ਸੁਰਿੰਦਰ ਸੋਹਲ
ਸ਼ ਸ਼ ਮੀਸ਼ਾ ਦਾ ਆਖ਼ਰੀ ਕਾਵਿ-ਸੰਗ੍ਰਹਿ ‘ਚਪਲ ਚੇਤਨਾ’ ਉਸ ਦੀ ਮੌਤ ਤੋਂ ਲਗਪਗ 27 ਸਾਲ ਬਾਦ ਪ੍ਰਕਾਸ਼ਿਤ ਹੋਇਆ ਹੈ। ਉਸ ਦੀ ਪਤਨੀ ਸੁਰਿੰਦਰ ਕੌਰ ਮੀਸ਼ਾ ਦੀ ਜਦੋ-ਜਹਿਦ ਭਰੀ ਜ਼ਿੰਦਗੀ ਵਿਚ ਮੀਸ਼ਾ ਦੀਆਂ ਲਿਖੀਆਂ ਕਵਿਤਾਵਾਂ ਦੇ ਕਾਗ਼ਜ਼ ਭੁਰਨ ਦੀ ਹੱਦ ਤੱਕ ਚਲੇ ਜਾਣ ਦੇ ਬਾਵਜੂਦ ਸੁਰਿੰਦਰ ਕੌਰ ਨੇ ਇਨ੍ਹਾਂ ਨੂੰ ਪੰਜਾਬੀ ਪਾਠਕਾਂ ਦੇ ਸਪੁਰਦ ਕਰਦਿਆਂ ਸਮਰਪਣ ਵੀ ‘ਮੀਸ਼ਾ ਕਾਵਿ ਵਿਚ ਰੁਚੀ ਰਖਦੇ ਪਾਠਕਾਂ ਦੇ ਨਾਂ’ ਕੀਤਾ ਹੈ।
ਮੀਸ਼ਾ ਦੀ ਕਵਿਤਾ ਉਦੋਂ ਤੋਂ ਹੀ ਮੇਰੇ ਅੰਗ-ਸੰਗ ਰਹੀ ਹੈ, ਜਦੋਂ ਮੈਂ 18-19 ਸਾਲ ਦਾ ਸਾਂ। ਉਸ ਦੀਆਂ ਦੋ ਕਵਿਤਾਵਾਂ ‘ਚੀਕ ਬੁਲਬਲੀ’ ਅਤੇ ‘ਸੀਤ ਲਹਿਰ’ ਸਾਨੂੰ ਬੀ ਏ (1) ਵਿਚ ਲੱਗੀਆਂ ਹੋਈਆਂ ਸਨ। ‘ਕੱਚ ਦੇ ਵਸਤਰ’ ਐਮ ਏ ਵਿਚ ਲੱਗੀ ਸੀ। ‘ਚੌਰਸਤਾ’ ਅਤੇ ‘ਦਸਤਕ’ ਮੈਂ ਬਹੁਤ ਮੋਹ ਨਾਲ ਪੜ੍ਹੀਆਂ। ਮੀਸ਼ਾ ਮੇਰੇ ਲਈ ਉਨ੍ਹਾਂ ਸ਼ਾਇਰਾਂ ਵਿਚੋਂ ਹੈ, ਜਿਨ੍ਹਾਂ ਨੂੰ ਮੈਂ ਵਾਰ ਵਾਰ ਪੜ੍ਹਿਆ, ਕਵਿਤਾ ਦਾ ਸੁਹਜ ਮਾਣਿਆ ਤੇ ਲਿਖਣ ਲਈ ਪ੍ਰੇਰਨਾ ਲਈ।
ਇਕ ਵਾਰ ਨਿਊ ਯਾਰਕ ਫੇਰੀ ਦੌਰਾਨ ਆਸਿਫ਼ ਸ਼ਾਹਕਾਰ ਨੇ ਆਪਣੇ ਪਰਿਵਾਰ ਬਾਰੇ ਗੱਲਬਾਤ ਕਰਦਿਆਂ ਆਪਣੇ ਬੇਟੇ ਦੀ ਗੱਲ ਕਰਨ ਲੱਗਿਆਂ ਉਸ ਦਾ ਨਾਮ ਲਿਆ-ਮੀਸ਼ਾ।
ਮੈਂ ਕਿਹਾ, “‘ਆਸਿਫ਼ ਸਾਹਿਬ ਮੀਸ਼ਾ ਤਾਂ ਆਪਣਾ ਬਹੁਤ ਵੱਡਾ ਸ਼ਾਇਰ ਹੋਇਆ ਹੈ।”
ਆਸਿਫ਼ ਸ਼ਾਹਕਾਰ ਨੇ ਦੱਸਿਆ, “ਮੀਸ਼ਾ ਮੇਰਾ ਬਹੁਤ ਗਹਿਰਾ ਦੋਸਤ ਸੀ। ਮੈਂ ਆਪਣੇ ਬੇਟੇ ਦਾ ਨਾਮ ਉਸ ਦੇ ਨਾਮ ‘ਤੇ ਰੱਖਿਆ ਹੈ।”
ਮੈਨੂੰ ਅਹਿਮਦ ਫ਼ਰਾਜ਼ ਦਾ ਸ਼ਿਅਰ ਯਾਦ ਆਇਆ,
ਔਰ ‘ਫ਼ਰਾਜ਼’ ਚਾਹੀਏ
ਕਿਤਨੀ ਮੁਹੱਬਤੇਂ ਤੁਝੇ,
ਮਾਓਂ ਨੇ ਤੇਰੇ ਨਾਮ ਪਰ
ਬੱਚੋਂ ਕਾ ਨਾਮ ਰਖ ਦੀਆ।
ਬੀ ਏ (1) ਵਿਚ ‘ਸੀਤ ਲਹਿਰ’ ਪੜ੍ਹਾਉਂਦੇ ਜੋਸ਼ੀ ਸਾਹਿਬ ਨੇ ਕਵਿਤਾ ਪੜ੍ਹੀ,
ਸੀਤ ਲਹਿਰ ਹੈ
ਨਿੱਘਿਆਂ ਜਜ਼ਬਿਆਂ ਵਾਲਿਓ ਮਿਤਰੋ
ਆਪਣੇ ਸ਼ਹਿਰ ‘ਚ ਅੱਜ ਕੱਲ੍ਹ
ਸੀਤ ਲਹਿਰ ਹੈ।
ਜੋਸ਼ੀ ਸਾਹਿਬ ਨੇ ਹੱਸਦੇ ਹੋਏ ਕਿਹਾ, “ਹਾਂ ਬਈ ਬੜੀ ਠੰਢ ਪੈ ਰਹੀ ਹੈ। ਮੀਸ਼ਾ ਸਾਹਿਬ ਨੂੰ ਚਿੰਤਾ ਐ ਬਈ ਸੀਤ ਲਹਿਰ ਵਿਚ ਰੇਡੀਓ ਸਟੇਸ਼ਨ ਕਿੱਦਾਂ ਜਾਣਗੇ।” ਫਿਰ ਉਨ੍ਹਾਂ ਦੱਸਿਆ, “ਅਸਲ ਵਿਚ ਇਹ ਕਵਿਤਾ ਐਂਮਰਜੈਂਸੀ ਜਾਂ ਕਰਫ਼ਿਊ ਵਰਗੀਆਂ ਸੰਕਟਮਈ, ਬੰਦਿਸ਼ ਭਰੀਆਂ ਸਥਿਤੀਆਂ ਵੇਲੇ ਲਿਖੀ ਗਈ ਹੋਵੇਗੀ।”
