ਅਨੰਦਪੁਰ ਦੇ ਮਤੇ ਤੋਂ ਅਨੰਦਪੁਰ ਦੀ ਠੇਰੀ ਤਕ ਦਾ ਸਫਰ!

ਗੁਰਬਚਨ ਸਿੰਘ
ਜੂਨ ’84 ਤੋਂ ਬਾਅਦ ਆਪਣੇ ਪਿੰਡੇ ਉਤੇ ਹੰਢਾਏ ਅਣਕਿਆਸੇ ਜਬਰ ਤੇ ਝਲੀ ਮਾਨਸਿੱਖ ਪੀੜ ਨੇ ਸਿੱਖ ਪੰਥ ਦੀ ਚੇਤਨਾ ਵਿਚ ਬੜੀ ਭਾਰੀ ਤਬਦੀਲੀ ਲਿਆਂਦੀ ਹੈ। ਇਸ ਦਾ ਹਾਂ-ਪੱਖੀ ਪ੍ਰਭਾਵ ਇਹ ਪਿਆ ਹੈ ਕਿ ਗੁਰਮਤਿ ਦੀ ਮੌਲਿਕ ਤੇ ਤੰਗਨਜ਼ਰੀ ਵਿਚੋਂ ਬਾਹਰ ਨਿਕਲ ਕੇ ਸਰਬਸੰਸਾਰੀ (ਯੂਨੀਵਰਸਲ) ਵਿਆਖਿਆ ਹੋਣ ਲੱਗੀ ਹੈ।

ਵੈਦਿਕ ਫਿਲਾਸਫੀ (ਵੇਦਾਂਤ) ਨਾਲੋਂ ਇਸ ਦਾ ਸਪੱਸ਼ਟ ਨਿਖੇੜਾ ਹੋਣ ਲੱਗਾ ਹੈ ਅਤੇ ਗੁਰਮਤਿ ਆਧਾਰਿਤ ਕਲਿਆਣਕਾਰੀ ਹਲੇਮੀ ਰਾਜ (‘ਰਾਜ ਕਰੇਗਾ ਖਾਲਸਾ’) ਦੀ ਰਾਜਸੀ ਚੇਤਨਾ ਪੈਦਾ ਹੋਈ ਹੈ।
1849 ਵਿਚ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਫੌਰੀ ਬਾਅਦ ਸਿੱਖੀ ਪ੍ਰਚਾਰ ਨੂੰ ਅਨੇਕ ਕਿਸਮ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ ਸਾਮਰਾਜੀ ਇਸ ਹੱਦ ਤਕ ਮਕਾਰ ਅਤੇ ਬੇਈਮਾਨ ਸਨ ਕਿ ਉਨ੍ਹਾਂ ਨੇ ਸਿੱਖ ਇਤਿਹਾਸ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਨੂੰ ਕੁਰਾਹੇ ਪਾਉਣ ਦਾ ਹਰੇਕ ਸੰਭਵ ਯਤਨ ਕੀਤਾ ਅਤੇ ਇਸ ਕਾਰਜ ਲਈ ਉਸ ਵੇਲੇ ਦੇ ਕਥਿਤ ਸਿੱਖ ਵਿਦਵਾਨਾਂ ਨੂੰ ਅੱਜ ਵਾਂਗ ਹੀ ਸਰਕਾਰੀ ਅਹੁਦਿਆਂ ਦੀ ਮਹਿੰਗੀ ਤੋਂ ਮਹਿੰਗੀ ਕੀਮਤ ਤਾਰ ਕੇ ਖਰੀਦਿਆ। ਇਥੋਂ ਤਕ ਕਿ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਨੂੰ ਸਿੱਖ ਮਾਨਿਸਕਤਾ ਤੋਂ ਦੂਰ ਕਰਨ ਲਈ ਗੁਰਮੁਖੀ ਲਿਪੀ ਬਦਲਣ ਦੇ ਯਤਨ ਕੀਤੇ ਗਏ ਅਤੇ ਬੇਲੋੜੇ ਅਧਿਕ ਠੋਸ ਕੇ ਗੁਰਮੁਖੀ ਲਿਪੀ ਦਾ ਮੂੰਹ-ਮੱਥਾ ਵਿਗਾੜਿਆ ਗਿਆ। ਇਸ ਦੌਰ ਵਿਚ ਗੁਰਮੁਖੀ ਅੱਖਰਾਂ ਦੇ ਪੈਰਾਂ ਵਿਚ ਪਾਈਆ ਤੇ ਲਾਈਆ ਬਿੰਦੀਆਂ ਅਤੇ ਵਾਕ ਬਣਤਰ ਵਿਚ ਅੰਗਰੇਜ਼ੀ ਦਾ ਪ੍ਰਭਾਵ ਕੁਝ ਹੋਰ ਵਿਗਾੜ ਹਨ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤਕ ਅਨੇਕ ਤਰੁੱਟੀਆਂ ਦੇ ਬਾਵਜੂਦ ਸਿੱਖ ਲਹਿਰ ਦੀ ਰਾਜਸੀ ਪਹੁੰਚ ਜਾਰੀ ਰਹੀ। 