ਗੁਰੂ ਨਾਨਕ ਬਾਣੀ ਵਿਚ ਮਨੁੱਖੀ ਸਮਾਨਤਾ

ਗੁਰਨਾਮ ਕੌਰ
ਗੁਰੂ ਨਾਨਕ ਸਾਹਿਬ ਵੱਲੋਂ ਦਿੱਤਾ ਜੀਵਨ-ਦਰਸ਼ਨ ਸਰਬ-ਅਲਿੰਗਨਕਾਰੀ ਹੈ ਜੋ ਸਰਬ ਸਮਿਆਂ ਵਾਸਤੇ ਅਤੇ ਸਮੁੱਚੀ ਮਨੁੱਖਤਾ ਲਈ ਹੈ। ਉਨ੍ਹਾਂ ਨੇ ਸਮਾਜਿਕ ਧਰਮ ਸਥਾਪਤ ਕੀਤਾ ਜਿਸ ਦਾ ਆਧਾਰ ਸਤਿ, ਸੰਤੋਖ, ਸੰਜਮ, ਗਿਆਨ, ਸਿਆਣਪ, ਵਿਚਾਰ, ਦਇਆ, ਹਲੀਮੀ, ਨਿਰਭਉ, ਨਿਰਵੈਰ, ਨਿਆਉਂ, ਪਰਉਪਕਾਰ ਆਦਿਕ ਨੈਤਿਕ ਗੁਣਾਂ ਨੂੰ ਬਣਾਇਆ। ਉਨ੍ਹਾਂ ਨੇ ਸਮੁੱਚੀ ਮਾਨਵਤਾ ਵਾਸਤੇ ਪ੍ਰੇਮ, ਅਮਨ, ਸਰਬਤ ਦਾ ਭਲਾ, ਅਧਿਆਤਮਕ ਅਨੁਭਵ ਨੂੰ ਦੂਸਰਿਆਂ ਨਾਲ ਵੰਡਣ, ਮਾਨਵ ਮੁਕਤੀ, ਪਰਮਾਤਮ ਏਕਤਾ ਅਤੇ ਮਨੁੱਖੀ ਏਕਤਾ ਦਾ ਸੁਨੇਹਾ ਬਿਨਾਂ ਕਿਸੇ ਧਰਮ, ਜਾਤ, ਨਸਲ, ਰੰਗ ਅਤੇ ਸੰਪਰਦਾਇਕ ਵਖਰੇਵੇਂ ਦੇ ਦਿੱਤਾ। ਇਸ ਨੂੰ ਧਿਆਨ ਵਿਚ ਰੱਖਦਿਆਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਪ੍ਰਾਪਤ ਸਮਾਨਤਾ ਦੇ ਵਿਭਿੰਨ ਪਾਸਾਰਾਂ ਨੂੰ ਜਾਣਨਾ ਅਤੇ ਸਮਝਣਾ ਲਾਹੇਵੰਦਾ ਹੋਵੇਗਾ।

ਗੁਰੂ ਨਾਨਕ ਸਾਹਿਬ ਨੇ ਇਸ ਸੰਸਾਰ ਨੂੰ ਸਤਿ ਮੰਨਿਆ ਹੈ ਕਿਉਂਕਿ ਇਸ ਦੀ ਰਚਨਾ ਉਸ ਪਰਮਸਤਿ ਨੇ ਆਪਣੇ ਆਪ ਤੋਂ ਕੀਤੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ੴ ਕਿਹਾ ਹੈ “ਆਪਿ ਸਤਿ ਕੀਆ ਸਭ ਸਤਿ॥ ਤਿਸ ਸਤਿ ਤੇ ਸਗਲੀ ਉਤਪਤਿ॥’’। ਉਹ ਪਰਮਸਤਿ ਕੁਦਰਤਿ ਨੂੰ ਰਚ ਕੇ ਆਪ ਇਸ ਵਿਚ ਵਸ ਰਿਹਾ ਹੈ “ਆਪੀਨੈ੍ਹ ਆਪੁ ਸਾਜਿਓ ਆਪੀਨੈ੍ਹ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥’’ ਅਤੇ ਉਸ ੴ ਦੀ ਇਸੇ ਵਿਆਪਕਤਾ ਕਾਰਨ ਮਨੁੱਖ ਨੂੰ ਜਗਦੀਸੈ-ਅੰਸ਼ ਪਰਵਾਨ ਕੀਤਾ ਹੈ।
ਗੁਰੂ ਨਾਨਕ ਸਾਹਿਬ ਦੇ ਆਗਮਨ ਵੇਲੇ ਸਮਾਜ ਦੀ ਜੋ ਹਾਲਤ ਸੀ ਉਸ ਦਾ ਜ਼ਿਕਰ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮਿਲ ਜਾਂਦਾ ਹੈ ਅਤੇ ਭਾਈ ਗੁਰਦਾਸ ਨੇ ਵੀ ਆਪਣੀਆਂ ਵਾਰਾਂ ਵਿਚ ਇਸ ਦਾ ਵਰਣਨ ਕੀਤਾ ਹੈ। ਵਰਣ-ਆਸ਼੍ਰਮ ਧਰਮ ਦਾ ਸਿਧਾਂਤ ਹਿੰਦੂ ਫ਼ਲਸਫ਼ੇ ਦਾ ਕੇਂਦਰੀ ਧੁਰਾ ਹੈ ਜਿਸ ਦੇ ਦੁਆਲੇ ਸਾਰਾ ਸਮਾਜਿਕ ਤਾਣਾ-ਬਾਣਾ ਉਸਰਿਆ ਹੋਇਆ ਹੈ ਅਤੇ ਜਿਸ ਰਾਹੀਂ ਵੈਦਿਕ ਸਮਾਜ ਦੀ ਦਰਜਾਬੰਦੀ ਕੀਤੀ ਗਈ ਸੀ। ਮਨੁੱਖ ਦੇ ਜੀਵਨ ਨੂੰ ਸੌ ਸਾਲ ਦਾ ਤਸੱਵਰ ਕਰ ਕੇ ਇਸ ਨੂੰ ਚਾਰ ਆਸ਼੍ਰਮਾਂ ਬ੍ਰਹਮਚਰਯ, ਗ੍ਰਹਿਸਤ, ਵਾਣਪ੍ਰਸਤ ਅਤੇ ਸੰਨਿਆਸ ਵਿਚ ਵੰਡਿਆ ਹੋਇਆ ਸੀ। ਇਸੇ ਤਰ੍ਹਾਂ ਸਮਾਜ ਨੂੰ ਚਾਰ ਵਰਣਾਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵਿਚ ਵੰਡਿਆ ਹੋਇਆ ਸੀ। ਇਸ ਦੇ ਵਿਸਥਾਰ ਵਿਚ ਨਾ ਜਾਂਦਿਆਂ ਹੋਇਆਂ ਅਸੀਂ ਕਹਿ ਸਕਦੇ ਹਾਂ ਕਿ ਰਿਗ ਵੇਦ ਦੇ ਪੁਰਸ਼ ਸੂਕਤ ਵਿਚ ਉਤਪਤੀ ਦਾ ਸਿਧਾਂਤ; ਮਨੂਸਿਮ੍ਰਤੀ, ਭਾਗਵਤ ਪੁਰਾਣ ਅਤੇ ਭਗਵਤ ਗੀਤਾ ਆਦਿ ਹਿੰਦੂ ਸ਼ਾਸਤਰਾਂ ਵਿਚ ਇਸ ਦਾ ਜ਼ਿਕਰ ਵਿਸਥਾਰ ਵਿਚ ਮਿਲ ਜਾਂਦਾ ਹੈ। ਸਮਾਂ ਬੀਤਣ ਨਾਲ ਕਿੱਤਾ-ਆਧਾਰਤ ਕੀਤੀ ਇਹ ਵਰਣ-ਆਸ਼੍ਰਮ ਵੰਡ ਕੱਟੜ ਜਾਤੀ-ਪ੍ਰਬੰਧ ਵਿਚ ਬਦਲ ਗਈ, ਜਿਸ ਨੇ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਜਿਵੇਂ ਛੂਆ-ਛੁਤ, ਊਚ-ਨੀਚ, ਧਾਰਮਿਕ ਕੱਟੜਤਾ, ਜੋਗੀਆਂ, ਸੰਨਿਆਸੀਆਂ ਆਦਿ ਦੇ ਵਿਹਲੇ ਬੈਠ ਕੇ ਖਾਣ ਵਾਲੇ ਵਰਗਾਂ ਨੂੰ ਜਨਮ ਦਿੱਤਾ।
ਗੁਰੂ ਨਾਨਕ ਸਾਹਿਬ ਨੇ ਜਾਤਿ, ਜਨਮ, ਨਸਲ, ਜਮਾਤ ਅਤੇ ਇਸਤਰੀ-ਪੁਰਸ਼ ਆਦਿ `ਤੇ ਆਧਾਰਤ ਕਿਸੇ ਵੀ ਕਿਸਮ ਦੇ ਵਖਰੇਵੇਂ ਅਤੇ ਅਸਮਾਨਤਾ ਨੂੰ ਨਕਾਰਿਆ ਹੈ। ਉਨ੍ਹਾਂ ਨੇ ਮਨੁੱਖ ਦੀਆਂ ਦੋ ਹੀ ਕੋਟੀਆਂ ਪ੍ਰਵਾਨ ਕੀਤੀਆਂ ਹਨ: ਗੁਰਮੁਖਿ ਅਤੇ ਮਨਮੁਖਿ। ਗੁਰਮੁਖਿ ਜੋ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਸਤਿ, ਸੰਤੋਖ, ਗਿਆਨ, ਦਇਆ, ਧਰਮ, ਹਲੀਮੀ, ਨਿਆਉਂ ਨਿਰਭੈ, ਨਿਰਵੈਰ ਆਦਿ ਗੁਣਾਂ ਨੂੰ ਗ੍ਰਹਿਣ ਕਰਦੇ ਹਨ। ਮਨਮੁਖ ਜੋ ਆਪਣੇ ਮਨ ਦੀਆਂ ਬਿਰਤੀਆਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਅਨੁਸਾਰ ਚੱਲ ਕੇ ਕਰਮ ਕਰਦੇ ਹਨ। ਇਸ ਤੋਂ ਬਿਨਾ ਹੋਰ ਕਿਸੇ ਵੀ ਕਿਸਮ ਦੀ ਮਨੁੱਖੀ ਵੰਡ ਪ੍ਰਵਾਨ ਨਹੀਂ ਕੀਤੀ। ਗੁਰੂ ਨਾਨਕ ਸਾਹਿਬ ਨੇ ਸਾਰੇ ਮਨੁੱਖਾਂ ਦਾ ਸ੍ਰੋਤ ਇਕੋ ਪਰਮਸਤਿ ਨੂੰ ਮੰਨਦਿਆਂ ਸਭ ਵਿਚ ਇਕੋ ਰੱਬੀ ਜੋਤਿ ਦੀ ਵਿਆਪਕਤਾ ਪ੍ਰਵਾਨ ਕੀਤੀ ਹੈ ਜਿਸ ਤੋਂ ਸਾਰੇ ਮਨੁੱਖ ਰੋਸ਼ਨ ਹਨ, “ਸਭਿ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣੁ ਸਭਿ ਮਹਿ ਚਾਨਣੁ ਹੋਇ॥’’ ਇਸੇ ਜੋਤਿ ਦਾ ਅਨੁਭਵ ਮਨੁੱਖ ਨੇ ਆਪਣੇ ਅੰਦਰ ਕਰਨਾ ਹੈ ਅਤੇ ਇਹ ਅਨੁਭਵ ਗੁਰੂ ਦੀ ਸਿੱਖਿਆ `ਤੇ ਚੱਲਣ ਨਾਲ ਹੁੰਦਾ ਹੈ “ਗੁਰ ਸਾਖੀ ਜੋਤਿ ਪਰਗਟ ਹੋਇ॥’’ ਇਸ ਅਨੁਭਵ ਦਾ ਅਧਿਕਾਰ ਬਿਨਾ ਕਿਸੇ ਭਿੰਨ-ਭੇਦ ਦੇ ਹਰ ਇਕ ਮਨੁੱਖ ਨੂੰ ਹੈ ਭਾਵੇਂ ਕੋਈ ਇਸਤਰੀ ਹੈ ਜਾਂ ਪੁਰਸ਼; ਕਿਸੇ ਵੀ ਸਥਾਨ ਅਤੇ ਵਰਗ ਵਿਚ ਪੈਦਾ ਹੋਇਆ ਹੈ। ਇਸ ਲਈ ਅਧਿਆਤਮਕ ਅਨੁਭਵ ਲਈ ਸਾਰੇ ਮਨੁੱਖ ਸਮਾਨ ਹਨ ਅਤੇ ਬਰਾਬਰ ਦੇ ਅਧਿਕਾਰੀ ਹਨ। ਗੁਰੂ ਸਾਹਿਬ ਅਨੁਸਾਰ ਅਜਿਹੇ ਮਨੁੱਖ ਪ੍ਰਧਾਨ ਹੁੰਦੇ ਹਨ ਜਿਹੜੇ ਸਤਿਗੁਰੂ ਦੀ ਦੱਸੀ ਹੋਈ ਸੇਵਾ ਕਰਦੇ ਹਨ ਅਤੇ ਉਨ੍ਹਾਂ ਨੂੰ ਹਰ ਇਕ ਅੰਦਰ ਉਸੇ ਪਰਮਾਤਮ-ਜੋਤਿ ਹੋਣ ਦੀ ਪਛਾਣ ਹੋ ਜਾਂਦੀ ਹੈ, “ਸਤਿਗੁਰੁ ਸੇਵਹਿ ਸੇ ਪਰਧਾਨਾ॥ ਤਿਨ ਘਟ ਘਟ ਅੰਤਰਿ ਬ੍ਰਹਮੁ ਪਛਾਨਾ॥’’ ਗੁਰੂ ਨਾਨਕ ਸਾਹਿਬ ਨੇ ਮਨੁੱਖੀ ਸਮਾਨਤਾ ਦੇ ਸਿਧਾਂਤ ਨੂੰ ਅਨੁਭਵ ਕਰਾਉਣ ਲਈ ਵਾਰ ਵਾਰ ਇਹ ਦ੍ਰਿੜ ਕਰਾਇਆ ਹੈ ਕਿ ਉਸ ਪਰਮਾਤਮਾ ਦੇ ਫ਼ੁਰਮਾਨ ਅਨੁਸਾਰ ਹੀ ਸਾਰੇ ਮਨੁੱਖਾਂ ਅੰਦਰ ਉਹੀ ਇਕੋ ਪਰਮਾਤਮ-ਜੋਤਿ ਵਸ ਰਹੀ ਹੈ, “ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭ ਫੁਰਮਾਈ ਹੇ॥’’
ਗੁਰੂ ਨਾਨਕ ਸਾਹਿਬ ਨੇ ਮਨੁੱਖਾਂ ਵੱਲੋਂ ਵਰਣ-ਧਰਮ ਅਨੁਸਾਰ ਕੀਤੀ ਸ਼੍ਰੇਣੀ ਵੰਡ ਅਤੇ ਊਚ-ਨੀਚ ਦੇ ਵਖਰੇਵੇਂ ਨੂੰ ਨਕਾਰਿਆ ਅਤੇ ਨੀਵੇਂ ਕਹੇ ਜਾਂਦੇ ਲੋਕਾਂ ਦੇ ਨਾਲ ਖੜੇ ਹੋਏ ਅਤੇ ਦੱਸਿਆ ਕਿ ਜਿੱਥੇ ਅਜਿਹੇ ਲੋਕਾਂ ਦੀ ਸੇਵਾ ਅਤੇ ਸੰਭਾਲ ਹੁੰਦੀ ਹੈ ਉਥੇ ਪਰਮਾਤਮਾ ਦੀ ਮਿਹਰ ਹੁੰਦੀ ਹੈ, “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ॥ ਨਾਨਕੁ ਤਿਨ ਕੈ ਸੰਗਿ ਸਾਥ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਬਖਸੀਸ॥’’ ਮਨੁੱਖ ਨੀਵਾਂ ਜਾਤਿ-ਜਨਮ ਕਰਕੇ ਨਹੀਂ ਹੁੰਦਾ, ਨੀਵੀਂਆਂ ਤਾਂ ਅਜਿਹੀਆਂ ਬਿਰਤੀਆਂ ਹੁੰਦੀਆਂ ਹਨ ਜਿਵੇਂ ਲਾਲਚ ਕਰਨਾ, ਝੂਠ ਬੋਲਣਾ, ਠੱਗੀਆਂ ਮਾਰ ਕੇ ਖਾਣਾ, ਪਰਾਈ ਨਿੰਦਾ ਕਰਨੀ, ਕ੍ਰੋਧ ਕਰਨਾ, ਭੋਗ ਵਿਲਾਸ ਅਤੇ ਆਪਣੀ ਉਸਤਤਿ ਆਪ ਕਰਨੀ ਆਦਿ ਜਿਨ੍ਹਾਂ ਦੇ ਵੱਸ ਹੋ ਕੇ ਮਨੁੱਖ ਨੀਚ ਕਿਸਮ ਦੇ ਕੰਮ ਕਰਦਾ ਅਤੇ ਨੀਵਾਂ ਬਣਦਾ ਹੈ “ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧ ਚੰਡਾਲੁ॥ ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ॥’’ ਇਹੀ ਮਨਮੁਖਤਾ ਹੈ ਜੋ ਗੁਰਮਤਿ ਮਾਰਗ ਦੇ ਉਲਟ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਪਰਮਾਤਮਾ ਦੀ ਦਰਗਾਹ ਵਿਚ ਕੋਈ ਜਾਤਿ ਨਹੀਂ ਹੈ, “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ 1॥’’ ਮਨੁੱਖ ਜਿਸ ਕਿਸਮ ਦੇ ਕਰਮ ਕਮਾਉਂਦਾ ਹੈ ਉਸ ਅਨੁਸਾਰ ਗੁਰਮੁਖਿ ਹੈ ਜਾਂ ਮਨਮੁਖਿ ਹੈ, ਜਨਮ ਕਰਕੇ ਹੋਰ ਕੋਈ ਜਾਤ ਨਹੀਂ ਹੈ, “ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥’’