ਇਸ ਕਵਿਤਾ ਵਿਚ ਆਪਣੇ ਅੰਦਰਲੀ ਅੱਗ ਨੂੰ ਨਾ ਬੁਝਣ ਦੇਣ ਦਾ ਸੁਨੇਹਾ ਹੈ,
ਆਪਣੀ ਆਪਣੀ
ਸੋਚ ਕਾਂਗੜੀ ਮਘਦੀ ਰੱਖੋ।
ਫਿਰ ਡਾæ ਜੋਸ਼ੀ ਹੱਸਦੇ ਹੋਏ ਕਹਿਣ ਲੱਗੇ, “ਸ਼ਾਇਰ ਬੜੇ ਸ਼ੈਤਾਨ ਹੁੰਦੇ ਐ। ਜੇ ਪੁਲਿਸ ਪੁਛੇ ਮੀਸ਼ਾ ਜੀ ਤੁਸੀਂ ਸਰਕਾਰੀ ਨਿਜ਼ਾਮ ਦੇ ਖਿਲਾਫ਼ ਕਵਿਤਾ ਲਿਖੀ ਹੈ, ਮੀਸ਼ੇ ਨੇ ਝੱਟ ਕਹਿਣਾ ਸੀ, ਨਾ ਜੀ, ਦੇਖੋ ਕਿੰਨੀ ਠੰਢ ਐ, ਕੋਹਰਾ ਪੈਣ ਡਿਹਾ, ਮੈਂ ਤਾਂ ਇਹਦੇ ‘ਤੇ ਨਜ਼ਮ ਲਿਖੀ ਐ। ਸ਼ਾਇਰ ਮੁਸੀਬਤ ਵਿਚ ਵੀ ਆਪਣੇ ਦਿਲ ਦਾ ਉਬਾਲ ਕੱਢਣ ਦਾ ਤਰੀਕਾ ਕੱਢ ਲੈਂਦਾ।”
ਜਦੋਂ ਮੈਨੂੰ ਇਹ ਪਤਾ ਲੱਗਾ ਕਿ ਮੀਸ਼ੇ ਦਾ ਪਿੰਡ ਭੇਟਾਂ ਹੈ ਤਾਂ ਮੀਸ਼ੇ ਨਾਲ ਬਹੁਤ ਮੋਹ ਜਾਗ ਪਿਆ। ਭੇਟਾਂ ਪਿੰਡ ਸਾਡੇ ਪਿੰਡੋਂ ਬਹੁਤ ਨੇੜੇ ਸੀ।
ਮੈਂ ਕੁਝ ਗੀਤ ਲਿਖ ਕੇ ਰੇਡੀਓ ਸਟੇਸ਼ਨ ਲੈ ਕੇ ਗਿਆ। ਸਾਡੀ ਇਕ ਵਾਕਿਫ਼ ਨਿਰਮਲਾ ਰੇਡੀਓ ਸਟੇਸ਼ਨ ਦੀ ਫੋਨ ਐਕਸਚੇਂਜ ਵਿਚ ਨੌਕਰੀ ਕਰਦੀ ਸੀ। ਉਸ ਨੇ ਮੈਨੂੰ ਕਿਹਾ, “ਚੱਲ ਮੈਂ ਤੇਰੇ ਨਾਲ ਚੱਲਦੀ ਹਾਂ, ਆਪਾਂ ਮੀਸ਼ਾ ਜੀ ਨੂੰ ਗੀਤ ਦੇ ਕੇ ਆਉਂਦੇ ਹਾਂ। ਉਹ ਤੈਨੂੰ ਆਪਣੇ ਪ੍ਰੋਗਰਾਮ ਵਿਚ ਬੁਲਾ ਲੈਣਗੇ।”
ਮੀਸ਼ਾ ਨੂੰ ਮਿਲਣਾ ਮੇਰੇ ਲਈ ਕਿਸੇ ਅਣਕਿਆਸੇ ਸੁਪਨੇ ਦੇ ਪੂਰਾ ਹੋਣ ਤੋਂ ਘੱਟ ਨਹੀਂ ਸੀ। ਮੀਸ਼ਾ ਆਪਣੇ ਦਫ਼ਤਰ ਬੈਠਾ ਸੀ। ਨਿਰਮਲਾ ਮੈਨੂੰ ਉਸ ਦੇ ਹਵਾਲੇ ਕਰਕੇ ਆ ਗਈ।
“ਕਿਹੜਾ ਪਿੰਡ ਆ?” ਮੀਸ਼ੇ ਨੇ ਪੁੱਛਿਆ।
“ਜੀ ਸੰਗਲ ਸੋਹਲ।”
ਮੀਸ਼ਾ ਮੁਸਕਰਾਇਆ, “ਕਪੂਰਥਲਾ ਰੋਡ ‘ਤੇ।”
“ਹਾਂ ਜੀ” ਮੇਰਾ ਦਿਲ ਉਛਲ ਉਛਲ ਕਰ ਰਿਹਾ ਸੀ ਕਿ ਕਹਾਂ, “ਹਾਂ ਭੇਟਾਂ ਦੇ ਰਾਹ ਵਿਚ।” ਪਰ ਮੈਂ ਤਾਂ ਮੀਸ਼ੇ ਨਾਲ ਹੋ ਰਹੀ ਮਿਲਣੀ ਦੇ ਅਲੌਕਿਕ ਅਨੰਦ ਵਿਚ ਹੀ ਗੁੰਮ ਗਿਆ ਸਾਂ। ਮੀਸ਼ਾ ਪੰਜਾਬੀ ਦਾ ਪਹਿਲਾ ਸ਼ਾਇਰ ਹੈ, ਜਿਸ ਨੂੰ ਮੈਂ ਪਹਿਲੀ ਵਾਰ ਮਿਲਿਆ। ਇਸ ਤੋਂ ਪਹਿਲਾਂ ਕਿਸੇ ਲੇਖਕ ਨੂੰ ਮੈਂ ਦੂਰੋਂ ਵੀ ਨਹੀਂ ਸੀ ਦੇਖਿਆ। ਮੇਰੇ ਲਈ ਉਹ ‘ਘੜੀ’ ਸਾਹਿਤ ਦੇ ਵਿਸ਼ਾਲ ਸੰਸਾਰ ਵਿਚ ਪਰਵੇਸ਼ ਕਰਨ ਦਾ ਪਹਿਲਾ ਕਦਮ ਸੀ।
“ਕੀ ਲਿਖਦਾਂ?”
“ਜੀ ਗੀਤ।”
“ਗੀਤ ਦੇ ਜਾਹ। ਅਸੀਂ ਫ਼ੈਸਲਾ ਕਰਕੇ ਦੱਸਾਂਗੇ।” ਮੈਂ ਕਾਗ਼ਜ਼ ਮੀਸ਼ਾ ਦੇ ਹਵਾਲੇ ਕੀਤੇ ਅਤੇ ਧੜਕਦੇ ਦਿਲ ਨਾਲ ਅੰਦਰੋਂ ਬਾਹਰ ਆ ਗਿਆ।
ਦੂਜੀ ਵਾਰ ਮੈਂ ਮੀਸ਼ਾ ਨੂੰ ਸੰਤੋਖ ਸਿੰਘ ਸਫ਼ਰੀ ਵਲੋਂ ਜਲੰਧਰ ਵਿਚ ਕਰਵਾਏ ਜਾਂਦੇ ‘ਸਾਵਨ ਕਵੀ ਦਰਬਾਰ’ ਵਿਚ ਗ਼ਜ਼ਲ ਪੜ੍ਹਦੇ ਦੇਖਿਆ ਤੇ ਸੁਣਿਆ। ਮੀਸ਼ਾ ਗ਼ਜ਼ਲ ਪੜ੍ਹ ਰਿਹਾ ਸੀ,
ਉਹ ਜਦੋਂ ਮੇਰੇ ਨਾਲ ਹੁੰਦਾ ਹੈ,
ਅਜਬ ਦੋਹਾਂ ਦਾ ਹਾਲ ਹੁੰਦਾ ਹੈ।
ਉਸ ਦਾ ਵਖਰਾ ਜਵਾਬ ਹਰ ਵਾਰੀ
ਮੇਰਾ ਓਹੀਓ ਸਵਾਲ ਹੁੰਦਾ ਹੈ।
ਇਸ਼ਕ ਨ੍ਹਈਂ ਮੇਰੇ ਵੱਸ ਤਾਂ ਉਸ ਤੋਂ,
ਹੁਸਨ ਕਿਹੜਾ ਸੰਭਾਲ ਹੁੰਦਾ ਹੈ।
ਏਨੀ ਦਾਦ ਮਿਲ ਰਹੀ ਸੀ। ਮੀਸ਼ਾ ਝੂਮ ਰਿਹਾ ਸੀ। ਮੁਸਕਰਾ ਰਿਹਾ ਸੀ। ਖ਼ੁਸ਼ ਹੋ ਰਿਹਾ ਸੀ। ਚਿਹਰਾ ਫੁੱਲਾਂ ਵਾਂਗ ਹਸੂੰ ਹਸੂੰ ਕਰਦਾ। ਨਜ਼ਰਾਂ ਵਿਚਲੀ ਚਮਕ ਦਾਦ ਇਕੱਠੀ ਕਰ ਰਹੀ ਸੀ।
ਕੁਝ ਦਿਨਾਂ ਬਾਦ ਮੇਰੇ ਗੀਤ ਰੇਡੀਓ ਸਟੇਸ਼ਨ ਦੇ ਸਰਕਾਰੀ ਲਿਫ਼ਾਫ਼ੇ ਵਿਚ ਬੰਦ ਵਾਪਸ ਆ ਗਏ ਸਨ। ਉਦੋਂ ਮੈਨੂੰ ਮੀਸ਼ੇ ‘ਤੇ ਬਹੁਤ ਖਿਝ ਆਈ ਸੀ ਪਰ ਕੁਝ ਮਹੀਨਿਆਂ ਬਾਦ ਉਹ ਗੀਤ ਮੈਂ ਖ਼ੁਦ ਹੀ ਪਾੜ ਸੁੱਟੇ ਸਨ।
ਇਕ ਵਾਰ ਮੀਸ਼ੇ ਨੂੰ ਮੈਂ ਟੀ ਵੀ ‘ਤੇ ਆਉਂਦੇ ਮੁਸ਼ਾਇਰੇ ਵਿਚ ਗ਼ਜ਼ਲ ਪੜ੍ਹਦੇ ਦੇਖਿਆ। ਉਸ ਗ਼ਜ਼ਲ ਦਾ ਇਕ ਸ਼ਿਅਰ ਮੈਨੂੰ ਕਦੇ ਨਹੀਂ ਭੁੱਲਿਆ,
ਮੇਰੇ ਘਰ ਤੋਂ ਤੇਰਾ ਘਰ ਤਾਂ ਦੋ ਕਦਮ
ਤੇਰੇ ਘਰ ਤੋਂ ਮੇਰਾ ਘਰ ਕਿਉਂ ਦੂਰ ਹੈ।
ਮੇਰਾ ਘਰਾਂ ‘ਚੋਂ ਲੱਗਦਾ ਚਾਚਾ ਤੇਜਾ ਸਿੰਘ ਸੋਹਲ ਉਨ੍ਹੀਂ ਦਿਨੀਂ ਥਾਣੇਦਾਰ ਸੀ। ਉਸ ਦੇ ਮੂੰਹੋਂ ਮੈਂ ਦੋ ਲੇਖਕਾਂ ਦੇ ਨਾਮ ਸੁਣੇ। ਸੰਤ ਸਿੰਘ ਸੇਖੋਂ ਅਤੇ ਮੀਸ਼ਾ। ਉਸ ਦੇ ਦੱਸਣ ਮੁਤਾਬਕ ਦੋਹਾਂ ਨਾਲ ਉਸ ਦੀ ਬਹੁਤ ਸਾਂਝ ਸੀ। ਮੈਂ ਚਾਚਾ ਜੀ ਨੂੰ ਮੀਸ਼ਾ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਉਸ ਨੇ ਪਹਿਲਾ ਹੀ ਸਵਾਲ ਕੀਤਾ, “ਤੂੰ ਉਹਨੂੰ ਕਿਉਂ ਮਿਲਣਾ? ਤੈਨੂੰ ਪਤਾ ਉਹ ਕਿੱਡਾ ਵੱਡਾ ਸ਼ਾਇਰ ਐ?”
ਮੈਂ ਕਿਹਾ, “ਹਾਂ, ਮੈਂ ਤਾਂ ਮਿਲਣਾ, ਮੈਂ ਵੀ ਮਾੜੀ ਮੋਟੀ ਕਵਿਤਾ ਲਿਖਦਾਂ।”
ਚਾਚਾ ਜੀ ਨੂੰ ਚਾਅ ਚੜ੍ਹ ਗਿਆ, “ਵਾਹ ਸਾਡੇ ਖਾਨਦਾਨ ਵਿਚ ਵੀ ਕੋਈ ਕਵੀ ਜੰਮਿਆ ਬਈ। ਆਪਾਂ ਚਲਾਂਗੇ ਮੀਸ਼ੇ ਕੋਲ। ਤੂੰ ਬੰਦਾ ਦੇਖੀਂ। ਮਸਤ ਮੌਲਾ। ਮਲੰਗ ਕਿਸਮ ਦਾ। ਲਹਿਰੀਆ ਬੰਦਾ। ਵੱਡਾ ਅਫ਼ਸਰ ਐ ਰੇਡੀਓ ਸਟੇਸ਼ਨ ਵਿਚ, ਪਰ ਦੇਖੀਂ ਯਾਰਾਂ ਦਾ ਯਾਰ। ਜਦੋਂ ਮਹਿਫ਼ਲ ਲਾਉਂਦਾ ਬੱਲੇ ਬੱਲੇ ਬੱਲੇ।”
ਮੈਂ ਮੀਸ਼ੇ ਨੂੰ ਮਿਲਣ ਦੀ ਕਲਪਨਾ ਕਰਦਾ। ਦਿਲ ਕਾਹਲਾ ਪੈਂਦਾ। ਪਰ ਮੇਰਾ ਇਹ ਚਾਅ ਕਾਂਜਲੀ ਨਦੀ ਦੇ ਰੋੜ ਵਿਚ ਰੁੜ ਗਿਆ।
ਕੁਝ ਵਰ੍ਹਿਆਂ ਪਿਛੋਂ ਮੈਂ ਕਾਂਜਲੀ ‘ਕਾਲੀ ਵੇਂਈਂ’ ਦੇ ਪਿਕਨਿਕ ਸਥਾਨ ‘ਤੇ ਹੋਏ ਸਾਹਿਤਕ ਸਮਾਗਮ ਵੇਲੇ ਮੀਸ਼ੇ ਦੀ ਬਣੀ ਹੋਈ ਯਾਦਗਾਰ ਵੇਖੀ। ਕਿਸ਼ਤੀ ਇਕ ਪਾਸੇ ਉਦਾਸ ਪਈ ਸੀ। ਕਾਲੀ ਵੇਂਈਂ ਸ਼ਾਂਤ ਵਗ ਰਹੀ ਸੀ। ਪਰ ਇਸ ਸ਼ਾਂਤੀ ਵਿਚ ਇਹ ਸ਼ਿਅਰ ਖਲਲ ਪਾ ਰਿਹਾ ਸੀ,
ਸਮੰਦਰ ਤੇਰੀ ਯੇ ਖ਼ਾਮੋਸ਼ੀਆਂ
ਕੁਛ ਔਰ ਕਹਿਤੀ ਹੈਂ।
ਮਗਰ ਟੂਟੀ ਹੂਈ ਯੇ ਕਸ਼ਤੀਆਂ
ਕੁਛ ਔਰ ਕਹਿਤੀ ਹੈਂ।
ਮੀਸ਼ੇ ਦੇ ਸ਼ਿਅਰ ਲੋਕਾਂ ਨੂੰ ਯਾਦ ਹੀ ਨਹੀਂ, ਗਾਹੇ-ਬਗਾਹੇ ਉਨ੍ਹਾਂ ਦਾ ਉਹ ਹਵਾਲਾ ਵੀ ਦਿੰਦੇ ਰਹਿੰਦੇ ਹਨ। ਪ੍ਰੋæ ਅਜੀਤ ਲੰਗੇਰੀ ਨੇ ਇਕ ਵਾਰ ਮੇਰੇ ਨਾਲ ਫੋਨ ‘ਤੇ ਗੱਲ ਕਰਦੇ ਨੇ ਕਿਸੇ ਸੰਦਰਭ ਵਿਚ ਮੀਸ਼ੇ ਦਾ ਸ਼ਿਅਰ ਪੜ੍ਹਿਆ,
ਮੈਨੂੰ ਤੇਰਾ ਮੁਹਾਂਦਰਾ ਭੁੱਲਿਆ
ਸੋਚ ਕਿੰਨੇ ਹਨ੍ਹੇਰ ਦੀ ਗੱਲ ਹੈ।
ਜਦੋਂ ਮੈਂ ਅਮਰੀਕਾ ਆਇਆ ਤਾਂ ਜਦੋਂ ਵੀ ਕਿਸੇ ਨੇ ਮੈਨੂੰ ਅਮਰੀਕਾ ਬਾਰੇ ਪ੍ਰਭਾਵ ਪੁੱਛੇ ਤਾਂ ਮੈਂ ਮੀਸ਼ੇ ਦੇ ਸਿਰਫ਼ ਇੱਕੋ ਸ਼ਿਅਰ ਨਾਲ ਹੀ ਸਾਰ ਲੈਂਦਾ ਸਾਂ,
ਲੋ ਹੀ ਲੋ ਸੀ ਸੇਕ ਨਹੀਂ ਸੀ
ਦੇਖ ਲਿਆ ਮੈਂ ਜੁਗਨੂੰ ਫੜ੍ਹ ਕੇ।
ਮੀਸ਼ੇ ਦਾ ਸ਼ਿਅਰ,
ਮਹਿਕ ਪੈਂਦੇ ਨੇ ਮੇਰੇ ਪੋਟੇ
ਜਦੋਂ ਮੈਂ ਸੋਚਦਾਂ,
ਤੇਰੇ ਵਾਲਾਂ ਵਿਚ ਕਦੀ
ਇਹ ਫੁੱਲ ਸੀ ਟੰਗਦੇ ਰਹੇ।
ਮੈਂ ਬਹੁਤ ਮੌਕਿਆਂ ‘ਤੇ ਬਹੁਤ ਸਾਰੇ ਲੋਕਾਂ ਵਲੋਂ ਸੁਣਿਆ ਹੈ।
