ਜਾਸਮੀਨ ਦੀ ਮਹਿਕ` ਦਾ ਇਕ ਕਾਂਡ

ਸੁਰਿੰਦਰ ਸੋਹਲ
ਸੁਰਿੰਦਰ ਸੋਹਲ ਦੇ ਛਪ ਰਹੇ ਨਾਵਲ ‘ਜਾਸਮੀਨ ਦੀ ਮਹਿਕ` ਦਾ ਪਹਿਲਾ ਕਾਂਡ ‘ਪੰਜਾਬ ਟਾਈਮਜ਼` ਦੇ ਪਾਠਕਾਂ ਦੇ ਰੂ-ਬ-ਰੂ ਕਰਨ ਦੀ ਅਸੀ ਖ਼ੁਸ਼ੀ ਲੈ ਰਹੇ ਹਾਂ। ਇਸ ਨਾਵਲ ਬਾਰੇ ਕੈਨੇਡਾ ਵਸਦੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਉਂਕਾਰਪ੍ਰੀਤ ਦਾ ਕਥਨ ਹੈ- ‘ਭਾਰਤੀ, ਅਰਬੀ ਅਤੇ ਯੂਰਪੀਅਨ ਮਿਥਿਹਾਸ `ਚ ਜਾਸਮੀਨ ਦੇ ਫੁੱਲਾਂ ਦਾ ਸ਼ਵੇਤਾਂਬਰੀ ਦਰਜਾ ਹੈ। ਸ਼ੁੱਧ ਆਤਮਾ ਦਾ ਰੂਪ ਤੇ ਮਹਿਕ।

ਸੁਰਿੰਦਰ ਸੋਹਲ ਦੇ ਇਸ ਨਾਵਲ ਦੇ ਵਰਕੇ ਵੀ ਹੂ-ਬ-ਹੂ ਜਾਸਮੀਨ ਦੀਆਂ ਪੱਤੀਆਂ ਹਨ ਜਿਨ੍ਹਾਂ `ਤੇ ‘ਜਾਸਮੀਨੀ-ਮਹਿਕ` ਦੀ ਲਿੱਪੀ `ਚ ਸਿਰਜੀ ਕਥਾ ਹੈ। ‘ਜਾਸਮੀਨ ਦੀ ਮਹਿਕ` ਦੀ ਇਸ ਕਥਾ ਦਾ ਆਧਾਰ ਭਾਵੇਂ ਕਿਸੇ ਇਕ ਚੱਕਰਵੰਤ ਗਿੱਲ ਦਾ ਆਤਮਿਕ ਬੇ-ਮੁੱਖ ਜੀਣ ਹੈ ਪਰ ਇਸ ਦੇ ਪਾਸਾਰ ਦੇ ਕਲ਼ਾਵੇ `ਚ ਦੁਨੀਆ ਦਾ ਹਰ ਉਹ ਮਨੁੱਖ ਹੈ ਜਿਸ ਦੇ ਜੀਵਨ ਦਾ ਆਧਾਰ ਆਤਮਿਕ ਬੇ-ਮੁੱਖਤਾ ਹੋ ਚੁੱਕਾ ਹੈ। ਨਾਵਲ ਦੀ ਅਚੰਭਿਕ-ਰਹੱਸਮਈ ਕਥਾ ਦਾ ਕਮਾਲ ਇਹ ਹੈ ਕਿ ਚੱਕਰਵੰਤ ਗਿੱਲ ਦਾ ਜੀਵਨ ਜਿਉਂ-ਜਿਉਂ ਪਰਤ-ਦਰ-ਪਰਤ ਖੁੱਲ੍ਹਦਾ ਜਾਂਦਾ ਹੈ, ਤਿਉਂ-ਤਿਉਂ ਪਾਠਕ-ਮਨ ਵੀ ਆਪਣੀ ਆਤਮਾ ਦੇ ਰੂ-ਬ-ਰੂ ‘ਅਲਫ਼-ਨੰਗਾ` ਹੁੰਦਾ ਜਾਂਦਾ ਹੈ। ਜਿਸ ਦੌਰ `ਚ ਸਫਲ ਜੀਵਨ ਦਾ ਆਧਾਰ ਆਤਮਿਕ ਬੇ-ਮੁੱਖਤਾ ਬਣ ਚੁੱਕਾ ਹੋਵੇ, ਉਸ ਦੌਰ `ਚ ਮਨੁੱਖ ਨੂੰ ਸ਼ੁੱਧ ਆਤਮਾ ਦੀ ਮਹਿਕ ਦੇ ਰੂ-ਬ-ਰੂ ਕਰਨਾ ‘ਜਾਸਮੀਨ ਦੀ ਮਹਿਕ` ਵਰਗੇ ਸ਼ੁੱਧ ਕਲਾਤਮਿਕ ਸਾਹਿਤ ਦਾ ਹੀ ਗੌਰਵਮਈ ਹੌਸਲਾ ਤੇ ਹਾਸਿਲ ਹੁੰਦਾ ਹੈ।`