ਵਰਣ-ਵੰਡ ਅਨੁਸਾਰ ਸੇਵਾ ਨੂੰ ਸਭ ਤੋਂ ਨਖਿੱਧ ਕਰਮ ਸਮਝ ਕੇ ਸਭ ਤੋਂ ਹੇਠਲੇ ਵਰਣ ਦਾ ਧਰਮ ਸੇਵਾ ਕਰਨਾ ਮਿੱਥਿਆ ਸੀ ਪ੍ਰੰਤੂ ਗੁਰੂ ਨਾਨਕ ਸਾਹਿਬ ਨੇ ਇਸ ਦੇ ਉਲਟ ਸੇਵਾ ਅਤੇ ਸੰਤੋਖ ਨੂੰ ਸਿਧਾਂਤਕ ਅਤੇ ਅਮਲੀ ਤੌਰ `ਤੇ ਸਿੱਖ ਧਰਮ ਦਾ ਅਨਿੱਖੜ ਅੰਗ ਬਣਾਇਆ। ਉਦਾਹਰਣ ਲਈ ਜੋਗੀ ਨੂੰ ਉਸ ਦੇ ਧਾਰਮਿਕ ਚਿੰਨਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਗੁਰੂ ਦੀ ਦੱਸੀ ਹੋਈ ਸੇਵਾ ਵਿਚ ਆਪਣੀ ਸੁਰਤਿ ਨੂੰ ਜੋੜ ਕੇ ਰੱਖਣਾ ਹੀ ਪਿੰਡੇ `ਤੇ ਬਿਭੂਤ ਮਲਣਾ ਹੈ, “ਸੇਵਾ ਸੁਰਤਿ ਬਿਭੂਤ ਚੜਾਵੈ॥’’ ਗੁਰੂ ਨਾਨਕ ਅਨੁਸਾਰ ਸੰਤੋਖੀ ਮਨੁੱਖ ਸਦਾ ਉਸ ਇਕ ਸਦੀਵੀ ਪਰਮਾਤਮਾ ਦਾ ਸਿਮਰਨ ਕਰਦੇ ਹਨ, ਸੇਵਾ ਵੀ ਉਹੀ ਕਰਦੇ ਹਨ। ਉਹ ਹਮੇਸ਼ਾਂ ਭਲੇ ਕੰਮ ਕਰਦੇ ਹਨ, ਮੰਦੇ ਕੰਮਾਂ ਦੇ ਨੇੜੇ ਨਹੀ ਜਾਂਦੇ ਅਤੇ ਸੁੱਚੀ ਕਿਰਤ ਕਰਕੇ ਆਪਣਾ ਧਰਮ ਕਮਾਉਂਦੇ ਅਤੇ ਜੀਵਨ ਨਿਰਬਾਹ ਕਰਦੇ ਹਨ, “ਸੇਵ ਕੀਤੀ ਸੰਤੋਖੀਈ ਜਿਨ੍ਹੀ ਸਚੋ ਸਚੁ ਧਿਆਇਆ॥ ਓਨ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥’’
ਕਿਸੇ ਵੀ ਸਮਾਜ ਦੀ ਸਭਿਅਤਾ ਦਾ ਵਿਕਾਸ ਅਤੇ ਸਭਿਆਚਾਰਕ ਉੱਨਤੀ ਦਾ ਅੰਦਾਜ਼ਾ ਉਸ ਸਮਾਜ ਵਿਚ ਇਸਤਰੀ ਨੂੰ ਪੁਰਸ਼ ਦੇ ਰਿਸ਼ਤੇ ਵਿਚ ਪ੍ਰਾਪਤ ਸਥਾਨ ਤੋਂ ਲਾਇਆ ਜਾਂਦਾ ਹੈ। ਸਭਿਆਚਰਕ ਕੀਮਤਾਂ ਨੂੰ ਪਾਲਣ ਅਤੇ ਸੰਭਾਲਣ ਵਿਚ ਇਸਤਰੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਅਸਮਾਨਤਾ ਦਾ ਦੂਸਰਾ ਪੱਖ ਹੈ ਮਨੁੱਖਾਂ ਵਿਚ ਇਸਤਰੀ ਜਾਂ ਪੁਰਸ਼ ਹੋਣ ਦੇ ਨਾਤੇ ਵਖਰੇਵਾਂ ਕਰਨਾ ਅਤੇ ਬਰਾਬਰ ਦੇ ਪੱਧਰ ‘ਤੇ ਵਰਤਾਓ ਨਾ ਹੋਣਾ; ਇਸਤਰੀ ਹੋਣ ਦੇ ਨਾਤੇ ਉਨ੍ਹਾਂ ਅਧਿਕਾਰਾਂ ਤੋਂ ਵਾਂਝਿਆ ਰੱਖਿਆ ਜਾਣਾ ਜੋ ਪੁਰਸ਼ ਨੂੰ ਪ੍ਰਾਪਤ ਹੁੰਦੇ ਹਨ, ਸਮਾਜਿਕ ਅਤੇ ਅਧਿਆਤਮਕ ਪੱਖੋਂ ਉਸ ਨੂੰ ਪੁਰਸ਼ ਤੋਂ ਨੀਵਾਂ ਅਤੇ ਤੁੱਛ ਸਮਝਿਆ ਜਾਣਾ। ਕਿਸੇ ਵੀ ਧਰਮ-ਚਿੰਤਨ ਵਿਚ ਪ੍ਰਾਪਤ ਉਸ ਦਾ ਕੀਮਤ-ਪ੍ਰਬੰਧ ਇਸਤਰੀ ਦੇ ਸਥਾਨ ਅਤੇ ਰੁਤਬੇ `ਤੇ ਸਭ ਤੋਂ ਵੱਧ ਅਸਰਪਾਊ ਹੁੰਦਾ ਹੈ ਜਿਸ `ਤੇ ਉਹ ਸਮਾਜ ਚੱਲਦਾ ਅਤੇ ਪਾਲਣ ਕਰਦਾ ਹੈ; ਉਸ ਨੂੰ ਸਮਾਜ ਵਿਚ ਕਿਹੋ ਜਿਹਾ ਰੋਲ ਨਿਭਾ ਸਕਣ ਦੀ ਆਗਿਆ ਹੈ। ਇਸ ਦੇ ਨਾਲ ਹੀ ਉਸ ਸਮਾਜ ਦੇ ਸੰਦਰਭ ਵਿਚ ਇਸਤਰੀ ਦੀ ਅਧਿਆਤਮਕ ਅਤੇ ਨੈਤਿਕ ਸ਼ਕਤੀ ਦੀ ਉਸ ਦੀ ਆਪਣੀ ਚੇਤਨਾ ਵੀ ਪ੍ਰਸੰਗਕ ਹੈ।