ਮੀਸ਼ੇ ਦੇ ਸ਼ਿਅਰਾਂ ਦਾ ਰੰਗ ਏਨਾ ਨਿਵੇਕਲਾ ਹੈ ਕਿ ਉਨ੍ਹਾਂ ਦੀ ਨਕਲ ਕਰਨੀ ਨਾਮੁਮਕਿਨ ਹੈ,
ਤੈਨੂੰ ਭਾਵੇਂ ਮੇਰਾ ਚਿਹਰਾ
ਯਾਦ ਨਹੀਂ ਹੈ, ਹਾਲੇ ਵੀ,
ਮੇਰੇ ਪੈਰ ਪਛਾਣਦੀਆਂ ਨੇ
ਸੜਕਾਂ ਤੇਰੇ ਸ਼ਹਿਰ ਦੀਆਂ।
ਤੇਰੀ ਧੂੜ ਵੀ ਸੁਰਮੇ ਵਰਗੀ,
ਸੱਜਣਾਂ ਦੇ ਪਿੰਡ ਜਾਂਦੀਏ ਸੜਕੇ।
ਸਿੱਕ ਨਾ ਜਾਗੇ ਫੇਰ ਮਿਲਣ ਦੀ,
ਆ ਏਦਾਂ ਵਿਛੜੀਏ ਲੜ ਕੇ।
ਸ਼ਹਿਰ ਬਨਾਰਸ ਹੋ ਗਿਆ
ਐਵੇਂ ਹੀ ਬਦਨਾਮ,
ਤੱਕੋ ਆਪਣੇ ਆਪ ਵਿਚ
ਕੌਣ ਨਹੀਂ ਹੈ ਠੱਗ।
ਮੈਂ ਮੀਸ਼ੇ ਨੂੰ ਵਾਰ ਵਾਰ ਪੜ੍ਹਿਆ। ਉਸ ਦੀਆਂ ਕਵਿਤਾਵਾਂ ਮੇਰੇ ਅੰਗ-ਸੰਗ ਹਮੇਸ਼ਾ ਰਹੀਆਂ ਹਨ। ਉਸ ਦੀਆਂ ਗ਼ਜ਼ਲਾਂ ਪੜ੍ਹ ਕੇ ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਗ਼ੈਰ-ਭਾਵੁਕ ਹੋ ਕੇ ਲਿਖਿਆ ਸ਼ਿਅਰ ਜ਼ਿੰਦਗੀ ਦੀ ਹਕੀਕਤ ਨੂੰ ਕਿੰਨੇ ਭਾਵ-ਪੂਰਤ ਤਰੀਕੇ ਨਾਲ ਪੇਸ਼ ਕਰ ਜਾਂਦਾ ਹੈ। ਉਸ ਦੀ ਸ਼ਾਇਰੀ ਐਨ ਧਰਤੀ ਨਾਲ ਜੁੜੀ ਹੋਈ ਹੈ। ਧਰਤੀ ‘ਤੇ ਵਿਚਰਦੇ ਮਨੁੱਖ ਨਾਮੀ ਜੀਵ ਦੀਆਂ ਲੋੜਾਂ, ਥੁੜਾਂ, ਮਜਬੂਰੀਆਂ, ਕਮਜ਼ੋਰੀਆਂ, ਚਾਅ, ਮੁਹੱਬਤ, ਨਫ਼ਰਤ ਵਰਗੀਆਂ ਭਾਵਨਾਵਾਂ ਨੂੰ ਉਹ ਕਮਾਲ ਨਾਲ ਬਿਆਨ ਕਰ ਜਾਂਦਾ ਹੈ।
ਆਪਾਂ ਕਾਹਨੂੰ ਨੀਲ ਕੰਠ ਦੀ
ਕਰੀਏ ਗੱਲ ਪੁਰਾਣੀ ਹੈ
ਤੇਰੇ ਮੇਰੇ ਗਲ਼ ਵਿਚ ਵੀ ਨੇ
ਕੁਝ ਬੂੰਦਾਂ ਉਸ ਜ਼ਹਿਰ ਦੀਆਂ।
‘ਕੱਚ ਦੇ ਵਸਤਰ’ ਵਿਚਲੀ ਕਵਿਤਾ ‘ਫੁਕਰਾ’ ਅੱਜ ਦੇ ਮਾਨਵ ਦੀ ਹੋਣੀ, ਸੋਚਣੀ, ਰਹਿਣੀ, ਕਹਿਣੀ, ਬਨਾਵਟ, ਦਿਖਾਵਟ ਦੀ ਮਾਰਮਿਕ ਉਦਾਹਰਣ ਹੈ,
ਘੜੀ ਨੂੰ ਠੀਕ ਚਲਦੀ ਦੇਖ ਕੇ
ਹੈ ਇੰਜ ਖ਼ੁਸ਼ ਹੁੰਦਾ,
ਜਿਵੇਂ ਇਸ ਵਕਤ ਨੂੰ ਵੀ
ਆਪਣੇ ਵਸ ਕਰ ਲਿਆ ਹੋਵੇ।
ਬਰੇਤੀ ਤੋਂ ਚੁਗੇ ਘੋਗੇ
ਸਜਾ ਰੱਖੇ ਅੰਗੀਠੀ ‘ਤੇ
ਸਮਝਦਾ ਹੈ ਜਿਵੇਂ ਕਈ ਵਾਰ
ਸਾਗਰ ਤਰ ਲਿਆ ਹੋਵੇ।
ਮੀਸ਼ੇ ਦੀ ਕਿਤਾਬ ‘ਚਪਲ ਚੇਤਨਾ’ ਦੀ ਛੋਹ ਲਗਦੇ ਹੀ ਕਿੰਨਾ ਕੁਝ ਬੀਤਿਆ ਇੰਜ ਯਾਦ ਆ ਗਿਆ ਜਿਵੇਂ ‘ਹੁਣ ਦੀ ਗੱਲ’ ਹੋਵੇ।
