ਕੁਦਰਤ ਕੌਰ
21 ਦਸੰਬਰ ਨੂੰ ਰਿਲੀਜ਼ ਹੋ ਰਹੀ ਫਿਲਮ ‘ਡੰਕੀ’ ਵਿਦੇਸ਼ ਜਾਣ ਲਈ ਜਫਰ ਜਾਲ ਰਹੇ ਨੌਜਵਾਨਾਂ ਦੀ ਕਹਾਣੀ ਹੈ। ਇਸ ਫਿਲਮ ਦਾ ਮੁੱਖ ਵਿਸ਼ਾ ਗੈਰ-ਕਾਨੂੰਨੀ ਢੰਗ ਨਾਲ ਕੀਤਾ ਜਾ ਰਿਹਾ ਪਰਵਾਸ ਹੈ। ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ ਜਾਣ ਲਈ ਗੈਰ-ਕਾਨੂੰਨੀ ਢੰਗ-ਤਰੀਕੇ ਵਰਤਣ ਬਾਰੇ ‘ਡੌਂਕੀ ਲਾਉਣਾ’ ਸ਼ਬਦ ਬਹੁਤ ਮਸ਼ਹੂਰ ਹੋਇਆ ਹੈ। ਇਸ ਸ਼ਬਦ ਦੇ ਆਧਾਰ ‘ਤੇ ਹੀ ਇਸ ਫਿਲਮ ਦਾ ਨਾਂ ਰੱਖਿਆ ਗਿਆ ਹੈ।
ਫਿਲਮ ਦੇ ਨਿਰਦੇਸ਼ਕ ਰਾਜ ਕੁਮਾਰ ਹਿਰਾਨੀ ਹਨ ਜੋ ਇਸ ਤੋਂ ਪਹਿਲਾਂ ‘ਸੰਜੂ’ (2018), ‘ਪੀ.ਕੇ.’ (2014), ‘3 ਇਡੀਅਟਸ’ (2009), ‘ਲਗੇ ਰਹੋ ਮੁੰਨਾ ਭਾਈ’ (2006) ਅਤੇ ‘ਮੁੰਨਾ ਭਾਈ ਐੱਮਬੀ.ਬੀ.ਐੱਸ.’ (2003) ਵਰਗੀਆਂ ਫਿਲਮਾਂ ਬਣਾ ਕੇ ਫਿਲਮੀ ਦੁਨੀਆ ਵਿਚ ਆਪਣੀ ਚਰਚਾ ਕਰਵਾ ਚੁੱਕੇ ਹਨ। ਇਸੇ ਕਰ ਕੇ ਹੁਣ ਸਭ ਦੀਆਂ ਨਜ਼ਰਾਂ ਉਸ ਦੀ ਨਵੀਂ ਫਿਲਮ ‘ਡੰਕੀ’ ਉਤੇ ਹਨ। ਸਭ ਇਹੀ ਦੇਖਣ ਲਈ ਉਤਸੁਕ ਹਨ ਕਿ ਉਸ ਨੇ ਆਪਣੀ ਇਸ ਫਿਲਮ ਵਿਚ ਗੈਰ-ਕਾਨੂੰਨੀ ਪਰਵਾਸ ਦੇ ਮਸਲੇ ਨੂੰ ਕਿਸ ਢੰਗ ਨਾਲ ਪੇਸ਼ ਕੀਤਾ ਹੈ। ਇਸ ਫਿਲਮ ਦੀ ਪਟਕਥਾ ਲਿਖਣ ਵਿਚ ਰਾਜ ਕੁਮਾਰ ਹਿਰਾਨੀ ਦਾ ਹੱਥ ਅਭਿਜੀਤ ਜੋਸ਼ੀ ਅਤੇ ਕਨਿਕਾ ਨੇ ਵਟਾਇਆ ਹੈ। ਅਭਿਜੀਤ ਜੋਸ਼ੀ ‘ਸੰਜੂ’, ‘ਪੀ.ਕੇ.’, ‘3 ਇਡੀਅਟਸ’ ਅਤੇ ‘ਲਗੇ ਰਹੋ ਮੁੰਨਾ ਭਾਈ’ ਫਿਲਮਾਂ ਵਿਚ ਵੀ ਰਾਜ ਕੁਮਾਰ ਹਿਰਾਨੀ ਦਾ ਸਹਿ-ਪਟਕਥਾ ਲੇਖਕ ਸੀ।