ਅਲਫ਼ ਨੰਗਾ ਖੜ੍ਹਾ ਹਾਂ।
ਸਾਹਮਣੇ ਅਨੰਤ ਸਮੁੰਦਰ, ਵਿਸ਼ਾਲ ਟੈਲੀਵਿਜ਼ਨ ਦੀ ਬੇਕਿਨਾਰਾ ਸਕਰੀਨ ਵਾਂਗ ਨੀਲਾ-ਨੀਲਾ ਲਿਸ਼ਕ ਰਿਹਾ ਹੈ। ਧਰਤ-ਆਕਾਸ਼ ਨਾਲ਼ ਇੱਕ-ਮਿੱਕ। ਪਿਛਾਂਹ ਨੂੰ ਉੱਲਰਿਆ ਹੋਇਆ। ਲਹਿਰਾਂ ਨੀਲੀਆਂ ਧਾਰੀਆਂ ਵਾਂਗ ਸ਼ੀਸ਼ੇ `ਤੇ ਮੇਲ਼੍ਹ ਰਹੀਆਂ ਨੇ। ਕਦੇ-ਕਦੇ ਤੇਜ਼ ਹਵਾਵਾਂ ਆਸਮਾਨ ਜਿੱਡੀ ਸਕਰੀਨ `ਤੇ ਲਹਿਰਾਂ ਦੇ ਅਣਗਿਣਤ ਨੀਲੇ ਰੱਸੇ ਵੱਟੀ ਜਾਂਦੀਆਂ ਨੇ। ਰੱਸੇ ਨੀਲੇ ਕਿਉਂ ਹਨ? ਨੀਲੇ ਰੱਸੇ ਕਿਉਂ ਮੇਰੀ ਆਤਮਾ ਨੂੜਨ ਲੱਗ ਪਏ ਨੇ?
ਦੂਰੋਂ ਉੱਠਿਆ ਛੱਲ ਦਾ ਵਿਰਾਟ ਥਾਨ, ‘ਕੜੱਕ` ਕਰ ਕੇ ਸ਼ੀਸ਼ੇ ਦੀ ਸਕਰੀਨ ਤੋੜਦਾ, ਮੇਰੇ ਪੈਰਾਂ `ਚ ਆ ਕੇ ਖੁੱਲ੍ਹ ਗਿਆ ਹੈ।
ਛੱਲਾਂ ਦਾ ਸ਼ੋਰ ਚੁਫੇਰੇ ਫੈਲ ਰਿਹਾ ਹੈ, ਜਿਵੇਂ ਸਮੁੰਦਰ ਮੇਰੇ ਨੰਗੇਜ `ਤੇ ਹੱਸ ਰਿਹਾ ਹੈ। ਹੱਸਣ ਦਾ ਅੰਦਾਜ਼ ਬਦਲਦਾ ਹੈ। ਲੱਗਦਾ ਹੈ, ਡੇਲਾਈਲਾ ਹੱਸ ਰਹੀ ਹੈ, ”ਕਿਉਂ ਪ੍ਰੋਫ਼ੈਸਰ ਸਾਹਿਬ! ਪੁੱਛਦੇ ਸੀ ਨਾ, ਜਦੋਂ ‘ਆਦਰਸ਼ਵਾਦੀ ਬੰਦਾ` ਨੰਗਾ ਹੁੰਦੈ ਤਾਂ ਕਿਹੋ ਜਿਹਾ ਲੱਗਦੈ? ਦੇਖ ਲਵੋ ਹੁਣ।“
