ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।

ਸਤਿਗੁਰੂ ਨਾਨਕ ਪਾਤਸ਼ਾਹ ਨੇ ਸਗਲ ਮਨੁੱਖਤਾ ਨੂੰ ਅਦੁੱਤੀ ਦੇਣ ਦਿੱਤੀ ਹੈ। ਉਨ੍ਹਾਂ ਨੇ ਮਨੁੱਖਤਾ ਨੂੰ ਨਵਾਂ ਆਤਮਿਕ ਗਿਆਨ (ਫਿਲਾਸਫੀ), ਨਵਾਂ ਧਰਮ, ਨਵਾਂ ਮਨੋਵਿਗਿਆਨ, ਨਵਾਂ ਸਮਾਜ ਸ਼ਾਸਤਰ ਤੇ ਨਵੇਂ ਰਾਜ ਦੀ ਰੂਪਰੇਖਾ ਦੱਸੀ ਹੈ। ਗੁਰੂ ਸਾਹਿਬ ਨੇ ਪੁਰਾਣੇ (ਮਨਮੁਖਿ) ਮਨੁੱਖ ਨੂੰ ਬਦਲ ਕੇ ਇਕ ਅਸਲੋਂ ਨਵਾਂ (ਗੁਰਮੁਖਿ) ਮਨੁੱਖ ਸਿਰਜਿਆ ਹੈ, ਜਿਹੜਾ ਨਵੇਂ ਆਤਮਿਕ ਗਿਆਨ ਨਾਲ ਲੈਸ ਹੋ ਕੇ ਨਵੇਂ ਧਰਮ, ਨਵੇਂ ਮਨੋ-ਵਿਗਿਆਨ, ਨਵੇਂ ਸਮਾਜ ਸ਼ਾਸਤਰ ਤੇ ਹਲੇਮੀ ਰਾਜ ਦਾ ਪੈਰੋਕਾਰ ਹੈ।

ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮਹਾਂਵਾਕ ਹੈ —
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥
ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥ (ਪੰਨਾ 651)
ਕੁਦਰਤ ਦੀ ਅਨਮੋਲ ਦਾਤ ਤੁਹਾਡੇ ਆਪਣੇ ਸਰੀਰ ਅੰਦਰਲੇ ਤੁਹਾਡੇ ਮਨ ਨੂੰ ਜਨਮਾਂ-ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ ਤੇ ਇਹ ਕਾਲਾ ਸਿਆਹ ਹੋਇਆ ਪਿਆ ਹੈ। ਜਿਵੇਂ ਕੋਹਲੂ ਨੂੰ ਸਾਫ ਕਰਨ ਵਾਲਾ ਕੱਪੜਾ ਸੌ ਵਾਰ ਧੋਤਿਆਂ ਵੀ ਸਾਫ ਨਹੀਂ ਹੁੰਦਾ, ਇਸੇ ਤਰ੍ਹਾਂ ਇਸ ਮਨ ਦੀ ਹਾਲਤ ਹੈ। ਪਹਿਲਾ ਨੁਕਤਾ ਇਹ ਮੈਲ ਕਾਹਦੀ ਹੈ ਅਤੇ ਦੂਜਾ ਨੁਕਤਾ ਇਹ ਮੈਲ ਸਾਫ ਕਿਵੇਂ ਹੋਵੇ?
1. ਮਨ ਨੂੰ ਲੱਗੀ ਇਹ ਮੈਲ ਬ੍ਰਾਹਮਣੀ ਭਰਮਜਾਲ ਤੇ ਕਰਮਕਾਂਡ ਦੀ ਹੈ, ਜਿਹੜੀ ਗੁਰਮਤਿ ਨਾਲ ਧੋਤਿਆਂ ਹੀ ਸਾਫ ਹੋ ਸਕਦੀ ਹੈ। ਬ੍ਰਾਹਮਣਵਾਦ ਨੇ ਆਪਣੇ ਧਾਰਮਿਕ ਭਰਮਜਾਲ ਤੇ ਕਰਮਕਾਂਡ ਨੂੰ ਸੱਚ ਸਾਬਤ ਕਰਨ ਲਈ ਬ੍ਰਹਮਾ, ਵਿਸ਼ਨੂੰ, (ਮਹੇਸ਼) ਸ਼ਿਵ ਜੀ ਦੇ ਜਿਹੜੇ ਕਲਪਿਤ ਮਨੂੰਵਾਦੀ ਮਿੱਥ ਘੜੇ ਸਨ, ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਮਿੱਥਾਂ ਦੀ ਕਰਤਾਰੀ ਹੋਂਦ ਦਾ ਪੂਰਨ ਰੂਪ ਵਿਚ ਖੰਡਨ ਕੀਤਾ। ਗੁਰੂ ਨਾਨਕ ਸਾਹਿਬ ਇਸ ਅੰਤਹੀਣ ਅਤੇ ਸਦੀਵੀ ਰਹਿਣ ਵਾਲੇ ਦ੍ਰਿਸ਼ਟ-ਅਦ੍ਰਿਸ਼ਟ ‘ਏਕੋ’ (ਬ੍ਰਹਮ) ਦੀ ਕਰਤਾਰੀ ਹੋਂਦ ਵਜੋਂ ਪਛਾਣ ਕਰਵਾਉਂਦੇ ਹਨ। ਇਹ ‘ਏਕੋ’ ਸਤਿ ਹੈ ਤੇ ਇਹ ਬ੍ਰਹਮੰਡੀ ਕੁਦਰਤ ਦੀ ਸਰਬ-ਸ਼ਕਤੀਮਾਨ ਸਿਰਜਣਹਾਰ ਹੋਂਦ ਨੂੰ ਪ੍ਰਗਟ ਕਰਦਾ ਹੈ। ਇਹ ਦਾਤਾ ਦਾਤਾਰ ਹੈ ਤੇ ਇਹ ਏਕੋ ਸਤਿ (ਬ੍ਰਹਮ) ਹੀ ਆਕਾਰ ਵਜੋਂ ਅਸੀਮ ਬ੍ਰਹਮੰਡੀ (ਕੁਦਰਤ) ਦੇ ਰੂਪ ਵਿਚ ਦ੍ਰਿਸਟਮਾਨ ਹੁੰਦਾ ਹੈ। ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ॥ (ਪੰਨਾ 292) ਗੁਰੂ ਸਾਹਿਬ ਇਹ ਵੀ ਜਾਣਕਾਰੀ ਦੇਂਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਕੋਈ ਗੀਤ ਜਾਂ ਕਵਿਤਾ ਨਹੀਂ ਬਲਕਿ ਬ੍ਰਹਮ ਬਾਰੇ ਕੀਤੀ ਹੋਈ ਵਿਚਾਰ ਹੈ।
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ (ਗੁਰੂ ਗ੍ਰੰਥ ਸਾਹਿਬ, ਪੰਨਾ 335)
ਇਸੇ ਮਨ ਕਲਪਿਤ ਬ੍ਰਹਮਾ ਦਾ ਕਲਪਿਤ ਪੁੱਤਰ ਮਨੂ ਹੈ। ਇਸੇ ਮਨੂ ਦੇ ਨਾਂ ਉਤੇ ਮਨੂ ਸਿਮ੍ਰਿਤੀ ਲਿਖੀ ਗਈ ਹੈ। ਮਨੂ ਸਿਮ੍ਰਿਤੀ ਵਿਚ ਹੀ ਵਰਣ ਵੰਡ ਦੇ ਰੂਪ ਵਿਚ ਜਾਤ-ਪਾਤ ਦੇ ਬੀਜ ਬੀਜੇ ਗਏ ਹਨ ਤੇ ਔਰਤਾਂ ਨੂੰ ਸ਼ੂਦਰ ਦਾ ਦਰਜਾ ਦਿੱਤਾ ਗਿਆ ਹੈ। ਇਹੀ ਮਨੂ ਸਿਮ੍ਰਿਤੀ ਮਨ-ਕਲਪਿਤ ਬ੍ਰਾਹਮਣਵਾਦ ਦੀ ਜਨਕ ਹੈ। ਗੁਰਮਤਿ ਨੇ ਬ੍ਰਹਮਾ ਦੀ ‘ਕਰਤਾਰੀ’ ਹੋਂਦ ਨੂੰ ਮੂਲੋਂ ਹੀ ਨਕਾਰ ਦਿਤਾ ਹੈ : ਬ੍ਰਹਮਾ ਬਿਸਨੁ ਮਹੇਸੁ ਨ ਕੋਈ। ਅਵਰੁ ਨ ਦੀਸੈ ਏਕੋ ਸੋਈ। (ਪੰਨਾ 1035)
2. ਗੁਰੂ ਨਾਨਕ ਸਾਹਿਬ ਨੇ ਆਪਣੇ ਨਵੇਂ ਧਰਮ ਦੀ ਸਪਸ਼ਟ ਵਿਆਖਿਆ ਕੀਤੀ ਹੈ:
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ (ਪੰਨਾ 471)
ਧੌਲੁ ਧਰਮੁ ਦਇਆ ਕਾ ਪੂਤੁ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ (ਪੰਨਾ 3)
ਮਨਿ ਸੰਤੋਖੁ ਸਰਬ ਜੀਅ ਦਇਆ॥ ਇਨ ਬਿਧਿ ਬਰਤੁ ਸੰਪੂਰਨ ਭਇਆ॥ (ਪੰਨਾ 299)
ਮਨੁੱਖੀ ਧਰਮ ਦਇਆ ਦਾ ਪੁੱਤਰ ਹੈ ਤੇ ਸੰਤੋਖ ਇਸ ਨੂੰ ਸਮਾਜੀ ਜ਼ਾਬਤੇ ਵਿਚ ਬੰਨ੍ਹ ਕੇ ਰੱਖਦਾ ਹੈ। ਸੰਤੋਖੀ ਮਨ ਵਿਚ ਸਾਰੇ ਜੀਆਂ (ਸਰਬਤ) ਪ੍ਰਤੀ ਦਇਆ ਦੀ ਭਾਵਨਾ ਹੋਵੇ ਤਾਂ ਇਸ ਵਿਧੀ ਨਾਲ ਸਾਰੇ ਵਰਤ ਸੰਪੂਰਨ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਨੇ ਸਾਰੇ ਧਰਮਾਂ ਦਾ ਤਤਸਾਰ ਇਨ੍ਹਾਂ ਦੋ ਮਨੁੱਖੀ ਜਜ਼ਬਿਆਂ – ਦਇਆ ਤੇ ਸੰਤੋਖ – ਵਿਚ ਸਮੇਟ ਦਿੱਤਾ ਹੈ। ਤਥਾਗਤ ਬੁੱਧ ਨੇ ਆਪਣਾ ਸਾਰਾ ਧਰਮ ਦਇਆ ਤੇ ਤ੍ਰਿਸ਼ਨਾ ਨਾਲ ਸਪਸ਼ਟ ਕੀਤਾ ਹੈ। ਸੰਤੋਖ ਦਾ ਜਜ਼ਬਾ ਤ੍ਰਿਸ਼ਨਾ ਨੂੰ ਖਤਮ ਕਰਦਾ ਹੈ। ਨਿਆਇ ਭਾਸ਼ ਵਿਚ ਕਿਹਾ ਗਿਆ ਹੈ ਕਿ ਧਨ ਦੌਲਤ ਤੇ ਪਸ਼ੂ ਆਦਿ ਨਾਲ ਭਰਪੂਰ ਸਮੁੰਦਰ ਤੇ ਸਾਰੀ ਪ੍ਰਿਥਵੀ ਵੀ ਜੇਕਰ ਕਿਸੇ ਤ੍ਰਿਸ਼ਨਾਲੂ ਮਨੁੱਖ ਨੂੰ ਮਿਲ ਜਾਏ ਤਾਂ ਵੀ ਉਸ ਦੇ ਮਨ ਦੀ ਕਦੀ ਤ੍ਰਿਪਤੀ ਨਹੀਂ ਹੋ ਸਕਦੀ। ਇਸ ਲਈ ਉਹ ਕਦੇ ਵੀ ਸੁਖੀ ਨਹੀਂ ਹੋ ਸਕਦਾ।
॥ ਜਪੁ॥ ਸਾਹਿਬ ਦੇ ਮੁੱਢ ਵਿਚ ਹੀ ਗੁਰੂ ਨਾਨਕ ਸਾਹਿਬ ਇਹ ਨਿਰਣਾ ਕਰ ਕੇ ਤੁਰਦੇ ਹਨ ਕਿ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ ਭਾਵ ਤ੍ਰਿਸ਼ਨਾਲੂ ਮਨੁੱਖ ਦੇ ਮਨ ਦੀ ਭੁੱਖ ਕਦੇ ਤ੍ਰਿਪਤ ਨਹੀਂ ਹੋ ਸਕਦੀ ਭਾਵੇਂ ਸਾਰੇ ਸੰਸਾਰ ਦੇ ਪਦਾਰਥ ਉਸ ਨੂੰ ਮਿਲ ਜਾਣ। ਗੁਰੂ ਸਾਹਿਬ ਦਾ ਫੁਰਮਾਨ ਹੈ : ਦੇਹਿ ਨਾਮੁ ਸੰਤੋਖੀਆ ਉਤਰੇ ਮਨੁ ਕੀ ਭੁਖ॥ ਜਿੰਨਾ ਚਿਰ ਮਨੁੱਖ ਦਾ ਮਨ, ਆਪਣੀਆਂ ਸੀਮਤ ਕੁਦਰਤੀ ਲੋੜਾਂ ਦੀ ਸੁਚੇਤ ਪਛਾਣ ਕਰਕੇ ਤ੍ਰਿਪਤ ਨਹੀਂ ਹੁੰਦਾ, ਓਨਾ ਚਿਰ ਉਹ ਭਟਕਦਾ ਹੀ ਰਹਿੰਦਾ ਹੈ।
3. ਗੂਰੂ ਨਾਨਕ ਸਾਹਿਬ ਦਾ ਨਵਾਂ ਮਨੋਵਿਗਿਆਨ
ਪੱਛਮੀ ਤਰਜ਼ ਦੇ ਅਧੂਰੇ ਗਿਆਨ ਦੀ ਸਭ ਤੋਂ ਉਘੜਵੀਂ ਮਿਸਾਲ ਪੱਛਮੀ ਮਨੋਵਿਗਿਆਨ ਹੈ। ਪੱਛਮੀ ਮਨੋਵਿਗਿਆਨ ਦਾ ਮੋਢੀ ਫਰਾਇਡ ਮੰਨਿਆ ਜਾਂਦਾ ਹੈ। ਪਰ ਫਰਾਇਡ ਮਨ ਦੇ ਤੱਤ ਤੋਂ ਅਸਲੋਂ ਅਣਜਾਣ ਹੈ। ਉਹ ਮਨ ਦੇ ਕੁਝ ਕੁ ਲੱਛਣਾਂ ਦੀ ਵਿਆਖਿਆ ਕਰਦਾ ਹੈ। ਮਨ ਦੀਆਂ ਅੱਡ ਅੱਡ ਅਵਸਥਾਵਾਂ ਦਾ ਜ਼ਿਕਰ ਕਰਦਾ ਹੈ ਪਰ ਉਹ ਜਿਹੜੇ ਮਨ ਦੇ ਲੱਛਣਾਂ ਜਾਂ ਮਨ ਦੀਆਂ ਅਵਸਥਾਵਾਂ ਦਾ ਜ਼ਿਕਰ ਕਰਦਾ ਹੈ, ਉਹ ਮਨ ਆਪਣੀ ਅਸਲੀ ਕੁਦਰਤੀ ਤੇ ਸਰੀਰੀ ਹੋਂਦ ਤੋਂ ਅਣਜਾਣ ਰੋਗੀ ਮਨ ਹੈ।
ਇਸ ਅਧੂਰੇ ਮਨੋਵਿਗਿਆਨ ਨੇ ਕਿਵੇਂ ਮਨੁੱਖ ਜਾਤੀ ਦਾ ਬੇੜਾ ਗਰਕ ਕੀਤਾ ਹੈ, ਇਸ ਦਾ ਪਤਾ ਕਰੋਨਾ ਵਾਇਰਸ ਦੀ ਫੈਲੀ ਮਹਾਂਮਾਰੀ ਦੌਰਾਨ ਉਦੋਂ ਲਗਿਆ ਜਦੋਂ ਕੁਝ ਸਿਆਣੇ ਡਾਕਟਰ ਇਸ ਰੋਗ ਦੇ ਮਰੀਜ਼ਾਂ ਨੂੰ ਆਪਣਾ ਮਨੋਬਲ ਕਾਇਮ ਰੱਖਣ ਦਾ ਸੁਝਾਅ ਦੇਂਦੇ ਰਹੇ। ਪਰ ਇਹ ਮਨੋਬਲ ਤੇ ਤਾਂ ਹੀ ਕਾਇਮ ਰਹਿ ਸਕਦਾ ਹੈ ਜੇ ਬੰਦੇ ਨੂੰ ਆਪਣੇ ਮਨ ਦੀ ਕੁਦਰਤੀ ਸਰੀਰੀ ਹੋਂਦ ਤੇ ਇਸ ਦੀ ਅਸੀਮ ਤਾਕਤ ਦਾ ਅਹਿਸਾਸ ਹੋਵੇ।
ਮਨਿ ਅੰਧੇ ਜਨਮ ਗਵਾਇਆ॥ (ਪੰਨਾ 464)
ਮਨਿ ਅੰਧਾ ਨਾਉ ਸੁਜਾਣੁ॥ (ਪੰਨਾ 471)
ਮਨ ਅੰਧੇ ਕਉ ਮਿਲੈ ਸਜਾਇ॥ (ਪੰਨਾ 1256)
ਮਨ ਕਾ ਅੰਧਾ ਅੰਧੁ ਕਮਾਵੈ॥ (ਪੰਨਾ 832)
ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ॥ (ਪੰਨਾ 1103)
ਮਨਮੁਖਿ ਅੰਧੇ ਸੁਧਿ ਨ ਕਾਈ॥ (ਪੰਨਾ 118)
ਮਨਮੁਖਿ ਅੰਧੇ ਦੁਖਿ ਵਿਹਾਣੀ॥ (ਪੰਨਾ 665)
ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ॥ (ਪੰਨਾ 747)
ਇਨ੍ਹਾਂ ਸਾਰੇ ਗੁਰਬਚਨਾਂ ਦਾ ਇਕੋ ਹੀ ਭਾਵ ਹੈ ਕਿ ਜਿਸ ਮਨੁੱਖ ਦਾ ਆਪਣਾ ਸਰੀਰੀ ਮਨ ਅੰਨ੍ਹਾਂ ਹੈ ਤਥਾ ਜਿਸ ਮਨੁੱਖ ਦੇ ਮਨ ਦੀਆਂ ਅੱਖਾਂ ਬੰਦ ਹਨ, ਉਹ ਆਪਣਾ ਸਾਰਾ ਜਨਮ ਐਵੇਂ ਬਿਰਥਾ ਗੁਆ ਕੇ ਮਰ ਜਾਂਦਾ ਹੈ। ਅੰਨੇ੍ਹ ਮਨ ਵਾਲੇ ਮਨੁੱਖ ਨੂੰ ਸਾਰਾ ਜਨਮ ਸਜ਼ਾ ਮਿਲਦੀ ਹੈ। ਗੁਰੂ ਸਾਹਿਬ ਬਚਨ ਕਰਦੇ ਹਨ ਕਿ ਕਿੱਡਾ ਅਜੀਬ ਵਰਤਾਰਾ ਹੈ ਕਿ ਅੰਨੇ੍ਹ ਮਨ ਵਾਲਾ ਮਨੁੱਖ ਵੀ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ। ਮਨ ਦਾ ਅੰਨ੍ਹਾਂ ਮਨੁੱਖ ਤਾਂ ਆਪ ਕੁਝ ਵੀ ਨਹੀਂ ਜਾਣਦਾ, ਉਹ ਭਲਾ ਕਿਸੇ ਦੂਜੇ ਮਨੁੱਖ ਨੂੰ ਕੀ ਗਿਆਨ ਦੇ ਸਕਦਾ ਹੈ। ਮਨਮੁਖ ਭਾਵ ਆਪਣੇ ਮਨ ਦੀ ਮਰਜ਼ੀ ਕਰਨ ਵਾਲੇ ਬੰਦੇ ਨੂੰ ਕੋਈ ਸੂਝ ਨਹੀਂ ਹੁੰਦੀ। ਉਹ ਆਪਣੀ ਬੇਅਕਲੀ ਨਾਲ ਸਾਰੀ ਉਮਰ ਦੁਖ ਭੋਗਦਾ ਹੀ ਮਰ ਜਾਂਦਾ ਹੈ। ਮਨੁੱਖ ਦਾ ਭਾਵ ਹੀ ਮਨ ਦੀਆਂ ਖੁੱਲ੍ਹੀਆ ਅੱਖਾਂ ਵਾਲੇ ਵਿਅਕਤੀ ਤੋਂ ਹੈ। ਗੁਰਮਤਿ ਜਾਗਰਤ ਭਾਵ ਖੁੱਲ੍ਹੀਆਂ ਅੱਖਾਂ ਵਾਲੇ ਮਨ ਦੀ ਅਸੀਮ ਤਾਕਤ ਦਾ ਗਿਆਨ ਦੇਂਦੀ ਹੈ।
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨ ਨ ਹੋਇ॥ (ਪੰਨਾ 469)
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ॥
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ॥
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ॥
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ॥ (ਆਸਾ ਦੀ ਵਾਰ)
