ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਇਜ਼ਰਾਇਲੀ ਨਸਲਪ੍ਰਸਤ ਦਹਿਸ਼ਤਵਾਦੀ ਹਕੂਮਤ ਵੱਲੋਂ ਫ਼ਲਸਤੀਨੀ ਕੌਮ ਦੀ ਹਾਲੀਆ ਨਸਲਕੁਸ਼ੀ ਅਤੇ ਪਸਾਰਵਾਦੀ ਮਨਸੂਬਿਆਂ ਨੂੰ ਜਾਇਜ਼ ਠਹਿਰਾਉਣ ਲਈ ਅਮਰੀਕਨ ਅਤੇ ਹੋਰ ਸਾਮਰਾਜੀਏ ਇਹ ਬਿਰਤਾਂਤ ਪ੍ਰਚਾਰ ਰਹੇ ਹਨ ਕਿ ਇਜ਼ਰਾਈਲ ਨੂੰ ਹਮਾਸ ਦੇ ਦਹਿਸ਼ਤਵਾਦੀ ਹਮਲਿਆਂ ਤੋਂ ‘ਸਵੈ-ਰੱਖਿਆ ਦਾ ਹੱਕ` ਹੈ।
ਨਾਪਸੰਦ ਹਕੂਮਤ ਵਾਲੇ ਮੁਲਕ ਉੱਪਰ ਪੂਰੀ ਤਰ੍ਹਾਂ ਨਹੱਕ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਸਾਮਰਾਜੀ ਹਕੂਮਤਾਂ ਉਸ ਹਕੂਮਤ ਨੂੰ ਦੁਸ਼ਟ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਆਪ ਜਮਹੂਰੀਅਤ ਦੀਆਂ ਚੈਂਪੀਅਨ ਬਣ ਜਾਂਦੀਆਂ ਹਨ। ਕੁਲ ਦੁਨੀਆ `ਚ ਅਮਰੀਕਨ ਸਾਮਰਾਜੀਆਂ ਦੇ ਮਨੁੱਖਤਾ ਵਿਰੁੱਧ ਅਜਿਹੇ ਘੋਰ ਜੁਰਮਾਂ ਦੀ ਸੂਚੀ ਬਹੁਤ ਲੰਮੀ ਹੈ। ਵੀਅਤਨਾਮ, ਇਰਾਕ ਉੱਪਰ ਥੋਪੇ ਨਹੱਕੇ ਯੁੱਧਾਂ ਨਾਲ ਵਿਆਪਕ ਕਤਲੇਆਮ ਅਤੇ ਤਬਾਹੀ, ਕਿਊਬਾ ਦੀ ਆਰਥਿਕ ਨਾਕਾਬੰਦੀ, ਇੰਡੋਨੇਸ਼ੀਆ ਵਿਚ ਲੱਖਾਂ ਕਮਿਊਨਿਸਟਾਂ ਦੇ ਕਤਲੇਆਮ `ਚ ਅਮਰੀਕਨ ਹੁਕਮਰਾਨਾਂ ਦੀ ਘਿਨਾਉਣੀ ਭੂਮਿਕਾ ਨੂੰ ਕੌਣ ਭੁੱਲਿਆ ਹੈ।
ਅਮਰੀਕਨ ਏਜੰਸੀ ਸੀ.ਆਈ.ਏ. ਵੱਲੋਂ ਰਾਜ-ਪਲਟਿਆਂ ਅਤੇ ਕਤਲੇਆਮਾਂ ਰਾਹੀਂ ਫ਼ੌਜੀ ਤਾਨਾਸ਼ਾਹੀਆਂ ਥੋਪਣ ਦੀ ਵੱਡੀ ਪ੍ਰਯੋਗਸ਼ਾਲਾ ਲਾਤੀਨੀ ਅਮਰੀਕਾ ਰਿਹਾ ਹੈ। ਇਸ ਦੀ ਮੁੱਖ ਮਿਸਾਲ ਚਿੱਲੀ ਹੈ ਜਿੱਥੇ 50 ਸਾਲ ਪਹਿਲਾਂ ਅਮਰੀਕਨ ਏਜੰਟਾਂ ਨੇ ਫ਼ੌਜੀ ਰਾਜ ਪਲਟੇ ਨੂੰ ਅੰਜਾਮ ਦਿੱਤਾ ਅਤੇ ਜਮਹੂਰੀ ਤੌਰ `ਤੇ ਚੁਣੀ ਹੋਈ ਸਰਕਾਰ ਦਾ ਘਾਣ ਕਰ ਕੇ ਆਗਸਤੋ ਪਿਨੋਚੇ ਦੀ ਅਗਵਾਈ ਹੇਠ ਫ਼ੌਜੀ ਤਾਨਾਸ਼ਾਹ ਰਾਜ ਸਥਾਪਿਤ ਕੀਤਾ ਗਿਆ ਜੋ ਅਮਰੀਕਾ ਦੀ ਪੁਸ਼ਤਪਨਾਹੀ ਹੇਠ ਲੱਗਭੱਗ ਦੋ ਦਹਾਕੇ ਤੱਕ ਜਾਰੀ ਰਿਹਾ। ਫ਼ਲਸਤੀਨ ਸਮੇਤ ਦੁਨੀਆ ਭਰ `ਚ ਸਾਮਰਾਜੀਆਂ, ਖ਼ਾਸ ਕਰ ਕੇ ਅਮਰੀਕਾ ਦੀ ਜੰਗਬਾਜ਼ ਭੂਮਿਕਾ ਅਤੇ ਸਾਮਰਾਜੀ ਦਖ਼ਲਅੰਦਾਜ਼ੀ ਨੂੰ ਸਮਝਣ ਲਈ ਅੱਧੀ ਸਦੀ ਪਹਿਲਾਂ ਚਿੱਲੀ `ਚ ਹੋਏ ਤਖ਼ਤਾ ਪਲਟ ਅਤੇ ਫ਼ੌਜੀ ਤਾਨਾਸ਼ਾਹ ਰਾਜ ਦੀ ਸਥਾਪਨਾ ਦੇ ਘਟਨਾਕ੍ਰਮ ਦੇ ਸਬਕਾਂ ਨੂੰ ਚੇਤੇ ਰੱਖਣਾ ਬਹੁਤ ਜ਼ਰੂਰੀ ਹੈ।
ਕਮਿਊਨਿਸਟ ਇਨਕਲਾਬਾਂ ਦੀ ਯੁਗ-ਪਲਟਾਊ ਭੂਮਿਕਾ ਨੂੰ ਰੱਦ ਕਰਨ ਲਈ ਸਾਮਰਾਜੀਏ ਅਤੇ ਇਨ੍ਹਾਂ ਦੇ ਜ਼ਰਖ਼ਰੀਦ ਬੁੱਧੀਜੀਵੀ ਇਹ ਦਲੀਲ ਦਿੰਦੇ ਹਨ ਕਿ ਹੁਣ ਲੋਕਤੰਤਰ ਦਾ ਯੁਗ ਹੈ ਜਿਸ ਵਿਚ ਹਿੰਸਕ ਇਨਕਲਾਬਾਂ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਦੁਨੀਆ ਦਾ ਬਿਹਤਰੀਨ ਰਾਜ ਪ੍ਰਬੰਧ ਸਰਮਾਏਦਾਰਾ ਪ੍ਰਬੰਧ ਹੀ ਹੈ ਜਿੱਥੇ ਸਰਕਾਰਾਂ ਵੋਟ ਪ੍ਰਣਾਲੀ ਦੇ ਜਮਹੂਰੀ ਅਮਲ ਰਾਹੀਂ ਚੁਣੀਆਂ ਜਾਂਦੀਆਂ ਹਨ ਪਰ ਚਿੱਲੀ ਅਤੇ ਲਾਤੀਨੀ ਅਮਰੀਕਨ ਮੁਲਕਾਂ ਵਿਚ ਰਾਜ ਪਲਟੇ ਅਤੇ ਅਮਰੀਕਨ ਸਾਮਰਾਜ ਨੂੰ ਨਾਪਸੰਦ ਸਰਕਾਰਾਂ ਨੂੰ ਉਲਟਾ ਕੇ ਅਮਰੀਕਾ ਪੱਖੀ ਸਰਕਾਰਾਂ ਦੀ ਸਥਾਪਨਾ ਕਰਨਾ ਇਸ ਦਾ ਸਬੂਤ ਹੈ ਕਿ ਚੁਣੀਆਂ ਹੋਈਆਂ ਸਰਕਾਰਾਂ ਪ੍ਰਤੀ ਦੁਨੀਆ ਦੇ ਆਪੇ ਬਣੇ ਥਾਣੇਦਾਰ ਦਾ ਰਵੱਈਆ ਕੀ ਹੈ।
11 ਸਤੰਬਰ 1973 ਨੂੰ ਚਿੱਲੀ ਦੀਆਂ ਹਥਿਆਰਬੰਦ ਤਾਕਤਾਂ – ਫ਼ੌਜ, ਸਮੁੰਦਰੀ ਫ਼ੌਜ, ਹਵਾਈ ਫ਼ੌਜ ਅਤੇ ਕੈਰਾਬੀਨੈਰੋ ਨੇ ਸਾਂਝਾ ਹਮਲਾ ਕਰ ਕੇ ਅਲੈਂਡੇ ਸਰਕਾਰ ਦਾ ਤਖ਼ਤਾ ਪਲਟ ਦਿੱਤਾ। ਫ਼ੌਜਾਂ ਨੇ ਰਾਸ਼ਟਰਪਤੀ ਭਵਨ ਨੂੰ ਘੇਰ ਕੇ ਗੋਲਾਬਾਰੀ ਕੀਤੀ। ਇਸ ਦੌਰਾਨ ਰਾਸ਼ਟਰਪਤੀ ਸਲਵਾਡੋਰ ਅਲੈਂਡੇ ਮਾਰਿਆ ਗਿਆ। ਫ਼ੌਜ ਨੇ ਦਾਅਵਾ ਕੀਤਾ ਕਿ ਅਲੈਂਡੇ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਪਰ ਬਹੁਤ ਸਾਰੇ ਰਾਜਨੀਤਕ ਤਬਸਰਾਕਾਰਾਂ ਦਾ ਮੰਨਣਾ ਸੀ ਕਿ ਉਸ ਨੂੰ ਕਤਲ ਕੀਤਾ ਗਿਆ। ਸਰਕਾਰੀ ਕਹਾਣੀ ਨੂੰ ਹੀ ਬਾਅਦ ਵਿਚ ਅੰਤਮ ਸੱਚ ਦੇ ਤੌਰ `ਤੇ ਸਥਾਪਿਤ ਕੀਤਾ ਗਿਆ। ਇਹ ਤਾਂ ਮਹਿਜ਼ ਸ਼ੁਰੂਆਤ ਸੀ। ਇਸ ਤੋਂ ਬਾਅਦ ਪੂਰੇ ਲਾਤੀਨੀ ਅਮਰੀਕਾ `ਚ ਹੀ ਖੱਬੇ ਪੱਖੀਆਂ ਦੇ ਸਫ਼ਾਏ ਤੇ ਰਾਜਕੀ ਦਹਿਸ਼ਤਵਾਦ ਦਾ ਝੱਖੜ ਝੁੱਲਿਆ ਅਤੇ ਫ਼ੌਜੀ ਤਾਨਾਸ਼ਾਹੀਆਂ ਨੇ ਫਿਰ ਆਪਸੀ ਤਾਲਮੇਲ ਬਣਾ ਕੇ ‘ਅਪਰੇਸ਼ਨ ਕੌਂਡੌਰ` ਰਾਹੀਂ ਰਾਜਨੀਤਕ ਵਿਰੋਧੀਆਂ ਨੂੰ ਚੁਣ-ਚੁਣ ਕੇ ਕਤਲ ਕੀਤਾ। ਜਿਸ ਦਾ ਮੁੱਖ ਨਿਸ਼ਾਨਾ ਸਮਾਜਵਾਦੀਆਂ ਸਮੇਤ ਸਮੂਹ ਸਾਮਰਾਜ ਵਿਰੋਧੀ ਤਾਕਤਾਂ ਨੂੰ ਮੁਕੰਮਲ ਰੂਪ ਵਿਚ ਕੁਚਲ ਕੇ ਸਾਮਰਾਜਵਾਦੀ ਗ਼ਲਬੇ ਦਾ ਰਾਹ ਪੱਧਰਾ ਕਰਨਾ ਸੀ।
ਪਾਪੂਲਰ ਯੂਨਿਟੀ ਗੱਠਜੋੜ ਜਿਸ ਵਿਚ ਕਈ ਵੰਨਗੀਆਂ ਦੇ ਸਮਾਜਵਾਦੀ, ਕਮਿਊਨਿਸਟ ਅਤੇ ਇਸਾਈ ਜਮਹੂਰੀਅਤਪਸੰਦ ਸ਼ਾਮਿਲ ਸਨ, ਦਾ ਮੁਖੀ ਅਲੈਂਡੇ ਤਿੰਨ ਵਾਰ ਹਾਰ ਜਾਣ ਤੋਂ ਬਾਅਦ 1970 `ਚ ਰਾਸ਼ਟਰਪਤੀ ਚੁਣਿਆ ਗਿਆ। ਉਸ ਨੇ ਆਪਣੇ ਮੁਲਕ ਦੀ ਤਰੱਕੀ ਅਤੇ ਵਿਕਾਸ ਲਈ ‘ਸਮਾਜਵਾਦ ਦਾ ਚਿੱਲੀ ਮਾਰਗ` ਚੁਣਿਆ। ਵੱਡੀਆਂ ਸਨਅਤਾਂ ਦੇ ਕੌਮੀਕਰਨ, ਪੜ੍ਹਾਈ ਦੇ ਵਧਾਰੇ-ਪਸਾਰੇ ਅਤੇ ਮਜ਼ਦੂਰ ਜਮਾਤ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਦੀਆਂ ਉਸ ਦੀਆਂ ਨੀਤੀਆਂ ਨੂੰ ਸੰਸਾਰ ਸਾਮਰਾਜਵਾਦ, ਖ਼ਾਸ ਕਰ ਕੇ ਅਮਰੀਕਨ ਸਾਮਰਾਜ ਕਿਵੇਂ ਸਵੀਕਾਰ ਕਰ ਲੈਂਦਾ। ਸੱਜੇ ਪੱਖੀ ਪਾਰਟੀਆਂ ਨਾਲ ਉਸ ਦਾ ਸਿੱਧਾ ਟਕਰਾਅ ਸੀ ਜੋ ਕਾਂਗਰਸ ਨੂੰ ਕੰਟਰੋਲ ਕਰਦੀਆਂ ਸਨ। ਪਹਿਲਾਂ ਅਮਰੀਕਨ ਹਕੂਮਤ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਕਿ ਕਾਂਗਰਸ ਅਲੈਂਡੇ ਨੂੰ ਰਾਸ਼ਟਰਪਤੀ ਵਜੋਂ ਮਨਜ਼ੂਰ ਨਾ ਕਰੇ। ਜਦੋਂ ਇਹ ਸਾਜ਼ਿਸ਼ ਸਿਰੇ ਨਾ ਚੜ੍ਹੀ ਤਾਂ ਅਕਤੂਬਰ 1970 `ਚ ਫ਼ੌਜ ਵਿਚਲੇ ਆਪਣੇ ਏਜੰਟਾਂ ਰਾਹੀਂ ਫ਼ੌਜ ਮੁਖੀ ਰੇਨੇ ਸ਼ਨਾਈਡਰ ਦਾ ਕਤਲ ਕਰਵਾ ਦਿੱਤਾ ਗਿਆ। ਕਤਲ ਨਾਲ ਸਗੋਂ ਅਲੈਂਡੇ ਦੀ ਹਮਾਇਤ `ਚ ਵਾਧਾ ਹੋ ਗਿਆ ਅਤੇ ਲੋਕ ਦਬਾਅ ਦੇ ਮੱਦੇਨਜ਼ਰ ਕਾਂਗਰਸ ਨੂੰ ਉਸ ਦੇ ਰਾਸ਼ਟਰਪਤੀ ਚੁਣੇ ਜਾਣ ਉੱਪਰ ਮੋਹਰ ਲਾਉਣੀ ਪਈ। ਇਸ ਤੋਂ ਚਿੜ ਕੇ ਅਮਰੀਕਨ ਹੁਕਮਰਾਨਾਂ ਨੇ ਫ਼ੌਜ ਰਾਹੀਂ ਤੁਰੰਤ ਤਖ਼ਤਾ ਪਲਟ ਸੰਭਵ ਨਾ ਹੋਣ ਕਰ ਕੇ ਆਰਥਿਕ ਸੰਕਟ ਰਾਹੀਂ ‘ਆਰਥਿਕਤਾ ਦੀਆਂ ਚੀਕਾਂ ਕਢਵਾ ਦਿਓ` ਦੀ ਯੁੱਧ ਨੀਤੀ ਅਖ਼ਤਿਆਰ ਕੀਤੀ ਅਤੇ ਟਰੱਕਾਂ ਤੇ ਹੋਰ ਕਈ ਤਰ੍ਹਾਂ ਦੇ ਕਾਰੋਬਾਰੀਆਂ ਤੋਂ ਹੜਤਾਲਾਂ ਕਰਵਾ ਕੇ ਆਰਥਿਕਤਾ ਨੂੰ ਸੱਟ ਮਾਰੀ।
ਅਲੈਂਡੇ ਦੀ ਸਰਕਾਰ ਨੇ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਮੁਕਾਬਲਾ ਕਰਦਿਆਂ ਆਰਥਿਕ ਤੇ ਸਮਾਜੀ ਸੁਧਾਰਾਂ ਦਾ ਪ੍ਰੋਗਰਾਮ ਅਮਲ `ਚ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਤਾਂਬੇ ਦੀਆਂ ਖਾਣਾਂ ਅਤੇ ਬੈਂਕਾਂ ਦਾ ਕੌਮੀਕਰਨ ਕਰ ਦਿੱਤਾ ਗਿਆ। ਘਰਾਂ ਦਾ ਮਸਲਾ ਹੱਲ ਕਰਨ ਲਈ ਹਜ਼ਾਰਾਂ ਘਰ ਉਸਾਰੇ ਗਏ। ਲੋਕਾਂ ਦੀ ਸਿਹਤ, ਪੜ੍ਹਾਈ ਅਤੇ ਪੈਨਸ਼ਨਾਂ ਲਈ ਰਾਜ ਦਾ ਬਜਟ ਤੇਜ਼ੀ ਨਾਲ ਵਧਾਇਆ ਗਿਆ। ਨਵੀਂ ਬਣੀ ਸਰਕਾਰ ਨੂੰ ਕੰਮ ਕਰਨ ਲਈ ਜਿੰਨਾ ਕੁ ਸੀਮਤ ਜਿਹਾ ਸਮਾਂ ਮਿਲਿਆ, ਇਸ ਨੇ ਕੁਪੋਸ਼ਣ, ਅਨਪੜ੍ਹਤਾ, ਔਰਤਾਂ ਦੀ ਸਿਹਤ ਦੇ ਮਸਲੇ ਹੱਲ ਕਰਨ, ਲੋਕ ਸੱਭਿਆਚਾਰ ਦਾ ਵਧਾਰਾ-ਪਸਾਰਾ ਕਰਨ ਅਤੇ ਜ਼ਮੀਨੀ ਸੁਧਾਰ ਲਾਗੂ ਕਰਨ ਲਈ ਵੱਡੇ ਹੰਭਲੇ ਮਾਰੇ। ਬਹੁਕੌਮੀ ਕੰਪਨੀਆਂ ਅਤੇ ਅਮਰੀਕਨ ਹੁਕਮਰਾਨਾਂ ਨੇ ਇਹ ਯਕੀਨੀ ਬਣਾਉਣ ਲਈ ਹਰ ਹਰਬਾ ਵਰਤਿਆ ਕਿ ਮਹਿੰਗਾਈ `ਤੇ ਕਾਬੂ ਪਾਉਣ ਦੇ ਸਰਕਾਰੀ ਯਤਨ ਬੁਰੀ ਤਰ੍ਹਾਂ ਫੇਲ੍ਹ ਹੋ ਜਾਣ ਅਤੇ ਸਰਕਾਰ ਵਿਦੇਸ਼ੀ ਪੂੰਜੀ ਨਿਵੇਸ਼ ਹਾਸਲ ਨਾ ਕਰ ਸਕੇ। ਜਦੋਂ ਤਮਾਮ ਸਾਮਰਾਜਵਾਦੀ ਚਾਲਾਂ ਦੇ ਬਾਵਜੂਦ ਅਲੈਂਡੇ ਨੂੰ ਹਮਾਇਤ ਘਟਣ ਦੀ ਬਜਾਇ ਵਧ ਗਈ ਅਤੇ ‘ਪਾਪਲੂਰ ਯੂਨਿਟੀ ਗੱਠਜੋੜ` ਦਾ ਵੋਟ ਸ਼ੇਅਰ 7 ਫ਼ੀਸਦੀ ਵਧ ਗਿਆ ਤਾਂ ਵਾਸ਼ਿੰਗਟਨ ਹਕੂਮਤ ਤੇ ਉਨ੍ਹਾਂ ਦੇ ਚਿੱਲੀ ਵਿਚਲੇ ਜੋਟੀਦਾਰਾਂ ਨੇ ਮਹਿਸੂਸ ਕਰ ਲਿਆ ਕਿ ਚੋਣਾਂ ਦੇ ਤਰੀਕੇ ਨਾਲ ਅਲੈਂਡੇ ਨੂੰ ਲਾਹਿਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਨੇ ਫ਼ੌਜੀ ਰਾਜ ਪਲਟੇ ਰਾਹੀਂ ਸਮਾਜਵਾਦੀ ਸੇਧ ਵਾਲੀ ਹਕੂਮਤ ਦਾ ਖ਼ਾਤਮਾ ਕਰਨ ਦਾ ਫ਼ੈਸਲਾ ਕਰ ਲਿਆ। ਸੰਨ 2000 `ਚ ਸੀ.ਆਈ.ਏ. ਨੇ ਮੰਨਿਆ ਕਿ 1970 `ਚ ਅਲੈਂਡੇ ਪੱਖੀ ਫ਼ੌਜ ਮੁਖੀ ਨੂੰ ਅਗਵਾ ਕਰਨ `ਚ ਸਾਡਾ ਹੱਥ ਸੀ। ਹੁਣ ਜਨਤਕ ਕੀਤੇ ਜਾ ਚੁੱਕੇ ਅਮਰੀਕਾ ਦੇ ਸਰਕਾਰੀ ਦਸਤਾਵੇਜ਼ਾਂ ਤੋਂ ਇਹ ਪੁਸ਼ਟੀ ਹੋ ਗਈ ਹੈ ਕਿ ਇਹ ਸਾਰੀ ਸਾਜ਼ਿਸ਼ ਰਾਸ਼ਟਰਪਤੀ ਨਿਕਸਨ, ਉਸ ਦੇ ਸੁਰੱਖਿਆ ਸਲਾਹਕਾਰ ਹੈਨਰੀ ਕਸਿੰਜਰ ਸਮੇਤ ਅਮਰੀਕਨ ਸਰਕਾਰ ਦੇ ਉਚਤਮ ਪੱਧਰ `ਤੇ ਘੜੀ ਗਈ ਸੀ ਜਿਨ੍ਹਾਂ ਦੀਆਂ ਨਜ਼ਰਾਂ `ਚ ਅਲੈਂਡੇ ‘ਖ਼ਤਰਨਾਕ ਕਮਿਊਨਿਸਟ` ਸੀ। ਦਰਅਸਲ, 1962-64 `ਚ ਹੀ ਸੀ.ਆਈ.ਏ. ਨੇ ਅਲੈਂਡੇ ਵਿਰੋਧੀ ਕੂੜ ਪ੍ਰਚਾਰ ਕਰ ਕੇ ਵੋਟਰਾਂ ਨੂੰ ਉਸ ਦੇ ਖ਼ਿਲਾਫ਼ ਭੜਕਾਉਣ ਅਤੇ ਆਪਣੇ ਚਹੇਤੇ ਉਮੀਦਵਾਰ ਨੂੰ ਜਿਤਾ ਕੇ ਰਾਸ਼ਟਰਪਤੀ ਬਣਾਉਣ ਦੀ ਮੁਹਿੰਮ ਉੱਪਰ 56 ਲੱਖ ਡਾਲਰ ਖ਼ਰਚ ਕੀਤੇ ਸਨ।
ਅਗਸਤ ਮਹੀਨੇ ਫ਼ੌਜ ਦੀ ਟੈਂਕ ਰੈਜੀਮੈਂਟ ਨੇ ਰਾਸ਼ਟਰਪਤੀ ਭਵਨ `ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜੋ ਭਵਨ ਦੀ ਸੁਰੱਖਿਆ ਗਾਰਦ ਨੇ ਅਸਫਲ ਬਣਾ ਦਿੱਤੀ। ਇਸ ਦੌਰਾਨ ਰਾਸ਼ਟਰਪਤੀ ਅਲੈਂਡੇ ਨੇ ਆਗਸਟੋ ਪਿਨੋਚੇ ਨੂੰ ਆਪਣਾ ਹਮਾਇਤੀ ਸਮਝ ਕੇ ਫ਼ੌਜਾਂ ਦਾ ਮੁੱਖ ਕਮਾਂਡਰ ਬਣਾ ਦਿੱਤਾ ਪਰ ਇਸ ਫ਼ੌਜੀ ਗੁੱਟ ਨੇ ਅਮਰੀਕਨ ਖ਼ੁਫ਼ੀਆ ਏਜੰਸੀਆਂ ਅਤੇ ਫ਼ੌਜੀ ਅਧਿਕਾਰੀਆਂ ਨਾਲ ਮਿਲ ਕੇ ਚਿੱਲੀ ਦੀਆਂ ਫ਼ੌਜੀ ਤਾਕਤਾਂ ਵਿਚੋਂ ਉਨ੍ਹਾਂ ਸਾਰੇ ਫ਼ੌਜੀ ਅਫਸਰਾਂ ਨੂੰ ਚੁਣ-ਚੁਣ ਕੇ ਬਾਹਰ ਕਰ ਦਿੱਤਾ ਜੋ ਫ਼ੌਜੀ ਰਾਜ ਪਲਟੇ ਦੇ ਖ਼ਿਲਾਫ਼ ਸਨ। ਡੂੰਘੀ ਤਿਆਰੀ ਤੋਂ ਬਾਅਦ 11 ਸਤੰਬਰ ਨੂੰ ਫ਼ੌਜ ਨੇ ਸਰਕਾਰ ਵਿਰੁੱਧ ਬਗ਼ਾਵਤ ਕਰ ਦਿੱਤੀ ਅਤੇ ਰੇਡੀਓ ਤੇ ਟੀ.ਵੀ. ਸਟੇਸ਼ਨ ਆਪਣੇ ਕਬਜ਼ੇ `ਚ ਲੈ ਲਏ। ਰਾਸ਼ਟਰਪਤੀ ਨੂੰ ਪੂਰੀ ਤਰ੍ਹਾਂ ਅਲੱਗ-ਥਲੱਗ ਕਰ ਕੇ ਫ਼ੌਜੀ ਗੁੱਟ ਨੇ ਪੂਰਾ ਕੰਟਰੋਲ ਆਪਣੇ ਹੱਥ `ਚ ਲੈ ਲਿਆ। ਅਲੈਂਡੇ ਅਜੇ ਵੀ ਇਸ ਭਰਮ `ਚ ਸੀ ਕਿ ਉਸ ਦੇ ਹਮਾਇਤੀ ਜਨਰਲ ਪਿਨੋਚੇ ਨੂੰ ਬੰਦੀ ਬਣਾ ਲਿਆ ਗਿਆ ਹੈ ਜਦਕਿ ਰਾਸ਼ਟਰਪਤੀ ਭਵਨ ਉੱਪਰ ਹਮਲੇ ਨੂੰ ਸਾਰੇ ਦਿਸ਼ਾ-ਨਿਰਦੇਸ਼ ਉਹੀ ਦੇ ਰਿਹਾ ਸੀ।
ਅਲੈਂਡੇ ਨੇ ਫ਼ੌਜੀ ਗੁੱਟ ਦੀ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਉਸ ਨੂੰ ਸੁਰੱਖਿਅਤ ਮੁਲਕ ਤੋਂ ਬਾਹਰ ਕੱਢਣ ਦੀ ਪੇਸ਼ਕਸ਼ ਠੁਕਰਾ ਦਿੱਤੀ ਅਤੇ ਆਖ਼ਰੀ ਦਮ ਤੱਕ ਆਪਣੇ ਵਤਨ ਤੇ ਲੋਕਾਂ ਨਾਲ ਵਫ਼ਾਦਾਰੀ ਨਿਭਾਉਂਦਾ ਰਿਹਾ, ਇਸ ਉਮੀਦ ਨਾਲ ਕਿ ਦੇਰ-ਸਵੇਰ ਬਿਹਤਰ ਸਮਾਜ ਸਿਰਜਣ ਦੇ ਰਾਹ ਜ਼ਰੂਰ ਖੁੱਲ੍ਹਣਗੇ ਅਤੇ ਆਜ਼ਾਦ ਮਨੁੱਖ ਉਨ੍ਹਾਂ ਰਾਹਾਂ `ਤੇ ਚੱਲਣਗੇ। ਬਾਅਦ ਵਿਚ ਰਿਕਾਰਡ ਕੀਤੇ ਰੇਡੀਓ ਸੰਦੇਸ਼ਾਂ ਤੋਂ ਖ਼ੁਲਾਸਾ ਹੋਇਆ ਕਿ ਪਿਨੋਚੇ ਨੇ ਜਹਾਜ਼ ਨੂੰ ਬੰਬਾਂ ਨਾਲ ਉਡਾ ਦੇਣ ਦੇ ਹੁਕਮ ਦਿੱਤੇ ਹੋਏ ਸਨ।
ਰਾਜ ਪਲਟੇ ਤੋਂ ਬਾਅਦ ਫ਼ੌਜੀ ਰਾਜ ਨੇ ਫ਼ੌਜੀ ਛਾਉਣੀਆਂ, ਫੁੱਟਬਾਲ ਸਟੇਡੀਅਮਾਂ ਅਤੇ ਇੱਥੋਂ ਤੱਕ ਕਿ ਨੇਵੀ ਦੇ ਸਮੁੰਦਰੀ ਜਹਾਜ਼ `ਚ ਵੀ ਤਸੀਹਾ ਕੈਂਪ ਬਣਾ ਕੇ ਪੂਰੇ ਚਿੱਲੀ ਨੂੰ ਤਸੀਹਾ ਕੈਂਪ ਬਣਾ ਦਿੱਤਾ। ਫ਼ੌਜੀ ਤਾਨਾਸ਼ਾਹੀ ਦੇ ਮੌਤ ਵੰਡਦੇ ਦਸਤਿਆਂ ਨੇ ਅਲੈਂਡੇ ਪੱਖੀ ਹਜ਼ਾਰਾਂ ਲੋਕ ਕਤਲ ਕਰ ਦਿੱਤੇ ਅਤੇ ਦਹਿ ਹਜ਼ਾਰਾਂ ਨਜ਼ਰਬੰਦੀ ਤੇ ਤਸੀਹਾ ਕੈਂਪਾਂ `ਚ ਸੁੱਟ ਦਿੱਤੇ। ਤਿੰਨ ਸਾਲਾਂ `ਚ ਢਾਈ ਲੱਖ ਲੋਕਾਂ ਨੂੰ ਹਿਰਾਸਤ `ਚ ਲਿਆ ਗਿਆ। ਹਜ਼ਾਰਾਂ ਲੋਕ ਅਣਪਛਾਤੀਆਂ ਕਬਰਾਂ `ਚ ਦਫ਼ਨਾ ਦਿੱਤੇ ਗਏ, ਬਹੁਤ ਸਾਰੇ ਮਨੁੱਖੀ ਸਿਹਤ ਲਈ ਨਾਮੁਆਫ਼ਕ ਮਾਰੂਥਲ `ਚ ਮਰਨ ਲਈ ਛੱਡ ਦਿੱਤੇ ਗਏ ਜਿੱਥੇ ਬਹੁਤ ਸਾਰੇ ਪਰਿਵਾਰ ਦਹਾਕੇ ਬਾਅਦ ਵੀ ਉਨ੍ਹਾਂ ਦੀਆਂ ਨਿਸ਼ਾਨੀਆਂ ਦੀ ਭਾਲ `ਚ ਭਟਕਦੇ ਰਹੇ। 119 ਲੋਕਾਂ ਦੀਆਂ ਲਾਸ਼ਾਂ ਅਰਜਨਟਾਈਨਾ `ਚੋਂ ਮਿਲੀਆਂ।
1980 `ਚ ਨਵਾਂ ਸੰਵਿਧਾਨ ਬਣਾ ਕੇ ਅਮਰੀਕਨ ਸੁਰੱਖਿਆ ਛੱਤਰੀ ਵਾਲੀ ਫ਼ੌਜੀ ਤਾਨਾਸ਼ਾਹੀ ਨੂੰ ਸੰਵਿਧਾਨਕ ਬੁਰਕਾ ਪਹਿਨਾ ਦਿੱਤਾ ਗਿਆ। ਪਿਨੋਚੇ ਨੇ ਖ਼ੁਦ ਵੀ ਲੰਮਾ ਸਮਾਂ ਸੱਤਾਧਾਰੀ ਰਹਿਣ ਦਾ ਰਾਹ ਪੱਧਰਾ ਕਰ ਲਿਆ ਅਤੇ ਰਾਇ-ਸ਼ੁਮਾਰੀ ਰਾਹੀਂ ਆਪਣੇ ਹੱਕ `ਚ ਵੋਟ ਫ਼ਤਵਾ ਲੈਣ ਦੇ ਨਾਟਕ ਵੀ ਕਰਦਾ ਰਿਹਾ।
ਫ਼ੌਜੀ ਤਾਨਾਸ਼ਾਹੀ ਜੋ ਸ਼ਿਕਾਗੋ ਸਕੂਲ ਆਫ ਇਕਨਾਮਿਕਸ ਦੀਆਂ ਨੀਤੀਆਂ ਨੂੰ ਲਾਗੂ ਕਰਨ ਦਾ ਸੰਦ ਸੀ, ਨੂੰ ਪੱਕੇ ਪੈਰੀਂ ਕਰ ਕੇ ਅਲੈਂਡੇ ਸਰਕਾਰ ਦੇ ਸਾਰੇ ਕੰਮਾਂ ਨੂੰ ਸਿਰਫ਼ ਪੁੱਠਾ ਗੇੜਾ ਹੀ ਨਹੀਂ ਦਿੱਤਾ ਗਿਆ ਸਗੋਂ ਉਨ੍ਹਾਂ ਦੇ ‘ਮੁਕਤ ਖੁੱਲ੍ਹੀ ਮੰਡੀ` ਦੇ ਮੱਤ ਅਨੁਸਾਰ ਜੋਸ਼ੋ-ਖ਼ਰੋਸ਼ ਨਾਲ ਆਰਥਿਕਤਾ ਦੀ ਨਵਉਦਾਰਵਾਦੀ ਨੀਤੀ ਢਾਂਚਾ-ਢਲਾਈ ਅਮਲ `ਚ ਲਿਆਂਦੀ ਗਈ ਜੋ ਅਸਲ ਵਿਚ ਮਨੁੱਖੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਸਰਮਾਏ ਦੇ ਰਹਿਮ-ਕਰਮ `ਤੇ ਛੱਡ ਕੇ ਮਨੁੱਖੀ ਸਮਾਜ ਨੂੰ ਘੋਰ ਨਾ-ਬਰਾਬਰੀ, ਵਾਂਝੇਪਣ ਅਤੇ ਮੁਥਾਜਗੀ `ਚ ਸੁੱਟਣ ਵਾਲਾ ਆਰਥਿਕ ਮਾਡਲ ਹੈ।