ਖੌਰੂ ਪਾਉਂਦੀ ਛੱਲ ਫਿਰ ਪੈਰਾਂ `ਚ ਆ ਕੇ ਚਾਦਰ ਵਾਂਗ ਵਿਛ ਗਈ ਹੈ। ਖੱਬੀ ਬਾਂਹ ਕਮਜ਼ੋਰ ਹੈ। ਮੈਂ ਸੱਜੇ ਹੱਥ ਨਾਲ਼ ਪਾਣੀ ਦੀ ਚਾਦਰ, ਕੰਨੀਓਂ ਫੜ ਕੇ, ਉਤਾਂਹ ਚੁੱਕ ਦਿੱਤੀ ਹੈ। ਥੱਲੇ ਰੇਤ ਦਿਸਣ ਲੱਗ ਪਈ ਹੈ। ਰੇਤ `ਤੇ ਟੇਢਾ ਪਿਆ ਭੂਰਾ ਕੁੱਤਾ ਕਿੰਨੇ ਆਰਾਮ ਨਾਲ਼ ਸੁੱਤਾ ਪਿਆ ਹੈ! ਉਸ ਦੇ ਪੈਰ ਨਹੀਂ, ਸਿੱਪੀਆਂ ਦੇ ਸਫ਼ੈਦ ਪਹੀਏ ਲੱਗੇ ਹੋਏ ਨੇ। ਕੰਨ ਦੀ ਥਾਂ ਚਾਬੀ। ਚਾਬੀ ਘੁਮਾਉਣ ਲਈ ਖੱਬਾ ਹੱਥ ਅਗਾਂਹ ਕਰਦਾ ਹਾਂ। ਪਾਣੀ ਦੀ ਚਾਦਰ ਹੱਥੋਂ ਨਿਕਲ਼ ਗਈ ਹੈ। ਕੁੱਤਾ ਢਕਿਆ ਗਿਆ ਹੈ।
”ਚੋਰ… ਚੋਰ… ਚੋਰ,“ ਆਵਾਜ਼ ਬਿਲਕੁਲ ਨਿਰਵੈਰ ਦੀ ਹੈ, ”ਚੋਰ… ਕੁੱਤਾ ਚੋਰੀ ਕਰਨ ਲੱਗੈ। ਚਾਬੀ ਆਲ਼ਾ ਕੁੱਤਾ…।“
ਦੌੜਨ ਦੀ ਸੋਚਦਾ ਹਾਂ ਪਰ ਪੈਰ ਰੇਤਾ `ਚ ਧਸੇ ਹੋਏ ਨੇ। ਵੱਡੀ ਸਾਰੀ ਛੱਲ ਮੇਰੇ ਵੱਲ ਇਉਂ ਆ ਰਹੀ ਹੈ, ਜਿਵੇਂ ਦਿਓ ਕੱਦ ਵੇਲ ਮੱਛੀ ਮੈਨੂੰ ਨਿਗਲ਼ਣ ਆ ਰਹੀ ਹੋਵੇ।
ਤ੍ਰਬਕ ਗਿਆ ਹਾਂ। ਮੰਜੇ `ਤੇ ਪਿਆ ਕਿੰਨਾ ਚਿਰ ਸੁਫ਼ਨੇ `ਚ ਦਿਸੀਆਂ ਚੀਜ਼ਾਂ ਬਾਰੇ ਸੋਚਦਾ ਰਹਿੰਦਾ ਹਾਂ। ਸੌਣ ਵੇਲ਼ੇ ਡਾਲੀ ਦੀ ਪੇਟਿੰਗ ਦਾ ਖ਼ਿਆਲ ਆ ਗਿਆ ਸੀ। ਸ਼ਾਇਦ ਓਸੇ ਦਾ ਪ੍ਰਭਾਵ ਹੈ ਇਹ ਸੁਫ਼ਨਾ … ਪਰ ਨੀਲੀਆਂ ਤੂਫ਼ਾਨੀ ਛੱਲਾਂ ਤਾਂ ਮੇਰੇ ਮਨ `ਚ ਦੱਬੀਆਂ ਅਤੀਤ ਦੀਆਂ ਕਿੰਨੀਆਂ ਹੀ ਯਾਦਾਂ ਦੇ ਘੋਗੇ-ਸਿੱਪੀਆਂ ਵਰਤਮਾਨ ਦੇ ਕਿਨਾਰੇ `ਤੇ ਸੁੱਟ ਗਈਆਂ ਹਨ। … ਤੇ ਟੈਲੀਵਿਜ਼ਨ ਦੀ ਸਕਰੀਨ…!
ਜ਼ੋਰ ਦੀ ਸਿਰ ਝਟਕਦਾ ਹਾਂ। ਜਿਵੇਂ ਚੇਤਿਆਂ ਦੀਆਂ ਤਲ਼ੀਆਂ `ਚ ਖੁੱਭੇ ਸਕਰੀਨ ਦੇ ਟੁਕੜੇ ਕੱਢ ਦੇਣਾ ਚਾਹੁੰਦਾ ਹਾਂ… ਪਰ ਇਹ ਕਿਉਂ ਨਹੀਂ ਨਿਕਲ਼ਦੇ? ਕਿਉਂ ਹੋਰ ਡੂੰਘੇ ਧੱਸ ਹੋਈ ਜਾਂਦੇ ਨੇ?
