‘ਸੁੱਚਾ ਗੁਲਾਬ’ ਇੱਕ ਸੁੱਚੀ ਲਿਖਤ

ਵਰਿਆਮ ਸਿੰਘ ਸੰਧੂ
ਅਮਰੀਕਾ ਵੱਸਦੀ ਗਲਪਕਾਰ ਅਮਰਜੀਤ ਪੰਨੂੰ ਪਰਵਾਸੀ ਪੰਜਾਬੀ ਕਹਾਣੀ ਵਿੱਚ ਜਾਣਿਆ-ਪਛਾਣਿਆ ਨਾਂ ਹੈ। ਹੁਣੇ ਜਿਹੇ ਉਸਦਾ ਨਵਾਂ ਕਹਾਣੀ ਸੰਗ੍ਰਹਿ ‘ਸੁੱਚਾ ਗੁਲਾਬ’ ਪ੍ਰਕਾਸ਼ਿਤ ਹੋਇਆ ਹੈ। ਇਸਤੋਂ ਪਹਿਲਾਂ ਵੀ ਉਸਦੇ ਦੋ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। ਇੱਕ ਨਾਵਲ ਅੰਗਰੇਜ਼ੀ ਵਿਚ ਵੀ ਛਪਿਆ ਹੈ। ਅੱਜ ਅਸੀਂ ‘ਸੁੱਚਾ ਗੁਲਾਬ’ ਬਾਰੇ ਗੱਲ ਕਰਨੀ ਹੈ। ਇਸ ਵਿਚ ਉਹਦੀਆਂ ਗਿਆਰਾਂ ਕਹਾਣੀਆਂ ਸ਼ਾਮਲ ਹਨ।

ਇਨ੍ਹਾਂ ਕਹਾਣੀਆਂ ਵਿਚ ਪਰਵਾਸ ਭੋਗਦੇ ਪੰਜਾਬੀਆਂ ਦੇ ਜੀਵਨ ਦੀਆਂ ਵਿਭਿੰਨ ਝਾਕੀਆਂ ਪ੍ਰਸਤੁੱਤ ਹੋਈਆਂ ਹਨ। ਪਰਵਾਸ ਧਾਰਨ ਕਰਨ ਵਾਲੇ ਲੋਕ ਆਪਣੇ ਮੂਲ ਸਭਿਆਚਾਰ ਨਾਲ ਜੁੜੇ ਜੜ੍ਹ-ਸੰਸਕਾਰ ਵੀ ਲੈ ਕੇ ਆਉਂਦੇ ਹਨ। ਇਨ੍ਹਾਂ ਸੰਸਕਾਰਾਂ ਦਾ ਮੂਲ ਅਮਰੀਕੀ ਸਭਿਆਚਾਰ ਨਾਲ ਇਕ ਤਨਾਓਸ਼ੀਲ ਤੇ ਟਕਰਾਵਾਂ ਰਿਸ਼ਤਾ ਬਣਦਾ ਹੈ। ਪਰਵਾਸ ਵਿਚ ਰਹਿੰਦਿਆਂ ਪੁਰਾਣੇ ਸਭਿਆਚਾਰ ਦੀਆਂ ਵਧੀਆਂ ਹੋਈਆਂ ਨੁੱਕਰਾਂ ਜਦੋਂ ਮੂਲ ਸਭਿਆਚਾਰ ਨਾਲ ਟਕਰਾਉਂਦੀਆਂ ਹਨ ਤਾਂ ਇਸ ਵਿਚੋਂ ਚੰਗਿਆੜੇ ਵੀ ਨਿਕਲਦੇ ਹਨ, ਤਿੱਖੀਆਂ ਨੁਕਰਾਂ ਭੁਰ ਕੇ ਗੋਲ ਵੀ ਹੁੰਦੀਆਂ ਹਨ ਤੇ ਨਵੇਂ ਸਭਿਆਚਾਰਕ ਵਹਾਉ ਮੁਤਾਬਕ ਰਵਾਂ ਚਾਲ ਵਿਚ ਢਲਣਾ ਵੀ ਸਿੱਖ ਜਾਂਦੀਆਂ ਹਨ। ਚੰਗੇ ਸਾਹਿਤਕਾਰ ਕੋਲ ਸਮੁੱਚੇ ਵਰਤਾਰੇ ਨੂੰ ਸਮਝਣ ਵਾਲੀ ਨਜ਼ਰ ਚਾਹੀਦੀ ਹੈ। ਲੇਖਕ ਜੀਵਨ ਦੇ ਖਿਲਾਰੇ ਵਿਚੋਂ ਜਦੋਂ ਲਿਖਣ ਲਈ ਵਸਤੂ ਦੀ ਚੋਣ ਕਰਦਾ ਹੈ ਤਾਂ ਇਸ ਪਿੱਛੇ ਉਹਦਾ ਵਿਸ਼ੇਸ਼ ਨਜ਼ਰੀਆ ਹੀ ਕੰਮ ਕਰਦਾ ਹੈ। ਉਹ ਹਿਮਾਲਾ ਪਹਾੜ ਨਹੀਂ ਚੁੱਕਦਾ। ਉਹ ਸੰਜੀਵਨੀ ਬੂਟੀ ਚੁੱਕਦਾ ਹੈ, ਜਾਂ ਚੁੱਕਣੀ ਹੈ। ਪਰ ਲੇਖਕ ਕੋਲ ਸੰਜੀਵਨੀ ਬੂਟੀ ਲੱਭਣ ਦੀ ਨਜ਼ਰ ਚਾਹੀਦੀ ਹੈ। ਨਹੀਂ ਤਾਂ ਫਾਲਤੂ ਦਾ ਝਾੜ-ਬੂਟ ਪੁੱਟ ਲਿਆਵੇਗਾ। ਅਮਰਜੀਤ ਪੰਨੂ ਕੋਲ ਇਹ ਨਜ਼ਰੀਆ ਹੈ। ਉਹ ਜਾਣਦੀ ਹੈ ਕਿ ਵਸਤੂ-ਚੋਣ ਕਰਨ ਲੱਗਿਆਂ ਉਸਨੇ ਕੀ ਰੱਖਣਾ ਤੇ ਕੀ ਛੱਡਣਾ ਹੈ।
ਅਸੀਂ ਇਨ੍ਹਾਂ ਕਹਾਣੀਆਂ ਦੀ ਗੱਲ ਕਰਨ ਲੱਗਿਆਂ ਇਸ ਨਜ਼ਰੀਏ ਦੇ ਹਵਾਲੇ ਨਾਲ ਬਹੁਤੀ ਗੱਲ ਕਰਨੀ ਹੈ। ਭਾਵੇਂ ਕਿ ਅਸੀਂ ਇਹ ਵੀ ਵੇਖਾਂਗੇ ਕਿ ਵਿਸ਼ੇਸ਼ ਨਜ਼ਰੀਏ ਤੋਂ ਚੁਣੀ ਵਸਤੂ ਨੂੰ ਕਹਾਣੀ ਵਿਚ ਢਾਲਦਿਆਂ ਉਹ ਕਹਾਣੀ ‘ਬਣਾ’ ਵੀ ਸਕੀ ਹੈ ਜਾਂ ਨਹੀਂ? ਇੰਝ ਸਹਿਵਨ ਹੀ ਅਸੀਂ ਉਹਦੀ ਕਹਾਣੀ ਕਹਿਣ ਦੀ ਜੁਗਤ ਨੂੰ ਵੀ ਵੇਖਣ ਪੜਤਾਲਣ ਦੀ ਕੋਸ਼ਿਸ਼ ਕਰਾਂਗੇ।
ਪਹਿਲਾਂ ਅਸੀਂ ‘ਸੁੱਚਾ ਗੁਲਾਬ’ ਕਹਾਣੀ ਬਾਰੇ ਗੱਲ ਕਰਦੇ ਹਾਂ। ਇਹ ਸੁੱਚੀ ਮੁਹੱਬਤ ਦੀ, ਸੁੱਚੇ ਅੰਦਾਜ਼ ਵਿਚ ਲਿਖੀ ਕਹਾਣੀ ਹੈ। ਇਹ ਮੁਹੱਬਤ ਵਿਚ ਸਮਰਪਣ ਦੀ ਕਹਾਣੀ ਹੈ। ‘ਸੁੱਚਾ ਗੁਲਾਬ’ ਸੂਖ਼ਮ ਅਹਿਸਾਸ ਦੀ ਕਹਾਣੀ ਹੈ। ਜਸਟਿਨ ਮਰ ਕੇ ਵੀ ਸੁਖਬੀਰ ਦੇ ਚੇਤਿਆਂ ਵਿਚ ਜਿਊਂਦਾ ਰਹਿੰਦਾ ਹੈ। ਉਮਰ ਭਰ ਉਹ ਉਹਦੀ ਯਾਦ ਵਿਚ ਕਦੀ ਦੁੱਖ ਵਿਚ ਤਪਦੀ ਹੈ, ਕਦੀ ਸਹਿਜ ਮੁਹੱਬਤ ਦੀ ਬਰਸਾਤ ਵਿਚ ਭਿੱਜਦੀ ਰਹੀ ਹੈ। ਜਸਟਿਨ ਉਹਦੀ ਜ਼ਿੰਦਗੀ ਵਿਚ ਅਚਨਚੇਤ ਪ੍ਰਵੇਸ਼ ਕਰਦਾ ਹੈ ਤੇ ਅਚਨਚੇਤ ਹੀ ਕੈਂਸਰ ਦੀ ਬੀਮਾਰੀ ਨਾਲ ਉਹਦੇ ਜੀਵਨ ਵਿਚੋਂ ਗ਼ੈਰ-ਹਾਜ਼ਰ ਹੋ ਜਾਂਦਾ ਹੈ। ਆਪਣੇ ਮਿਲਾਪ ਦੇ ਨਿੱਕੇ ਜਿਹੇ ਕਾਲ-ਖੰਡ ਵਿਚ ਉਹ ਇੱਕ ਦੂਜੇ ਨਾਲ ਮੁਹੱਬਤ ਦੇ ਸੂਖ਼ਮ ਰਿਸ਼ਤੇ ਵਿਚ ਬੱਝ ਜਾਂਦੇ ਹਨ। ਦੋਵੇਂ ਇੱਕ ਦੂਜੇ ਨੂੰ ਸਮਰਪਿਤ ਹੋ ਜਾਂਦੇ ਹਨ। ਪਰ ਹੋਣੀ ਵਾਪਰਦੀ ਹੈ ਤੇ ਜਸਟਿਨ ਲੁਕੀਮੀਆ ਦਾ ਸ਼ਿਕਾਰ ਹੋ ਕੇ ਸਦੀਵੀ ਦਰਦ ਦੇ ਕੇ ਸੁਖਬੀਰ ਦੇ ਜੀਵਨ ਵਿਚੋਂ ਅਲੋਪ ਹੋ ਜਾਂਦਾ ਹੈ। ਪਰ ਕੀ ਉਹ ਚਲਾ ਗਿਆ ਹੈ? ਮੈਨੂੰ ਪ੍ਰਵੀਨ ਸ਼ਾਕਿਰ ਦਾ ਇੱਕ ਸ਼ਿਅਰ ਯਾਦ ਆ ਰਿਹਾ ਹੈ:
ਵੋਹ ਤੋ ਖ਼ੁਸ਼ਬੂ ਹੈ, ਹਵਾਉਂ ਮੇਂ ਬਿਖ਼ਰ ਜਾਏਗਾ।
ਮਸਲਾ ਫੂਲ ਕਾ ਹੈ, ਫੂਲ ਕਿਧਰ ਜਾਏਗਾ?
