ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤਿਲੰਗਾਨਾ ਅਤੇ ਮਿਜ਼ੋਰਮ ਦੇ ਚੋਣ ਨਤੀਜਿਆਂ ਨੇ ਇਕ ਤਰ੍ਹਾਂ ਨਾਲ ਅਗਲੇ ਸਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਆਧਾਰ ਤਿਆਰ ਕਰ ਦਿੱਤਾ ਹੈ।
ਪੰਜ ਸੂਬਿਆਂ ਵਿਚੋਂ ਤਿੰਨ ਸੂਬਿਆਂ-ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੌਸਲੇ ਬੁਲੰਦ ਹਨ। ਪ੍ਰਧਾਨ ਮੰਤਰੀ ਨੇ ਤਾਂ ਤਿੰਨ ਸੂਬਿਆਂ ਦੀ ਜਿੱਤ ਨੂੰ ‘ਹੈਟ੍ਰਿਕ’ ਕਰਾਰ ਦਿੰਦਿਆਂ ਅਗਲੇ ਸਾਲ ਵੀ ਖੁਦ ਹੈਟ੍ਰਿਕ ਲਾਉਣ ਦਾ ਦਾਅਵਾ ਕੀਤਾ ਹੈ। ਉਂਝ, ਇਨ੍ਹਾਂ ਵਿਧਾਨ ਸਭਾ ਚੋਣਾਂ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਇਸ ਵਕਤ ਭਾਰਤੀ ਜਨਤਾ ਪਾਰਟੀ, ਭਾਰਤ ਦੀ ਸਭ ਤੋਂ ਵੱਡੀ ਸਿਆਸੀ ਤਾਕਤ ਹੈ। ਚੋਣ ਨਤੀਜਿਆਂ ਤੋਂ ਪਹਿਲਾਂ ਇਹ ਕਿਆਸ ਕੀਤਾ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਰਾਜਸਥਾਨ ਵਿਚ ਅਤੇ ਕਾਂਗਰਸ ਛੱਤੀਸਗੜ੍ਹ ਵਿਚ ਜਿੱਤ ਹਾਸਲ ਕਰਨਗੀਆਂ; ਮੱਧ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵਿਚਕਾਰ ਫਸਵੀਂ ਟੱਕਰ ਹੋਵੇਗੀ ਪਰ ਇਨ੍ਹਾਂ ਤਿੰਨਾਂ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਮਿਲੀ ਹੈ ਸਗੋਂ ਮੱਧ ਪ੍ਰਦੇਸ਼ ਵਿਚ ਇਸ ਦੀ ਵੱਡੀ ਜਿੱਤ ਹੋਈ ਹੈ। ਮੱਧ ਪ੍ਰਦੇਸ਼ ਦੀ ਵੱਡੀ ਜਿੱਤ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੀ ਛੱਤੀਸਗੜ੍ਹ ਵਿਚ ਜਿੱਤ ਹੈਰਾਨ ਕਰਨ ਵਾਲੀ ਹੈ। ਹੋਰ ਤਾਂ ਹੋਰ, ਭਾਰਤੀ ਜਨਤਾ ਪਾਰਟੀ ਦੇ ਹਮਾਇਤੀਆਂ ਨੂੰ ਵੀ ਇਸ ਜਿੱਤ ਦੀ ਬਹੁਤੀ ਉਮੀਦ ਨਹੀਂ ਸੀ। ਰਾਜਸਥਾਨ ਵਿਚ ਕਾਂਗਰਸ ਦਾ ਅਨੁਮਾਨ ਸੀ ਕਿ ਉਹ 80 ਕੁ ਸੀਟਾਂ ਤਾਂ ਜਿੱਤ ਹੀ ਜਾਵੇਗੀ ਪਰ ਉਥੇ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੀ ਆਪਸੀ ਖਹਿ ਪਾਰਟੀ ਨੂੰ ਬਹੁਤ ਮਹਿੰਗੀ ਪਈ ਹੈ। ਮੱਧ ਪ੍ਰਦੇਸ਼ ਵਿਚ ਕਾਂਗਰਸੀ ਆਗੂ ਕਮਲ ਨਾਥ ਦੀ ਨਰਮ ਹਿੰਦੂਤਵ ਵਾਲੀ ਨੀਤੀ ਬਹੁਤ ਬੁਰੀ ਤਰ੍ਹਾਂ ਨਾਕਾਮ ਹੋਈ ਹੈ।
ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀ ਹਾਰ ਕਾਂਗਰਸ ਲਈ ਭਾਵੇਂ ਪ੍ਰੇਸ਼ਾਨੀ ਦਾ ਸਬਬ ਬਣੀ ਹੈ ਪਰ ਇਸ ਦੀ ਤਿਲੰਗਾਨਾ ਦੀ ਜਿੱਤ ਵੀ ਹੈਰਾਨ ਕਰਨ ਵਾਲੀ ਹੈ। ਸਿਆਸੀ ਮਾਹਿਰਾਂ ਦਾ ਅਨੁਮਾਨ ਸੀ ਕਿ ਕਾਂਗਰਸ ਸੂਬੇ ਵਿਚ ਤਕੜੀ ਹਾਜ਼ਰੀ ਲਗਾਏਗੀ ਪਰ ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਭਾਰਤੀ ਰਾਸ਼ਟਰ ਸਮਿਤੀ ਦੀ ਹਾਰ ਨੇ ਸਭ ਗਿਣਤੀਆਂ-ਮਿਣਤੀਆਂ ਉਲਟਾ ਦਿੱਤੀਆਂ। ਉਂਝ, ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿਚ ਹਾਰ ਦੇ ਬਾਵਜੂਦ ਕਾਂਗਰਸ ਦੀ ਤਿਲੰਗਾਨਾ ਵਿਚ ਜਿੱਤ ਦਾ ਆਪਣਾ ਮਹੱਤਵ ਹੈ। ਜ਼ਾਹਿਰ ਹੈ ਕਿ ਦੱਖਣੀ ਭਾਰਤ ਦੇ ਸੂਬੇ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਰੋਲ ਦੇਣ ਲਈ ਤਿਆਰ ਨਹੀਂ ਜਾਪਦੇ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਤਿਲੰਗਾਨਾ ਵਿਚ ਆਪਣੀ ਤਾਕਤ ਵਧਾਈ ਹੈ। ਮਿਜ਼ੋਰਮ ਵਿਚ ਆਈ.ਪੀ.ਐਸ. ਅਧਿਕਾਰੀ ਤੋਂ ਸਿਆਸਤਦਾਨ ਬਣੇ ਲਾਲਦੁਹੋਮਾ ਦੀ ਅਗਵਾਈ ਵਾਲੇ ਛੇ ਖੇਤਰੀ ਪਾਰਟੀਆਂ ਦੇ ਗੱਠਜੋੜ ਤੋਂ ਬਣੀ ਜ਼ੋਰਮ ਪੀਪਲਜ਼ ਮੂਵਮੈਂਟ (ਜ਼ੇਡ.ਪੀ.ਐਮ.) ਨੇ ਸੱਤਾਧਾਰੀ ਪਾਰਟੀ ਮਿਜ਼ੋ ਨੈਸ਼ਨਲ ਫਰੰਟ (ਐਮ.ਐਨ.ਐਫ.) ਨੂੰ ਹਰਾ ਦਿੱਤਾ ਹੈ। ਇਸ ਜਿੱਤ ਨੇ ਇਸ ਸੂਬੇ ਵਿਚ ਨਵੀਂ ਸ਼ੁਰੂਆਤ ਦਾ ਸੰਕੇਤ ਦਿੱਤਾ ਹੈ। ਸੂਬੇ ਵਿਚ ਦਹਾਕਿਆਂ ਤੱਕ ਐਮ.ਐਨ.ਐਫ. ਜਾਂ ਕਾਂਗਰਸ ਦਾ ਰਾਜ ਰਿਹਾ ਹੈ। ਉੱਤਰ-ਪੂਰਬੀ ਸੂਬਿਆਂ ਵਿਚ ਕਾਂਗਰਸ ਦਾ ਆਧਾਰ ਤੇਜ਼ੀ ਨਾਲ ਘਟਿਆ ਹੈ। ਪਿਛਲੀ ਵਾਰ 2018 ਵਿਚ ਹੋਈਆਂ ਮਿਜ਼ੋਰਮ ਅਸੈਂਬਲੀ ਚੋਣਾਂ ਵਿਚ ਕਾਂਗਰਸ ਨੂੰ ਪੰਜ ਸੀਟਾਂ ਮਿਲੀਆਂ ਸਨ ਅਤੇ ਭਾਰਤੀ ਜਨਤਾ ਪਾਰਟੀ ਨੇ ਇਕ ਸੀਟ ਜਿੱਤੀ ਸੀ। ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਦੋ ਅਤੇ ਕਾਂਗਰਸ ਨੂੰ ਇਕ ਸੀਟ ਮਿਲੀ ਹੈ। ਭਾਰਤੀ ਜਨਤਾ ਪਾਰਟੀ ਉੱਤਰ-ਪੂਰਬ ਵਿਚ ਪੈਰ ਪਸਾਰਨ ਲਈ ਪੂਰਾ ਜ਼ੋਰ ਲਾ ਰਹੀ ਹੈ।