”ਓ ਰੱਬਾ!“ ਮੂੰਹੋਂ ਨਿਕਲ਼ ਗਿਆ ਹੈ। ਹੈਰਾਨ ਹੋਇਆ ਹਾਂ। ਇਹ ਸ਼ਬਦ ਮੇਰੀ ਜੀਭ `ਚੋਂ ਕਿਵੇਂ ਫੁੱਟ ਪਏ ਨੇ! ਜਿਵੇਂ ਪੈਗ਼ੰਬਰ ਨੇ ਅੱਡੀ ਮਾਰ ਕੇ ਮਾਰੂਥਲ `ਚੋਂ ਮਿੱਠੇ ਪਾਣੀ ਦਾ ਚਸ਼ਮਾ ਫੁਟਾਅ ਦਿੱਤਾ ਹੋਵੇ।
ਧੁੱਪ ਚੜ੍ਹ ਪਈ ਹੈ।
ਵਾਕਰ ਫੜ ਕੇ ਬਾਥਰੂਮ ਗਿਆ ਹਾਂ। ਤਾਜ਼ਾ ਹੋ ਕੇ ਰਸੋਈ `ਚ ਆ ਕੇ ਕੌਫ਼ੀ ਬਣਾਈ ਹੈ। ਲਿਵਿੰਗ-ਰੂਮ `ਚ ਕੌਫ਼ੀ ਦਾ ਕੱਪ ਮੇਜ਼ `ਤੇ ਟਿਕਾਇਆ ਹੈ। ਸ਼ੀਸ਼ੇ ਦੀ ਕੰਧ ਥਾਣੀਂ ਬਾਹਰ ਨਿਗਾਹ ਸੁੱਟੀ ਹੈ ਤਾਂ ਦੂਰੋਂ ਸਮੁੰਦਰ ਹੱਸ ਰਿਹਾ ਜਾਪਿਆ ਹੈ। ਜਿਵੇਂ ਮੇਰੀ ਹਾਲਤ `ਤੇ ਹੱਸ ਰਿਹਾ ਹੈ। ਵੱਡੀ ਕੁਰਸੀ `ਤੇ ਬੈਠ ਕੇ ਬਾਹਰ ਦੇਖਣ ਲੱਗ ਪਿਆ ਤੇ ਪਤਾ ਨਹੀਂ ਕਿੰਨਾ ਚਿਰ ਦੇਖਦਾ ਰਿਹਾ ਹਾਂ!
ਵਾਕਰ ਚੁੱਕਣ-ਰੱਖਣ ਨਾਲ਼ ਚੁੱਪ ਦੇ ਜਿਸਮ `ਤੇ ਜੋ ‘ਟੱਕ-ਟੱਕ` ਦੇ ਨਿੱਕੇ-ਨਿੱਕੇ ਦਾਗ਼ ਪਏ ਸਨ, ਸੰਨਾਟੇ ਦੀ ਕੂਚੀ ਨੇ ਕਦੋਂ ਦੇ ਹੀ ਮਿਟਾਅ ਦਿੱਤੇ ਨੇ। ਸੰਘਣੀ ਖ਼ਾਮੋਸ਼ੀ ਲਿਵਿੰਗ-ਰੂਮ `ਚ ਤਾਰੀ ਹੈ। ਬੁੱਢੇ ਮੇਪਲ਼ ਹੇਠ ਬੈਠੇ ਪਰਿੰਦੇ ਮਸਤ ਹਨ। ਇਕ ਰੁੱਖ ਓਹਲੇ ਬਿੱਲੀ ਸ਼ਹਿ ਲਾ ਕੇ ਬੈਠੀ ਹੈ। ਰੋਜ਼ ਆਪਣਾ ਸ਼ਿਕਾਰ ਕਰ ਜਾਂਦੀ ਹੈ। ਪੰਛੀ ਵੀ ਕਿੰਨੇ ਅਣਭੋਲ਼ ਹੁੰਦੇ ਨੇ! ਮੈਨੂੰ ਆਪਣਾ-ਆਪਾ ਵੀ ਕਿਸੇ ਪੰਛੀ ਵਰਗਾ ਹੀ ਲੱਗਿਆ ਹੈ। ਮੈਂ ਤਾਂ ਅਣਭੋਲ਼ ਨਹੀਂ ਸਾਂ ਪਰ ਪਤਾ ਹੀ ਨਹੀਂ ਲੱਗਾ, ਸਵੈ-ਮੰਥਨ ਦੀ ਬਿੱਲੀ ਨੇ ਮੈਨੂੰ ਕਦੋਂ ਆਣ ਦਬੋਚਿਆ ਹੈ!