ਲੰਬੇ ਸਮੇਂ ਤੱਕ ਸੰਸਾਰ ਪੱਧਰ `ਤੇ ਹੀ ਅਤੇ ਭਾਰਤੀ ਸਮਾਜ ਵਿਚ ਇਸਤਰੀ ਦੀ ਹਾਲਤ ਨੀਵੇਂ ਦਰਜੇ ਦੀ ਹੀ ਰਹੀ ਹੈ ਭਾਵੇਂ ਵੇਦਾਂ ਅਤੇ ਉਪਨਿਸ਼ਦਾਂ ਵਿਚ ਗਾਰਗੀ ਅਤੇ ਮੈਤ੍ਰੀ ਵਰਗੀਆਂ ਇਸਤਰੀ ਰਿਸ਼ੀ ਵੀ ਹੋਈਆਂ ਹਨ। ਪ੍ਰੰਤੂ ਸਮੇਂ ਦੇ ਬੀਤਣ ਨਾਲ ਉਸ ਦੀ ਸਮਾਜਿਕ ਹਾਲਤ ਅਤੇ ਰੁਤਬਾ ਬਹੁਤ ਕਮਜ਼ੋਰ ਹੋ ਗਏ। ਮਨੂਸਿਮ੍ਰਤੀ ਵਿਚ ਇਸਤਰੀ ਲਈ ਆਦੇਸ਼ ਕੀਤਾ ਹੈ ਕਿ “ਬਚਪਨ ਵਿਚ ਉਹ ਪਿਤਾ ਦੇ ਅਧੀਨ ਰਹੇ, ਵਿਆਹ ਉਪਰੰਤ ਪਤੀ ਦੇ ਅਤੇ ਪਤੀ ਦੀ ਮੌਤ ਤੋਂ ਬਾਅਦ ਬੁਢਾਪੇ ਵਿਚ ਪੁੱਤਰ ਦੇ ਅਧੀਨ ਰਹੇ।’’ ਉਸ ਤੋਂ ਇਹ ਤਵੱਕੋ ਕੀਤੀ ਜਾਂਦੀ ਸੀ ਕਿ ਪਤੀ ਦੀ ਮੌਤ `ਤੇ ਉਹ ਪਤੀ ਦੀ ਚਿਖਾ `ਤੇ ਜਲ ਕੇ ਮਰ ਜਾਵੇ। ਮਨੂਸਿਮ੍ਰਤੀ ਵਿਚ ਇਸਤਰੀ `ਤੇ ਬੰਦਸ਼ਾਂ ਲਾਉਣ ਲਈ ਹੋਰ ਵੀ ਬਹੁਤ ਸਾਰੇ ਨੇਮ ਬਣਾਏ ਗਏ। ਇੱਥੋਂ ਤੱਕ ਕਿਹਾ ਗਿਆ ਹੈ ਕਿ ਪਸ਼ੂ, ਸ਼ੂਦਰ ਅਤੇ ਇਸਤਰੀ ਤਿੰਨੋਂ ਤਾੜਨ ਦੇ ਅਧਿਕਾਰੀ ਹਨ। ਵੈਸ਼ਨਵ ਅਤੇ ਸ਼ੈਵ ਮੱਤ ਦੇ ਜੋਗੀਆਂ ਵਿਚ ਇਸਤਰੀ ਨੂੰ ਪੁਰਸ਼ ਦੀਆਂ ਅਧਿਆਤਮਕ ਪ੍ਰਾਪਤੀਆਂ ਦੇ ਰਾਹ ਦਾ ਰੋੜਾ ਸਮਝਦੇ ਹੋਏ ਬਾਘਣੀ ਤੱਕ ਕਿਹਾ ਗਿਆ ਹੈ। ਇਸਤਰੀ ਨੂੰ ਪੜਦੇ ਵਿਚ ਰੱਖਣ ਅਤੇ ਬਾਲ-ਵਿਆਹ ਆਦਿ ਦੀਆਂ ਰਸਮਾਂ ਅਜਿਹੀ ਮਾਨਸਿਕਤਾ ਵਿਚੋਂ ਹੀ ਪੈਦਾ ਹੋਈਆਂ।
ਗੁਰੂ ਨਾਨਕ ਬਾਣੀ ਅਨੁਸਾਰ ਸਾਰੇ ਜੀਵਾਂ ਦਾ ਮੂਲ ਸ੍ਰੋਤ ਇਕੋ ਪਰਮਸਤਿ ਹੋਣ ਦੇ ਨਾਤੇ ਇਸਤਰੀ ਨੂੰ ਸਮਾਜਿਕ, ਅਧਿਆਤਮਕ ਅਤੇ ਧਾਰਮਿਕਤਾ ਦੇ ਹੱਕ ਪੁਰਸ਼ ਦੇ ਬਰਾਬਰ ਹਨ। ਗੁਰੂ ਨਾਨਕ ਸਾਹਿਬ ਨੇ ਅਧਿਆਤਮਕਤਾ ਅਤੇ ਧਰਮ ਨੂੰ ਏਕਾਂਤਵਾਸ, ਤਿਆਗ, ਜੋਗ ਅਤੇ ਸੰਨਿਆਸ ਨਾਲੋਂ ਤੋੜ ਕੇ ਸਮਾਜਿਕਤਾ ਅਤੇ ਗ੍ਰਹਿਸਤਿ ਨਾਲ ਜੋੜਿਆ ਜਿਸ ਵਿਚ ਇਸਤਰੀ ਬਰਾਬਰ ਦੀ ਭਾਈਵਾਲ ਹੈ। ਜੋਗੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਪਰਮਾਤਮਾ ਨਾਲ ਮੇਲ ਇਸ ਸੰਸਾਰ ਵਿਚ ਰਹਿੰਦਿਆਂ ਹੋਇਆਂ, ਇਸ ਦੇ ਵਿਕਾਰਾਂ ਤੋਂ ਨਿਰਲੇਪ ਰਹਿਣ ਨਾਲ ਹੀ ਹੋ ਸਕਦਾ ਹੈ, “ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ॥’’ ਸਪੱਸ਼ਟ ਕੀਤਾ ਹੈ ਕਿ ਆਪਣੇ ਮਨ ਦੇ ਪਿੱਛੇ ਲੱਗ ਕੇ ਪਹਿਲਾਂ ਘਰ ਤਿਆਗ ਦੇਣਾ ਅਤੇ ਫਿਰ ਰੋਟੀ ਲਈ ਦੂਸਰਿਆਂ ਦੇ ਘਰ ਵੱਲ ਤੱਕਣਾ, ਗ੍ਰਹਿਸਤਿ ਨਿਭਾਉਣ ਦਾ ਫ਼ਰਜ਼ ਛੱਡ ਦੇਣ ਨਾਲ ਨਾ ਹੀ ਰੱਬ ਮਿਲਦਾ ਹੈ ਅਤੇ ਨਾ ਹੀ ਤ੍ਰਿਸ਼ਨਾ ਮੁੱਕਦੀ ਹੈ, ਮਨੁੱਖ ਦੁਰਮਤਿ ਦੀ ਘੁੰਮਣ-ਘੇਰੀ ਵਿਚ ਫਸਿਆ ਰਹਿੰਦਾ ਹੈ, “ਮਨਮੁਖੁ ਲਹਿਰ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ॥ ਗ੍ਰਿਹ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੁਮਨ ਘੇਰੈ॥’’ ਅਤੇ “ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ॥ ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ॥’’ ਇਸ ਤਰ੍ਹਾਂ ਗ੍ਰਹਿਸਤਿ ਦਾ ਤਿਆਗ ਕਰਨ ਵਾਲੇ ਜੋਗੀ ਛੇ ਭੇਖਾਂ ਵਿਚ ਰੁੱਝੇ ਹੋਏ ਨਾ ਗ੍ਰਿਹਸਤੀ ਰਹਿੰਦੇ ਹਨ ਨਾ ਵਿਰਕਤ। ਨਿਰੰਕਾਰ ਵਿਚ ਜੁੜਿਆ ਹੋਇਆ ਮਨੁੱਖ ਕਿਸੇ ਦੇ ਘਰ ਭੀਖ ਮੰਗਣ ਕਿਉਂ ਜਾਂਦਾ ਹੈ, “ਛਿਅ ਵਰਤਾਰੇ ਵਰਤਹਿ ਪੂਤ॥ ਨਾ ਸੰਸਾਰੀ ਨਾ ਅਉਧੂਤ॥ ਨਿਰੰਕਾਰਿ ਜੋ ਰਹੈ ਸਮਾਇ॥ ਕਾਹੇ ਭੀਖਿਆ ਮੰਗਣਿ ਜਾਇ॥’’ ਮਨੁੱਖ ਅਤੇ ਸਮਾਜ ਵਿਚ ਸੰਤੁਲਨ ਕਾਇਮ ਗ੍ਰਿਹਸਤਿ ਵਿਚ ਰਹਿ ਕੇ ਹੀ ਹੋ ਸਕਦਾ ਹੈ।
ਇਸਤਰੀ ਦੀ ਨਿੰਦਿਆ ਕਰਨ ਵਾਲਿਆਂ ਨੂੰ ਗੁਰੂ ਨਾਨਕ ਨੇ ਸਪੱਸ਼ਟ ਕੀਤਾ ਹੈ ਕਿ ਇਸਤਰੀ ਤੋਂ ਹੀ ਸਮਾਜ ਘੜਿਆ ਜਾਂਦਾ ਹੈ। ਭੰਡਿ ਸਾਂਚੇ ਨੂੰ ਕਹਿੰਦੇ ਹਨ ਜਿਸ ਵਿਚ ਪਾ ਕੇ ਕਿਸੇ ਬਰਤਨ ਜਾਂ ਵਸਤੂ ਨੂੰ ਆਕਾਰ ਦਿੱਤਾ ਜਾਂਦਾ ਹੈ। ਇਸਤਰੀ ਤੋਂ ਜਨਮ ਲੈ ਕੇ ਹਰ ਕੋਈ ਸੰਸਾਰ `ਤੇ ਆਉਂਦਾ ਹੈ। ਇਸਤਰੀ ਨਾਲ ਵਿਆਹ ਕਰ ਕੇ ਵੰਸ਼ ਅਤੇ ਵਿਰਾਸਤ ਅੱਗੇ ਤੋਰੀ ਜਾਂਦੀ ਹੈ। ਹਰ ਤਰ੍ਹਾਂ ਦੇ ਸਮਾਜਿਕ ਰਿਸ਼ਤਿਆਂ ਦਾ ਧੁਰਾ ਇਸਤਰੀ ਹੀ ਹੈ। ਵੱਡੇ ਤੋਂ ਵੱਡੇ, ਮਹਾਨ ਤੋਂ ਮਹਾਨ ਪੁਰਸ਼ ਭੀ ਇਸਤਰੀ ਤੋਂ ਹੀ ਜਨਮ ਲੈਂਦੇ ਹਨ। ਇਕ ਪਰਮਾਤਮਾ ਹੀ ਹੈ ਜੋ ਆਪਣੇ ਆਪ ਤੋਂ ਹੈ। ਇਸ ਲਈ ਇਸਤਰੀ ਨੂੰ ਨਿੰਦਿਆ ਕਿਵੇਂ ਜਾ ਸਕਦਾ ਹੈ, “ਭੰਡੁ ਮੁਆ ਭੰਡੁ ਭਾਲੀਐ ਭੰਡੁ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜਮਹਿ ਰਾਜਾਨ॥’’ ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਨਾਲ ਸੰਵਾਦ ਰਚਾਉਂਦਿਆਂ ਉਸ ਨੂੰ ਪਿਤਾ, ਪਤੀ, ਪ੍ਰੀਤਮ, ਸਹੁ, ਲਾਲ ਅਤੇ ਸਖਾ ਕਰ ਕੇ ਸੰਬੋਧਨ ਕੀਤਾ ਹੈ ਅਤੇ ਆਪਣੇ ਆਪ ਨੂੰ ਧਨ ਅਰਥਾਤ ਇਸਤਰੀ। ਸਤਿਸੰਗੀਆਂ ਲਈ ਭੈਣੇ, ਸਹੇਲੀਉ ਆਦਿ ਸ਼ਬਦ ਵਰਤੇ ਹਨ “ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ॥ ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ”(ਪੰ.17) ਅਤੇ ਗੁਰਮੁਖਿ ਲਈ ਗੁਣਵੰਤੀ ਅਤੇ ਸੁਚਜੀ; ਮਨਮੁਖ ਲਈ ਔਗੁਣਵੰਤੀ ਅਤੇ ਕੁਚੱਜੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਇਸਤਰੀ ਨੂੰ ਕੇਵਲ ਬਰਾਬਰ ਹੀ ਨਹੀਂ, ਬਹੁਤ ਹੀ ਸਤਿਕਾਰਯੋਗ ਸਥਾਨ ਦਿੱਤਾ ਹੈ।
