ਗਦਰੀ ਬਾਬੇ ਕੌਣ ਸਨ?-3
ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ ਮਿਸਾਲੀ ਸੰਘਰਸ਼ ‘ਗਦਰ ਲਹਿਰ’ ਦਾ ਸ਼ਤਾਬਦੀ ਵਰ੍ਹਾ ਚੱਲ ਰਿਹਾ ਹੈ। ਵੀਹਵੀਂ ਸਦੀ ਦੇ ਅਰੰਭ ਵਿਚ ਇਨ੍ਹਾਂ ਗਦਰੀਆਂ ਨੇ ਇਕ ਵਾਰ ਤਾਂ ਅੰਗਰੇਜ਼ਾਂ ਦੀ ਹਕੂਮਤ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। ਇਨ੍ਹਾਂ ਗਦਰੀਆਂ ਦੀ ਚਰਚਾ ਗਾਹੇ-ਬਗਾਹੇ ਹੁੰਦੀ ਰਹੀ ਹੈ ਅਤੇ ਸੰਜੀਦਾ ਜੁਝਾਰੂ ਲੋਕ ਉਨ੍ਹਾਂ ਦੀ ਵਿਰਾਸਤ ਨੂੰ ਅਗਾਂਹ ਤੋਰਨ ਦੇ ਆਹਰ ਵਿਚ ਲੱਗੇ ਰਹੇ ਹਨ। ਹੁਣ ਸ਼ਤਾਬਦੀ ਦੇ ਬਹਾਨੇ ਗਦਰੀਆਂ ਵੱਲੋਂ ਕੌਮੀ ਕਾਜ ਵਿਚ ਪਾਏ ਯੋਗਦਾਨ ਬਾਰੇ ਇਕ ਵਾਰ ਫਿਰ ਭਰਪੂਰ ਚਰਚਾ ਛਿੜੀ ਹੈ ਪਰ ਕੁਝ ਵਿਦਵਾਨ ਗਦਰੀਆਂ ਨੂੰ ਮਹਿਜ਼ ਸਿੱਖਾਂ ਤੱਕ ਸੀਮਤ ਕਰ ਰਹੇ ਹਨ। ਮਸ਼ਹੂਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਇਸ ਬਾਰੇ ਸਾਨੂੰ ਲੰਮਾ ਲੇਖ ਭੇਜਿਆ ਹੈ ਜੋ ਅਸੀਂ ਲੜੀਵਾਰ ਛਾਪ ਰਹੇ ਹਾਂ। ਇਨ੍ਹਾਂ ਲੇਖਾਂ ਦੇ ਵਿਚਾਰਾਂ ਬਾਰੇ ਆਈ ਹਰ ਰਾਏ ਨੂੰ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ
ਵਰਿਆਮ ਸਿੰਘ ਸੰਧੂ
ਸਾਡੇ ਅਜੋਕੇ ਵਿਦਵਾਨਾਂ ਵਾਂਗ ਅੰਗਰੇਜ਼ ਸਰਕਾਰ ਵੀ ਇਹੋ ਸੋਚਣੀ ਸੀ ਕਿ ਲਾਲਾ ਹਰਦਿਆਲ ਹੀ ਸਾਰੀ ਗਦਰ ਲਹਿਰ ਦੇ ਕਰਨਹਾਰ ਹਨ। ਬਾਬਾ ਸੋਹਣ ਸਿੰਘ ਭਕਨਾ ਵਾਲੀ ਗੱਲ ਨੂੰ ਹੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਕੁਝ ਇਸ ਤਰ੍ਹਾਂ ਆਖਦੇ ਹਨ, “ਅੰਗਰੇਜ਼ੀ ਸਰਕਾਰ ਸਮਝਦੀ ਸੀ ਕਿ ਗਦਰ ਲਹਿਰ ਦੇ ਸਾਰੇ ਫਿਤਨੇ ਦੀ ਜੜ੍ਹ ਲਾਲਾ ਹਰਦਿਆਲ ਹੈ ਅਤੇ ਉਸ ਨੂੰ ਪਰੇ ਕਰ ਦੇਣ ਨਾਲ ਸਾਰਾ ਕੰਮ ਰੁਕ ਜਾਵੇਗਾ ਪਰ ਅੰਗਰੇਜ਼ੀ ਸਰਕਾਰ ਦੀ ਇਹ ਵੱਡੀ ਭੁੱਲ ਸੀ। ਅਮਰੀਕਾ ਵਿਚ ਗਦਰ ਪਾਰਟੀ ਦੀ ਸਥਾਪਤੀ, ਗਦਰ ਪ੍ਰੈਸ, ਗਦਰ ਅਖਬਾਰ, ਯੁਗਾਂਤਰ ਆਸ਼ਰਮ; ਇਹ ਸਾਰੇ ਕੰਮ ਕਰਨ ਵਾਲੇ ਤਾਂ ਅਮਰੀਕਾ ਵਿਚ ਰਹਿਣ ਵਾਲੇ ਹਿੰਦੁਸਤਾਨੀ (ਖਾਸ ਕਰ ਕੇ ਪੰਜਾਬੀ) ਲੋਕ ਸਨ। ਜੇ ਅਮਰੀਕਾ ਵਿਚ ਰਹਿਣ ਵਾਲੇ ਹਿੰਦੀ ਲੋਕਾਂ ਅੰਦਰ ਅੰਗਰੇਜ਼ੀ ਸਰਕਾਰ ਦੇ ਜ਼ੁਲਮ ਤੇ ਬੇਇਨਸਾਫ਼ੀ ਵਿਰੁਧ ਜਜ਼ਬਾ ਨਾ ਪੈਦਾ ਹੋਇਆ ਹੁੰਦਾ ਤਾਂ ਇਕ ਲਾਲਾ ਹਰਦਿਆਲ ਕੀ, ਦਰਜਨਾਂ ਲਾਲਾ ਹਰਦਿਆਲ ਵੀ ਇਤਨਾ ਵੱਡਾ ਕੰਮ ਪੂਰਾ ਨਹੀਂ ਸੀ ਕਰ ਸਕਦੇ।” (ਹਰਨਾਮ ਸਿੰਘ ਟੁੰਡੀਲਾਟ, ਗਦਰ ਲਹਿਰ ਦੀ ਕਹਾਣੀ, ਸਫਾ 73)