ਸ਼ੀਸ਼ੇ ਦੀ ਕੰਧ ਥਾਣੀਂ ਸੱਜੇ ਬੰਨੇ ਜਾਸਮੀਨ ਦਾ ਬੂਟਾ ਪੂਰੇ ਦਾ ਪੂਰਾ ਦਿਸਦਾ ਹੈ, ਭਰ ਜੁਆਨ ਮੁਟਿਆਰ ਵਾਂਗ। ਜਾਸਮੀਨ ਵੀ ਤਾਂ ਏਨੀ ਹੀ ਜੁਆਨ ਸੀ। ਭਰਪੂਰ। ਦਿਲਕਸ਼। ਸੁਣੱਖੀ।
ਕੌਫ਼ੀ ਦਾ ਘੁੱਟ ਭਰਨ ਦਾ ਖ਼ਿਆਲ ਆਇਆ ਹੈ। ਝੱਟ ਕੱਪ ਚੁੱਕਦਾ ਹਾਂ। ਕੌਫ਼ੀ ਦੀ ਗਰਮਾਹਟ ਮਰ ਗਈ ਹੈ। ਜਿਵੇਂ ਮੈਂ ਕੌਫ਼ੀ `ਚ ਵਟ ਗਿਆ ਹਾਂ। ਠੰਢਾ-ਸੀਤ।
ਘੁਟਨ ਮਹਿਸੂਸ ਹੋ ਰਹੀ ਹੈ।
ਬਾਹਰ ਜੰਗਲ਼ੀ ਰੁੱਖ ਝੂਮ ਰਹੇ ਨੇ।
ਲਿਵਿੰਗ-ਰੂਮ ਦੀ, ਜੰਗਲ਼ ਵੱਲ ਖੁੱਲ੍ਹਦੀ, ਦੱਖਣੀ ਬਾਰੀ ਖੋਲ੍ਹਦਾ ਹਾਂ। ਤਾਜ਼ਾ ਹਵਾ ਦੇ ਬੁੱਲੇ ਨਾਲ਼ ਪੰਛੀਆਂ ਦੇ ਬੋਲਾਂ ਦੀ ‘ਸਿੰਫ਼ਨੀ` ਅੰਦਰ ਡੁੱਲ੍ਹ ਗਈ ਹੈ। ਸੰਨਾਟਾ ਰਾਗ-ਮਈ ਹੋ ਗਿਆ ਹੈ। ਚੁੱਪ ਤਿੜਕ ਗਈ ਹੈ। ਡੂੰਘਾ ਸਾਹ ਭਰਿਆ ਹੈ ਤਾਂ ਹਵਾ `ਚ ਰਚੀ ਜਾਸਮੀਨ ਦੀ ਮਹਿਕ ਨੇ ਮੇਰਾ ਦਿਲ ਕਲ਼ਾਵੇ `ਚ ਲੈ ਲਿਆ ਹੈ। ਮੈਂ ਫੇਰ ਜਾਸਮੀਨ ਦੇ ਬੂਟੇ ਵੱਲ ਦੇਖਦਾ ਹਾਂ। ਬੂਟਾ ਹੈ ਕਿ ਜਾਸਮੀਨ ਖ਼ੁਦ ਖੜ੍ਹੀ ਹੈ, ਹੱਥਾਂ `ਚ ਚਿੱਟੇ ਫੁੱਲਾਂ ਦਾ ਗੁਲਦਸਤਾ ਫੜੀ!