ਜਸਟਿਨ ਤਾਂ ਖ਼ੁਸ਼ਬੂ ਬਣ ਕੇ ਹਵਾਵਾਂ ਵਿੱਚ ਬਿਖ਼ਰ ਗਿਆ ਹੈ, ਪਰ ਪਿੱਛੇ ਖੁਸ਼ਬੂ-ਰਹਿਤ ਫੁੱਲ ਬਣੀ ਸੁਖਬੀਰ ਉਮਰ ਭਰ ਦਾ ਵੈਰਾਗ਼ ਕਲੇਜੇ ਨਾਲ ਲਾ ਕੇ ਬਹਿ ਜਾਂਦੀ ਹੈ। ਵੇਖਣ ਨੂੰ ਪਹਿਲੀ ਸਤਹ ਤੇ ‘ਸੁੱਚਾ ਗੁਲਾਬ’ ਨਾਂ ਜਸਟਿਨ ਨੂੰ ਸਮਰਪਿਤ ਹੈ। ਸੁੱਚਾ ਉਹ ਇਸ ਕਰ ਕੇ ਹੈ ਕਿ ਉਹਦੇ ਰਿਸ਼ਤੇ ਵਿਚ ਕੋਈ ਮੈਲ਼ ਨਹੀਂ। ਪ੍ਰੇਮਿਕਾ ਦਾ ਸਰੀਰ ਭੋਗਣ ਦੀ ਲਾਲਸਾ ਨਾਲੋਂ ਵਧੇਰੇ ਉਹਦੀ ਪ੍ਰੀਤ ਸਹਿਜ ਪ੍ਰੀਤ ਹੈ। ਇਹ ਰਿਸ਼ਤਾ ਸਰੀਰਕ ਨਾਲੋਂ ਆਤਮਿਕ ਵਧੇਰੇ ਸੀ। ਤੇ ਇਹ ਪ੍ਰਸਪਰ ਰਿਸ਼ਤਾ ਦੋਵਾਂ ਪਾਤਰਾਂ ਵੱਲੋਂ ਸੀ। ਸੁੱਚਾ ਗੁਲਾਬ ਜਸਟਿਨ ਹੀ ਨਹੀਂ ਸਗੋਂ ਸੁਖਬੀਰ ਵੀ ਸੁੱਚਾ ਗੁਲਾਬ ਹੀ ਹੈ। ਕਹਾਣੀ ਦਾ ਨਾਂ ਇੱਕੋ ਵੇਲੇ ਕਈ ਅਰਥਾਂ ਵਿਚ ਰੌਸ਼ਨ ਹੁੰਦਾ ਹੈ। ਸੁੱਚਾ ਗੁਲਾਬ ਦੋਵੇਂ ਪ੍ਰੇਮੀ ਵੀ ਹਨ ਤੇ ਸੁੱਚੇ ਗੁਲਾਬ ਵਰਗੀ ਹੀ ਉਨ੍ਹਾਂ ਦੀ ਮੁਹੱਬਤ ਹੈ।
ਸੁੱਚਾ ਗੁਲਾਬ ਨਾਂ ਵੀ ਕਾਵਿਕ ਹੈ ਤੇ ਪ੍ਰਤੀਕਾਤਮਕ। ਮੁਹੱਬਤ ਦਾ ਪ੍ਰਤੀਕ। ਰਿਸ਼ਤੇ ਦੀ ਖ਼ੁਸ਼ਬੂ ਹੈ ਇਸ ਵਿਚ। ਇਸ ਰਿਸ਼ਤੇ ਵਿਚ ਭਿੱਜੀਆਂ ਹੋਈਆਂ ਅੱਖਾਂ ਦੀ ਤੱਕਣੀ ਹੈ। ਮਾਸੂਮ ਹੱਥ-ਛੋਹਾਂ ਨੇ। ਧੀਮੇ, ਮਿੱਠੇ ਤੇ ਪਿਆਰੇ ਬੋਲ ਹਨ। ਵਿਸ਼ੇ ਮੁਤਾਬਕ ਕਹਾਣੀ ਦੀ ਭਾਸ਼ਾ ਵੀ ਸੁਹਜਾਤਮਕ ਹੈ। ਕਿਸੇ ਵੀ ਰਚਨਾ ਵਿਚ ਭਾਸ਼ਾ ਦਾ ਬਹੁਤ ਮਹੱਤਵ ਹੁੰਦਾ ਹੈ। ਭਾਸ਼ਾ ਭਾਵੇਂ ਬਿਰਤਾਂਤ ਦੀ ਹੋਵੇ, ਭਾਵੇਂ ਪਾਤਰਾਂ ਦੀ ਉਚਾਰਾਣੀ ਭਾਸ਼ਾ ਹੋਵੇ। ਅਮਰਜੀਤ ਦੀ ਖ਼ੂਬੀ ਹੈ ਕਿ ਉਹਨੇ ਇਸ ਰਿਸ਼ਤੇ ਦੇ ਹਾਣ ਦੀ ਭਾਸ਼ਾ ਸਿਰਜੀ ਹੈ। ਕਹਾਣੀ ਦੀ ਭਾਸ਼ਾ ਸੂਖ਼ਮ ਤੇ ਕਾਵਿਕ ਹੈ ਕਿਉਂਕਿ ਇਹ ਰਿਸ਼ਤਾ ਹੀ ਸੂਖ਼ਮ ਤੇ ਰੋਮਾਂਟਿਕ ਹੈ। ਜਸਟਿਨ ਦਾ ਅਚਨਚੇਤ ਪਿਆਰ ਹੋ ਜਾਣਾ। ਸੁਭਾਵਕ ਹੈ। ਉਹਨੂੰ ਕੈਂਸਰ ਹੋਣਾ ਵੀ ਸੁਭਾਵਕ ਹੈ। ਭਾਵੇਂ ਇਹ ਸੁਖਬੀਰ ਦੀ ਜ਼ਿੰਦਗੀ ਦਾ ਪ੍ਰਤੀਨਿਧ ਯਥਾਰਥ ਨਾ ਵੀ ਹੋਵੇ ਤੇ ਕਿਸੇ ਦੀ ਮੁਹੱਬਤ ਨੂੰ ਯਾਦ ਬਣਾ ਕੇ ਦਿਲ ਨਾਲ ਲਾ ਕੇ ਜੀਵਨ ਬਿਤਾ ਦੇਣਾ ਵਿਕੋਲੋਤਰੀ ਹਕੀਕਤ ਹੀ ਲੱਗਦੀ ਹੋਵੇ ਪਰ ਵਿਕਲੋਤਰੀ ਹਕੀਕਤ ਵੀ ਤਾਂ ਹਕੀਕਤ ਹੁੰਦੀ ਹੈ। ਕਿਸੇ ਕਰੜੇ ਯਥਾਰਥਕ ਆਲੋਚਕ ਨੂੰ ਇਸ ਰਿਸ਼ਤੇ ਨੂੰ ਉਮਰ ਭਰ ਖਿੱਚੀ ਰੱਖਣਾ, ਹਕੀਕੀ ਨਾਲੋਂ ਵੱਧ ਰੋਮਾਂਟਿਕ ਹੀ ਕਿਉਂ ਨਾ ਲੱਗਦਾ ਹੋਵੇ ਤਾਂ ਵੀ ਕਥਾਕਾਰ ਦੀ ਵਿਸ਼ੇਸ਼ਤਾ ਹੈ ਕਿ ਉਸ ਨੇ ਇਸ ਵਿਕੋਲੋਤਰੇ ਰਿਸ਼ਤੇ ਦੇ ਯਥਾਰਥ ਨੂੰ ਬੜੇ ਮੰਨਣਯੋਗ ਢੰਗ ਨਾਲ ਬੁਣਿਆ ਹੈ। ਕਹਾਣੀ ਵਿਚ ਦਰਦ ਦਾ ਅਹਿਸਾਸ ਨਾਲ ਨਾਲ ਤੁਰਦਾ ਹੈ। ਇਹ ਸਾਰੀ ਉਮਰ ਦੀ ਖ਼ੁਸ਼ਬੂਦਾਰ ਮੁਹੱਬਤ ਦੀ ਕਹਾਣੀ ਹੈ। ਇਸ ਮੁਹੱਬਤ ਵਿਚ ਕਿਧਰੇ ਵੀ ਸ਼ੋਰ ਨਹੀਂ। ਤਾਰਿਆਂ ਭਰੀ ਰਾਤ ਦੀ ਡੂੰਘੀ ਖ਼ਾਮੋਸ਼ੀ ਹੈ। ਸੁਖਬੀਰ ਨੇ ਇਸ ਖ਼ਾਮੋਸ਼ ਮੁਹੱਬਤ ਦੇ ਬੂਟੇ ਨੂੰ ਗੁਲਾਬ ਦੇ ਬੂਟੇ ਵਾਂਙ ਵਿਹੜੇ ਵਿਚ ਹੀ ਨਹੀਂ ਲਾਇਆ, ਸਗੋਂ ਇਹ ਬੂਟਾ ਸਾਰੀ ਉਮਰ ਉਹਦੇ ਦਿਲ ਵਿਚ ਖ਼ਿੜਦਾ ਰਿਹਾ ਹੈ। ਸੁਖਬੀਰ ਇਸ ਬੂਟੇ ਨੂੰ ਸੁੱਕਣ ਨਹੀਂ ਦੇਣਾ ਚਾਹੁੰਦੀ। ਚਿੰਨ੍ਹਾਤਮਕ ਰੂਪ ਵਿਚ ਲੰਮੀ ਪਾਈਪ ਲਿਆ ਕੇ ਸੁੱਕੇ ਬੂਟਿਆਂ ਨੂੰ ਪਾਣੀ ਦੇਣ ਦੇ ਖ਼ਿਆਲ ਨਾਲ ਕਹਾਣੀ ਦਾ ਅੰਤ ਕਰਨਾ ਆਸ਼ਵਾਦੀ ਨਜ਼ਰੀਏ ਦਾ ਪ੍ਰਤੀਕ ਹੈ। ਦੁੱਖ ’ਚੋਂ ਉੱਭਰਨ ਦਾ ਸੁਨੇਹਾ ਹੈ।
