ਪ੍ਰਿੰਸੀਪਲ ਸਰਵਣ ਸਿੰਘ
ਟਾਈਮ ਪਾਸ ਕਰਨ ਵਾਲੀ ਖੇਡ ਕ੍ਰਿਕਟ, ਨਿਰੀ ਪੈਸੇ ਦੀ ਖੇਡ ਬਣ ਗਈ ਹੈ। ਕ੍ਰਿਕਟ ਵਰਲਡ ਕੱਪ ਹੁਣ ਲੱਖਾਂ ਕਰੋੜਾਂ ਵਿਚ ਨਹੀਂ, ਅਰਬਾਂ ਖਰਬਾਂ `ਚ ਪੈਰਿ ਹੈ। ਕਾਰੋਬਾਰੀ ਬੰਦੇ ਕ੍ਰਿਕਟ `ਤੇ ਪੈਸੇ ਲਾਉਂਦੇ ਨੇ ਤੇ ਟੀਵੀ ਚੈਨਲਾਂ ਵਾਲੇ ਦਰਸ਼ਕਾਂ ਨੂੰ ਕ੍ਰਿਕਟ ਕਰੇਜ਼ੀ ਬਣਾਉਂਦੇ ਨੇ। ਕ੍ਰਿਕਟ ਦੇ ਐਡਿਕਟ। ਹਰ ਵੇਲੇ ਕ੍ਰਿਕਟ ਕ੍ਰਿਕਟ ਕ੍ਰਿਕਟ!
ਉਂਜ ਤਾਂ ਕ੍ਰਿਕਟ ਦਾ ਤਾਪ ਥੋੜ੍ਹਾ ਬਹੁਤਾ ਚੜ੍ਹਿਆ ਹੀ ਰਹਿੰਦੈ ਪਰ ਵਰਲਡ ਕੱਪ ਦੇ ਦਿਨੀਂ ਇਹ ਭੱਠ ਵਾਂਗ ਤਪਣ ਲੱਗ ਪੈਂਦੈ। ਕਰੋੜਾਂ ਅਰਬਾਂ ਦਾ ਸੱਟਾ ਲੱਗਦੈ, ਸ਼ਰਤਾਂ ਲੱਗਦੀਐਂ ਤੇ ਅਰਬਾਂ ਖਰਬਾਂ ਰੁਪਏ ਏਧਰ-ਓਧਰ ਹੁੰਦੇ ਨੇ। ਨਾਲ ਅਰਬਾਂ ਖਰਬਾਂ ਕੰਮ ਦੇ ਘੰਟੇ ਖਰਾਬ। ਕੰਮ ਦੀਆਂ ਦਿਹਾੜੀਆਂ ਦਾ ਅਜਾਈਂ ਮਰਨ। ਕੱਪ ਦੇ ਦਿਨੀਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਇਮਤਿਹਾਨਾਂ ਵੱਲੋਂ ਬੇਧਿਆਨੀ ਹੋ ਜਾਂਦੀ ਹੈ। ਕੱਪ ਮੁੱਕੇ ਤੋਂ ਜਿੱਤਾਂ ਦੇ ਜਸ਼ਨ ਤੇ ਹਾਰਾਂ ਦੇ ਸੋਗ ਮਨਾਏ ਜਾਂਦੇ ਨੇ। ਹਾਰ ਨਾ ਸਹਿੰਦਾ ਕੋਈ ਟੀ ਵੀ ਸੈੱਟ ਭੰਨ ਦਿੰਦੈ, ਕੋਈ ਖ਼ੁਦਕਸ਼ੀ ਕਰ ਬਹਿੰਦੈ!