ਮਾਈਕ੍ਰੋਵੇਵ `ਚ ਦੁਬਾਰਾ ਗਰਮ ਕੀਤੀ ਕੌਫ਼ੀ ਪੀ ਕੇ ਜਾਨ ਪੈ ਗਈ ਹੈ।
ਫ਼ਰੰਟ-ਯਾਰਡ `ਚ ਕਾਰ ਆਣ ਰੁਕੀ ਹੈ। ਟਿਕ-ਟਿਕੀ ਲਾ ਕੇ ਲਗਾਤਾਰ ਦੇਖੀ ਜਾ ਰਿਹਾ ਹਾਂ। ਕਬੂਤਰੀ ਵਰਗੀ ਨਰਸ ਨਿਕਲ਼ੀ ਹੈ। ਹੱਥ `ਚ ਬੈਗ। ਉਸ ਦੇ ਡੋਰ-ਬੈੱਲ ਵਜਾਉਣ ਤੋਂ ਪਹਿਲਾਂ ਹੀ ਤਿਪੈਰੀ ਖੂੰਡੀ ਦਾ ਸਹਾਰਾ ਲੈ ਕੇ, ਬੂਹਾ ਖੋਲ੍ਹ ਕੇ, ਖਲੋਅ ਗਿਆ ਹਾਂ।
”ਵਾਓ! ਸੋ ਸਵੀਟ,“ ਨਰਸ ਦੇ ਦੰਦ ਕਲੀਆਂ ਵਾਂਗ ਚਮਕੇ ਹਨ। ਗੱਲ੍ਹਾਂ ਦੀ ਗੁਲਾਬੀ ਭਾਅ ਹੋਰ ਗੂੜ੍ਹੀ ਹੋ ਗਈ ਹੈ, ”ਹਾਓ ਡੂ ਯੂ ਫ਼ੀਲ?“ ਫਿਰ ਖੂੰਡੀ ਵੱਲ ਇਸ਼ਾਰਾ ਕਰ ਕੇ ਪੁੱਛਦੀ ਹੈ, ”ਵਾਓ! ਨੋ ਮੋਰ ਵਾਕਰ?“
”ਸਿਰਫ਼ ਉੱਠਣ ਵੇਲ਼ੇ ਈ ੲ੍ਹੇਦੀ ਲੋੜ ਪੈਂਦੀ ਐ। ਫਿਰ ਸਰੀਰ ਗਰਮ ਹੋ ਜਾਂਦੈ। ਖੂੰਡੀ ਨਾਲ਼ ਹੀ ਕੰਮ ਰਿੜ੍ਹ ਪੈਂਦੈ,“ ਮੈਂ ਹੱਸਣ ਦੀ ਕੋਸ਼ਿਸ਼ ਕਰਦਾ ਹਾਂ, ”ਕੌਫ਼ੀ ਅਰ ਜੂਸ?“
”ਨੋ ਥੈਂਕਸ,“ ਉਹ ਬੈਗ ਖੋਲ੍ਹ ਕੇ ਸਾਮਾਨ ਮੇਜ਼ `ਤੇ ਟਿਕਾਉਣ ਲੱਗੀ ਹੈ।
ਅੱਖ ਦੇ ਫੋਰ `ਚ ਸੀਨ ਬਦਲ ਗਿਆ ਹੈ…।
ਉਹ ਮੇਜ਼ ਤੋਂ ਚੁੱਕ-ਚੁੱਕ ਸਾਮਾਨ ਬੈਗ `ਚ ਪਾ ਰਹੀ ਹੈ, ”ਪਰਫ਼ੈੱਕਟ। ਸਾਰਾ ਕੁਝ ਸਹੀ ਹੈ। ਜੋ-ਜੋ ਦਵਾਈਆਂ ਖਾਂਦੇ ਓ ਖਾਂਦੇ ਰਹਿਣਾ। ਹਲਕੀ-ਹਲਕੀ ਕਸਰਤ ਨਾ ਛੱਡਣਾ।“
”ਨੀਂਦ ਘੱਟ ਆਉਂਦੀ ਐ,“ ਮੈਂ ਦੱਸ ਰਿਹਾ ਹਾਂ।
”ਬੁਢਾਪੇ ਕਰਕੇ,“ ਨਰਸ ਹੱਸਦੀ ਹੈ, ”ਘਬਰਾਉਣ ਦੀ ਲੋੜ ਨਹੀਂ।“
”ਅਤੀਤ ਤੇ ਵਰਤਮਾਨ ਰਲ਼-ਗੱਡ ਹੋਣ ਲੱਗੇ ਨੇ। ਪਤਾ ਈ ਨਹੀਂ ਲੱਗਦਾ ਕਦੋਂ ਵਰਤਮਾਨ `ਚ ਆ ਜਾਂਦਾ ਹਾਂ, ਕਦੋਂ ਅਤੀਤ `ਚ ਚਲਾ ਜਾਂਦਾ ਹਾਂ। ਮੇਰੇ ਲਈ ਤਾਂ ਜਿਵੇਂ ਸਮੇਂ ਦਾ ਸਿਧਾਂਤ ਈ ਬਦਲ ਗਿਐ,“ ਮੈਂ ਚਾਹੁੰਦਾ ਹਾਂ ਉਹ ਕੁਝ ਦੇਰ ਰੁਕ ਜਾਵੇ। ਇਕਲਾਪੇ ਦਾ ਭਾਰ ਝੱਲ ਨਹੀਂ ਹੋ ਰਿਹਾ।