ਅਮਰਜੀਤ ਨੂੰ ਪਾਤਰਾਂ ਦੀ ਭਾਸ਼ਾ ਨੂੰ ਯਥਾਰਥਕ ਰੂਪ ਵਿਚ ਵਰਤਣ ਦਾ ਹੁਨਰ ਆਉਂਦਾ ਹੈ। ਉਚਾਰਣੀ ਭਾਸ਼ਾ ਦਾ ਕਮਾਲ ਹੈ ਕਿ ਪਾਤਰ ਗੱਲਾਂ ਕਰਦੇ ਸਜਿੰਦ ਰੂਪ ਵਿਚ ਦਿਸਣ ਲੱਗ ਜਾਂਦੇ ਹਨ। ਪਰਵਾਸੀ ਕਹਾਣੀ ਵਿਚ ਅਜਿਹੀ ਯਥਾਰਥਕ ਉਚਾਰਣੀ ਭਾਸ਼ਾ ਸਿਰਜਣਾ ਅਮਰਜੀਤ ਦਾ ਭਾਸ਼ਾਈ ਕਮਾਲ ਹੈ। ਜਸਟਿਨ ਦਾ ਪੰਜਾਬੀ ਦੇ ਸ਼ਬਦ ਸਿੱਖਣ ਦੀ ਚਾਹਤ ਇੱਕ ਤਰ੍ਹਾਂ ਦੂਜੇ ਸਭਿਆਚਾਰ ਨਾਲ ਜੁੜਨ ਅਤੇ ਇਕ ਦੂਜੇ ਨੂੰ ਸਪੇਸ ਦੇਣ ਦਾ ਸਭਿਆਚਾਰਕ ਯਤਨ ਤਾਂ ਹੈ ਹੀ ਪਰ ਸੁਖਬੀਰ ਵੱਲੋਂ ਉਸਨੂੰ ਪੰਜਾਬੀ ਦਾ ਉਚਾਰਣ ਸਿਖਾਉਣ ਲਈ ਕੀਤੇ ਯਤਨਾਂ ਦੇ ਪ੍ਰਸੰਗ ਵਿਚ ਜਿਹੜੀ ਭਾਸ਼ਾ ਸਿਰਜਿਤ ਹੁੰਦੀ ਹੈ, ਉਹ ਪਰਵਾਸੀ ਅਮਰੀਕੀ ਕਹਾਣੀ ਵਿਚ ਇਕ ਨਵੇਂ ਰੰਗ ਦਾ ਪ੍ਰਵੇਸ਼ ਹੈ।
ਇੱਕ ਹੋਰ ਪੱਖੋਂ ਅਮਰੀਕੀ ਪੰਜਾਬੀ ਕਹਾਣੀ ਵਿਚ ਇਹ ਕਹਾਣੀ ਨਵਾਂ ਵਿਸਥਾਰ ਹੈ। ਉਹ ਹੈ ਕਹਾਣੀ ਵਿਚ ਪੰਜਾਬਣ ਅਮਰੀਕੀ ਕੁੜੀ ਦਾ ਗੋਰੇ ਜਸਟਿਨ ਨਾਲ ਮੁਹੱਬਤ ਦੇ ਬਿਰਤਾਂਤ ਰਾਹੀਂ ਅੰਤਰ-ਸਭਿਆਚਾਰੀਕਰਨ ਜਾਂ ਸਭਿਆਚਾਰਕ ਅਨੁਕੂਲਣ ਦੀ ਪ੍ਰਕਿਰਿਆ ਦਾ ਸਹਿਜ ਪ੍ਰਵੇਸ਼ ਹੋ ਜਾਣਾ। ਇੰਝ ਕਹਾਣੀ ਦੋ ਸਭਿਆਚਾਰਾਂ ਦੇ ਇਕ ਦੂਜੇ ਪ੍ਰਤੀ ਟਕਰਾਉ/ਤਣਾਉ ਦੀ ਥਾਂ ਆਪਸੀ ਸਵੀਕ੍ਰਿਤੀ ਦੇ ਪ੍ਰਤੀਮਾਨ ਨੂੰ ਸਿਰਜਦੀ ਸਾਰਥਿਕ ਸੁਨੇਹਾ ਦਿੰਦੀ ਹੈ।
‘ਵੰਡਰ ਵੁਮੈਨ’ ਕਹਾਣੀ ਅਸਲ ਵਿਚ ਔਰਤ ਦੀ ਹੋਂਦ ਤੇ ਹਸਤੀ ਮੁਖ਼ਾਤਬ ਹੈ। ਆਸ਼ੀ ਦੇ ਆਨੰਦ ਕਾਰਜ ਦੇ ਵਰਤਮਾਨ ਬਿਰਤਾਂਤ ਤੋਂ ਕਹਾਣੀ ਪਿਛਲਝਾਤ ਰਾਹੀਂ ਉਸ ਪੰਜਾਬੀ ਮਾਨਸਿਕਤਾ ਦੀ ਨਿਸ਼ਾਨਦੇਹੀ ਕਰਦੀ ਹੈ ਜਿਸ ਮੁਤਾਬਕ ਧੀਆਂ ਦਾ ਜਨਮ ਲੈਣਾ ‘ਭਾਰ’ ਸਮਝਿਆ ਜਾਂਦਾ ਸੀ/ਹੈ। ਪਰਿਵਾਰ ਵਿਚ ਧੀਆਂ ਦਾ ਜਨਮ ਹਨੇਰੀ ਆਉਣ, ਹਨੇਰ ਪੈਣ ਦੇ ਚਿਨ੍ਹਾਂ ਰਾਹੀਂ ਪ੍ਰਗਟ ਹੋਇਆ ਹੈ ਜਦ ਕਿ ਪੁੱਤ ਦੇ ਜਨਮ ਦੀ ਇੱਛਾ ਮੀਂਹ ਪੈਣ ਵਾਂਗ ਬਿਆਨੀ ਗਈ ਹੈ। ਦਿਲਚਸਪ ਗੱਲ ਹੈ ਕਿ ਚੌਥੀ ਧੀ ਦਾ ਜਨਮ ਪਿਉ ਲਈ ਪ੍ਰਿੰਸੈਸ ਜਾਂ ਪਰੀ ਦੇ ਆ ਜਾਣ ਨਾਲ ਸਵੀਕਾਰਿਆ ਗਿਆ ਹੈ, ਪਰ ਘਰ ਦੀਆਂ ਔਰਤਾਂ (ਭਾਵੇਂ ਭੂਆ ਹੋਵੇ ਜਾਂ ਦਾਦੀ) ਲਈ ਧੀਆਂ ਦਾ ਜਨਮ ਸਮਾਜ ਵਿਚ ਨਮੋਸ਼ੀ ਹੈ। ਪਿਤਰ-ਸੱਤਾ ਇਕ ਵਿਚਾਰਧਾਰਾ ਹੈ ਤੇ ਇਹ ਵਿਚਾਰਧਾਰਾ ਮਰਦ-ਮਾਨਸਿਕਤਾ ਦਾ ਹੀ ਹਿੱਸਾ ਨਹੀਂ, ਔਰਤ ਵੀ ਏਸੇ ਮਰਦ-ਮਾਨਸਿਕਤਾ ਦਾ ਸ਼ਿਕਾਰ ਹੈ ਤੇ ਪਿੱਤਰ-ਸੱਤਾ ਔਰਤ ਦੀ ਵੀ ਵਿਚਾਰਧਾਰਕ ਕੀਮਤ ਬਣ ਚੁੱਕੀ ਹੈ। ਅਮਰਜੀਤ ਦੀ ਦੀਰਘ ਦ੍ਰਿਸ਼ਟੀ ਇਸ ਸੱਚ ਨੂੰ ਪਛਾਣਦੀ ਹੈ। ਤੀਜੀ ਕੁੜੀ ਦੇ ਜਨਮ ਵੇਲੇ ਭੂਆ ਧਾਹ ਮਾਰਦੀ ਘਰ ਵੜੀ। ਝੋਟੀ ਤੇ ਹੋਰ ਸਮਾਨ ਲੈ ਗਈ, ਪਰ ਲੱਡੂ ਨਹੀਂ ਲੈ ਕੇ ਗਈ ਕਿਉਂਕਿ ਕੁੜੀ ਦੇ ਜਨਮ ਲੈਣ ’ਤੇ ਲੱਡੂ ਸ਼ਰੀਕੇ ਵਿਚ ਨਹੀਂ ਵੰਡੇ ਜਾਂਦੇ। ਚੌਥੀ ਧੀ ਦੇ ਜੰਮਣ ’ਤੇ ਤਾਂ ‘ਕੋਈ ਵੀ’ ਨਹੀਂ ਆਇਆ। ਆਸ਼ੀ ਦੇ ਜਨਮ ’ਤੇ ਵੀ ਦਾਦੀ ਨੇ ਲਿਖਿਆ ਸੀ, ‘ਜੇ ਰੱਬ ਪੁੱਤ ਦੇ ਦਿੰਦਾ ਤਾਂ ਮੇਰੇ ਪੁੱਤ ਦੀਆਂ ਬਾਹਵਾਂ ਬਣਦਾ।’ ਪਰ ਆਸ਼ੀ ਬਾਰੇ ਇਕ ਸ਼ਬਦ ਨਹੀਂ ਲਿਖਿਆ।
ਕਿਹਾ ਜਾ ਸਕਦਾ ਹੈ ਧੀਆਂ ਦੀ ਬੇਕਦਰੀ ਲਈ ਮਰਦ ਹੀ ਨਹੀਂ, ਔਰਤ ਵੀ ਬਰਾਬਰ ਦੀ ਸ਼ਰੀਕ ਹੈ। ਆਸ਼ੀ ਦੇ ਜਨਮ, ਉਹਦੇ ਪਾਲਣ-ਪੋਸਣ ਰਾਹੀਂ ਮੁੱਖ ਪਾਤਰ ਪਿੱਤਰ-ਸੱਤਾ ਦੀ ਵਿਚਾਰਧਾਰਕ ਗੁਲਾਮੀ ਤੋਂ ਮੁਕਤ ਹੋ ਕੇ ਧੀ ਨੂੰ ਮਾਨਵ ਵਾਂਙ ਪਿਆਰਦੀ ਤੇ ਪਾਲਦੀ ਹੈ। ਇਹ ਕਹਾਣੀ ਧੀਆਂ ਨਾਲ ਮੁਹੱਬਤ ਦੇ ਜਜ਼ਬੇ ਨੂੰ ਮਜ਼ਬੂਤ ਕਰਨ ਵਾਲੀ ਕਹਾਣੀ ਹੈ। ਇਹ ਕਹਾਣੀ ਸਥਾਪਤ ਕਰਦੀ ਹੈ ਕਿ ਧੀਆਂ ਹਨੇਰੀ ਜਾਂ ਹਨੇਰ ਨਹੀਂ ਹੁੰਦੀਆਂ ਸਗੋਂ ਸਤਰੰਗੀ ਪੀਂਘ ਵਾਂਙ ਮਾਂਵਾਂ ਦੇ ਜੀਵਨ ਵਿਚ ਸੱਤ ਰੰਗ ਬਿਖ਼ੇਰਨ ਵਾਲੀਆਂ ਹੁੰਦੀਆਂ ਨੇ। ਧੀਆਂ ਮਾਂਵਾਂ ਦੀ ਧਿਰ ਹੁੰਦੀਆਂ। ਧੀਆਂ ਵੰਡਰ ਵੁਮੈਨ ਹੁੰਦੀਆਂ। ਦਿਲਾਂ ਦੀਆਂ ਬੁੱਝਣ ਵਾਲੀਆਂ, ਮਾਵਾਂ ਦੇ ਦਿਲਾਂ ਦਾ ਦਰਦ ਪੀ ਜਾਣ ਵਾਲੀਆਂ। ਧੀਆਂ ਨਾਲ ਮੁਹੱਬਤ ਗੂੜ੍ਹੀ ਕਰਦੀ ਹੈ ਕਹਾਣੀ।
