ਜਿਥੇ ਬਾਬਾ ਪੈਰੁ ਧਰਿ

ਗੁਲਜ਼ਾਰ ਸਿੰਘ ਸੰਧੂ
ਮੈਂ ਏਸ ਵਰ੍ਹੇ ਗੌਲੇ ਗਏ ਤੇ ਅਣਗੌਲੇ ਸੁਤੰਤਰਤਾ ਸੰਗ੍ਰਾਮੀਆਂ ਦੀ ਪੈੜ ਨੱਪ ਰਿਹਾ ਸਾਂ ਕਿ ਗੁਰੂ ਨਾਨਕ ਜੀ ਦੇ ਪੁਰਬ ਦੀ ਆਮਦ ਨੇ ਮੇਰਾ ਧਿਆਨ ਆਪਣੇ ਵਲ ਖਿੱਚ ਲਿਆ| ਖਾਸ ਕਰਕੇ ਕੇਵਲ ਧਾਲੀਵਾਲ ਦੀ ਸੰਪਾਦਤ ਵੱਡ-ਆਕਾਰੀ ਪੁਸਤਕ ‘ਜਿਥੇ ਬਾਬਾ ਪੈਰੁ ਧਰਿ’ ਨੇ| ਮੇਰੀ ਲਾਇਬਰੇਰੀ ਵਿਚ ਇਹ ਰਚਨਾ ਚਾਰ ਸਾਲ ਤੋਂ ਪਈ ਹੈ

ਪਰ ਕੁਝ ਚੰਗੇ ਮਾੜੇ ਵਰਤਾਰਿਆਂ ਨੇ ਇਹਦੇ ਵੱਲ ਧਿਆਨ ਨਹੀਂ ਜਾਣ ਦਿੱਤਾ| ਕੇਵਲ ਨੇ ਇਸ ਪੁਸਤਕ ਵਿਚ ਪੰਜਾਬੀ ਦੇ ਤੇਰਾਂ ਛੋਟੇ ਵੱਡੇ ਨਾਟਕ ਸ਼ਾਮਿਲ ਕਰ ਕੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫਲਸਫੇ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ| ਲਿਖਣ ਵਾਲਿਆਂ ਵਿਚ ਉਸਦੇ ਆਪਣੇ ਆਪ ਤੋਂ ਬਿਨਾ ਸਤਵਿੰਦਰ ਧੋਨੀ, ਜੇ ਐਸ ਬਾਵਾ, ਅਜਮੇਰ ਔਲਖ, ਦਵਿੰਦਰ ਦਮਨ, ਕਪੂਰ ਸਿੰਘ ਘੁੰਮਣ, ਗੁਰਚਰਨ ਸਿੰਘ ਜਸੂਜਾ ਤੇ ਸੁਰਜੀਤ ਸਿੰਘ ਸੇਠੀ ਹੀ ਨਹੀਂ ਡਾ. ਗੁਰਦਿਆਲ ਸਿੰਘ ਫੁੱਲ, ਡਾ. ਹਰਚਰਨ ਸਿੰਘ, ਡਾ. ਹਰਿਭਜਨ ਸਿੰਘ, ਬਲਵੰਤ ਗਾਰਗੀ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਵਰਗੇ ਮਹਾਰਥੀ ਵੀ ਹਨ| ਇਨ੍ਹਾਂ ਸਭਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਉਪਕਾਰ ਨੂੰ ਵੱਖੋ-ਵੱਖਰੇ ਅੰਦਾਜ਼ ਵਿਚ ਪੇਸ਼ ਕੀਤਾ ਹੈ|