”ਬੁਢਾਪੇ ਕਰਕੇ,“ ਨਰਸ ਨੇ ਬੈਗ ਚੁੱਕਿਆ ਹੈ।
”ਬੁਢਾਪਾ ਚੀਜ਼ ਹੀ ਐਸੀ ਹੈ ਪ੍ਰੋਫ਼ੈਸਰ ਸਾਹਿਬ,“ ਵਿਵੇਕ ਕਿੱਥੋਂ ਆਣ ਹਾਜ਼ਰ ਹੋਇਆ ਹੈ, ”ਮੌਲਾਨਾ ਰੂਮੀ ਨੇ ਮਸਨਵੀ `ਚ ਜ਼ਿਕਰ ਕੀਤੈ, ਅਖੇ: ਬੁੱਢਾ ਬੰਦਾ ਹਕੀਮ ਕੋਲ਼ ਜਾ ਕੇ ਕਹਿੰਦਾ_ ਹਕੀਮ ਸਾਹਿਬ, ਨੀਂਦ ਨਈਂ ਆਉਂਦੀ। ਹਕੀਮ ਨੇ ਕਿਹਾ_ਬੁਢਾਪੇ ਕਰਕੇ। ਬੰਦਾ ਫੇਰ ਬੋਲਿਆ-ਹਕੀਮ ਸਾਹਿਬ ਭੁੱਖ ਨਈਂ ਲੱਗਦੀ। ਹਕੀਮ ਦਾ ਓਹੀ ਜਵਾਬ-ਬੁਢਾਪੇ ਕਰਕੇ। _ਹਕੀਮ ਸਾਹਿਬ ਸਰੀਰ ਦੁਖਦਾ ਰਹਿੰਦਾ। _ਬੁਢਾਪੇ ਕਰਕੇ। _ਹਕੀਮ ਸਾਹਿਬ ਖਿਝ ਬਹੁਤ ਆਉਂਦੀ ਐ। _ਬੁਢਾਪੇ ਕਰਕੇ। ਬੁੱਢੇ ਨੇ ਹਕੀਮ ਦੇ ਥੱਪੜ ਕੱਢ ਮਾਰਿਆ। ਹਕੀਮ ਬੋਲਿਆ_ ਜਨਾਬ ਤੁਹਾਡੀ ਇਸ ਹਰਕਤ ਦਾ ਮੈਂ ਕੋਈ ਬੁਰਾ ਨਹੀਂ ਮਨਾਇਆ ਕਿਉਂਕਿ ੲ੍ਹੇਦੀ ਵਜ੍ਹਾ ਵੀ ਬੁਢਾਪਾ ਈ ਐ।“
”ਨਹੀਂ…!“ ਮੈਂ ਚੀਕ ਹੀ ਪਿਆ ਹਾਂ, ”ਇਹ ਬੁਢਾਪੇ ਕਰਕੇ ਨਹੀਂ, ਏਦ੍ਹੀ ਵਜ੍ਹਾ ਕੁਝ ਹੋਰ ਐ…।“
”ਆਰ ਯੂ ਓ. ਕੇ.?“ ਨਰਸ ਡੈਂਬਰੀ ਹੋਈ ਮੇਰੇ ਵੱਲ ਦੇਖ ਕੇ ਬੋਲੀ ਹੈ, ”ਤੁਹਾਨੂੰ ਕੀ ਹੋ ਗਿਆ ਹੈ ਇਕਦਮ।“
ਮੈਂ ਵੀ ਘਬਰਾਅ ਕੇ ਬੂਹੇ ਵੱਲ ਦੇਖਦਾ ਹਾਂ। ਬੂਹਾ ਬੰਦ ਹੈ। ਵਿਵੇਕ ਕਿਹੜੇ ਬੂਹੇ ਅੰਦਰ ਆਣ ਵੜਿਆ ਹੈ!
”ਦਿਲ `ਚ ਵੜਨ ਦੇ ਸੌ ਬੂਹੇ ਹੁੰਦੇ ਨੇ ਪ੍ਰੋਫ਼ੈਸਰ ਸਾਹਿਬ। ਇਹ ਵੱਖਰੀ ਗੱਲ ਐ ਕਿ ਤੁਹਾਨੂੰ ਉਹ ਦਿਖਾਈ ਨਹੀਂ ਦਿੰਦੇ,“ ਆਤਮ ਬੋਲਿਆ ਹੈ ਕਿ ਬਾਹਰੋਂ ਕਿਸੇ ਪੰਛੀ ਦੀ ਆਵਾਜ਼ ਆਈ ਹੈ!
