ਆਲਮੀ ਤਪਸ਼ ਲਈ ਸੰਸਾਰ ਦੇ ਸੁਪਰ ਅਮੀਰ ਜ਼ਿੰਮੇਵਾਰ
ਸੁਖਵੰਤ ਹੁੰਦਲ
ਔਕਸਫੈਮ ਇੰਟਰਨੈਸ਼ਨਲ ਨੇ 20 ਨਵੰਬਰ 2023 ਨੂੰ ਜਾਰੀ ਕੀਤੀ ਆਪਣੀ ਰਿਪੋਰਟ ਵਿਚ ਆਲਮੀ ਤਪਸ਼ (ਗਲੋਬਲ ਵਾਰਮਿੰਗ) ਅਤੇ ਵਿਸ਼ਵ ਪੱਧਰ `ਤੇ ਆਰਥਿਕ ਨਾ-ਬਰਾਬਰੀ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਆਲਮੀ ਤਪਸ਼ ਲਈ ਦੁਨੀਆ ਦੇ 1% ਸੁਪਰ ਅਮੀਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਸ ਦੇ ਨਾਲ ਉਨ੍ਹਾਂ ਇਸ ਗੱਲ `ਤੇ ਜ਼ੋਰ ਦਿੱਤਾ ਹੈ ਕਿ ਵਿਸ਼ਵ ਪੱਧਰ `ਤੇ ਆਰਥਿਕ ਨਾ-ਬਰਾਬਰੀ ਕਾਰਨ ਆਲਮੀ ਤਪਸ਼ ਅਤੇ ਜਲਵਾਯੂ ਵਿਚ ਤਬਦੀਲੀ ਕਾਰਨ ਪੈਦਾ ਹੋਣ ਵਾਲੇ ਸੰਕਟਾਂ (ਅਤਿ ਦੀ ਗਰਮੀ, ਹੜ੍ਹਾਂ, ਸੋਕਿਆਂ ਆਦਿ) ਦੀ ਮਾਰ ਝੱਲਣ ਵਾਲੇ ਬਹੁਗਿਣਤੀ ਲੋਕ ਗਰੀਬ ਹਨ। ਇਸ ਲਈ ਸਾਨੂੰ ਇਨ੍ਹਾਂ ਦੋਹਾਂ ਸਮੱਸਿਆਵਾਂ ਨੂੰ ਇਕ ਦੂਸਰੇ ਨਾਲ ਜੋੜ ਕੇ ਦੇਖਣ ਅਤੇ ਇਨ੍ਹਾਂ ਦੋਹਾਂ ਦੇ ਹੱਲ ਲੱਭਣ ਦੀ ਲੋੜ ਹੈ। ਇਸ ਰਿਪੋਰਟ ਅਨੁਸਾਰ:
-ਸੰਨ 2019 ਵਿਚ ਦੁਨੀਆ ਦੇ ਸੁਪਰ (ਸਭ ਤੋਂ) ਅਮੀਰ 1% (7 ਕਰੋੜ 70 ਲੱਖ) ਲੋਕ ਵਿਸ਼ਵ ਪੱਧਰ ‘ਤੇ ਪੈਦਾ ਹੋਣ ਵਾਲੇ ਕੁੱਲ ਕਾਰਬਨ ਦੇ ਪ੍ਰਦੂਸ਼ਣ (ਕਾਰਬਨ ਨਾਲ ਸਬੰਧਿਤ ਗੈਸਾਂ) ਦਾ 16% ਹਿੱਸਾ ਪੈਦਾ ਕਰਨ ਲਈ ਜ਼ਿੰਮੇਵਾਰ ਸਨ। ਇਹ ਮਾਤਰਾ ਦੁਨੀਆ ਦੇ 66% ਗਰੀਬ ਲੋਕਾਂ (5 ਅਰਬ ਲੋਕਾਂ) ਵਲੋਂ ਪੈਦਾ ਕੀਤੇ ਜਾਂਦੇ ਕਾਰਬਨ ਦੇ ਪ੍ਰਦੂਸ਼ਣ ਦੇ ਬਰਾਬਰ ਹੈ ਅਤੇ ਇਹ ਕਾਰਾਂ ਤੇ ਆਵਾਜਾਈ ਦੇ ਸਾਧਨਾਂ ਕਾਰਨ ਪੈਦਾ ਹੋਣ ਵਾਲੇ ਕੁੱਲ ਪ੍ਰਦੂਸ਼ਣ ਤੋਂ ਜ਼ਿਆਦਾ ਹੈ। ਦੁਨੀਆ ਦੇ ਸਭ ਤੋ ਅਮੀਰ 10% ਲੋਕ ਵਿਸ਼ਵ ਵਿਚ ਪੈਦਾ ਹੋਣ ਵਾਲੇ ਕਾਰਬਨ ਦੇ ਕੁੱਲ ਪ੍ਰਦੂਸ਼ਣ ਦੇ 50% ਹਿੱਸੇ ਲਈ ਜ਼ਿੰਮੇਵਾਰ ਸਨ।
-ਇਨ੍ਹਾਂ ਸੁਪਰ ਅਮੀਰਾਂ ਕਾਰਨ ਪੈਦਾ ਹੋਇਆ ਕਾਰਬਨ ਦਾ ਇਹ ਪ੍ਰਦੂਸ਼ਣ ਗਰਮੀ ਕਾਰਨ 13 ਲੱਖ ਵਾਧੂ ਮੌਤਾਂ ਦਾ ਕਾਰਨ ਬਣਨ ਲਈ ਕਾਫੀ ਹੈ। ਇਨ੍ਹਾਂ ਵਿਚੋਂ ਬਹੁਤੀਆਂ ਮੌਤਾਂ 2020-2030 ਵਿਚਕਾਰ ਹੋਣਗੀਆਂ।
-ਜਿੰਨੀ ਕਾਰਬਨ ਸਭ ਤੋਂ ਅਮੀਰ ਅਰਬਾਂਪਤੀ ਇਕ ਸਾਲ ‘ਚ ਪੈਦਾ ਕਰਦੇ, ਹੇਠਲੇ 99% ਫੀਸਦੀ ਲੋਕਾਂ ਵਿਚ ਕਿਸੇ ਇਕ ਵਿਅਕਤੀ ਵੱਲੋਂ ਇੰਨੀ ਕਾਰਬਨ ਪੈਦਾ ਕਰਨ ਲਈ 1500 ਸਾਲ ਚਾਹੀਦੇ ਹਨ।
ਇਸ ਰਿਪੋਰਟ ਅਨੁਸਾਰ ਵਿਸ਼ਵ ਦੇ ਇਹ 1% ਸੁਪਰ ਅਮੀਰ ਆਲਮੀ ਤਪਸ਼ ਅਤੇ ਜਲਵਾਯੂ ਦੀ ਤਬਦੀਲੀ ਨੂੰ ਹੇਠ ਲਿਖੇ ਤਿੰਨ ਢੰਗਾਂ ਨਾਲ ਪ੍ਰਭਾਵਿਤ ਕਰਦੇ ਹਨ:
1) ਆਪਣੀਆਂ ਰੋਜ਼ਾਨਾ ਜ਼ਿੰਦਗੀਆਂ ਵਿਚ ਸ਼ਾਹ-ਖਰਚ ਅਤੇ ਅਤਿ ਦੇ ਖਪਤਵਾਦੀ ਰਹਿਣ-ਸਹਿਣ ਕਰ ਕੇ ਇਹ ਸੁਪਰ ਅਮੀਰ ਬਹੁਤ ਜ਼ਿਆਦਾ ਕਾਰਬਨ ਡਾਈਆਕਸਾਈਡ ਪੈਦਾ ਕਰਦੇ ਹਨ। ਇਨ੍ਹਾਂ ਦੇ ਅਤਿ ਦੇ ਖਪਤਵਾਦੀ ਰਹਿਣ-ਸਹਿਣ ਵਿਚ ਨਿੱਜੀ ਹਵਾਈ ਜਹਾਜ਼ਾਂ ਵਿਚ ਸਫਰ, ਨਿੱਜੀ ਯਾਟਾਂ (ਛੋਟੇ ਸਮੁੰਦਰੀ ਜਹਾਜ਼ਾਂ) ਵਿਚ ਸੈਰ-ਸਪਾਟਾ ਤੇ ਪਾਰਟੀਆਂ ਅਤੇ ਮਹਿਲਾਂ ਵਰਗੀਆਂ ਵੱਡੀਆਂ ਵੱਡੀਆਂ ਹਵੇਲੀਆਂ ਵਿਚ ਰਿਹਾਇਸ਼ ਸ਼ਾਮਲ ਹੈ। ਰਿਪੋਰਟ ਵਿਚ 20 ਅਰਬਾਂਪਤੀਆਂ ਦੇ ਖਪਤਵਾਦੀ ਰਹਿਣ-ਸਹਿਣ ਬਾਰੇ ਕੀਤੇ ਅਧਿਐਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਨ੍ਹਾਂ 20 ਅਰਬਪਤੀਆਂ ਨੇ ਇਕ ਸਾਲ ਵਿਚ ਔਸਤਨ 8000 ਟਨ ਤੋਂ ਵੱਧ ਕਾਰਬਨ ਡਾਈਆਕਸਾਈਡ ਪੈਦਾ ਕੀਤੀ ਸੀ। ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਕ ਭਾਰਤੀ ਇਕ ਸਾਲ ਵਿਚ ਔਸਤਨ 1.91 ਟਨ ਕਾਰਬਨ ਡਾਈਆਕਸਾਈਡ ਪੈਦਾ ਕਰਦਾ ਹੈ।
2) ਇਹ ਸੁਪਰ ਅਮੀਰ ਆਪਣੀ ਦੌਲਤ ਕਮਾਉਣ ਲਈ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਸਨਅਤਾਂ ਵਿਚ ਪੂੰਜੀ ਨਿਵੇਸ਼ ਕਰ ਕੇ ਵੱਡੀ ਮਾਤਰਾ ਵਿਚ ਆਲਮੀ ਤਪਸ਼ ਅਤੇ ਜਲਵਾਯੂ ਵਿਚ ਤਬਦੀਲੀ ਦਾ ਕਾਰਨ ਬਣਨ ਵਾਲਾ ਪ੍ਰਦੂਸ਼ਣ ਪੈਦਾ ਕਰਦੇ ਹਨ। ਇਸ ਸਬੰਧ ਵਿਚ ਔਕਸਫੈਮ ਨੇ ਸੰਨ 2022 ਵਿਚ 125 ਅਰਬਾਂਪਤੀਆਂ ਬਾਰੇ ਵਿਸ਼ਲੇਸ਼ਣ ਕੀਤਾ ਸੀ। ਇਸ ਵਿਸ਼ਲੇਸ਼ਣ ਵਿਚ ਉਨ੍ਹਾਂ ਨੂੰ ਪਤਾ ਲੱਗਾ, ਇਨ੍ਹਾਂ 125 ਅਰਬਾਂਪਤੀਆਂ ਵਿਚੋਂ ਹਰ ਇਕ ਨੇ ਆਪਣੇ ਪੂੰਜੀ ਨਿਵੇਸ਼ਾਂ ਰਾਹੀਂ ਇਕ ਸਾਲ ਵਿਚ ਔਸਤਨ 30 ਲੱਖ ਟਨ ਕਾਰਬਨ ਡਾਈਆਕਸਾਈਡ ਪੈਦਾ ਕੀਤੀ ਸੀ।
