ, ਕਪੜਾ, ਮਕਾਨ ਦੀਆਂ ਬੁਨਿਆਦੀ ਲੋੜਾਂ ਕਾਰਨ ਓਨੇ ਤੰਗ ਨਹੀਂ ਜਿੰਨੇ ਬੇਲੋੜੇ ਵਿਖਾਵੇ ਕਾਰਨ ਤੰਗ ਹਨ। ਬਹੁਤੇ ਪਰਿਵਾਰ ਫੋਕੀਆਂ ਟੌਅ੍ਹਰਾਂ ਨੇ ਪੱਟੇ ਹਨ। ਜਿਹੜੇ ਪਰਿਵਾਰ ਫ਼ਜ਼ੂਲ ਦੇ ਖਰਚਿਆਂ ਤੋਂ ਬਚੇ ਹਨ, ਉਹ ਸੋਹਣਾ ਜੀਵਨ ਬਿਤਾ ਰਹੇ ਹਨ।
ਬੰਦੇ ਦੀਆਂ ਜੀਵਨ ਲੋੜਾਂ ਐਨੀਆਂ ਨਹੀਂ ਜਿੰਨੀਆਂ ਉਸ ਨੇ ਵਧਾ ਰੱਖੀਆਂ ਹਨ। ਉਹ ਕੁਦਰਤ ਦੇ ਨਹੀਂ, ਆਪਣੇ ਹੀ ਸਹੇੜੇ ਵਖ਼ਤ ਨੂੰ ਫਸਿਆ ਹੋਇਆ ਹੈ ਤੇ ਉਹਦੀ ਹਾਲਤ ਆਪੇ ਫਾਥੜੀਏ ਤੈਨੂੰ ਕੌਣ ਛੁਡਾਏ ਵਾਲੀ ਹੈ। ਉਹ ਫੁਕਰੀਆਂ ਫੜ੍ਹਾਂ ਮਾਰਨ ਦੇ ਫੁਕਰੇ ਮੁਕਾਬਲੇ ਵਿਚ ਪੈ ਕੇ ਆਪਣੇ ਆਪ ਨੂੰ ਕੰਗਾਲ ਤੇ ਹੀਣਾ ਸਮਝਣ ਲੱਗ ਪਿਆ ਹੈ। ਬਹੁਤੇ ਬੰਦਿਆਂ ਨੇ ਆਪਣੀ ਹਾਲਤ ਉਸ ਮਿਰਾਸਣ ਵਰਗੀ ਬਣਾ ਰੱਖੀ ਹੈ ਜਿਸ ਨੇ ਸੋਨੇ ਦੀ ਛਾਪ ਵਿਖਾਉਣ ਲਈ ਆਪਣੇ ਘਰ ਨੂੰ ਅੱਗ ਲਾ ਲਈ ਸੀ। ਉਸ ਨੂੰ ਕਿਸੇ ‘ਵੱਡੇ ਘਰ’ ਦੇ ਵਿਆਹ ‘ਚੋਂ ਸੋਨੇ ਦੀ ਛਾਪ ਮਿਲ ਗਈ ਸੀ। ਛਾਪ ਉਂਗਲ ‘ਚ ਪਾ ਕੇ ਉਹ ਬੀਹੀਆਂ ਵਿਹੜਿਆਂ ਵਿਚ ਗੇੜੇ ਦਿੰਦੀ ਰਹੀ। ਪਰ ਨਾ ਕਿਸੇ ਨੇ ਉਹਦੀ ਛਾਪ ਵੇਖੀ ਨਾ ਸਲਾਹੀ। ਉਹ ਬੜੀ ਪਰੇਸ਼ਾਨ ਹੋਈ ਕਿ ਸੋਨੇ ਦੀ ਲਿਸ਼ਲਿਸ਼ ਕਰਦੀ ਛਾਪ ਵੀ ਲੋਕਾਂ ਨੂੰ ਨਹੀਂ ਸੀ ਦਿਸ ਰਹੀ! ਅੱਕ ਕੇ ਉਸ ਨੇ ਆਪਣੇ ਘਰ ਨੂੰ ਆਪ ਹੀ ਅੱਗ ਲਾ ਲਈ ਤੇ ਰੌਲ਼ੀ ਪਾਉਣ ਲੱਗੀ: ਮੇਰਾ ਘਰ ਸੜ ਗਿਆ ਜੇ, ਲੋਕੋ ਅੱਗ ਬੁਝਾਓ! ਲੋਕ ਅੱਗ ਬੁਝਾਉਣ ਲਈ ਪਾਣੀ ਦੀਆਂ ਬਾਲਟੀਆਂ ਚੁੱਕੀ ਦੌੜੇ ਆਏ। ਉਹ ਛਾਪ ਵਾਲੀ ਉਂਗਲ ਉਠਾ ਕੇ ਇਸ਼ਾਰੇ ਕਰੇ, ਐਧਰ ਵੀ ਭਾਂਬੜ ਨਿਕਲਣ ਡਹੇ ਨੇ, ਉਹ ਵੀ ਬੁਝਾਓ। ਅੱਗ ਬੁਝਾਉਣ ਵਾਲਿਆਂ ਦਾ ਧਿਆਨ ਫਿਰ ਵੀ ਛਾਪ ਵੱਲ ਨਾ ਗਿਆ। ਅੱਗ ਬੁਝਾ ਕੇ ਜਦੋਂ ਉਹ ਵਾਪਸ ਜਾਣ ਲੱਗੇ ਤਾਂ ਮਿਰਾਸਣ ਨੇ ਆਖ਼ਰੀ ਹੰਭਲਾ ਮਾਰਦਿਆਂ ਛਾਪ ਵਾਲੀ ਉਂਗਲ ਉਠਾ ਕੇ ਕਿਹਾ, “ਐਥੋਂ ਲੱਗੀ ਸੀ ਅੱਗ!”