”ਆਈ`ਮ ਓ. ਕੇ.,“ ਮੈਂ ਆਪਣੇ ਆਪ `ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਹਾਂ।
ਨਰਸ ਬੂਹੇ ਕੋਲ਼ ਪਹੁੰਚ ਗਈ ਹੈ।
ਮੈਂ ਇਸ਼ਾਰਾ ਕਰ ਕੇ ਉਸ ਨੂੰ ਵਾਪਸ ਬੁਲਾਇਆ ਹੈ, ”ਰਸੋਈ `ਚ ਦਾਣਿਆਂ ਦੇ ਲਿਫ਼ਾਫ਼ੇ ਪਏ ਐ। ਇਕ ਲਿਫ਼ਾਫ਼ਾ, ਪੰਛੀਆਂ ਕੋਲ਼ ਪਏ ਭਾਂਡੇ ਵਿਚ, ਖੋਲ੍ਹ ਕੇ ਉਲੱਦ ਦੇਣਾ! ਪਲੀਜ਼!“
”ਬਹੁਤ ਨੇਕ ਦਿਲ ਓ ਤੁਸੀਂ,“ ਨਰਸ ਦੀ ਗੱਲ ਸੁਣ ਕੇ ਮੈਨੂੰ ਖ਼ੁਸ਼ ਹੋਣਾ ਚਾਹੀਦਾ ਹੈ ਪਰ ਮੇਰੀ ਨਿਗਾਹ ਤਾਂ ਝੁਕ ਗਈ ਹੈ। ‘ਗਿਰੀਬਾਨ` `ਚ ਜਾ ਡਿੱਗੀ ਹੈ ਮੇਰੀ ਨਿਗਾਹ। ‘ਆਪਨੜੇ ਗਿਰੀਬਾਨ` `ਚ ਝਾਕਣਾ ਕਈ ਵਾਰ ਕਿੰਨਾ ਨਮੋਸ਼ੀ ਭਰਿਆ ਹੁੰਦੈ!
ਨਰਸ ਦਾਣਿਆਂ ਦਾ ਲਿਫ਼ਾਫ਼ਾ ਲੈ ਕੇ ਚਲੀ ਗਈ ਹੈ।
ਨਿਗਾਹ ‘ਗਿਰੀਬਾਨ` `ਚੋਂ ਕੱਢਣ ਲਈ ਮੈਂ ਅੱਖਾਂ ਬੰਦ ਕਰ ਲਈਆਂ ਹਨ। ਮਨ ਦੀ ਦੂਰਬੀਨ ਥਾਣੀਂ ਕੋਈ ਦ੍ਰਿਸ਼ ਦੇਖਣ ਦੀ ਕੋਸ਼ਿਸ਼ ਕਰਦਾ ਹਾਂ।
ਕਾਰ `ਚ ਬੈਠਣ ਤੋਂ ਪਹਿਲਾਂ ਨਰਸ ਨੇ ਸ਼ੀਸ਼ੇ ਦੀ ਕੰਧ ਵੱਲ ਦੇਖ ਕੇ ਮੈਨੂੰ ‘ਬਾਏ` ਕਰਨ ਲਈ ਹੱਥ ਚੁੱਕਿਆ ਹੋਵੇਗਾ ਪਰ ਮੇਰਾ ਦਿਲ ਅੱਖਾਂ ਖੋਲ੍ਹਣ ਨੂੰ ਨਹੀਂ ਕਰ ਰਿਹਾ।
ਅਚਾਨਕ…!
ਕੋਈ ਮੇਰੇ ਅੰਦਰੋਂ ਕੁਰਲਾਇਆ ਹੈ। ਨਹੀਂ! ਇਹ ਤਾਂ ਬਾਹਰ ਪੰਛੀਆਂ ਨੇ ਚੀਕ-ਚਿਹਾੜਾ ਪਾਇਆ ਹੈ। ਝੱਟ ਅੱਖਾਂ ਖੁੱਲ੍ਹ ਗਈਆਂ ਹਨ। ਬਿੱਲੀ ਕਬੂਤਰ ਦਬੋਚੀ ਜੰਗਲ਼ ਵੱਲ ਜਾ ਰਹੀ ਹੈ। ਮੈਂ ਕੰਬ ਗਿਆ ਹਾਂ; ਜਿਵੇਂ ਗਿਲਾਨੀ ਦੀ ਬਿੱਲੀ ਨੇ ਮੈਨੂੰ ਹੀ ਮਰੋੜ ਸੁੱਟਿਆ ਹੈ।