ਜਿਹੜੇ ਮਨੁੱਖ ਗੁਰੂ ਦੀ ਦਿੱਤੀ ਚੇਤਨਾ ਭਾਵ ਗੁਰੂ ਦੇ ਦਿੱਤੇ ਆਤਮਿਕ ਗਿਆਨ ਨਾਲ ਆਪਣੀ ਬੁਧਿ ਨੂੰ ਚੇਤੰਨ ਕਰ ਕੇ ਆਪਣੇ ਸਰੀਰੀ ਮਨ ਵਿਚ ਨਹੀਂ ਵਸਾਉਂਦੇ, ਇਸ ਚੇਤਨਾ ਵਿਚਲੇ ਆਤਮਿਕ ਗਿਆਨ ਨਾਲ ਆਪਣੇ ਸਰੀਰੀ ਮਨ ਨੂੰ ਸੁਚੇਤ ਨਹੀਂ ਕਰਦੇ, ਉਸਨੂੰ ਸਦਜਾਗਤ ਨਹੀਂ ਕਰਦੇ ਅਤੇ ਆਪਣੇ ਨਿਤ ਦਿਨ ਦੇ ਕਾਰ-ਵਿਹਾਰ ਲਈ ਆਪਣੇ ਅਚੇਤ ਮਨ ਦੀ ਮਤਿ ਨੂੰ ਹੀ ਕਾਫੀ ਸਮਝਦੇ ਹਨ ਭਾਵ ਆਪਣੇ ਅਚੇਤ ਮਨ ਦੀ ਅਕਲ ਉਤੇ ਹੀ ਟੇਕ ਰੱਖਦੇ ਹਨ, ਉਹ ਉਨ੍ਹਾਂ ਤਿਲਾਂ ਵਾਂਗ ਹਨ ਜਿਹੜੇ ਉਜੜੇ ਹੋਏ ਸੁੰਞੇ ਪਏ ਖੇਤਾਂ ਅੰਦਰ ਆਪਣੀ ਹੋਂਦ ਤਾਂ ਰੱਖਦੇ ਹਨ, ਫਲਦੇ-ਫੁਲਦੇ ਵੀ ਹਨ ਪਰ ਜਿਨ੍ਹਾਂ ਤਿਲਾਂ ਵਿਚੋਂ ਤੇਲ ਨਿਕਲਣ ਦੀ ਥਾਂ ਸਿਰਫ ਸੁਆਹ ਹੀ ਨਿਕਲਦੀ ਹੈ। ਸੁਚੇਤ ਮਨ ਹੀ ਸਵੈਜ਼ਬਤ ਵਿਚ ਰਹਿ ਕੇ ਆਪਣੀਆਂ ਤਰਕਸੰਗਤ ਤੇ ਸੀਮਤ ਸਰੀਰੀ ਲੋੜਾਂ ਦੀ ਪਛਾਣ ਕਰ ਸਕਦਾ ਹੈ। ਸੁਚੇਤ ਸਰੀਰੀ ਮਨ ਹੀ ਸਦਾਚਾਰੀ ਬਣ ਕੇ ਆਪਣੇ ਨਿਜ ਤੋਂ ਉਚਾ ਉਠਦਾ ਹੈ ਅਤੇ ਸਰਬ-ਸਾਂਝੀਵਾਲਤਾ ਦੀ ਭਾਵਨਾ ਤੇ ਸਰਬਤ ਦੇ ਭਲੇ ਦਾ ਪੈਰੋਕਾਰ ਬਣਦਾ ਹੈ। ਇਹ ਗਿਆਨ ਹੀ ਸਾਨੂੰ ਸਦੀਆਂ ਤੋਂ ਇਕੱਤਰ ਹੁੰਦੀ ਆ ਰਹੀ ਅਨੁਭਵੀ ਸਿਆਣਪ ਦੇਂਦਾ ਹੈ, ਜਿਸ ਨੂੰ ਆਪਣੀ ਚੇਤੰਨ ਸੋਚ ਦਾ ਅੰਗ ਬਣਾਏ ਬਗੈਰ ਅਤੇ ਆਪਣੇ ਸਰੀਰੀ ਮਨ ਵਿਚ ਵਸਾਏ ਬਗੈਰ ਸਿਰਫ ਆਪਣੇ ਮਨ ਦੀ ਮਰਜ਼ੀ ਕਰਨ ਵਾਲਾ (ਮਨਮੁਖਿ) ਮਨੁੱਖ ਜੀਵਨ ਭਰ ਅਗਿਆਨਤਾ ਦੇ ਹਨ੍ਹੇਰੇ ਵਿਚ ਹੀ ਟੱਕਰਾਂ ਮਾਰਦਾ ਰਹਿੰਦਾ ਹੈ। ਉਹ ਆਪਣੇ ਅਚੇਤ ਮਨ ਦੀਆਂ ਬੇਲੋੜੀਆਂ ਇੱਛਾਵਾਂ ਭਾਵ ਤ੍ਰਿਸ਼ਨਾ ਵਿਚ ਭਟਕਦਾ ਹੋਇਆ ਪਸ਼ੂ ਦੀ ਪੱਧਰ ਉਤੇ ਹੀ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਜਾਂਦਾ ਹੈ। ਗੁਰਮਤਿ ਮਨੁੱਖੀ ਮਨ ਨੂੰ ਆਪਣੀ ਹੋਂਦ ਪਛਾਣਨ ਦੀ ਪ੍ਰੇਰਨਾ ਕਰਦੀ ਹੈ:
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਪੰਨਾ 441)