ਸਿਹਤਮੰਦ ਭਾਈਚਾਰਕ ਉਸਾਰੀ ਅਤੇ ਸਮਾਜਿਕ ਸੰਤੁਲਨ ਲਈ ਸਿਰਫ ਸਮਾਜਿਕ, ਧਾਰਮਿਕ ਜਾਂ ਲਿੰਗਕ ਸਮਾਨਤਾ ਦਾ ਹੋਣਾ ਹੀ ਕਾਫੀ ਨਹੀਂ ਹੈ ਬਲਕਿ ਆਰਥਿਕ ਸਮਾਨਤਾ ਜਾਂ ਬਰਾਬਰੀ ਵੀ ਨਿਹਾਇਤ ਜ਼ਰੂਰੀ ਹੈ। ਇਸ ਲਈ ਗੁਰੂ ਨਾਨਕ ਸਾਹਿਬ ਨੇ ਧਰਮ ਅਤੇ ਅਧਿਆਤਮਕਤਾ ਨੂੰ ਕਿਰਤ ਕਰਨ ਅਤੇ ਦੂਸਰਿਆਂ ਨਾਲ ਵੰਡ ਕੇ ਛਕਣ ਨਾਲ ਜੋੜਿਆ। ਕਿਸੇ ਦੂਸਰੇ ਦਾ ਹੱਕ ਖੋਹਣ ਨੂੰ ਧਾਰਮਿਕ ਅਹਿਦ ਤੋੜਨ ਦੇ ਬਰਾਬਰ ਮੰਨਿਆ, “ਹਕੁ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ॥ ਗੁਰੁ ਪੀਰ ਹਾਮਾ ਤਾ ਭਰੇ ਜਾ ਮੁਰਦਾਰ ਨ ਖਾਇ॥’’ ਅਸੀਂ ਪਿੱਛੇ ਚਰਚਾ ਕਰ ਆਏ ਹਾਂ ਕਿ ਉਨ੍ਹਾਂ ਨੇ ਜੋਗੀਆਂ, ਸੰਨਿਆਸੀਆਂ ਜਾਂ ਧਰਮ ਦੇ ਨਾਮ `ਤੇ ਗ੍ਰਿਹਸਤਿ ਦਾ ਤਿਆਗ ਕਰ ਕੇ ਫਿਰ ਲੋਕਾਂ ਦੇ ਘਰਾਂ ਤੋਂ ਮੰਗ ਕੇ ਖਾਣ ਵਾਲਿਆਂ ਦੇ ਰਸਤੇ ਨੂੰ ਨਿੰਦਿਆ ਹੈ। ਇਸ ਤਰ੍ਹਾਂ ਮਨੁੱਖ ਸੰਸਾਰਕਤਾ ਅਤੇ ਅਧਿਆਤਮਕਤਾ ਦੋਵਾਂ ਤੋਂ ਹੀ ਵਾਂਝਿਆਂ ਰਹਿ ਜਾਂਦਾ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਹੱਥੀਂ ਕਿਰਤ ਕਰ ਕੇ ਅਤੇ ਲੋੜਵੰਦਾਂ ਨਾਲ ਵੰਡ ਕੇ ਖਾਣ ਵਾਲਾ ਵਿਅਕਤੀ ਹੀ ਧਰਮ ਦੇ ਰਸਤੇ ਦੀ ਸਹੀ ਪਛਾਣ ਕਰ ਸਕਦਾ ਹੈ। ਇਕ ਪਾਸੇ ਗੁਰੂ ਨਾਨਕ ਪੜ੍ਹਿਆਂ, ਅਕਲਵਾਨਾਂ, ਮੁਲਾਣਿਆਂ ਅਤੇ ਪੰਡਿਤਾਂ ਦੇ ਜੀਵਨ ਦੀ ਨਜ਼ਰਸਾਨੀ ਕਰਦੇ ਹਨ, ਜਿਹੜੇ ਪੈਸਿਆਂ ਦੀ ਖਾਤਰ ਲੋਕਾਂ ਨੂੰ ਧਾਗੇ-ਤਵੀਤ ਅਤੇ ਜੰਤਰ-ਮੰਤਰ ਲਿਖ ਕੇ ਦਿੰਦੇ ਹਨ, “ਧ੍ਰਿਗ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ। ਖੇਤੀ ਜਿਨਕੀ ਉਜੜੀ ਖਲਵਾੜੇ ਕਿਆ ਥਾਉ॥’’ ਇਸ ਦੇ ਨਾਲ ਹੀ ਬਿਨਾ ਕਿਰਤ ਕਮਾਈ ਕਰ ਕੇ ਖਾਣ ਦੀ ਥਾਂ ਧਾਰਮਿਕ ਕਹਾਉਣ ਵਾਲੇ ਜਿਹੜੇ ਮਨੁੱਖ ਧਰਮ ਦਾ ਸਹਾਰਾ ਲੈ ਕੇ ਆਪਣੀ ਰੋਟੀ ਦਾ ਪ੍ਰਬੰਧ ਕਰਦੇ ਹਨ, ਅਜਿਹੇ ਮਨੁੱਖਾਂ ਨੂੰ ਧਾਰਮਿਕ ਆਗੂ ਮੰਨਣ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਨੂੰ ਵੀ ਮੂਰਖ ਕਿਹਾ ਹੈ ਕਿਉਂਕਿ ਉਨ੍ਹਾਂ ਨੂੰ ਸਹੀ ਰਸਤੇ ਦੀ ਪਛਾਣ ਨਹੀਂ ਹੈ, “ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁੱਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥ ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥’’ ਗੁਰੂ ਨਾਨਕ ਨੇ ਆਮ ਲੋਕਾਈ ਨੂੰ ਵੀ ਅਜਿਹੇ ਧਾਰਮਿਕ ਆਗੂਆਂ ਦੇ ਮਗਰ ਲੱਗਣ ਤੋਂ ਸੁਚੇਤ ਕੀਤਾ ਹੈ। ਬਹੁਤੀ ਮਾਇਆ ਇਕੱਠੀ ਕਰਨ ਲਈ ਮਨੁੱਖ ਗ਼ਲਤ ਕੰਮ ਕਰਦਾ ਹੈ ਅਤੇ ਖੁਆਰ ਵੀ ਹੁੰਦਾ ਹੈ। ਇਸ ਤੋਂ ਸੁਚੇਤ ਕੀਤਾ ਹੈ “ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥ ਪਾਪਾ ਬਾਝਹੁ ਆਵੈ ਨਾਹੀ ਮੁਇਆ ਸਾਥਿ ਨ ਜਾਈ॥’’