‘ਚਪਲ ਚੇਤਨਾ’ ਦੀ ਸ਼ਾਇਰੀ ਮੈਂ ਵਾਰ ਵਾਰ ਪੜ੍ਹੀ, ਇਸ ਨੂੰ ਮਾਣਿਆ ਅਤੇ ਮਨ ‘ਤੇ ਤਾਰੀ ਹੋਏ ਪ੍ਰਭਾਵ ਨੂੰ ਸ਼ਬਦਾਂ ਵਿਚ ਢਾਲਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।
ਮੀਸ਼ਾ ਮਸਨੂਈ ਪਾਰਸਾ ਜ਼ਿੰਦਗੀ ਦੀ ਵਕਾਲਤ ਨਹੀਂ ਕਰਦਾ ਸਗੋਂ ਮਨੁੱਖ ਅੰਦਰੋਂ ਜੋ ਹੈ, ਉਸ ਨੂੰ ਪੇਸ਼ ਕਰਦਾ ਹੈ। ਮਨੁੱਖ ਦਿਸਦਾ ਕੀ ਹੈ ਤੇ ਸੋਚਦਾ ਕੀ ਹੈ,
ਹੁਣ ਤਾਂ ਮੈਨੂੰ
ਇਹ ਸੰਸਾ ਹੈ
ਸੱਚ-ਮੁੱਚ ਮੇਰੀ
ਨਾ ਹੋ ਜਾਏ
ਜੱਗ ਦੀਆਂ ਰਹੁ ਰੀਤਾਂ ਅਨੁਸਾਰ
ਅਤੇ ਆਪਣਾ
ਪਿਆਰ ਰਹਿ ਨਾ ਜਾਵੇ
ਅੱਧ ਵਿਚਕਾਰ।
—
ਨੇੜੇ ਹੋ ਕੇ
ਇੰਜ ਲਗਦਾ ਹੈ
ਭਲਕੇ ਸਾਨੂੰ
ਰੋਟੀ ਟੁੱਕ ਦੀ ਚਿੰਤਾ ਹੋਣੀ
ਫੁੱਲ ਕਲੀਆਂ ਦੀਆਂ
ਮਹਿਕਾਂ ਦੇ ਵਿਚ
ਘੁਲ ਜਾਣਾ ਹੈ ਲੂਣ ਵਿਸਾਰ।
(ਚਪਲ ਚੇਤਨਾ, ਪੰਨਾ 24)
‘ਹਰਜਾਈ’ ਕਵਿਤਾ ਵਿਚ ਮਨੁੱਖ, ਮੁਹੱਬਤ, ਇਸ਼ਕ ਦੇ ਦੋਗਲੇਪਨ ਦੀ ਤਸਵੀਰਕਸ਼ੀ ਮੀਸ਼ੇ ਨੇ ਬੇਹੱਦ ਦਿਲ ਚੀਰਵੇਂ ਅੰਦਾਜ਼ ਵਿਚ ਕੀਤੀ ਹੈ। ਭਾਵੁਕ ਹੋ ਕੇ ਉਹ ਰੋਂਦਾ ਕੁਰਲਾਉਂਦਾ ਨਹੀਂ, ਸਗੋਂ ਸਹਿਜ ਰਹਿ ਕੇ ਜਿਵੇਂ ਪਿਆਰ ਵਿਚ ਚੋਟ ਖਾਣ ਤੋਂ ਬਾਦ ਕਿਸੇ ਦੇ ਦਿਲ ਵਿਚ ਨਫ਼ਰਤ ਦੀ ਕਰੂੰਬਲ ਕਿਵੇਂ ਫੁੱਟਦੀ ਹੈ, ਉਸ ਦਾ ਬਿਆਨ ਕਰਕੇ ਉਹ ਮਨੁੱਖੀ ਪ੍ਰਵਿਰਤੀ ਦੀਆਂ ਤਹਿਆਂ ਬਾਖ਼ੂਬੀ ਫਲੋਰਦਾ ਹੈ,
ਚਾਅ ਬਹੁਤ ਸੀ ਆਪ ਸੀ ਤੂੰ ਸੱਦਿਆ
ਪਹੁੰਚਿਆ ਤਾਂ ਦੇਖਿਆ ਅੱਗੋਂ ਰਕੀਬ
ਬੇਤਕਲੱਫ਼ ਢੁੱਕ ਢੁੱਕ ਬਹਿੰਦਾ ਕਰੀਬ
ਮੈਂ ਕੋਈ ਵਾਧੂ ਜਿਹੀ ਸ਼ੈਅ ਲੱਗਿਆ।
ਢੀਠ ਹੋ ਕੇ ਕੁਝ ਪਲ ਬੈਠਾ ਰਿਹਾ
ਫੇਰ ਚੁੱਕ ਲੀਤਾ ਜਿਸਮ ਆਪਣੇ ਦਾ ਭਾਰ
ਪਰ ਨਹੀਂ ਸੀ ਤੂੰ ਰਤਾ ਵੀ ਸ਼ਰਮਸਾਰ
ਬਾਹਰ ਬੂਹੇ ਕੋਲ ਆ ਕੇ ਜਦ ਕਿਹਾ,
‘ਕੀ ਕਰੇ ਕੋਈ ਏਹੋ ਜਿਹੇ ਇਨਸਾਨ ਦਾ
ਖ਼ਬਰੇ ਕੀ ਆਇਆ ਏ ਦਿਲ ਵਿਚ ਧਾਰ ਕੇ
ਬਹਿ ਗਿਆ ਏਦਾਂ ਪਲੱਥਾ ਮਾਰ ਕੇ
ਨਾਂ ਹੀ ਲੈਂਦਾ ਨਹੀਓਂ ਉਠ ਕੇ ਜਾਣ ਦਾ।
ਦਿਲ ਹੈ ਹੁਣ ਤੈਨੂੰ ਸਤੌਣਾ ਲੋਚਦਾ
ਇਹ ਸ਼ਕਲ ਕੀ ਹੋ ਗਈ ਹੈ ਪਿਆਰ ਦੀ
ਮੁੱਕ ਗਈ ਜੋ ਗੱਲ ਸੀ ਇਤਬਾਰ ਦੀ
ਪਰਤਿਆ ਤੇਰੇ ਘਰੋਂ ਇਹ ਸੋਚਦਾ,
‘ਓਸ ਨੂੰ ਵੀ ਆਖਿਆ ਹੋਣਾ ਜ਼ਰੂਰ