1849 ਤੋਂ ਬਾਅਦ ਅੰਗਰੇਜ ਬਸਤੀਵਾਦੀ ਰਾਜ ਅਧੀਨ ਮਹਾਰਾਜਾ ਦਲੀਪ ਸਿੰਘ ਦੇ ਜਿਉਂਦੇ ਰਹਿਣ ਤਕ ਸਿੱਖਾਂ ਦਾ ਇਕ ਵਰਗ ਆਪਣੇ ਮਨਾਂ ਵਿਚ ਖਾਲਸਾ ਰਾਜ ਦੀ ਤਾਂਘ ਲਈ ਜੂਝਦਾ ਰਿਹਾ। ਬਾਬਾ ਰਾਮ ਸਿੰਘ ਕੂਕਾ ਦੀ ਅਗਵਾਈ ਵਿਚ ਚੱਲੀ ਨਾਮਧਾਰੀ ਲਹਿਰ ਇਸੇ ਤਾਂਘ ਦਾ ਪ੍ਰਗਟਾਵਾ ਸੀ। ਨਾਮਧਾਰੀ ਲਹਿਰ ਤੋਂ ਫੌਰੀ ਬਾਅਦ ਆਰੰਭ ਹੋਈ ਸਿੰਘ ਸਭਾ ਲਹਿਰ ਦੀ ਇਕ ਧਿਰ ਖਾਲਸਾ ਰਾਜ ਦੀ ਤਾਂਘ ਨੂੰ ਪ੍ਰਗਟ ਕਰਦੀ ਰਹੀ ਪਰ ਸਿੰਘ ਸਭਾ ਲਹਿਰ ਦੀ ਦੂਜੀ ਭਾਰੂ ਧਿਰ ਬਸਤੀਵਾਦੀ ਰਾਜ ਨਾਲ ਸਮਝੌਤਾ ਕਰ ਕੇ ਇਸ ਤਾਂਘ ਨੂੰ ਤਿਲਾਂਜਲੀ ਦੇ ਗਈ। ਖਾਲਸਾ ਰਾਜ ਦੀ ਤਾਂਘ ਨੂੰ ਪ੍ਰਗਟ ਕਰਨ ਵਾਲੀ ਧਿਰ ਨੂੰ ਦੇਸ ਨਿਕਾਲੇ ਅਤੇ ਅੱਜ ਵਾਂਗ ਹੀ ਪੰਜਾਬੋਂ ਬਾਹਰ ਜੇਲ੍ਹਾਂ ਦੀਆਂ ਸਜਾਵਾਂ ਦਿੱਤੀਆਂ ਗਈਆਂ ਅਤੇ ਦੂਜੀ ਧਿਰ ਨੂੰ ਸਹੂਲਤਾਂ ਦੇ ਗੱਫੇ ਦਿੱਤੇ ਗਏ।
ਸਿੰਘ ਸਭਾ ਦੀ ਸਰਕਾਰੀ ਧਿਰ ਨੇ ਅੱਜ ਵਾਂਗ ਹੀ ਸਿੱਖ ਪੰਥ ਵਿਚਲੇ ਹਰੇਕ ਛੋਟੇ ਤੋਂ ਛੋਟੇ ਮਤਿਭੇਦ ਨੂੰ ਪੂਰਾ ਜੋਰ ਲਾ ਕੇ ਉਭਾਰਿਆ। ਇਸ ਦੀ ਸਭ ਤੋਂ ਉਘੜਵੀਂ ਮਿਸਾਲ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗਮਾਲਾ ਦੀ ਹੈ। ਰਾਗਮਾਲਾ ਦੇ ਨਾਂ ਉਤੇ ਬਸਤੀਵਾਦੀ ਸਰਕਾਰ ਦਾ ਵਿਰੋਧ ਕਰ ਰਹੀ ਧਿਰ ਨੂੰ ਗਦਰੀ ਬਾਬਿਆਂ ਵਾਂਗ ਪੰਥ ਵਿਚੋਂ ਛੇਕਣ ਦਾ ਫਤਵਾ ਜਾਰੀ ਕਰ ਕੇ ਸਿੱਖਾਂ ਵਿਚੋਂ ਉਸ ਧਿਰ ਨੂੰ ਨਿਖੇੜਨ ਦੇ ਕੋਝੇ ਯਤਨ ਕੀਤੇ ਗਏ। ਇਸ ਧਿਰ ਨੇ ਇਕ ਨਖਿਧ ਕੰਮ ਇਹ ਕੀਤਾ ਕਿ ਸਿੱਖ ਪੰਥ ਦੇ ਐਨ ਮੁਢ ਵਿਚ ਹੀ ਬਾਦਸ਼ਾਹੀ ਦੀ ਹੋਂਦ ਤੋਂ ਇਨਕਾਰੀ ਹੋ ਕੇ ਪਾਤਸ਼ਾਹੀ ਲਈ ਲੜ ਮਰਨ ਅਤੇ ਸ਼ਹੀਦ ਹੋਣ ਵਾਲੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਖਾਲਸਾਈ ਅਕਸ ਨੂੰ ਵਿਗਾੜਿਆ ਤੇ ਸਿੱਖ ਮਨਾਂ ਵਿਚ ਉਨ੍ਹਾਂ ਪ੍ਰਤੀ ਨਫਰਤ ਭਰੀ ਅਤੇ ਉਨ੍ਹਾਂ ਵਾਂਗ ਹੀ ਸਰਕਾਰੀ ਸਹੂਲਤਾਂ ਦੇ ਰੂਪ ਵਿਚ ਰੁਜੀਨੇ ਲੈਣ ਵਾਲੇ ‘ਤਤ ਖਾਲਸਾ’ ਨੂੰ ਸਿੱਖ ਪੰਥ ਦੇ ਅਸਲੀ ਵਾਰਿਸ ਵਜੋਂ ਸਥਾਪਤ ਕੀਤਾ।
ਸਭ ਤੋਂ ਪਹਿਲਾਂ ਭਾਈ ਠਾਕਰ ਸਿੰਘ ਗਿਆਨੀ ਨੇ ਬਾਕਾਇਦਾ ਲਿਖਤੀ ਰੂਪ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਕਿਰਦਾਰਕੁਸ਼ੀ ਦੀ ਮੁਹਿੰਮ ਆਰੰਭੀ। ‘ਸਤਿਗੁਰੂ ਜੀ ਦੇ ਦਸ ਹੁਕਮ’ ਦੇ ਰੂਪ ਵਿਚ ਇਹ ਪ੍ਰਚਾਰਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਨੂੰ ਆਦੇਸ਼ ਦਿੱਤੇ ਸਨ ਕਿ-