ਗਦਰੀ ਬਾਬਿਆਂ ਦੀਆਂ ‘ਬਾਕਲਮ-ਖ਼ੁਦ’ ਇਹ ਗਵਾਹੀਆਂ ਸਾਫ ਕਰ ਦਿੰਦੀਆਂ ਹਨ ਕਿ ਲਾਲਾ ਹਰਦਿਆਲ ਜਾਂ ਕੋਈ ਹੋਰ ਆਪਣੇ ਕਿਸੇ ਮਕਸਦ ਲਈ ਗਦਰੀਆਂ ਨੂੰ ਨਹੀਂ ਸਨ ‘ਵਰਤ’ ਰਹੇ ਸਗੋਂ ਉਹ ਤਾਂ ਸਾਰੇ ਆਪਸ ਵਿਚ ਰਲ ਮਿਲ ਕੇ ਮਾਕੂਲ ਹਾਲਾਤ ਨੂੰ ਆਪਣੇ ਹੱਕ ਵਿਚ ਵਰਤ ਰਹੇ ਸਨ। ਬਾਬਿਆਂ ਦੇ ਇਹ ਬਿਆਨ ਗਦਰੀਆਂ ਨੂੰ ‘ਹਿੰਦੀ’ ਜਾਂ ‘ਪੰਜਾਬੀ’ ਆਖੇ ਜਾਣ ਦਾ ਤਰਕ ਵੀ ਸਹਿਵਨ ਹੀ ਪੇਸ਼ ਕਰ ਦਿੰਦੇ ਹਨ।
ਇਸ ਵਿਚ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿੰਦੀ ਕਿ ਗਦਰੀਆਂ ਦਾ ਨਿਸ਼ਾਨਾ ਕੋਈ ਨਿਵੇਕਲਾ ਤੇ ਛੋਟਾ ਭੂਗੋਲਿਕ ਖਿੱਤਾ ਆਜ਼ਾਦ ਕਰਾਉਣ ਦਾ ਨਹੀਂ ਸਗੋਂ ਪੂਰੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਸੀ। ਇਸ ਮਕਸਦ ਦੀ ਪ੍ਰਾਪਤੀ ਲਈ ਤਾਂ ਸਗੋਂ ਉਹ ਸਿੱਖ, ਹਿੰਦੂ, ਮੁਸਲਮਾਨ ਜਾਂ ਪੰਜਾਬੀ ਆਦਿ ਦੀ ਵਲਗਣ ਤੋਂ ਉਪਰ ਉਠ ਕੇ ਸਾਰੇ ਮੁਲਕ ਨੂੰ ਆਪਣੀਆਂ ਬਾਹਾਂ ਖੋਲ੍ਹ ਕੇ ਨਾਲ ਜੋੜਨ ਲਈ ਲੱਗੇ ਰਹੇ। ਦੇਸ਼ ਵਿਚ ਆ ਕੇ ਪੂਰੇ ਹਿੰਦੁਸਾਤਨ ਦੀਆਂ ਫੌਜੀ ਛਾਉਣੀਆਂ ਨੂੰ ਆਪਣੇ ਨਾਲ ਜੋੜਨ ਲਈ ਤੇ ਦੂਜੇ ਪ੍ਰਾਂਤਾਂ ਦੇ ਇਨਕਲਾਬੀਆਂ ਨੂੰ ਆਪਣੀ ਲਹਿਰ ਦਾ ਹਿੱਸਾ ਬਣਨ ਲਈ ਪ੍ਰੇਰਨ ਅਤੇ ਉਨ੍ਹਾਂ ਨੂੰ ਲਹਿਰ ਵਿਚ ਸ਼ਾਮਲ ਕਰਨ ਦੀ ਗਵਾਹੀ ਲਹਿਰ ਦਾ ਇਤਿਹਾਸ ਭਲੀਭਾਂਤ ਦਿੰਦਾ ਹੈ। ਗਦਰੀ ਤਾਂ ਸਗੋਂ ਇਸ ਕਦਰ ਨਿਰਮਾਣ ਤੇ ਹਉਮੈ ਤੋਂ ਮੁਕਤ ਸਨ ਕਿ ਉਨ੍ਹਾਂ ਨੂੰ ਲੀਡਰੀ ਜਾਂ ਅਹੁਦਿਆਂ ਦੀ ਕੋਈ ਚਾਹਨਾ ਨਹੀਂ ਸੀ। ਉਹ ਤਾਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਆਗੂ ਕੁਰਬਾਨੀ ਤੇ ਤਿਆਗ ਦਾ ਪੁਤਲਾ ਵੀ ਹੋਵੇ ਤੇ ਬਹੁਪੱਖੀ ਇਨਕਲਾਬੀ ਚਿੰਤਕ ਵੀ। ਇਹੋ ਕਾਰਨ ਸੀ ਕਿ ਪਹਿਲਾਂ ਤਾਂ ਕਰਤਾਰ ਸਿੰਘ ਸਰਾਭਾ ਤੇ ਉਹਦੇ ਸਾਥੀਆਂ ਨੇ ਦੂਜੇ ਸੂਬਿਆਂ ਦੇ ਇਨਕਲਾਬੀਆਂ ਨਾਲ ਤਾਲ-ਮੇਲ ਪੈਦਾ ਕੀਤਾ ਤੇ ਫਿਰ ਰਾਸ ਬਿਹਾਰੀ ਬੋਸ ਨੂੰ ਬੰਗਾਲ ਤੋਂ ਪਾਰਟੀ ਦੀ ਅਗਵਾਈ ਲਈ ਬੁਲਾਇਆ ਸੀ। ਇਹ ਸਾਰਾ ਕੁਝ ਗਦਰੀਆਂ ਦੀ ਰਾਸ਼ਟਰੀ ਸੋਚ ਦਾ ਹੀ ਪ੍ਰਗਟਾਵਾ ਸੀ।
ਇਹ ਵੀ ਸੱਚ ਹੈ, ਤੇ ਅਸੀਂ ਸਬੂਤ ਵਜੋਂ ਬਾਬਾ ਹਰਨਾਮ ਸਿੰਘ ਟੁੰਡੀਲਾਟ ਦੇ ਹਵਾਲੇ ਨਾਲ ਜ਼ਿਕਰ ਵੀ ਕਰ ਆਏ ਹਾਂ ਕਿ ਲਾਲਾ ਹਰਦਿਆਲ ਦੀ ਸ਼ਮੂਲੀਅਤ ਤੋਂ ਪਹਿਲਾਂ ਹੀ ਗਦਰੀਆਂ ਨੇ ਹਥਿਆਰਬੰਦ ਸੰਘਰਸ਼ ਰਾਹੀਂ ਦੇਸ਼ ਆਜ਼ਾਦ ਕਰਾਉਣ ਦਾ ਆਪਣਾ ਨਿਸ਼ਾਨਾ ਨਿਰਧਾਰਤ ਕਰ ਲਿਆ ਸੀ। ਲਾਲਾ ਹਰਦਿਆਲ ਦੇ ਅਮਰੀਕਾ ਛੱਡ ਜਾਣ ਉਪਰੰਤ ਉਨ੍ਹਾਂ ਦੀ ਥਾਂ ਭਾਈ ਸੰਤੋਖ ਸਿੰਘ ਨੇ ਬੜੀ ਯੋਗਤਾ ਨਾਲ ਪਾਰਟੀ ਦੀ ਜਨਰਲ ਸਕੱਤਰੀ ਦਾ ਕਾਰਜ ਭਾਰ ਸੰਭਾਲ ਲਿਆ ਸੀ। “ਭਾਈ ਸੰਤੋਖ ਸਿੰਘ ਪੂਰੀ ਤਰ੍ਹਾਂ ਅੰਗਰੇਜ਼ੀ ਬੋਲ ਤੇ ਪੜ੍ਹ-ਲਿਖ ਸਕਦੇ ਸਨ। ਇਕ ਤਰ੍ਹਾਂ ਉਨ੍ਹਾਂ ਦਾ ਸਭਿਅਕ ਮਿਆਰ ਲਾਲਾ ਹਰਦਿਆਲ ਦੇ ਬਰਾਬਰ ਹੀ ਸੀ। ਇਸ ਤੋਂ ਬਿਨਾਂ ਭਾਈ ਸਾਹਿਬ ਵਿਚ ਹੋਰ ਜ਼ਾਤੀ ਖੂਬੀਆਂ ਸਨ ਜਿਸ ਤੋਂ ਲਾਲਾ ਹਰਦਿਆਲ ਵਾਂਝੇ ਸਨ। ਬਾਅਦ ਦੇ ਇਤਿਹਾਸ ਨੇ ਇਹ ਗੱਲ ਸਾਬਤ ਕਰ ਦਿੱਤੀ।” (ਹਰਨਾਮ ਸਿੰਘ ਟੁੰਡੀਲਾਟ, ਗਦਰ ਲਹਿਰ ਦੀ ਕਹਾਣੀ, ਸਫਾ 73)
ਇਹ ਸਾਰਾ ਵਿਸਥਾਰ ਇਹ ਦੱਸਣ ਲਈ ਹੈ ਕਿ ਗਦਰੀ ਬਾਬਿਆਂ ਨੂੰ ਕਿਸੇ ਨੇ ਨਹੀਂ ‘ਵਰਤਿਆ’। ‘ਵਰਤੇ ਜਾਣ’ ਦੇ ਹਵਾਲੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ‘ਯੁਗਾਂਤਰ ਆਸ਼ਰਮ’ ਜਾਂ ‘ਵੰਦੇ ਮਾਤਰਮ’ ਜਿਹੇ ਸ਼ਬਦ ਜਾਂ ਸੰਕਲਪ ਜਾਣ ਬੁੱਝ ਕੇ ਹਿੰਦੂ ਪਿਛੋਕੜ ਵਿਚੋਂ ਚੁਣੇ ਗਏ ਪਰ ਉਨ੍ਹਾਂ ਨੂੰ ਇਹ ਭੁੱਲ ਜਾਂਦਾ ਹੈ ਕਿ ‘ਗਦਰ’ ਦੇ ਪਰਚੇ ਉਤੇ, ਗੁਰਬਾਣੀ ਦੀ ਤੁਕ ‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥’ ਵੀ ਤਾਂ ਲਿਖੀ ਹੋਈ ਸੀ। ਸਿੱਖ ਤਾਂ ਜਪੁ ਜੀ ਸਾਹਿਬ ਦਾ ਪਾਠ ਕਰਦੇ ਹੋਏ ‘ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ ਖਾਹੀ ਖਾਹਿ॥’ ਜਪਦਿਆਂ ਹਰ ਰੋਜ਼ ‘ਯੁਗਾਂਤਰ’ ਸ਼ਬਦ ਦੇ ਅੰਗ-ਸੰਗ ਰਹਿੰਦੇ ਹਨ। ਗਦਰੀਆਂ ਦੇ ਹਵਾਲੇ ਨਾਲ ਇਕ ਦੂਜੇ ਨੂੰ ਧਰਮ ਜਾਂ ਫ਼ਿਰਕੇ ਦੇ ਆਧਾਰ ‘ਤੇ ‘ਵਰਤਣ ਵਰਤਾਉਣ’ ਦੀ ਗੱਲ ਕਰਨੀ ਅਸਲੋਂ ਨਾਵਾਜਬ ਹੈ। ਅਸਲ ਵਿਚ ਪੂਰੀ ਭਾਰਤੀ ਸੰਸਕ੍ਰਿਤੀ ਵਿਚ ਜਿੱਥੇ ਵੀ ਕਿਧਰੇ ਪ੍ਰੇਰਨਾ ਦਾ ਅੰਸ਼ ਜਾਂ ਸੋਮਾ ਪਿਆ ਸੀ, ਗ਼ਦਰੀਆਂ ਨੇ ਉਸ ਨੂੰ ‘ਆਪਣਾ’ ਸਮਝ ਕੇ ਆਪਣੇ ਮਕਸਦ ਲਈ ਵਰਤਿਆ।
ਇਤਿਹਾਸ-ਮਿਥਿਹਾਸ ਦੇ ਜਮ੍ਹਾਂ ਪਹਿਲੂ ਕਿਵੇਂ ਵਰਤਮਾਨ ਵਿਚ ਗਤੀਸ਼ੀਲ ਹੋਣ ਲਈ ਸਾਡੀ ਧਿਰ ਤੇ ਧੁਰਾ ਬਣਦੇ ਹਨ, ਇਸ ਦੀ ਉਦਾਹਰਣ ਪੇਸ਼ ਹੈ। ਭਾਈ ਭਗਵਾਨ ਸਿੰਘ ਦੁਸਾਂਝ ਦੀ ਅਗਵਾਈ ਵਿਚ ਜਦੋਂ (ਜੈਤੋ ਦੇ ਮੋਰਚੇ ਵਿਚ ਭਾਗ ਲੈਣ ਲਈ) ਸ਼ਹੀਦੀ ਜਥਾ ਕੈਨੇਡਾ ਤੋਂ ਤੁਰਨ ਵਾਲਾ ਸੀ ਤਾਂ ਵਿਕਟੋਰੀਆ ਵਿਚ ਹੋਏ ਸਨਮਾਨ ਸਮਾਗਮ ਵਿਚ ਜਿਹੜਾ ਮਾਣ-ਪੱਤਰ ਸ਼ਹੀਦੀ ਜਥੇ ਨੂੰ ਪੇਸ਼ ਕੀਤਾ ਗਿਆ, ਉਸ ਵਿਚ ਕੈਨੇਡਾ ਦੇ ਪੂਰਬਲੇ ਇਤਿਹਾਸ ਵਿਚ ਸੂਰਬੀਰ ਕੈਨੇਡੀਅਨ ਪੰਜਾਬੀਆਂ ਵੱਲੋਂ ਕੈਨੇਡਾ ਵਿਚ ਸਥਾਪਤ ਹੋਣ ਲਈ ਅਤੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਸਤੇ ਕੀਤੀਆਂ ਘਾਲਣਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ, “ਪਿਛਲਾ ਹਾਲ ਸੁਣਾਨ ਦਾ ਸਾਡਾ ਇਹ ਭਾਵ ਹੈ ਕਿ ਜਿਸ ਤਰ੍ਹਾਂ ਲੰਕਾ ਵਿਚ ਪਹੁੰਚ ਕੇ ਸੀਤਾ ਦੀ ਸੁਧ ਲਿਆਉਣ ਦੀ ਕੋਈ ਭੀ ਸ਼ਕਤੀ ਨਹੀਂ ਸੀ ਰੱਖਦਾ, ਉਸ ਵਕਤ ਹਨੂੰਮਾਨ ਨੇ ਕਿਹਾ ਸੀ ਕਿ ਜੇ ਕੋਈ ਮੈਨੂੰ ਮੇਰਾ ਪਿਛਲਾ ਹਾਲ ਸੁਣਾਵੇ ਤਾਂ ਮੈਂ ਖ਼ਬਰ ਲਿਆ ਸਕਦਾ ਹਾਂ। ਉਸ ਵਕਤ ਸ੍ਰੀ ਰਾਮ ਚੰਦਰ ਜੀ ਦੇ ਕਹਿਣੇ ਪਰ ਜਾਮਵੰਤ ਨੇ ਉਸ ਨੂੰ ਉਸ ਦੇ ਕੀਤੇ ਕੰਮ ਦੱਸੇ। ਉਸੀ ਵਕਤ ਉਸ ਦੇ ਚਿਹਰੇ ਪਰ ਜੋਸ਼ ਦੇ ਨਿਸ਼ਾਨ ਟਪਕਣ ਲੱਗ ਪਏ ਤੇ ਉਹ ਆਪਣੇ ਕੰਮ ਵਿਚ ਕਾਮਯਾਬ ਹੋ ਗਿਆ।
ਸੋ ਕੇਵਲ ਮਾਰਕਸ, ਲੈਨਿਨ ਜਾਂ ਮਾਓ ਹੀ ਨਹੀਂ, ਕਿਸੇ ਸਾਧਾਰਨ ਬੰਦੇ ਲਈ ਕਿਸੇ ਸਮੇਂ ਮਹਾਂਭਾਰਤ, ਰਮਾਇਣ ਜਾਂ ਸਿੱਖ ਇਤਿਹਾਸ ਦੀਆਂ ਕਹਾਣੀਆਂ ਅਤੇ ਹਵਾਲੇ ਵਾਲਾ ‘ਪਿਛਲਾ ਹਾਲ’ ਵੀ ਨਵੀਂ ਲੜਾਈ ਲੜਨ ਦਾ ਜੋਸ਼ ਦਾ ਸੋਮਾ ਬਣ ਸਕਦਾ ਹੈ। ਗੁਰਬਾਣੀ, ਕੁਰਾਨ ਜਾਂ ਗੀਤਾ ਵੀ ਸੁੱਤੀ ਆਤਮਾ ਨੂੰ ਜਗਾਉਣ ਦਾ ਵਸੀਲਾ ਬਣ ਸਕਦੇ ਹਨ। ਗਦਰੀ ਬਾਬਿਆਂ ਤੇ ਕਿਰਤੀ ਲਹਿਰ ਦੇ ਸੂਰਮਿਆਂ ਤੇ ਬੁੱਧੀਮਾਨਾਂ ਨੇ ਸਿੱਖ ਇਤਿਹਾਸ, ਗੁਰਬਾਣੀ ਅਤੇ ਆਪਣੇ ਇਤਿਹਾਸ-ਮਿਥਿਹਾਸ ਤੋਂ ਸੁੱਚੀ ਪ੍ਰੇਰਨਾ ਲਈ; ਉਸ ਨੂੰ ਨਵੀਂ ਤੇ ਅਗਲੀ ਦੌੜ ਦੌੜਨ ਲਈ ਪਟੜੀ ਬਣਾਉਣ ਲਈ ਵਰਤਿਆ ਪਰ ਦੌੜ ਆਪਣੀ ਤੇ ਆਪਣੇ ਸਮੇਂ ਦੇ ਹਾਣ ਦੀ ਹੀ ਦੌੜੀ।” (ਵਰਿਆਮ ਸਿੰਘ ਸੰਧੂ, ਭਗਵਾਨ ਸਿੰਘ ਦੋਸਾਂਝ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਪੰਨਾ: 15)
ਅਸੀਂ ਮੰਨਦੇ ਹਾਂ ਕਿ ਗਦਰੀਆਂ ਦੀ ਸੋਚ ਨੂੰ ਜਾਣਨ-ਸਮਝਣ ਲਈ ਸਾਨੂੰ ਉਨ੍ਹਾਂ ਦੀਆਂ ਲਿਖਤਾਂ ਨੂੰ ਵਾਚਣਾ ਚਾਹੀਦਾ ਹੈ; ਇਹ ਲਿਖਤਾਂ ਹੀ ਉਨ੍ਹਾਂ ਦੇ ਨਜ਼ਰੀਏ ਦਾ ਸੱਚਾ ਸੁੱਚਾ ਪ੍ਰਗਟਾਵਾ ਹਨ। ‘ਗਦਰ’ ਅਖਬਾਰ ਵਿਚ ਛਪਦੀਆਂ ‘ਗਦਰ ਦੀਆਂ ਗੂੰਜਾਂ’ ਪੜ੍ਹ ਕੇ ਹੀ ਦੇਸ਼-ਵਿਦੇਸ਼ ਵਿਚ ਵੱਸਦੇ ਭਾਰਤੀਆਂ ਦੇ ਮਨਾਂ ਵਿਚ ‘ਗਦਰ’ ਕਰਨ ਦੀ ਅਗਨ ਭੜਕੀ ਸੀ। ਗਦਰ ਦੀਆਂ ਗੂੰਜਾਂ ਵਿਚ ਉਨ੍ਹਾਂ ਦਾ ਜਾਤ-ਪਾਤ ਰਹਿਤ ਬਰਾਬਰੀ ਵਾਲਾ ਜਮਹੂਰੀ ਨਿਜ਼ਾਮ ਸਿਰਜਣ ਦਾ ਅਜ਼ਮ ਵੀ ਹੈ ਤੇ ਸਭ ਵਿਤਕਰੇ ਭੁੱਲ ਕੇ ਦੇਸ਼ ਹਿਤ ਲੜਨ ਦੀ ਲਲਕਾਰ ਵੀ। ਉਨ੍ਹਾਂ ਵਿਚ ਕਿਧਰੇ ਰੰਚਕ ਮਾਤਰ ਵੀ ਫਿਰਕੂ ਰੰਗ ਦਿਖਾਈ ਨਹੀਂ ਦਿੰਦਾ। ਗਦਰ ਪਾਰਟੀ ਲਹਿਰ ਦਾ ਗੈਰ-ਫਿਰਕੂ ਨਜ਼ਰੀਆ ਦਰਸਾਉਣ ਲਈ ‘ਗਦਰ’ ਅਤੇ ‘ਗਦਰ ਦੀ ਗੂੰਜ’ ਵਿਚੋਂ ਬਹੁਤ ਮਸਾਲਾ ਮਿਲ ਸਕਦਾ ਸੀ। ਵੰਨਗੀ ਦੇ ਤੌਰ ਉਤੇ,