ਲੋਕਾਂ ਨੇ ਛਾਪ ਫੇਰ ਵੀ ਨਾ ਵੇਖੀ। ਘਰ ਨੂੰ ਲੱਗੇ ਭਾਂਬੜ ਤਾਂ ਬੁਝ ਗਏ ਪਰ ਮਿਰਾਸਣ ਦਾ ਟੌਅ੍ਹਰ ਵਿਖਾਉਣ ਦਾ ਭਾਂਬੜ ਬੁਝ ਨਾ ਸਕਿਆ। ਉਸ ਨੇ ਘਰ ਫੂਕ ਲਿਆ, ਲੋਕਾਂ ਦਾ ਤਮਾਸ਼ਾ ਬਣੀ ਤੇ ਘਰ ਦੇ ਲੇਫ ਤਲਾਈਆਂ ਦੀ ਥਾਂ ਸੁਆਹ ‘ਚ ਸੁੱਤੀ। ਫੋਕੀਆਂ ਟੌਅ੍ਹਰਾਂ ਤੇ ਵਾਧੂ ਵੇਖ ਵਿਖਾਵਾ ਕਰਨ ਵਾਲਿਆਂ ਦਾ ਹਾਲ ਇੰਜ ਹੀ ਹੁੰਦੈ। ਦੇਸ਼ ਵਿਚ ਵੀ ਤੇ ਵਿਦੇਸ਼ਾਂ ਵਿਚ ਵੀ ਸਾਡੇ ਬਹੁਤ ਸਾਰੇ ਲੋਕਾਂ ਦਾ ਹਾਲ ਉਸ ਮਿਰਾਸਣ ਵਰਗਾ ਵੇਖੀਦੈ। ਇਕ ਦੂਜੇ ਦੀ ਰੀਸੋ ਰੀਸੀ ਉਹ ਔਖੇ ਤੋਂ ਹੋਰ ਔਖੇ ਹੋਈ ਜਾਂਦੇ ਨੇ।
ਜੇ ਕੋਈ ਕਹੇ ਕਿ ਅਜਿਹਾ ਪੰਜਾਬ ਵਿਚ ਹੀ ਹੁੰਦੈ, ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ‘ਚ ਨਹੀਂ ਹੁੰਦਾ ਤਾਂ ਉਸ ਨੂੰ ਭੁਲੇਖੇ ‘ਚ ਨਹੀਂ ਰਹਿਣਾ ਚਾਹੀਦਾ। ਵਿਦੇਸ਼ਾਂ ‘ਚ ਵੀ ਵਿਆਹਾਂ ਦੀਆਂ ਵਧਦੀਆਂ ਰੀਸਾਂ ਘੜੀਸਾਂ ਨੇ ਬੜਾ ਝਮੇਲਾ ਪਾਇਆ ਹੋਇਐ। ਭੇਤੀ ਜਾਣਦੇ ਹਨ ਕਿ ਬਹੁਤੇ ਬੰਦੇ ਏਧਰੋਂ ਓਧਰੋਂ ਪੈਸੇ ਫੜ-ਫੜਾ ਕੇ, ਝੁੱਗਾ ਚੌੜ ਕਰਾ ਕੇ ਹੀ ਪਰਦੇਸ ਪੁੱਜਦੇ ਹਨ। ਉਨ੍ਹਾਂ ਨੇ ਅੱਗੇ ਪਿੱਛੇ ਦੀਆਂ ਬਥੇਰੀਆਂ ਖੁੱਡਾਂ ਮੁੰਦਣੀਆਂ ਹੁੰਦੀਆਂ ਹਨ। ਨੀਂਦਾਂ ਟਾਲ ਕੇ ਓਵਰਟਾਈਮ ਲਾਉਂਦੇ ਹਨ। ਕਈ ਦੂਹਰੀਆਂ ਸਿæਫਟਾਂ ‘ਚ ਕਸੇ ਰਹਿੰਦੇ ਹਨ। ਕਿਸੇ ਦੀ ਸਿæਫਟ ਦਿਨ ਦੀ ਹੁੰਦੀ ਹੈ, ਕਿਸੇ ਦੀ ਰਾਤ ਦੀ। ਨਿਆਣੇ ‘ਬੇਬੀ ਸਿੱਟਰਾਂ` ‘ਚ ਪਲ਼ਦੇ ਤੇ ਰੁਲ਼ਦੇ ਹਨ। ਕਈ ਆਪਣੇ ਨਿਆਣਿਆਂ ਦਾ ਮੂੰਹ ਵੀ ਚੰਗੀ ਤਰ੍ਹਾਂ ਨਹੀਂ ਵੇਖ ਸਕਦੇ। ਉਹ ਕਦੇ ਆਪਣੇ ਬੱਚਿਆਂ ਦੇ ਹੱਥਾਂ `ਤੇ ਘੋਲ ਕੰਡੇ ਕਰਦੇ ਨਹੀਂ ਵੇਖੇ।
ਇਹ ਕਿਧਰਲੀ ਸ਼ਾਨ ਹੋਈ ਕਿ ਜਿਨ੍ਹਾਂ ਬੱਚਿਆਂ ਨੂੰ ਵੇਲੇ ਸਿਰ ਦੁੱਧ ਵੀ ਨਹੀਂ ਚੁੰਘਾਅ ਹੁੰਦਾ ਤੇ ਮੂੰਹ-ਮੱਥਾ ਵੀ ਨੀ ਚੁੰਮ ਹੁੰਦਾ, ਉਨ੍ਹਾਂ ਦੇ ਜਨਮ ਦਿਨਾਂ ਦੀਆਂ ਪਾਰਟੀਆਂ ਉਤੇ ਬੈਂਕਟ ਹਾਲ ਬੁੱਕ ਕਰਾਏ ਜਾਣ। ਫ਼ਜ਼ੂਲ ਖਰਚਾ ਕੀਤਾ ਜਾਵੇ ਤੇ ਹੱਡ ਭੰਨਵੀਂ ਕਮਾਈ ਫੋਕੀ ਟੌਅ੍ਹਰ ਵਿਖਾਉਣ ‘ਚ ਰੋੜ੍ਹ ਦਿੱਤੀ ਜਾਵੇ? ਥੋੜ੍ਹ-ਚਿਰੀ ਬੱਲੇ-ਬੱਲੇ ਲਈ ਅਨੇਕਾਂ ਸੁਖ-ਸਹੂਲਤਾਂ ਵਾਰ ਦਿੱਤੀਆਂ ਜਾਣ? ਵਿਆਹਾਂ ਦੀਆਂ ਪ੍ਰੀ-ਮੈਰਿਜ ਵੀਡੀਓਜ਼, ਅਤਿ ਮਹਿੰਗੀ ਫੋਟੋਗਰਾਫੀ, ਵਿਸ਼ਾਲ ਮੈਰਿਜ ਪੈਲੇਸ ਤੇ ਉਨ੍ਹਾਂ ਦੀ ਸਜਾਵਟ, ਅਸ਼ਲੀਲ ਡੀ ਜੇ, ਨਚਾਰਾਂ ਵਰਗੇ ਗਾਇਕ, ਦਰਜਨਾਂ ਪਕਵਾਨ, ਇੰਪੋਰਟਿਡ ਵਿ੍ਹਸਕੀਆਂ, ਮਹਿੰਗੇ ਸੂਟਾਂ, ਲਹਿੰਗੇ ਤੇ ਅਚਕਨਾਂ, ਹੀਰਿਆਂ ਦੇ ਹਾਰ, ਭਾਰੇ ਗਹਿਣਿਆਂ ਤੇ ਬਹੁਤੇ ਖਾਣਿਆਂ ਪੀਣਿਆਂ ਨਾਲ ਵਿਆਹਾਂ ਨੂੰ ਕੋਈ ਖੰਭ ਨਹੀਂ ਲੱਗ ਜਾਂਦੇ। ਨਾ ਮਹਿੰਗੀਆਂ ਕਾਰਾਂ ਨਾਲ ਕੋਈ ਵੱਡਾ ਬਣਦੈ ਤੇ ਨਾ ਮਹਿੰਗੀਆਂ ਸਕਾਚਾਂ ਵਧੇਰੇ ਚਿਰ ਚੜ੍ਹਦੀਆਂ। ਕੀਮਤੀ ਤੋਹਫਿæਆਂ ਨਾਲ ਕੋਈ ਸੱਚੀ ਮੁੱਚੀਂ ਖ਼ੁਸ਼ਹਾਲ ਨਹੀਂ ਹੋ ਜਾਂਦਾ। ਮੂੰਹ `ਤੇ ਸਲਾਹੁਣ ਵਾਲੇ ਪਿੱਠ ਪਿੱਛੇ ਨਿੰਦਦੇ ਵੀ ਵੇਖੀਦੇ ਹਨ। ‘ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ’ ਵਰਗੇ ਗੀਤ ਐਵੇਂ ਨਹੀਂ ਜੁੜੇ।
ਸਾਡੇ ਵੇਲ਼ੇ ਜਿੰਨੇ ਪੈਸੇ ਪੂਰੇ ਵਿਆਹ `ਤੇ ਲੱਗਦੇ ਸਨ, ਓਨੇ ਪੈਸਿਆਂ ਨਾਲ ਤਾਂ ਹੁਣ ਲਾੜੀ ਦਾ ‘ਬਿਊਟੀ ਪਾਰਲਰ’ ਵੀ ਨਹੀਂ ਹੁੰਦਾ! ਕੋਈ ਪੁੱਛੇ, ਜੀਹਦੇ ਕੋਲ ਬਿਊਟੀ ਹੈ ਉਹਨੂੰ ਪਾਰਲਰ ਦੀ ਕੀ ਲੋੜ? ਵਾਧੂ ਦੇ ਪੰਗੇ ਫੋਟੋਗਰਾਫੀ ਤੇ ਵੀਡੀਓਜ਼ ਵਾਲਿਆਂ ਦੀਆਂ ਟੀਮਾਂ ਸਹੇੜ ਕੇ ਲਏ ਹੁੰਦੇ ਨੇ। ਉਹਨਾਂ ਦੀ ਗਿਣਤੀ ਹੀ ਨਾਨਕੇ ਮੇਲ ਤੋਂ ਵੱਧ ਹੁੰਦੀ ਐ ਜਿਹੜੀ ਕੋਈ ਵੀ ਰਸਮ ਵੇਲੇ ਸਿਰ ਸਿਰੇ ਨਹੀਂ ਚੜ੍ਹਨ ਦਿੰਦੀ। ਉਹ ਅੜਿੱਕੇ ਡਾਹੁੰਦੇ ਅਨੰਦ ਕਾਰਜ ਦੀ ਮਰਿਆਦਾ ਵੀ ਭੰਗ ਕਰਨ ਤਕ ਚਲੇ ਜਾਂਦੇ ਹਨ। ਹੋਰ ਤਾਂ ਹੋਰ, ਫੋਟੋਗਰਾਫੀ, ਐਲਬਮਾਂ ਤੇ ਵੀਡੀਓਜ਼ ਦੇ ਬਿੱਲ ਹੀ ਲੱਖਾਂ ਦੇ ਆਉਣ ਲੱਗ ਪਏ ਹਨ। ਸ਼ੁਕਰ ਹੈ ਅਸੀਂ ਫੋਟੋਗਰਾਫੀ ਤੋਂ ਬਿਨਾਂ ਹੀ ਵਿਆਹ ਕਰਾ ਲਿਆ ਸੀ। ਸਾਨੂੰ ਤਾਂ ਕਦੇ ਹੇਰਵਾ ਨਹੀਂ ਹੋਇਆ ਕਿ ਸਾਡੇ ਪਾਸ ਵਿਆਹ ਦੀ ਇਕ ਵੀ ਫੋਟੋ ਨਹੀਂ! ਜਦੋਂ ਆਪ ਹੈਗੇ ਆਂ, ਕੀ ਕਰਨੇ ਸਨ ਫੋਟੋ?