ਬਹੁਤ ਹੀ ਸੂਖ਼ਮ ਕਹਾਣੀ ਹੈ। ਕਹਾਣੀ ਪੜ੍ਹਦਿਆਂ ਖ਼ੁਸ਼ੀ, ਦੁੱਖ, ਮੁਸਕਾਣ, ਖੇੜਾ, ਖ਼ੁਸ਼ਬੂ ਕਿੰਨਾ ਕੁਝ ਇਕੋ ਵਾਰ ਮਨ ਵਿਚ ਜਗ ਪੈਂਦਾ ਹੈ।
ਕਹਾਣੀ ਖ਼ੁਸ਼ੀ ਦੇ ਪਲਾਂ ਤੋਂ ਸ਼ੁਰੂ ਹੋ ਕੇ ਯਾਦਾਂ ਦੇ ਪ੍ਰਛਾਵਿਆਂ ਵਿਚੋਂ ਲੰਘਦੀ ਹੈ, ਜੋ ਪ੍ਰਛਾਵੇਂ ਆਸ਼ੀ ਦੇ ਸਿਰ ’ਤੇ ਚੌਰ ਵਾਂਗ ਝੂਲਦੇ ਹਨ, ਖ਼ੁਸ਼ੀ ਦਾ ਪ੍ਰਤੀਕ ਬਣ ਕੇ। ਪਰ ਉਦਾਸੀ ਵੀ ਹੈ। ਪ੍ਰਛਾਵਾਂ ਹੁੰਦਾ ਹੀ ਉਥੇ ਹੈ ਜਿੱਥੇ ਬੰਦਾ ਚਾਨਣ ਵੱਲ ਪਿੱਠ ਕਰਦਾ ਹੈ।
ਕਹਾਣੀ ਦੇ ਹੋਰ ਪਸਾਰ ਵੀ ਹਨ। ਮਸਲਨ; ਆਸ਼ੀ ਦਾ ਬਾਪ ਗੋਰੀ ’ਤੇ ਮੋਹਿਤ ਹੋ ਕੇ ਉਹਦੀ ਮਾਂ ਨੂੰ ਛੱਡ ਗਿਆ ਪਰ ਉਹਦੇ ਨਾਲ ਵੀ ਵਫ਼ਾਦਾਰ ਨਾ ਰਿਹਾ। ਪਰ ਇਹ ਵੀ ਹਕੀਕਤ ਹੈ ਕਿ ਜ਼ਿੰਦਗੀ ਦੀ ਰਵਾਂ, ਸੰਤੁਲਤ, ਸੰਤੁਸ਼ਟ ਤੇ ਸਹਿਜ ਤੋਰ ਵਾਸਤੇ ਮਰਦ-ਔਰਤ ਦਾ ਸੁੰਦਰ ਸੰਜੋਗ ਲੋੜੀਂਦਾ ਹੈ। ਦੋਵਾਂ ਵਿਚੋਂ ਇਕ ਨਾ ਹੋਵੇ ਤਾਂ ਉਹਦੇ ਹਿੱਸੇ ਦਾ ਖੱਪਾ ਰਹਿ ਹੀ ਜਾਂਦਾ ਹੈ। ਅੱਜ ਰੁਖ਼ਸਤੀ ਵੇਲੇ ਧੀ ਦੇ ਸਿਰ ’ਤੇ ਬਾਪ ਦਾ ਹੱਥ ਰੱਖਣ ਦੀ ਘਾਟ ਰੜਕਦੀ ਹੈ।
ਲੋਕ-ਗੀਤਾਂ ਵਿਚ ਐਵੇਂ ਤਾਂ ਨਹੀਂ ਇਹ ਹਉਕਾ ਨਿਕਲਦਾ, “ਐਸ ਵੇਲੇ ਤੈਨੂੰ ਕੌਣ ਜੋ ਲੋੜੀਏ ਭਲੀਓ, ਐਸੀ ਵੇਲੇ ਤੈਨੂੰ ਬਾਬਲ ਲੋੜੀਦਾ!”
‘ਸੁੱਚਾ ਗੁਲਾਬ’ ਵਾਂਙ ਉਚਾਰਣੀ ਭਾਸ਼ਾ ਦਾ ਕਮਾਲ ਅਮਰਜੀਤ ਨੇ ‘ਵੰਡਰ-ਵੁਮੈਨ’ ਕਹਾਣੀ ਵਿਚ ਕੀਤਾ ਹੈ।
ਕਹਾਣੀ ਮੁੱਖ ਪਾਤਰ ਦੀ ਧੀ ਆਸ਼ੀ ਦੇ ਅਜਿਹੇ ਤੋਤਲੇ ਬੋਲਾਂ ਤੋਂ ਸ਼ੁਰੂ ਹੁੰਦੀ ਹੈ। ਪਹਿਲੇ ਦੋ ਤਿੰਨ ਵਾਕ ਪੜ੍ਹ ਕੇ ਹੀ ਆਸ਼ੀ ਨਾਲ ਪਾਠਕ ਮੁਸਕਰਾਉਂਦਾ ਹੋਇਆ ਜੁੜ ਜਾਂਦਾ ਹੈ।
ਮਮੀ ਅੱਦ ਮੈਂ ਤਾਅ ਬਾਵਾਂ ਤਾਡੇ ਲਈ…ਪਹਿਲਾਂ ਪਾਣੀ…ਫੇਰ…ਫੇਰ…ਜੌਂ ਗਲਾਫ਼ੀਆਂ…ਨਾਲੇ ਸ਼ੂਗਰ…ਫੇਰ ਤਾਹ ਬਾਂਗੀ…
…ਭਿੰਡੀਆਂ… ਪਿੰਡੀਆਂ ਤੇ ਹੋਰ ਅਨੇਕਾਂ ਵਾਰਤਾਲਾਪਾਂ ਵਿਚ ਆਸ਼ੀ ਦੇ ਉਚਾਰਣ ਦਾ ਕਹਾਣੀ ਦੀ ਬੁਣਤੀ ਵਿਚ ਨੁਮਾਇਆ ਹਿੱਸਾ ਹੈ। ਅਮਰੀਕੀ ਬੱਚੀ ਦੀ ਪੰਜਾਬੀ ਵਿਚ ਅੰਗਰੇਜ਼ੀ-ਪੰਜਾਬੀ ਦੇ ਉਚਾਰਣ ਦਾ ਮਿਸ਼ਰਣ ਹੈ, ਜੋ ਪਾਤਰ ਨੂੰ ਸੁਭਾਵਕ ਤੇ ਯਥਾਰਥਕ ਬਣਾਉਂਦਾ ਹੈ।
ਕਹਾਣੀ ਦਾ ਮੁੱਢ ਦਿਲਚਸਪ ਹੋਣਾ ਬਹੁਤ ਜ਼ਰੂਰੀ ਕਲਾਤਮਕ ਸ਼ਰਤ ਹੈ। ਇਸਨੇ ਹੀ ਪਾਠਕ ਨੂੰ ਕਹਾਣੀ ਨਾਲ ਜੋੜਨਾ ਹੁੰਦਾ ਹੈ। ਕਹਾਣੀ ਨਾਲ ਜੋੜਨ ਤੋਂ ਬਾਅਦ ਨਿਰੰਤਰ ਜਗਿਆਸਾ ਜਗਾ ਕੇ ਪਾਠਕ ਨੂੰ ਬਿਰਤਾਂਤ ਨਾਲ ਬੰਨ੍ਹੀ ਰੱਖਣਾ ਚੰਗੇ ਕਥਾਕਾਰ ਦੀ ਪਛਾਣ ਹੈ। ਅਮਰਜੀਤ ਇਸ ਹੁਨਰ ਦੀ ਜਾਣਕਾਰ ਹੀ ਨਹੀਂ, ਇਸ ਹੁਨਰ ਨੂੰ ਨਿਭਾਉਣਾ ਵੀ ਜਾਣਦੀ ਹੈ।
ਅਮਰਜੀਤ ਆਪਣੀ ਕਹਾਣੀ ਵਿਚ ਅਕਸਰ ਪਿਛਲਝਾਤ ਦੀ ਵਰਤੋਂ ਕਰ ਕੇ ਹੌਲੀ ਹੌਲੀ ਹਕੀਕਤ ਤੋਂ ਪਰਦਾ ਚੁੱਕਦੀ ਹੈ। ਉਹ ਭੂਤ-ਕਾਲ ਵਿਚ ਹੋਏ ਬੀਤੇ ਨੂੰ ਬੜੀ ਕਲਾਤਮਕਤਾ ਨਾਲ ਵਰਤਮਾਨ ਨਾਲ ਜੋੜਦੀ ਹੋਈ ਮੁੱਖ ਪਾਤਰ ਦੇ ਜੀਵਨ ਬਿਰਤਾਂਤ ਨੂੰ ਹੀ ਸਾਡੇ ਸਾਹਮਣੇ ਦਿਸਣ ਨਹੀਂ ਲਾਉਂਦੀ, ਸਗੋਂ ਆਪਣੀ ਧੀ ਰਾਹੀਂ ਭਵਿੱਖ ਉੱਤੇ ਵੀ ਸਹਿਜ ਝਾਤ ਪੁਆ ਦਿੰਦੀ ਹੈ।