ਗੁਰੂ ਨਾਨਕ ਸਾਹਿਬ ਨੇ ਤਾਕਤਵਰ ਵਜੋਂ ਕਮਜ਼ੋਰ ਨੂੰ ਦਬਾ ਕੇ ਰੱਖਣ ਜਾਂ ਤਾਕਤ ਦੇ ਜ਼ੋਰ ਕਿਸੇ ਦੂਸਰੇ ਮੁਲਕ `ਤੇ ਹਮਲਾ ਕਰਨ ਨੂੰ ਵੀ ਨਿੰਦਿਆ ਹੈ। ਗੁਰੂ ਨਾਨਕ ਸਾਹਿਬ ਨੇ ਜੇ ਬਾਬਰ ਨੂੰ “ਪਾਪੁ ਕੀ ਜੰਞ ਲੈ ਕਬਲਹੁ ਧਾਇਆ” ਕਿਹਾ ਤਾਂ ਨਾਲ ਹੀ “ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ” `ਤੇ ਵੀ ਜ਼ੋਰ ਦਿੱਤਾ ਹੈ ਅਤੇ ਉਸ ਤਬਾਹੀ ਵੱਲ ਇਸ਼ਾਰਾ ਕੀਤਾ ਹੈ “ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ”। ਅੱਜ ਜ਼ੋਰਾਵਰ ਅਤੇ ਕਮਜ਼ੋਰ ਦੇ ਅਸੰਤੁਲਨ ਕਰਕੇ ਇਹੀ ਕੁੱਝ ਯੂਕਰੇਨ ਅਤੇ ਫ਼ਲਸਤੀਨ ਦੇ ਅਵਾਮ ਨਾਲ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਬਰਾਬਰੀ ਦੇ ਵਿਭਿੰਨ ਪੱਖਾਂ ਨੂੰ ਸੰਬੋਧਿਤ ਹੋਏ ਹਨ ਅਤੇ ਇਨ੍ਹਾਂ ਸਾਰੇ ਪੱਖਾਂ ਦੀ ਸੋਚ ਨੂੰ ਅਪਣਾ ਕੇ ਸਮਾਜ ਅਤੇ ਸੰਸਾਰ ਵਿਚ ਸੰਤੁਲਨ ਅਤੇ ਬਰਾਬਰੀ ਲਿਆਉਣ ਦੇ ਯਤਨ ਕੀਤੇ ਜਾ ਸਕਦੇ ਹਨ। ਇਹ ਸੰਕਲਪ ਸਿਰਫ਼ ਸਿਧਾਂਤ ਦਾ ਹਿੱਸਾ ਹੀ ਨਹੀਂ ਹਨ ਇਨ੍ਹਾਂ ਨੂੰ ਅਮਲ ਵਿਚ ਲਿਆਉਣ ਲਈ ਸਾਰੇ ਗੁਰੂ ਸਾਹਿਬਾਨ ਵੱਲੋਂ ਸਮੇਂ ਸਮੇਂ ਵੱਖ ਵੱਖ ਸੰਸਥਾਵਾਂ ਜਿਵੇਂ ਸੰਗਤਿ ਅਤੇ ਪੰਗਤਿ, ਖਾਲਸੇ ਦੀ ਸਿਰਜਣਾ ਆਦਿ ਸਥਾਪਤ ਕੀਤੀਆਂ ਗਈਆਂ ਅਤੇ ਇਸ ਦੇ ਨਾਲ ਹੀ ਕਿਰਤ ਕਰਨ, ਵੰਡ ਕੇ ਛਕਣ ਅਤੇ ਨਾਮ ਜਪਣ ਦਾ ਸਿਧਾਂਤ ਦ੍ਰਿੜ ਕਰਾਇਆ। ਗੁਰੂ ਨਾਨਕ ਸਾਹਿਬ ਨੇ ਆਪ ਉਦਾਸੀਆਂ ਤੋਂ ਬਾਅਦ ਆਪਣੇ ਜੀਵਨ ਦੇ ਪਿਛਲੇ ਕਰੀਬ 18 ਵਰੇ੍ਹ ਕਰਤਾਰਪੁਰ ਵਿਖੇ ਖੇਤੀ ਕਰਦਿਆਂ ਗੁਜ਼ਾਰੇ ਅਤੇ ਅਮਲੀ ਰੂਪ ਵਿਚ ਦੱਸਿਆ ਕਿ ਕਿਸ ਤਰ੍ਹਾਂ ਅਧਿਆਤਮਕਤਾ ਨੂੰ ਕਿਰਤ ਅਤੇ ਵੰਡ ਕੇ ਛਕਣ ਨਾਲ ਜੋੜ ਕੇ, ਹਰ ਇਕ ਨੂੰ ਬਰਾਬਰੀ ਦਾ ਅਹਿਸਾਸ ਕਰਾ ਕੇ ਸਮਾਜ ਵਿਚ ਸੰਤੁਲਨ ਲਿਆਂਦਾ ਜਾ ਸਕਦਾ ਹੈ। ਭਾਈ ਗੁਰਦਾਸ ਨੇ ਇਸ ਨੂੰ ‘ਨਾਨਕ ਨਿਰਮਲ ਪੰਥ ਚਲਾਇਆ” ਕਿਹਾ ਹੈ ਜਿਸ ਦਾ ਨਤੀਜਾ “ਚਾਰੇ ਪੈਰ ਧਰੱਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਇਆ। ਰਾਣਾ ਰੰਕੁ ਬਰਾਬਰੀ ਪੈਰੀ ਪਾਵਣਾ ਜਗਿ ਵਰਤਾਇਆ” ਵਿਚ ਨਿਕਲਦਾ ਹੈ।