ਇਹ ਅਸਲੀਅਤ ਹੈ ਕਿ ਪਰਵਾਸੀਆਂ ਸਿਰ ਥੋੜ੍ਹਾ ਬਹੁਤਾ ਕਰਜ਼ਾ ਜ਼ਰੂਰ ਹੁੰਦਾ ਹੈ। ਵਿਦੇਸ਼ੋਂ ਭਾਵੇਂ ਉਹ ਕਰਜ਼ਾ ਚੁੱਕ ਕੇ ਦੇਸ਼ ਪਹੁੰਚਣ ਪਰ ਵਿਖਾਵਾ ਇੰਜ ਕਰਦੇ ਨੇ ਜਿਵੇਂ ਬੜੇ ਵੱਡੇ ਸਟੋਰਾਂ ਦੇ ਮਾਲਕ ਹੋਣ। ਮਹੀਨੇ ਖੰਡ ਦੇ ਤੋਰੇ ਫੇਰੇ ਤੇ ਵੇਖ ਵਿਖਾਵੇ ਪਿਛੋਂ ਅੱਵਲ ਤਾਂ ਕਿਸੇ ਦਾ ਘਰ ਉਜਾੜ ਕੇ ਮੁੜਦੇ ਹਨ, ਨਹੀਂ ਫਿਰ ਆਪਣਾ ਤਾਂ ਉਜੜਿਆ ਮਿਲਦਾ ਹੀ ਹੈ। ਚੌਕੀਦਾਰਾ ਕਰਨ ਵਾਲੇ ਵੀ ਵਿਖਾਵਾ ਅਜਿਹਾ ਕਰਦੇ ਹਨ ਜਿਵੇਂ ਕੰਪਨੀਆਂ ਦੇ ਮੈਨੇਜਰ ਜਾਂ ਡਾਇਰੈਟਰ ਲੱਗੇ ਹੋਣ। ਖੱਤਿਆਂ ‘ਚ ਦਿਹਾੜੀਆਂ ਕਰਨ ਵਾਲੇ ਵੀ ਕਹਿਣਗੇ ਅਸੀਂ ਤਾਂ ਜੀ ਓਥੇ ਫਲ ਫਰੂਟਾਂ ‘ਚ ਈ ਰਹਿੰਨੇ ਆਂ!
ਬਹੁਤਿਆਂ ਘਰਾਂ ਦੀਆਂ ਪਹਿਲੀਆਂ ਕਿਸ਼ਤਾਂ ਲੱਥੀਆਂ ਨਹੀਂ ਹੁੰਦੀਆਂ ਪਰ ਉਹ ਪਹਿਲਾਂ ਨਾਲੋਂ ਵੀ ਵੱਡਾ ਘਰ ਖਰੀਦਣ ਦਾ ਬਿਆਨਾ ਭਰ ਦਿੰਦੇ ਹਨ। ਫਰਨੀਚਰ `ਤੇ ਹੋਰ ਸਾਜ ਬਾਜ ਏਨਾ ਖਰੀਦ ਲੈਂਦੇ ਹਨ ਕਿ ਘਰ ਸਾਮਾਨ ਨਾਲ ਭਰ ਜਾਂਦੈ ਤੇ ਘਰ ਦੇ ਜੀਅ ਬਾਹਰ ਨਿਕਲ ਜਾਂਦੇ ਨੇ! ਸਾਡੇ ਵੇਲੇ ਦੋ-ਚਾਰ ਜੋੜੇ ਜਾਮਿਆਂ ਨਾਲ ਸਰ ਜਾਂਦਾ ਸੀ। ਹੁਣ ਦਸ ਵੀਹ ਸੂਟਾਂ ਨਾਲ ਵੀ ਨਹੀਂ ਸਰਦਾ। ਖ਼ਾਸ ਕਰਕੇ ਤ੍ਰੀਮਤਾਂ ਦਾ। ਦਸ-ਵੀਹ ਸੂਟ ਤਾਂ ਕਹਿੰਦੀਆਂ ਹਨ ਕਿ ਜਣੀ-ਖਣੀ ਕੋਲ ਹਨ। ਉਨ੍ਹਾਂ ਲਈ ਤੀਹ ਵੀ ਥੋੜ੍ਹੇ ਹਨ ਤੇ ਚਾਲੀ ਵੀ। ਕਈਆਂ ਨੂੰ ਭਾਵੇਂ ਥਾਨਾਂ ‘ਚ ਦੱਬ ਦਿਓ ਫਿਰ ਵੀ ਪੁੱਛਣਗੀਆਂ, ਹੋਰ ਥਾਨ ਹੈਗੇ ਕਿ ਮੁੱਕਗੇ?
ਮਹਿੰਗੇ ਕੱਪੜੇ ਪਹਿਨ ਕੇ ਕੋਈ ਸੋਹਣਾ ਨਹੀਂ ਬਣ ਜਾਂਦਾ ਹੁੰਦਾ। ਸੁਹੱਪਣ ਤਾਂ ਸਡੌਲ ਜੁੱਸਿਆਂ `ਤੇ ਹੀ ਲਿਸ਼ਕਦਾ ਹੈ ਜਿਨ੍ਹਾਂ ਦੇ ਸਾਦੇ ਲਿਬਾਸ ਵੀ ਕਿਸੇ ਨੂੰ ਪੁੰਨਿਆਂ ਦਾ ਚੰਨ ਬਣਾ ਦਿੰਦੇ ਹਨ। ਲੋੜ ਤੋਂ ਵੱਧ ਕੱਪੜਿਆਂ, ਗਹਿਣਿਆਂ, ਬਰਤਨਾਂ, ਖਾਣਿਆਂ, ਸਜ ਧਜ ਦੇ ਸਾਮਾਨ, ਫਰਨੀਚਰ, ਵਹੀਕਲ ਤੇ ਵੱਡੇ ਘਰਾਂ ਦਾ ਉਨਾ ਸੁਖ ਨਹੀਂ ਮਿਲਦਾ ਜਿੰਨਾ ਉਨ੍ਹਾਂ ਦੀ ਸਾਂਭ ਸੰਭਾਲ ਦਾ ਕਸ਼ਟ ਸਹਿਣਾ ਪੈਂਦਾ ਹੈ। ਇਹ ਜੋ ਜਨਮ-ਦਿਨਾਂ ਤੇ ਵਿਆਹ ਦਿਨਾਂ ਦੀਆਂ ਵਰ੍ਹੇਗੰਢਾਂ, ਘਰ ਪ੍ਰਵੇਸ਼, ਬੱਚਿਆਂ ਦੀ ਵਾਰ ਵਾਰ ਦੀ ਗਰੈਜੂਏਸ਼ਨ ਤੇ ਵਿਆਹਾਂ ਮੰਗਣਿਆਂ ਦੀਆਂ ਦੂਹਰੀਆਂ ਚੌਹਰੀਆਂ ਪਾਰਟੀਆਂ ਕਰਨ ਦੀ ਰੀਤ ਹਰੇਕ ਵੀਕਐਂਡ ਦੀ ਚੱਲ ਪਈ ਹੈ ਜੇ ਰੋਕੀ ਨਾ ਗਈ ਤਾਂ ਸਭਨਾਂ ਦੇ ਹੱਥੀਂ ਠੂਠੇ ਫੜਾਏਗੀ।