ਕਹਾਣੀ ਦੇ ਵਿਸ਼ੇ ਮੁਤਾਬਕ ਅਮਰਜੀਤ ਦੀ ਭਾਸ਼ਾ ਸਿਰਜਣਾ ਉਹਦੀ ਵੱਡੀ ਪ੍ਰਾਪਤੀ ਹੈ। ਇਸ ਭਾਸ਼ਾ ਵਿਚੋਂ ਕਵਿਤਾ ਵੀ ਡੁੱਲ੍ਹ ਡੁੱਲ੍ਹ ਪੈਂਦੀ ਹੈ। ਖ਼ੂਬੀ ਇਹ ਹੈ ਕਿ ਇਹ ਕਵਿਤਾ ਗਲਪ ਦੀ ਭਾਸ਼ਾ ਦਾ ਹਿੱਸਾ ਬਣ ਕੇ ਆਉਂਦੀ ਹੈ। ਅਨੇਕਾਂ ਖ਼ੂਬਸੂਰਤ ਵਾਕਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ। ਪਰ ਇੱਕ ਮਿਸਾਲ ਹੀ ਕਾਫ਼ੀ ਹੈ। ਆਸ਼ੀ ਨੂੰ ਸਕੂਲ ਛੱਡਣ ਜਾਣ ਵੇਲੇ ਮਾਂ ਦੇ ਸ਼ਬਦਾਂ ਵਿਚ:
‘ਦਿਲ ਤਾਂ ਛਾਤੀ ਵਿਚ ਪਿਆ ਸਾਂਭਣਾ ਵੀ ਔਖਾ ਹੁੰਦਾ ਹੈ ਪਰ ਜਦ ਤੁਹਾਡਾ ਦਿਲ ਛਾਤੀ ਵਿਚੋਂ ਨਿਕਲ ਕੇ ਗਲੀ ਵਿਚ ਦੌੜਨ ਲੱਗਦਾ ਹੈ ਜਾਂ ਦੂਰ ਚਲਿਆ ਜਾਂਦਾ ਹੈ ਤਾਂ ਇਕ ਮਾਂ ਹੀ ਇਸ ਅਹਿਸਾਸ ਨੂੰ ਸਮਝ ਸਕਦੀ ਹੈ।’
ਕਹਾਣੀ ਨਜ਼ਰਿਆਤੀ ਪੱਖ ਤੋਂ ਸਾਡੀਆਂ ਵਰਤਮਾਨ ਨਾਰੀ ਚੇਤਨਾ ਦੀ ਵਕਾਲਤ ਕਰਨ ਵਾਲੀਆਂ ਲੇਖਿਕਾਵਾਂ ਨਾਲੋਂ ਮੂਲੋਂ ਵੱਖਰੀ ਹੈ ਜਿਸ ਵਿਚ ਔਰਤ ਨੂੰ ਮਰਦ-ਵਿਰੋਧ ਵਿਚ ਖੜਾ ਕੀਤਾ ਜਾਂਦਾ ਹੈ। ਇਹ ਕਹਾਣੀ ਵੀ ਨਾਰੀ ਚੇਤਨਾ ਦੀ ਵਕਾਲਤ ਕਰਦੀ ਹੈ। ਪਰ ਬਿਲਕੁਲ ਵੱਖਰੇ ਤੇ ਸਿਹਤਮੰਦ ਨਜ਼ਰੀਏ ਤੋਂ। ਇਸ ਵਿਚਲੀ ਨਾਰੀ ਚੇਤਨਾ ਮਰਦ ਦੇ ਨਹੀਂ, ਪਿੱਤਰ-ਸੱਤਾ ਦੇ ਖ਼ਿਲਾਫ਼ ਹੈ। ਇਹ ਚੇਤਨਾ ਮਰਦ-ਵਿਰੋਧੀ ਨਹੀਂ। ਇਹ ਚੇਤਨਾ ਮਰਦ-ਔਰਤ ਦੇ ਸਹਿਜ ਤੇ ਸੁਖਾਵੇਂ ਸੰਬੰਧਾਂ ਦੀ ਤਲਬਗਾਰ ਹੈ। ਇਹ ਚੇਤਨਾ ਯਥਾਰਥਕ ਤੇ ਮੰਨਣਯੋਗ ਹੈ। ਲੇਖਿਕਾ ਕੋਲ ਇਸ ਚੇਤਨਾ ਦੀ ਯਥਾਰਥਕ ਸੂਝ ਹੈ ਤੇ ਇਹ ਸੂਝ ਉਸਨੂੰ ਦੂਜੀਆਂ ਲੇਖਿਕਾਵਾਂ ਨਾਲੋਂ ਅਲੱਗ ਤੇ ਉੱਚਾ ਕਰਦੀ ਹੈ।
‘ਮੜ੍ਹੀਆਂ’ ਕਹਾਣੀ ਪੰਜਾਬ ਸੰਕਟ ਦੇ ਕਾਲੇ ਦੌਰ ਦੀ ਤਸਵੀਰਕਸ਼ੀ ਕਰਨ ਵਾਲੀ ਕਹਾਣੀ ਹੈ। 1984 ਤੋਂ ਬਾਅਦ ਪੰਜਾਬ ਤੇ ਪੰਜਾਬੀ ਬੰਦਾ ਭਾਵੇਂ ਦੇਸ਼ ਵਿਚ ਰਹਿੰਦਾ ਹੈ ਜਾਂ ਵਿਦੇਸ਼ ਵਿਚ, ਉਹ ਪਹਿਲਾਂ ਵਰਗਾ ਨਹੀਂ ਰਹਿ ਗਿਆ। ਉਸਦੀ ਮਾਨਸਿਕਤਾ ਵਿਚ ਬਹੁਤ ਕੁਝ ਖ਼ਲਤ-ਮਲਤ ਹੋ ਗਿਆ ਹੈ। ਉਸ ਦੌਰ ਦਾ ਕਾਲਾ ਪ੍ਰਛਾਵਾਂ ਪੰਜਾਬੀ ਬੰਦੇ ਦੇ ਨਾਲ ਨਾਲ ਤੁਰਦਾ ਆ ਰਿਹਾ ਹੈ। ਪੰਜਾਬੀ ਬੰਦਾ ਉਸ ਦੌਰ ਵਿਚ ਚੱਕੀ ਦੇ ਪੁੜਾਂ ਵਿਚ ਪਿਸਦਾ ਰਿਹਾ। ਸਰਕਾਰੀ ਆਤੰਕ ਤੇ ਖਾੜਕੂ ਆਤੰਕ ਦੀ ਦੋ-ਧਿਰੀ ਦਹਿਸ਼ਤ ਦਾ ਸ਼ਿਕਾਰ ਹੋਇਆ। ਇਹ ਕਹਾਣੀ ਕਾਲੇ ਦੌਰ ਦੇ ਦੁਖਾਂਤ ਨੂੰ ਵਿਸਥਾਰਦੀ ਹੈ। ਪੁਲਸ ਦਾ ਧੱਕਾ ਤੇ ਆਤੰਕ ਕਹਾਣੀ ਦੇ ਆਰ-ਪਾਰ ਫ਼ੈਲਿਆ ਹੋਇਆ। ਕਹਾਣੀ ਉਸ ਪ੍ਰਵਚਨ ਨੂੰ ਸਥਾਪਤ ਕਰਦੀ ਹੈ ਕਿ ਸਟੇਟ ਨੇ ਨੌਜਵਾਨ ਮਾਰ ਮੁਕਾਏ ਸਨ।
ਕਿਹਾ ਜਾ ਸਕਦਾ ਹੈ ਕਿ ਇਹ ਸੱਚ ਤਾਂ ਹੈ, ਪਰ ਅੰਸ਼ਿਕ ਸੱਚ ਹੈ। ਆਲੋਚਕ ਕਹਿ ਸਕਦਾ ਹੈ ਕਿ ਇਸ ਕਹਾਣੀ ਵਿਚ ਜੋ ਮੁੰਡਿਆਂ ਦਾ ਧੱਕਾ ਸੀ, ਉਹ ਗ਼ੈਰਹਾਜ਼ਰ ਹੈ। ਸਾਡਾ ਕਹਿਣਾ ਹੈ ਕਿ ਇਹ ਕਥਾਕਾਰ ਦੀ ਵਸਤੂ ਚੋਣ ’ਤੇ ਨਿਰਭਰ ਕਰਦਾ ਹੈ। ਉਹ ਕਿਸ ਪੱਖ ’ਤੇ ਫੋਕਸ ਕਰਨਾ ਚਾਹੁੰਦਾ ਹੈ, ਇਹ ਉਸਦੀ ਮਰਜ਼ੀ ਹੈ। ਇੱਕ ਕਹਾਣੀ ਵਿਚ ਕਿਸੇ ਦੌਰ ਨੂੰ ਸਮੁੱਚਤਾ ਨਾਲ ਪੇਸ਼ ਕਰਨਾ ਸੰਭਵ ਨਹੀਂ। ਨਾਵਲ ਰਾਤ ਨੂੰ ਕਮਰੇ ਵਿਚ ਜਗਦੇ ਹਜ਼ਾਰ ਵਾਟ ਦੇ ਬਲਬ ਵਾਂਙ ਹੈ ਜੋ ਸਾਰੇ ਕਮਰੇ ਨੂੰ ਰੌਸ਼ਨ ਕਰਦਾ ਹੈ, ਪਰ ਕਹਾਣੀ ਬੈਟਰੀ ਵਾਂਙ ਹੈ; ਜਿਸ ਨੁੱਕਰ ਵਿਚ ਚਾਨਣ ਸੁੱਟੋਗੇ, ਉਹੋ ਨੁੱਕਰ ਦਿਸੇਗੀ, ਬਾਕੀ ਕਮਰਾ ਹਨੇਰਾ ਰਹੇਗਾ। ਇਸ ਕਹਾਣੀ ਨੇ ਜ਼ਿੰਦਗੀ ਦੀ ਇਕ ਨੁੱਕਰ ਹੀ ਵਿਖਾ ਸਕਣੀ ਸੀ। ਇਹੋ ਇਸਦੀ ਸੀਮਾ ਹੈ ਤੇ ਪ੍ਰਾਪਤੀ ਵੀ। ਪ੍ਰਾਪਤੀ ਇਸ ਕਰ ਕੇ ਕਿ ਇਹ ਸਭ ਕੁਝ ਵੀ ਵਾਪਰਿਆ ਸੀ। ਪੁਲਿਸ ਤਸ਼ੱਦਦ ਨਾਲ ਮਾਰੀਆਂ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ।