1. ਆਪ ਗੁਰੂ ਨਾ ਬਣੀ ਤੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ। 2. ਜਿਤਿੰਦ੍ਰੇ ਰਹਿਣਾ ਅਤੇ ਜਤ ਪੂਰਨ ਰੱਖਣਾ। 3. ਮੇਰੇ ਹਿਰਦੇ ਦੇ ਪੇ੍ਰਮ ਪਿਆਰੇ ਖਾਲਸਾ ਜੀ ਦੀ ਆਗਿਆ ਵਿਚ ਰਹਿਣਾ। 4. ਸਦਾ ਹੀ ਸਾਡੇ ਮਹਲ ਸੁੰਦਰੀ ਸਾਹਿਬ ਦੇਵਾਂ ਜੀ ਦੀ ਸੇਵਾ ਕਰਨੀ ਤੇ ਉਨ੍ਹਾਂ ਦੀ ਆਗਿਆ ਵਿਚ ਰਹਿਣਾ ਅਰਥਾਤ ਹੁਕਮ ਮੰਨਣਾ। 5. ਮੇਰੇ ਪਿਆਰੇ ਚਾਰੇ ਪੁੱਤਰ ਵਾਰਨ ਵਾਲੇ ਸਯਦ ਬੁੱਧੂ ਸ਼ਾਹ ਸਢੌਰੇ ਵਾਸੀ ਦਾ ਬਦਲਾ ਲੈਣਾ। 6. ਸਰਹੰਦ ਨੂੰ ਉਜਾੜ ਬਜੀਦ ਖਾਨ ਨੂੰ ਸੰਘਾਰ ਸਾਹਿਬਜਾਦਿਆਂ ਦੀ ਯਾਦਗਾਰ ਦਾ ਅਸਥਾਨ ਬਣਾ ਕੇ ਨਿਸ਼ਾਨ ਝੁਲਾਉਣਾ। 7. ਵਾਹਿਗੁਰੂ ਜੀ ਦੇ ਹਜੂਰ ਪੰਜ ਸਿੰਘ ਇਕਤ੍ਰ ਕਰ ਕੇ ਜੋ ਕਾਰਜ ਕਰਨਾ ਅਰਦਾਸਾ ਸੋਧ ਕੇ ਕਰਨਾ। 8. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਨਿਮਰਤਾ ਨਾਲ ਨਿਰਮਾਣ ਹੋ ਬੈਠਣਾ, ਗਦੀ ਆਸਣ ਲਗਾ ਕੇ ਨਹੀਂ ਬੈਠਣਾ। 9. ਸ੍ਰੀ ਦਰਬਾਰ ਅੰਮ੍ਰਿਤਸਰ ਜੀ ਦੇ ਦਰਸ਼ਨ ਅਸ਼ਨਾਨ ਕਰਨਾ ਤੇ ਗੁਰਦੁਆਰੇ ਦੀ ਸੇਵਾ ਕਰਨੀ, ਨਿਵਾਸ ਐਥੇ ਹੀ ਰਖਣਾ। 10. ਸ੍ਰੀ ਅਨੰਦਪੁਰ (ਕੇਸਗੜ੍ਹ ਸਾਹਿਬ) ਸਾਹਿਬ ਜੀ ਵਿਖੇ ਜਾਣਾ ਸਿੰਘਾਂ ਪਾਸੋਂ ਖੰਡੇ ਦਾ ਅੰਮ੍ਰਿਤ ਛਕ ਸਿੰਘ ਸਜ ਖਾਲਸੇ ਨਾਲ ਵਰਤਣ ਕਰਨਾ।
ਇਹ ਸਾਰੇ ਦੇ ਸਾਰੇ ਹੁਕਮ ਮਨ-ਕਲਪਿਤ ਤੇ ਸਿੱਖ ਸਿਧਾਂਤਾਂ ਦੇ ਉਲਟ ਹਨ ਤੇ ਕੋਈ ਵੀ ਇਤਿਹਾਸਕ ਹਵਾਲਾ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਜਿਹੜੇ ਗੁਰੂ ਸਾਹਿਬ ਆਪ ਗ੍ਰਿਹਸਤੀ ਸਨ ਤੇ ਜਿਨ੍ਹਾਂ ਦਾ ਫੁਰਮਾਨ ਹੈ : ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ (ਪੰਨਾ 522) ਉਹ ਭਲਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਤਿੰਦ੍ਰੇ ਰਹਿਣ ਲਈ ਕਿਉਂ ਕਹਿਣਗੇ? ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰੂ ਬਣਨ ਦੀ ਮਿਥ ਵੀ ਅੰਗਰੇਜ ਇਤਿਹਾਸਕਾਰਾਂ ਨੇ ਘੜੀ। ਇਹ ਬਾਦਸ਼ਾਹੀ ਨੂੰ ਨਕਾਰ ਕੇ ਪਾਤਸ਼ਾਹੀ ਲਈ ਜੂਝ ਕੇ ਸ਼ਹੀਦ ਹੋਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਿਰਦਾਰਕੁਸ਼ੀ ਕਰਨ ਲਈ ਘੜੀ ਗਈ, ਤਾਂ ਕਿ ਗੁਰੂ ਹੁਕਮ ਤੋਂ ਉਲਟ ਚਲ ਕੇ ਬਾਦਸ਼ਾਹੀ ਕੋਲੋਂ ਰੁਜੀਨੇ ਤੇ ਸਹੂਲਤਾਂ ਲੈਣ ਵਾਲੇ ਤਤ ਖਾਲਸਿਆਂ ਤੋਂ ਲੈ ਕੇ ਸਮਕਾਲੀ ਰਜਵਾੜਿਆਂ ਤੇ ਬਸਤੀਵਾਦੀ ਰਾਜ ਦੀ ਹੋਂਦ ਨੂੰ ਮਾਨਤਾ ਦੇ ਚੁੱਕੇ ਟੋਡੀ ਸਰਦਾਰ ਬਹਾਦਰਾਂ ਨੂੰ ਸਿੱਖ ਪੰਥ ਵਿਚ ਮਾਨਤਾ ਦਿਵਾਈ ਜਾ ਸਕੇ।