ਫੋਕੀ ਭੱਲ ਬਣਾਉਣ ਖ਼ਾਤਰ ਵਿਦੇਸ਼ਾਂ ‘ਚ ਰਿਸ਼ਤੇ ਕਰਨੇ, ਵਧ ਚੜ੍ਹ ਕੇ ਦਾਜ ਦੇਣਾ, ਸ਼ਰਾਬਾਂ ਦੇ ਸਦਾ ਵਰਤ ਲਾਉਣੇ, ਪਿਸਤੌਲ ਲੱਕ ਨਾਲ ਲਟਕਾਈ ਤੇ ਬੰਦੂਕਾਂ ਮੋਢੇ ਪਾਈ ਫਿਰਨਾ, ਹੱਥੀਂ ਕੰਮ ਕਰਨਾ ਛੱਡ ਕੇ ਨੌਕਰ ਚਾਕਰ ਰੱਖਣੇ, ਪੈਰੀਂ ਤੁਰਨ ਨੂੰ ਮਿਹਣਾ ਮੰਨਣਾ, ਚੰਗੀਆਂ ਭਲੀਆਂ ਬੱਸਾਂ ਹੋਣ ਦੇ ਬਾਵਜੂਦ ਟੈਕਸੀਆਂ ਕਿਰਾਏ `ਤੇ ਕਰਨੀਆਂ ਤੇ ਬਰਾਂਡਡ ਵਸਤਾਂ ਦਾ ਵਿਖਾਵਾ ਕਰਨਾ ਕਿਸੇ ਨੂੰ ਸੱਚੀ-ਮੁਚੀਂ ‘ਵੱਡਾ ਬੰਦਾ’ ਬਣਾਉਣ ਵਾਲੇ ਕਰਮ ਨਹੀਂ। ਦਸ ਦਸ ਤੋਲੇ ਦੇ ਕੜੇ ਪਾਈ ਫਿਰਨੇ ਕਿਸੇ ਨੂੰ ਦਾਨਾ ਬੀਨਾ ਨਹੀਂ ਬਣਾਉਂਦੇ। ਰੀਸ ਕਰਨੀ ਹੈ ਤਾਂ ਸਾਦ ਮੁਰਾਦੇ ਤੇ ਹੋਰਨਾਂ ਦਾ ਭਲਾ ਕਰਨ ਵਾਲੇ ਇਨਸਾਨਾਂ ਦੀ ਕਰੋ।
ਪੰਜਾਬ ਦੇ ਤੇਰਾਂ ਹਜ਼ਾਰ ਪਿੰਡਾਂ ‘ਚ ਪੱਚੀ ਹਜ਼ਾਰ ਤੋਂ ਵੱਧ ਗੁਰਦਵਾਰੇ ਹਨ ਜਿਨ੍ਹਾਂ `ਤੇ ਸੰਗਤਾਂ ਦੇ ਕਰੋੜਾਂ ਅਰਬਾਂ ਰੁਪਏ ਲੱਗੇ ਹਨ। ਇਨ੍ਹਾਂ ਆਲੀਸ਼ਾਨ ਇਮਾਰਤਾਂ ਦੀ ਪੂਰੀ ਸਦਵਰਤੋਂ ਨਹੀਂ ਹੋ ਰਹੀ। ਇਨ੍ਹਾਂ ‘ਚ ਪਿੰਡ ਦੀਆਂ ਧੀਆਂ ਧਿਆਣੀਆਂ ਦੇ ਵਿਆਹ ਤੇ ਸੁਰਗਵਾਸ ਹੋਇਆਂ ਦੇ ਸ਼ਰਧਾਂਜਲੀ ਸਮਾਗਮ ਸਾਦਗੀ ਨਾਲ ਕੀਤੇ ਜਾ ਸਕਦੇ ਹਨ। ਧਾਰਮਿਕ ਜ਼ਾਬਤੇ `ਚ ਰਹਿ ਕੇ ਸਾਹਿਤਕ, ਸਭਿਆਚਾਰਕ, ਅਕਾਦਮਿਕ ਤੇ ਸਮਾਜ ਸੁਧਾਰਕ ਸੰਗਤੀ `ਕੱਠ ਕੀਤੇ ਜਾ ਸਕਦੇ ਹਨ। ਲਾਇਬ੍ਰੇਰੀਆਂ ਤੇ ਡਿਸਪੈਂਸਰੀਆਂ ਦਾ ਪ੍ਰਬੰਧ ਕੀਤਾ ਜਾ ਸਕਦੈ। ਖੇਤੀਬਾੜੀ ਤੇ ਸਿਹਤ ਸੰਭਾਲ ਦੇ ਗੁਰ ਦੱਸੇ ਜਾ ਸਕਦੇ ਹਨ।
ਹੈਰਾਨੀ ਹੈ ਕਿ ਪਿੰਡਾਂ ਦੇ ਕਿਰਤੀ ਪਰਿਵਾਰ ਵੀ ਆਪਣੇ ਧੀਆਂ ਪੁੱਤਾਂ ਦੇ ਵਿਆਹ ਸ਼ਹਿਰੀ ਮੈਰਿਜ ਪੈਲਸਾਂ ਵਿਚ ਕਰਨ ਲੱਗੇ ਹਨ! ਪਰਦੇਸਾਂ ‘ਚ ਤਾਂ ਭਲਾ ਲੋੜ ਸੀ, ਪੰਜਾਬ ਦੇ ਸ਼ਹਿਰਾਂ ਦੀ ਵੀ ਸਮਝ ਆਉਂਦੀ ਹੈ ਪਰ ਪਿੰਡਾਂ ਵਾਲੇ ਕਾਹਦੇ ਲਈ ਝੁੱਗੇ ਚੌੜ ਕਰਾਈ ਜਾਂਦੇ ਹਨ? ਪੇਂਡੂਆਂ ਕੋਲ ਆਪਣੇ ਗੁਰੂ ਘਰ, ਧਰਮਸ਼ਾਲਾ, ਪੰਚਾਇਤ ਘਰ ਤੇ ਖੁੱਲ੍ਹੇ ਵਿਹੜੇ ਹਨ। ਆਪਣਾ ਭਾਈਚਾਰਾ ਹੈ ਜਿਨ੍ਹਾਂ ਦੇ ਖੁੱਲ੍ਹੇ ਘਰ-ਬਾਰ ਹਨ। ਉਹ ਕਿਤੇ ਵੀ ਚਾਨਣੀ ਲਾ ਕੇ ਵਿਆਹ ਸਮਾਗਮ ਕਰ ਸਕਦੇ ਹਨ। ਪੇਂਡੂਆਂ ਦਾ ਮੈਰਿਜ ਪੈਲਸਾਂ ‘ਚ ਜਾ ਕੇ ਵਿਆਹ ਕਰਨਾ ਇੰਜ ਹੈ ਜਿਵੇਂ ਉਨ੍ਹਾਂ ਦਾ ਸਾਰਾ ਸ਼ਰੀਕਾ ਕਬੀਲਾ ਕਚਹਿਰੀ ਤਰੀਕ ਭੁਗਤਣ ਚੱਲਿਆ ਹੋਵੇ। ਮੈਰਿਜ ਪੈਲਸਾਂ ਵਿਚ ਕਈਆਂ ਨੂੰ ਸਹੀ ਢੰਗ ਨਾਲ ਖਾਣਾ-ਪੀਣਾ ਵੀ ਨਹੀਂ ਆਉਂਦਾ ਹੁੰਦਾ। ਇਕੋ ਜਣਾ ਕਈ ਪਲੇਟਾਂ ਲਬੇੜ ਧਰਦੈ। ਸਿੱਧ ਪੱਧਰੇ ਬੰਦੇ ਪੱਬਾਂ ਭਾਰ ਬੈਠੇ ਵੇਖੀਦੇ ਨੇ ਜਿਵੇਂ ਸ਼ੱਕ ‘ਚ ਫੜੇ ਹੋਣ! ਵਿਆਹ ਵਾਲਿਆਂ ਦਾ ਕੂੰਡਾ ਤਾਂ ਹੁੰਦਾ ਹੀ ਹੈ ਮੇਲੀ ਗੇਲੀ ਵੀ ਡੀ ਜੇ ਦੇ ਰੌਲੇ-ਰੱਪੇ ‘ਚ ਕੰਨ ਬੋਲੇ ਕਰਾਉਂਦੇ ਹਜ਼ਾਰ ਦੋ ਹਜ਼ਾਰ ਦੀ ਲੁਪਰੀ ਲੁਆ ਬਹਿੰਦੇ ਨੇ। ਮੁੜਦਿਆਂ ਇਉਂ ਲੱਗਦੇ ਨੇ ਜਿਵੇਂ ਸਚਮੁੱਚ ਹੀ ਤਰੀਕ ਭੁਗਤ ਕੇ ਆਏ ਹੋਣ!
ਹੁਣ ਅਮਰੀਕਾ ਕੈਨੇਡਾ ਦੇ ਪੰਜਾਬੀ ਪਰਿਵਾਰਾਂ ‘ਚ ਮੈਕਸੀਕੋ ਜਾ ਕੇ ਵਿਆਹ ਕਰਾਉਣ ਦਾ ਨਵਾਂ ਤੋਰਾ ਤੁਰ ਪਿਐ। ਕਾਰਨ ਦੱਸਿਆ ਜਾ ਰਿਹੈ ਕਿ ਪੰਜਾਬੀਆਂ ਦੀ ਵਸੋਂ ਵਾਲੇ ਸ਼ਹਿਰਾਂ ਵਿਚ ਵਿਆਹ ਕਰੀਏ ਤਾਂ ਪੇਂਡੂਆਂ ਤੇ ਦੋਸਤਾਂ-ਮਿੱਤਰਾਂ ਦਾ `ਕੱਠ ਬਹੁਤਾ ਹੋ ਜਾਂਦੈ ਜੋ ਬੱਚੇ ਪਸੰਦ ਨਹੀਂ ਕਰਦੇ। ਸ਼ੁਰੂ ‘ਚ ਗਰੇਟਰ ਵੈਨਕੂਵਰ ਦੇ ਪੰਜਾਬੀ ਮੁੰਡੇ ਕੁੜੀਆਂ ਦੇ ਵਿਆਹ ਮੈਕਸੀਕੋ ਦੇ ਦੱਖਣ ਪੂਰਬੀ ਇਲਾਕੇ ਵਿਚ ਕੈਨ-ਕੁਨ ਦੇ ਰਿਜ਼ੌਰਟ ‘ਚ ਹੋਣ ਲੱਗੇ ਸਨ। ਵੈਨਕੂਵਰ ਤੋਂ ਕੈਨ-ਕੁਨ ਹਵਾਈ ਅੱਡੇ ਦੀ ਛੇ ਘੰਟਿਆਂ ਦੀ ਉਡਾਣ ਸੀ। ਅੱਜ ਕੱਲ੍ਹ ਮੈਕਸੀਕੋ ਦੇ ਲੌਸਕੈਂ ਬੋਜ਼ ਰਿਜ਼ੌਰਟ ‘ਚ ਵਿਆਹ ਹੋਣ ਲੱਗੇ ਹਨ ਜਿਥੇ ਪੁੱਜਣ ‘ਚ ਸਾਢੇ ਚਾਰ ਘੰਟੇ ਲੱਗਦੇ ਹਨ। ਅਨੰਦ ਕਾਰਜ ਲਈ ਵੈਨਕੂਵਰਤੋਂ ਹੀ ਗ੍ਰੰਥੀ ਤੇ ਕੀਰਤਨੀਏ ਸਿੰਘ ਲਿਜਾਏ ਜਾਂਦੇ ਹਨ।