ਸਾਨੂੰ ਲੋੜ ਨਾ ਪੰਡਤਾਂ ਕਾਜ਼ੀਆਂ ਦੀ,
ਨਹੀਂ ਸ਼ੌਕ ਹੈ ਬੇੜਾ ਡੁਬਾਵਨੇ ਦਾ।
ਜਪ ਜਾਪ ਦਾ ਵਕਤ ਬਤੀਤ ਹੋਇਆ,
ਵੇਲਾ ਆ ਗਿਆ ਤੇਗ ਉਠਾਵਨੇ ਦਾ।
—
ਹਿੰਦੂ ਤੇ ਮੁਸਲਮਾਨ ਸਿੱਖ ਤੇ ਬੰਗਾਲੀ ਸਾਰੇ,
ਭਾਰਤ ਦੇ ਪੁੱਤ ਅਸੀਂ ਸਾਰੇ ਹੀ ਕਹਾਂਮਦੇ,
ਸ਼ਰ੍ਹਾ ਤੇ ਮਜ਼ਬ ਜੇਹੜੇ ਰਖ ਲੌ ਕਨਾਰਿਆਂ ਤੇ,
ਦੇਖੀ ਜਾਊ ਪਿਛੋਂ ਕੰਮ ਪੈਹਲਾਂ ਕਤਲਾਮ ਦੇ।
—
ਮਜ਼ਹਬੀ ਝਗੜਿਆਂ ਤੇ ਤੁਸੀਂ ਜ਼ੋਰ ਪਾਯਾ,
ਕੀਤਾ ਦੇਸ਼ ਦਾ ਨਹੀਂ ਧਿਆਨ ਵੀਰੋ।
ਤੁਸਾਂ ਭੋਲਿਓ ਮੂਲ ਨਾ ਖ਼ਬਰ ਲੱਗੀ,
ਝਗੜਾ ਘਤਿਆ ਵੇਦ ਕੁਰਾਨ ਵੀਰੋ।
ਦੇਸ਼ ਪੱਟਿਆ ਤੁਸਾਂ ਦੇ ਝਗੜਿਆਂ ਨੇ,
ਤੁਸੀਂ ਸਮਝਦੇ ਨਹੀਂ ਨਾਦਾਨ ਵੀਰੋ।
ਮੰਦਰ ਮਸਜਦਾਂ ਤੁਸਾਂ ਦੇ ਢੈਣ ਲਗੇ,
ਕੇਹੜੀ ਗੱਲ ਦਾ ਤੁਸਾਂ ਗੁਮਾਨ ਵੀਰੋ,
ਖੋਹੇ ਤੁਸਾਂ ਦੇ ਕਰਦੇ ਕਰਪਾਨ ਵੀਰੋ।
ਗਊ ਸੂਰ ਦੀ ਤੁਸਾਂ ਨੂੰ ਕਸਮ ਭਾਈ,
ਗੋਰੇ ਰੋਜ਼ ਹੀ ਇਨ੍ਹਾਂ ਨੂੰ ਖਾਣ ਵੀਰੋ।
ਹਿੰਦੂ ਮੁਸਲਮਾਨੋਂ ਝਗੜਾ ਛੱਡ ਦੇਵੋ,
ਲਵੋ ਦੇਸ਼ ਤੇ ਕੌਮ ਨੂੰ ਜਾਨ ਵੀਰੋ।
—
ਜ਼ਿਮੀਂ ਵੇਹਲ ਦੇਵੇ ਅਸੀਂ ਗਰਕ ਜਾਈਏ,
ਪੈਦਾ ਹੋ ਗਿਆ ਤੀਹ ਕਰੋੜ ਕਾਹਨੂੰ।
ਛੇਤੀ ਮਿਲ ਬੈਠੋ ਹਿੰਦੂ ਮੁਸਲਮਾਨੋ,
ਤੁਸੀਂ ਬੈਠੇ ਹੋ ਵਿਚ ਅਨਜੋੜ ਕਾਹਨੂੰ।
ਛੇਤੀ ਕਰੋ ਤਿਆਰੀਆਂ ਗ਼ਦਰ ਦੀਆਂ,
ਸਿੰਘੋ ਛੱਡਿਆ ਮੁਖ ਮਰੋੜ ਕਾਹਨੂੰ।
—
ਤੁਸੀਂ ਦੀਨ ਈਮਾਨ ਦੇ ਪਏ ਪਿਛੇ,
ਫ਼ਿਕਰ ਤੁਸਾਂ ਨੂੰ ਗਿਆਨ ਧਿਆਨ ਵਾਲੇ।
ਆਪਸ ਵਿਚ ਲੜਨਾ ਮੰਦਾ ਕੰਮ ਫੜਿਆ,
ਝਗੜੇ ਝਗੜ ਹਿੰਦੂ ਮੁਸਲਮਾਨ ਵਾਲੇ,
ਹੀਰਾ ਹਿੰਦ ਹੀਰਾ ਖਾਕ ਰੋਲ ਦਿੱਤਾ,
ਕੌਲੇ ਘਤ ਕੇ ਵੇਦ ਕੁਰਾਨ ਵਾਲੇ।
ਗਾਈਂ ਸੂਰ ਝਟਕਾ ਜੇਕਰ ਦੁੱਖ ਦਿੰਦਾ,
ਗੋਰੇ ਹੈਨ ਤਿੰਨੇ ਚੀਜ਼ਾਂ ਖਾਨ ਵਾਲੇ।
ਜਿਵੇਂ ਉਤੇ ਦਰਸਾਇਆ ਗਿਆ ਹੈ, ਗਦਰ ਲਹਿਰ ਦਾ ਤੱਤ ਵੇਖਣਾ ਹੋਵੇ ਤਾਂ ਗਦਰ ਸਾਹਿਤ ਨੂੰ ਪੜ੍ਹ ਕੇ ਵੇਖੋ ਜਿਸ ਵਿਚ ਵਾਰ-ਵਾਰ ਭਾਈਚਾਰਕ ਏਕੇ ਅਤੇ ਹਿੰਦੁਸਤਾਨ ਜਾਂ ਭਾਰਤ ਦੀ ਅਜ਼ਾਦੀ ਲਈ ਲੜੀ ਜਾਣ ਵਾਲੀ ਸਾਂਝੀ ਲੜਾਈ ਦੀ ਗੱਲ ਕੀਤੀ ਗਈ ਹੈ। ਸਿਰਫ ਇੰਨਾ ਹੀ ਨਹੀਂ ਗਦਰੀਆਂ ਨੇ ਸਦੀਆਂ ਤੋਂ ਚਲੇ ਆ ਰਹੇ ਦਰਜੇਬੰਦੀ ਵਾਲੇ ਜਾਤ ਆਧਾਰਤ ਭਾਰਤੀ ਸਮਾਜ ਦੇ ਸਭ ਤੋਂ ਵੱਡੇ ਕੋਹੜ ਨੂੰ ਮੁਖਾਤਬ ਹੁੰਦਿਆਂ ਇਕ-ਦੂਜੇ ਨੂੰ ਨੀਂਵਾਂ ਜਾਂ ਅਛੂਤ ਆਖਣ ਦੀ ਘਿਨਾਉਣੀ ਸੋਚ ਨੂੰ ਆਪਣੇ ਨੇੜੇ ਤੱਕ ਨਹੀਂ ਢੁੱਕਣ ਦਿੱਤਾ; ਸਗੋਂ ਉਨ੍ਹਾਂ ਨੇ ਮਜ਼ਹਬਾਂ ਦੇ ਵਖਰੇਵੇਂ ਤੋਂ ਮੁਕਤ ਹੋਣ ਦੇ ਨਾਲ ਨਾਲ ਜਾਤ-ਪਾਤ ਦੇ ਵਖਰੇਵੇਂ ਨੂੰ ਵੀ ਤਿਲਾਂਜਲੀ ਦੇ ਕੇ ਹਕੀਕੀ ਮਾਨਵੀ ਮੁਹੱਬਤ ਦੀ ਨੀਂਹ ਰੱਖ ਦਿੱਤੀ। ਤੇ ਇਹ ਨੀਂਹ ਉਦੋਂ ਰੱਖ ਦਿੱਤੀ ਜਦੋਂ ਅਜੇ ਮਹਾਤਮਾ ਗਾਂਧੀ ਦਾ ਨਿਮਨ ਸ਼੍ਰੇਣੀਆਂ ਨੂੰ ‘ਹਰੀਜਨ’ ਆਖ ਕੇ ਵਡਿਆਉਣ ਤੇ ਪਤਿਆਉਣ ਦਾ ਸਿਲਸਿਲਾ ਅਰੰਭ ਨਹੀਂ ਸੀ ਹੋਇਆ।
ਰਹੇ ਗਰਕ ਹਿੰਦੂ ਮੁਸਲਮਾਨ ਸਾਰੇ,
ਆਯਾ ਜਦੋਂ ਦਾ ਰਾਜ ਫਰੰਗੀਆਂ ਦਾ।
ਰੱਬੀ ਝਗੜਿਆਂ ਵਿਚ ਮਸ਼ਗੂਲ ਹੋਏ,
ਜਿਵੇਂ ਕੰਮ ਜਨਾਨੀਆਂ ਰੰਡੀਆਂ ਦਾ।
ਪੈਦਾ ਹੋਇਕੇ ਇਕ ਹੀ ਦੇਸ਼ ਅੰਦਰ,
ਭੈੜਾ ਕੰਮ ਫੜਿਆ ਧੜੇ ਬੰਦੀਆਂ ਦਾ।
ਛੂਤ ਛਾਤ ਅੰਦਰ ਊਚ ਨੀਚ ਬਣ ਕੇ,
ਉਲਟਾ ਕੰਮ ਕੀਤਾ ਫ਼ਿਰਕੇ ਬੰਦੀਆਂ ਦਾ।
ਗਿਆ ਦੇਸ਼ ਦਾ ਭੁਲ ਪਯਾਰ ਸਾਨੂੰ,
ਹੋਯਾ ਅਸਰ ਜੋ ਸੋਹਬਤਾਂ ਮੰਦੀਆਂ ਦਾ।
—
ਛੂਤ ਛਾਤ ਦਾ ਕੋਈ ਖਿਆਲ ਨਾਹੀਂ,
ਸਾਨੂੰ ਪਰਖ ਨਾ ਚੂਹੜੇ ਚਮਾਰ ਵਾਲੀ।
ਹਿੰਦੋਸਤਾਨ ਵਾਲੇ ਸਾਰੇ ਹੈਨ ਭਾਈ,
ਰੀਤ ਰੱਖਣੀ ਨਹੀਂ ਮੱਕਾਰ ਵਾਲੀ।
—
‘ਗ਼ਦਰ ਦੀਆਂ ਗੂੰਜਾਂ’ ਵਿਚ ਕੋਈ ਕਵਿਤਾ ਅਜਿਹੀ ਨਹੀਂ ਹੋਵੇਗੀ ਜਿਸ ਵਿਚ ਥਾਂ-ਥਾਂ ਅਤੇ ਵਾਰ-ਵਾਰ ਹਿੰਦੁਸਤਾਨ ਦੀ ਗੁਲਾਮੀ ਦਾ ਜੂਲਾ ਗਲੋਂ ਲਾਹੁਣ ਦਾ ਹੋਕਾ ਨਾ ਦਿੱਤਾ ਹੋਵੇ। ਇਥੇ ਅਸੀਂ ‘ਖਾਲਸਾ ਪੰਥ’ ਨੂੰ ਸੰਬੋਧਤ ਹੋ ਕੇ ਲਿਖੀ ਇੱਕ ਕਵਿਤਾ ‘ਪੰਥ ਅੱਗੇ ਪੁਕਾਰ’ ਵਿਚੋਂ ਕੁਝ ਸਤਰਾਂ ਉਦਾਹਰਣ ਲਈ ਦੇ ਰਹੇ ਹਾਂ ਜਿਹੜੀਆਂ ਦੱਸਦੀਆਂ ਹਨ ਕਿ ਗਦਰੀਆਂ ਵਿਚ ਸਿੱਖ, ਹਿੰਦੂ ਤੇ ਮੁਸਲਮਾਨ; ਇੱਕ ਦੇਸ਼ ਭਗਤ, ਇੱਕ ਇਨਕਲਾਬੀ ਤੇ ਇਕ ਰਾਸ਼ਟਰਵਾਦੀ ਦੀ ਹੋਂਦ ਅਸਲੋਂ ਇਕ-ਮਿਕ ਸੀ। ਉਨ੍ਹਾਂ ਨੂੰ ਜਾਤਾਂ, ਫ਼ਿਰਕਿਆਂ ਅਤੇ ਚਿੰਨ੍ਹਾਂ ਦੇ ਆਧਾਰ ‘ਤੇ ਵੰਡਿਆ ਨਹੀਂ ਸੀ ਜਾ ਸਕਦਾ। ਉਨ੍ਹਾਂ ਨੂੰ ਤਾਂ ਹਿੰਦ ਦੀ ਆਜ਼ਾਦੀ ਲਈ ਮਰ ਮਿਟਣਾ ਹੀ ਅਸਲੀ ‘ਖ਼ਾਲਸਾ ਧਰਮ’ ਲੱਗਦਾ ਹੈ ਤੇ ਸਾਰੇ ਹਿੰਦੀ ਉਨ੍ਹਾਂ ਲਈ ‘ਪੰਥ’ ਸਨ ਜਿਨ੍ਹਾਂ ਅੱਗੇ ਉਹ ਨਿਮਨ ਲਿਖਤ ਪੁਕਾਰ ਕਰ ਰਹੇ ਹਨ,
ਪਰਉਪਰਕਾਰ ਕਾਰਨ ਗੁਰਾਂ ਸਾਜਿਆ ਸੀ,
ਹੱਥੀਂ ਕੀਤੇ ਸੀ ਜੰਗ ਕੁਮਾਲ ਸਿੰਘੋ।
ਏਸ ਹਿੰਦ ਦੀ ਰੱਖਿਆ ਕਰਨ ਖ਼ਾਤਰ,
ਵਾਰ ਦਿੱਤੇ ਸੀ ਜਿਗਰ ਦੇ ਲਾਲ ਸਿੰਘੋ।
ਭਾਰਤ ਮਾਤਾ ਦਾ ਜ਼ੁਲਮ ਮਟਾਣ ਖ਼ਾਤਰ,
ਚੁਣੇ ਗਏ ਸੀ ਵਿਚ ਦਵਾਲ ਸਿੰਘੋ।
ਅੱਜ ਮੁਲਕ ਆਜ਼ਾਦੀ ਵਿਚ ਖੇਡਣਾ ਸੀ,
ਕਰਦੇ ਪਿਯਾਰ ਜੇ ਗ਼ਦਰ ਦੇ ਨਾਲ ਸਿੰਘੋ।
ਭਾਰਤ ਮਾਤ ਦੇ ਬੱਚੇ ਨਾ ਮੂਲ ਬਿਕਦੇ,
ਲੈਂਦੇ ਗ਼ਦਰ ਜੇ ਅਸੀਂ ਸੰਭਾਲ ਸਿੰਘੋ।
ਜਿਨ੍ਹਾਂ ਗੋਰਿਆਂ ਤਿਲਕ ਨੂੰ ਕੈਦ ਕੀਤਾ,
ਉਨ੍ਹਾਂ ਕਰੋ ਹੁਣ ਗਰਕ ਪਤਾਲ ਸਿੰਘੋ।
ਬੈਠਾ ਵਿਚ ਜਪਾਨ ਦੇ ਬਰਕਤਉਲਾ,
ਤਕਵਾ ਰਖਿਆ ਜੁਲ ਜਲਾਲ ਸਿੰਘੋ।
ਕ੍ਰਿਸ਼ਨਾ ਵਰਮਾ ਜਾ ਵਿਚ ਫਰਾਂਸ ਬੈਠਾ,
ਮੈਡਮ ਕਾਮਾ ਦਾ ਕਰੋ ਖਿਯਾਲ ਸਿੰਘੋ।
ਭਾਰਤ ਮਾਤਾ ਦਾ ਭਾਰ ਉਤਾਰ ਦਿਓ,
ਭਾਰਤ ਮਾਤਾ ਦੇ ਨੌਨਿਹਾਲ ਸਿੰਘੋ।
ਭਾਰਤ ਮਾਤਾ ਦੇ ਇਨ੍ਹਾਂ ‘ਨੌਨਿਹਾਲਾਂ’ ਵਿਚ ਪੂਰੇ ਭਾਰਤ ਤੋਂ ਆਗੂ ਰੋਲ ਨਿਭਾਉਣ ਵਾਲੇ ਇਨਕਲਾਬੀ ਸਨ। ਮਸਲਨ: ਚੈਂਚਈਆ ਤੇ ਚੰਪਕ ਰਮਨ ਪਿਲਈ ਦੱਖਣ ਤੋਂ; ਪਾਂਡੂਰੰਗ ਖ਼ਾਨਖੋਜੇ ਤੇ ਵਿਸ਼ਨੂੰ ਗਨੇਸ਼ ਪਿੰਗਲੇ ਪੱਛਮੀ ਭਾਰਤ ਤੋਂ; ਤਾਰਕਨਾਥ ਦਾਸ, ਜਤਿੰਦਰ ਲਹਿਰੀ ਤੇ ਤ੍ਰਿਲੋਕੀ ਨਾਥ ਚਕਰਵਰਤੀ ਆਦਿ ਪੂਰਬੀ ਭਾਰਤ ਤੋਂ; ਮੌਲਵੀ ਬਰਕਤਉਲਾ, ਪਰਮਾਨੰਦ ਝਾਂਸੀ, ਮੁਜਤਬਾ ਹੁਸੈਨ ਜੌਨਪੁਰ, ਅਲੀ ਅਹਿਮਦ ਸਦੀਕੀ ਸ਼ਾਹਜ਼ਾਦਪੁਰ (ਫੈਜ਼ਾਬਾਦ) ਆਦਿ ਮੱਧ ਭਾਰਤ ਤੋਂ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਤੇ ਹੋਰ ਅਨੇਕਾਂ ਪੱਛਮੀ ਭਾਰਤ ਤੋਂ ਸਨ। ਸਾਰੇ ਗਦਰੀ ਮੁਕੰਮਲ ਹਿੰਦੋਸਤਾਨੀਅਤ ਦੇ ਪ੍ਰਤੀਨਿਧ ਸਨ।
ਪਿਛਲੇ ਕੁਝ ਸਮੇਂ ਤੋਂ ਗਦਰੀਆਂ ਨੂੰ ‘ਸਿੱਖ’ ਸਾਬਤ ਕਰਨ ਲਈ ਜਿੱਥੇ ਲਿਖਿਆ/ਲਿਖਵਾਇਆ ਜਾ ਰਿਹਾ ਹੈ, ਉਥੇ ਦੇਸ਼-ਵਿਦੇਸ਼ ਵਿਚ ਕਾਨਫਰੰਸਾਂ ਕਰਵਾ ਕੇ ਇਸ ਮੱਤ ਨੂੰ ਸਥਾਪਤ ਕਰਨ ਦਾ ਭਰਪੂਰ ਯਤਨ ਕੀਤਾ ਜਾ ਰਿਹਾ ਹੈ। ਗਦਰੀਆਂ ਦੇ ਵੱਡੇ ਹਿੱਸੇ ਨੂੰ ਸਿੱਖ ਮੰਨਣ ਤੋਂ ਜਾਂ ਸਿੱਖੀ ਵਿਚ ਉਨ੍ਹਾਂ ਦੀ ਆਸਥਾ ਹੋਣ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ। ਸਮੱਸਿਆ ਤਾਂ ਉਥੇ ਪਈ ਹੈ ਜਿੱਥੇ ਗਦਰੀਆਂ ਨੂੰ ‘ਸਿੱਖ’ ਆਖ ਕੇ ਉਸ ਲਹਿਰ ਨੂੰ ਪਿਛਲੀ ਸਦੀ ਦੇ ਅੰਤਲੇ ਦਹਾਕਿਆਂ ਵਿਚ ਚੱਲੀ ‘ਸਿੱਖ ਲਹਿਰ’ ਦਾ ਅੰਗ ਬਣਾਇਆ ਜਾ ਰਿਹਾ ਹੈ। ਇਸ ਮਕਸਦ ਲਈ ਪਿਛਲੇ ਸਾਲ ਅਮਰੀਕਾ ਦੇ ਗਦਰੀਆਂ ਨਾਲ ਸਬੰਧਤ ਯਾਦਗਾਰੀ ਗੁਰਦੁਆਰਾ ਸਟਾਕਟਨ ਵਿਚ ਕੀਤੀ ਗਈ ਕਾਨਫਰੰਸ ਪਿੱਛੇ ਲੁਕਿਆ ਏਜੰਡਾ ਭਲੀਭਾਂਤ ਸਮਝ ਆ ਜਾਂਦਾ ਹੈ। ਇਹ ਏਜੰਡਾ ਗਦਰੀਆਂ ਨੂੰ ‘ਸਿੱਖ’ ਆਖ ਕੇ ਅਸਲ ਵਿਚ ‘ਖਾਲਿਸਤਾਨ’ ਪ੍ਰਾਪਤ ਕਰਨ ਦੀ ਮੰਗ ਨਾਲ ਜੋੜਨ ਦਾ ਤੇ ਗਦਰੀਆਂ ਨੂੰ ‘ਸਟੇਨਾਂ ਵਾਲਿਆਂ’ ਦੀ ਵਿਰਾਸਤ ਸਿੱਧ ਕਰਨ ਦਾ ਹੈ। ਮੰਨੇ-ਪ੍ਰਮੰਨੇ ਇਤਿਹਾਸਕਾਰ ਜਦੋਂ ਅਜਿਹੀਆਂ ਕਾਨਫਰੰਸਾਂ ਵਿਚ ਪਹੁੰਚ ਕੇ ਇਸ ਲਹਿਰ ਨੂੰ ‘ਸਿੱਖ ਲਹਿਰ’ ਤੱਕ ਸੀਮਤ ਕਰਨ ਲਈ ਪਰਚੇ ਪੇਸ਼ ਕਰਦੇ ਹਨ ਤਾਂ ਉਹ ਸੁਚੇਤ ਜਾਂ ਅਚੇਤ ਉਸੇ ਲੁਕਵੇਂ ਏਜੰਡੇ ਦੇ ਹੱਕ ਵਿਚ ਭੁਗਤਦੇ ਲੱਗਦੇ ਹਨ।