ਭਾਈ ਠਾਕਰ ਸਿੰਘ ਗਿਆਨੀ ਦੇ ਤਿੰਨੇ ਪੁੱਤਰ ਅੰਗਰੇਜ ਫੌਜ ਵਿਚ ਅਫਸਰ ਸਨ। ਭਾਈ ਠਾਕਰ ਸਿੰਘ ਗਿਆਨੀ ਕੋਲੋਂ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਅੰਮ੍ਰਿਤ ਛਕਿਆ। ਸੰਤ ਅਤਰ ਸਿੰਘ ਤੇ ਸੰਤ ਤੇਜਾ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਵਿਰੁੱਧ ਫੈਲਾਏ ਗਏ ਇਸ ਪ੍ਰਚਾਰ ਨੂੰ ਜਾਰੀ ਰੱਖਿਆ। ਸੰਤ ਤੇਜਾ ਸਿੰਘ ਵਲੋਂ ਸੰਤ ਅਤਰ ਸਿੰਘ ਦੀ ਲਿਖੀ ਗਈ ਜੀਵਨੀ ਵਿਚ ਬਾਬਾ ਜੀ ਬਾਰੇ ਇਹ ਸਾਰੇ ਦੋਸ਼ ਫਿਰ ਦੁਹਰਾਏ ਗਏ ਹਨ। ਸੰਤ ਅਤਰ ਸਿੰਘ ਕੋਲਂੋ ਮਾਸਟਰ ਤਾਰਾ ਸਿੰਘ ਨੇ ਅੰਮ੍ਰਿਤ ਛਕਿਆ।
ਹਾਲਾਂ ਕਿ ਸਿੱਖ ਧਰਮ ਵਿਚ ਮੀਰੀ ਤੇ ਪੀਰੀ ਦਾ ਅਟੁੱਟ ਰਿਸ਼ਤਾ ਹੈ ਪਰ ਸੰਤ ਅਤਰ ਸਿੰਘ ਦੀ ਤਰਜ ਉਤੇ ਬਿਲਕੁਲ ਅੱਜ ਵਾਂਗ ਨਿਰੋਲ ਧਰਮ ਪ੍ਰਚਾਰ ਦੇ ਨਾਂ ਉਤੇ ਧਰਮ ਨੂੰ ਰਾਜਨੀਤੀ ਨਾਲੋਂ ਤੋੜ ਕੇ ਪ੍ਰਚਾਰਨ ਵਾਲੇ ਸੰਤਾਂ ਨੂੰ ਅੰਗਰੇਜ ਸਰਕਾਰ ਨੇ ਸ਼ਹਿ ਅਤੇ ਆਸਰਾ ਦਿੱਤਾ। ਅੰਮ੍ਰਿਤ ਪ੍ਰਚਾਰ ਨੂੰ ਸਿੱਖ ਰਾਜਨੀਤੀ ਨਾਲੋਂ ਤੋੜ ਦਿੱਤਾ ਗਿਆ। ਗਰੀਬ ਮਜਲੂਮ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ ਦਾ ਗੁਰਮਤਿ ਅਸੂਲ ਮਹਿਜ ਖਿਆਲੀ ਪ੍ਰਚਾਰ ਦਾ ਅੰਗ ਬਣਾ ਦਿਤਾ ਗਿਆ। ਇਹੀ ਕਾਰਨ ਸੀ ਕਿ ਪੰਜਾਬ ਅੰਦਰ ਨਾਸਤਿਕ ਕਮਿਊੂਨਿਸਟਾਂ ਤੇ ਪਾਖੰਡੀ ਸਾਧਾਂ ਦੇ ਪੈਰ ਲੱਗੇ। ਜੇ ਸਿੱਖ ਲਹਿਰ ਨੇ ਆਪਣੀ ਨਿੱਤ ਦਿਨ ਦੀ ਕੀਤੀ ਜਾਂਦੀ ਅਰਦਾਸ ਮੁਤਾਬਕ ਬਿਨਾਂ ਕਿਸੇ ਜਾਤੀ ਭਿੰ-ਨਭੇਦ ਦੇ ਸਾਰੇ ਗਰੀਬ ਨਿਮਾਣੇ ਨਿਤਾਣੇ ਨਿਓਟੇ ਨਿਆਸਰੇ ਤੇ ਕਥਿਤ ਨੀਚ ਜਾਤਾਂ ਦੇ ਲੋਕਾਂ ਨੂੰ ਆਪਣੀ ਬੁੱਕਲ ਵਿਚ ਲੈਣ ਦਾ ਯਤਨ ਕੀਤਾ ਹੁੰਦਾ ਤਾਂ ਪੰਜਾਬ ਅੰਦਰ ਕਿਸੇ ਹੋਰ ਰਾਜਨੀਤਕ ਧਿਰ ਦੇ ਪੈਰ ਹੀ ਨਹੀਂ ਸਨ ਲੱਗਣੇ।
ਬੇਸ਼ੱਕ ਅੰਗਰੇਜ ਬਸਤੀਵਾਦੀਆਂ ਦੇ ਢਹੇ ਚੜੇ੍ਹ ਸੰਤਾਂ ਦੇ ‘ਨਿਰੋਲ’ ਧਰਮ ਪ੍ਰਚਾਰ ਨੇ ਸਿੱਖਾਂ ਨੂੰ ਅੰਗਰੇਜਾਂ ਤੇ ਕਾਂਗਰਸੀਆਂ ਦੀਆਂ ਰਾਜਨੀਤਕ ਚਾਲਾਂ ਨੂੰ ਸਮਝਣ ਤੋਂ ਊਣੇ ਕਰ ਦਿੱਤਾ। ਇਹੀ ਕਾਰਨ ਸੀ ਕਿ ਸਿੱਖ ਬੜੀ ਹੀ ਸੌਖ ਨਾਲ ਮਨੂਵਾਦੀ ਆਰੀਆ ਸਮਾਜੀਆਂ ਦਾ ਸਿਧਾਂਤਕ ਵਿਰੋਧ ਕਰਨ ਦੀ ਬਜਾਏ ‘ਹਮ ਹਿੰਦੂ ਨਹੀਂ’ ਦੀ ਫਿਰਕੂ ਰਾਜਨੀਤੀ ਦਾ ਸ਼ਿਕਾਰ ਹੋ ਗਏ। ‘ਦੋਹਾਂ ਦੀ ਕਾਣ ਮੇਟੇ’ ਦੇ ਗੁਰੂ ਆਦੇਸ਼ ਨੂੰ ਭੁੱਲ ਕੇ ‘ਘਟ ਗਿਣਤੀ-ਬਹੁਗਿਣਤੀ’ ਦੇ ਚੱਕਰ ਵਿਚ ਫਸ ਗਏ ਅਤੇ ਇੰਝ ਆਪਣੀ ਹੋਂਦ ਆਪ ਹੀ ਛੋਟੀ ਕਰ ਬੈਠੇ। ਸੰਤਾਂ ਨੇ ਅੱਜ ਵਾਂਗ ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ ਪਰ ਰਾਜਸੀ ਸੂਝ ਤੋਂ ਵਿਹੂਣੇ ਲੋਕ ਜਦੋਂ ਲੋੜ ਪਈ ਤਾਂ ਸਿੱਖ ਰਾਜਨੀਤੀ ਤੋਂ ਕਿਨਾਰਾ ਕਰ ਗਏ ਤੇ ਬਾਦਲਕੇ ਵਰਗੇ ਠੱਗਾਂ ਦੇ ਢਹੇ ਚੜ੍ਹ ਗਏ। ਦਮਦਮੀ ਟਕਸਾਲ, ਨਾਨਕਸਰੀ, ਰਾੜ੍ਹੇ ਵਾਲੇ, ਪੇਹੋਵੇ ਵਾਲੇ ਤੇ ਅਨੇਕ ਅਜਿਹੇ ਹੋਰ ਸੰਤ ਜਾਣੇ ਜਾਂ ਅਣਜਾਣੇ ਵਿਚ ਸਿੱਖ ਵਿਰੋਧੀ ਰਾਜਨੀਤੀ ਦੇ ਹੱਕ ਵਿਚ ਭੁਗਤ ਗਏ।
ਸੰਤ ਨਿਸ਼ਚਲ ਸਿੰਘ ਯਮਨਾ ਨਗਰ ਵਾਲਿਆਂ ਨੇ ਇਕ ਬੜਾ ਦਿਲਚਸਪ ਇੰਕਸ਼ਾਫ ਕੀਤਾ ਹੈ। ਉਨ੍ਹਾਂ ਦੇ ਆਪਣੇ ਕਥਨ ਅਨੁਸਾਰ ਮੈਂ ‘‘ਸੰਤ ਫਤਹਿ ਸਿੰਘ ਕੋਲੋਂ ਪੁਛਿਆ ਕਿ ਤੁਸੀਂ ਤੇ ਮਾਸਟਰ ਤਾਰਾ ਸਿੰਘ ਪਹਿਲੇ ਇਕ ਸਾਓ ਤੇ ਤੁਸੀਂ ਮਾਸਟਰ ਜੀ ਕੋਲਂੋ ਪ੍ਰਚਾਰ ਸਿਖਿਆ। ਹੁਣ ਤੁਹਾਡਾ ਆਪਸ ਵਿਚ ਫਰਕ ਕਿਉਂ ਪੈ ਗਿਆ? ਕਹਿਣ ਲਗੇ ਕਿ ਫਰਕ ਇਹ ਪੈ ਗਿਆ ਕਿ ਉਹ ਨਾਮ ਵਾਲੇ ਪਾਸੇ ਨਹੀਂ ਜੁੜਦੇ ਸਨ। ਉਹ ਨਿਰੋਲ ਸੇਵਾ ਵਾਲੇ ਪਾਸੇ ਜੁੜਦੇ ਸਨ। ਉਹ ਆਪ ਨਹੀਂ ਖਾਂਦੇ ਸਨ ਉਨ੍ਹਾਂ ਦੇ ਸੇਵਾਦਾਰ ਜਿਹੜੇ ਸਨ ਉਹ ਲੁਟੇਰੇ ਸਨ।… ਪਹਿਲਾਂ ਪਹਿਲਾਂ ਸੰਤ ਫਤਹਿ ਸਿੰਘ ਜੀ ਸਿਆਸਤ ਵਿਚ ਨਹੀਂ ਪਏ। ਉਹ ਭਜਨ ਹੀ ਕਰਦੇ ਸਨ। ਜਿਸ ਵੇਲੇ ਮਾਸਟਰ ਜੀ ਦੀ ਸੰਗਤ ਹੋਈ ਤੇ ਫਿਰ ਉਹ ਉਸ ਪਾਸੇ ਚਲੇ ਗਏ।… ਸੰਤ ਫਤਹਿ ਸਿੰਘ ਹੋਰੀਂ ਕਹਿੰਦੇ ਸਨ ਕਿ ਪੰਜਾਬੀ ਸੂਬਾ ਹੋਵੇ ਪਰ ਨਾਲ ਬਾਣੀ ਦਾ ਪ੍ਰਚਾਰ ਵੀ ਹੋਵੇ। ਮਾਸਟਰ ਜੀ ਕਹਿੰਦੇ ਸਨ ਕਿ ਬਾਣੀ ਦਾ ਪ੍ਰਚਾਰ ਭਾਵੇਂ ਹੋਵੇ ਜਾਂ ਨਾ ਹੋਵੇ ਪਰ ਪੰਜਾਬੀ ਸੂਬਾ ਜਰੂਰ ਹੋਵੇ।.. ਮੈਂ ਮਾਸਟਰ ਜੀ ਨੂੰ ਪੁੱਛਿਆ ਕਿ ਤੁਸੀਂ ਭਜਨ ਪਾਠ ਕਿਹੜਾ ਸਵੇਰੇ ਉਠ ਕੇ ਕਰਦੇ ਹੋ। ਕਹਿਣ ਲਗੇ ਕਿ ਮੇਰਾ ਭਜਨ ਪਾਠ ਤਾਂ ਪੰਥ ਦੀ ਸੇਵਾ ਹੀ ਹੈ। ਔਰ ਮੈਂ ਚਾਹੁੰਦਾ ਹਾਂ ਕਿ ਮੇਰਾ ਟੁਕੜਾ ਟੁਕੜਾ ਹੋ ਜਾਵੇ ਮੈਂ ਪਿਛੇ ਨਾ ਹਟਾਂ।’’
(ਪੰਜਾਬ ਦੇ ਸਮਕਾਲੀ ਇਤਿਹਾਸ ਦੇ ਮੌਖਿਕ ਸੋਮੇ, ਸਫਾ 467)