ਇਸ ਫਿਲਮ ਵਿਚ ਅੱਜ ਦੇ ਕਹਿੰਦੇ-ਕਹਾਉਂਦੇ ਫਿਲਮ ਸਟਾਰ ਸ਼ਾਹਰੁਖ ਖ਼ਾਨ ਤੋਂ ਇਲਾਵਾ ਤਾਪਸੀ ਪੰਨੂ, ਦੀਆ ਮਿਰਜ਼ਾ, ਵਿੱਕੀ ਕੌਸ਼ਲ, ਬੋਮਨ ਇਰਾਨੀ ਨੇ ਅਹਿਮ ਕਿਰਦਾਰ ਨਿਭਾਏ ਹਨ। ਇਹੀ ਨਹੀਂ, ਫਿਲਮ ਲਈ ਆਪਣੇ ਸਮਿਆਂ ਦੇ ਸਟਾਰ ਅਦਾਕਾਰ ਧਰਮਿੰਦਰ, ਪਰੀਕਸ਼ਿਤ ਸਾਹਨੀ, ਸਤੀਸ਼ ਸ਼ਾਹ, ਅਨਿਲ ਗਰੋਵਰ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਹਨ। ਇਹ ਪਹਿਲੀ ਫਿਲਮ ਹੈ ਜਿਸ ਵਿਚ ਰਾਜ ਕੁਮਾਰ ਹਿਰਾਨੀ ਅਤੇ ਸ਼ਾਹਰੁਖ ਖਾਨ ਨੇ ਇਕੱਠਿਆਂ ਕੰਮ ਕੀਤਾ ਹੈ। ਹੁਣ ਪਤਾ ਲੱਗਿਆ ਹੈ ਕਿ ਰਾਜ ਕੁਮਾਰ ਨੇ ‘ਮੁੰਨਾ ਭਾਈ ਐੱਮਬੀ.ਬੀ.ਐੱਸ.’ ਅਤੇ ‘3 ਇਡੀਅਟਸ’ ਫਿਲਮਾਂ ਲਈ ਵੀ ਸ਼ਾਹਰੁਖ ਖਾਨ ਤੱਕ ਪਹੁੰਚ ਕੀਤੀ ਸੀ ਪਰ ਉਸ ਵਕਤ ਸ਼ਾਹਰੁਖ ਖਾਨ ਨੇ ਰਾਜ ਕੁਮਾਰ ਹਿਰਾਨੀ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ ਪਰ ਜਦੋਂ ਕੋਵਿਡ ਮਹਾਮਾਰੀ ਦੌਰਾਨ ਫਿਲਮ ‘ਡੰਕੀ’ ‘ਤੇ ਕੰਮ ਸ਼ੁਰੂ ਹੋਇਆ ਅਤੇ ਰਾਜ ਕੁਮਾਰ ਹਿਰਾਨੀ ਨੇ ਸ਼ਾਹਰੁਖ ਖਾਨ ਨਾਲ ਸੰਪਰਕ ਕੀਤਾ ਤਾਂ ਉਸ ਨੇ ਹਰੀ ਝੰਡੀ ਦੇ ਦਿੱਤੀ।
ਇਸ ਫਿਲਮ ਦੀ ਬਹੁਤੀ ਸ਼ੂਟਿੰਗ ਮੁੰਬਈ ਵਿਚ ਹੋਈ ਹੈ। ਪਹਿਲਾਂ-ਪਹਿਲ ਰਾਜ ਕੁਮਾਰ ਹਿਰਾਨੀ ਦਾ ਵਿਚਾਰ ਸੀ ਕਿ ਫਿਲਮ ਦੀ ਸ਼ੂਟਿੰਗ ਪੰਜਾਬ ਵਿਚ ਕੀਤੀ ਜਾਵੇ ਪਰ ਮਗਰੋਂ ਇਹ ਵਿਚਾਰ ਬਦਲ ਲਿਆ ਗਿਆ। ਮੁੰਬਈ ਤੋਂ ਇਲਾਵਾ ਬੁੱਦਾਪੈਸਟ (ਹੰਗਰੀ), ਲੰਡਨ (ਇੰਗਲੈਂਡ), ਜਬਲਪੁਰ (ਮੱਧ ਪ੍ਰਦੇਸ਼) ਵਿਚ ਵੀ ਕੀਤੀ ਗਈ ਹੈ।