ਕਹਾਣੀ ਰਾਤ ਦੇ ਹਨੇਰੇ ਵਿੱਚ ਬਿੱਲੀਆਂ ਦੇ ਚੀਕਣ, ਕੁੱਤਿਆਂ ਦੇ ਭੌਂਕਣ ਤੇ ਦਗੜ ਦਗੜ ਦੀਆਂ ਆਵਾਜ਼ਾਂ ਨਾਲ ਸ਼ੁਰੂ ਵਿਚ ਹੀ ਖ਼ੌਫ਼ ਦਾ ਮਾਹੌਲ ਉਸਾਰ ਕੇ ਪਾਠਕ ਨੂੰ ਨਾਲ ਜੋੜ ਦਿੰਦੀ ਹੈ। ਇਸ ਜੁੜਤ ਨੇ ਅੱਗੇ ਤੋਂ ਅੱਗੇ ਹਨੇਰੇ, ਖ਼ੌਫ਼ ਤੇ ਦਹਿਸ਼ਤ ਨੂੰ ਗੂੜ੍ਹੇ ਕਰਦੇ ਜਾਣਾ ਹੈ।
ਕਹਾਣੀ ਅਮਰਜੀਤ ਦੀ ਜਾਣੀ-ਪਛਾਣੀ ਜੁਗਤ ਪਿਛਲਝਾਤ ਨਾਲ ਸ਼ੁਰੂ ਹੁੰਦੀ ਹੈ, ਵਰਤਮਾਨ ਨਾਲ ਜੁੜਦੀ ਹੈ, ਮੁੜ ਪਿੱਛੇ ਪਰਤਦੀ ਹੈ ਤੇ ਮੁੜ ਵਰਤਮਾਨ ਵਿਚ ਪਰਤਦੀ ਹੈ। ਇੰਞ ਵਰਤਮਾਨ ਵਿਚ ਖਲੋ ਕੇ ਪਰਤਵੀਂ ਲਿਸ਼ਕੋਰ ਦੀ ਜੁਗਤ ਨੂੰ ਲੇਖਿਕਾ ਨੇ ਬਾਖ਼ੂਬੀ ਵਰਤਿਆ ਹੈ। ਉਸਨੂੰ ਚਿਨ੍ਹਾਂ ਦੀ ਵਰਤੋਂ ਕਰਨ ਦਾ ਹੁਨਰ ਆਉਂਦਾ ਹੈ। ਚਾਰ-ਪੰਜ ਕੁੱਤਿਆਂ ਦਾ ਬਿੱਲੀਆਂ ਦੀਆਂ ਆਂਦਰਾਂ ਨੂੰ ਧੂਈ ਫਿਰਨਾ ਬਹੁ-ਅਰਥੀ ਹੈ। ਇਹ ਕੁੱਤੇ ਸਰਕਾਰੀ ਪੁਲਿਸ ਦਾ ਚਿੰਨ੍ਹ ਹਨ, ਜਿਨ੍ਹਾਂ ਨੇ ਨੌਜਵਾਨਾਂ ਨੂੰ ਬਿੱਲੀਆਂ ਵਾਂਙ ਕੋਹ ਕੋਹ ਕੇ ਮਾਰਿਆ। ਪੰਮੇ ਦਾ ਉਹਦੇ ਘਰ ਆਏ ਦਾ ਕਤਲ ਝੂਠੇ ਪੁਲਿਸ ਮੁਕਾਬਲਿਆਂ ਦਾ ਉਛਾੜ ਪਾੜਦਾ ਹੈ। ਇਹ ਸੱਚ ਹੈ ਕਿ ਬਹੁਤ ਸਾਰੇ ਨੌਜਵਾਨ ਅਸਲ ਵਿਚ ਖਾੜਕੂ ਲਹਿਰ ਵਿਚ ਸ਼ਾਮਲ ਹੋਏ ਤੇ ਉਨ੍ਹਾਂ ਨੇ ਵੀ ਬਹੁਤ ਸਾਰੇ ਨਿਰਦੋਸ ਲੋਕਾਂ ਦੇ ਕਤਲ ਕੀਤੇ, ਪਰ ਬਹੁਤ ਸਾਰੇ ਅਜਿਹੇ ਵੀ ਸਨ ਜੋ ਪੁਲਿਸ ਦੇ ਖ਼ੌਫ਼ ਤੋਂ ਦਹਿਸ਼ਤ-ਜ਼ਦਾ ਹੋ ਕੇ ਭਗੌੜੇ ਹੋ ਗਏ। ਉਨ੍ਹਾਂ ਦੀ ਘਰ-ਵਾਪਸੀ ਦੇ ਸਾਰੇ ਰਾਹ ਬੰਦ ਹੋ ਗਏ ਤੇ ਅੰਜਾਈਂ ਜ਼ਿੰਦਗੀਆਂ ਗਵਾ ਬੈਠੇ।
ਇਸ ਕਹਾਣੀ ਦੇ ਪਾਤਰਾਂ ਦਾ ਦੁਖਾਂਤ ਬੜਾ ਗੂੜ੍ਹਾ ਹੈ। ਪੁਲਿਸ ਨੇ ਰੂਪ ਨਾਲ ਬਲਾਤਕਾਰ ਕੀਤਾ ਤੇ ਉਹਦੇ ਨਾਲ ਹੋਈ ਵਧੀਕੀ ਨੇ ਪੰਮੇ, ਸੁਖ ਹੁਰਾਂ ਨੂੰ ਘਰੋਂ ਨਿਕਲਣ ਲਈ ਮਜਬੂਰ ਕੀਤਾ। ਸੁਖ ਦਾ ਭਰਾ ਤਾਂ ਅਧਿਆਪਕ ਸੀ, ਆਪਣੀ ਨੌਕਰੀ ਕਰਦਾ। ਪਰ ਪੁਲਿਸ ਦੇ ਲਗਾਤਾਰ ਤਸ਼ੱਦਦ ਨੇ ਉਹਨੂੰ ਵੀ ਘਰੋਂ ਭੱਜਣ ਲਈ ਮਜਬੂਰ ਕਰ ਦਿੱਤਾ। ਬਜ਼ੁਰਗ ਮਾਂ-ਬਾਪ ਜ਼ਲੀਲ ਕੀਤੇ ਗਏ। ਉਸ ਦੌਰ ਵਿਚ ਇੰਜ ਹੀ ਹੁੰਦਾ ਰਿਹਾ ਸੀ ਭਰੇ ਪੂਰੇ ਪਰਿਵਾਰਾਂ ਨਾਲ ਤੇ ਉਨ੍ਹਾਂ ਨੂੰ ਤਬਾਹ ਕੀਤਾ ਗਿਆ।
ਬੀਰੀ ਹੋਰਨਾਂ ਦਹਿਸ਼ਤ ਪੀੜਤਾਂ ਵਾਂਙ ਆਪਣੇ ਬੱਚੇ ਨੂੰ ਲੈ ਕੇ ਵਿਦੇਸ਼ ਆ ਜਾਂਦੀ ਹੈ। ਬੇਟਾ ਨਵਰਾਜ ਵੱਡਾ ਹੋ ਰਿਹਾ ਹੈ। ਦੁੱਖਾਂ ਨੂੰ ਕਲੇਜੇ ਨਾਲ ਲਾ ਕੇ ਮਾਂ ਪੁੱਤ ਲਈ ਵੱਡੇ ਸੁਪਨੇ ਲੈ ਰਹੀ ਹੈ। ਡਾਕਟਰ ਬਨਾਉਣ ਦੇ ਪਾਇਲਟ ਬਨਾਉਣ ਦੇ। ਕਹਾਣੀ ਪਿੱਛੇ ਨੂੰ ਯਾਦ ਰੱਖਦੀ ਅੱਗੇ ਵਧਣ ਅਤੇ ਸਤਹ ਤੋਂ ਉੱਚੇ ਉੱਠਣ ਦੇ ਸੰਕੇਤਿਕ ਸੁਨੇਹੇ ਨਾਲ ਖ਼ਤਮ ਹੁੰਦੀ ਹੈ।
ਕਹਾਣੀ ਵਿਚ ਵਾਰਤਾਲਾਪ ਸਿਰਜਣਾ, ਦ੍ਰਿਸ਼ ਸਿਰਜਣਾ ਤੇ ਭਾਸ਼ਾਈ ਸੁਹਜ ਦੇ ਸਹਿਜ ਝਲਕਾਰੇ ਮਿਲਦੇ ਹਨ।
‘ਲੰਗੜੇ ਕਤੂਰੇ’ ਕਹਾਣੀ ਅਮਰੀਕੀ ਸਮਾਜ ਦੀਆਂ ਅਨੇਕਾਂ ਲੁਕਵੀਆਂ ਪਰਤਾਂ ’ਤੇ ਝਾਤ ਪਵਾਉਂਦੀ ਹੈ। ਪਹਿਲਾ ਨੁਕਤਾ ਹੈ ਅਮਰੀਕੀ ਸਮਾਜ ਵਿਚ ਲਿੰਗ-ਖੁਲ੍ਹ ਕਾਰਨ ਔਰਤ-ਮਰਦ ਦੇ ਅਜਿਹੇ ਸੰਬੰਧਾਂ ਦਾ ਪ੍ਰਗਟਾਵਾ, ਜਿਨ੍ਹਾਂ ਵਿਚ ਇਕ ਦੂਜੇ ਪ੍ਰਤੀ ਸਮਰਪਣ ਦੀ ਭਾਵਨਾ ਦੀ ਥਾਂ ਸਰੀਰਕ ਖੁੱਲ੍ਹ ਖੇਡ ਦਾ ਆਨੰਦ ਮਾਨਣਾ ਪਹਿਲ ਬਣ ਜਾਂਦੀ ਹੈ। ਇਸ ਖੁੱਲ੍ਹ ਖੇਡ ਦਾ ਦੁਖਾਂਤ ਔਲਾਦ ਨੂੰ ਭੁਗਤਣਾ ਪੈਂਦਾ ਹੈ। ਡੈਨੀ ਇਸਦੀ ਪ੍ਰਤੀਨਿਧ ਉਦਾਹਰਣ ਹੈ। ਡੈਨੀ ਦੀ ਮਾਂ ਨੇ ਡੈਨੀ ਦੇ ਬਾਪ ਨਾਲ ਸਰੀਰਕ ਸੰਬੰਧਾਂ ਵਿਚੋਂ ਡੈਨੀ ਨੂੰ ਪੈਦਾ ਤਾਂ ਕਰ ਲਿਆ, ਪਰ ਡੈਨੀ ਪਿਤਾ-ਪਿਆਰ ਤੋਂ ਵਿਰਵਾ ਰਿਹਾ। ਮਾਂ ਨੂੰ ਆਪਣੇ ਲਿੰਗ ਸੰਬੰਧਾਂ ਵਿਚੋਂ ਪੈਦਾ ਹੋਏ ਬੱਚੇ ਨਾਲ ਨਫ਼ਰਤ ਵੀ ਹੈ ਕਿਉਂਕਿ ਉਹ ਅਜਿਹੇ ਰਿਸ਼ਤੇ ਦੀ ਪੈਦਾਇਸ਼ ਹੈ, ਜਿਸ ਰਿਸ਼ਤੇ ਤੋਂ ਉਸਨੂੰ ਨਫ਼ਰਤ ਹੋ ਚੁੱਕੀ ਹੈ ਤੇ ਉਹ ਗੁਨਾਹ ਦਾ ਅਹਿਸਾਸ ਚੁੱਕੀ ਫਿਰਦੀ ਹੈ। ਦੂਜੇ ਪਲ ਉਹਦਾ ਮਾਂ-ਮੋਹ ਵੀ ਜਾਗਦਾ ਹੈ ਤੇ ਉਹ ਡੈਨੀ ਨੂੰ ਗਲਵੱਕੜੀ ਨਾਲ ਲਾ ਕੇ ਉਹਨੂੰ ਚੁੰਮਦੀ ਵੀ ਹੈ। ਇੰਝ ਅਮਰਜੀਤ ਇਕ ਇਕੱਲੀ ਮਾਂ ਦੇ ਮਨ ਦੀਆਂ ਦੁਖੰਡ ਹੋਈਆਂ ਭਾਵਨਾਵਾਂ ਨੂੰ ਮਨੋਵਿਗਿਆਨੀ ਵਾਂਗ ਸਮਝਦੀ ਤੇ ਬਿਆਨਦੀ ਹੈ।
ਇਸ ਕਹਾਣੀ ਦੀ ਖ਼ੂਬੀ ਇਹ ਹੈ ਕਿ ਇਹ ਅਮਰੀਕੀ ਸਮਾਜ ਵਿਚ ਬੇਰੋਕ ਲਿੰਗ-ਖੁੱਲ੍ਹ ਨੂੰ ਵਿਅੰਗ ਦੀ ਦ੍ਰਿਸ਼ਟੀ ਤੋਂ ਚਿਤਰਦੀ ਹੈ। ਪ੍ਰੀਤੀ ਅਮਰੀਕਾ ਵਿਚ ਇਸ ਕਰ ਕੇ ਆਉਣਾ ਪਸੰਦ ਕਰਦੀ ਹੈ ਕਿਉਂਕਿ ਏਥੇ ‘ਖੁੱਲ੍ਹਾ-ਡੁੱਲ੍ਹਾ’ ਸਮਾਜ ਹੈ। ਇਸ ਸਮਾਜ ਦੇ ਖੁੱਲ੍ਹੇ-ਡੁੱਲ੍ਹੇ ਹੋਣਾ ਇਹਦੀ ਵਿਸ਼ੇਸ਼ਤਾ ਵੀ ਹੈ ਪਰ ‘ਖੁੱਲ੍ਹ-ਖੇਡ’ ਹੋਣ ਦੀਆਂ ਆਪਣੀਆਂ ਮੁਸ਼ਕਿਲਾਂ ਵੀ ਹਨ। ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਡੈਨੀ ਦੀ ਮਾਂ ਨੂੰ ਕਰਨਾ ਪੈਂਦਾ ਹੈ। ਨਵੇਂ ਬੰਦੇ ਨਾਲ ਸੰਬੰਧਾਂ ਦੀ ਕਰੂਪਤਾ ਵਿਚੋਂ ਨਿਕਲਣ ਲਈ ਕਾਰਨ ਬਣੀ ਸਥਿਤੀ ਉਦੋਂ ਨਵੀਂ ਕਰੂਪ ਸਥਿਤੀ ਵਿਚ ਬਦਲ ਜਾਂਦੀ ਹੈ ਜਦੋਂ ਧਰਮ ਦੀ ਠਾਹਰ ਵਿਚ ਸੁਖ-ਸ਼ਾਂਤੀ ਲਈ ਗਏ ਡੈਨੀ ਨੂੰ ਫਾਦਰ ਦੀ ਲਿੰਗ-ਭੁੱਖ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਹਾਣੀ ਧਰਮ ਦੇ ਦਿੱਖ ਅਤੇ ਤੱਤ ਦੇ ਭੇਤ ਨੂੰ ਖੋਲ੍ਹਦੀ ਹੈ। ਲੋਕਾਂ ਦਾ ਮਸੀਹਾ ਬਣਿਆਂ, ਬੇਘਰੇ ਤੇ ਬੇਆਸਰਾ ਬੱਚਿਆਂ ਦਾ ‘ਆਸਰਾ’ ਬਣਿਆਂ ਫਾਦਰ ਲੋਕਾਂ ਲਈ ਰੱਬ ਰੂਪ ਹੈ, ਪਰ ਡੈਨੀ ਤੇ ਪੀਟਰ ਵਰਗੇ ਬੱਚਿਆਂ ਲਈ ਬੋਟੀਆਂ ਚੂੰਡਣ ਵਾਲਾ ਬਘਿਆੜ ਹੈ।
ਲੇਖਿਕਾ ਦੀ ਖੂਬੀ ਇਹ ਹੈ ਕਿ ਪ੍ਰੀਤੀ ਨਾਂ ਦੇ ਪਾਤਰ ਦਾ ਪ੍ਰਵੇਸ਼ ਕਰਵਾ ਕੇ ਪੰਜਾਬੀ ਸਮਾਜ ਵਿਚਲੇ ਧਰਮ ਤੇ ਸਭਿਆਚਾਰ ਦੀ ਦਿੱਖ ਅਤੇ ਤੱਤ ਦੇ ਭੇਤ ਦਾ ਭਾਂਡਾ ਵੀ ਭੰਨ ਦਿੰਦੀ ਹੈ।
ਕਹਾਣੀ ਇੱਕ ਸਾਕਾਰਾਤਮਕ ਨੋਟ ’ਤੇ ਖ਼ਤਮ ਹੁੰਦੀ ਹੈ। ਠੀਕ ਹੈ ਸਮਾਜ ਵਿਚ ਏਤੀ ਮਾਰ ਪਈ ਕੁਰਲਾਣੇ ਵਾਲੀ ਹਾਲਤ ਬਣੀ ਹੋਈ ਹੈ ਪਰ ਇਹ ਵੀ ਸੱਚ ਹੈ ਕਿ ਇਹ ਕੁਰਲਾਹਟ ਵੀ ਬੰਦੇ ਨੇ ਹੀ ਦੂਰ ਕਰਨੀ ਹੈ।
ਕਹਾਣੀ ਆਸ਼ਾਵਾਦੀ ਸੁਨੇਹੇ ਨਾਲ ਖ਼ਤਮ ਹੁੰਦੀ ਹੈ, ਪਰ ਇਹ ਸੁਨੇਹਾ ਸ਼ੋਰੀਲਾ ਨਹੀਂ, ਮੱਧਮ ਸੁਰ ਵਾਲਾ ਹੈ। ਕਲਾਤਮਕ ਹੈ।
ਸੁਨੇਹਾ ਇਹ ਵੀ ਹੈ ਕਿ ਇਸ ਹਾਲਾਤ ਵਿਚੋਂ ਨਿਕਲਣ ਲਈ ਗਿਆਨ ਦੀ ਜ਼ਰੂਰਤ ਵੀ ਹੈ ਤੇ ਉਸ ਗਿਆਨ ਨੂੰ ਅਮਲ ਵਿਚ ਲਿਆ ਕੇ ਮਨੁੱਖਤਾ ਦਾ ਭਲਾ ਕਰਨ ਲਈ ਇਨਸਾਨੀ ਜ਼ਿੰਮੇਵਾਰੀ ਨਿਭਾਉਣ ਦੀ ਵੀ ਹੈ।
ਸੁਪਨੇ ਦੀ ਜੁਗਤ ਰਾਹੀਂ ਡੈਨੀ ਵਿਚ ਜੀਸਿਸ ਦਾ ਚਾਨਣਾ-ਦੀਦਾਰ ਫਾਦਰ ਵਿਰੁੱਧ ਵਿਦਰੋਹ ਬਣ ਕੇ ਫੁੱਟਦਾ ਹੈ। ਕੋਈ ਭਾਸ਼ਨੀ ਜੁਗਤ ਵਰਤਣ ਦੀ ਥਾਂ ਸੁਪਨੇ ਦੀ ਜੁਗਤ ਵਰਤਣਾ ਦੱਸਦਾ ਹੈ ਕਿ ਅਮਰਜੀਤ ਨੂੰ ਕਲਾਤਮਕ ਬਿੰਬ ਵਰਤਣੇ ਆਉਂਦੇ ਹਨ। ਇੰਝ ਹੀ ਵੀਪਿੰਗ ਵਿਲੋ ਵੇਲ ਵਿਚੋਂ ਡੈਨੀ ਨੂੰ ਮਾਂ ਦਾ ਝਲਕਾਰਾ ਮਿਲਣਾ ਮਨੁੱਖ ਦੀ ਪ੍ਰਕਿਰਤੀ ਨਾਲ ਆਦਿ-ਕਾਲੀਨ ਸਾਂਝ ਦਾ ਪ੍ਰਤੀਕ ਹੈ ਜਿੱਥੇ ਪ੍ਰਕਿਰਤੀ ਸਦਾ ਮਨੁੱਖ ਦੀ ਧਿਰ ਤੇ ਧਰਵਾਸ ਬਣਦੀ ਰਹੀ ਹੈ। ਐਵੇਂ ਨਹੀਂ ਸੀ ਸ਼ਿਵ ਨੇ ਲਿਖਿਆ ‘ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ!”