ਮੈਂ 1997 ਵਿਚ ਹੀ, ਜਦੋਂ ਅਮਰੀਕਾ ਫੇਰੀ ‘ਤੇ ਜਾਣ ਸਮੇਂ ਗਦਰੀਆਂ ਦੀ ਲੜਾਈ ਦੇ ਮਾਣਯੋਗ ਕੇਂਦਰ ਉਸ ਗੁਰਦੁਆਰੇ ਦੇ ਦਰਸ਼ਨ ਕਰਨ ਗਿਆ ਸਾਂ ਜਿੱਥੇ ਗਦਰੀ ਸੂਰਬੀਰਾਂ ਨੇ ਸਭ ਧਰਮਾਂ ਦੇ ਲੋਕਾਂ ਨੂੰ ਇਕ ਸੂਤਰ ਵਿਚ ਪਰੋ ਕੇ ਆਜ਼ਾਦੀ ਲਈ ਲੜੀ ਜਾਣ ਵਾਲੀ ਮੁਹਿੰਮ ਅਰੰਭੀ ਸੀ, ਤਾਂ ਅਨੁਮਾਨ ਲਾ ਲਿਆ ਸੀ ਕਿ ਗੁਰਦੁਆਰੇ ‘ਤੇ ਕਾਬਜ਼ ਧਿਰਾਂ ਦਾ ਗਦਰੀਆਂ ਦੀ ਸੋਚ ਨਾਲ ਕੋਈ ਰਾਬਤਾ ਨਹੀਂ ਬਣਦਾ ਸਗੋਂ ਇਨ੍ਹਾਂ ਦਾ ਮਕਸਦ ਬਾਬਿਆਂ ਦੇ ਸੁਪਨੇ ਦੇ ਵਿਰੋਧ ਵਿਚ ਖਲੋਂਦਾ ਹੈ। ਮੈਂ ਉਦੋਂ ਲਿਖਿਆ ਸੀ, “ਮੈਂ ਕੰਧਾਂ ਉਤੇ ਨਜ਼ਰ ਮਾਰੀ ਤਾਂ ਮੇਰੀ ਸਾਰੀ ਖ਼ੁਸ਼ੀ ਜਾਂਦੀ ਰਹੀ। ਦੀਵਾਰਾਂ ਉਤੇ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਸਨ ਜਿਨ੍ਹਾਂ ਵਿਚੋਂ ਕਈਆਂ ਨੇ ਅਨੇਕਾਂ ਮਾਸੂਮਾਂ ਦਾ ਕਤਲ ਕਰਨ ਦੇ ਰਿਕਾਰਡ ਬਣਾਏ ਹੋਏ ਸਨ। ਮੈਂ ਵੇਖਦਾ ਗਿਆ। ਖੱਬੇ ਪਾਸੇ ਦੀ ਦੀਵਾਰ, ਸਾਹਮਣੀ ਦੀਵਾਰ ਤੇ ਫਿਰ ਸੱਜੇ ਪਾਸੇ ਦੀ ਦੀਵਾਰ। ਸਭ ਉਨ੍ਹਾਂ ਦੀਆਂ ਤਸਵੀਰਾਂ! ਕਿੱਥੇ ਸਨ ਉਹ ਗ਼ਦਰੀ ਬਾਬੇ!
ਹਾਂ, ਹੈ ਸਨ। ਇਨ੍ਹਾਂ ਤਸਵੀਰਾਂ ਨੇ ਉਨ੍ਹਾਂ ਬਾਬਿਆਂ ਦੀਆਂ ਤਸਵੀਰਾਂ ਨੂੰ ਧੱਕ ਕੇ ਸੱਜੀ ਕੰਧ ਦੀ ਬਾਹਰਲੀ ਨੁੱਕਰ ਵੱਲ ਲੈ ਆਂਦਾ ਸੀ। ਦੋ-ਢਾਈ ਵਰਗ ਗਜ਼ ਵਿਚ ਉਨ੍ਹਾਂ ਨੂੰ ‘ਸਮੇਟ’ ਦਿੱਤਾ ਗਿਆ ਸੀ। ਸਟੇਨਧਾਰੀ ਤਸਵੀਰਾਂ ਨੇ ਉਨ੍ਹਾਂ ਦੀ ਥਾਂ ਮੱਲ ਲਈ ਸੀæææ। ਮੈਂ ਤਿੰਨਾਂ ਕੰਧਾਂ ਉਤੇ ਲੱਗੀਆਂ ਤਸਵੀਰਾਂ ਵੱਲ ਭਰਵੀਂ ਝਾਤ ਮਾਰੀ ਤੇ ਗਦਰੀ ਬਾਬਿਆਂ ਦੀਆਂ ਬਾਹਰਲੇ ਦਰਵਾਜ਼ੇ ਵੱਲ ਧੱਕ ਦਿੱਤੀਆਂ ਤਸਵੀਰਾਂ ਵੱਲ ਵੇਖਿਆ ਤਾਂ ਸਹਿਵਨ ਮੇਰੀ ਆਤਮਾ ਬੋਲੀ, “ਮੇਰੇ ਬਾਬਿਆਂ ਨੂੰ ਉਨ੍ਹਾਂ ਦੇ ਘਰ ਵਿਚੋਂ ਬਾਹਰ ਕੱਢਣੋਂ ਰੋਕੋ।” (ਵਰਿਆਮ ਸਿੰਘ ਸੰਧੂ, ਪਰਦੇਸੀ ਪੰਜਾਬ, ਚੇਤਨਾ ਪ੍ਰਕਾਸ਼ਨ ਲੁਧਿਆਣਾ-2009, ਸਫਾ 196-197)
ਬਾਬਿਆਂ ਦੀਆਂ ਤਸਵੀਰਾਂ ਨਾਲ ਦਿੱਤੀ ਜਾਣਕਾਰੀ ਵਿਚ ਲਾਲਾ ਹਰਦਿਆਲ ਨੂੰ ‘ਨਾਸਤਕ’ ਆਖ ਕੇ ਨਿੰਦਿਆ ਗਿਆ ਸੀ ਤੇ ਰਾਮ ਚੰਦਰ ਨੂੰ ‘ਗੱਦਾਰ’ ਆਖ ਕੇ; ਪਰ ਮੋਟੇ ਅੱਖਰਾਂ ਵਿਚ ਨਿੰਦਣ ਪਿੱਛੇ ਕਾਰਨ ਉਨ੍ਹਾਂ ਦਾ ‘ਹਿੰਦੂ’ ਹੋਣਾ ਜਾਪਦਾ ਹੈ। ਜਦਕਿ ਅਜਿਹੀਆਂ ਗੱਲਾਂ ਕਰਨ ਵਾਲੇ ਇਹ ਭੁੱਲ ਜਾਂਦੇ ਹਨ ਕਿ ਜੇ ਗਦਰ ਲਹਿਰ ਵਿਚ ‘ਸਿੱਖਾਂ’ ਦੀ ਗਿਣਤੀ 80-85 ਫ਼ੀਸਦੀ ਸੀ ਤਾਂ ਗੱਦਾਰ ਤੇ ਗਵਾਹਾਂ ਦੀ ਗਿਣਤੀ ਵੀ ਇਸੇ ਅਨੁਪਾਤ ਵਿਚ ਹੀ ਸੀ।
Leave a Reply