3) ਆਪਣੀ ਦੌਲਤ ਕਰ ਕੇ ਇਹ ਸੁਪਰ ਅਮੀਰ ਮੀਡੀਆ, ਆਰਥਿਕਤਾ ਅਤੇ ਸਿਆਸਤ ਵਿਚ ਬਹੁਤ ਜ਼ਿਆਦਾ ਪ੍ਰਭਾਵ ਰੱਖਦੇ ਹਨ। ਇਸ ਪ੍ਰਭਾਵ ਕਰ ਕੇ ਉਹ ਅਜਿਹੀ ਜਾਣਕਾਰੀ, ਨੀਤੀਆਂ, ਕਾਨੂੰਨਾਂ, ਸੰਧੀਆਂ ਆਦਿ ਦਾ ਸਮਰਥਨ ਕਰਦੇ ਹਨ ਜੋ ਉਨ੍ਹਾਂ ਦੇ ਹਿਤਾਂ ਦੀ ਰਾਖੀ ਕਰਦੀਆਂ ਹਨ, ਬੇਸ਼ੱਕ ਉਹ ਧਰਤੀ ਦੇ ਵਾਤਾਵਰਨ ਲਈ ਹਾਨੀਕਾਰਕ ਹੀ ਹੋਣ। ਔਕਸਫੈਮ ਦੇ ਵਿਸ਼ਲੇਸ਼ਣ ਅਨੁਸਾਰ ਅਮਰੀਕਾ ਦੇ ਨਾਂ ‘ਤੇ ਵਿਸ਼ਵ ਪੱਧਰ ਦੀਆਂ ਜਲਵਾਯੂ ਨਾਲ ਸਬੰਧਿਤ ਸੰਧੀਆਂ ਨੂੰ ਪ੍ਰਵਾਨਗੀ ਦੇਣ ਵਾਲੇ ਅਮਰੀਕਾ ਦੇ ਸੈਨੇਟਰਾਂ ਦੀਆਂ ਤਨਖਾਹਾਂ ਇੰਨੀਆਂ ਹਨ ਕਿ ਉਹ ਦੁਨੀਆ ਦੇ ਉਪਰਲੇ 1% ਲੋਕਾਂ ਵਿਚ ਆਉਂਦੇ ਹਨ। ਯੂਰਪੀ ਯੂਨੀਅਨ ਦੇ ਕਮਿਸ਼ਨਰ ਅਤੇ ਆਸਟਰੇਲੀਆ ਦੀ ਪਾਰਲੀਮੈਂਟ ਦੇ ਮੈਂਬਰ ਵੀ ਇਸ ਸ਼੍ਰੇਣੀ ਵਿਚ ਆਉਂਦੇ ਹਨ। ਆਪਣੀਆਂ ਵੱਡੀਆਂ ਤਨਖਾਹਾਂ ਦੇ ਨਾਲ ਨਾਲ ਬਹੁਤ ਸਾਰੇ ਕਾਨੂੰਨ-ਘਾੜੇ ਫੌਸਿਲ ਫਿਊਲ (ਤੇਲ, ਪੈਟਰੋਲ, ਕੋਲਾ ਆਦਿ) ਦੀ ਸਨਅਤ ਵਿਚ ਪੂੰਜੀ ਨਿਵੇਸ਼ ਕਰਦੇ ਹਨ। ਇਸ ਸਨਅਤ ਦਾ ਧਰਤੀ ਦੇ ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਵਾਲੀਆਂ ਗੈਸਾਂ ਪੈਦਾ ਕਰਨ ਵਿਚ ਜ਼ਿਕਰਯੋਗ ਯੋਗਦਾਨ ਹੈ। ਔਕਸਫੈਮ ਦਾ ਅੰਦਾਜ਼ਾ ਹੈ ਕਿ ਅਮਰੀਕਾ ਦੀ ਕਾਂਗਰਸ ਦੇ ਮੈਂਬਰਾਂ ਨੇ ਫੌਸਿਲ ਫਿਊਲ ਨਾਲ ਸਬੰਧਿਤ ਸਨਅਤਾਂ ਵਿਚ 9 ਕਰੋੜ 30 ਲੱਖ ਡਾਲਰ ਨਿਵੇਸ਼ ਕੀਤੇ ਹੋਏ ਹਨ।
ਇਹ ਗੱਲ ਦਰਸਾਉਣ ਲਈ ਕਿ ਆਲਮੀ ਤਪਸ਼ ਅਤੇ ਜਲਵਾਯੂ ਵਿਚ ਤਬਦੀਲੀ ਕਾਰਨ ਪੈਦਾ ਹੋਣ ਵਾਲੇ ਸੰਕਟਾਂ/ਮਹਾਮਾਰੀਆਂ ਦੀ ਮਾਰ ਗਰੀਬ ਲੋਕ ਝਲਦੇ ਹਨ, ਰਿਪੋਰਟ ਵਿਚ ਦੁਨੀਆ ਭਰ ਵਿਚੋਂ ਕਈ ਤੱਥ ਅਤੇ ਅੰਕੜੇ ਪੇਸ਼ ਕੀਤੇ ਗਏ ਹਨ। ਇਨ੍ਹਾਂ ਵਿਚ ਕੁਝ ਇਸ ਪ੍ਰਕਾਰ ਹਨ:
-ਪਿਛਲੇ 50 ਸਾਲਾਂ ਦੌਰਾਨ ਜਲਵਾਯੂ ਨਾਲ ਸਬੰਧਿਤ ਬਿਪਤਾਵਾਂ ਕਾਰਨ ਹੋਣ ਵਾਲੀਆਂ ਮੌਤਾਂ ‘ਚੋਂ 91% ਵਿਕਾਸਸ਼ੀਲ ਦੇਸ਼ਾਂ ਵਿਚ ਹੋਈਆਂ ਹਨ।
-ਜਿਨ੍ਹਾਂ ਮੁਲਕਾਂ ਦੇ ਲੋਕ ਇਨ੍ਹਾਂ ਬਿਪਤਾਵਾਂ ਤੋਂ ਜ਼ਿਆਦਾ ਪੀੜਤ ਹੁੰਦੇ ਹਨ, ਉਨ੍ਹਾਂ ਵਿਚੋਂ ਬਹੁਗਿਣਤੀ ਦੇਸ਼ ਅਫਰੀਕਾ, ਦੱਖਣੀ ਏਸ਼ੀਆ, ਕੇਂਦਰੀ ਅਤੇ ਦੱਖਣੀ ਅਮਰੀਕਾ ਦੇ ਖਿੱਤਿਆਂ ਵਿਚ ਆਉਣ ਵਾਲੇ ਦੇਸ਼ ਅਤੇ ਛੋਟੇ ਛੋਟੇ ਟਾਪੂਆਂ `ਤੇ ਵਸੇ ਵਿਕਾਸਸ਼ੀਲ ਦੇਸ਼ ਹਨ। ਸੰਨ 2010 ਤੋਂ ਲੈ ਕੇ 2020 ਤੱਕ ਇਨ੍ਹਾਂ ਇਲਾਕਿਆਂ ਵਿਚ ਹੜ੍ਹਾਂ, ਸੋਕਿਆਂ ਅਤੇ ਤੂਫਾਨਾਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੁਨੀਆ ਦੇ ਅਮੀਰ ਹਿੱਸਿਆਂ ਵਿਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਤੋਂ 15 ਗੁਣਾ ਵੱਧ ਸੀ।
-2020 ਤੋਂ ਪੂਰਬੀ ਅਫਰੀਕਾ ਦਾ ਖਿੱਤਾ ਅਤਿ ਦੇ ਸੋਕੇ ਦਾ ਸਾਹਮਣਾ ਕਰ ਰਿਹਾ ਜਿਸ ਕਾਰਨ 4 ਕਰੋੜ 35 ਲੱਖ ਲੋਕਾਂ ਨੂੰ ਮਾਨਵਵਾਦੀ ਸਹਾਇਤਾ `ਤੇ ਨਿਰਭਰ ਹੋਣਾ ਪੈ ਰਿਹਾ ਹੈ।