ਸਿੱਖ ਰਾਜਨੀਤੀ ਤੇ ਧਰਮ ਵਿਚਕਾਰ ਜਿਹੜੀ ਗੈਰਸਿਧਾਂਤਕ ਦੁਫੇੜ ਪਾਈ ਗਈ ਸੀ ਉਸ ਦੀ ਸਪਸ਼ਟ ਮਿਸਾਲ ਉਕਤ ਬਿਰਤਾਂਤ ਹੈ। ਹੁਣ ਹਰੇਕ ਰਾਜਸੀ ਬੰਦਾ ਜਾਣਦਾ ਹੈ ਕਿ ਸੰਤ ਫਤਹਿ ਸਿੰਘ ਨੂੰ ਬਾਕਾਇਦਾ ਗਿਣੀ ਮਿੱਥੀ ਚਾਲ ਅਧੀਨ ਪੰਜਾਬ ਦੀ ਰਾਜਨੀਤੀ ਵਿਚ ਲਿਆ ਕੇ ਵਾੜਿਆ ਗਿਆ ਤਾਂ ਕਿ ਮਾਸਟਰ ਤਾਰਾ ਸਿੰਘ ਨੂੰ ਸਿੱਖ ਰਾਜਨੀਤੀ ਵਿਚੋਂ ਖਦੇੜਿਆ ਜਾ ਸਕੇ। ਜਿਸ ਮਾਸਟਰ ਤਾਰਾ ਸਿੰਘ ਨੂੰ ਸਿੱਖ ਰਾਜਨੀਤੀ ਵਿਚੋਂ ਖਦੇੜਨ ਲਈ ਸਰਦਾਰ ਪਟੇਲ ਤੇ ਜਵਾਹਰ ਲਾਲ ਨਹਿਰੂ ਵਰਗੇ ਆਗੂ ਸੁਪਨੇ ਲੈਂਦੇ ਮਰ ਗਏ ਉਸ ਮਾਸਟਰ ਤਾਰਾ ਸਿੰਘ ਨੂੰ ਕੇਂਦਰ ਸਰਕਾਰ ਨੇ ਬਾਦਲਕਿਆਂ ਦੀ ਮਦਦ ਨਾਲ ਪੰਜਾਬ ਦੀ ਸਿੱਖ ਰਾਜਨੀਤੀ ਵਿਚੋਂ ਬੜੀ ਸੌਖ ਨਾਲ ਬਾਹਰ ਧੱਕ ਦਿੱਤਾ ਅਤੇ ਜਦੋਂ ਪੰਜਾਬੀ ਸੂਬੇ ਦੀ ਹਦਬੰਦੀ, ਚੰਡੀਗੜ੍ਹ ਤੇ ਭਾਖੜਾ ਡੈਮ ਦੀ ਮਾਲਕੀ ਵਰਗੇ ਅਹਿਮ ਮਸਲਿਆਂ ਦਾ ਫੈਸਲਾ ਹੋਣਾ ਸੀ, ਉਦੋਂ ਸੰਤ ਫਤਹਿ ਸਿੰਘ ਜੀ ਇੰਗਲੈਂਡ ਦੌਰੇ ਉਤੇ ਚਲੇ ਗਏ।
ਇਹ ਸਿਰਫ ਸੰਤ ਕਰਤਾਰ ਸਿੰਘ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਨ ਜਿਨ੍ਹਾਂ ਨੇ ਸਿੱਖ ਧਰਮ ਤੇ ਰਾਜਨੀਤੀ ਵਿਚਲੀ ਪਈ ਦੁਫੇੜ ਨੂੰ ਖਤਮ ਕਰਦਿਆਂ ਪੰਥਕ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ। ਸੰਤ ਕਰਤਾਰ ਸਿੰਘ ਦੀ ਸਰਗਰਮ ਹਮਾਇਤ ਬਿਨਾਂ ਸ਼੍ਰੋਮਣੀ ਅਕਾਲੀ ਦਲ ਦਾ ਐਮਰਜੈਂਸੀ ਵਿਰੁਧ ਲਾਇਆ ਮੋਰਚਾ ਕਦੇ ਵੀ ਸਫਲ ਨਹੀਂ ਸੀ ਹੋ ਸਕਦਾ ਤੇ ਅਨੰਦਪੁਰ ਮਤੇ ਦੀ ਪ੍ਰਾਪਤੀ ਲਈ ਲਾਇਆ ਮੋਰਚਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਮੂਲੀਅਤ ਬਿਨਾਂ ਇਸ ਸਿਖਰ ਉਤੇ ਨਹੀਂ ਸੀ ਪਹੁੰਚ ਸਕਦਾ।
ਸੰਤ ਭਿੰਡਰਾਂਵਾਲਿਆਂ ਦੀ ਸਭ ਤੋਂ ਵਡੀ ਸਿਧਾਂਤਕ ਦੇਣ ਅਨੰਦਪੁਰ ਦੇ ਮਤੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਦੀ ਠੇਰੀ ਉਤੇ ਕੀਤੇ ਗਏ ‘ਰਾਜ ਕਰੇਗਾ ਖਾਲਸਾ’ ਦੇ ਐਲਾਨ ਨਾਲ ਜੋੜਨਾ ਸੀ, ‘‘ਅਨੰਦਪੁਰ ਦਾ ਮਤਾ ਕੇਵਲ ਏਨਾ ਨਹੀਂ ਕਿ ਦੋ ਚਾਰ ਚੀਜ਼ਾਂ — ਪਾਣੀ ਮੰਗ ਲਿਆ, ਬਿਜਲੀ ਮੰਗ ਲਈ, ਕਣਕ ਦਾ ਭਾਅ ਵਧਾ ਲਿਆ, ਏਨਾ ਕੰਮ ਕੇਵਲ ਅਨੰਦਪੁਰ ਦੇ ਮਤੇ ਵਿਚ ਨਹੀਂ। ਅਨੰਦਪੁਰ ਦਾ ਮਤਾ, ਅਨੰਦਪੁਰ ਦੀ ਠੇਰੀ ਉਤੇ ਸਤਿਗੁਰੂ ਜੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਉਨ੍ਹਾਂ ਵਿਚਾਰਾਂ ਦੇ ਆਪਾਂ ਧਾਰਨੀ ਬਣਨਾ ਹੈ।’’ ਸੰਤਾਂ ਨੇ ਸਿੱਖੀ ਨੂੰ ਪੰਜਾਬ ਤੇ ਪੰਜਾਬੀਅਤ ਦੀ ਸਿਧਾਂਤਕ ਗੁਲਾਮੀ ਤੋਂ ਮੁਕਤ ਕਰਵਾਇਆ। ਸਿੱਖ ਸੁਰਤਿ ਨੂੰ ਅਨੰਦਪੁਰ ਦੇ ਮਤੇ ਤੋਂ ਅਗਾਂਹ ਟਪ ਕੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਨੰਦਪੁਰ ਦੀ ਠੇਰੀ ਉਤੇ ਕੀਤੇ ਗਏ ਬਚਨਾਂ ਨਾਲ ਜੋੜਿਆ। ਸਸ਼ਤ੍ਰਨ ਅਧੀਨ – ‘ਗਰੀਬ ਕੀ ਰਖਿਆ! ਜਰਵਾਣੇ ਕੀ ਭਖਿਆ!’ ਦੇ ਅਸੂਲ ਨੂੰ ਦ੍ਰਿੜ ਕਰਵਾਇਆ।
ਸਿੱਖ ਲਹਿਰ ਦੇ ਪ੍ਰਗਟ ਹੋਣ ਦਾ ਨਿਸ਼ਾਨਾ ਹੀ ਇਹ ਸੀ :
ਜਿਨ ਕੀ ਜਾਤ ਗੋਤ ਕੁਲ ਮਾਹੀ। ਸਰਦਾਰੀ ਨਾ ਭਈ ਕਦਾਹੀਂ।
ਤਿਨ ਹੀ ਕੋ ਸਰਦਾਰ ਬਣਾਊ। ਤਬਹੀ ਗੋਬਿੰਦ ਸਿੰਘ ਨਾਮ ਕਹਾਂਊ।
ਜੇ ਅੱਜ ਸਿੱਖ ਲਹਿਰ ਇਸ ਨਿਸ਼ਾਨੇ ਨੂੰ ਪ੍ਰਗਟ ਕਰਨ ਦੇ ਯੋਗ ਹੋ ਜਾਏ ਤਾਂ ਮੋਦੀ-ਸ਼ਾਹ ਤਾਂ ਕੀ ਦੁਨੀਆਂ ਦੀ ਕੋਈ ਵੀ ਤਾਕਤ ਉਨ੍ਹਾਂ ਨੂੰ ਦਬਾਅ ਨਹੀਂ ਸਕਦੀ। ਕਿਸਾਨ ਅੰਦੋਲਨ ਦੀ ਸਫਲਤਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਸਿੱਖ ਸਿਧਾਂਤ ਵਿਚ ‘ਮਿਸ਼ਨਰੀ’ ਸ਼ਬਦ ਦੀ ਕੋਈ ਤੁਕ ਨਹੀਂ। ‘ਮਿਸ਼ਨਰੀ’ ਸ਼ਬਦ ਇਸਾਈ ਧਰਮ ਦੇ ਪਾਦਰੀਆਂ ਦੀ ਨਕਲ ਹੈ। ਅਜਿਹੀ ਪ੍ਰੰਪਰਾ ਦਾ ਸਿੱਖ ਧਰਮ ਵਿਚ ਕੋਈ ਸਥਾਨ ਨਹੀਂ। ਬੁਧ ਧਰਮ ਦੀ ਸਭ ਤੋਂ ਕਮਜੋਰ ਕੜੀ ‘ਭਿਖੂ’ ਪ੍ਰੰਪਰਾ ਸੀ। ਬੁਧ ਧਰਮ ਦਾ ਪ੍ਰਚਾਰ ਕਰਨ ਵਾਲੇ ਭਿਖੂ ਆਮ ਸਮਾਜ ਤੋਂ ਬਾਹਰ ਬੈਠੇ ਕੁਝ ਤਿਆਗੀ ਲੋਕ ਸਨ। ਪਰ ਗ੍ਰਿਹਸਤ ਧਰਮ ਤੋਂ ਵਿਰਵੇ ਰਹਿਣ ਕਰਕੇ ਅਜਿਹੇ ਲੋਕਾਂ ਨੂੰ ਆਪਣੇ ਕੁਦਰਤੀ ਜਜਬਿਆਂ ਦਾ ਵੀ ਤਿਆਗ ਕਰਨਾ ਪੈਂਦਾ ਸੀ, ਜਿਹੜਾ ਕੁਝ ਕੁ ਸਮੇਂ ਲਈ ਤਾਂ ਸੰਭਵ ਸੀ ਪਰ ਤਾਉਮਰ ਅਸੰਭਵ ਸੀ। ਇਸੇ ਕਰ ਕੇ ਸਭ ਤੋਂ ਪਹਿਲਾਂ ਭਿਖੂ ਪ੍ਰੰਪਰਾ ਵਿਕਾਰਾਂ ਦਾ ਸ਼ਿਕਾਰ ਹੋਈੇ। ਜੋਗੀ ਸਿਧ ਤੇ ਨਾਥ ਬੁਧ ਮਤਿ ਦੀ ਇਸੇ ਪ੍ਰੰਪਰਾ ਦੀਆਂ ਸ਼ਾਖਾਵਾਂ ਸਨ, ਜਿਨ੍ਹਾਂ ਬਾਰੇ ਫੁਰਮਾਨ ਹੈ :
ਹੋਇ ਅਤੀਤੁ ਗ੍ਰਿਹਸਤ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ। (ਭਾਈ ਗੁਰਦਾਸ ਜੀ)
ਇਸੇ ਭਿਖੂ ਪ੍ਰੰਪਰਾ ਦੇ ਆਧਾਰ ਉਤੇ ਇਸਾਈ ਧਰਮ ਵਿਚ ਪਾਦਰੀਆਂ ਦੀ ਸੰਸਥਾ ਹੋਂਦ ਵਿਚ ਆਈ। ਅੱਜ ਪਾਦਰੀ ਪ੍ਰੰਪਰਾ ਉਤੇ ਬੱਚਿਆਂ ਦੇ ਕਾਮੁਕ ਸ਼ੋਸ਼ਣ ਦੇ ਦੋਸ਼ ਲਗ ਰਹੇ ਹਨ। ਗੁਰੂ ਸਾਹਿਬਾਨ ਨੇ ਗ੍ਰਿਹਸਤ ਧਰਮ ਉਤੇ ਜੋਰ ਦਿੱਤਾ ਹੈ।