ਇਹ ਕਹਾਣੀ ਪੰਜਾਬ ਵਿਚ ਲਿੰਗ-ਸੰਬੰਧਾਂ ਦੀ ਖੁੱਲ੍ਹ ਬਾਰੇ ਲਿਖੀ ਜਾਣ ਵਾਲੀ ਕਹਾਣੀ ਤੋਂ ਵੱਖਰੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀਆਂ ਕੁਝ ਇਸਤਰੀ ਲੇਖਿਕਾਵਾਂ ਵਿਅਕਤੀਗਤ ਆਜ਼ਾਦੀ ਦੇ ਨਾਂ ’ਤੇ ਖੁੱਲ੍ਹੇ ਲਿੰਗ ਸੰਬੰਧਾਂ ਨੂੰ ਪ੍ਰਵਾਨਗੀ ਦੀ ਦ੍ਰਿਸ਼ਟੀ ਤੋਂ ਪੇਸ਼ ਕਰ ਰਹੀਆਂ ਹਨ ਜਦ ਕਿ ‘ਲੰਗੜੇ ਕਤੂਰੇ’ ਕਹਾਣੀ ਇਸ ਲਿੰਗ-ਖੁੱਲ੍ਹ ਨੂੰ ਪ੍ਰਵਾਨਗੀ ਦੀ ਦ੍ਰਿਸ਼ਟੀ ਤੋਂ ਨਹੀਂ ਸਗੋਂ ਇਸ ਵਿਚਲੀ ਵਿਕਰਾਲਤਾ ਤੇ ਕਰੂਪਤਾ ਨੂੰ ਵਿਡੰਬਨਾਤਮਕ ਦ੍ਰਿਸ਼ਟੀ ਤੋਂ ਚਿਤਰਦੀ ਹੈ। ਪੰਜਾਬ ਦੀਆਂ ਲੇਖਿਕਾਵਾਂ ਨੂੰ ਇਸ ਕਹਾਣੀ ਤੋਂ ਕੁਝ ਸਿੱਖਣਾ ਚਾਹੀਦਾ ਹੈ।
ਜਿਹੜੀ ਗੱਲ ਸਾਰੀਆਂ ਕਹਾਣੀਆਂ ਵਿਚੋਂ ਉੱਭਰ ਕੇ ਸਾਹਮਣੇ ਆਉਂਦੀ ਹੈ, ਉਹ ਹੈ ਅਮਰਜੀਤ ਪੰਨੂੰ ਦਾ ਜੀਵਨ ਪ੍ਰਤੀ ਸਾਕਾਰਾਤਮਕ ਨਜ਼ਰੀਆ। ਉਹ ਜੀਵਨ ਦੀ ਪੇਚੀਦਗੀਆਂ ਤੇ ਗੁੰਝਲਾਂ ਨੂੰ ਵੀ ਬਿਆਨਦੀ ਹੈ ਪਰ ਗੁੰਝਲਾਂ ਵਿਚੋਂ ਨਿਕਲਣ ਦਾ ਰਾਹ ਵੀ ਦੱਸਦੀ ਹੈ। ਇਹ ਰਾਹ ਸੰਕੇਤਕ ਅਤੇ ਕਲਾਤਮਕ ਹੁੰਦਾ ਹੈ। ਇਸਦੀ ਸੁਰ ਕਦੀ ਵੀ ‘ਭਾਸ਼ਨੀ’ ਨਹੀਂ ਹੁੰਦੀ। ਇੱਕ ਹੋਰ ਨੁਕਤਾ ਉਹਨੇ ‘ਲੰਗੜੇ ਕਤੂਰੇ’ ਕਹਾਣੀ ਵਿਚ ਬੜੇ ਕਲਾਤਮਕ ਅੰਦਾਜ਼ ਵਿਚ ਪੇਸ਼ ਕੀਤਾ ਹੈ। ਉਹ ਹੈ ਗੁਰੂ ਨਾਨਕ ਪਾਤਸ਼ਾਹ ਦਾ ਰੱਬ ਨੂੰ ਦਿੱਤਾ ਉਲਾਹਮਾ , ‘‘ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ॥’’ ਬਾਰੇ ਉਹ ਗੁਰੂ ਨਾਨਕ ਦਾ ਨਾਂ ਨਹੀਂ ਲੈਂਦੀ। ਇਸ ਦਾ ਹਵਾਲਾ ਡੈਨੀ ਦਿੰਦਾ ਹੈ। ਇਹ ਹਵਾਲਾ ਡੈਨੀ ਨੇ ਆਪਣੇ ਅਧਿਅਨ ਦੇ ਝਰੋਖੇ ਵਿਚੋਂ ਦਿੱਤਾ ਹੈ। ਡੈਨੀ ਵੱਲੋਂ ਇਸਦਾ ਜ਼ਿਕਰ ਇਸ ਸੱਚ ਵੱਲ ਇਸ਼ਾਰਾ ਹੈ ਕਿ ਗੁਰੂ ਨਾਨਕ ਦਾ ਸੁਨੇਹਾ ਵਿਸ਼ਵ ਵਿਆਪੀ ਸੀ। ਉਹ ਸੁਨੇਹਾ ਅੱਜ ਵੀ ਸਾਰਥਕ ਹੈ। ਮਨੁੱਖਤਾ ਦੇ ਦਰਦ ਨੂੰ ਮਨੁੱਖ ਦੀ ਹਿੰਮਤ ਤੇ ਅਮਲ ਹੀ ਦੂਰ ਕਰ ਸਕਦੇ ਹਨ। ਇੰਝ ਅਮਰਜੀਤ ਬੜੇ ਸੂਖ਼ਮ ਅੰਦਾਜ਼ ਵਿਚ ਸਾਡੇ ਸਾਹਿਤ ਦੀ ਮਹਾਨ ਵਿਰਾਸਤ ਨਾਲ ਜੋੜ ਕੇ ਅੱਜ ਦੇ ਲੇਖਕ ਨੂੰ ਦੱਸਣਾ ਚਾਹ ਰਹੀ ਹੈ ਕਿ ਸਾਡੇ ਕੋਲ ਸਾਹਿਤਕ-ਮੁਲਾਂ ਦੀ ਮਹਾਨ ਪਰੰਪਰਾ ਹੈ ਤੇ ਉਸ ਪਰੰਪਰਾ ਨਾਲ ਜੁੜ ਕੇ ਸਾਡਾ ਸਾਹਿਤਕਾਰ ਜੀਵਨ ਨੂੰ ਹਾਂਦਰੂ ਨਜ਼ਰੀਏ ਨਾਲ ਵੇਖ ਤੇ ਚਿਤਰ ਸਕਦਾ ਹੈ।
ਮੈਂ ‘ਦਾਲ ਵਿਚੋਂ ਚਾਰ ਦਾਣੇ ਟੋਹ ਕੇ ਵਿਖਾਏ ਹਨ,’ ਬਾਕੀ ਦਾਣੇ ਆਪ ਟੋਹ ਕੇ ਵੇਖੋ ਕਿ ‘ਖ਼ੀਰ’ ਕੈਸੀ ਬਣੀ ਹੈ। ਸਵਾਦ ਆਵੇਗਾ।
ਕਈ ਦਹਾਕੇ ਪਹਿਲਾਂ ਮਾਸਿਕ ਪੱਤਰ ‘ਆਰਸੀ’ ਵਿਚ ਕਰਤਾਰ ਸਿੰਘ ਦੁੱਗਲ’ ਦੀਆਂ ਕਹਣੀਆਂ ਦੀ ਮਸ਼ਹੂਰੀ ਕਰਦਾ ਇਕ ਇਸ਼ਤਿਹਾਰ ਛਪਦਾ ਹੁੰਦਾ ਸੀ। ਮੈਂ ਉਸ ਇਸ਼ਤਿਹਾਰ ਦੀ ਇਬਾਰਤ ਵਿਚੋਂ ਕੇਵਲ ਕਰਤਾਰ ਸਿੰਘ ਦੁੱਗਲ ਦੀ ਥਾਂ ਅਮਰਜੀਤ ਪੰਨੂੰ ਦਾ ਨਾਂ ਲਿਖ ਕੇ ਆਪਣੀ ਗੱਲ ਮੁਕਾ ਦਿੱਤੀ ਹੈ:
‘ਜਾਦੂ ਉਹ ਜੋ ਸਿਰ ਚੜ੍ਹ ਬੋਲੇ, ਕਹਾਣੀ ਉਹ ਜਿਹੜੀ ਬਣ ਜਾਵੇ ਤੇ ਪੈ ਜਾਵੇ। ਤੇ ਅਮਰਜੀਤ ਪੰਨੂੰ ਨੂੰ ਕਹਾਣੀ ਬਣਾਉਣੀ ਵੀ ਆਉਂਦੀ ਹੈ ਤੇ ਪਾਉਣੀ ਵੀ।’
-0-