ਅਜਿਹੇ ਵਿਆਹਾਂ ‘ਚ ਸ਼ਾਮਲ ਹੋਣ ਲਈ ਹਾਲੇ ਸੌ ਦੋ ਸੌ ਮਹਿਮਾਨ ਹਵਾਈ ਜਹਾਜ਼ ਚੜ੍ਹਨ ਲੱਗੇ ਹਨ ਜਿਨ੍ਹਾਂ ਦਾ ਆਪੋ ਆਪਣਾ ਨਿੱਜੀ ਖਰਚਾ ਚਾਰ-ਪੰਜ ਹਜ਼ਾਰ ਡਾਲਰ ਦੇ ਆਸ-ਪਾਸ ਹੋਣ ਲੱਗਾ ਹੈ। ਵਿਆਹ ਚਾਰ-ਪੰਜ ਦਿਨ ਚਲਦਾ ਹੈ। ਰਿਜ਼ੌਰਟ ਦੇ ਆਮ ਕਮਰੇ ਦਾ ਕਿਰਾਇਆ 800 ਤੇ ਖ਼ਾਸ ਦਾ 2500 ਡਾਲਰ ਪ੍ਰਤੀ ਦਿਨ ਹੁੰਦਾ ਹੈ। ਇੰਜ ਵਿਆਹੇਤਾ ਜੋੜੇ ਦੇ ਘਰ ਵਾਲਿਆਂ ਦਾ ਤਾਂ ਝੁੱਗਾ ਚੌੜ ਹੋਣਾ ਹੀ ਹੁੰਦਾ ਚੋਪੜੇ ਮਹਿਮਾਨ ਵੀ ਜਾਂਦੇ ਹਨ। ਜਦੋਂ ਕਦੇ ਉਨ੍ਹਾਂ ਰਿਜ਼ੌਰਟਾਂ ‘ਚ ਵੀ ਪੰਜਾਬੀਆਂ ਦੇ ਦਾਰੂ ਪੀਣਿਆਂ ਦਾ ਭੜਥੂ ਪੈਣ ਲੱਗਾ ਤਾਂ ਅੰਦਾਜ਼ਾ ਲਾ ਲਓ ਕੀ ਭਾਅ ਪਵੇਗਾ? ਫਿਰ ਉਹ ਕਿੱਥੇ ਜਾਣਗੇ? ਵਿਆਹ ਸ਼ਾਦੀਆਂ ਦੇ ਦਿਨੋ ਦਿਨ ਵੱਧ ਰਹੇ ਫ਼ਜ਼ੂਲ ਖਰਚਿਆਂ ਦਾ ਹੱਲ ਸਮਾਜਕ, ਧਾਰਮਕ, ਬੁੱਧੀਜੀਵੀ ਤੇ ਰਾਜਨੀਤਕ ਨੇਤਾਵਾਂ ਨੂੰ ਰਲ-ਮਿਲ ਕੇ ਕਰਨਾ ਚਾਹੀਦੈ ਜਿਵੇਂ ਪਾਕਿਸਤਾਨ ਵਿਚ ਪੱਛਮੀ ਪੰਜਾਬ ਦੀ ਸਰਕਾਰ ਨੇ ‘ਗੈੱਸਟ ਕੰਟਰੋਲ ਆਰਡਰ’ ਨਾਲ ਕੀਤਾ ਹੈ। ਉਹਦੀ ਉਲੰਘਣਾ ਕਰਨ ਵਾਲਿਆਂ ਨੂੰ ਇਕ ਮਹੀਨੇ ਤਕ ਦੀ ਕੈਦ ਤੇ ਪੰਜਾਹ ਹਜ਼ਾਰ ਤੋਂ ਵੀਹ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਏਧਰ ਗੁਰਾਂ ਦੇ ਨਾਂ `ਤੇ ਜੀਣ ਵਾਲਾ ਸਾਡਾ ਪੰਜਾਬ ਹੈ ਜਿਥੇ ਇਕ ਵਿਆਹ ਸਮਾਗਮ ਵਿਚ ਦਸ ਹਜ਼ਾਰ ਮਹਿਮਾਨਾਂ ਦਾ `ਕੱਠ ਵੇਖਿਆ ਗਿਆ। ਬਹਿਰਿਆਂ ਤੇ ਵਿਸ਼ੇਸ਼ ਅਧਿਕਾਰੀਆਂ ਦੇ ਹਥਿਆਰਬੰਦ ਅੰਗਰੱਖਿਅਕਾਂ ਦੀਆਂ ਫੌਜਾਂ ਵੱਖਰੀਆਂ। ਉਥੇ 300 ਤੋਂ 350 ਵੰਨਗੀਆਂ ਦਾ ਖਾਣਾ-ਪੀਣਾ ਪਰੋਸਿਆ ਗਿਆ ਜਿਸ ਵਿਚੋਂ ਤੀਜਾ ਚੌਥਾ ਹਿੱਸਾ ਜੂਠ ਬਣ ਕੇ ਬਰਬਾਦ ਹੋਇਆ। ਹੈ ਕੋਈ ਸਜ਼ਾ ਐਡੇ ਵੱਡੇ ਸਮਾਜਿਕ ਤੇ ਆਰਥਿਕ ਅਪਰਾਧ ਦੀ? ਕਿਸੇ ਸਰਕਾਰ, ਰਾਜਨੀਤਕ ਪਾਰਟੀ, ਧਾਰਮਿਕ ਕਮੇਟੀ, ਸਮਾਜਿਕ ਸੰਸਥਾ ਜਾਂ ਕਿਸੇ ਕਿਸਾਨ-ਮਜ਼ਦੂਰ ਸਭਾ ਨੇ ਕੋਈ ਯਤਨ ਕੀਤਾ ਹੈ ਕਿ ਲਹਿੰਦੇ ਪੰਜਾਬ ਦੇ ‘ਗੈੱਸਟ ਕੰਟਰੋਲ ਆਰਡਰ’ ਦੀ ਹੀ ਰੀਸ ਕਰ ਲਵੇ। ਆਹ ਰਿਪੋਰਟ ਵੀ ਪੜ੍ਹਲਵੋ:
ਪੱਛਮੀ ਦੇਸ਼ਾਂ ਵਿਚ ਸ਼ੁਰੂ ਹੋਇਆ ਪ੍ਰੀ-ਵੈਡਿੰਗ ਫੋਟੋਸ਼ੂਟ ਦਾ ਰਿਵਾਜ ਐੱਨ.ਆਰ. ਆਈਜ਼ ਦੀ ਬਦੌਲਤ ਪੰਜਾਬ ਵਿਚ ਵੀ ਛਾ ਗਿਆ ਹੈ। ਵਿਆਹ ਤੋਂ ਪਹਿਲਾਂ ਲੜਕਾ-ਲੜਕੀ ਸੈਰ ਸਪਾਟੇ ਵਾਲੀਆਂ ਦੁਰਾਡੀਆਂ ਥਾਵਾਂ ਤੇ ਬੀਚਾਂ `ਤੇ ਜਾ ਕੇ ਫਿਲਮੀ ਸਿਤਾਰਿਆਂ ਦੀ ਤਰ੍ਹਾਂ ਅਰਧ ਨਗਨ ਫੋਟੋਆਂ ਖਿਚਵਾਉਂਦੇ ਵੀਡੀਓਜ਼ ਬਣਵਾਉਂਦੇ ਹਨ। ਫਿਰ ਉਹ ਵੀਡੀਓਜ਼ ਵਿਆਹ ਵਿਚ ਆਏ ਮੇਲ ਮੂਹਰੇ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ‘ਚ ਕਈ ਵਾਰ ਅਜਿਹੇ ਦ੍ਰਿਸ਼ ਸਾਹਮਣੇ ਆਉਂਦੇ ਹਨ ਜੋ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਸ਼ਰਮਸ਼ਾਰ ਕਰਨ ਵਾਲੇ ਹੁੰਦੇ ਹਨ। ਉਤੋਂ ਲੋਹੜਾ ਇਹ ਕਿ ਮੈਰਿਜ ਹਾਲ ਵਿਚ ਵੱਡੀ ਸਕਰੀਨ ਲਾ ਕੇ ਇਹ ਲੁੱਚਪੁਣਾ ਹਰ ਐਰੇ ਗੈਰੇ ਨੂੰ ਵਿਖਾਇਆ ਜਾਂਦਾ ਹੈ ਤੇ ਇਸ ਦੀਆਂ ਤਸਵੀਰਾਂ ਨਿਸ਼ਾਨੀ ਵਜੋਂ ਮਹਿਮਾਨਾਂ ਨੂੰ ਭੇਟ ਕੀਤੀਆਂ ਜਾਂਦੀਆਂ ਹਨ। ਹੈ ਕਿਸੇ ਨੂੰ ਸੰਗਸ਼ਰਮ? ਮੈਰਿਜ ਹਾਲਾਂ ਵਿਚ ਰੱਜ ਕੇ ਸ਼ਰਾਬਾਂ ਪੀਣ, ਮੀਟ ਮੱਛੀ ਤੇ ਹੋਰ ਖਾਣ ਪੀਣ ਦੀਆਂ ਵਸਤਾਂ ਦੀ ਖਾਣ ਪੀਣ ਨਾਲੋਂ ਵਧੇਰੇ ਜੂਠ ਛੱਡਣ, ਨੱਚਣ ਦੇ ਬਹਾਨੇ ਨੱਚਣ ਵਾਲੀਆਂ ਨੂੰ ਘੜੀਸੀ ਫਿਰਨ, ਗਾਉਣ ਵਾਲਿਆਂ `ਤੇ ਗੋਲੀਆਂ ਚਲਾਉਣ, ਕਿਸੇ ਕੁੜੀ ਕੱਤਰੀ ਦੀ ਬਾਂਹ ਫੜ ਕੇ ਨੱਚਣ ਬਦਲੇ ਆਪਸ ਵਿਚ ਭਿੜਨ, ਖੂਨ ਵਹਾਉਣ ਤੇ ਦੁਸ਼ਮਣੀਆਂ ਪਾਉਣ ਵਾਲੇ ਵਿਆਹਾਂ ਬਿਨਾਂ ਕੀ ਥੁੜ੍ਹਿਆ ਪਿਐ? ਕਦੋਂ ਅਕਲ ਆਊ ਸਾਨੂੰ ‘ਮਾਣਮੱਤੇ’ ਪੰਜਾਬੀਆਂ ਨੂੰ?
ਇਕ ਰਿਪੋਰਟ ਅਨੁਸਾਰ ਲੁਧਿਆਣੇ ਦੇ ਆਲੇ-ਦੁਆਲੇ 125 ਮੈਰਿਜ ਪੈਲਿਸ ਹਨ। ਪੰਜਾਬ ‘ਚ ਮੈਰਿਜ ਪੈਲਸਾਂ ਦੀ ਕੁਲ ਗਿਣਤੀ 4500 ਹੈ। ਉਨ੍ਹਾਂ ਨੇ ਹਜ਼ਾਰਾਂ ਏਕੜ ਸਨਅਤੀ ਤੇ ਖੇਤੀਬਾੜੀ ਵਾਲੀ ਉਪਜਾਊ ਜ਼ਮੀਨ ਅਣਉਪਜਾਊ ਕਾਰਜਾਂ ਲਈ ਦੱਬ ਰੱਖੀ ਹੈ। ਡੇਰਿਆਂ ਨੇ ਵੀ ਹਜ਼ਾਰਾਂ ਏਕੜ ਜ਼ਮੀਨ ਮੱਲੀ ਹੋਈ ਹੈ। ਲੋਟੂ ਸਿਆਸਤਦਾਨਾਂ, ਭ੍ਰਿਸ਼ਟ ਅਫਸਰਾਂ ਅਤੇ ਮਾਫੀਆ ਗਰੁੱਪਾਂ ਦੇ ਨਾਜਾਇਜ਼ ਕਬਜ਼ੇ ਵਾਲੀਆਂ ਜ਼ਮੀਨਾਂ ਦਾ ਵੀ ਕੋਈ ਲੇਖਾ ਨਹੀਂ। ਜਿਸ ਰੰਗਲੇ ਪੰਜਾਬ ਦਾ ਇਹ ਹਾਲ ਹੈ ਉਸ ਪੰਜਾਬ ਦੀਆਂ ਅਗਲੀਆਂ ਪੀੜ੍ਹੀਆਂ ਰਹਿਣਗੀਆਂ ਕਿੱਥੇ ਤੇ ਜਾਣਗੀਆਂ ਕਿੱਥੇ?