ਸਰਬ-ਵਿਆਪੀ ਪ੍ਰਗਟ ਹੋਇਆ ਸਚ ਇਹ ਹੈ ਕਿ ਸਰਬ-ਸ਼ਕਤੀਮਾਨ ਕੁਦਰਤ ਦੀ ਦੇਣ ਮਨੁੱਖ ਦਾ ਆਪਣਾ ਸਰੀਰ ਹੀ ਉਸ ਦੀ ਅਸਲੀ ਰਾਸ ਪੂੰਜੀ ਹੈ। ਸਰੀਰ ਵਿਚ ਸੁਭਾਇਮਾਨ ਮਨੁੱਖ ਦਾ ਆਪਣਾ ਅਦੁੱਤੀ ਮਨ ਸਰੀਰ ਦਾ ਰਾਜਾ ਭਾਵ ਉਸ ਨੂੰ ਹਰਕਤਸ਼ੀਲ ਰੱਖਣ ਵਾਲਾ ਹੈ। ਆਪਣੀਆਂ ਗਿਆਨ ਇੰਦ੍ਰੀਆਂ ਰਾਹੀਂ ਮਨ ਬਾਹਰੀ ਗਿਆਨ ਹਾਸਲ ਕਰਦਾ ਹੈ ਤੇ ਇਸ ਗਿਆਨ ਦੇ ਆਧਾਰ ਉਤੇ ਹੀ ਉਹ ਆਪਣੀਆਂ ਕਰਮ ਇੰਦ੍ਰੀਆਂ ਨੂੰ ਹਰਕਤ ਵਿਚ ਲਿਆਉਂਦਾ ਹੈ। ਆਪਣੀਆਂ ਗਿਆਨ ਇੰਦ੍ਰੀਆਂ ਰਾਹੀਂ ਹਾਸਲ ਹੋਇਆ ਗਿਆਨ ਸਹੀ ਹੈ ਜਾਂ ਨਹੀਂ, ਜੇ ਇਸ ਦੀ ਪਰਖ ਕਰਨ ਲਈ ਮਨੁੱਖੀ ਚੇਤਨਾ ਆਪਣੀ ਲਿਵ ਗੁਰਮਤਿ (ਫਿਲਾਸਫੀ) ਨਾਲ ਜੋੜ ਲਵੇ ਤਾਂ ਉਹ ਆਪਣੀਆਂ ਕਰਮ ਇੰਦ੍ਰੀਆਂ ਨੂੰ ਸਹੀ ਦਿਸ਼ਾ ਦੇ ਸਕਦੀ ਹੈ ਤੇ ਇਉਂ ਸਹਿਜ ਮਨੁੱਖੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਨਹੀਂ ਤੇ ਮਨੁੱਖੀ ਮਨ ਐਵੇਂ ਬੇਲੋੜੀਆ ਇੱਛਾਵਾਂ (ਅਜੋਕੀ ਸਾਮਰਾਜੀ ਖਪਤਕਾਰੀ) ਦੇ ਮਗਰ ਲੱਗ ਕੇ ਭਟਕਦਾ ਰਹਿੰਦਾ ਹੈ ਅਤੇ ਨਾਲ ਹੀ ਆਪਣੇ ਸਰੀਰ ਨੂੰ ਵੀ ਫਜੂLਲ ਕਿਸਮ ਦੀਆਂ ਇੱਛਾਵਾਂ ਦੀ ਭਟਕਣਾ ਵਿਚ ਪਾਈ ਰੱਖਦਾ ਹੈ। ਬਾਕੀ ਦਾ ਸਾਰਾ ਧਾਰਮਿਕ ਆਡੰਬਰ ਤੇ ਕਰਮਕਾਂਡ ਫਜੂLਲ ਹੈ। ਇਹੀ ਮਨੁੱਖੀ ਮੁਕਤੀ (ਆਤਮਿਕ ਆਜ਼ਾਦੀ) ਦਾ ਭੇਦ ਹੈ।
ਮਨੁੱਖ ਦੀਆਂ ਤਿੰਨ ਭੁੱਖਾਂ ਹਨ। ਤਨ ਦੀ ਭੁੱਖ (ਸੰਤੁਲਤ ਭੋਜਨ), ਜਿਸਮਾਨੀ ਭੁੱਖ (ਸਹਿਜ ਜਿਸਮਾਨੀ ਰਿਸ਼ਤਾ) ਅਤੇ ਆਤਮਿਕ ਭੁੱਖ (ਸਭਿਆਚਾਰਕ ਵਿਕਾਸ)। ਇਹ ਤਿੰਨੇ ਭੁੱਖਾਂ ਸਹਿਜ ਕੁਦਰਤੀ ਵਿਕਾਸ ਵਿਚ ਹੀ ਤ੍ਰਿਪਤ ਹੋ ਸਕਦੀਆਂ ਹਨ।
4. ਗੁਰੂ ਨਾਨਕ ਸਾਹਿਬ ਦਾ ਨਵਾਂ ਸਮਾਜ ਸਾਸ਼ਤਰ — ਸਰਬ-ਸਾਂਝੀਵਾਲਤਾ ਤੇ ਸਰਬਤ ਦਾ ਭਲਾ
ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ। (ਪੰਨਾ 611)
ਨ ਕੋਈ ਬੈਰੀ ਨਹੀ ਬਿਗਾਨਾ ਸਗਲ ਸੰਗ ਹਮਿ ਕੋਊ ਬਨਿ ਆਈ। (ਪੰਨਾ 1299)