ਬਾਅਦ ਵਿਚ 1998 `ਚ ਭਾਵੇਂ ਸਪੇਨੀ ਨਾਗਰਿਕਾਂ ਨੂੰ ਤਸੀਹੇ ਦੇਣ ਸਬੰਧੀ ਬਰਤਾਨਵੀ ਹਕੂਮਤ ਨੇ ਅਮਰੀਕਾ ਦੇ ਚਹੇਤੇ ਪਿਨੋਚੇ ਨੂੰ ਹਿਰਾਸਤ `ਚ ਤਾਂ ਲਿਆ ਪਰ ਇਹ ਕਹਿ ਕੇ ਛੱਡ ਦਿੱਤਾ ਕਿ ਉਹ ਮੁਕੱਦਮਾ ਚਲਾਉਣ ਲਈ ਫਿੱਟ ਨਹੀਂ ਹੈ। ਆਖ਼ਿਰਕਾਰ ਚਿੱਲੀ ਦੀ ਸੁਪਰੀਮ ਕੋਰਟ ਨੇ ਉਸ ਦੇ ਘਿਨਾਉਣੇ ਜੁਰਮਾਂ ਦਾ ਮੁਕੱਦਮਾ ਚਲਾਉਣ ਲਈ ਉਸ ਨੂੰ ਸਿਹਤਮੰਦ ਕਰਾਰ ਤਾਂ ਦੇ ਦਿੱਤਾ ਪਰ ਅਗਲੇ ਸਾਲ ਹੀ ਉਹ ਮਰ ਗਿਆ ਅਤੇ ਉਸ ਨੂੰ ਮੁਕੱਦਮੇ ਦਾ ਸਾਹਮਣਾ ਹੀ ਨਹੀਂ ਕਰਨਾ ਪਿਆ।
ਅਮਰੀਕਨ ਤੇ ਹੋਰ ਸਾਮਰਾਜੀਏ ਕਿਸੇ ਵੀ ਐਸੀ ਚੁਣੀ ਹੋਈ ਹਕੂਮਤ ਨਹੀਂ ਚਾਹੁੰਦੇ ਜੋ ਉਨ੍ਹਾਂ ਦੇ ਭੂਗੋਲਿਕ-ਰਾਜਨੀਤਕ ਹਿਤਾਂ ਦੇ ਅਨੁਸਾਰ ਨਹੀਂ। ਇਕ ਸਮੇਂ ਚਿੱਲੀ ਦੇ ਵੋਟਾਂ ਰਾਹੀਂ ਸਮਾਜਵਾਦੀ ਸਰਕਾਰਾਂ ਬਣਾਉਣ ਦੇ ਮਾਡਲ ਨੂੰ ਬਾਲਸ਼ਵਿਕ ਜਾਂ ਚੀਨੀ ਇਨਕਲਾਬ ਦੇ ਕਥਿਤ ਹਿੰਸਕ ਇਨਕਲਾਬ ਦੇ ਬਦਲ ਵਜੋਂ ਪ੍ਰਚਾਰਿਆ ਗਿਆ। ਦਰਅਸਲ ਸਾਮਰਾਜੀ ਸਰਮਾਏਦਾਰੀ ਨੂੰ ਸਮਾਜਵਾਦ ਦਾ ਇਹ ਰਾਹ ਵੀ ਮਨਜ਼ੂਰ ਨਹੀਂ ਜੋ ਉਨ੍ਹਾਂ ਦੇ ਪੈਮਾਨੇ ਅਨੁਸਾਰ ‘ਲੋਕਤੰਤਰੀ` ਹੈ।
ਸਾਮਰਾਜੀ ਸਰਮਾਏਦਾਰੀ ਵੱਲੋਂ ਫੈਲਾਏ ਕੂੜ ਦੇ ਕਾਇਲ ਬਹੁਤ ਸਾਰੇ ਬੁੱਧੀਜੀਵੀ ਇਹ ਦਲੀਲ ਦਿੰਦੇ ਦੇਖੇ ਜਾ ਸਕਦੇ ਹਨ ਕਿ 21ਵੀਂ ਸਦੀ ਜਮਹੂਰੀਅਤ ਦਾ ਦੌਰ ਹੈ ਅਤੇ ਹਥਿਆਰਬੰਦ ਇਨਕਲਾਬ ਵੇਲਾ ਵਿਹਾ ਚੁੱਕੇ ਹਨ। ਚਿੱਲੀ ਦੇ ਤਜਰਬੇ ਦੇ ਮੱਦੇਨਜ਼ਰ ਸਵਾਲ ਇਹ ਹੈ ਕਿ ਕੀ ਚੋਣਾਂ ਦੇ ਕਥਿਤ ਲੋਕਤੰਤਰੀ ਅਮਲ ਰਾਹੀਂ ਮਨੁੱਖੀ ਸਮਾਜ ਨੂੰ ਸਰਮਾਏਦਾਰੀ ਦੀ ਜਕੜ `ਚੋਂ ਮੁਕਤ ਕਰਾਉਣਾ ਸੰਭਵ ਹੈ? ਕੀ ਬੇਥਾਹ ਫ਼ੌਜੀ ਤਾਕਤ ਅਤੇ ਧੜਵੈਲ ਪ੍ਰਚਾਰ ਤੰਤਰ ਨਾਲ ਲੈਸ ਸਾਮਰਾਜੀਆਂ ਤਾਕਤਾਂ ਇਸ ਦੀ ਇਜਾਜ਼ਤ ਦੇਣਗੀਆਂ ਜੋ ਸਧਾਰਨ ਨਾਪਸੰਦ ਹਕੂਮਤਾਂ ਨੂੰ ਵੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ? ਚਿੱਲੀ ਦਾ ਤਜਰਬਾ ਇਸ ਦਾ ਜਵਾਬ ਨਾਂਹ `ਚ ਦਿੰਦਾ ਹੈ।