ਇਸਾਈ ਧਰਮ ਦੀ ਤਰਜ ਉਤੇ ਸਿੱਖਾਂ ਵਿਚ ਬਣੀ ਮਿਸ਼ਨਰੀ ਪ੍ਰੰਪਰਾ ਸਿੱਖ ਧਰਮ ਦਾ ਨਿਖੇਧ ਹੈ। ਸਿੱਖ ਧਰਮ ਵਿਆਖਿਆ ਉਤੇ ਨਹੀਂ ਅਮਲ ਉਤੇ ਜੋਰ ਦੇਂਦਾ ਹੈ। ਇਸ ਪ੍ਰਪੰਰਾ ਨੇ ਸਿੱਖ ਧਰਮ ਦੀ ਇਕਹਿਰੀ ਵਿਆਖਿਆ ਕਰ ਕੇ ਸਾਰੀ ਸਿੱਖ ਲਹਿਰ ਰਾਜਸੀ ਪਹੁੰਚ ਤੋਂ ਦੂਰ ਧਕ ਦਿਤੀ। ਬਦਕਿਸਮਤੀ ਨਾਲ ਸਿੱਖ ਧਰਮ ਦੀ ਸਾਰੀ ਅਜੋਕੀ ਵਿਆਖਿਆ ਇਸੇ ਧਿਰ ਨੇ ਕੀਤੀ ਹੈ। ਇਹ ਵਿਆਖਿਆ ਸਿੱਖ ਰਾਜਸੀ ਹੋਂਦ ਤੋਂ ਉਕਾ ਹੀ ਇਨਕਾਰੀ ਹੈ। ਇਸੇ ਨਕਾਰੀ ਸੋਚ ਦਾ ਖਮਿਆਜ਼ਾ ਸਿੱਖਾਂ ਨੇ 1947 ਦੇ ਖੂਨੀ ਘੱਲੂਘਾਰੇ ਦੇ ਰੂਪ ਵਿਚ ਭੁਗਤਿਆ ਹੈ। ਸਿੱਖ ਧਰਮ ਵਿਚ ਛਾਈ ਅਜੋਕੀ ਪੁਜਾਰੀ ਪ੍ਰੰਪਰਾ ਇਨ੍ਹਾਂ ਮਿਸ਼ਨਰੀਆਂ ਨੇ ਪ੍ਰਚਾਰ ਨੂੰ ਧੰਦਾ ਬਣਾ ਕੇ ਆਪਣੇ ਅਮਲ ਰਾਹੀਂ ਪੱਕੀ ਕੀਤੀ ਹੈ। ਸਿੱਖ ਪੰਥ ਦੇ ਅੱਖਾਂ ਖੋਲ੍ਹਣ ਵਾਲੀ ਗੱਲ ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਚੇਤ ਸਿੰਘ ਜੀ ਸਿੱਖ ਪੰਥ ਪ੍ਰਤੀ ਇਹ ਰੋਸ ਪ੍ਰਗਟ ਕਰ ਰਹੇ ਹਨ, ਕਿ ‘‘ਜਿਸ ਤਰ੍ਹਾਂ ਪਾਦਰੀ ਬੜੀ ਸ਼ਾਨ ਨਾਲ ਰਹਿੰਦੇ ਹਨ ਅਤੇ ਵਿਚਰਦੇ ਹਨ, ਉਹ ਗੱਲ ਸਾਡੇ ਵਿਚ ਨਹੀਂ।’’ (ਪੰਜਾਬ ਦੇ ਸਮਕਾਲੀ ਇਤਿਹਾਸ ਦੇ ਮੌਖਿਕ ਸੋਮੇ, ਸਫਾ 489)
ਸਾਰੇ ਸਿੱਖ ਸੰਘਰਸ਼ ਦੌਰਾਨ ਸ਼ਾਇਦ ਹੀ ਕੋਈ ਮਿਸ਼ਨਰੀ ਪ੍ਰਚਾਰਕ ਹੋਵੇ ਜਿਸ ਨੇ ਸਿੱਖਾਂ ਉਤੇ ਹੁੰਦੇ ਸਰਕਾਰੀ ਜਬਰ ਵਿਰੁੱਧ ਕਦੇ ਹਾਅ ਦਾ ਨਾਹਰਾ ਮਾਰਿਆ ਹੋਵੇ। ਇਹ ਗੱਲ ਐਂਵੇ ਨਹੀਂ ਵਾਪਰ ਗਈ ਕਿ ਇਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਵਰਗਿਆਂ ਨੂੰ ਬਿਨਾਂ ਕਿਸੇ ਦੋਸ਼ ਤੋਂ ਗੁਰੂ ਕਲਗੀਧਰ ਪਾਤਸ਼ਾਹ ਦੀ ਲਹਿਰ ਨੂੰ ਪ੍ਰਚੰਡ ਕਰਨ ਦੇ ਦੋਸ਼ ਵਿਚ ਡਿਬਰੂਗੜ੍ਹ ਭੇਜਿਆ ਗਿਆ ਹੈ ਅਤੇ ਦੂਜੇ ਪਾਸੇ ‘ਧੂੰਦੇ’ ਵਰਗਿਆਂ ਨੂੰ ਸਰਕਾਰੀ ਸੁਰੱਖਿਆ ਦਿੱਤੀ ਜਾ ਰਹੀ ਹੈ।
ਬੇਸ਼ਕ ਇਕ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਇਸ ਸਾਰੇ ਸਮੇਂ ਦੌਰਾਨ ਇਨ੍ਹਾਂ ਉਕਤ ਰੁਝਾਣਾਂ ਨਾਲੋਂ ਵਿਹਰ ਕੇ ਸਿੱਖ ਲਹਿਰ ਕਿਸੇ ਨਾ ਕਿਸੇ ਢੰਗ ਨਾਲ ਸੰਘਰਸ਼ਸ਼ੀਲ ਰਹੀ ਹੈ ਅਤੇ ਖਾਸ ਕਰ ਕੇ ਜੂਨ ’84 ਤੋਂ ਬਾਅਦ ਆਪਣੇ ਪਿੰਡੇ ਉਤੇ ਹਰੇਕ ਕਿਸਮ ਦੇ ਸਰਕਾਰੀ ਜਬਰ ਨੂੰ ਝੱਲਦੀ ਹੋਈ ਅਜੋਕੀ ਦਸ਼ਾ ਵਿਚ ਪਹੁੰਚੀ ਹੈ।