ਸਭੇ ਸਾਂਝੀਵਾਲ ਸਦਾਇਨਿ ਤੂ ਕਿਸੈ ਨ ਦਿਸਹਿ ਬਾਹਰਾ ਜੀਉ। (ਪੰਨਾ 97)
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ (ਪੰਨਾ 1349)
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।
5. ਗੁਰੂ ਨਾਨਕ ਸਾਹਿਬ ਦੀ ਨਵੇਂ ਰਾਜ ਦੀ ਰੂਪਰੇਖਾ
ਗੁਰੂ ਨਾਨਕ ਸਾਹਿਬ ਦੁਨਿਆਵੀ ਬਾਦਸ਼ਾਹੀ ਨੂੰ ਨਕਾਰ ਕੇ ‘ਸਚੀ ਤੇਰੀ ਕੁਦਰਤਿ ਸਚੇ ਪਾਤਸਾਹਿ’ ਦਾ ਐਲਾਨ ਕਰਦੇ ਹਨ।
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥ (ਪੰਨਾ 966)
ਗੁਰੂ ਨਾਨਕ ਪਾਤਸ਼ਾਹ ਵਲੋਂ ਕਾਇਮ ਕੀਤੇ ਗਏ ਰਾਜ ਦੀ ਨੀਂਹ ਸਚ ਉਤੇ ਟਿਕੀ ਹੋਈ ਹੈ।
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ। (ਭਾਈ ਗੁਰਦਾਸ, ਵਾਰ ਪਹਿਲੀ, ਪਉੜੀ 45)
ਗੁਰੂ ਨਾਨਕ ਸਾਹਿਬ ਦੀ ਪਾਤਸਾਹੀ ਦਾ ਘੜਿਆ ਸਿਕਾ ਨਿਰਮਲ ਪੰਥ ਦੇ ਰੂਪ ਵਿਚ ਪ੍ਰਗਟ ਹੋਇਆ।
ਸਤਿਗੁਰ ਸਚਾ ਪਾਤਿਸਾਹੁ ਪਾਤਿਸਾਹਾਂ ਪਾਤਸਾਹੁ ਜੁਹਾਰੀ। (ਭਾਈ ਗੁਰਦਾਸ ਜੀ, ਵਾਰ 11 ਵੀਂ)
ਸਤਿ ਦਾ ਅਨੁਭਵੀ ਗਿਆਨ ਕਰਵਾਉਣ ਵਾਲਾ ਗੁਰੂ ਸੱਚਾ ਪਾਤਸ਼ਾਹ ਹੈ। ਪਾਤਸ਼ਾਹਾਂ ਦੇ ਪਾਤਸ਼ਾਹ ਨੂੰ ਨਮਸਕਾਰ।
ਇਥੇ ਪਾਤਸ਼ਾਹੀ ਪੀਰੀ (ਧਰਮ) ਤਥਾ ਆਤਮਿਕ ਗਿਆਨ ਦੀ ਪ੍ਰਤੀਕ ਹੈ ਤੇ ਬਾਦਸ਼ਾਹੀ ਮੀਰੀ (ਰਾਜ) ਤਥਾ ਰਾਜਨੀਤੀ ਦੀ ਪ੍ਰਤੀਕ ਹੈ। ਪੀਰੀ (ਧਰਮ) ਨੇ ਹਮੇਸ਼ਾਂ ਲਈ ਮੀਰੀ (ਰਾਜਨੀਤੀ) ਦੀ ਅਗਵਾਈ ਕਰਨੀ ਹੈ। ਜੇ ਰਾਜਨੀਤੀ ਆਤਮਿਕ ਗਿਆਨ (ਧਰਮ) ਦੀ ਅਗਵਾਈ ਨਹੀਂ ਕਬੂਲਦੀ ਤਾਂ ਉਹ ਸਮਾਜ ਵਿਚ ਬੁਰਾਈਆਂ ਦੀ ਜਨਕ ਬਣਦੀ ਹੈ। ਗੁਰੂ ਨਾਨਕ ਸਾਹਿਬ ਦੀ ਪਾਤਸ਼ਾਹੀ ਦੇ ਸੰਕਲਪ ਦੀ ਨੀਂਹ ਆਤਮਿਕ ਗਿਆਨ ਆਧਾਰਿਤ ਹਲੇਮੀ ਰਾਜ ਤੇ ਅਕਾਲ ਪੁਰਖੀ ਸਚ ਉਤੇ ਟਿਕੀ ਹੋਈ ਹੈ।
ਕੁਦਰਤਿ ਤਖਤੁ ਰਚਾਇਆ ਸਚਿ ਨਬੇੜਣਹਾਰੋ॥ (ਪੰਨਾ 580)