ਐਵੇਂ ਅਣ-ਸੱਦਿਆ ਕੁਵੇਲੇ ਆ ਗਿਆ
ਪਿਆਰ ਵਿਚ ਦੋ ਪਲ ਵਿਘਨ ਜੇ ਪਾ ਗਿਆ
ਆਪ ਸੋਚੋ ਮੇਰਾ ਇਸ ਵਿਚ ਕੀ ਕਸੂਰ
ਓਸ ਨੂੰ ਵੀ ਆਖਿਆ ਹੋਣਾ ਜ਼ਰੂਰ।’
(ਪੰਨਾ 19-20)
ਮੀਸ਼ੇ ਨੇ ਸਰਕਾਰੀ ਨੌਕਰੀ ਕੀਤੀ ਪਰ ਅੰਦਰੋਂ ਉਸ ਦਾ ਦਿਲ ਆਮ ਮਨੁੱਖ ਨਾਲ ਹੀ ਜੁੜਿਆ ਰਿਹਾ ਹੈ। ‘ਨੀਂਹ ਪੱਥਰ’ ਕਵਿਤਾ ਦਿਲ ਵਿਚ ਸੁਰਾਖ ਪਾਉਂਦੀ ਜਾਂਦੀ ਹੈ,
ਸੰਗਮਰਮਰ ‘ਤੇ ਉੱਕਰੇ
ਅੱਖਰ ਝੂਠ ਬੋਲਦੇ
ਪਹਿਲਾ ਟੱਕ ਮਜ਼ਦੂਰ ਦੇ
ਅਟਣਾਏ ਹੱਥਾਂ ਨੇ ਲਾਇਆ।
ਸਭ ਤੋਂ ਪਹਿਲਾਂ
ਓਸ ਦੀ ਘਰ ਵਾਲੀ ਨੇ ਇੱਟਾਂ ਢੋਈਆਂ
ਮੂੰਹ ਤੇ ਘੁੰਡ, ਇੰਝਾਣਾਂ ਪਿੱਠ ‘ਤੇ
ਕੰਧਾਂ ਸਿਰ ਤੱਕ ਚੁੱਕੀਆਂ।
ਜਿਸ ਦਿਨ ਮਹਾਂਪੁਰਸ਼ ਨੇਤਾ ਨੇ
ਢਿੱਡਲ ਠੇਕੇਦਾਰਾਂ
ਹਿੱਸੇਦਾਰ ਅਫ਼ਸਰਾਂ
ਤੇ ਆਪਣੇ ਸ਼ਰਧਾਵਾਨਾਂ ਦੀ ਭੀੜ ਸਜਾ ਕੇ
ਗੱਲ ਫੁੱਲਾਂ ਦੇ ਹਾਰ ਪੁਆ ਕੇ
ਸਿੱਕੇ ਸੰਗ ਉਕਰੇ ਹੋਏ ਸੰਗਮਰਮਰ ਨੂੰ
ਆਪਣੇ ਕੋਮਲ ਕਰ ਕਮਲਾਂ ਦੀ ਛੁਹ ਬਖ਼ਸ਼ੀ ਸੀ
ਸ਼ਰਧਾਵਾਨ
ਮਹਿਮਾ ਵਜੋਂ ਤਾੜੀਆਂ ਲਾਈਆਂ
ਫੁੱਲ-ਪੱਤੀਆਂ ਬਰਸਾਈਆਂ
ਇਸ ਨੀਂਹ-ਪੱਥਰ ਦੀ ਅਸਲੀਅਤ
ਹੱਥਾਂ ਦੇ ਅੱਟਣਾਂ ਤੋਂ ਪੁੱਛੋ
ਸੰਗਮਰਮਰ ‘ਤੇ ਉਕਰੇ ਅੱਖਰ ਝੂਠ ਬੋਲਦੇ।
(ਚਪਲ ਚੇਤਨਾ, ਪੰਨਾ 18)
ਇਹ ਅੱਟਣਾਂ ਵਾਲੇ ਲੋਕਾਂ ਦੀਆਂ ਥੁੜਾਂ ਜਦੋਂ ਪੂਰੀਆਂ ਨਹੀਂ ਹੁੰਦੀਆਂ ਇਨ੍ਹਾਂ ਦੀ ਮਿਹਨਤ ਕਿਸੇ ਮੰਡੀ ਵਿਚ ਨੀਲਾਮ ਹੁੰਦੀ ਹੈ ਤਾਂ ਮੀਸ਼ਾ ਤੜਪਦਾ ਹੈ,
ਕੱਲ ਮਾਲੀ ਤੋਂ ਪੁੱਛਿਆ ਲਗਰਾਂ
ਕਿਹੜੀ ਮੰਡੀ ਨੇ ਸਾਡੇ ਫੁੱਲ ਜਾਂਦੇ।
(ਪੰਨਾ 51)
ਫੁੱਲਾਂ ‘ਤੇ ਪੈਂਦੇ ਡਾਕਿਆਂ ਦੇ ਵਿਰੋਧ ਵਿਚ ਲਗਰਾਂ ਜੇ ਸੂਲੀਆਂ-ਸਲੀਬਾਂ ਨਾ ਬਣਨ ਤਾਂ ਕੀ ਕਰਨ। ਮੀਸ਼ਾ ਪੀੜਤ ਧਿਰ ਨਾਲ ਖਲੋਤਾ ਸਪੱਸ਼ਟ ਦਿਖਾਈ ਦਿੰਦਾ ਹੈ। ਸਿਆਸਤ ਵਲੋਂ ਹੁੰਦੇ ਇਨਸਾਨੀਅਤ ਦੇ ਘਾਣ ਦਾ ਦਰਦ ਉਸ ਦੀ ਕਵਿਤਾ ਵਿਚ ਰੋਹ ਦੇ ਦਰਿਆ ਵਾਂਗ ਵਗਦਾ ਹੈ,
ਤੁਹਾਡੇ ਦਿਲ ‘ਚ ਬਦੀਆਂ ਨੇ
ਵਹੀਰਾਂ ਆਪਣੇ ਘਰ ਨੂੰ
ਤੁਸੀਂ ਤਾਂ ਆਪ ਸੱਦੀਆਂ ਨੇ।
ਚਲੋ ਮੰਨਿਆ ਜੇ ਇਹ
ਇਨਸਾਨੀਅਤ ਦੇ ਦਰਦ ਦੀ ਗੱਲ ਹੈ