-2022 ਦੇ ਮਈ ਤੇ ਅਕਤੂਬਰ ਵਿਚਕਾਰ ਪੱਛਮੀ ਅਫਰੀਕਾ ਵਿਚ ਔਸਤ ਤੋਂ ਜ਼ਿਆਦਾ ਮੀਂਹ ਪੈਣ ਕਾਰਨ ਵੱਡੀ ਪੱਧਰ ‘ਤੇ ਹੜ੍ਹ ਆਏ ਸਨ। ਇਸ ਦੇ ਨਤੀਜੇ ਵਜੋਂ 5 ਲੱਖ ਏਕੜ ਤੋਂ ਜ਼ਿਆਦਾ ਵਾਹੀਯੋਗ ਜ਼ਮੀਨ ਦਾ ਨਾਸ਼ ਮਾਰਿਆ ਗਿਆ ਸੀ, 3 ਲੱਖ ਘਰਾਂ ਦਾ ਨੁਕਸਾਨ ਹੋਇਆ ਸੀ ਅਤੇ 15 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋਏ ਸਨ।
-ਸੰਨ 2022 ਵਿਚ ਪਾਕਿਸਤਾਨ ਵਿਚ ਵੱਡੀ ਪੱਧਰ `ਤੇ ਹੜ੍ਹ ਆਏ ਸਨ ਜਿਸ ਦੇ ਨਤੀਜੇ ਵਜੋਂ 3 ਕਰੋੜ 30 ਲੱਖ ਲੋਕ ਪ੍ਰਭਾਵਿਤ ਹੋਏ ਸਨ ਅਤੇ ਇਸ ਕਾਰਨ 30 ਅਰਬ (ਬਿਲੀਅਨ) ਅਮਰੀਕਨ ਡਾਲਰ ਦੇ ਬਰਾਬਰ ਦਾ ਨੁਕਸਾਨ ਹੋਇਆ ਸੀ।
ਆਲਮੀ ਤਪਸ਼ ਅਤੇ ਜਲਵਾਯੂ ਵਿਚ ਤਬਦੀਲੀ ਲਈ ਸੁਪਰ ਅਮੀਰਾਂ ਦੀ ਜ਼ਿੰਮੇਵਾਰੀ ਅਤੇ ਇਨ੍ਹਾਂ ਦੋਹਾਂ ਕਾਰਨ ਪੈਦਾ ਹੋਣ ਵਾਲੇ ਸੰਕਟਾਂ/ਬਿਪਤਾਵਾਂ ਦੀ ਗਰੀਬ ਲੋਕਾਂ `ਤੇ ਪੈਂਦੀ ਮਾਰ ਦੀ ਸਥਿਤੀ ‘ਤੇ ਟਿੱਪਣੀ ਕਰਦਿਆਂ ਔਕਸਫੈਮ ਇੰਟਰਨੈਸ਼ਨਲ ਦੇ ਅੰਤਰਿਮ ਐਗਜ਼ੈਕਟਿਵ ਡਾਇਰੈਕਟਰ ਅਮਿਤਾਬ ਬੇਹਾਰ ਨੇ ਕਿਹਾ, “ਸੁਪਰ ਅਮੀਰ ਧਰਤੀ ਨੂੰ ਤਬਾਹੀ ਦੀ ਹੱਦ ਤੱਕ ਲੁੱਟ ਅਤੇ ਪ੍ਰਦੂਸ਼ਤ ਕਰ ਰਹੇ ਹਨ ਜਿਸ ਕਾਰਨ ਅਤਿ ਦੀ ਗਰਮੀ, ਹੜ੍ਹਾਂ ਅਤੇ ਸੋਕੇ ਕਾਰਨ ਮਨੁੱਖਤਾ ਦਾ ਸਾਹ ਘੁਟ ਰਿਹਾ ਹੈ। ਕਈ ਸਾਲਾਂ ਤੋਂ ਅਸੀਂ ਫੌਸਿਲ ਫਿਊਲਜ਼ (ਤੇਲ, ਪੈਟਰੋਲ, ਕੋਲਾ ਆਦਿ) ਦਾ ਯੁੱਗ ਖਤਮ ਕਰਨ ਲਈ ਲੜਾਈ ਲੜ ਰਹੇ ਹਾਂ। ਇਹ ਸਾਫ ਹੈ ਕਿ ਇਹ ਉਨਾ ਚਿਰ ਨਹੀਂ ਹੋ ਸਕੇਗਾ, ਜਿੰਨਾ ਚਿਰ ਤੱਕ ਅਸੀਂ ਅਤਿ ਦੀ ਅਮੀਰੀ ਦਾ ਯੁੱਗ ਖਤਮ ਨਹੀਂ ਕਰਦੇ।”