ਟੀਵੀ ਚੈਨਲਾਂ ਤੇ ਕਾਰੋਬਾਰੀਆਂ ਨੂੰ ਕ੍ਰਿਕਟ ਦੇ ਮੈਚ ਮੁਨਾਫ਼ਾ ਵੀ ਬੜਾ ਦਿੰਦੇ ਨੇ। ਇਹ ਕਿਹੜਾ ਹਾਕੀ, ਕਬੱਡੀ, ਬਾਸਕਟਬਾਲ, ਵਾਲੀਬਾਲ, ਹੈਂਡ ਬਾਲ ਜਾਂ ਫੁੱਟਬਾਲ ਦੇ ਮੈਚ ਨੇ ਜਿਹੜੇ ਘੰਟੇ ਡੇਢ ਘੰਟੇ `ਚ ਮੁੱਕ ਜਾਂਦੇ ਨੇ। ਉਨ੍ਹਾਂ ਮੈਚਾਂ ਦੀ ਖੇਡ ਵਿਚ ਖੜੋਤ ਵੀ ਨਹੀਂ ਹੁੰਦੀ। ਕ੍ਰਿਕਟ ਦੀ ਖੇਡ ਵਿਚ ਖੜੋਤ ਹੀ ਖੜੋਤ ਹੈ ਜਿਥੇ ਜਿੰਨੀਆਂ ਮਰਜ਼ੀ ਐਡਾਂ ਭਰ ਦਿੱਤੀਆਂ ਜਾਣ। ਇਹ ਹੈ ਲਾਰਡਾਂ ਦੀ ਖੇਡ ਨੂੰ ਆਮ ਲੋਕਾਂ ਦੇ ਸਿਰਾਂ `ਤੇ ਸਵਾਰ ਕਰਨ ਦਾ ਰਾਜ਼। ਕ੍ਰਿਕਟ ਰਾਹੀਂ ਕਾਲੇ ਧੰਦੇ ਦੇ ਮੁਨਾਫ਼ੇ ਨੇ ਕ੍ਰਿਕਟ ਖਿਡਾਰੀਆਂ ਦੀਆਂ ਜੇਬਾਂ ਵੀ ਭਰੀਆਂ ਤੇ ਸੱਟੇਬਾਜ਼ਾਂ ਦੇ ਵੀ ਵਾਰੇ ਨਿਆਰੇ ਕੀਤੇ ਨੇ!
ਕ੍ਰਿਕਟ ਜੋ ਕਦੇ ਸਿਰਫ਼ ਬਰਤਾਨੀਆ ਦੇ ਲਾਰਡਾਂ ਦੀ ਖੇਡ ਸੀ ਉਹ ਕਾਮਨਵੈੱਲਥ ਦੇਸ਼ਾਂ ਦੇ ਲੋਕਾਂ ਦੀ ਖੇਡ ਬਣ ਚੁੱਕੀ ਹੈ। ਓਲੰਪਿਕ ਖੇਡਾਂ `ਚ ਵਧੇਰੇ ਤਗਮੇ ਜਿੱਤਣ ਵਾਲੇ ਅਮਰੀਕਾ, ਚੀਨ, ਰੂਸ, ਜਪਾਨ, ਕੋਰੀਆ ਤੇ ਜਰਮਨੀ ਵਰਗੇ ਮੁਲਕਾਂ ਨੇ ਕ੍ਰਿਕਟ ਆਪਣੇ ਵਿਹੜੇ `ਚ ਨਹੀਂ ਵੜਨ ਦਿੱਤੀ। ਹੋਇਆ ਇੰਜ ਕਿ ਅੰਗਰੇਜ਼ ਲਾਰਡਾਂ ਨੇ ਜਿਨ੍ਹਾਂ ਮੁਲਕਾਂ `ਤੇ ਰਾਜ ਕੀਤਾ ਉਥੇ ਆਪਣਾ ਟਾਈਮ ਪਾਸ ਕਰਨ ਵਾਲੀ ਖੇਡ ਕ੍ਰਿਕਟ ਵੀ ਪੁਚਾ ਦਿੱਤੀ। ਕ੍ਰਿਕਟ ਵਰਗੀ ਲੰਮਾ ਸਮਾਂ ਲੈਣ ਵਾਲੀ ਖੇਡ ਵਿਹਲੜ ਲਾਰਡਾਂ ਦੇ ਅਨੁਕੂਲ ਸੀ। ਕੰਮੀਂ-ਕਾਰੀਂ ਲੱਗੇ ਲੋਕਾਂ ਦੇ ਘੱਟ ਸਮਾਂ ਲੈਣ ਵਾਲੀਆਂ ਖੇਡਾਂ ਹੀ ਅਨੁਕੂਲ ਸਨ।
ਇੰਗਲੈਂਡ ਵਿਚ ਜਦ ਧੁੱਪ ਨਿਕਲਦੀ ਤਾਂ ਵਿਹਲੇ ਲਾਰਡ ਸਫੈਦ ਕਮੀਜ਼ਾਂ ਪਤਲੂਣਾਂ ਪਾ ਕੇ ਗੇਂਦ ਬੱਲੇ ਨਾਲ ਦਿਹਾੜੀਆਂ ਬੱਧੀ ਕ੍ਰਿਕਟ ਖੇਡੀ ਜਾਂਦੇ ਤੇ ਧੁੱਪ ਸੇਕੀ ਜਾਂਦੇ। ਜਦ ਉਹ ਹਿੰਦੋਸਤਾਨ ਵਿਚ ਆਏ ਤਾਂ ਉਨ੍ਹਾਂ ਨੇ ਇਥੋਂ ਦੇ ਰਈਸ ਆਪਣੇ ਨਾਲ ਖੇਡਣ ਲਾ ਲਏ। ਰਈਸਾਂ ਦੇ ਵੀ ਇਹ ਖੇਡ ਫਿੱਟ ਬੈਠਦੀ ਸੀ। ਨਵਾਬ ਤੇ ਰਾਜੇ-ਮਹਾਰਾਜੇ ਵੀ ਕ੍ਰਿਕਟ ਖੇਡਣ ਲੱਗੇ। ਜਿਹੜਾ ਕੁਝ ਅਮੀਰ ਵਰਗ ਕਰਨ ਲੱਗ ਪਵੇ ਉਹਦੀ ਰੀਸ ਮੱਧ ਵਰਗ ਤੇ ਗਰੀਬ ਵਰਗ ਵੀ ਕਰਨ ਲੱਗ ਪੈਂਦੈ। ਆਮ ਲੋਕ ਕ੍ਰਿਕਟ ਮਗਰ ਇਸ ਤਰ੍ਹਾਂ ਹੀ ਲੱਗੇ ਨੇ। ਕ੍ਰਿਕਟ ਹਿੰਦ ਮਹਾਂਦੀਪ ਦੇ ਖੇਡ ਪ੍ਰੇਮੀਆਂ ਨੂੰ ਪਹਿਲੇ ਤੋੜ ਦੇ ਹਾੜੇ ਵਾਂਗ ਚੜ੍ਹੀ ਐ। ਕ੍ਰਿਕਟ ਦੇ ਵਰਲਡ ਕੱਪ ਦੌਰਾਨ ਤਾਂ ਹਿੰਦ ਮਹਾਂਦੀਪ ਦੇ ਵਾਸੀ ਸੱਚੀਂ ਨਸ਼ੱਈਆਂ ਵਾਂਗ ਵਿਚਰਦੇ ਹਨ। ਮੀਡੀਏ ਦਾ ਰੋਲ ਵੀ ਆਮ ਲੋਕਾਂ ਨੂੰ ਹੋਰ ਨਸ਼ੱਈ ਕਰਨ ਵਾਲਾ ਹੀ ਹੁੰਦੈ। ਖ਼ਾਸ ਕਰਕੇ ਇਲੈਕਟ੍ਰਾਨਿਕ ਮੀਡੀਏ ਦਾ।
