ਸੰਵਾਦ ਅਤੇ ਸਬਰ ਦਾ ਸੁਨੇਹਾ

ਸੰਸਾਰ ਭਰ ਵਿਚ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਵੱਖ-ਵੱਖ ਗੁਰਦੁਆਰਿਆਂ ਵਿਚ ਕਥਾ-ਕੀਰਤਨ ਦਾ ਪ੍ਰਵਾਹ ਚੱਲਿਆ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਸਬੰਧਿਤ ਸਮਾਗਮ ਵੀ ਹੋਏ ਅਤੇ ਸੋਸ਼ਲ ਮੀਡੀਆ ਉਤੇ ਵੀ ਇਸ ਸਬੰਧੀ ਖੂਬ ਗਹਿਮਾ-ਗਹਿਮੀ ਰਹੀ।

ਉਂਝ, ਇਸ ਦੌਰਾਨ ਨਿਊਯਾਰਕ ਦੇ ਲੌਂਗ ਆਈਲੈਂਡ ਗੁਰਦੁਆਰੇ ਵਿਚ ਕੁਝ ਲੋਕਾਂ ਨੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਘੇਰ ਕੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ। ਖਬਰਾਂ ਹਨ ਕਿ ਕੁਝ ਲੋਕ ਭਾਰਤੀ ਸਫੀਰ ਤੋਂ ਕੈਨੇਡਾ ਵਿਚ ਕਤਲ ਹੋਏ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਬਾਰੇ ਸਵਾਲ ਕਰ ਰਹੇ ਸਨ। ਯਾਦ ਰਹੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਸੰਸਦ ਵਿਚ ਆਪਣੇ ਸੰਬੋਧਨ ਦੌਰਾਨ ਇਹ ਦੋਸ਼ ਲਾਏ ਸਨ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤੀ ਦੀਆ ਖੁਫੀਆ ਏਜੰਸੀਆਂ ਦਾ ਹੱਥ ਹੋਣ ਦੇ ਵੇਰਵੇ ਮਿਲੇ ਹਨ। ਬਾਅਦ ਵਿਚ ਇਹ ਤੱਥ ਸਪਸ਼ਟ ਹੋਇਆ ਕਿ ਕੈਨੇਡਾ ਨਾਲ ਇਹ ਵੇਰਵੇ ਅਮਰੀਕਾ ਨੇ ਆਪਣੀਆਂ ਖੁਫੀਆ ਰਿਪੋਰਟਾਂ ਦੇ ਆਧਾਰ ‘ਤੇ ਸਾਂਝੇ ਕੀਤੇ ਸਨ।
ਇਹ ਮਸਲਾ ਇਕਦਮ ਭਖਣ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਆਪਸੀ ਸਬੰਧਾਂ ਉਤੇ ਡਾਢਾ ਮਾੜਾ ਅਸਰ ਪਿਆ ਸੀ ਅਤੇ ਭਾਰਤ ਸਰਕਾਰ ਨੇ ਰੋਸ ਵਜੋਂ ਕੈਨੇਡੀਅਨ ਨਾਗਰਿਕਾਂ ਨੂੰ ਨਵੇਂ ਵੀਜ਼ੇ ਦੇਣ ‘ਤੇ ਰੋਕ ਲਾ ਦਿੱਤੀ ਸੀ। ਇਸ ਤੋਂ ਬਾਅਦ ਦੋਹਾਂ ਮੁਲਕਾਂ ਨੇ ਸਫਾਰਤਖਾਨਿਆਂ ਦੇ ਇਕ-ਇਕ ਅਧਿਕਾਰੀ ਨੂੰ ਆਪੋ-ਆਪਣੇ ਦੇਸ ਵਾਪਸ ਤੋਰ ਦਿੱਤਾ ਸੀ। ਗੱਲ ਹੋਰ ਵਿਗੜੀ ਤਾਂ ਭਾਰਤ ਦੇ ਕਹਿਣ ‘ਤੇ ਕੈਨੇਡਾ ਨੇ ਆਪਣੇ 41 ਹੋਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਸੀ। ਹੁਣ ਵੀ ਇਸ ਮਸਲੇ ‘ਤੇ ਦੋਹਾਂ ਮੁਲਕਾਂ ਵਿਚਕਾਰ ਤਣਾਅ ਵਾਲੀ ਹਾਲਤ ਹੈ। ਹਾਲ ਹੀ ਵਿਚ ਅਮਰੀਕਾ ਵਿਚ ਲੀਕ ਹੋਈ ਇਕ ਹੋਰ ਖੁਫੀਆ ਰਿਪੋਰਟ ਨੇ ਵੀ ਵਾਹਵਾ ਰੱਫੜ ਵਧਾ ਦਿੱਤਾ। ਇਹ ਰਿਪੋਰਟ ‘ਸਿੱਖਸ ਫਾਰ ਜਸਟਿਸ’ ਦੇ ਕਰਤਾ-ਧਰਤਾ, ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੀ ਜਾਨ ਨੂੰ ਖਤਰੇ ਬਾਰੇ ਸੀ। ਇਹ ਖਬਰਾਂ ਅਜੇ ਚੱਲ ਹੀ ਰਹੀਆਂ ਸਨ ਕਿ ਨਿਊ ਯਾਰਕ ਵਿਚ ਭਾਰਤੀ ਸਫੀਰ ਨੂੰ ਘੇਰਨ ਦੀ ਕੋਸ਼ਿਸ਼ ਵਾਲਾ ਮਸਲਾ ਸਾਹਮਣੇ ਆ ਗਿਆ।
ਬਿਨਾਂ ਸ਼ੱਕ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਨੂੰ ਲੋਕ ਸਵਾਲ ਪੁੱਛ ਸਕਦੇ ਹਨ ਪਰ ਸਵਾਲ ਪੁੱਛਣ ਵਾਲਿਆਂ ਨੇ ਜੋ ਢੰਗ-ਤਰੀਕਾ ਅਪਣਾਇਆ, ਉਸ ਬਾਰੇ ਕਿੰਤੂ-ਪ੍ਰੰਤੂ ਹੋ ਰਹੇ ਹਨ। ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਗੁਰਦੁਆਰੇ ਮੱਥਾ ਟੇਕਣ ਗਏ ਸਨ। ਉਹ ਭਾਵੇਂ ਅਮਰੀਕਾ ਵਿਚ ਭਾਰਤ ਸਰਕਾਰ ਦੇ ਨੁਮਾਇੰਦੇ ਹਨ ਪਰ ਵਿਚਾਰਾਂ ਦਾ ਵਖਰੇਵਾਂ ਧਾਰਮਿਕ ਸਥਾਨਾਂ `ਤੇ ਜਾਣ ਵਿਚ ਕਦੀ ਰੁਕਾਵਟ ਨਹੀਂ ਬਣਿਆ। ਉਂਝ ਵੀ ਧਾਰਮਿਕ ਸਥਾਨ ਕਿਸੇ ਇਕ ਧੜੇ ਦੇ ਨਹੀਂ ਹੁੰਦੇ ਸਗੋਂ ਸਮੁੱਚੇ ਭਾਈਚਾਰੇ ਦੇ ਹੁੰਦੇ ਹਨ। ਅੱਜ ਤੱਕ ਗੁਰਦੁਆਰਿਆਂ ਦੀ ਮਰਿਆਦਾ ਸਾਰਿਆਂ ਨੂੰ ਜੀ ਆਇਆਂ ਕਹਿਣ ਵਾਲੀ ਰਹੀ ਹੈ ਅਤੇ ਹੁਣ ਵੀ ਹੈ। ਇਕ ਤੱਥ ਹੋਰ ਵੀ ਧਿਆਨ ਵਿਚ ਰੱਖਣ ਵਾਲਾ ਹੈ। ਤਰਨਜੀਤ ਸਿੰਘ ਸੰਧੂ ਦਾ ਸਬੰਧ ਅਜਿਹੇ ਪਰਿਵਾਰ ਨਾਲ ਹੈ ਜਿਸ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਅਤੇ ਉਨ੍ਹਾਂ ਵੇਲਿਆਂ ਦੌਰਾਨ ਚੱਲੀ ਗੁਰਦੁਆਰਾ ਸੁਧਾਰ ਲਹਿਰ `ਚ ਡਟ ਕੇ ਹਿੱਸਾ ਲਿਆ ਸੀ। ਉਹ ਉੱਘੇ ਅਕਾਲੀ ਆਗੂ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਹੈ। ਚੇਤੇ ਰਹੇ ਕਿ ਤੇਜਾ ਸਿੰਘ ਸਮੁੰਦਰੀ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਸੁੰਦਰ ਸਿੰਘ ਲਾਇਲਪੁਰੀ, ਮੰਗਲ ਸਿੰਘ, ਸਰਦੂਲ ਸਿੰਘ ਕਵੀਸ਼ਰ, ਹੀਰਾ ਸਿੰਘ ਦਰਦ ਅਤੇ ਹੋਰ ਆਗੂਆਂ ਦੁਆਰਾ ਅਕਾਲੀ ਅਖ਼ਬਾਰ ਸ਼ੁਰੂ ਕਰਨ `ਚ ਵੀ ਸਹਿਯੋਗ ਦਿੱਤਾ। ਜੇਲ੍ਹ ਕੱਟੀ। ਦਰਬਾਰ ਸਾਹਿਬ ਕੰਪਲੈਕਸ `ਚ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਉਨ੍ਹਾਂ ਦੀ ਯਾਦ ਨੂੰ ਹੀ ਸਮਰਪਿਤ ਹੈ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀਆਂ ਵਿਚੋਂ ਸਨ। ਉਨ੍ਹਾਂ ਨੇ ਸਰਹਾਲੀ ਅਤੇ ਲਾਇਲਪੁਰ ਵਿਚ ਸਿੱਖ ਵਿਦਿਅਕ ਅਦਾਰੇ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੇ ਪੁੱਤਰ ਅਤੇ ਤਰਨਜੀਤ ਸਿੰਘ ਸੰਧੂ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਅੰਮ੍ਰਿਤਸਰ ਵਿਚ ਬਣਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਨੀ ਵਾਈਸ ਚਾਂਸਲਰ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ।
ਇਹ ਤੱਥ ਨੋਟ ਕਰਨ ਵਾਲਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਿੱਖ ਭਾਈਚਾਰੇ, ਖਾਸ ਕਰ ਕੇ ਜੋ ਵਿਦੇਸ਼ਾਂ ਵਿਚ ਵੱਸਦਾ ਹੈ, ਅੰਦਰ ਕੱਟੜ ਆਗੂਆਂ ਅਤੇ ਕਾਰਕੁਨਾਂ ਦਾ ਦਬਦਬਾ ਵਧ ਰਿਹਾ ਹੈ। ਨਿਊ ਯਾਰਕ ਵਾਲੀ ਘਟਨਾ ਇਸੇ ਦਾਬੇ ਦੀ ਇਕ ਮਿਸਾਲ ਹੈ। ਗੁਰੂ ਸਾਹਿਬਾਨ ਨੇ ਅਵਾਮ ਨੂੰ ਸਦਾਹੀ ਸੰਵਾਦ, ਸਬਰ ਅਤੇ ਸੰਜਮ ਦਾ ਸੁਨੇਹਾ ਦਿੱਤਾ। ਪਹਿਲੇ ਪਾਤਿਸ਼ਾਹ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਰਚਨਾ ‘ਸਿੱਧ ਗੋਸਟਿ’ ਤੋਂ ਲੈ ਕੇ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਜ਼ਫਰਨਾਮਾ’ ਤੱਕ ਸੰਵਾਦ ਰਚਾਉਣ ਦੀ ਰਵਾਇਤ ਰਹੀ ਹੈ। ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿਚ ਫਰਮਾਇਆ ਹੈ: ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ ਉਨ੍ਹਾਂ ਨੇ ਤਾਂ ਕੁਝ ਕਹਿਣ ਤੋਂ ਵੀ ਪਹਿਲਾਂ ਸੁਣਨ ਦਾ ਸੁਨੇਹਾ ਦਿੱਤਾ ਹੈ। ਫਿਰ ਅਸੀਂ ਗੁਰ-ਅਸਥਾਨਾਂ ‘ਤੇ ਸ਼ਰਧਾਲੂ ਬਣ ਕੇ ਆ ਰਹੇ ਲੋਕਾਂ ਨਾਲ ਅਜਿਹਾ ਵਿਹਾਰ ਕਿਵੇਂ ਕਰ ਸਕਦੇ ਹਾਂ! ਇਸ ਤਰ੍ਹਾਂ ਦੀ ਅਰਾਜਕਤਾ ਦਾ ਤਾਂ ਫਿਰ ਕੋਈ ਅੰਤ ਹੀ ਨਹੀਂ ਰਹੇਗਾ। ਅਜਿਹੀ ਕੱਟੜਤਾ ਆਮ ਲੋਕਾਂ ਨਾਲ ਦੂਰੀਆਂ ਹੀ ਵਧਾਏਗੀ। ਸਿੱਖ ਆਗੂਆਂ ਨੂੰ ਇਸ ਮਸਲੇ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਅਤੇ ਭਾਈਚਾਰੇ ਅੰਦਰ ਪਨਪ ਰਹੇ ਅਜਿਹੇ ਰੁਝਾਨਾਂ ਨੂੰ ਠੱਲ੍ਹ ਪਾਉਣ ਲਈ ਹੀਲੇ-ਵਸੀਲੇ ਕਰਨੇ ਚਾਹੀਦੇ ਹਨ। ਅਜਿਹੀਆਂ ਸਰਗਰਮੀਆਂ ਨਾਲ ਚਾਰ ਦਿਨ ਚਰਚਾ ਤਾਂ ਜ਼ਰੂਰ ਹੋ ਜਾਂਦੀ ਹੈ ਪਰ ਅੰਤਿਮ ਰੂਪ ਵਿਚ ਗੱਲ ਕਿਸੇ ਤਣ-ਪੱਤਣ ਨਹੀਂ ਲੱਗਦੀ।