ਤਾਂ ਫਿਰ ਮੰਨੋ
ਕਿ ਇਹ ਮਸਲਾ ਹੈ ਇਨਸਾਨੀ
ਕਿਉਂ ਕਹਿੰਦੇ ਹੋ
ਕਿ ਇਸ ਦਾ ਸਿਆਸੀ ਲੱਭਣਾ ਹਲ ਹੈ
ਘਰਾਂ ਤੋਂ ਉਜੜੇ
ਭੈਭੀਤ ਭੁੱਖੇ ਵਿਲਕਦੇ ਲੋਕਾਂ ਦੇ ਦੁੱਖਾਂ ਨੂੰ
ਸਿਆਸੀ ਆਖਦੇ ਨੇ ਉਹ
ਜਿਨ੍ਹਾਂ ਦੇ ਦਿਲ ਬੇਈਮਾਨੀ
ਇਹ ਮਸਲਾ ਹੈ ਹੀ ਇਨਸਾਨੀ
ਸਿਆਸਤ ਨਾਲ, ਸੋਚੋ ਤਾਂ,
ਕਿਵੇਂ ਹੈ ਵਾਸਤਾ ਇਸ ਦਾ
ਸਿਆਸਤ ਦਾ ਭਲਾ
ਇਨਸਾਨੀਅਤ ਦੇ ਨਾਲ ਕੀ ਰਿਸ਼ਤਾ?
(ਪੰਨਾ 27-28)
ਇਸ ਪੁਸਤਕ ਵਿਚ ਉਸ ਦੇ ਗੀਤ ਵੀ ਸ਼ਾਮਿਲ ਹਨ। ਜਿਨ੍ਹਾਂ ਦਾ ਵਿਸ਼ਾ ਸਿੱਧੇ-ਅਸਿੱਧੇ ਢੰਗ ਨਾਲ ਆਮ ਮਨੁੱਖ ਹੀ ਹੈ।
‘ਚਪਲ ਚੇਤਨਾ’ ਕਿਤਾਬ ਦੇ ਟਾਈਟਲ ਦੀ ਮੈਨੂੰ ਸਮਝ ਨਹੀਂ ਲੱਗੀ। ਮੈਂ ਸਤੀਸ਼ ਗੁਲਾਟੀ ਨੂੰ ਪੁੱਛਿਆ, ਉਸ ਨੇ ‘ਚਪਲ’ ਦੇ ਅਰਥ ਦੱਸੇ-ਅਚਾਨਕ ਹੋਣ ਵਾਲਾ, ਬਿਜਲੀ ਦੇ ਲਿਸ਼ਕਾਰੇ ਵਾਂਗ ਅਚਨਚੇਤ ਵਾਪਰਨ ਵਾਲਾ ਵਰਤਾਰਾ, ਕੋਈ ਝਲਕਾਰਾ।
ਟਾਈਟਲ ‘ਤੇ ਦਰਖ਼ਤਾਂ ਥਾਣੀ ਦਿਸਦੇ ਗੂੜ੍ਹੇ ਨੀਲੇ ਆਸਮਾਨ ਵਿਚ ਚਮਕਦੀ ਬਿਜਲੀ ਦੀ ਲਿਸ਼ਕੋਰ ਟਾਈਟਲ ਨੂੰ ਵਧੇਰੇ ਸਪੱਸ਼ਟ ਕਰ ਦਿੰਦੀ ਹੈ।
ਮੀਸ਼ਾ ਦੀ ਕਾਵਿ-ਸਿਰਜਣਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਮੀਸ਼ਾ ਨੇ ਲਿਖਿਆ ਹੈ, “æææਕਦੀ ਕਦੀ ਕਾਫ਼ੀ ਕਾਟ-ਛਾਂਟ ਵੀ ਕਰਦੇ ਸੀ ਕਿਉਂਕਿ ਮੀਸ਼ਾ ਜੀ ਘੱਟ ਤੋਂ ਘੱਟ ਅਤੇ ਢੁਕਵੇਂ ਸ਼ਬਦਾਂ ਵਿਚ ਆਪਣੀ ਗੱਲ ਕਹਿਣ ਨੂੰ ਤਰਜੀਹ ਦਿੰਦੇ ਸਨ।æææਕਈ ਵਾਰ ਸ਼ਿਅਰ ਲਿਖ ਕੇ ਤੇ ਉਸ ਬਾਰੇ ਪ੍ਰਤੀਕਰਮ ਜਾਣਨ ਲਈ ਇਕੱਲੇ ਇਕੱਲੇ ਸ਼ਿਅਰ ਨੂੰ ਸੁਣਾ ਕੇ ਪੁੱਛਦੇ ਸਨ ਕਿ ਇਹ ਸ਼ਿਅਰ ਕੈਸਾ ਹੈ।” (ਪੰਨਾ 12)
ਅਸਲੀ ਸਾਹਿਤ ਦੀ ਨਿਸ਼ਾਨੀ ਹੀ ਇਹ ਹੁੰਦੀ ਹੈ ਕਿ ਉਹ ਸਮੇਂ, ਸਥਾਨ ਅਤੇ ਨਸਲਾਂ ਤੋਂ ਪਾਰ ਵਿਚਰਦਾ ਹੈ। ਕਦੇ ਧੁੰਦਲਾ ਨਹੀਂ ਹੁੰਦਾ। ਮੀਸ਼ੇ ਦੀਆਂ ਏਨੇ ਵਰ੍ਹੇ ਪੁਰਾਣੀਆਂ ਰਚਨਾਵਾਂ ਪੜ੍ਹਨ ਵੇਲੇ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਇਹ ਢੇਰ ਸਮਾਂ ਪਹਿਲਾਂ ਰਚੀਆਂ ਗਈਆਂ ਹਨ।
Leave a Reply