ਇਨ੍ਹਾਂ ਨਾਟਕਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਪੰਜਾਬੀ ਜੀਵਨ ਤੇ ਸਭਿਆਚਾਰ ਵਿਚ ਆਏ ਜੁਗ ਪਲਟਾਊ ਪਲਟੇ ਦਾ ਲੇਖਾ-ਜੋਖਾ ਹੈ| ਲਗਪਗ ਦਸ ਹਜ਼ਾਰ ਦਰਸ਼ਕਾਂ ਤੇ ਸਰੋਤਿਆਂ ਦੀ ਹਾਜ਼ਰੀ ਵਿਚ ਖੇਡੇ ਗਏ ਹਰਚਰਨ ਸਿੰਘ ਦੇ ਨਾਟਕ ‘ਪੁੰਨਿਆਂ ਦੇ ਚੰਨ’ ਨੂੰ ਮਾਤ ਪਾਉਣ ਵਾਲੇ ਗੁਰਦਿਆਲ ਸਿੰਘ ਫੁੱਲ ਦੇ ਨਾਟਕ ‘ਜਿਨ ਸü ਪੱਲੈ ਹੋਇ’ ਨੂੰ ਗੁਰਸ਼ਰਨ ਸਿੰਘ ਦੇ ਅਦਾਕਾਰਾਂ ਨੇ 2000 ਤੋਂ ਵੱਧ ਵਾਰ ਖੇਡਿਆ ਤੇ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਨੇ 500 ਵਾਰੀ ਕੇਵਲ ਧਾਲੀਵਾਲ ਦੇ ਨਿਰਦੇਸ਼ਕ ਹੇਠ|
ਸਾਂਝੇ ਪੰਜਾਬ ਦੇ ਹਿੰਦੂ, ਸਿੱਖ ਤੇ ਮੁਸਲਮਾਨ ਕਿਸੇ ਕਮਜ਼ੋਰ ਘੜੀ ਕਿੰਨੇ ਵੀ ਇੱਕ ਦੂਜੇ ਦੇ ਸ਼ਰੀਕ ਜਾਪਣ ਪਰ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਟਕ ‘ਕੋਧਰੇ ਦੀ ਰੋਟੀ’ ਦੇ ਹਿੰਦੂ, ਮੁਸਲਿਮ ਤੇ ਸਿੱਖ ਪਾਤਰ ਪੰਜਾਬੀਅਤ ਤੇ ਮਨੁੱਖਤਾ ਦੀ ਬਾਤ ਪਾਉਂਦੇ ਰਹਿਣਗੇ| ‘ਗਗਨ ਮੇਂ ਥਾਲ’ (ਬਲਵੰਤ ਗਾਰਗੀ) ਦੇ ਰਬਾਬੀਆਂ ਦਾ ਟੋਲਾ ਗੁਰਬਾਣੀ ਗਾਇਕ ਦੁਆਰਾ ਮਾਨਵੀ ਸਾਂਝਾਂ ਦਾ ਸੰਦੇਸ਼ ਦਿੰਦਾ ਹੈ ਤੇ ਇਸ ਨਾਟਕ ਦੀ ਬਿਰਤਾਂਤਿਕ ਗਤੀ ਨੂੰ ਸ਼ਿਵ ਕੁਮਾਰ ਬਟਾਲਵੀ ਦੇ ਤਿੰਨ ਗੀਤ ਹੋਰ ਵੀ ਤਿੱਖਾ ਕਰਦੇ ਹਨ|