ਆਈ ਸੀ ਸੀ ਕ੍ਰਿਕਟ ਵਰਲਡ ਕੱਪ 1975 ਤੋਂ 2023 ਤੱਕ 13 ਵਾਰ ਖੇਡਿਆ ਗਿਆ ਹੈ। 6 ਵਾਰ ਆਸਟ੍ਰੇਲੀਆ ਜੇਤੂ ਰਿਹਾ, 2 ਵਾਰ ਇੰਡੀਆ, 2 ਵਾਰ ਵੈੱਸਟ ਇੰਡੀਜ਼, 1 ਵਾਰ ਇੰਗਲੈਂਡ, 1 ਵਾਰ ਸ੍ਰੀਲੰਕਾ ਤੇ 1 ਵਾਰ ਪਾਕਿਸਤਾਨ। ਕੁਲ 20 ਦੇਸ਼ ਇਹ ਕੱਪ ਖੇਡੇ ਹਨ। ਆਸਟ੍ਰੇਲੀਆ ਨੇ ਕ੍ਰਿਕਟ ਕੱਪ 1987, 1999, 2003, 2007, 2015 ਤੇ 2023 ਵਿਚ ਜਿੱਤਿਆ ਹੈ। ਇੰਡੀਆ 1983 ਤੇ 2011 ਅਤੇ ਵੈੱਸਟ ਇੰਡੀਜ਼ 1975 ਤੇ 1979 ਵਿਚ ਜੇਤੂ ਰਹੇ ਹਨ। 1 ਵਾਰ ਇੰਗਲੈਂਡ, 1 ਵਾਰ ਸ੍ਰੀਲੰਕਾ ਤੇ 1 ਵਾਰ ਪਾਕਿਸਤਾਨ ਨੇ ਕੱਪ ਜਿੱਤਿਆ ਹੈ। ਕੁਲ 6 ਮੁਲਕ ਹੀ ਹਨ ਜਿਨ੍ਹਾਂ ਕੋਲ ਆਈਸੀਸੀ ਦੀ ਅਸਲੀ ਟਰਾਫੀ ਦਾ ਨਕਲੀ ਨਮੂਨਾ ਹੈ ਜਿਸਨੂੰ ਰੈਪਲੀਕਾ ਕਿਹਾ ਜਾਂਦੈ। ਨਕਲੀ ਨਮੂਨੇ `ਤੇ ਫਿਰ ਕੋਈ ਪੈਰ ਧਰ ਲਵੇ, ਹੱਥਾਂ `ਚ ਚੁੱਕ ਲਵੇ ਜਾਂ ਸਿਰ ਉਤੇ ਧਰੀ ਰੱਖੇ, ਕੋਈ ਫਰਕ ਨਹੀਂ ਪੈਂਦਾ। ਕੋਈ ਅਦਬ ਜਾਂ ਬੇਅਦਬੀ ਨਹੀਂ ਹੁੰਦੀ। ਆਸਟ੍ਰੇਲੀਆ ਦੇ ਇਕ ਖਿਡਾਰੀ ਨੇ ਜੇ ਰਿਲੈਕਸ ਹੁੰਦਿਆਂ ਨਕਲੀ ਟਰਾਫੀ `ਤੇ ਪੈਰ ਰੱਖ ਲਿਆ ਤਾਂ ਕੋਈ ਲੋਹੜਾ ਨਹੀਂ ਆ ਗਿਆ! ਇਸਦੇ ਫਜ਼ੂਲ ਅਰਥ ਨਹੀਂ ਕੱਢੇ ਜਾਣੇ ਚਾਹੀਦੇ। ਹਾਂ ਜਿਹੜੇ ਟਰਾਫੀ ਜਿੱਤਣ ਲਈ ਵਿਖਾਵੇ ਦੇ ਕਰਮ-ਕਾਂਡਾਂ ਦਾ ਸਹਾਰਾ ਲੈਂਦੇ ਰਹੇ, ਉਨ੍ਹਾਂ ਨੂੰ ਜ਼ਰੂਰ ਫਰਕ ਪਿਆ ਹੋਊ। ਜਾਂ ਫਿਰ ਜਿਨ੍ਹਾਂ ਨੇ ਕੱਪ ਜਿੱਤਣ ਨਾਲ ਸਿਆਸੀ ਲਾਹੇ ਲੈਣੇ ਸਨ ਉਨ੍ਹਾਂ ਨੂੰ ਫਰਕ ਪਿਆ ਹੋਊ!
ਖੇਡ `ਚ ਹਾਰ-ਜਿੱਤ ਖੇਡ ਭਾਵਨਾ ਨਾਲ ਲੈਣੀ ਚਾਹੀਦੀ ਹੈ। ਜਿੱਤ ਜਾਣ `ਤੇ ਆਫਰਨਾ ਨੀ ਚਾਹੀਦਾ ਤੇ ਹਾਰ ਜਾਣ `ਤੇ ਢੇਰੀ ਨਹੀਂ ਢਾਹੁਣੀ ਚਾਹੀਦੀ। ਦੁਨੀਆ `ਚ ਦਰਜਨਾਂ ਖੇਡਾਂ ਦੇ ਵਰਲਡ ਕੱਪ ਹੁੰਦੇ ਹਨ। ਕੋਈ ਸਾਲ ਬਾਅਦ, ਕੋਈ ਦੋ ਸਾਲ ਤੇ ਕੋਈ ਚਾਰ ਸਾਲਾਂ ਬਾਅਦ। ਭਾਗ ਲੈ ਰਹੀਆਂ ਟੀਮਾਂ `ਚੋਂ ਜਿੱਤਣਾ ਕਿਸੇ ਇਕ ਨੇ ਹੀ ਹੁੰਦਾ। ਮੈਚਾਂ ਦੀਆਂ ਹਾਰਾਂ ਜਿੱਤਾਂ ਜੋੜ ਕੇ ਅਖ਼ੀਰ `ਚ ਸੂਚੀ ਬਣ ਜਾਂਦੀ ਹੈ ਕਿ ਕਿਹੜੀ ਟੀਮ ਕਿਹੜੇ ਸਥਾਨ `ਤੇ ਰਹੀ? 2023 ਦੇ ਕ੍ਰਿਕਟ ਕੱਪ ਵਿਚ ਆਸਟ੍ਰੇਲੀਆ ਦਾ ਪਹਿਲਾ ਸਥਾਨ ਹੈ, ਭਾਰਤ ਦਾ ਦੂਜਾ ਤੇ ਇੰਗਲੈਂਡ ਦਾ ਦਸਵਾਂ। 2017 ਦੇ ਵਰਲਡ ਕੱਪ ਵਿਚ ਇੰਗਲੈਂਡ ਪਹਿਲੇ ਸਥਾਨ `ਤੇ ਸੀ। ਪਿੱਟਣਾ ਤਾਂ ਉਸਨੂੰ ਚਾਹੀਦਾ ਸੀ ਪਰ ਪਿੱਟੀ ਭਾਰਤ ਜਾਂਦੈ! ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਭਾਰਤ ਕ੍ਰਿਕਟ ਦਾ ਏਨਾ ਲਾਈ ਲੱਗ ਕਿਉਂ ਹੈ? ਹਾਕੀ ਜਾਂ ਹੋਰਨਾਂ ਖੇਡਾਂ ਦਾ ਕਿਉਂ ਨਹੀਂ?
ਭਾਰਤ ਕੋਲ ਹਾਕੀ ਦੀ ਖੇਡ ਹੀ ਹੈ ਜਿਸ ਵਿਚ ਇਸ ਨੇ ਓਲੰਪਿਕ ਖੇਡਾਂ `ਚੋਂ ਸਭ ਤੋਂ ਵੱਧ ਗੋਲਡ ਮੈਡਲ ਜਿੱਤੇ ਹਨ। 1928 ਤੋਂ ਹਾਕੀ ਦੀ ਖੇਡ ਵਿਚ ਭਾਰਤ ਦਾ ਵਿਸ਼ੇਸ਼ ਸਥਾਨ ਰਿਹੈ। ਪਰ ਇਨਾਮਾਂ ਸਨਮਾਨਾਂ ਤੇ ਮਸ਼ਹੂਰੀ ਪੱਖੋਂ ਹਾਕੀ ਦੇ ਓਲੰਪਿਕ ਜੇਤੂ ਕ੍ਰਿਕਟ ਖਿਡਾਰੀਆਂ ਦੇ ਪਾਪਾਸਕ ਵੀ ਨਹੀਂ ਸਮਝੇ ਜਾ ਰਹੇ। ਵਿਸ਼ਵ ਦੇ ਅੱਵਲ ਨੰਬਰ ਹਾਕੀ ਖਿਡਾਰੀ ਬਲਬੀਰ ਸਿੰਘ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਨਾਲ ਹੀ ਸਨਮਾਨਿਤ ਕੀਤਾ ਹੈ ਜਦਕਿ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਨੂੰ ਭਾਰਤ ਰਤਨ ਨਾਲ ਨਿਵਾਜਿਆ ਹੈ। ਉਹ ਲਾਰਡਾਂ ਦੀ ਖੇਡ ਕ੍ਰਿਕਟ ਜੁ ਖੇਡਦਾ ਹੋਇਆ!
ਕੁਝ ਸੁਆਲ ਮਨ `ਚ ਉਠਦੇ ਹਨ। ਕ੍ਰਿਕਟ ਦਾ ਵਰਲਡ ਕੱਪ ਭਾਰਤ ਨੇ ਦੋ ਵਾਰ ਜਿੱਤਿਆ ਹੈ ਤੇ ਕ੍ਰਿਕਟ ਦੀ ਆਈਪੀਐੱਲ ਵੀ ਕਰਾਈ ਜਾ ਰਿਹੈ। ਕੀ ਉਹ 140 ਕਰੋੜ ਭਾਰਤੀਆਂ ਦੀ ਜਨਸੰਖਿਆ ਨਾਲ 2024 ਦੀਆਂ ਪੈਰਿਸ ਵਿਖੇ ਹੋ ਰਹੀਆਂ ਓਲੰਪਿਕ ਖੇਡਾਂ `ਚੋਂ ਹਿੱਸੇ ਬਹਿੰਦੇ ਮੈਡਲ ਹਾਸਲ ਕਰ ਸਕੇਗਾ? ਕੀ ਬਰਾਬਰ ਦੇ ਗੁਆਂਢੀ ਦੇਸ਼ ਚੀਨ ਤੋਂ ਚੌਥਾ ਹਿੱਸਾ ਹੀ ਮੈਡਲ ਜਿੱਤ ਸਕੇਗਾ? ਕੀ ਹਮੇਸ਼ਾਂ ਪਛੜੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਹੀ ਮੁਕਾਬਲਾ ਕਰੀ ਜਾਵੇਗਾ! ਫੁੱਟਬਾਲ ਦਾ ਵਰਲਡ ਕੱਪ ਖੇਡਣ ਲਈ ਕਦੋਂ ਕੁਆਲੀਫਾਈ ਕਰੇਗਾ ਤੇ ਹਾਕੀ ਦਾ ਵਰਲਡ ਕੱਪ ਦੂਜੀ ਵਾਰ ਕਦੋਂ ਜਿੱਤੇਗਾ? ਹੋਰ ਕਿਹੜੀਆਂ ਖੇਡਾਂ ਨੇ ਜਿਨ੍ਹਾਂ `ਚ ਕੋਈ ਮਾਅਰਕਾ ਮਾਰੇਗਾ? ਪੰਜ ਸੱਤ ਨਹੀਂ, ਓਲੰਪਿਕ ਖੇਡਾਂ ਵਿਚ ਅਠਾਈ ਸਪੋਰਟਸ ਹਨ ਤੇ ਸੈਂਕੜੇ ਈਵੈਂਟਸ। ਭਾਰਤ ਕੋਲ ਕ੍ਰਿਕਟ ਲਈ ਤਾਂ ਅਰਬਾਂ ਖਰਬਾਂ ਰੁਪਏ ਹਨ, ਹੋਰਨਾਂ ਖੇਡਾਂ ਲਈ ਕਰੋੜਾਂ ਵੀ ਕਿਉਂ ਨਹੀਂ? ਇਹਦਾ ਕਾਰਨ ਕਿਤੇ ਕ੍ਰਿਕਟ ਦਾ ਲਾਰਡਾਂ ਦੀ ਮਹਿਬੂਬ ਖੇਡ ਤੇ ਅੰਡਰਵਰਲਡ ਦੇ ਵੈੱਲੀਆਂ ਦੀ ਰਖੇਲ ਹੋਣਾ ਤਾਂ ਨਹੀਂ?