ਇਹ ਚੋਣ ਨਤੀਜੇ ਕਾਂਗਰਸ ਨੂੰ ਪਿਛਾਂਹ ਧੱਕਣ ਵਾਲੇ ਹਨ। ਕਾਂਗਰਸ ਨੂੰ ਆਸ ਸੀ ਕਿ ਘੱਟੋ-ਘੱਟ ਦੋ ਸੂਬਿਆਂ ਵਿਚ ਜਿੱਤ ਹਾਸਲ ਕਰ ਕੇ ਇਸ ਦੀ ਪੈਂਠ ਬਣ ਜਾਵੇਗੀ ਅਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਵਿਚ ਵੀ ਇਸ ਦੀ ਸਥਿਤੀ ਮਜ਼ਬੂਤ ਹੋ ਜਾਵੇਗੀ। ਭਾਰਤੀ ਜਨਤਾ ਪਾਰਟੀ ਤੋਂ ਬਾਅਦ ਇਕੱਲੀ ਕਾਂਗਰਸ ਹੀ ਅਜਿਹੀ ਪਾਰਟੀ ਮੰਨੀ ਜਾਂਦੀ ਹੈ ਜਿਸ ਦਾ ਪੂਰੇ ਮੁਲਕ ਅੰਦਰ ਤਾਣਾ-ਬਾਣਾ ਹੈ ਪਰ ਇਨ੍ਹਾਂ ਚੋਣ ਨਤੀਜਿਆਂ ਨੇ ਕਾਂਗਰਸ ਦੀ ਅਗਲੀ ਸਿਆਸਤ ਉਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਸਿਆਸੀ ਵਿਸ਼ਲੇਸ਼ਕ ਤਾਂ ਪਹਿਲਾਂ ਹੀ ਕਹਿ ਰਹੇ ਸਨ ਕਿ ਭਾਰਤੀ ਜਨਤਾ ਪਾਰਟੀ ਦੀ ਚੜ੍ਹਤ ਦਾ ਵੱਡਾ ਕਾਰਨ ਕਾਂਗਰਸ ਦੀ ਮਾੜੀ ਹਾਲਤ ਹੀ ਹੈ। ਪਿਛਲੀ ਵਾਰ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਵਿਚ ਜਿੱਤ ਮਿਲਣ ਤੋਂ ਬਾਅਦ ਇਸ ਨੂੰ ਪੂਰੀ ਆਸ ਬੱਝੀ ਸੀ ਅਤੇ ‘ਇੰਡੀਆ’ ਦਾ ਮੂੰਹ-ਮੱਥਾ ਬਣਨ ਵਿਚ ਵੀ ਇਨ੍ਹਾਂ ਜਿੱਤਾਂ ਦਾ ਵੱਡਾ ਰੋਲ ਸੀ ਪਰ ਹੁਣ ਸਥਿਤੀ ਫਿਰ ਸਿਫਰ ਵਾਲੀ ਹੋ ਗਈ ਹੈ। ਹੁਣ ਤਾਂ ਇਹ ਗੱਲਾਂ ਵੀ ਚੱਲ ਪਈਆਂ ਹਨ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿਚ ਜਿੱਤ ਨੇ ਭਾਰਤੀ ਜਨਤਾ ਪਾਰਟੀ ਲਈ 2024 ਦੀਆਂ ਲੋਕ ਸਭਾ ਚੋਣਾਂ ਵਿਚ ਸਫਲਤਾ ਦਾ ਰਸਤਾ ਪੱਧਰਾ ਕਰ ਦਿੱਤਾ ਹੈ। ਨਤੀਜਿਆਂ ਨੇ ਦਰਸਾ ਦਿੱਤਾ ਹੈ ਕਿ ਹਿੰਦੀ ਬੋਲਣ ਵਾਲੇ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਥੇਬੰਦਕ ਤਾਕਤ ਅਤੇ ਮੋਦੀ-ਸ਼ਾਹ ਜੋੜੀ ਇਸ ਨੂੰ ਸਫਲਤਾ ਦਿਵਾ ਸਕਦੀ ਹੈ। ਇਨ੍ਹਾਂ ਨਤੀਜਿਆਂ ਦੇ ਆਧਾਰ `ਤੇ ਮਾਹਿਰ ਤਾਂ ਇਹ ਵੀ ਕਹਿ ਰਹੇ ਹਨ ਕਿ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਤੇ ਗੁਜਰਾਤ ਵਿਚ ਵੱਡੀ ਸਫਲਤਾ ਹਾਸਲ ਕਰੇਗੀ ਅਤੇ ਇਹ ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਬਿਹਾਰ ਵਿਚ ਵੀ ਵਿਰੋਧੀ ਪਾਰਟੀਆਂ ਨੂੰ ਹਰਾਉਣ ਦੇ ਸਮਰੱਥ ਹੈ। ਇਸ ਲਈ ਜੇ ‘ਇੰਡੀਆ` ਗੱਠਜੋੜ ਲੋਕ ਸਭਾ ਦੀਆਂ ਵੱਧ ਤੋਂ ਵੱਧ ਸੀਟਾਂ `ਤੇ ਆਪਸ ਵਿਚ ਸਹਿਮਤੀ ਨਾ ਬਣਾ ਸਕਿਆ ਤਾਂ ਇਹ ਭਾਰਤੀ ਜਨਤਾ ਪਾਰਟੀ ਨੂੰ ਅਸਰਦਾਰ ਟੱਕਰ ਨਹੀਂ ਦੇ ਸਕੇਗਾ।