ਸੁਰਜੀਤ ਸੇਠੀ ਦਾ ‘ਗੁਰੂ ਬਿਨੁ ਘੋਰ ਅੰਧਾਰ’ ਵਿਚ ਬਾਬਾ ਨਾਨਕ ਸਮੇਂ ਦੇ ਝੂਠ ਪਾਖੰਡ, ਬੇਪਰਤੀਤੀ ਕਾਇਰਤਾ, ਲੁਟ-ਖਸੁੱਟ, ਕਠੋਰਤਾ ਤੇ ਗਿਆਨ-ਹੀਣਤਾ ਨੂੰ ਖੂਬ ਉਘਾੜਦਾ ਹੈ| ਇਸੇ ਭਾਵਨਾ ਨੂੰ ਜਸੂਜਾ ਦੀ ਰਚਨਾ ‘ਚੜ੍ਹਿਆ ਸੋਧਣਿ ਧਰਤਿ ਲੁਕਾਈ’ ਤੇ ਘੁੰਮਣ ਦੀ ‘ਕੂੜ ਮਾਵਸ’ ਬਦਲਵੇਂ ਰੂਪ ਵਿਚ ਪੇਸ਼ ਕਰਦੇ ਹਨ| ਜਿੱਥੋਂ ਤੱਕ ਹਰਿਭਜਨ ਸਿੰਘ ਦੇ ਨਾਟਕ ‘ਸੰਤ ਗੁਰੂ ਨਾਨਕ’ ਦਾ ਪ੍ਰਬੰਧ ਹੈ ਇਸਨੂੰ 1969 ਵਿਚ ਭਾਰਤ ਦੀਆਂ 24 ਜੁLਬਾਨਾਂ ਵਿਚ ਉਲਥਾ ਕੇ ਆਲ ਇੰਡੀਆ ਰੇਡੀਓ ਨੇ ਪਿਆਰ ਤੇ ਸਤਿਕਾਰ ਨਾਲ ਪੇਸ਼ ਕੀਤਾ ਤੇ ਗੁਰੂ ਬਾਬਾ ਨਾਨਕ ਮਾਨਵੀ ਸੰਦੇਸ਼ ਭਾਰਤ ਦੇ ਕੋਨੇ ਕੋਨੇ ਤਕ ਪਹੁੰਚਾਇਆ| ਦਵਿੰਦਰ ਦਮਨ ਦਾ ‘ਸਾਖੀ’ ਤੇ ਅਜਮੇਰ ਔਲਖ ਦਾ ‘ਬ੍ਰਹਮ ਭੋਜ’ ਕਿਸਾਨਾਂ ਦੀ ਹੱਕ-ਸੱਚ ਦੀ ਕਮਾਈ ਦੀ ਤ੍ਰਾਸਦਿਕ ਪੇਸ਼ਕਾਰੀ ਤੇ ਜੇ ਐਸ ਬਾਵਾ ‘ਓੜਕ ਸü ਰਹੀ’ ਵਿਚ ਇਸੇ ਧਾਰਨਾ ਨੂੰ ਗੁਰੂ ਜੀ ਦੇ ਜੀਵਨ ਤੇ ਬਾਣੀ ਰਾਹੀਂ ਉਜਾਗਰ ਕਰਦੀ ਹੈ| ਸਤਿਵਿੰਦਰ ਸੋਨੀ ਨੇ ਆਪਣੇ ਨਾਟਕ ‘ਜਿਥੇ ਬਾਬਾ ਪੈਰੁ ਧਰਿ’ ਵਿਚ ਏਸੇ ਧਾਰਨਾ ਨੂੰ ਸਰਬਵਿਆਪੀ ਕਰਨ ਲਈ ਕਾਵਿਕ ਅੰਦਾਜ਼ ਦਾ ਸਹਾਰਾ ਲਿਆ ਹੈ|
ਕੇਵਲ ਧਾਲੀਵਾਲ ਨੇ ਆਪਣੇ ਨਾਟਕ ‘ਜਿਓ ਕਰ ਸੂਰਜ ਨਿਕਲਿਆ’ ਵਿਚ ਬਾਬਾ ਨਾਨਕ ਜੀ ਦੇ ਆਗਮਨ ਤੋਂ ਅੰਤ ਤੱਕ ਦੇ ਜੀਵਨ ਨੂੰ ਕਰਤਾਰਪੁਰ ਸਾਹਿਬ ਦੇ ਉਸ ਪਵਿੱਤਰ ਸਥਾਨ ਤੱਕ ਚਿਤਰਿਆ ਹੈ ਜਿਸਦਾ ਚਰਚਾ ਪਿਛਲੇ ਕਈ ਵਰਿ੍ਹਆਂ ਤੋਂ ਕਰਤਾਰਪੁਰ ਲਾਂਘਾ ਦੇ ਰੂਪ ਵਿਚ ਹੋ ਰਿਹਾ ਹੈ| ਉਂਝ ਵੀ ਕੇਵਲ ਧਾਲੀਵਾਲ ਨੇ 13 ਨਾਟਕਾਂ ਦੇ ਗੁਲਦਸਤੇ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫਲਸਫੇ ਦੇ ਏਨੇ ਰੂਪ ਪੇਸ਼ ਕੀਤੇ ਹਨ ਕਿ ਇਨ੍ਹਾਂ ਨੂੰ ਗੁਰੂ ਸਾਹਿਬ ਦੇ ਕਿਸੇ ਵੀ ਪੁਰਬ ਉੱਤੇ ਪੜ੍ਹਿਆ ਤੇ ਮਾਣਿਆ ਜਾ ਸਕਦਾ ਹੈ|
ਗਿਆਨੀ ਗੁਰਦਿੱਤ ਸਿੰਘ ਜਨਮ ਸ਼ਤਾਬਦੀ
‘ਮੇਰਾ ਪਿੰਡ’ ਵਾਲੇ ਗਿਆਨੀ ਗੁਰਦਿੱਤ ਸਿੰਘ ਦੀਆਂ ਰਚਨਾਵਾਂ ਅਜੋਕੀ ਪੀੜ੍ਹੀ ਲਈ ਇਕ ਤਰ੍ਹਾਂ ਦਾ ਚਾਨਣ ਮੁਨਾਰਾ ਹਨ| ਧੜਾ ਧੜ ਪੜ੍ਹੀ ਗਈ ਤੇ ਅਨੇਕਾਂ ਐਡੀਸ਼ਨਾਂ ਵਿਚ ਛਪੀ ਇਸ ਰਚਨਾ ਨੇ ਗਿਆਨੀ ਜੀ ਵੱਲੋਂ ਪੇਸ਼ ਕੀਤੇ ਭਾਈ ਲਾਲੋ, ਭਾਈ ਦਿੱਤ ਸਿੰਘ, ਰਾਗੀ ਹੀਰਾ ਸਿੰਘ, ਭਾਈ ਰਣਧੀਰ ਸਿੰਘ, ਅਕਾਲੀ ਕੌਰ ਸਿੰਘ, ਭਾਈ ਕਾਨ੍ਹ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਗਿਆਨ ਸਿੰਘ ਰਾੜੇਵਾਲਾ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਸਿੰਘ ਸਭਾ ਲਹਿਰ ਦੀ ਦੇਣ ਨਾਲ ਸਬੰਧਤ ਰਚਨਾਵਾਂ ਨੂੰ ਹੀ ਉਹਲੇ ਰੱਖਣ ਦੀ ਕੋਈ ਕਸਰ ਨਹੀਂ ਛੱਡੀ| ਇਹ ਗੱਲ ਵਖਰੀ ਹੈ ਕਿ ਉਨ੍ਹਾਂ ਦੇ ਜੀਵਨ ਕਾਲ ਵਿਚ ਉਨ੍ਹਾਂ ਦੀ ਰਚਨਾਕਾਰੀ ਦੇ ਮਦਾਹਾਂ ਨੇ ਭਾਰਤ ਵਿਚ ਹੀ ਨਹੀਂ ਸਤ ਸਮੁੰਦਰ ਪਾਰ ਵੀ ਪੂਰਾ ਮੁੱਲ ਪਾਇਆ ਤੇ ਉਨ੍ਹਾਂ ਨੂੰ ਭਾਂਤ-ਸੁਭਾਂਤੇ ਸਨਮਾਨਾਂ ਨਾਲ ਨਿਵਾਜਿਆ| ਇਹ ਗਿਆਨੀ ਗੁਰਦਿੱਤ ਹੀ ਸੀ ਜਿਸਨੇ ਤਰਕ ਤੇ ਪ੍ਰਮਾਣਾਂ ਦੇ ਆਧਾਰ `ਤੇ ਕਈ ਸਥਾਪਤ ਧਾਰਨਾਵਾਂ ਨਾਲ ਆਡਾ ਲਿਆ ਤੇ ਜੱਸ ਖਟਿਆ| ਉਸਨੇ ਇਸ ਧਾਰਨਾ ਨੂੰ ਵੀ ਨਕਾਰਿਆ ਕਿ ਭਗਤ ਬਾਣੀ ਦਾ ਗੁਰੂ ਨਾਨਕ ਬਾਣੀ ਉੱਤੇ ਪ੍ਰਭਾਵ ਸੀ| ਉਸਨੇ ਮੱਤ ਅਨੁਸਾਰ ਜੇ ਕੋਈ ਪ੍ਰਭਾਵ ਸੀ ਤਾਂ ਗੁਰੂ ਨਾਨਕ ਬਾਣੀ ਦਾ ਭਗਤ ਬਾਣੀ ਉੱਤੇ ਸੀ ਨਾ ਕਿ ਭਗਤ ਬਾਣੀ ਦਾ ਨਾਨਕ ਬਾਣੀ ਉੱਤੇ| ਉਨ੍ਹਾਂ ਦੀ ਦੇਣ ਸਦਕਾ ਉਨ੍ਹਾਂ ਦੀ ਜਨਮ ਸ਼ਤਾਬਦੀ ਨੇ ਇਨ੍ਹਾਂ ਦਿਨਾਂ ਵਿਚ ਚੰਡੀਗੜ੍ਹ ਦੇ 36 ਸੈਕਟਰ ਵਾਲੇ ਪੀਪਲਜ਼ ਕਨਵੈਨਸ਼ਨ ਸੈਂਟਰ ਵਿਚ ਉਨ੍ਹਾਂ ਨੂੰ ਪਟਿਆਲਾ ਵਾਲੇ ਡਾ. ਜਸਵਿੰਦਰ ਸਿੰਘ ਨੇ ਮਚਲਦੇ, ਧੜਕਦੇ ਜਜ਼ਬਿਆਂ ਵਾਲਾ ਖੋਜੀ ਸਿਰਜਕ ਗਰਦਾਨ ਕੇ ਵਡਿਆਇਆ| ਉਸ ਦੀਆਂ ਲਿਖਤਾਂ ਵਿਚਲੀ ਪੜ੍ਹਨਯੋਗਤਾ, ਮਾਨਣਯੋਗਤਾ ਵਾਲੀ ਆਨੰਦਮਈ ਵਾਰਤਕ ਸ਼ੈਲੀ ਦਾ ਜ਼ਿਕਰ ਕਰਦਿਆਂ ‘ਮੇਰਾ ਪਿੰਡ’ ਨੂੰ ਅਜਿਹੀ ਬੇਮਿਸਾਲ ਰਚਨਾ ਕਿਹਾ ਜਿਸਨੂੰ ਅਜ ਤੱਕ ਤੁਹਫੇ ਵਜੋਂ ਭੇਂਟ ਕੀਤਾ ਜਾਂਦਾ ਹੈ| ਉਹੀਓ ਸੀ ਜਿਸਨੇ ਉਨ੍ਹਾਂ ਦਿਨਾ ਦੇ ਪੰਜਾਬੀ ਜੀਵਨ ਵਿਚ ਰੀਤਾਂ ਰਸਮਾਂ ਦੀ ਪ੍ਰਧਾਨਗੀ ਦਾ ਜ਼ਿਕਰ ਕਰਦਿਆਂ ਮਾਤਾ ਦੇ ਪ੍ਰਚੱਲਤ ਰੂਪਾਂ ਨੂੰ ਵਿਹੁ ਮਾਤਾ, ਕੁਆਰੀ ਮਾਤਾ, ਦਾਣੇਦਾਰ ਮਾਤਾ, ਜਲ ਮਾਤਾ ਤੇ ਅੰਨ੍ਹੀ ਮਾਤਾ ਆਦਿ ਨਾਵਾਂ ਨਾਲ ਜਾਣੀ ਜਾਂਦੀ ਦੱਸਿਆ| ਇਹ ਵੀ ਕਿ ਇਸਦੇ ਇਲਾਜ ਲਈ ਹੱਥ ਹੌਲਾ ਤੇ ਝਾੜਾ ਕਰਨ ਵਾਲੇ ਵੀ ਮੌਜੂਦ ਸਨ ਤੇ ਬਲੀ ਦੇਣ ਦੀ ਹਦਾਇਤ ਕਰਨ ਵਾਲੇ ਵੀ| ਇਸ ਰਚਨਾ ਵਿਚ ਉਸ ਜੱਟ ਦਾ ਵੀ ਜ਼ਿਕਰ ਹੈ ਜਿਹੜਾ ਸਿੱਧ ਬਾਬਾ ਤੋਂ ਮੰਗ ਕਰਦਾ ਹੈ ਕਿ ਜੇ ਉਹਦਾ ਪੁੱਤਰ ਕਿਧਰੇ ਫਸ ਜਾਵੇ ਤਾਂ ਢਾਈ ਰੁਪਏ ਦਾ ਪ੍ਰਸ਼ਾਦ ਚੜ੍ਹਾਵੇਗਾ|
ਜਸਵਿੰਦਰ ਸਿੰਘ ਨੇ ਇਸ ਰਚਨਾ ਨੂੰ ਰੀਤਾਂ ਰਿਵਾਜਾਂ ਦੀ ਰੈਫਰੈਂਸ ਬੁੱਕ ਦਸਦਿਆਂ ਗਿਆਨੀ ਜੀ ਵਲੋਂ ਉਭਾਰੀਆਂ ਉਨ੍ਹਾਂ ਜੱਜ ਮਹਿਲਾਵਾਂ ਦਾ ਵੀ ਜ਼ਿਕਰ ਕੀਤਾ ਹੈ ਜਿਹੜੀਆਂ ਕਹਿੰਦੇ ਕਹਾਉਂਦੇ ਮਰਦ ਵੈਲੀਆਂ ਨੂੰ ਸਜ਼ਾ ਸੁਣਾਉਂਦੀਆਂ ਹਨ ਤੇ ਉਨ੍ਹਾਂ ਲੋਕ ਧਾਰਨਾਵਾਂ ਦਾ ਵੀ ਜਿਨ੍ਹਾਂ ਅਨੁਸਾਰ ਤੀਵੀਆਂ ਦਾ ਰਾਜ ਆ ਗਿਆ ਚੱਕੀ ਛੁੱਟਗੀ ਚੁੱਲ੍ਹੇ ਨੇ ਛੁੱਟ ਜਾਣਾ| ਉਸਦੇ ਭਾਸ਼ਣ ਵਿਚ ਉਸ ਜੱਟ ਖੁਸਰੇ ਦਾ ਹਵਾਲਾ ਵੀ ਸੀ ਜਿਸਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਜੱਟ ਖੁਸਰਿਆਂ ਦਾ ਮੋਹਰੀ ਹੋਣ ਦੇ ਨਾਤੇ ਵੱਡੀ ਔਕਾਤ ਹੈ| ਪਿੰਡ ਦੇ ਉਨ੍ਹਾਂ ਪੇਂਡੂਆਂ ਦਾ ਵੀ ਜਿਹੜੇ ਕਲਚਰਲ ਪ੍ਰੋਗਰਾਮ ਨੂੰ ਕੰਜਰਲ ਪ੍ਰੋਗਰਾਮ ਕਹਿੰਦੇ ਹਨ| ਉਸ ਨੌਜਵਾਨ ਦਾ ਵੀ ਜਿਸਨੂੰ ਭਾਈ ਜੀ ਨੇ ਅੰਮ੍ਰਿਤ ਛਕਣ ਲਈ ਕਿਹਾ ਤਾਂ ਉਸਦਾ ਉੱਤਰ ਸੀ, ‘ਹਾਲੀ ਮੈਨੂੰ ਥਿਆ ਨਹੀਂ ਲੱਗੀ|’