ਯਾਦ ਰਹੇ ਕਿ ਅਦਾਕਾਰ ਸ਼ਾਹਰੁਖ ਖ਼ਾਨ ਫਿਲਮ ‘ਪਠਾਨ` ਅਤੇ ‘ਜਵਾਨ` ਦੀ ਸਫਲਤਾ ਸਦਕਾ ਆਈ.ਐੱਮ.ਡੀ.ਬੀ. ਦੀ 2023 ਦੀ ਭਾਰਤ ਦੇ ਸਭ ਤੋਂ ਵੱਧ ਹਰਮਨਪਿਆਰੇ ਕਲਾਕਾਰਾਂ ਦੀ ਸੂਚੀ `ਚ ਅੱਵਲ ਰਿਹਾ ਹੈ। ਇਸ ਸੂਚੀ `ਚ ਮਹਿਲਾ ਕਲਾਕਾਰਾਂ ਜਿਵੇਂ ਆਲੀਆ ਭੱਟ, ਦੀਪਿਕਾ ਪਾਦੂਕੋਨ, ਵਾਮਿਕਾ ਗੱਬੀ ਆਦਿ ਦਾ ਦਬਦਬਾ ਰਿਹਾ ਹੈ। ਆਈ.ਐੱਮ.ਡੀ.ਬੀ. ਦੀ ਭਾਰਤ ਦੀ ਮੁਖੀ ਯਾਮਿਨੀ ਪਟੌਦੀਆ ਨੇ ਦੱਸਿਆ, “ਸਾਡੀ ਟੌਪ-10 ਸੂਚੀ ਵਿਸ਼ਵ ਪੱਧਰ `ਤੇ ਲੱਖਾਂ ਪ੍ਰਸ਼ੰਸਕਾਂ ਵੱਲੋਂ ਪੇਜ `ਤੇ ਦਿੱਤੇ ਵਿਚਾਰਾਂ `ਤੇ ਆਧਾਰਿਤ ਹੈ।” ਆਈ.ਐੱਮ.ਡੀ.ਬੀ. ਉਹ ਵੈੱਬਸਾਈਟ ਹੈ ਜਿਸ ਤੋਂ ਫਿਲਮਾਂ, ਟੈਲੀਵਿਜ਼ਨ ਅਤੇ ਕਲਾਕਾਰਾਂ ਬਾਰੇ ਜਾਣਕਾਰੀ ਮਿਲਦੀ ਹੈ। ਵੈੱਬਸਾਈਟ ਵੱਲੋਂ ਜਾਰੀ ਇਸ ਸੂਚੀ ਵਿਚ ਆਲੀਆ ਭੱਟ ਲਗਾਤਾਰ ਦੂਜੇ ਸਾਲ ਦੂਜੇ ਨੰਬਰ `ਤੇ ਰਹੀ ਹੈ ਜਿਸ ਦੀ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ` ਨੂੰ ਵੱਡੀ ਸਫਲਤਾ ਮਿਲੀ।
ਉਮਰ ਦਰਾਜ ਹੋਣ ਦੇ ਬਾਵਜੂਦ ਫਿਲਮੀ ਦੁਨੀਆ ਵਿਚ ਅੱਜ ਵੀ ਸ਼ਾਹਰੁਖ ਖਾਨ ਦੀ ਪੂਰੀ ਪੈਂਠ ਹੈ। ਪਿੱਛੇ ਜਿਹੇ ਉਸ ਨੇ ਆਪਣਾ 58ਵਾਂ ਜਨਮ ਦਿਨ ਮਨਾਇਆ ਤਾਂ ਇਸ ਸਬੰਧੀ ਪਾਰਟੀ ਵਿਚ ਕਈ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।