ਵਿਆਹ ਸ਼ਾਦੀ ਦੀਆਂ ਉਨ੍ਹਾਂ ਰਸਮਾਂ ਦਾ ਹਵਾਲਾ ਵੀ ਪੜ੍ਹਨ ਵਾਲਾ ਹੈ ਜਿਨ੍ਹਾਂ ਅਨੁਸਾਰ ਵਿਆਹ ਸ਼ਾਦੀ ਸਮੇਂ ਜੰਜ ਬੰਨ੍ਹਣ ਤੇ ਜੰਜ ਛੁਡਾਉਣ ਦੀ ਕਲਾ ਵੀ ਸੀ ਤੇ ਨਾਨਕਾ ਮੇਲ ਦੇ ਆਉਣ ਨਾਲ ਖੁਸ਼ੀਆਂ ਦਾ ਸੰਗਮ ਵੀ ਜਿਸ ਲਈ ਲੇਖਕ ਨੇ ਦੋ ਦਰਿਆਵਾਂ ਦੇ ਮੇਲ ਦਾ ਚਿੰਨ੍ਹ ਵਰਤਿਆ ਹੈ|
ਜਦੋਂ ਕਿਸੇ ਨੇ ਜ਼ਿਕਰ ਕੀਤਾ ਕਿ ਗਿਆਨੀ ਜੀ ਖੱਬੇ ਹੱਥ ਨਾਲ ਲਿਖਦੇ ਸਨ ਤਾਂ ਉਨ੍ਹਾਂ ਦੇ ਬੇਟੇ ਰੁਪਿੰਦਰ ਸਿੰਘ ਨੇ ਆਪਣੀ ਮਾਤਾ ਜੀ ਦੇ ਹਵਾਲੇ ਨਾਲ ਦੱਸਿਆ ਕਿ ਉਹ ਦੋਵਾਂ ਹੱਥਾਂ ਨਾਲ ਲਿਖ ਲੈਂਦੇ ਸਨ| ਇੱਕ ਹੱਥ ਦੇ ਥੱਕ ਜਾਣ `ਤੇ ਦੂਜਾ ਵਰਤ ਲੈਂਦੇ ਸਨ| ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਇਸ ਮਹਾਰਥੀ ਨਾਲ ਵਿਆਹ ਕਰਾਉਣ ਵਾਲੀ ਇੰਦਰਜੀਤ ਕੌਰ ਵਾਈਸ ਚਾਂਸਲਰ ਦੀ ਪਦਵੀ ਤੱਕ ਪਹੁੰਚੀ|
ਕੁੱਲ ਮਿਲਾ ਕੇ ਗਿਆਨੀ ਗੁਰਦਿੱਤ ਸਿੰਘ ਨੂੰ ਚੇਤੇ ਕਰਨ ਦੀ ਇਹ ਬੈਠਕ ਯਾਦਗਾਰੀ ਹੋ ਨਿੱਬੜੀ| ਪ੍ਰਧਾਨਗੀ ਦੀ ਜਿੰLਮੇਵਾਰੀ ਨਿਭਾ ਰਹੇ ਸੁਰਜੀਤ ਪਾਤਰ ਨੇ ਤਾਂ ਇਹ ਵੀ ਇੱਛਾ ਪ੍ਰਗਟ ਕੀਤੀ ਕਿ ਜੇ ਕੋਈ ਗਿਆਨੀ ਜੀ ਦਾ ਸਾਨੀ ਹੋਵੇ ਤਾਂ ਅਜੋਕੇ ਪਿੰਡਾਂ ਵਿਚ ਆਈ ਵਰਤਮਾਨ ਤਬਦੀਲੀ ਨੂੰ ਆਧਾਰ ਬਣਾ ਕੇ ਪੰਜਾਬੀ ਪਿੰਡ ਦੇ ਅਜੋਕੇ ਚਿਹਰੇ ਮੁਹਰੇ ਦੀ ਗੱਲ ਕਰੇ| ਪਰ ਕਿੱਥੋਂ ਲਿਆਈਏ ਲੱਭ ਕੇ ਗੁਰਦਿੱਤ ਸਿੰਘ ਕੋਈ ਹੋਰ|

ਅੰਤਿਕਾ
—ਮੁਹੰਮਦ ਇਕਬਾਲ—
ਫਿਰ ਉਠੀ ਆਵਾਜ਼ ਤੌਹੀਦ ਕੀ ਪੰਜਾਬ ਸੇ
ਹਿੰਦ ਕੋ ਇੱਕ ਮਰਦ ਏ ਕਾਮਿਲ ਨੇ ਜਗਾਇਆ ਖਵਾਬ ਸੇ।